ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bh ਅਧਿ. 17 ਸਫ਼ੇ 164-173
  • ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਰਹੋ
  • ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਅੱਗੇ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
  • ਯਹੋਵਾਹ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ?
  • ਪ੍ਰਾਰਥਨਾਵਾਂ ਬਾਰੇ ਕੁਝ ਸਵਾਲ
  • ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ?
  • ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਜਾਓ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਪ੍ਰਾਰਥਨਾ ਰਾਹੀਂ ਕਿਵੇਂ ਸਹਾਇਤਾ ਪ੍ਰਾਪਤ ਕਰਨਾ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਨੇੜੇ ਜਾਣਾ
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ‘ਤੁਹਾਡੀਆਂ ਅਰਦਾਸਾਂ ਬੇਨਤੀ ਨਾਲ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
bh ਅਧਿ. 17 ਸਫ਼ੇ 164-173

ਅਧਿਆਇ 17

ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਰਹੋ

  • ਸਾਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

  • ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

  • ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ?

ਤਾਰਿਆਂ ਨਾਲ ਭਰੇ ਆਕਾਸ਼ ਥੱਲੇ ਇਕ ਤੀਵੀਂ ਪ੍ਰਾਰਥਨਾ ਕਰਦੀ ਹੋਈ

“ਅਕਾਸ਼ ਤੇ ਧਰਤੀ ਦਾ ਸਿਰਜਣਹਾਰ” ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ

1, 2. (ੳ) ਪ੍ਰਾਰਥਨਾ ਇਕ ਵੱਡਾ ਸਨਮਾਨ ਕਿਉਂ ਹੈ? (ਅ) ਇਹ ਜਾਣਨਾ ਕਿਉਂ ਜ਼ਰੂਰੀ ਹੈ ਕਿ ਬਾਈਬਲ ਪ੍ਰਾਰਥਨਾ ਬਾਰੇ ਕੀ ਕਹਿੰਦੀ ਹੈ?

‘ਅਕਾਸ਼ ਤੇ ਧਰਤੀ ਦੇ ਸਿਰਜਣਹਾਰ’ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਨਸਾਨ ਡੋਲ ਵਿੱਚੋਂ ਪਾਣੀ ਦੇ ਇਕ ਤੁਪਕੇ ਜਿਹੇ ਹੀ ਹਨ। (ਜ਼ਬੂਰਾਂ ਦੀ ਪੋਥੀ 115:15; ਯਸਾਯਾਹ 40:15) ਫਿਰ ਵੀ ਬਾਈਬਲ ਕਹਿੰਦੀ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।” (ਜ਼ਬੂਰਾਂ ਦੀ ਪੋਥੀ 145:18, 19) ਇਹ ਕਿੰਨੀ ਹੈਰਾਨ ਕਰ ਦੇਣ ਵਾਲੀ ਗੱਲ ਹੈ! ਭਾਵੇਂ ਅਸੀਂ ਮਿੱਟੀ ਦੇ ਪੁਤਲੇ ਹਾਂ, ਮਾਮੂਲੀ ਇਨਸਾਨ ਹਾਂ, ਪਰ ਇਸ ਜਹਾਨ ਦਾ ਮਾਲਕ ਸਾਡੇ ਨੇੜੇ ਹੈ। ਉਹ ਸਾਡੀ ਪ੍ਰਾਰਥਨਾ ਜ਼ਰੂਰ ਸੁਣੇਗਾ ਜੇ ਅਸੀਂ ਉਸ ਨੂੰ ‘ਸਚਿਆਈ ਨਾਲ ਪੁਕਾਰਾਂਗੇ।’ ਇਹ ਸਾਡੇ ਲਈ ਕਿੱਡਾ ਵੱਡਾ ਸਨਮਾਨ ਹੈ ਕਿ ਅਸੀਂ ਪ੍ਰਾਰਥਨਾ ਰਾਹੀਂ ਆਪਣੇ ਕਰਤਾਰ ਯਹੋਵਾਹ ਨਾਲ ਗੱਲ ਕਰ ਸਕਦੇ ਹਾਂ!

2 ਪਰ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਪ੍ਰਾਰਥਨਾ ਸੁਣੇ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਤਰੀਕੇ ਨਾਲ ਪ੍ਰਾਰਥਨਾ ਕਰੀਏ ਜੋ ਉਸ ਨੂੰ ਮਨਜ਼ੂਰ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬਾਈਬਲ ਪ੍ਰਾਰਥਨਾ ਕਰਨ ਬਾਰੇ ਕੀ ਕਹਿੰਦੀ ਹੈ ਕਿਉਂਕਿ ਪ੍ਰਾਰਥਨਾ ਰਾਹੀਂ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖ ਸਕਦੇ ਹਾਂ।

ਯਹੋਵਾਹ ਅੱਗੇ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

3. ਯਹੋਵਾਹ ਨੂੰ ਪ੍ਰਾਰਥਨਾ ਕਰਨ ਦਾ ਇਕ ਅਹਿਮ ਕਾਰਨ ਕੀ ਹੈ?

