ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bt ਅਧਿ. 4 ਸਫ਼ੇ 28-35
  • “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”
  • ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਆਪਣੀ ਤਾਕਤ ਸਦਕਾ’ ਨਹੀਂ (ਰਸੂ. 3:11-26)
  • ‘ਅਸੀਂ ਗੱਲ ਕਰਨੋਂ ਹਟ ਨਹੀਂ ਸਕਦੇ’ (ਰਸੂ. 4:1-22)
  • ‘ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ’ (ਰਸੂ. 4:23-31)
  • ‘ਇਨਸਾਨਾਂ ਨੂੰ ਨਹੀਂ, ਸਗੋਂ ਪਰਮੇਸ਼ੁਰ ਨੂੰ’ ਲੇਖਾ ਦੇਣਾ ਹੈ (ਰਸੂ. 4:32–5:11)
  • ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਪਤਰਸ ਨੇ ਯਿਸੂ ਤੋਂ ਮਾਫ਼ੀ ਬਾਰੇ ਸਿੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਹੋਰ ਦੇਖੋ
‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
bt ਅਧਿ. 4 ਸਫ਼ੇ 28-35

ਅਧਿਆਇ 4

“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”

ਰਸੂਲ ਦਲੇਰੀ ਦਿਖਾਉਂਦੇ ਹਨ ਅਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ

ਰਸੂਲਾਂ ਦੇ ਕੰਮ 3:1–5:11 ਵਿੱਚੋਂ

1, 2. ਮੰਦਰ ਦੇ ਦਰਵਾਜ਼ੇ ਦੇ ਨੇੜੇ ਪਤਰਸ ਅਤੇ ਯੂਹੰਨਾ ਨੇ ਕਿਹੜਾ ਚਮਤਕਾਰ ਕੀਤਾ?

ਦੁਪਹਿਰ ਦਾ ਸਮਾਂ ਹੈ ਅਤੇ ਸੂਰਜ ਚਮਕ ਰਿਹਾ ਹੈ। ਯਹੂਦੀ ਸ਼ਰਧਾਲੂ ਅਤੇ ਮਸੀਹ ਦੇ ਚੇਲੇ ਹੁੰਮ-ਹੁੰਮਾ ਕੇ ਆ ਰਹੇ ਹਨ ਅਤੇ ਮੰਦਰ ਦੇ ਵਿਹੜੇ ਵਿਚ ਇਕੱਠੇ ਹੋ ਰਹੇ ਹਨ। ‘ਪ੍ਰਾਰਥਨਾ ਦਾ ਸਮਾਂ’ ਹੋਣ ਵਾਲਾ ਹੈ।a (ਰਸੂ. 2:46; 3:1) ਭੀੜ ਵਿਚ ਪਤਰਸ ਅਤੇ ਯੂਹੰਨਾ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਵੱਲ ਨੂੰ ਜਾਂਦੇ ਹਨ। ਲੋਕ ਗੱਲਾਂ-ਬਾਤਾਂ ਵਿਚ ਲੱਗੇ ਮੰਦਰ ਵਿਚ ਆ-ਜਾ ਰਹੇ ਹਨ। ਦਰਵਾਜ਼ੇ ਲਾਗੇ ਇਕ ਅੱਧਖੜ ਉਮਰ ਦਾ ਭਿਖਾਰੀ ਬੈਠਾ ਹੈ ਜੋ ਜਨਮ ਤੋਂ ਲੰਗੜਾ ਹੈ। ਇਸ ਸਾਰੇ ਰੌਲ਼ੇ-ਰੱਪੇ ਵਿਚ ਉਹ ਲੋਕਾਂ ਤੋਂ ਉੱਚੀ ਆਵਾਜ਼ ਵਿਚ ਭੀਖ ਮੰਗ ਰਿਹਾ ਹੈ।​—ਰਸੂ. 3:2; 4:22.

2 ਪਤਰਸ ਅਤੇ ਯੂਹੰਨਾ ਦੇ ਨੇੜੇ ਆਉਂਦਿਆਂ ਹੀ ਭਿਖਾਰੀ ਉਨ੍ਹਾਂ ਤੋਂ ਪੈਸੇ ਮੰਗਦਾ ਹੈ। ਰਸੂਲ ਰੁਕ ਜਾਂਦੇ ਹਨ ਅਤੇ ਉਹ ਆਦਮੀ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਦੇਖਦਾ ਹੈ। ਪਤਰਸ ਕਹਿੰਦਾ ਹੈ: “ਨਾ ਤਾਂ ਮੇਰੇ ਕੋਲ ਚਾਂਦੀ ਹੈ ਤੇ ਨਾ ਹੀ ਸੋਨਾ, ਪਰ ਜੋ ਮੇਰੇ ਕੋਲ ਹੈ, ਉਹ ਮੈਂ ਤੈਨੂੰ ਦਿੰਦਾ ਹਾਂ। ਮੈਂ ਤੈਨੂੰ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ ਕਹਿੰਦਾ ਹਾਂ, ਉੱਠ ਅਤੇ ਤੁਰ!” ਫਿਰ ਪਤਰਸ ਲੰਗੜੇ ਆਦਮੀ ਦਾ ਹੱਥ ਫੜ ਕੇ ਉਸ ਨੂੰ ਖੜ੍ਹਾ ਕਰਦਾ ਹੈ। ਉਹ ਆਦਮੀ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੇ ਪੈਰਾਂ ʼਤੇ ਖੜ੍ਹਾ ਹੁੰਦਾ ਹੈ! ਇਹ ਦੇਖ ਕੇ ਭੀੜ ਦੰਗ ਰਹਿ ਜਾਂਦੀ ਹੈ। (ਰਸੂ. 3:6, 7) ਆਪਣੇ ਮਨ ਦੀਆਂ ਅੱਖਾਂ ਨਾਲ ਉਸ ਆਦਮੀ ਨੂੰ ਦੇਖੋ: ਉਹ ਆਦਮੀ ਅੱਖਾਂ ਅੱਡੀ ਆਪਣੇ ਠੀਕ ਹੋਏ ਲੱਤਾਂ-ਪੈਰਾਂ ਵੱਲ ਦੇਖਦਾ ਹੈ ਅਤੇ ਫਿਰ ਝਿਜਕਦੇ ਹੋਏ ਪਹਿਲੇ ਕਦਮ ਪੁੱਟਦਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਨੱਚਦਾ-ਟੱਪਦਾ ਤੇ ਲੁੱਡੀਆਂ ਪਾਉਂਦਾ ਹੋਇਆ ਉੱਚੀ-ਉੱਚੀ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ!

3. ਭੀੜ ਅਤੇ ਠੀਕ ਹੋਏ ਬੰਦੇ ਨੂੰ ਕਿਹੜੀ ਬੇਸ਼ਕੀਮਤੀ ਚੀਜ਼ ਪੇਸ਼ ਕੀਤੀ ਗਈ ਸੀ?

3 ਖ਼ੁਸ਼ੀ ਦੇ ਮਾਰੇ ਭੀੜ ਭੱਜ ਕੇ ਸੁਲੇਮਾਨ ਦੇ ਬਰਾਂਡੇ ਵਿਚ ਪਤਰਸ ਅਤੇ ਯੂਹੰਨਾ ਕੋਲ ਜਾਂਦੀ ਹੈ। ਇਸੇ ਬਰਾਂਡੇ ਵਿਚ ਯਿਸੂ ਨੇ ਸਿੱਖਿਆ ਦਿੱਤੀ ਸੀ। ਇਸੇ ਜਗ੍ਹਾ ਪਤਰਸ ਭੀੜ ਨੂੰ ਸਮਝਾਉਂਦਾ ਹੈ ਕਿ ਇਸ ਚਮਤਕਾਰ ਦੇ ਪਿੱਛੇ ਕਿਸ ਦਾ ਹੱਥ ਹੈ। (ਯੂਹੰ. 10:23) ਉਹ ਭੀੜ ਅਤੇ ਠੀਕ ਹੋਏ ਬੰਦੇ ਨੂੰ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਚੀਜ਼ ਦਿੰਦਾ ਹੈ। ਉਹ ਉਨ੍ਹਾਂ ਨੂੰ ਸਿਰਫ਼ ਤੰਦਰੁਸਤੀ ਹਾਸਲ ਕਰਨ ਦਾ ਮੌਕਾ ਹੀ ਨਹੀਂ, ਸਗੋਂ ਤੋਬਾ ਕਰਨ ਦਾ ਵੀ ਮੌਕਾ ਦਿੰਦਾ ਹੈ ਤਾਂਕਿ ਉਨ੍ਹਾਂ ਦੇ ਪਾਪ ਮਿਟਾਏ ਜਾ ਸਕਣ ਅਤੇ ਉਹ ਯਿਸੂ ਮਸੀਹ ਦੇ ਚੇਲੇ ਬਣਨ ਜਿਸ ਨੂੰ ਯਹੋਵਾਹ ਨੇ “ਜੀਵਨ ਦੇਣ ਵਾਲੇ ਮੁੱਖ ਆਗੂ” ਵਜੋਂ ਨਿਯੁਕਤ ਕੀਤਾ ਹੈ।​—ਰਸੂ. 3:15.

4. (ੳ) ਚਮਤਕਾਰ ਕਰਕੇ ਕਿਨ੍ਹਾਂ ਵਿਚ ਟੱਕਰ ਹੋਣ ਦਾ ਮਾਹੌਲ ਪੈਦਾ ਹੋਇਆ? (ਅ) ਅਸੀਂ ਕਿਨ੍ਹਾਂ ਦੋ ਸਵਾਲਾਂ ਦੇ ਜਵਾਬ ਦੇਖਾਂਗੇ?

4 ਇਹ ਵਾਕਈ ਖ਼ੁਸ਼ੀ ਦਾ ਦਿਨ ਸੀ! ਉਸ ਦਿਨ ਇਕ ਬੰਦੇ ਨੂੰ ਠੀਕ ਕੀਤਾ ਗਿਆ ਸੀ ਜਿਸ ਕਰਕੇ ਉਹ ਤੁਰਨ-ਫਿਰਨ ਲੱਗ ਪਿਆ। ਨਾਲੇ ਹਜ਼ਾਰਾਂ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਲੈਣ ਦਾ ਮੌਕਾ ਦਿੱਤਾ ਗਿਆ ਤਾਂਕਿ ਉਹ ਵੀ ਪਰਮੇਸ਼ੁਰ ਦੇ ਰਾਹ ਉੱਤੇ ਚੱਲ ਸਕਣ। (ਕੁਲੁ. 1:9, 10) ਇਸ ਤੋਂ ਇਲਾਵਾ, ਉਸ ਦਿਨ ਜੋ ਹੋਇਆ, ਉਸ ਕਰਕੇ ਦੋ ਧਿਰਾਂ ਵਿਚ ਟੱਕਰ ਹੋਣ ਦਾ ਮਾਹੌਲ ਬਣ ਗਿਆ। ਇਕ ਪਾਸੇ ਮਸੀਹ ਦੇ ਵਫ਼ਾਦਾਰ ਚੇਲੇ ਸਨ ਅਤੇ ਦੂਜੇ ਪਾਸੇ ਦਬਦਬਾ ਰੱਖਣ ਵਾਲੇ ਲੋਕ ਸਨ ਜੋ ਉਨ੍ਹਾਂ ਨੂੰ ਰਾਜ ਦਾ ਪ੍ਰਚਾਰ ਕਰਨ ਤੋਂ ਰੋਕਣ ʼਤੇ ਤੁਲੇ ਹੋਏ ਸਨ। (ਰਸੂ. 1:8) ਪਤਰਸ ਅਤੇ ਯੂਹੰਨਾ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ” ਮੰਨੇ ਜਾਂਦੇ ਸਨ। ਅਸੀਂ ਉਨ੍ਹਾਂ ਦੇ ਰਵੱਈਏ ਅਤੇ ਭੀੜ ਨਾਲ ਗੱਲ ਕਰਨ ਦੇ ਤਰੀਕੇ ਤੋਂ ਕੀ ਸਿੱਖ ਸਕਦੇ ਹਾਂ?b (ਰਸੂ. 4:13) ਉਨ੍ਹਾਂ ਨੇ ਅਤੇ ਹੋਰ ਚੇਲਿਆਂ ਨੇ ਜਿਸ ਤਰ੍ਹਾਂ ਵਿਰੋਧ ਦਾ ਸਾਮ੍ਹਣਾ ਕੀਤਾ ਸੀ, ਉਸ ਤਰ੍ਹਾਂ ਅਸੀਂ ਕਿਵੇਂ ਵਿਰੋਧ ਦਾ ਸਾਮ੍ਹਣਾ ਕਰ ਸਕਦੇ ਹਾਂ?

