-
ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 20
ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?
ਪਹਿਲੀ ਸਦੀ ਦੀ ਪ੍ਰਬੰਧਕ ਸਭਾ
ਪ੍ਰਬੰਧਕ ਸਭਾ ਦੀ ਚਿੱਠੀ ਪੜ੍ਹਦੇ ਹੋਏ
ਪਹਿਲੀ ਸਦੀ ਵਿਚ “ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ” ਦਾ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰਦਾ ਸੀ ਤੇ ਸਾਰੇ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਲਈ ਅਹਿਮ ਫ਼ੈਸਲੇ ਕਰਦਾ ਸੀ। (ਰਸੂਲਾਂ ਦੇ ਕੰਮ 15:2) ਇਸ ਪ੍ਰਬੰਧਕ ਸਭਾ ਦੇ ਮੈਂਬਰ ਧਰਮ-ਗ੍ਰੰਥ ਦੇ ਹਵਾਲਿਆਂ ਉੱਤੇ ਚਰਚਾ ਕਰ ਕੇ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਸਹਿਮਤੀ ਨਾਲ ਫ਼ੈਸਲੇ ਕਰਦੇ ਸਨ। (ਰਸੂਲਾਂ ਦੇ ਕੰਮ 15:25) ਅੱਜ ਵੀ ਇਸੇ ਤਰ੍ਹਾਂ ਕੀਤਾ ਜਾਂਦਾ ਹੈ।
ਇਸ ਨੂੰ ਪਰਮੇਸ਼ੁਰ ਆਪਣੀ ਇੱਛਾ ਪੂਰੀ ਕਰਨ ਲਈ ਵਰਤਦਾ ਹੈ। ਜਿਹੜੇ ਭਰਾ ਪ੍ਰਬੰਧਕ ਸਭਾ ਵਜੋਂ ਸੇਵਾ ਕਰਦੇ ਹਨ, ਉਹ ਪਰਮੇਸ਼ੁਰ ਦੇ ਬਚਨ ਵਿਚ ਗਹਿਰੀ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਕੋਲ ਪ੍ਰਚਾਰ ਕੰਮ ਸੰਬੰਧੀ ਫ਼ੈਸਲੇ ਕਰਨ ਤੇ ਪਰਮੇਸ਼ੁਰ ਦੀ ਸੇਵਾ ਨਾਲ ਸੰਬੰਧਿਤ ਮਾਮਲਿਆਂ ਨੂੰ ਨਜਿੱਠਣ ਦਾ ਕਾਫ਼ੀ ਤਜਰਬਾ ਹੈ। ਪ੍ਰਬੰਧਕ ਸਭਾ ਦੇ ਮੈਂਬਰ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਦੀਆਂ ਲੋੜਾਂ ਬਾਰੇ ਗੱਲਬਾਤ ਕਰਨ ਲਈ ਹਰ ਹਫ਼ਤੇ ਮੀਟਿੰਗ ਕਰਦੇ ਹਨ। ਨਾਲੇ ਉਹ ਪਹਿਲੀ ਸਦੀ ਦੀ ਤਰ੍ਹਾਂ ਚਿੱਠੀਆਂ, ਸਰਕਟ ਨਿਗਾਹਬਾਨਾਂ ਅਤੇ ਹੋਰਨਾਂ ਦੇ ਜ਼ਰੀਏ ਬਾਈਬਲ ਤੋਂ ਹਿਦਾਇਤਾਂ ਦਿੰਦੇ ਹਨ। ਇਸ ਕਾਰਨ ਪਰਮੇਸ਼ੁਰ ਦੇ ਲੋਕਾਂ ਦੀ ਇੱਕੋ ਸੋਚ ਹੁੰਦੀ ਹੈ ਅਤੇ ਉਨ੍ਹਾਂ ਦੀ ਏਕਤਾ ਵਧਦੀ ਹੈ। (ਰਸੂਲਾਂ ਦੇ ਕੰਮ 16:4, 5) ਪ੍ਰਬੰਧਕ ਸਭਾ ਧਿਆਨ ਰੱਖਦੀ ਹੈ ਕਿ ਸਾਨੂੰ ਪਰਮੇਸ਼ੁਰ ਦਾ ਜੋ ਵੀ ਗਿਆਨ ਦਿੱਤਾ ਜਾਂਦਾ ਹੈ ਉਹ ਸਹੀ ਹੋਵੇ। ਇਸ ਦੇ ਨਾਲ-ਨਾਲ ਉਹ ਸਾਰਿਆਂ ਨੂੰ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੰਦੀ ਹੈ। ਨਾਲੇ ਉਹ ਭਰਾਵਾਂ ਨੂੰ ਜ਼ਿੰਮੇਵਾਰੀ ਦੇ ਅਹੁਦੇ ʼਤੇ ਨਿਯੁਕਤ ਕਰਨ ਦੇ ਕੰਮ ਦੀ ਦੇਖ-ਰੇਖ ਕਰਦੀ ਹੈ।
ਇਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੀ ਹੈ। ਪ੍ਰਬੰਧਕ ਸਭਾ ਸਾਰੇ ਜਹਾਨ ਦੇ ਮਾਲਕ ਯਹੋਵਾਹ ਪਰਮੇਸ਼ੁਰ ਅਤੇ ਮੰਡਲੀ ਦੇ ਮੁਖੀ ਯਿਸੂ ਤੋਂ ਸੇਧ ਲੈਂਦੀ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:23) ਪ੍ਰਬੰਧਕ ਸਭਾ ਦੇ ਮੈਂਬਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਆਗੂ ਨਹੀਂ ਸਮਝਦੇ। ਉਹ ਬਾਕੀ ਚੁਣੇ ਹੋਏ ਮਸੀਹੀਆਂ ਦੇ ਨਾਲ “ਲੇਲੇ [ਯਿਸੂ] ਦੇ ਪਿੱਛੇ-ਪਿੱਛੇ ਜਾਂਦੇ ਹਨ।” (ਪ੍ਰਕਾਸ਼ ਦੀ ਕਿਤਾਬ 14:4) ਪ੍ਰਬੰਧਕ ਸਭਾ ਇਸ ਗੱਲ ਦੀ ਕਦਰ ਕਰਦੀ ਹੈ ਕਿ ਅਸੀਂ ਉਸ ਲਈ ਪ੍ਰਾਰਥਨਾਵਾਂ ਕਰਦੇ ਹਾਂ।
ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਕੌਣ ਸਨ?
ਅੱਜ ਪ੍ਰਬੰਧਕ ਸਭਾ ਕਿਸੇ ਗੱਲ ਬਾਰੇ ਪਰਮੇਸ਼ੁਰ ਦੇ ਵਿਚਾਰ ਜਾਣਨ ਦੀ ਕਿਵੇਂ ਕੋਸ਼ਿਸ਼ ਕਰਦੀ ਹੈ?
-
-
ਬੈਥਲ ਕੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 21
ਬੈਥਲ ਕੀ ਹੈ?
ਅਮਰੀਕਾ ਵਿਚ ਤਸਵੀਰਾਂ ਤਿਆਰ ਕਰਨ ਵਾਲਾ ਵਿਭਾਗ
ਜਰਮਨੀ
ਕੀਨੀਆ
ਕੋਲੰਬੀਆ
ਇਬਰਾਨੀ ਭਾਸ਼ਾ ਵਿਚ ਬੈਥਲ ਦਾ ਮਤਲਬ ਹੈ ‘ਪਰਮੇਸ਼ੁਰ ਦਾ ਘਰ।’ (ਉਤਪਤ 28:17, 19) ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਬਣਾਈਆਂ ਗਈਆਂ ਉਨ੍ਹਾਂ ਇਮਾਰਤਾਂ ਨੂੰ ਬੈਥਲ ਕਿਹਾ ਜਾਂਦਾ ਹੈ ਜਿੱਥੋਂ ਸਾਨੂੰ ਪ੍ਰਚਾਰ ਦੇ ਕੰਮ ਲਈ ਸੇਧ ਅਤੇ ਮਦਦ ਮਿਲਦੀ ਹੈ। ਪ੍ਰਬੰਧਕ ਸਭਾ ਅਮਰੀਕਾ ਦੇ ਨਿਊਯਾਰਕ ਰਾਜ ਵਿਚ ਵਰਲਡ ਹੈੱਡ-ਕੁਆਰਟਰ ਵਿਚ ਕੰਮ ਕਰਦੀ ਹੈ ਅਤੇ ਉੱਥੋਂ ਬਹੁਤ ਸਾਰੇ ਦੇਸ਼ਾਂ ਵਿਚ ਬ੍ਰਾਂਚ ਆਫ਼ਿਸਾਂ ਵਿਚ ਕੀਤੇ ਜਾਂਦੇ ਕੰਮ ʼਤੇ ਨਿਗਰਾਨੀ ਰੱਖਦੀ ਹੈ। ਇਨ੍ਹਾਂ ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਨ ਵਾਲਿਆਂ ਨੂੰ ਬੈਥਲ ਪਰਿਵਾਰ ਕਿਹਾ ਜਾਂਦਾ ਹੈ। ਇਹ ਸਾਰੇ ਇਕ ਪਰਿਵਾਰ ਵਾਂਗ ਇਕੱਠੇ ਰਹਿੰਦੇ, ਇਕੱਠੇ ਕੰਮ ਕਰਦੇ, ਇਕੱਠੇ ਖਾਂਦੇ-ਪੀਂਦੇ ਅਤੇ ਇਕੱਠੇ ਬਾਈਬਲ ਦੀ ਸਟੱਡੀ ਕਰਦੇ ਹਨ।—ਜ਼ਬੂਰਾਂ ਦੀ ਪੋਥੀ 133:1.