3 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ। ਇਹ ਪ੍ਰਾਰਥਨਾ ਕਰਨ ਦਾ ਇਕ ਅਹਿਮ ਕਾਰਨ ਹੈ। ਪਰਮੇਸ਼ੁਰ ਦਾ ਬਚਨ ਤਾਕੀਦ ਕਰਦਾ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਜੇ ਇਸ ਜਹਾਨ ਦਾ ਮਾਲਕ ਸਾਨੂੰ ਆਪਣੇ ਨਾਲ ਗੱਲ ਕਰਨ ਦਾ ਸਨਮਾਨ ਦੇ ਰਿਹਾ ਹੈ, ਤਾਂ ਸਾਨੂੰ ਇਸ ਪ੍ਰਬੰਧ ਤੋਂ ਪੂਰਾ-ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ!

4. ਰੋਜ਼ਾਨਾ ਪ੍ਰਾਰਥਨਾ ਕਰ ਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਕਿੱਦਾਂ ਹੁੰਦਾ ਹੈ?

4 ਰੋਜ਼ਾਨਾ ਪ੍ਰਾਰਥਨਾ ਕਰਨ ਦਾ ਇਕ ਹੋਰ ਕਾਰਨ ਇਹ ਹੈ ਕਿ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ। ਮਿਸਾਲ ਲਈ, ਕੀ ਜਿਗਰੀ ਦੋਸਤ ਸਿਰਫ਼ ਜ਼ਰੂਰਤ ਪੈਣ ਤੇ ਜਾਂ ਮੁਸ਼ਕਲ ਖੜ੍ਹੀ ਹੋਣ ਤੇ ਹੀ ਇਕ-ਦੂਸਰੇ ਨਾਲ ਗੱਲ ਕਰਦੇ ਹਨ? ਨਹੀਂ, ਉਹ ਆਪਸ ਵਿਚ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰਦੇ ਹਨ। ਤੁਸੀਂ ਯਹੋਵਾਹ ਨਾਲ ਵੀ ਇੱਦਾਂ ਕਰ ਸਕਦੇ ਹੋ। ਇਸ ਕਿਤਾਬ ਰਾਹੀਂ ਤੁਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ ਹੈ। ਤੁਸੀਂ ਸਿੱਖਿਆ ਹੈ ਕਿ ਯਹੋਵਾਹ ਹੀ ਜੀਉਂਦਾ ਤੇ ਸੱਚਾ ਪਰਮੇਸ਼ੁਰ ਹੈ। ਤੁਸੀਂ ਉਸ ਦੇ ਸਦਗੁਣਾਂ ਤੇ ਮਕਸਦਾਂ ਬਾਰੇ ਵੀ ਸਿੱਖਿਆ ਹੈ। ਪਰ, ਪ੍ਰਾਰਥਨਾ ਰਾਹੀਂ ਤੁਸੀਂ ਦਿਲ ਖੋਲ੍ਹ ਕੇ ਉਸ ਨਾਲ ਗੱਲ ਕਰ ਸਕਦੇ ਹੋ। ਇਸ ਤਰ੍ਹਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਜਾਵੇਗਾ।​—ਯਾਕੂਬ 4:8.

ਯਹੋਵਾਹ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ?

5. ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਹਰ ਕਿਸੇ ਦੀ ਪ੍ਰਾਰਥਨਾ ਨਹੀਂ ਸੁਣਦਾ?

5 ਕੀ ਯਹੋਵਾਹ ਸਾਰਿਆਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ? ਤੁਸੀਂ ਸ਼ਾਇਦ ਸੋਚੋ ਕਿ ਉਹ ਜ਼ਰੂਰ ਸੁਣਦਾ ਹੋਣਾ। ਪਰ ਧਿਆਨ ਦਿਓ ਕਿ ਯਹੋਵਾਹ ਨੇ ਯਸਾਯਾਹ ਨਬੀ ਦੇ ਜ਼ਮਾਨੇ ਵਿਚ ਬਾਗ਼ੀ ਇਜ਼ਰਾਈਲੀਆਂ ਨੂੰ ਕੀ ਕਿਹਾ ਸੀ: “ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।” (ਯਸਾਯਾਹ 1:15) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਰਿਆਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ। ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਉਸ ਦਾ ਕਹਿਣਾ ਮੰਨੀਏ। ਆਓ ਆਪਾਂ ਪ੍ਰਾਰਥਨਾਵਾਂ ਦੇ ਸੰਬੰਧ ਵਿਚ ਤਿੰਨ ਮੁੱਖ ਗੱਲਾਂ ਉੱਤੇ ਗੌਰ ਕਰੀਏ।

6. ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਇਸ ਦਾ ਕੀ ਮਤਲਬ ਹੈ?