‘ਆਪਣੀ ਤਾਕਤ ਸਦਕਾ’ ਨਹੀਂ (ਰਸੂ. 3:11-26)

5. ਭੀੜ ਨਾਲ ਪਤਰਸ ਦੇ ਗੱਲ ਕਰਨ ਦੇ ਤਰੀਕੇ ਤੋਂ ਅਸੀਂ ਕੀ ਸਿੱਖਦੇ ਹਾਂ?

5 ਪਤਰਸ ਅਤੇ ਯੂਹੰਨਾ ਜਾਣਦੇ ਸਨ ਕਿ ਉੱਥੇ ਭੀੜ ਵਿਚ ਖੜ੍ਹੇ ਕਈ ਲੋਕਾਂ ਨੇ ਕੁਝ ਸਮਾਂ ਪਹਿਲਾਂ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਰੌਲ਼ਾ ਪਾਇਆ ਸੀ। (ਮਰ. 15:8-15; ਰਸੂ. 3:13-15) ਜ਼ਰਾ ਸੋਚੋ ਪਤਰਸ ਨੇ ਇਹ ਦੱਸ ਕੇ ਕਿੰਨੀ ਦਲੇਰੀ ਦਿਖਾਈ ਕਿ ਯਿਸੂ ਦੇ ਨਾਂ ʼਤੇ ਲੰਗੜੇ ਆਦਮੀ ਨੂੰ ਠੀਕ ਕੀਤਾ ਗਿਆ ਸੀ। ਪਤਰਸ ਸੱਚ ਦੱਸਣ ਤੋਂ ਡਰਿਆ ਨਹੀਂ। ਉਸ ਨੇ ਸਿੱਧੇ-ਸਿੱਧੇ ਕਿਹਾ ਕਿ ਭੀੜ ਕੁਝ ਹੱਦ ਤਕ ਮਸੀਹ ਦੀ ਮੌਤ ਦੀ ਦੋਸ਼ੀ ਸੀ। ਪਰ ਪਤਰਸ ਨੇ ਉਨ੍ਹਾਂ ਲੋਕਾਂ ਲਈ ਆਪਣੇ ਦਿਲ ਵਿਚ ਨਫ਼ਰਤ ਨਹੀਂ ਪਾਲ਼ੀ ਕਿਉਂਕਿ ਉਨ੍ਹਾਂ ਨੇ “ਇਹ ਸਭ ਅਣਜਾਣੇ ਵਿਚ ਕੀਤਾ” ਸੀ। (ਰਸੂ. 3:17) ਉਸ ਨੇ ਗੱਲ ਕਰਦੇ ਵੇਲੇ ਉਨ੍ਹਾਂ ਨੂੰ ਭਰਾ ਕਿਹਾ ਅਤੇ ਦੱਸਿਆ ਕਿ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। ਜੇ ਉਹ ਤੋਬਾ ਕਰ ਕੇ ਮਸੀਹ ਉੱਤੇ ਨਿਹਚਾ ਕਰਨਗੇ, ਤਾਂ ਉਨ੍ਹਾਂ ਲਈ ‘ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣਗੇ।’ (ਰਸੂ. 3:19) ਸਾਨੂੰ ਵੀ ਲੋਕਾਂ ਨੂੰ ਦਲੇਰੀ ਨਾਲ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਦੇ ਦਿਨ ਬਾਰੇ ਸਾਫ਼-ਸਾਫ਼ ਦੱਸਣਾ ਚਾਹੀਦਾ ਹੈ। ਪਰ ਅਸੀਂ ਕਦੇ ਵੀ ਉਨ੍ਹਾਂ ਨਾਲ ਰੁੱਖੇ ਸ਼ਬਦਾਂ ਵਿਚ ਨਹੀਂ ਬੋਲਾਂਗੇ ਜਾਂ ਉਨ੍ਹਾਂ ਬਾਰੇ ਗ਼ਲਤ ਰਾਇ ਕਾਇਮ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਉਮੀਦ ਰੱਖਾਂਗੇ ਕਿ ਉਹ ਭਵਿੱਖ ਵਿਚ ਸਾਡੇ ਭੈਣ-ਭਰਾ ਬਣ ਜਾਣਗੇ। ਪਤਰਸ ਵਾਂਗ ਅਸੀਂ ਰਾਜ ਦਾ ਸੰਦੇਸ਼ ਸੁਣਾਉਂਦੇ ਵੇਲੇ ਲੋਕਾਂ ਨਾਲ ਦੁਨੀਆਂ ਦੇ ਹਾਲਾਤਾਂ ਬਾਰੇ ਜ਼ਿਆਦਾ ਗੱਲ ਕਰਨ ਦੀ ਬਜਾਇ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਗੱਲ ਕਰਦੇ ਹਾਂ।

6. ਪਤਰਸ ਅਤੇ ਯੂਹੰਨਾ ਨੇ ਨਿਮਰਤਾ ਕਿਵੇਂ ਦਿਖਾਈ ਸੀ?

6 ਦੋਵੇਂ ਰਸੂਲ ਨਿਮਰ ਇਨਸਾਨ ਸਨ। ਉਨ੍ਹਾਂ ਨੇ ਚਮਤਕਾਰ ਦਾ ਸਿਹਰਾ ਆਪਣੇ ਸਿਰ ਨਹੀਂ ਬੰਨ੍ਹਿਆ। ਪਤਰਸ ਨੇ ਭੀੜ ਨੂੰ ਕਿਹਾ: “ਤੁਸੀਂ ਸਾਡੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ, ਜਿਵੇਂ ਕਿ ਅਸੀਂ ਆਪਣੀ ਤਾਕਤ ਜਾਂ ਸ਼ਰਧਾ ਸਦਕਾ ਇਸ ਆਦਮੀ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਹੋਵੇ?” (ਰਸੂ. 3:12) ਪਤਰਸ ਅਤੇ ਦੂਸਰੇ ਰਸੂਲ ਜਾਣਦੇ ਸਨ ਕਿ ਉਨ੍ਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਜੋ ਵੀ ਕਾਮਯਾਬੀ ਮਿਲਦੀ ਸੀ, ਉਹ ਉਨ੍ਹਾਂ ਨੂੰ ਆਪਣੇ ਬਲਬੂਤੇ ʼਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਮਿਲਦੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ਵਾਹ-ਵਾਹ ਨਹੀਂ ਕਰਾਈ, ਸਗੋਂ ਨਿਮਰਤਾ ਨਾਲ ਯਹੋਵਾਹ ਅਤੇ ਯਿਸੂ ਦੀ ਵਡਿਆਈ ਕੀਤੀ।

7, 8. (ੳ) ਅਸੀਂ ਲੋਕਾਂ ਨੂੰ ਕਿਹੜਾ ਮੌਕਾ ਦੇ ਸਕਦੇ ਹਾਂ? (ਅ) ਅੱਜ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕਰਨ ਦਾ ਵਾਅਦਾ ਕਿਵੇਂ ਪੂਰਾ ਹੋ ਰਿਹਾ ਹੈ?

7 ਪ੍ਰਚਾਰ ਕਰਦਿਆਂ ਸਾਨੂੰ ਵੀ ਇਸੇ ਤਰ੍ਹਾਂ ਨਿਮਰਤਾ ਦਿਖਾਉਣ ਦੀ ਲੋੜ ਹੈ। ਇਹ ਸੱਚ ਹੈ ਕਿ ਅੱਜ ਪਰਮੇਸ਼ੁਰ ਨੇ ਮਸੀਹੀਆਂ ਨੂੰ ਕੋਈ ਚਮਤਕਾਰੀ ਸ਼ਕਤੀ ਨਹੀਂ ਦਿੱਤੀ ਜਿਸ ਨਾਲ ਉਹ ਲੋਕਾਂ ਨੂੰ ਠੀਕ ਕਰ ਸਕਣ। ਫਿਰ ਵੀ ਅਸੀਂ ਪਰਮੇਸ਼ੁਰ ਅਤੇ ਮਸੀਹ ʼਤੇ ਨਿਹਚਾ ਕਰਨ ਵਿਚ ਲੋਕਾਂ ਦੀ ਮਦਦ ਕਰ ਸਕਦੇ ਹਾਂ। ਨਾਲੇ ਪਤਰਸ ਵਾਂਗ ਅਸੀਂ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਅਤੇ ਯਹੋਵਾਹ ਤੋਂ ਰਾਹਤ ਪਾਉਣ ਦਾ ਮੌਕਾ ਦੇ ਸਕਦੇ ਹਾਂ। ਹਰ ਸਾਲ ਲੱਖਾਂ ਲੋਕ ਇਸ ਮੌਕੇ ਦਾ ਲਾਹਾ ਲੈ ਕੇ ਬਪਤਿਸਮਾ ਲੈਂਦੇ ਹਨ ਅਤੇ ਮਸੀਹ ਦੇ ਚੇਲੇ ਬਣਦੇ ਹਨ।