ਇਕ ਅਨੋਖੀ ਜਗ੍ਹਾ ਜਿੱਥੇ ਪਰਿਵਾਰ ਦੇ ਮੈਂਬਰ ਆਪਾ ਵਾਰ ਕੇ ਸੇਵਾ ਕਰਦੇ ਹਨ। ਹਰ ਬੈਥਲ ਵਿਚ ਮਸੀਹੀ ਭੈਣ-ਭਰਾ ਲਗਨ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ ਅਤੇ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੇ ਰਾਜ ਸੰਬੰਧੀ ਕੰਮਾਂ ਵਿਚ ਲਾਉਂਦੇ ਹਨ। (ਮੱਤੀ 6:33) ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲਦੀ, ਪਰ ਰਹਿਣ ਲਈ ਕਮਰਾ ਤੇ ਖਾਣਾ ਮਿਲਦਾ ਹੈ ਅਤੇ ਕੁਝ ਨਿੱਜੀ ਖ਼ਰਚਿਆਂ ਲਈ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ। ਬੈਥਲ ਵਿਚ ਸਾਰਿਆਂ ਨੂੰ ਕੋਈ-ਨਾ-ਕੋਈ ਕੰਮ ਦਿੱਤਾ ਜਾਂਦਾ ਹੈ। ਕਈ ਆਫ਼ਿਸਾਂ ਵਿਚ ਜਾਂ ਰਸੋਈ ਜਾਂ ਡਾਇਨਿੰਗ ਹਾਲ ਜਾਂ ਪ੍ਰਿੰਟਰੀ ਵਿਚ ਕੰਮ ਕਰਦੇ ਹਨ। ਦੂਸਰੇ ਕਮਰੇ ਸਾਫ਼ ਕਰਨ ਜਾਂ ਕੱਪੜੇ ਧੋਣ ਜਾਂ ਚੀਜ਼ਾਂ ਵਗੈਰਾ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ।
ਉਹ ਜਗ੍ਹਾ ਜਿੱਥੇ ਪ੍ਰਚਾਰ ਸੰਬੰਧੀ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਹਰ ਬੈਥਲ ਦਾ ਮੁੱਖ ਮਕਸਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿੱਖਣ ਦਾ ਮੌਕਾ ਦਿੱਤਾ ਜਾਵੇ। ਇਹ ਬਰੋਸ਼ਰ ਇਸੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਨੂੰ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਲਿਖਿਆ ਗਿਆ ਸੀ। ਫਿਰ ਇਸ ਨੂੰ ਕੰਪਿਊਟਰ ਰਾਹੀਂ ਦੁਨੀਆਂ ਭਰ ਵਿਚ ਘੱਲਿਆ ਗਿਆ ਤਾਂਕਿ ਟ੍ਰਾਂਸਲੇਸ਼ਨ ਟੀਮਾਂ ਇਸ ਦਾ ਸੈਂਕੜੇ ਭਾਸ਼ਾਵਾਂ ਵਿਚ ਅਨੁਵਾਦ ਕਰਨ। ਇਸ ਤੋਂ ਬਾਅਦ ਇਸ ਨੂੰ ਕਈ ਬੈਥਲ ਘਰਾਂ ਵਿਚ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਪ੍ਰਿਟਿੰਗ ਪ੍ਰੈੱਸਾਂ ʼਤੇ ਛਾਪ ਕੇ 1,10,000 ਤੋਂ ਜ਼ਿਆਦਾ ਮੰਡਲੀਆਂ ਨੂੰ ਭੇਜਿਆ ਗਿਆ। ਇਹ ਸਾਰੇ ਕੰਮ ਕਰ ਕੇ ਬੈਥਲ ਪਰਿਵਾਰ ਦੇ ਮੈਂਬਰ ਸਭ ਤੋਂ ਜ਼ਰੂਰੀ ਕੰਮ ਦਾ ਸਮਰਥਨ ਕਰ ਰਹੇ ਹਨ—ਉਹ ਹੈ ਖ਼ੁਸ਼ ਖ਼ਬਰੀ ਦਾ ਪ੍ਰਚਾਰ।—ਮਰਕੁਸ 13:10.