6 ਪਹਿਲੀ ਗੱਲ ਹੈ ਕਿ ਨਿਹਚਾ ਕਰਨੀ ਜ਼ਰੂਰੀ ਹੈ। (ਮਰਕੁਸ 11:24 ਪੜ੍ਹੋ।) ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬਰਾਨੀਆਂ 11:6) ਜੇ ਅਸੀਂ ਕਹੀਏ, ‘ਮੈਂ ਰੱਬ ਨੂੰ ਮੰਨਦਾ ਹਾਂ ਤੇ ਉਹ ਮੇਰੀਆਂ ਫ਼ਰਿਆਦਾਂ ਸੁਣਦਾ ਹੈ,’ ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਨਿਹਚਾ ਕਰਦੇ ਹਾਂ? ਨਹੀਂ, ਰੱਬ ਨੂੰ ਮੰਨਣ ਦੇ ਨਾਲ-ਨਾਲ ਸਾਨੂੰ ਆਪਣੇ ਕੰਮਾਂ ਦੁਆਰਾ ਦਿਖਾਉਣ ਦੀ ਲੋੜ ਹੈ ਕਿ ਅਸੀਂ ਉਸ ਵਿਚ ਨਿਹਚਾ ਕਰਦੇ ਹਾਂ।​—ਯਾਕੂਬ 2:26.

7. (ੳ) ਪ੍ਰਾਰਥਨਾ ਕਰਦੇ ਵਕਤ ਸਾਨੂੰ ਆਦਰ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ? (ਅ) ਪ੍ਰਾਰਥਨਾ ਕਰਦੇ ਹੋਏ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਨਿਮਰ ਹਾਂ ਅਤੇ ਦਿਲੋਂ ਪ੍ਰਾਰਥਨਾ ਕਰਦੇ ਹਾਂ?

7 ਦੂਜੀ ਗੱਲ ਹੈ ਕਿ ਸਾਨੂੰ ਨਿਮਰਤਾ ਨਾਲ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਹੋਵਾਹ ਨਾਲ ਗੱਲ ਕਰਦੇ ਵਕਤ ਨਿਮਰ ਹੋਣ ਦੇ ਕਈ ਕਾਰਨ ਹਨ। ਮਿਸਾਲ ਲਈ, ਜਦ ਕਿਸੇ ਨੂੰ ਰਾਜੇ ਜਾਂ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ, ਤਾਂ ਉਹ ਅਕਸਰ ਉਸ ਦੇ ਅਹੁਦੇ ਨੂੰ ਧਿਆਨ ਵਿਚ ਰੱਖਦੇ ਹੋਏ ਆਦਰ ਨਾਲ ਪੇਸ਼ ਆਉਂਦਾ ਹੈ। ਤਾਂ ਫਿਰ “ਸਰਬਸ਼ਕਤੀਮਾਨ ਪਰਮੇਸ਼ੁਰ” ਯਹੋਵਾਹ ਦੇ ਹਜ਼ੂਰ ਆਉਂਦੇ ਵਕਤ ਕੀ ਸਾਨੂੰ ਆਦਰ ਨਾਲ ਪੇਸ਼ ਨਹੀਂ ਆਉਣਾ ਚਾਹੀਦਾ? ਹਾਂ, ਸਾਨੂੰ ਯਹੋਵਾਹ ਦੇ ਉੱਚੇ ਅਹੁਦੇ ਨੂੰ ਹਮੇਸ਼ਾ ਧਿਆਨ ਵਿਚ ਰੱਖਦੇ ਹੋਏ ਨਿਮਰਤਾ ਨਾਲ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਉਤਪਤ 17:1; ਜ਼ਬੂਰਾਂ ਦੀ ਪੋਥੀ 138:6) ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਨਹੀਂ ਕਰੀ ਜਾਵਾਂਗੇ, ਸਗੋਂ ਅਸੀਂ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਾਂਗੇ।​—ਮੱਤੀ 6:7, 8.

8. ਅਸੀਂ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕਿੱਦਾਂ ਚੱਲ ਸਕਦੇ ਹਾਂ?