8 ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਨੂੰ ਪਤਰਸ ਨੇ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕਰਨ ਦਾ ਸਮਾਂ ਕਿਹਾ ਸੀ। ਇਸ ਬਾਰੇ “ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਪਵਿੱਤਰ ਨਬੀਆਂ ਰਾਹੀਂ ਦੱਸਿਆ ਸੀ।” ਭਵਿੱਖਬਾਣੀਆਂ ਮੁਤਾਬਕ 1914 ਤੋਂ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਇਆ। (ਰਸੂ. 3:21; ਜ਼ਬੂ. 110:1-3; ਦਾਨੀ. 4:16, 17) ਇਸ ਤੋਂ ਥੋੜ੍ਹੇ ਸਮੇਂ ਬਾਅਦ ਮਸੀਹ ਦੀ ਨਿਗਰਾਨੀ ਅਧੀਨ ਧਰਤੀ ਉੱਤੇ ਸੱਚੀ ਭਗਤੀ ਕਰਨ ਦੇ ਤਰੀਕੇ ਵਿਚ ਸੁਧਾਰ ਹੋਣ ਲੱਗੇ। ਨਤੀਜੇ ਵਜੋਂ, ਲੱਖਾਂ ਲੋਕ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣ ਕੇ ਉਸ ਨਾਲ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸ਼ਾਂਤੀ ਭਰੇ ਰਿਸ਼ਤੇ ਦਾ ਆਨੰਦ ਮਾਣਦੇ ਹਨ। ਉਨ੍ਹਾਂ ਨੇ ਆਪਣੇ ਪੁਰਾਣੇ ਸੁਭਾਅ ਨੂੰ ਬਦਲਿਆ ਹੈ ਅਤੇ ‘ਨਵੇਂ ਸੁਭਾਅ ਨੂੰ ਪਹਿਨਿਆ ਹੈ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ।’ (ਅਫ਼. 4:22-24) ਜਿਵੇਂ ਲੰਗੜੇ ਆਦਮੀ ਨੂੰ ਪਰਮੇਸ਼ੁਰ ਦੀ ਸ਼ਕਤੀ ਨਾਲ ਠੀਕ ਕੀਤਾ ਗਿਆ ਸੀ, ਉਸੇ ਤਰ੍ਹਾਂ ਅੱਜ ਇਹ ਸਭ ਕੁਝ ਵੀ ਪਰਮੇਸ਼ੁਰ ਦੀ ਸ਼ਕਤੀ ਨਾਲ ਹੁੰਦਾ ਹੈ, ਨਾ ਕਿ ਇਨਸਾਨਾਂ ਦੀ ਤਾਕਤ ਨਾਲ। ਪਤਰਸ ਵਾਂਗ ਸਾਨੂੰ ਵੀ ਦੂਜਿਆਂ ਨੂੰ ਦਲੇਰੀ ਅਤੇ ਅਸਰਕਾਰੀ ਢੰਗ ਨਾਲ ਪਰਮੇਸ਼ੁਰ ਦੇ ਬਚਨ ਤੋਂ ਸਿੱਖਿਆ ਦੇਣੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਮਸੀਹ ਦੇ ਚੇਲੇ ਬਣਨ ਵਿਚ ਦੂਜਿਆਂ ਦੀ ਮਦਦ ਕਰ ਸਕਦੇ ਹਾਂ।

‘ਅਸੀਂ ਗੱਲ ਕਰਨੋਂ ਹਟ ਨਹੀਂ ਸਕਦੇ’ (ਰਸੂ. 4:1-22)

9-11. (ੳ) ਪਤਰਸ ਅਤੇ ਯੂਹੰਨਾ ਦੇ ਸੰਦੇਸ਼ ਪ੍ਰਤੀ ਯਹੂਦੀ ਆਗੂਆਂ ਨੇ ਕੀ ਰਵੱਈਆ ਦਿਖਾਇਆ? (ਅ) ਰਸੂਲਾਂ ਨੇ ਕੀ ਕਰਨ ਦੀ ਠਾਣੀ ਹੋਈ ਸੀ?

9 ਠੀਕ ਹੋਏ ਆਦਮੀ ਨੂੰ ਨੱਚਦੇ-ਟੱਪਦੇ ਤੇ ਰੌਲ਼ਾ ਪਾਉਂਦੇ ਦੇਖ ਕੇ ਅਤੇ ਪਤਰਸ ਦੀ ਗੱਲ ਸੁਣ ਕੇ ਲੋਕਾਂ ਦੀ ਭੀੜ ਲੱਗ ਗਈ ਸੀ। ਇਸ ਕਰਕੇ ਮੰਦਰ ਦੀ ਸੁਰੱਖਿਆ ਲਈ ਰੱਖੇ ਪਹਿਰੇਦਾਰਾਂ ਦਾ ਮੁਖੀ ਅਤੇ ਮੁੱਖ ਪੁਜਾਰੀ ਦੇਖਣ ਲਈ ਭੱਜੇ ਆਏ ਕਿ ਕੀ ਹੋ ਰਿਹਾ ਸੀ। ਇਹ ਆਦਮੀ ਸ਼ਾਇਦ ਸਦੂਕੀ ਪੰਥ ਦੇ ਸਨ ਜੋ ਅਮੀਰ ਅਤੇ ਰਾਜਨੀਤਿਕ ਤੌਰ ਤੇ ਤਾਕਤਵਰ ਸਨ ਅਤੇ ਰੋਮੀਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਉਹ ਜ਼ਬਾਨੀ ਕਾਨੂੰਨ ਨੂੰ ਨਹੀਂ ਮੰਨਦੇ ਸਨ ਜੋ ਫ਼ਰੀਸੀਆਂ ਨੂੰ ਬਹੁਤ ਪਿਆਰਾ ਸੀ ਅਤੇ ਸਦੂਕੀਆਂ ਨੂੰ ਇਹ ਗੱਲ ਮਜ਼ਾਕ ਲੱਗਦੀ ਸੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।c ਉਹ ਇਹ ਦੇਖ ਕੇ ਚਿੜ ਗਏ ਕਿ ਪਤਰਸ ਅਤੇ ਯੂਹੰਨਾ ਮੰਦਰ ਵਿਚ ਦਲੇਰੀ ਨਾਲ ਸਿਖਾ ਰਹੇ ਸਨ ਕਿ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ।

10 ਗੁੱਸੇ ਵਿਚ ਭੜਕੇ ਵਿਰੋਧੀਆਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਅਤੇ ਅਗਲੇ ਦਿਨ ਉਨ੍ਹਾਂ ਨੂੰ ਯਹੂਦੀ ਅਦਾਲਤ ਅੱਗੇ ਪੇਸ਼ ਕੀਤਾ। ਉੱਚੀਆਂ ਪਦਵੀਆਂ ʼਤੇ ਬਿਰਾਜਮਾਨ ਆਗੂਆਂ ਦੀਆਂ ਨਜ਼ਰਾਂ ਵਿਚ ਪਤਰਸ ਅਤੇ ਯੂਹੰਨਾ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ” ਸਨ ਜਿਨ੍ਹਾਂ ਨੂੰ ਮੰਦਰ ਵਿਚ ਸਿੱਖਿਆ ਦੇਣ ਦਾ ਕੋਈ ਹੱਕ ਨਹੀਂ ਸੀ। ਉਹ ਦੋਵੇਂ ਰਸੂਲ ਕਿਸੇ ਮੰਨੇ-ਪ੍ਰਮੰਨੇ ਧਾਰਮਿਕ ਸਕੂਲ ਵਿਚ ਨਹੀਂ ਪੜ੍ਹੇ ਸਨ। ਪਰ ਫਿਰ ਵੀ ਉਨ੍ਹਾਂ ਦੇ ਬੋਲਣ ਦੇ ਦਮਦਾਰ ਅਤੇ ਧੜੱਲੇਦਾਰ ਅੰਦਾਜ਼ ਨੂੰ ਦੇਖ ਕੇ ਸਾਰੇ ਆਗੂ ਹੈਰਾਨ ਰਹਿ ਗਏ। ਪਤਰਸ ਅਤੇ ਯੂਹੰਨਾ ਦੀਆਂ ਗੱਲਾਂ ਵਿਚ ਇੰਨਾ ਦਮ ਕਿਉਂ ਸੀ? ਇਕ ਕਾਰਨ ਤਾਂ ਇਹ ਸੀ ਕਿ “ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।” (ਰਸੂ. 4:13) ਉਨ੍ਹਾਂ ਦੇ ਮਾਲਕ ਯਿਸੂ ਨੇ ਵੀ ਲੋਕਾਂ ਨੂੰ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੱਤੀ ਸੀ।​—ਮੱਤੀ 7:28, 29.

11 ਅਦਾਲਤ ਨੇ ਰਸੂਲਾਂ ਨੂੰ ਪ੍ਰਚਾਰ ਬੰਦ ਕਰਨ ਦਾ ਹੁਕਮ ਦਿੱਤਾ। ਉਸ ਸਮੇਂ ਯਹੂਦੀ ਸਮਾਜ ਵਿਚ ਇਸ ਅਦਾਲਤ ਦੀ ਜ਼ਿਆਦਾ ਚੱਲਦੀ ਸੀ। ਕੁਝ ਹਫ਼ਤੇ ਪਹਿਲਾਂ ਜਦੋਂ ਯਿਸੂ ਇਸੇ ਅਦਾਲਤ ਅੱਗੇ ਪੇਸ਼ ਹੋਇਆ ਸੀ, ਤਾਂ ਇਸ ਦੇ ਮੈਂਬਰਾਂ ਨੇ ਕਿਹਾ ਸੀ: “ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।” (ਮੱਤੀ 26:59-66) ਫਿਰ ਵੀ ਪਤਰਸ ਅਤੇ ਯੂਹੰਨਾ ਡਰੇ ਨਹੀਂ। ਉਨ੍ਹਾਂ ਅਮੀਰ, ਪੜ੍ਹੇ-ਲਿਖੇ ਅਤੇ ਤਾਕਤਵਰ ਲੋਕਾਂ ਨੂੰ ਪਤਰਸ ਤੇ ਯੂਹੰਨਾ ਨੇ ਨਿਡਰ ਹੋ ਕੇ, ਪਰ ਆਦਰ ਨਾਲ ਕਿਹਾ: “ਤੁਸੀਂ ਆਪ ਸੋਚੋ, ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।”​—ਰਸੂ. 4:19, 20.

ਮਹਾਂ ਪੁਜਾਰੀ ਅਤੇ ਮੁੱਖ ਪੁਜਾਰੀ

ਮਹਾਂ ਪੁਜਾਰੀ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਲੋਕਾਂ ਦੀ ਅਗਵਾਈ ਕਰਦਾ ਸੀ। ਪਹਿਲੀ ਸਦੀ ਵਿਚ ਉਹ ਮਹਾਸਭਾ ਦਾ ਮੁਖੀ ਵੀ ਹੁੰਦਾ ਸੀ। ਮਹਾਸਭਾ ਵਿਚ ਉਸ ਦੇ ਨਾਲ ਮੁੱਖ ਪੁਜਾਰੀ ਵੀ ਹੁੰਦੇ ਸਨ ਜੋ ਯਹੂਦੀਆਂ ਦੇ ਆਗੂ ਹੁੰਦੇ ਸਨ। ਉਨ੍ਹਾਂ ਵਿਚ ਅੰਨਾਸ ਵਰਗੇ ਸਾਬਕਾ ਮਹਾਂ ਪੁਜਾਰੀ ਅਤੇ ਉਨ੍ਹਾਂ ਚਾਰ-ਪੰਜ ਘਰਾਣਿਆਂ ਦੇ ਆਦਮੀ ਹੁੰਦੇ ਸਨ ਜਿਨ੍ਹਾਂ ਵਿੱਚੋਂ ਮਹਾਂ ਪੁਜਾਰੀ ਚੁਣੇ ਜਾਂਦੇ ਸਨ। ਵਿਦਵਾਨ ਐਮੀਲ ਸ਼ੂਰਰ ਨੇ ਲਿਖਿਆ ਕਿ ਜਿਹੜੇ ਪੁਜਾਰੀ ਉਨ੍ਹਾਂ ਉੱਚੇ ਘਰਾਣਿਆਂ ਵਿੱਚੋਂ ਹੁੰਦੇ ਸਨ, ਉਨ੍ਹਾਂ ਦਾ ਜ਼ਿਆਦਾ ਆਦਰ-ਮਾਣ ਕੀਤਾ ਜਾਂਦਾ ਸੀ।