ਬੈਥਲ ਵਿਚ ਕੌਣ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ?
ਹਰ ਬੈਥਲ ਵਿਚ ਕੀਤੇ ਜਾਂਦੇ ਕੰਮਾਂ ਦੁਆਰਾ ਕਿਹੜੇ ਜ਼ਰੂਰੀ ਕੰਮ ਦਾ ਸਮਰਥਨ ਕੀਤਾ ਜਾਂਦਾ ਹੈ?
-
-
ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 22
ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?
ਸੋਲਮਨ ਦੀਪ-ਸਮੂਹ
ਕੈਨੇਡਾ
ਦੱਖਣੀ ਅਫ਼ਰੀਕਾ
ਬੈਥਲ ਪਰਿਵਾਰ ਦੇ ਮੈਂਬਰ ਇਕ ਜਾਂ ਜ਼ਿਆਦਾ ਦੇਸ਼ਾਂ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਨੂੰ ਸਹਾਇਤਾ ਦੇਣ ਲਈ ਵੱਖੋ-ਵੱਖਰੇ ਵਿਭਾਗਾਂ ਵਿਚ ਕੰਮ ਕਰਦੇ ਹਨ। ਕੁਝ ਭੈਣ-ਭਰਾ ਤਰਜਮੇ ਦਾ ਕੰਮ ਕਰਦੇ ਹਨ, ਕੁਝ ਰਸਾਲੇ ਛਾਪਦੇ ਹਨ, ਕੁਝ ਕਿਤਾਬਾਂ ਨੂੰ ਜਿਲਦਾਂ ਬੰਨ੍ਹਦੇ ਹਨ, ਕੁਝ ਸਾਹਿੱਤ ਦੀ ਸਾਂਭ-ਸੰਭਾਲ ਕਰਦੇ ਹਨ ਜਾਂ ਆਡੀਓ/ਵਿਡਿਓ ਰਿਕਾਰਡਿੰਗ ਕਰਦੇ ਹਨ ਜਾਂ ਬ੍ਰਾਂਚ ਅਧੀਨ ਆਉਂਦੇ ਇਲਾਕਿਆਂ ਲਈ ਹੋਰ ਕਈ ਕੰਮ ਕਰਦੇ ਹਨ।
ਬ੍ਰਾਂਚ ਕਮੇਟੀ ਸਾਰੇ ਕੰਮ ਦੀ ਨਿਗਰਾਨੀ ਕਰਦੀ ਹੈ। ਪ੍ਰਬੰਧਕ ਸਭਾ ਹਰ ਬ੍ਰਾਂਚ ਆਫ਼ਿਸ ਦੇ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਬ੍ਰਾਂਚ ਕਮੇਟੀ ਨੂੰ ਸੌਂਪਦੀ ਹੈ। ਬ੍ਰਾਂਚ ਕਮੇਟੀ ਵਿਚ ਤਿੰਨ ਜਾਂ ਇਸ ਤੋਂ ਜ਼ਿਆਦਾ ਤਜਰਬੇਕਾਰ ਬਜ਼ੁਰਗ ਹੁੰਦੇ ਹਨ। ਬ੍ਰਾਂਚ ਕਮੇਟੀ ਆਪਣੀ ਨਿਗਰਾਨੀ ਅਧੀਨ ਆਉਂਦੇ ਹਰ ਦੇਸ਼ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਬਾਰੇ ਅਤੇ ਕਿਸੇ ਸੰਭਾਵੀ ਮੁਸ਼ਕਲ ਬਾਰੇ ਪ੍ਰਬੰਧਕ ਸਭਾ ਨੂੰ ਰਿਪੋਰਟ ਘੱਲਦੀ ਹੈ। ਇਨ੍ਹਾਂ ਰਿਪੋਰਟਾਂ ਦੀ ਮਦਦ ਨਾਲ ਪ੍ਰਬੰਧਕ ਸਭਾ ਫ਼ੈਸਲਾ ਕਰ ਸਕਦੀ ਹੈ ਕਿ ਭਵਿੱਖ ਵਿਚ ਪ੍ਰਕਾਸ਼ਨਾਂ, ਮੀਟਿੰਗਾਂ ਅਤੇ ਅਸੈਂਬਲੀਆਂ ਵਿਚ ਕਿਹੜੇ-ਕਿਹੜੇ ਵਿਸ਼ਿਆਂ ਉੱਤੇ ਚਰਚਾ ਕਰਨ ਦੀ ਲੋੜ ਹੈ। ਪ੍ਰਬੰਧਕ ਸਭਾ ਭਰਾਵਾਂ ਨੂੰ ਬ੍ਰਾਂਚਾਂ ਦਾ ਦੌਰਾ ਕਰਨ ਲਈ ਬਾਕਾਇਦਾ ਘੱਲਦੀ ਹੈ। ਇਹ ਭਰਾ ਬ੍ਰਾਂਚ ਕਮੇਟੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਸੇਧ ਦਿੰਦੇ ਹਨ। (ਕਹਾਉਤਾਂ 11:14) ਬ੍ਰਾਂਚ ਦੇ ਅਧੀਨ ਆਉਂਦੇ ਇਲਾਕਿਆਂ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਇਕ ਖ਼ਾਸ ਪ੍ਰੋਗ੍ਰਾਮ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਜਿਸ ਵਿਚ ਹੈੱਡਕੁਆਰਟਰ ਤੋਂ ਆਇਆ ਭਰਾ ਇਕ ਭਾਸ਼ਣ ਦਿੰਦਾ ਹੈ।
ਬ੍ਰਾਂਚ ਆਫ਼ਿਸ ਮੰਡਲੀਆਂ ਦੀ ਮਦਦ ਕਰਦਾ ਹੈ। ਬ੍ਰਾਂਚ ਆਫ਼ਿਸ ਵਿਚ ਜ਼ਿੰਮੇਵਾਰ ਭਰਾ ਨਵੀਆਂ ਮੰਡਲੀਆਂ ਬਣਾਉਣ ਦੀ ਮਨਜ਼ੂਰੀ ਦਿੰਦੇ ਹਨ। ਬ੍ਰਾਂਚ ਆਫ਼ਿਸ ਦੇ ਭਰਾ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ਦੇ ਕੰਮ ਦੀ ਦੇਖ-ਰੇਖ ਵੀ ਕਰਦੇ ਹਨ ਜੋ ਬ੍ਰਾਂਚ ਅਧੀਨ ਆਉਂਦੇ ਇਲਾਕੇ ਵਿਚ ਸੇਵਾ ਕਰਦੇ ਹਨ। ਉਹ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਦਾ ਵੀ ਇੰਤਜ਼ਾਮ ਕਰਦੇ ਹਨ। ਨਾਲੇ ਉਹ ਨਵੇਂ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਮੰਡਲੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਾਹਿੱਤ ਭੇਜਣ ਦਾ ਪ੍ਰਬੰਧ ਕਰਦੇ ਹਨ। ਬ੍ਰਾਂਚ ਆਫ਼ਿਸ ਵਿਚ ਜੋ ਵੀ ਕੀਤਾ ਜਾਂਦਾ ਹੈ, ਉਸ ਸਦਕਾ ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ।—1 ਕੁਰਿੰਥੀਆਂ 14:33, 40.
ਬ੍ਰਾਂਚ ਕਮੇਟੀਆਂ ਪ੍ਰਬੰਧਕ ਸਭਾ ਦੀ ਕਿਵੇਂ ਮਦਦ ਕਰਦੀਆਂ ਹਨ?
ਬ੍ਰਾਂਚ ਆਫ਼ਿਸ ਵਿਚ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ?
-