8 ਤੀਜੀ ਗੱਲ ਹੈ ਕਿ ਸਾਨੂੰ ਪੂਰੀ ਵਾਹ ਲਾ ਕੇ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ। ਮਿਸਾਲ ਲਈ, ਜੇਕਰ ਅਸੀਂ ਪ੍ਰਾਰਥਨਾ ਕਰੀਏ ਕਿ “ਸਾਨੂੰ ਅੱਜ ਦੀ ਰੋਟੀ ਅੱਜ ਦੇ,” ਤਾਂ ਸਾਨੂੰ ਰੋਜ਼ੀ-ਰੋਟੀ ਕਮਾਉਣ ਲਈ ਮਿਹਨਤ ਕਰਨੀ ਚਾਹੀਦੀ ਹੈ। (ਮੱਤੀ 6:11; 2 ਥੱਸਲੁਨੀਕੀਆਂ 3:10) ਜੇ ਅਸੀਂ ਕਿਸੇ ਬੁਰੀ ਆਦਤ ਨੂੰ ਛੱਡਣ ਲਈ ਪ੍ਰਾਰਥਨਾ ਕਰੀਏ, ਤਾਂ ਸਾਨੂੰ ਅਜਿਹੇ ਮਾਹੌਲ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਵਿਚ ਸ਼ਾਇਦ ਸਾਡਾ ਦਿਲ ਉਹੀ ਬੁਰਾ ਕੰਮ ਕਰਨ ਲਈ ਲਲਚਾਏ। (ਕੁਲੁੱਸੀਆਂ 3:5) ਇਨ੍ਹਾਂ ਤਿੰਨ ਮੁੱਖ ਗੱਲਾਂ ਤੋਂ ਇਲਾਵਾ ਪ੍ਰਾਰਥਨਾਵਾਂ ਦੇ ਸੰਬੰਧ ਵਿਚ ਕੁਝ ਹੋਰ ਸਵਾਲ ਵੀ ਹਨ ਜਿਨ੍ਹਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ।

ਪ੍ਰਾਰਥਨਾਵਾਂ ਬਾਰੇ ਕੁਝ ਸਵਾਲ

9. ਸਾਨੂੰ ਕਿਸ ਨੂੰ ਅਤੇ ਕਿਸ ਰਾਹੀਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

9 ਕਿਸ ਨੂੰ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:9) ਇਸ ਲਈ ਸਾਨੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਸਾਨੂੰ ਯਹੋਵਾਹ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਦੇ ਅਹੁਦੇ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਅਸੀਂ ਪੰਜਵੇਂ ਅਧਿਆਇ ਵਿਚ ਸਿੱਖਿਆ ਸੀ ਕਿ ਯਹੋਵਾਹ ਨੇ ਯਿਸੂ ਨੂੰ ਆਪਣੀ ਜਾਨ ਕੁਰਬਾਨ ਕਰਨ ਲਈ ਧਰਤੀ ਉੱਤੇ ਭੇਜਿਆ ਸੀ। ਉਸ ਦੇ ਵਹਾਏ ਗਏ ਲਹੂ ਰਾਹੀਂ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲੇਗਾ। (ਯੂਹੰਨਾ 3:16; ਰੋਮੀਆਂ 5:12) ਯਿਸੂ ਇਨਸਾਨਾਂ ਅਤੇ ਯਹੋਵਾਹ ਵਿਚਕਾਰ ਵਿਚੋਲਾ ਹੈ ਤੇ ਯਹੋਵਾਹ ਨੇ ਉਸ ਨੂੰ ਵੱਡਾ ਅਧਿਕਾਰ ਵੀ ਦਿੱਤਾ ਹੈ। (ਯੂਹੰਨਾ 5:22; ਇਬਰਾਨੀਆਂ 6:20) ਇਸ ਲਈ ਬਾਈਬਲ ਦੱਸਦੀ ਹੈ ਕਿ ਸਾਨੂੰ ਪ੍ਰਾਰਥਨਾ ਯਿਸੂ ਮਸੀਹ ਰਾਹੀਂ ਕਰਨੀ ਚਾਹੀਦੀ ਹੈ। ਯਿਸੂ ਨੇ ਖ਼ੁਦ ਕਿਹਾ ਸੀ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ, ਤਾਂ ਸਾਨੂੰ ਸਿਰਫ਼ ਯਹੋਵਾਹ ਨੂੰ ਉਸ ਦੇ ਪੁੱਤਰ ਰਾਹੀਂ ਪ੍ਰਾਰਥਨਾ ਕਰਨੀ ਚਾਹੀਦੀ ਹੈ।

10. ਕੀ ਇਹ ਜ਼ਰੂਰੀ ਹੈ ਕਿ ਅਸੀਂ ਪ੍ਰਾਰਥਨਾ ਕਰਨ ਵੇਲੇ ਖ਼ਾਸ ਢੰਗ ਨਾਲ ਬੈਠੀਏ ਜਾਂ ਖੜ੍ਹੇ ਹੋਈਏ?