ਬਾਈਬਲ ਵਿਚ ਦੱਸਿਆ ਹੈ ਕਿ ਮਹਾਂ ਪੁਜਾਰੀ ਨੂੰ ਜ਼ਿੰਦਗੀ ਭਰ ਸੇਵਾ ਕਰਨ ਲਈ ਨਿਯੁਕਤ ਕੀਤਾ ਜਾਂਦਾ ਸੀ। (ਗਿਣ. 35:25) ਪਰ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦਰਜ ਇਤਿਹਾਸ ਦੌਰਾਨ ਰੋਮੀ ਰਾਜਪਾਲ ਅਤੇ ਰੋਮ ਅਧੀਨ ਰਾਜ ਕਰ ਰਹੇ ਰਾਜੇ, ਮਹਾਂ ਪੁਜਾਰੀਆਂ ਨੂੰ ਆਪਣੀ ਮਰਜ਼ੀ ਨਾਲ ਨਿਯੁਕਤ ਕਰਦੇ ਸਨ ਤੇ ਲਾਹ ਦਿੰਦੇ ਸਨ। ਪਰ ਲੱਗਦਾ ਹੈ ਕਿ ਇਹ ਗ਼ੈਰ-ਯਹੂਦੀ ਹਾਕਮ ਮਹਾਂ ਪੁਜਾਰੀਆਂ ਨੂੰ ਹਾਰੂਨ ਦੇ ਘਰਾਣੇ ਵਿੱਚੋਂ ਚੁਣਦੇ ਸਨ।

12. ਹਿੰਮਤ ਤੇ ਪੂਰੇ ਭਰੋਸੇ ਨਾਲ ਗੱਲ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

12 ਕੀ ਤੁਸੀਂ ਵੀ ਉਨ੍ਹਾਂ ਵਾਂਗ ਦਲੇਰੀ ਦਿਖਾਉਂਦੇ ਹੋ? ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਤੁਹਾਨੂੰ ਸਮਾਜ ਦੇ ਅਮੀਰ, ਪੜ੍ਹੇ-ਲਿਖੇ ਜਾਂ ਵੱਡੇ-ਵੱਡੇ ਲੋਕਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ? ਤੁਸੀਂ ਉਦੋਂ ਕੀ ਕਰਦੇ ਹੋ ਜਦੋਂ ਤੁਹਾਡੇ ਪਰਿਵਾਰ ਦੇ ਮੈਂਬਰ, ਸਕੂਲ ਵਿਚ ਮੁੰਡੇ-ਕੁੜੀਆਂ ਜਾਂ ਕੰਮ ʼਤੇ ਲੋਕ ਤੁਹਾਡੇ ਵਿਸ਼ਵਾਸਾਂ ਦਾ ਮਜ਼ਾਕ ਉਡਾਉਂਦੇ ਹਨ? ਕੀ ਤੁਸੀਂ ਡਰ ਜਾਂਦੇ ਹੋ? ਜੇ ਹਾਂ, ਤਾਂ ਤੁਸੀਂ ਇਸ ਡਰ ʼਤੇ ਕਾਬੂ ਪਾ ਸਕਦੇ ਹੋ। ਧਰਤੀ ਉੱਤੇ ਹੁੰਦਿਆਂ ਯਿਸੂ ਨੇ ਰਸੂਲਾਂ ਨੂੰ ਸਿਖਾਇਆ ਸੀ ਕਿ ਉਹ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਪੂਰੇ ਭਰੋਸੇ ਅਤੇ ਆਦਰ ਨਾਲ ਕਿਵੇਂ ਗੱਲ ਕਰ ਸਕਦੇ ਸਨ। (ਮੱਤੀ 10:11-18) ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ‘ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਉਨ੍ਹਾਂ ਦੇ ਨਾਲ ਰਹੇਗਾ।’ (ਮੱਤੀ 28:20) ਯਿਸੂ ਦੀ ਨਿਗਰਾਨੀ ਹੇਠ ਅੱਜ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਕਿਵੇਂ ਗੱਲ ਕਰ ਸਕਦੇ ਹਾਂ। (ਮੱਤੀ 24:45-47; 1 ਪਤ. 3:15) ਇਹ ਸਿੱਖਿਆ ਸਾਨੂੰ ਸਭਾਵਾਂ, ਜਿਵੇਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਜਿਵੇਂ jw.org ਵੈੱਬਸਾਈਟ ʼਤੇ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਲੇਖਾਂ ਰਾਹੀਂ ਮਿਲਦੀ ਹੈ। ਕੀ ਤੁਸੀਂ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਲੈ ਰਹੇ ਹੋ? ਜੇ ਹਾਂ, ਤਾਂ ਤੁਹਾਡੀ ਹਿੰਮਤ ਵਧੇਗੀ ਅਤੇ ਤੁਸੀਂ ਪੂਰੇ ਭਰੋਸੇ ਨਾਲ ਗੱਲ ਕਰ ਸਕੋਗੇ। ਰਸੂਲਾਂ ਵਾਂਗ ਤੁਸੀਂ ਵੀ ਬਾਈਬਲ ਵਿੱਚੋਂ ਸਿੱਖੀਆਂ ਸ਼ਾਨਦਾਰ ਸੱਚਾਈਆਂ ਦੂਜਿਆਂ ਨਾਲ ਸਾਂਝੀਆਂ ਕਰਨ ਤੋਂ ਪਿੱਛੇ ਨਹੀਂ ਹਟੋਗੇ।

ਕੌਫ਼ੀ ਬ੍ਰੇਕ ਦੌਰਾਨ ਇਕ ਭੈਣ ਆਪਣੇ ਨਾਲ ਕੰਮ ਕਰਨ ਵਾਲੀ ਨੂੰ ਗਵਾਹੀ ਦਿੰਦੀ ਹੋਈ।

ਠਾਣ ਲਓ ਕਿ ਤੁਸੀਂ ਕਿਸੇ ਵੀ ਚੀਜ਼ ਕਰਕੇ ਬਾਈਬਲ ਦੀਆਂ ਸ਼ਾਨਦਾਰ ਸੱਚਾਈਆਂ ਦੂਜਿਆਂ ਨਾਲ ਸਾਂਝੀਆਂ ਕਰਨ ਤੋਂ ਪਿੱਛੇ ਨਹੀਂ ਹਟੋਗੇ

‘ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ’ (ਰਸੂ. 4:23-31)

13, 14. ਵਿਰੋਧ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

13 ਜੇਲ੍ਹ ਤੋਂ ਰਿਹਾ ਹੁੰਦਿਆਂ ਹੀ ਪਤਰਸ ਤੇ ਯੂਹੰਨਾ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਨੂੰ ਮਿਲੇ। “ਉਹ ਰਲ਼ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ” ਕਿ ਉਹ ਉਨ੍ਹਾਂ ਨੂੰ ਪ੍ਰਚਾਰ ਕਰਦੇ ਰਹਿਣ ਦੀ ਹਿੰਮਤ ਦੇਵੇ। (ਰਸੂ. 4:24) ਪਤਰਸ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੀ ਤਾਕਤ ʼਤੇ ਭਰੋਸਾ ਰੱਖਣਾ ਮੂਰਖਤਾ ਸੀ। ਕੁਝ ਹਫ਼ਤੇ ਪਹਿਲਾਂ ਉਸ ਨੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦੇ ਹੋਏ ਯਿਸੂ ਨੂੰ ਕਿਹਾ ਸੀ: “ਤੇਰੇ ਨਾਲ ਜੋ ਵੀ ਹੋਵੇਗਾ, ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ।” ਪਰ ਜਿਵੇਂ ਯਿਸੂ ਨੇ ਕਿਹਾ ਸੀ, ਫਿਰ ਪਤਰਸ ਜਲਦੀ ਹੀ ਇਨਸਾਨਾਂ ਦੇ ਡਰ ਅੱਗੇ ਝੁਕ ਗਿਆ ਅਤੇ ਉਸ ਨੇ ਆਪਣੇ ਦੋਸਤ ਅਤੇ ਗੁਰੂ ਯਿਸੂ ਨੂੰ ਪਛਾਣਨ ਤੋਂ ਵੀ ਇਨਕਾਰ ਕੀਤਾ। ਪਰ ਪਤਰਸ ਨੇ ਆਪਣੀ ਗ਼ਲਤੀ ਤੋਂ ਸਬਕ ਸਿੱਖਿਆ।​—ਮੱਤੀ 26:33, 34, 69-75.

14 ਮਸੀਹ ਬਾਰੇ ਗਵਾਹੀ ਦੇਣ ਦਾ ਪੱਕਾ ਇਰਾਦਾ ਹੋਣਾ ਹੀ ਕਾਫ਼ੀ ਨਹੀਂ ਹੈ। ਜਦੋਂ ਵਿਰੋਧੀ ਤੁਹਾਡੀ ਨਿਹਚਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਜਾਂ ਤੁਹਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਹਨ, ਤਾਂ ਤੁਸੀਂ ਵੀ ਉਹੀ ਕਰੋ ਜੋ ਪਤਰਸ ਅਤੇ ਯੂਹੰਨਾ ਨੇ ਕੀਤਾ ਸੀ। ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਮੰਡਲੀ ਦੀ ਮਦਦ ਲਓ। ਬਜ਼ੁਰਗਾਂ ਅਤੇ ਨਿਹਚਾ ਵਿਚ ਪੱਕੇ ਹੋਰ ਭੈਣਾਂ-ਭਰਾਵਾਂ ਨੂੰ ਦੱਸੋ ਕਿ ਤੁਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੋ। ਜਦੋਂ ਦੂਜੇ ਸਾਡੇ ਲਈ ਪ੍ਰਾਰਥਨਾ ਕਰਦੇ ਹਨ, ਤਾਂ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਮਿਲਦੀ ਹੈ।​—ਅਫ਼. 6:18; ਯਾਕੂ. 5:16.

15. ਜਿਨ੍ਹਾਂ ਮਸੀਹੀਆਂ ਨੇ ਕੁਝ ਸਮੇਂ ਲਈ ਪ੍ਰਚਾਰ ਕਰਨਾ ਛੱਡ ਦਿੱਤਾ ਸੀ, ਉਨ੍ਹਾਂ ਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?

15 ਜੇ ਤੁਸੀਂ ਦੂਜਿਆਂ ਦੇ ਦਬਾਅ ਅੱਗੇ ਝੁਕ ਕੇ ਥੋੜ੍ਹੇ ਸਮੇਂ ਲਈ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ, ਤਾਂ ਉਸ ਬਾਰੇ ਸੋਚ ਕੇ ਨਿਰਾਸ਼ ਨਾ ਹੋਵੋ। ਯਾਦ ਰੱਖੋ ਕਿ ਯਿਸੂ ਦੀ ਮੌਤ ਤੋਂ ਬਾਅਦ ਸਾਰੇ ਰਸੂਲਾਂ ਨੇ ਵੀ ਥੋੜ੍ਹੇ ਸਮੇਂ ਲਈ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ, ਪਰ ਉਹ ਜਲਦੀ ਹੀ ਦੁਬਾਰਾ ਪ੍ਰਚਾਰ ਕਰਨ ਲੱਗ ਪਏ। (ਮੱਤੀ 26:56; 28:10, 16-20) ਪੁਰਾਣੀਆਂ ਗ਼ਲਤੀਆਂ ਦੇ ਬੋਝ ਥੱਲੇ ਦੱਬਣ ਦੀ ਬਜਾਇ ਤੁਸੀਂ ਇਨ੍ਹਾਂ ਤੋਂ ਸਬਕ ਸਿੱਖੋ ਅਤੇ ਆਪਣੇ ਤਜਰਬੇ ਦੀ ਮਦਦ ਨਾਲ ਦੂਸਰਿਆਂ ਦਾ ਹੌਸਲਾ ਵਧਾਓ।

16, 17. ਯਰੂਸ਼ਲਮ ਵਿਚ ਮਸੀਹ ਦੇ ਚੇਲਿਆਂ ਦੁਆਰਾ ਕੀਤੀ ਪ੍ਰਾਰਥਨਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 ਜਦੋਂ ਅਧਿਕਾਰ ਰੱਖਣ ਵਾਲੇ ਲੋਕ ਸਾਡੇ ਉੱਤੇ ਅਤਿਆਚਾਰ ਕਰਦੇ ਹਨ, ਤਾਂ ਸਾਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਧਿਆਨ ਦਿਓ ਕਿ ਚੇਲਿਆਂ ਨੇ ਇਹ ਪ੍ਰਾਰਥਨਾ ਨਹੀਂ ਕੀਤੀ ਕਿ ਯਹੋਵਾਹ ਉਨ੍ਹਾਂ ਦੀਆਂ ਅਜ਼ਮਾਇਸ਼ਾਂ ਨੂੰ ਹਟਾ ਦੇਵੇ, ਸਗੋਂ ਉਨ੍ਹਾਂ ਨੂੰ ਯਿਸੂ ਦੀ ਇਹ ਗੱਲ ਚੰਗੀ ਤਰ੍ਹਾਂ ਯਾਦ ਸੀ: “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰ. 15:20) ਇਸ ਦੀ ਬਜਾਇ, ਉਨ੍ਹਾਂ ਵਫ਼ਾਦਾਰ ਚੇਲਿਆਂ ਨੇ ਯਹੋਵਾਹ ਨੂੰ ਇਹ ਪ੍ਰਾਰਥਨਾ ਕੀਤੀ ਕਿ ਉਹ ਵਿਰੋਧੀਆਂ ਦੀਆਂ ਧਮਕੀਆਂ ਵੱਲ ‘ਧਿਆਨ ਦੇਵੇ।’ (ਰਸੂ. 4:29) ਚੇਲੇ ਪੂਰੀ ਤਰ੍ਹਾਂ ਸਮਝਦੇ ਸਨ ਕਿ ਉਨ੍ਹਾਂ ਉੱਤੇ ਜੋ ਵੀ ਅਤਿਆਚਾਰ ਹੋ ਰਹੇ ਸਨ, ਉਹ ਅਸਲ ਵਿਚ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਸੀ। ਜਿਵੇਂ ਯਿਸੂ ਨੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਉਹ ਜਾਣਦੇ ਸਨ ਕਿ ਪਰਮੇਸ਼ੁਰ ਦੀ ਇੱਛਾ ਹਰ ਹਾਲ ਵਿਚ ‘ਧਰਤੀ ਉੱਤੇ ਪੂਰੀ ਹੋ ਕੇ ਰਹੇਗੀ,’ ਭਾਵੇਂ ਇਨਸਾਨੀ ਹਾਕਮ ਇਸ ਨੂੰ ਰੋਕਣ ਲਈ ਜਿੰਨਾ ਮਰਜ਼ੀ ਜ਼ੋਰ ਲਾ ਲੈਣ।​—ਮੱਤੀ 6:9, 10.

17 ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਚੇਲਿਆਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ।” ਉਸ ਵੇਲੇ ਯਹੋਵਾਹ ਨੇ ਉਨ੍ਹਾਂ ਦੀ ਪ੍ਰਾਰਥਨਾ ਦਾ ਕੀ ਜਵਾਬ ਦਿੱਤਾ? “ਜਿਸ ਘਰ ਵਿਚ ਉਹ ਸਾਰੇ ਇਕੱਠੇ ਹੋਏ ਸਨ, ਉਹ ਘਰ ਹਿੱਲਣ ਲੱਗ ਪਿਆ ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲੱਗੇ।” (ਰਸੂ. 4:29-31) ਕੋਈ ਵੀ ਚੀਜ਼ ਯਹੋਵਾਹ ਨੂੰ ਆਪਣੀ ਇੱਛਾ ਪੂਰੀ ਕਰਨ ਤੋਂ ਰੋਕ ਨਹੀਂ ਸਕਦੀ। (ਯਸਾ. 55:11) ਰੁਕਾਵਟਾਂ ਭਾਵੇਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ ਜਾਂ ਵਿਰੋਧੀ ਚਾਹੇ ਜਿੰਨੇ ਮਰਜ਼ੀ ਤਾਕਤਵਰ ਹੋਣ, ਪਰ ਜੇ ਅਸੀਂ ਯਹੋਵਾਹ ਨੂੰ ਮਦਦ ਲਈ ਫ਼ਰਿਆਦ ਕਰਦੇ ਹਾਂ, ਤਾਂ ਉਹ ਸਾਨੂੰ ਦਲੇਰੀ ਨਾਲ ਆਪਣੇ ਬਚਨ ਦਾ ਐਲਾਨ ਕਰਦੇ ਰਹਿਣ ਦੀ ਤਾਕਤ ਜ਼ਰੂਰ ਦੇਵੇਗਾ।

‘ਇਨਸਾਨਾਂ ਨੂੰ ਨਹੀਂ, ਸਗੋਂ ਪਰਮੇਸ਼ੁਰ ਨੂੰ’ ਲੇਖਾ ਦੇਣਾ ਹੈ (ਰਸੂ. 4:32–5:11)

18. ਯਰੂਸ਼ਲਮ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਇਕ-ਦੂਜੇ ਲਈ ਕੀ ਕੀਤਾ?

18 ਯਰੂਸ਼ਲਮ ਵਿਚ ਨਵੀਂ-ਨਵੀਂ ਬਣੀ ਮੰਡਲੀ ਵਿਚ ਚੇਲਿਆਂ ਦੀ ਗਿਣਤੀ ਵਧ ਕੇ 5,000 ਤੋਂ ਜ਼ਿਆਦਾ ਹੋ ਗਈ।d ਭਾਵੇਂ ਚੇਲੇ ਵੱਖੋ-ਵੱਖਰੇ ਪਿਛੋਕੜਾਂ ਦੇ ਸਨ, ਫਿਰ ਵੀ ਉਹ “ਇਕ ਦਿਲ ਅਤੇ ਇਕ ਜਾਨ ਸਨ” ਯਾਨੀ ਉਨ੍ਹਾਂ ਦੀ ਸੋਚ ਇੱਕੋ ਸੀ। (ਰਸੂ. 4:32; 1 ਕੁਰਿੰ. 1:10) ਚੇਲਿਆਂ ਨੇ ਯਹੋਵਾਹ ਨੂੰ ਸਿਰਫ਼ ਪ੍ਰਾਰਥਨਾ ਹੀ ਨਹੀਂ ਕੀਤੀ ਕਿ ਯਹੋਵਾਹ ਉਨ੍ਹਾਂ ਦੇ ਜਤਨਾਂ ʼਤੇ ਬਰਕਤ ਪਾਵੇ, ਸਗੋਂ ਉਨ੍ਹਾਂ ਨੇ ਇਕ-ਦੂਜੇ ਦੀ ਨਿਹਚਾ ਤਕੜੀ ਕੀਤੀ ਅਤੇ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ। (1 ਯੂਹੰ. 3:16-18) ਮਿਸਾਲ ਲਈ, ਯੂਸੁਫ਼, ਜਿਸ ਦਾ ਨਾਂ ਰਸੂਲਾਂ ਨੇ ਬਰਨਾਬਾਸ ਰੱਖਿਆ ਸੀ, ਨੇ ਆਪਣੀ ਜ਼ਮੀਨ ਵੇਚ ਕੇ ਸਾਰਾ ਪੈਸਾ ਦਾਨ ਕਰ ਦਿੱਤਾ। ਇਹ ਪੈਸਾ ਉਨ੍ਹਾਂ ਪਰਦੇਸੀਆਂ ਦੀ ਮਦਦ ਲਈ ਵਰਤਿਆ ਗਿਆ ਜਿਹੜੇ ਆਪਣੇ ਨਵੇਂ ਮਸੀਹੀ ਧਰਮ ਬਾਰੇ ਹੋਰ ਸਿੱਖਣ ਲਈ ਕੁਝ ਦਿਨ ਹੋਰ ਯਰੂਸ਼ਲਮ ਵਿਚ ਰੁਕ ਗਏ ਸਨ।

19. ਯਹੋਵਾਹ ਨੇ ਹਨਾਨਿਆ ਅਤੇ ਸਫ਼ੀਰਾ ਨੂੰ ਮੌਤ ਦੀ ਸਜ਼ਾ ਕਿਉਂ ਦਿੱਤੀ?

19 ਹਨਾਨਿਆ ਅਤੇ ਸਫ਼ੀਰਾ ਨਾਂ ਦੇ ਪਤੀ-ਪਤਨੀ ਨੇ ਵੀ ਆਪਣੀ ਕੁਝ ਜਾਇਦਾਦ ਵੇਚ ਕੇ ਪੈਸਾ ਦਾਨ ਕੀਤਾ। ਉਨ੍ਹਾਂ ਨੇ ਪੂਰੇ ਪੈਸੇ ਦੇਣ ਦਾ ਦਿਖਾਵਾ ਕੀਤਾ; ਪਰ “ਚੁੱਪ-ਚੁਪੀਤੇ ਕੁਝ ਪੈਸਾ ਆਪਣੇ ਕੋਲ ਰੱਖ ਲਿਆ।” (ਰਸੂ. 5:2) ਯਹੋਵਾਹ ਨੇ ਉਨ੍ਹਾਂ ਦੋਵਾਂ ਨੂੰ ਮੌਤ ਦੀ ਸਜ਼ਾ ਦਿੱਤੀ, ਇਸ ਕਰਕੇ ਨਹੀਂ ਕਿ ਉਨ੍ਹਾਂ ਨੇ ਘੱਟ ਦਾਨ ਦਿੱਤਾ ਸੀ, ਸਗੋਂ ਇਸ ਕਰਕੇ ਕਿ ਉਨ੍ਹਾਂ ਦੇ ਇਰਾਦੇ ਬੁਰੇ ਸਨ ਅਤੇ ਉਨ੍ਹਾਂ ਨੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ “ਇਨਸਾਨਾਂ ਨਾਲ ਨਹੀਂ, ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ” ਸੀ। (ਰਸੂ. 5:4) ਜਿਨ੍ਹਾਂ ਪਖੰਡੀਆਂ ਦੀ ਯਿਸੂ ਨੇ ਨਿੰਦਿਆ ਕੀਤੀ ਸੀ, ਉਨ੍ਹਾਂ ਵਾਂਗ ਹਨਾਨਿਆ ਅਤੇ ਸਫ਼ੀਰਾ ਪਰਮੇਸ਼ੁਰ ਦੀ ਮਿਹਰ ਪਾਉਣ ਦੀ ਬਜਾਇ ਇਨਸਾਨਾਂ ਤੋਂ ਆਪਣੀ ਵਾਹ-ਵਾਹ ਕਰਾਉਣੀ ਚਾਹੁੰਦੇ ਸਨ।​—ਮੱਤੀ 6:1-3.

20. ਯਹੋਵਾਹ ਨੂੰ ਕੁਝ ਦੇਣ ਬਾਰੇ ਅਸੀਂ ਕੀ ਸਿੱਖਦੇ ਹਾਂ?

20 ਯਰੂਸ਼ਲਮ ਵਿਚ ਪਹਿਲੀ ਸਦੀ ਦੇ ਵਫ਼ਾਦਾਰ ਚੇਲਿਆਂ ਵਾਂਗ ਅੱਜ ਲੱਖਾਂ ਗਵਾਹ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਕਿਸੇ ਵੀ ਗਵਾਹ ਨੂੰ ਇਸ ਕੰਮ ਲਈ ਆਪਣਾ ਸਮਾਂ ਜਾਂ ਪੈਸੇ ਦੇਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਉਸ ਦੀ ਸੇਵਾ “ਬੇਦਿਲੀ ਨਾਲ ਜਾਂ ਮਜਬੂਰੀ ਨਾਲ” ਕਰੀਏ। (2 ਕੁਰਿੰ. 9:7) ਜਦੋਂ ਅਸੀਂ ਕੁਝ ਵੀ ਦਿੰਦੇ ਹਾਂ, ਤਾਂ ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਕਿੰਨਾ ਦਿੰਦੇ ਹਾਂ, ਸਗੋਂ ਇਹ ਦੇਖਦਾ ਹੈ ਕਿ ਅਸੀਂ ਕਿਸ ਇਰਾਦੇ ਨਾਲ ਦਿੰਦੇ ਹਾਂ। (ਮਰ. 12:41-44) ਹਨਾਨਿਆ ਅਤੇ ਸਫ਼ੀਰਾ ਵਾਂਗ ਅਸੀਂ ਆਪਣੇ ਸੁਆਰਥ ਲਈ ਜਾਂ ਆਪਣੀ ਵਡਿਆਈ ਕਰਾਉਣ ਲਈ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੁੰਦੇ। ਇਸ ਦੇ ਉਲਟ ਪਤਰਸ, ਯੂਹੰਨਾ ਅਤੇ ਬਰਨਾਬਾਸ ਵਾਂਗ ਅਸੀਂ ਯਹੋਵਾਹ ਦੀ ਸੇਵਾ ਇਸ ਲਈ ਕਰਨੀ ਚਾਹੁੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਅਤੇ ਲੋਕਾਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਾਂ।​—ਮੱਤੀ 22:37-40.

ਪਤਰਸ​—ਇਕ ਮਛੇਰਾ ਜੋ ਜੋਸ਼ੀਲਾ ਰਸੂਲ ਬਣਿਆ

ਬਾਈਬਲ ਵਿਚ ਪਤਰਸ ਲਈ ਪੰਜ ਨਾਂ ਵਰਤੇ ਗਏ ਹਨ। ਇਬਰਾਨੀ ਵਿਚ ਉਸ ਦਾ ਨਾਂ ਸ਼ਿਮਓਨ ਅਤੇ ਇਸ ਨਾਲ ਮੇਲ ਖਾਂਦਾ ਯੂਨਾਨੀ ਨਾਂ ਸ਼ਮਊਨ ਸੀ ਅਤੇ ਪਤਰਸ ਨਾਂ ਨਾਲ ਮੇਲ ਖਾਂਦਾ ਅਰਾਮੀ ਨਾਂ ਕੇਫ਼ਾਸ ਸੀ। ਉਹ ਸ਼ਮਊਨ ਪਤਰਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਜੋ ਦੋ ਨਾਂ ਮਿਲਾ ਕੇ ਬਣਿਆ ਸੀ।​—ਮੱਤੀ 10:2, ਫੁਟਨੋਟ; ਯੂਹੰ. 1:42; ਰਸੂ. 15:14.

ਪਤਰਸ ਰਸੂਲ ਨੇ ਮੱਛੀਆਂ ਨਾਲ ਭਰੀ ਟੋਕਰੀ ਫੜੀ ਹੋਈ।

ਪਤਰਸ ਵਿਆਹਿਆ ਹੋਇਆ ਸੀ ਅਤੇ ਉਸ ਦੀ ਸੱਸ ਅਤੇ ਉਸ ਦਾ ਭਰਾ ਅੰਦ੍ਰਿਆਸ ਉਸ ਦੇ ਨਾਲ ਰਹਿੰਦੇ ਸਨ। (ਮਰ. 1:29-31) ਉਹ ਇਕ ਮਛਿਆਰਾ ਸੀ ਅਤੇ ਗਲੀਲ ਦੀ ਝੀਲ ਦੇ ਉੱਤਰ ਵੱਲ ਬੈਤਸੈਦਾ ਨਾਂ ਦੇ ਕਸਬੇ ਵਿਚ ਰਹਿੰਦਾ ਸੀ। (ਯੂਹੰ. 1:44) ਬਾਅਦ ਵਿਚ ਉਹ ਕਫ਼ਰਨਾਹੂਮ ਵਿਚ ਰਹਿਣ ਲੱਗ ਪਿਆ। (ਲੂਕਾ 4:31, 38) ਪਤਰਸ ਦੀ ਕਿਸ਼ਤੀ ਵਿਚ ਬੈਠ ਕੇ ਯਿਸੂ ਨੇ ਗਲੀਲ ਦੀ ਝੀਲ ਦੇ ਕੰਢੇ ਇਕੱਠੀ ਹੋਈ ਭੀੜ ਨੂੰ ਸਿੱਖਿਆ ਦਿੱਤੀ ਸੀ। ਇਸ ਤੋਂ ਤੁਰੰਤ ਬਾਅਦ ਯਿਸੂ ਦੇ ਕਹਿਣ ਤੇ ਪਤਰਸ ਨੇ ਚਮਤਕਾਰੀ ਢੰਗ ਨਾਲ ਬਹੁਤ ਸਾਰੀਆਂ ਮੱਛੀਆਂ ਫੜੀਆਂ। ਇਸ ਚਮਤਕਾਰ ਤੋਂ ਡਰ ਕੇ ਪਤਰਸ ਯਿਸੂ ਦੇ ਪੈਰਾਂ ਵਿਚ ਡਿਗ ਪਿਆ, ਪਰ ਯਿਸੂ ਨੇ ਉਸ ਨੂੰ ਕਿਹਾ: “ਡਰ ਨਾ, ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਂਗਾ ਜਿਵੇਂ ਤੂੰ ਮੱਛੀਆਂ ਫੜਦਾ ਹੈਂ।” (ਲੂਕਾ 5:1-11) ਪਤਰਸ, ਉਸ ਦਾ ਭਰਾ ਅੰਦ੍ਰਿਆਸ ਅਤੇ ਯਾਕੂਬ ਅਤੇ ਯੂਹੰਨਾ ਚਾਰੇ ਮਿਲ ਕੇ ਮੱਛੀਆਂ ਫੜਨ ਦਾ ਕੰਮ ਕਰਦੇ ਸਨ। ਉਨ੍ਹਾਂ ਚਾਰਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਜਦੋਂ ਯਿਸੂ ਨੇ ਉਨ੍ਹਾਂ ਨੂੰ ਆਪਣੇ ਚੇਲੇ ਬਣਨ ਦਾ ਸੱਦਾ ਦਿੱਤਾ। (ਮੱਤੀ 4:18-22; ਮਰ. 1:16-18) ਤਕਰੀਬਨ ਇਕ ਸਾਲ ਬਾਅਦ ਜਦੋਂ ਯਿਸੂ ਨੇ ਆਪਣੇ ਬਾਰਾਂ “ਰਸੂਲ” (ਮਤਲਬ “ਭੇਜਿਆ ਹੋਇਆ”) ਚੁਣੇ ਸਨ, ਤਾਂ ਪਤਰਸ ਵੀ ਉਨ੍ਹਾਂ ਵਿੱਚੋਂ ਇਕ ਸੀ।​—ਮਰ. 3:13-16.

ਯਿਸੂ ਕੁਝ ਖ਼ਾਸ ਮੌਕਿਆਂ ʼਤੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ। ਉਨ੍ਹਾਂ ਰਸੂਲਾਂ ਨੇ ਯਿਸੂ ਦਾ ਰੂਪ ਬਦਲਦੇ ਦੇਖਿਆ ਸੀ, ਜੈਰੁਸ ਦੀ ਧੀ ਨੂੰ ਦੁਬਾਰਾ ਜੀਉਂਦਾ ਕਰਦਿਆਂ ਦੇਖਿਆ ਸੀ ਅਤੇ ਉਹ ਗਥਸਮਨੀ ਬਾਗ਼ ਵਿਚ ਉਸ ਦੇ ਦੁੱਖ ਵਿਚ ਸ਼ਰੀਕ ਹੋਏ ਸਨ। (ਮੱਤੀ 17:1, 2; 26:36-46; ਮਰ. 5:22-24, 35-42; ਲੂਕਾ 22:39-46) ਅੰਦ੍ਰਿਆਸ ਅਤੇ ਇਨ੍ਹਾਂ ਤਿੰਨਾਂ ਰਸੂਲਾਂ ਨੇ ਇਕੱਠੇ ਹੋ ਕੇ ਯਿਸੂ ਤੋਂ ਉਸ ਦੀ ਮੌਜੂਦਗੀ ਬਾਰੇ ਸਵਾਲ ਪੁੱਛਿਆ ਸੀ।​—ਮਰ. 13:1-4.