10 ਪ੍ਰਾਰਥਨਾ ਕਰਨ ਵੇਲੇ ਕੀ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠਣਾ ਚਾਹੀਦਾ ਹੈ? ਇਹ ਜ਼ਰੂਰੀ ਨਹੀਂ। ਯਹੋਵਾਹ ਇਹ ਨਹੀਂ ਕਹਿੰਦਾ ਕਿ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠ ਕੇ ਜਾਂ ਖੜ੍ਹੇ ਹੋ ਕੇ ਪ੍ਰਾਰਥਨਾ ਕਰਨ ਦੀ ਲੋੜ ਹੈ। ਬਾਈਬਲ ਵਿਚ ਦਿੱਤੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਬੈਠ ਕੇ, ਖੜ੍ਹੇ ਹੋ ਕੇ, ਗੋਡੇ ਟੇਕ ਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ। (1 ਇਤਹਾਸ 17:16; ਨਹਮਯਾਹ 8:6; ਦਾਨੀਏਲ 6:10; ਮਰਕੁਸ 11:25) ਸਭ ਤੋਂ ਅਹਿਮ ਗੱਲ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਸਾਫ਼ ਦਿਲ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਦਰਅਸਲ, ਅਸੀਂ ਜੋ ਵੀ ਕੰਮ ਕਰਦੇ ਹੋਈਏ ਜਾਂ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋਈਏ, ਅਸੀਂ ਯਹੋਵਾਹ ਨੂੰ ਦਿਲ ਹੀ ਦਿਲ ਵਿਚ ਪ੍ਰਾਰਥਨਾ ਕਰ ਸਕਦੇ ਹਾਂ। ਭਾਵੇਂ ਦੂਸਰੇ ਸਾਡੀਆਂ ਇਹ ਪ੍ਰਾਰਥਨਾਵਾਂ ਨਹੀਂ ਸੁਣ ਸਕਦੇ, ਪਰ ਯਹੋਵਾਹ ਜ਼ਰੂਰ ਸੁਣਦਾ ਹੈ।​—ਨਹਮਯਾਹ 2:1-6.

11. ਅਸੀਂ ਕਿਹੜੀਆਂ ਕੁਝ ਨਿੱਜੀ ਗੱਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ?

11 ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ? ਬਾਈਬਲ ਸਮਝਾਉਂਦੀ ਹੈ ਕਿ ਜੇ ਅਸੀਂ ਯਹੋਵਾਹ ਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। (1 ਯੂਹੰਨਾ 5:14) ਤਾਂ ਫਿਰ ਅਸੀਂ ਯਹੋਵਾਹ ਦੀ ਇੱਛਾ ਅਨੁਸਾਰ ਕਿਸੇ ਵੀ ਗੱਲ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। ਪਰ ਸਾਡੀਆਂ ਨਿੱਜੀ ਚਿੰਤਾਵਾਂ ਬਾਰੇ ਕੀ? ਕੀ ਅਸੀਂ ਇਨ੍ਹਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ? ਬੇਸ਼ੱਕ ਕਰ ਸਕਦੇ ਹਾਂ। ਜਿਵੇਂ ਅਸੀਂ ਆਪਣੇ ਕਿਸੇ ਜਿਗਰੀ ਦੋਸਤ ਨਾਲ ਦਿਲ ਖੋਲ੍ਹ ਕੇ ਗੱਲ ਕਰਦੇ ਹਾਂ, ਤਿਵੇਂ ਅਸੀਂ ਯਹੋਵਾਹ ਨਾਲ ਵੀ ਗੱਲ ਕਰ ਸਕਦੇ ਹਾਂ। ਅਸੀਂ ਪਰਮੇਸ਼ੁਰ ਨੂੰ ਆਪਣੇ ਦਿਲ ਦੀ ਹਰ ਗੱਲ ਦੱਸ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 62:8) ਅਸੀਂ ਯਹੋਵਾਹ ਤੋਂ ਉਸ ਦੀ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਤਾਂਕਿ ਸਾਨੂੰ ਸਹੀ ਕੰਮ ਕਰਨ ਦੀ ਤਾਕਤ ਮਿਲੇ। (ਲੂਕਾ 11:13) ਅਕਲਮੰਦੀ ਨਾਲ ਸਹੀ ਫ਼ੈਸਲੇ ਕਰਨ ਲਈ ਅਸੀਂ ਸੇਧ ਵਾਸਤੇ ਬੇਨਤੀ ਕਰ ਸਕਦੇ ਹਾਂ। ਅਸੀਂ ਮੁਸ਼ਕਲਾਂ ਨੂੰ ਸਹਿਣ ਲਈ ਤਾਕਤ ਵੀ ਮੰਗ ਸਕਦੇ ਹਾਂ। (ਯਾਕੂਬ 1:5) ਜਦ ਅਸੀਂ ਗ਼ਲਤੀ ਕਰਦੇ ਹਾਂ, ਤਾਂ ਸਾਨੂੰ ਯਿਸੂ ਦੇ ਵਹਾਏ ਗਏ ਲਹੂ ਦੇ ਆਧਾਰ ʼਤੇ ਮਾਫ਼ੀ ਮੰਗਣੀ ਚਾਹੀਦੀ ਹੈ। (ਅਫ਼ਸੀਆਂ 1:3, 7) ਸਾਨੂੰ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਦੂਸਰਿਆਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਆਪਣੇ ਪਰਿਵਾਰ ਦੇ ਜੀਆਂ ਲਈ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਲਈ ਯਹੋਵਾਹ ਅੱਗੇ ਦੁਆ ਕਰ ਸਕਦੇ ਹਾਂ।​—ਰਸੂਲਾਂ ਦੇ ਕੰਮ 12:5; ਕੁਲੁੱਸੀਆਂ 4:12.

12. ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਨ੍ਹਾਂ ਗੱਲਾਂ ਨੂੰ ਪਹਿਲ ਦੇ ਸਕਦੇ ਹਾਂ?

12 ਆਪਣੀਆਂ ਪ੍ਰਾਰਥਨਾਵਾਂ ਵਿਚ ਪਹਿਲਾਂ ਸਾਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਮਿਲੀ ਹਰ ਦਾਤ ਲਈ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। (1 ਇਤਹਾਸ 29:10-13) ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਉਦੋਂ ਉਸ ਨੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਸੀ। ਮੱਤੀ 6:9-13 ਵਿਚ ਦਰਜ ਆਪਣੀ ਪ੍ਰਾਰਥਨਾ ਵਿਚ ਯਿਸੂ ਨੇ ਸਾਫ਼-ਸਾਫ਼ ਦਿਖਾਇਆ ਕਿ ਸਾਨੂੰ ਪਹਿਲਾਂ ਯਹੋਵਾਹ ਦੇ ਨਾਂ ਦੇ ਪਵਿੱਤਰ ਹੋਣ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਪੜ੍ਹੋ।) ਫਿਰ ਸਾਨੂੰ ਇਹ ਦੁਆ ਕਰਨੀ ਚਾਹੀਦੀ ਹੈ ਕਿ ਉਸ ਦਾ ਰਾਜ ਆਵੇ ਅਤੇ ਉਸ ਦੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ਉੱਤੇ ਵੀ ਪੂਰੀ ਹੋਵੇ। ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਾਅਦ ਹੀ ਯਿਸੂ ਨੇ ਨਿੱਜੀ ਗੱਲਾਂ ਦਾ ਜ਼ਿਕਰ ਕੀਤਾ ਸੀ। ਇਸੇ ਤਰ੍ਹਾਂ ਜਦ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਅਤੇ ਉਸ ਦੇ ਮਕਸਦ ਨੂੰ ਪਹਿਲ ਦਿੰਦੇ ਹਾਂ, ਤਾਂ ਯਹੋਵਾਹ ਦੇਖਦਾ ਹੈ ਕਿ ਅਸੀਂ ਸਿਰਫ਼ ਆਪਣੇ ਹੀ ਬਾਰੇ ਨਹੀਂ ਸੋਚਦੇ।

13. ਬਾਈਬਲ ਅਨੁਸਾਰ ਸਾਡੀਆਂ ਪ੍ਰਾਰਥਨਾਵਾਂ ਕਿੰਨੀਆਂ ਲੰਬੀਆਂ ਹੋਣੀਆਂ ਚਾਹੀਦੀਆਂ ਹਨ?