ਪਤਰਸ ਸਿੱਧੀ ਤੇ ਸਪੱਸ਼ਟ ਗੱਲ ਕਰਦਾ ਸੀ ਅਤੇ ਜੋਸ਼ੀਲਾ ਸੀ, ਪਰ ਕਈ ਵਾਰ ਉਹ ਬਿਨਾਂ ਸੋਚੇ-ਸਮਝੇ ਵੀ ਗੱਲ ਕਰਦਾ ਸੀ। ਲੱਗਦਾ ਹੈ ਕਿ ਉਹ ਅਕਸਰ ਦੂਸਰੇ ਚੇਲਿਆਂ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪੈਂਦਾ ਸੀ। ਇੰਜੀਲਾਂ ਵਿਚ ਜਿੰਨੀਆਂ ਉਸ ਦੀਆਂ ਕਹੀਆਂ ਗੱਲਾਂ ਦਰਜ ਹਨ, ਉੱਨੀਆਂ ਦੂਸਰੇ 11 ਰਸੂਲਾਂ ਦੀਆਂ ਰਲ਼ਾ ਕੇ ਵੀ ਦਰਜ ਨਹੀਂ ਹਨ। ਪਤਰਸ ਸਵਾਲ ਪੁੱਛਦਾ ਰਹਿੰਦਾ ਸੀ ਜਦ ਕਿ ਦੂਸਰੇ ਚੁੱਪ ਰਹਿੰਦੇ ਸਨ। (ਮੱਤੀ 15:15; 18:21; 19:27-29; ਲੂਕਾ 12:41; ਯੂਹੰ. 13:36-38) ਜਦੋਂ ਯਿਸੂ ਉਸ ਦੇ ਪੈਰ ਧੋਣ ਲੱਗਾ, ਤਾਂ ਉਸ ਨੇ ਆਪਣੇ ਪੈਰ ਧੁਆਉਣ ਤੋਂ ਇਨਕਾਰ ਕੀਤਾ। ਪਰ ਜਦੋਂ ਯਿਸੂ ਨੇ ਉਸ ਨੂੰ ਸਮਝਾਇਆ, ਤਾਂ ਉਸ ਨੇ ਯਿਸੂ ਨੂੰ ਕਿਹਾ ਕਿ ਉਹ ਉਸ ਦੇ ਹੱਥ ਤੇ ਸਿਰ ਵੀ ਧੋ ਦੇਵੇ!​—ਯੂਹੰ. 13:5-10.

ਯਿਸੂ ਨਾਲ ਪਿਆਰ ਹੋਣ ਕਰਕੇ ਪਤਰਸ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਦੁੱਖ ਝੱਲਣ ਅਤੇ ਆਪਣੀ ਜਾਨ ਦੇਣ ਦੀ ਕੋਈ ਲੋੜ ਨਹੀਂ ਸੀ। ਉਸ ਦੀ ਇਸ ਗ਼ਲਤ ਸੋਚਣੀ ਕਰਕੇ ਯਿਸੂ ਨੇ ਉਸ ਨੂੰ ਸਖ਼ਤ ਸ਼ਬਦਾਂ ਵਿਚ ਝਿੜਕਿਆ। (ਮੱਤੀ 16:21-23) ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਦੌਰਾਨ ਪਤਰਸ ਨੇ ਦਾਅਵਾ ਕੀਤਾ ਕਿ ਭਾਵੇਂ ਬਾਕੀ ਸਾਰੇ ਰਸੂਲ ਯਿਸੂ ਨੂੰ ਛੱਡ ਕੇ ਚਲੇ ਜਾਣ, ਪਰ ਉਹ ਇਸ ਤਰ੍ਹਾਂ ਕਦੀ ਨਹੀਂ ਕਰੇਗਾ। ਜਦੋਂ ਦੁਸ਼ਮਣਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ, ਤਾਂ ਪਤਰਸ ਨੇ ਬਹਾਦਰੀ ਨਾਲ ਯਿਸੂ ਨੂੰ ਬਚਾਉਣ ਲਈ ਆਪਣੀ ਤਲਵਾਰ ਕੱਢ ਲਈ। ਬਾਅਦ ਵਿਚ ਉਹ ਉਸ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਚਲਾ ਗਿਆ। ਪਰ ਕੁਝ ਹੀ ਦੇਰ ਬਾਅਦ ਪਤਰਸ ਨੇ ਤਿੰਨ ਵਾਰ ਆਪਣੇ ਮਾਲਕ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ ਅਤੇ ਫਿਰ ਆਪਣੀ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਭੁੱਬਾਂ ਮਾਰ-ਮਾਰ ਰੋਇਆ।​—ਮੱਤੀ 26:31-35, 51, 52, 69-75.

ਜਦੋਂ ਗਲੀਲ ਵਿਚ ਰਸੂਲ ਜੀਉਂਦੇ ਹੋਏ ਯਿਸੂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਸਨ, ਉਦੋਂ ਪਤਰਸ ਨੇ ਦੂਜੇ ਰਸੂਲਾਂ ਨੂੰ ਕਿਹਾ ਕਿ ਉਹ ਮੱਛੀਆਂ ਫੜਨ ਜਾ ਰਿਹਾ ਸੀ ਅਤੇ ਉਹ ਵੀ ਉਸ ਨਾਲ ਚਲੇ ਗਏ। ਝੀਲ ਦੇ ਕੰਢੇ ʼਤੇ ਯਿਸੂ ਨੂੰ ਦੇਖ ਕੇ ਪਤਰਸ ਨੇ ਬਿਨਾਂ ਸੋਚੇ-ਸਮਝੇ ਪਾਣੀ ਵਿਚ ਛਾਲ ਮਾਰੀ ਅਤੇ ਤੈਰ ਕੇ ਕੰਢੇ ʼਤੇ ਆਇਆ। ਯਿਸੂ ਨੇ ਆਪਣੇ ਚੇਲਿਆਂ ਵਾਸਤੇ ਮੱਛੀਆਂ ਦਾ ਨਾਸ਼ਤਾ ਤਿਆਰ ਕੀਤਾ ਸੀ। ਨਾਸ਼ਤੇ ਵੇਲੇ ਯਿਸੂ ਨੇ ਸਾਮ੍ਹਣੇ ਪਈਆਂ ਮੱਛੀਆਂ ਵੱਲ ਇਸ਼ਾਰਾ ਕਰਦੇ ਹੋਏ ਪਤਰਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਯਿਸੂ ਪਤਰਸ ਨੂੰ ਤਾਕੀਦ ਕਰ ਰਿਹਾ ਸੀ ਕਿ ਉਹ ਮੱਛੀਆਂ ਫੜਨ ਦਾ ਕੰਮ ਕਰਨ ਦੀ ਬਜਾਇ ਜ਼ਿੰਦਗੀ ਭਰ ਉਸ ਦਾ ਚੇਲਾ ਬਣ ਕੇ ਪੂਰਾ ਸਮਾਂ ਸੇਵਾ ਕਰੇ।​—ਯੂਹੰ. 21:1-22.

ਲਗਭਗ 62-64 ਈਸਵੀ ਦੌਰਾਨ ਪਤਰਸ ਨੇ ਬਾਬਲ ਵਿਚ (ਅੱਜ ਇਰਾਕ ਵਿਚ) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਿੱਥੇ ਵੱਡੀ ਗਿਣਤੀ ਵਿਚ ਯਹੂਦੀ ਰਹਿੰਦੇ ਸਨ। (1 ਪਤ. 5:13) ਬਾਬਲ ਵਿਚ ਹੁੰਦਿਆਂ ਪਤਰਸ ਨੇ ਆਪਣੀ ਪਹਿਲੀ ਚਿੱਠੀ ਅਤੇ ਬਾਅਦ ਵਿਚ ਸ਼ਾਇਦ ਦੂਸਰੀ ਚਿੱਠੀ ਵੀ ਲਿਖੀ ਸੀ। ਯਿਸੂ ਨੇ “ਪਤਰਸ ਨੂੰ ਯਹੂਦੀ ਲੋਕਾਂ ਲਈ ਰਸੂਲ ਹੋਣ ਦਾ ਅਧਿਕਾਰ ਦਿੱਤਾ ਸੀ।” (ਗਲਾ. 2:8, 9) ਪਤਰਸ ਨੇ ਪਿਆਰ ਅਤੇ ਜੋਸ਼ ਨਾਲ ਆਪਣੀ ਇਹ ਜ਼ਿੰਮੇਵਾਰੀ ਨਿਭਾਈ।

ਯੂਹੰਨਾ​—ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ

ਯੂਹੰਨਾ ਰਸੂਲ ਜ਼ਬਦੀ ਦਾ ਪੁੱਤਰ ਸੀ ਅਤੇ ਉਸ ਦਾ ਭਰਾ ਯਾਕੂਬ ਵੀ ਇਕ ਰਸੂਲ ਸੀ। ਲੱਗਦਾ ਹੈ ਕਿ ਉਸ ਦੀ ਮਾਤਾ ਦਾ ਨਾਂ ਸਲੋਮੀ ਸੀ ਜੋ ਸ਼ਾਇਦ ਯਿਸੂ ਦੀ ਮਾਤਾ ਮਰੀਅਮ ਦੀ ਭੈਣ ਸੀ। (ਮੱਤੀ 10:2; 27:55, 56; ਮਰ. 15:40; ਲੂਕਾ 5:9, 10) ਸੋ ਕਿਹਾ ਜਾ ਸਕਦਾ ਹੈ ਕਿ ਯੂਹੰਨਾ ਯਿਸੂ ਦਾ ਰਿਸ਼ਤੇਦਾਰ ਸੀ। ਯੂਹੰਨਾ ਦਾ ਪਰਿਵਾਰ ਅਮੀਰ ਸੀ। ਜ਼ਬਦੀ ਦਾ ਮੱਛੀਆਂ ਦਾ ਕਾਰੋਬਾਰ ਕਾਫ਼ੀ ਵੱਡਾ ਹੋਣ ਕਰਕੇ ਉਸ ਨੇ ਕਾਮੇ ਵੀ ਰੱਖੇ ਸਨ। (ਮਰ. 1:20) ਸਲੋਮੀ ਯਿਸੂ ਦੇ ਨਾਲ-ਨਾਲ ਰਹਿੰਦੀ ਸੀ ਅਤੇ ਜਦੋਂ ਯਿਸੂ ਗਲੀਲ ਵਿਚ ਸੀ, ਤਾਂ ਸਲੋਮੀ ਨੇ ਉਸ ਦੀ ਸੇਵਾ-ਟਹਿਲ ਕੀਤੀ ਸੀ। ਬਾਅਦ ਵਿਚ ਉਹ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਤੋਂ ਪਹਿਲਾਂ ਉਸ ਉੱਤੇ ਮਲ਼ਣ ਲਈ ਮਸਾਲੇ ਲੈ ਕੇ ਆਈ ਸੀ। (ਮਰ. 15:40, 41; 16:1; ਯੂਹੰ. 19:40) ਯੂਹੰਨਾ ਦਾ ਸ਼ਾਇਦ ਆਪਣਾ ਘਰ ਸੀ।​—ਯੂਹੰ. 19:26, 27.

ਯੂਹੰਨਾ ਰਸੂਲ ਨੇ ਇਕ ਪੱਤਰੀ ਫੜੀ ਹੋਈ।

ਯੂਹੰਨਾ ਸ਼ਾਇਦ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਸੀ। ਉਹ ਉਦੋਂ ਅੰਦ੍ਰਿਆਸ ਦੇ ਨਾਲ ਖੜ੍ਹਾ ਸੀ ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਵੱਲ ਇਸ਼ਾਰਾ ਕਰ ਕੇ ਕਿਹਾ ਸੀ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ!” (ਯੂਹੰ. 1:35, 36, 40) ਇਸ ਤੋਂ ਬਾਅਦ ਜ਼ਬਦੀ ਦਾ ਪੁੱਤਰ ਯੂਹੰਨਾ ਯਿਸੂ ਦੇ ਨਾਲ ਕਾਨਾ ਸ਼ਹਿਰ ਗਿਆ ਅਤੇ ਉੱਥੇ ਯਿਸੂ ਦਾ ਪਹਿਲਾ ਚਮਤਕਾਰ ਦੇਖਿਆ। (ਯੂਹੰ. 2:1-11) ਯੂਹੰਨਾ ਨੇ ਆਪਣੀ ਇੰਜੀਲ ਵਿਚ ਯਰੂਸ਼ਲਮ, ਸਾਮਰਿਯਾ ਤੇ ਗਲੀਲ ਵਿਚ ਯਿਸੂ ਦੀ ਸੇਵਕਾਈ ਬਾਰੇ ਜਿੰਨੇ ਸਪੱਸ਼ਟ ਤਰੀਕੇ ਨਾਲ ਦੱਸਿਆ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸੇਵਕਾਈ ਦੌਰਾਨ ਯਿਸੂ ਦੇ ਨਾਲ ਸੀ। ਜਦੋਂ ਯਿਸੂ ਨੇ ਯੂਹੰਨਾ ਨੂੰ ਚੇਲਾ ਬਣਨ ਦਾ ਸੱਦਾ ਦਿੱਤਾ, ਤਾਂ ਉਹ ਵੀ ਯਾਕੂਬ, ਪਤਰਸ ਅਤੇ ਅੰਦ੍ਰਿਆਸ ਵਾਂਗ ਆਪਣੀ ਕਿਸ਼ਤੀ, ਜਾਲ਼ ਤੇ ਆਪਣਾ ਮੱਛੀਆਂ ਦਾ ਕਾਰੋਬਾਰ ਛੱਡ ਕੇ ਤੁਰੰਤ ਯਿਸੂ ਦੇ ਪਿੱਛੇ-ਪਿੱਛੇ ਤੁਰ ਪਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯੂਹੰਨਾ ਦੀ ਨਿਹਚਾ ਕਿੰਨੀ ਪੱਕੀ ਸੀ।​—ਮੱਤੀ 4:18-22.

ਇੰਜੀਲਾਂ ਵਿਚ ਯੂਹੰਨਾ ਦਾ ਉੱਨਾ ਜ਼ਿਕਰ ਨਹੀਂ ਆਉਂਦਾ ਜਿੰਨਾ ਪਤਰਸ ਦਾ ਆਉਂਦਾ ਹੈ। ਪਰ ਯੂਹੰਨਾ ਵੀ ਸੁਭਾਅ ਦਾ ਜੋਸ਼ੀਲਾ ਸੀ। ਇਸੇ ਕਰਕੇ ਯਿਸੂ ਨੇ ਉਸ ਦਾ ਅਤੇ ਉਸ ਦੇ ਭਰਾ ਯਾਕੂਬ ਦਾ ਨਾਂ ਬੁਆਨੇਰਗਿਸ ਰੱਖਿਆ ਸੀ ਜਿਸ ਦਾ ਮਤਲਬ ਹੈ “ਗਰਜ ਦੇ ਪੁੱਤਰ।” (ਮਰ. 3:17) ਪਹਿਲਾਂ-ਪਹਿਲਾਂ ਯੂਹੰਨਾ ਉੱਚੀ ਪਦਵੀ ਪਾਉਣ ਦੀ ਬਹੁਤ ਇੱਛਾ ਰੱਖਦਾ ਸੀ। ਇਸ ਕਰਕੇ ਉਸ ਨੇ ਅਤੇ ਉਸ ਦੇ ਭਰਾ ਨੇ ਆਪਣੀ ਮਾਤਾ ਨੂੰ ਯਿਸੂ ਕੋਲ ਇਹ ਕਹਿਣ ਲਈ ਭੇਜਿਆ ਕਿ ਉਹ ਆਪਣੇ ਰਾਜ ਵਿਚ ਉਨ੍ਹਾਂ ਦੋਵਾਂ ਨੂੰ ਆਪਣੇ ਸੱਜੇ ਤੇ ਖੱਬੇ ਪਾਸੇ ਬਿਠਾਏ। ਭਾਵੇਂ ਇਹ ਸੁਆਰਥੀ ਇੱਛਾ ਸੀ, ਪਰ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੀ ਪਰਮੇਸ਼ੁਰ ਦੇ ਰਾਜ ʼਤੇ ਨਿਹਚਾ ਕਿੰਨੀ ਪੱਕੀ ਸੀ। ਉਨ੍ਹਾਂ ਭਰਾਵਾਂ ਦੀ ਇਸ ਸੁਆਰਥੀ ਇੱਛਾ ਕਰਕੇ ਯਿਸੂ ਨੇ ਸਾਰੇ ਰਸੂਲਾਂ ਨੂੰ ਸਮਝਾਇਆ ਕਿ ਨਿਮਰ ਹੋਣਾ ਕਿੰਨਾ ਜ਼ਰੂਰੀ ਸੀ।​—ਮੱਤੀ 20:20-28.

ਆਪਣੇ ਜੋਸ਼ੀਲੇ ਸੁਭਾਅ ਕਰਕੇ ਯੂਹੰਨਾ ਨੇ ਇਕ ਆਦਮੀ ਨੂੰ ਯਿਸੂ ਦੇ ਨਾਂ ʼਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਆਦਮੀ ਯਿਸੂ ਦਾ ਚੇਲਾ ਨਹੀਂ ਸੀ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਸਾਮਰੀ ਪਿੰਡ ਨੂੰ ਭੇਜਿਆ ਸੀ ਕਿ ਉਹ ਉੱਥੇ ਉਸ ਦੇ ਰਹਿਣ ਦਾ ਬੰਦੋਬਸਤ ਕਰਨ, ਪਰ ਸਾਮਰੀਆਂ ਨੇ ਯਿਸੂ ਦਾ ਸੁਆਗਤ ਨਹੀਂ ਕੀਤਾ। ਉਸ ਮੌਕੇ ʼਤੇ ਯੂਹੰਨਾ ਉਨ੍ਹਾਂ ਲੋਕਾਂ ਨੂੰ ਭਸਮ ਕਰਨ ਲਈ ਸਵਰਗੋਂ ਅੱਗ ਵਰ੍ਹਨ ਦਾ ਹੁਕਮ ਦੇਣਾ ਚਾਹੁੰਦਾ ਸੀ। ਇਨ੍ਹਾਂ ਗੱਲਾਂ ਕਰਕੇ ਯਿਸੂ ਨੇ ਯੂਹੰਨਾ ਨੂੰ ਝਿੜਕਿਆ। ਜ਼ਾਹਰ ਹੈ ਕਿ ਸਮੇਂ ਦੇ ਬੀਤਣ ਨਾਲ ਯੂਹੰਨਾ ਨੇ ਦੂਜਿਆਂ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖਿਆ ਅਤੇ ਦਇਆਵਾਨ ਬਣਿਆ। (ਲੂਕਾ 9:49-56) ਪਰ ਯੂਹੰਨਾ ਦੀਆਂ ਕਮੀਆਂ ਦੇ ਬਾਵਜੂਦ ‘ਯਿਸੂ ਉਸ ਨੂੰ ਪਿਆਰ ਕਰਦਾ ਸੀ।’ ਇਸ ਕਰਕੇ ਯਿਸੂ ਨੇ ਮਰਨ ਤੋਂ ਪਹਿਲਾਂ ਆਪਣੀ ਮਾਤਾ ਮਰੀਅਮ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਯੂਹੰਨਾ ਨੂੰ ਸੌਂਪੀ ਸੀ।​—ਯੂਹੰ. 19:26, 27; 21:7, 20, 24.

ਯਿਸੂ ਦੀ ਭਵਿੱਖਬਾਣੀ ਦੇ ਮੁਤਾਬਕ ਯੂਹੰਨਾ ਦੂਸਰੇ ਰਸੂਲਾਂ ਦੀ ਮੌਤ ਤੋਂ ਬਾਅਦ ਵੀ ਕਈ ਸਾਲ ਜੀਉਂਦਾ ਰਿਹਾ। (ਯੂਹੰ. 21:20-22) ਯੂਹੰਨਾ ਤਕਰੀਬਨ 70 ਸਾਲ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। ਰੋਮੀ ਸਮਰਾਟ ਡੋਮਿਸ਼ਨ ਦੇ ਰਾਜ ਦੌਰਾਨ ਬਿਰਧ ਯੂਹੰਨਾ ਨੂੰ “ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ” ਪਾਤਮੁਸ ਟਾਪੂ ਉੱਤੇ ਕੈਦ ਕਰ ਕੇ ਰੱਖਿਆ ਗਿਆ ਸੀ। ਉੱਥੇ ਤਕਰੀਬਨ 96 ਈਸਵੀ ਵਿਚ ਯੂਹੰਨਾ ਨੂੰ ਦਰਸ਼ਣ ਦਿਖਾਏ ਗਏ ਜੋ ਉਸ ਨੇ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਕੀਤੇ। (ਪ੍ਰਕਾ. 1:1, 2, 9) ਮੰਨਿਆ ਜਾਂਦਾ ਹੈ ਕਿ ਰਿਹਾ ਹੋਣ ਤੋਂ ਬਾਅਦ ਯੂਹੰਨਾ ਅਫ਼ਸੁਸ ਚਲਾ ਗਿਆ ਜਿੱਥੇ ਉਸ ਨੇ ਆਪਣੀ ਇੰਜੀਲ ਅਤੇ ਤਿੰਨ ਚਿੱਠੀਆਂ ਲਿਖੀਆਂ। ਤਕਰੀਬਨ 100 ਈਸਵੀ ਵਿਚ ਉਹ ਅਫ਼ਸੁਸ ਵਿਚ ਮੌਤ ਦੀ ਨੀਂਦ ਸੌਂ ਗਿਆ।

a ਮੰਦਰ ਵਿਚ ਸਵੇਰੇ ਅਤੇ ਦੁਪਹਿਰ ਨੂੰ ਬਲ਼ੀਆਂ ਚੜ੍ਹਾਉਣ ਵੇਲੇ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ। ਬਲ਼ੀ ‘ਨੌਵੇਂ ਘੰਟੇ’ ਜਾਂ ਦੁਪਹਿਰ ਦੇ ਤਿੰਨ ਕੁ ਵਜੇ ਚੜ੍ਹਾਈ ਜਾਂਦੀ ਸੀ।

b “ਪਤਰਸ​—ਇਕ ਮਛੇਰਾ ਜੋ ਜੋਸ਼ੀਲਾ ਰਸੂਲ ਬਣਿਆ” ਅਤੇ “ਯੂਹੰਨਾ​—ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ” ਨਾਂ ਦੀਆਂ ਡੱਬੀਆਂ ਦੇਖੋ।

c “ਮਹਾਂ ਪੁਜਾਰੀ ਅਤੇ ਮੁੱਖ ਪੁਜਾਰੀ” ਨਾਂ ਦੀ ਡੱਬੀ ਦੇਖੋ।

d 33 ਈਸਵੀ ਵਿਚ ਯਰੂਸ਼ਲਮ ਵਿਚ ਲਗਭਗ 6,000 ਫ਼ਰੀਸੀ ਅਤੇ ਇਸ ਤੋਂ ਵੀ ਘੱਟ ਸਦੂਕੀ ਹੋਣੇ। ਪਰ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਸੀ ਜਿਸ ਕਰਕੇ ਸ਼ਾਇਦ ਫ਼ਰੀਸੀ ਤੇ ਸਦੂਕੀ ਖ਼ਤਰਾ ਮਹਿਸੂਸ ਕਰ ਰਹੇ ਸਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