13 ਸਾਡੀਆਂ ਪ੍ਰਾਰਥਨਾਵਾਂ ਕਿੰਨੀਆਂ ਲੰਬੀਆਂ ਹੋਣੀਆਂ ਚਾਹੀਦੀਆਂ ਹਨ? ਬਾਈਬਲ ਨਿੱਜੀ ਪ੍ਰਾਰਥਨਾਵਾਂ ਜਾਂ ਦੂਸਰਿਆਂ ਨਾਲ ਕੀਤੀਆਂ ਪ੍ਰਾਰਥਨਾਵਾਂ ਦੀ ਲੰਬਾਈ ਬਾਰੇ ਕੁਝ ਨਹੀਂ ਕਹਿੰਦੀ। ਸਾਡੀਆਂ ਪ੍ਰਾਰਥਨਾਵਾਂ ਛੋਟੀਆਂ ਜਾਂ ਲੰਬੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਰੋਟੀ ਖਾਣ ਤੋਂ ਪਹਿਲਾਂ ਸ਼ਾਇਦ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰੀਏ। ਪਰ ਜੇ ਸਾਨੂੰ ਕੋਈ ਚਿੰਤਾ ਹੋਵੇ, ਤਾਂ ਅਸੀਂ ਦਿਲ ਖੋਲ੍ਹ ਕੇ “ਕਾਫ਼ੀ ਸਮੇਂ ਤਕ” ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। (1 ਸਮੂਏਲ 1:12, 15, CL) ਲੇਕਿਨ ਯਾਦ ਰੱਖੋ ਕਿ ਸਾਨੂੰ ਕਦੀ ਵੀ ਦਿਖਾਵੇ ਲਈ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਤਰ੍ਹਾਂ ਕਰਨ ਵਾਲੇ ਪਖੰਡੀ ਲੋਕਾਂ ਨੂੰ ਯਿਸੂ ਨੇ ਨਿੰਦਿਆ ਸੀ। (ਲੂਕਾ 20:46, 47) ਅਜਿਹੀਆਂ ਪ੍ਰਾਰਥਨਾਵਾਂ ਯਹੋਵਾਹ ਦੇ ਦਿਲ ਨੂੰ ਨਹੀਂ ਭਾਉਂਦੀਆਂ। ਇਸ ਲਈ ਸਾਡੀਆਂ ਪ੍ਰਾਰਥਨਾਵਾਂ ਸਾਡੇ ਹਾਲਾਤਾਂ ਦੇ ਮੁਤਾਬਕ ਚਾਹੇ ਲੰਬੀਆਂ ਹੋਣ ਜਾਂ ਛੋਟੀਆਂ, ਪਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਦਿਲੋਂ ਕੀਤੀਆਂ ਜਾਣ।

ਵੱਖੋ-ਵੱਖਰੇ ਹਾਲਾਤਾਂ ਵਿਚ ਪ੍ਰਾਰਥਨਾ ਕਰਦੇ ਹੋਏ ਲੋਕ

ਯਹੋਵਾਹ ਕਿਸੇ ਵੀ ਮੌਕੇ ਤੇ ਤੁਹਾਡੀ ਪ੍ਰਾਰਥਨਾ ਸੁਣ ਸਕਦਾ ਹੈ

14. ‘ਲਗਾਤਾਰ ਪ੍ਰਾਰਥਨਾ ਕਰਨ’ ਦਾ ਕੀ ਮਤਲਬ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਕਿਉਂ ਮਿਲਦਾ ਹੈ?

14 ਸਾਨੂੰ ਕਿੰਨੀ ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ? ਬਾਈਬਲ ਸਾਨੂੰ ਤਾਕੀਦ ਕਰਦੀ ਹੈ: ‘ਹਮੇਸ਼ਾ ਪ੍ਰਾਰਥਨਾ ਕਰੋ,’ “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਅਤੇ “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (ਲੂਕਾ 18:1; ਰੋਮੀਆਂ 12:12; 1 ਥੱਸਲੁਨੀਕੀਆਂ 5:17) ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਹਰ ਪਲ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ? ਨਹੀਂ, ਇਸ ਦਾ ਮਤਲਬ ਹੈ ਕਿ ਸਾਨੂੰ ਬਾਕਾਇਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਰੋਜ਼ ਯਹੋਵਾਹ ਦੇ ਚੰਗੇ ਕੰਮਾਂ ਲਈ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਦੀ ਸੇਧ, ਬਲ ਅਤੇ ਦਿਲਾਸੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਜਦੋਂ ਮਰਜ਼ੀ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਸਾਡੀ ਪ੍ਰਾਰਥਨਾ ਜਿੰਨੀ ਮਰਜ਼ੀ ਲੰਬੀ ਹੋ ਸਕਦੀ ਹੈ। ਜੇ ਅਸੀਂ ਪ੍ਰਾਰਥਨਾ ਨੂੰ ਸੱਚ-ਮੁੱਚ ਇਕ ਸਨਮਾਨ ਸਮਝਦੇ ਹਾਂ, ਤਾਂ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਗੱਲ ਕਰਨ ਦੇ ਮੌਕੇ ਭਾਲਦੇ ਰਹਾਂਗੇ।

15. ਪ੍ਰਾਰਥਨਾ ਤੋਂ ਬਾਅਦ ਸਾਨੂੰ “ਆਮੀਨ” ਕਿਉਂ ਕਹਿਣਾ ਚਾਹੀਦਾ ਹੈ?

15 ਸਾਨੂੰ ਪ੍ਰਾਰਥਨਾ ਤੋਂ ਬਾਅਦ “ਆਮੀਨ” ਕਿਉਂ ਕਹਿਣਾ ਚਾਹੀਦਾ ਹੈ? “ਆਮੀਨ” ਸ਼ਬਦ ਦਾ ਮਤਲਬ ਹੈ “ਇਸੇ ਤਰ੍ਹਾਂ ਹੋਵੇ।” ਬਾਈਬਲ ਵਿਚ ਦਰਜ ਕੀਤੀਆਂ ਪ੍ਰਾਰਥਨਾਵਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਆਮੀਨ ਕਹਿਣਾ ਚਾਹੀਦਾ ਹੈ। (1 ਇਤਹਾਸ 16:36; ਜ਼ਬੂਰਾਂ ਦੀ ਪੋਥੀ 41:13) “ਆਮੀਨ” ਕਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਜੋ ਵੀ ਕਿਹਾ ਹੈ, ਉਹ ਦਿਲੋਂ ਕਿਹਾ ਹੈ। ਜਦੋਂ ਅਸੀਂ ਦੂਸਰਿਆਂ ਦੀਆਂ ਪ੍ਰਾਰਥਨਾਵਾਂ ਤੋਂ ਬਾਅਦ ਭਾਵੇਂ ਉੱਚੀ ਜਾਂ ਦਿਲ ਵਿਚ “ਆਮੀਨ” ਕਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀਆਂ ਕਹੀਆਂ ਗੱਲਾਂ ਨਾਲ ਸਹਿਮਤ ਹਾਂ।​—1 ਕੁਰਿੰਥੀਆਂ 14:16.

ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ?

16. ਪ੍ਰਾਰਥਨਾ ਸੰਬੰਧੀ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

16 ਕੀ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਸੱਚ-ਮੁੱਚ ਜਵਾਬ ਦਿੰਦਾ ਹੈ? ਜੀ ਹਾਂ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ‘ਪ੍ਰਾਰਥਨਾ ਦਾ ਸੁਣਨ ਵਾਲਾ’ ਯਹੋਵਾਹ ਲੱਖਾਂ ਲੋਕਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਵੱਖੋ-ਵੱਖਰੇ ਤਰੀਕਿਆਂ ਨਾਲ ਜਵਾਬ ਦਿੰਦਾ ਹੈ।

17. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੂਤਾਂ ਅਤੇ ਮੰਡਲੀ ਦੇ ਮੈਂਬਰਾਂ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ?

17 ਯਹੋਵਾਹ ਆਪਣੇ ਦੂਤਾਂ ਅਤੇ ਆਪਣੇ ਸੇਵਕਾਂ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। (ਇਬਰਾਨੀਆਂ 1:13, 14) ਅਜਿਹੇ ਲੋਕਾਂ ਦੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਨੇ ਬਾਈਬਲ ਨੂੰ ਸਮਝਣ ਲਈ ਪ੍ਰਾਰਥਨਾ ਕੀਤੀ ਅਤੇ ਜਲਦੀ ਹੀ ਉਨ੍ਹਾਂ ਨੂੰ ਯਹੋਵਾਹ ਦੇ ਗਵਾਹ ਮਿਲ ਗਏ। ਅਜਿਹੀਆਂ ਮਿਸਾਲਾਂ ਸਾਨੂੰ ਯਕੀਨ ਦਿਲਾਉਂਦੀਆਂ ਹਨ ਕਿ ਯਹੋਵਾਹ ਆਪਣੇ ਦੂਤਾਂ ਰਾਹੀਂ ਸਾਡੇ ਪ੍ਰਚਾਰ ਦੇ ਕੰਮ ਵਿਚ ਸਾਡੀ ਮਦਦ ਕਰਦਾ ਹੈ। (ਪ੍ਰਕਾਸ਼ ਦੀ ਕਿਤਾਬ 14:6) ਮੁਸ਼ਕਲਾਂ ਦੌਰਾਨ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਲਈ ਯਹੋਵਾਹ ਸ਼ਾਇਦ ਮੰਡਲੀ ਦੇ ਕਿਸੇ ਭੈਣ-ਭਰਾ ਰਾਹੀਂ ਸਾਡੀ ਮਦਦ ਕਰੇ।​—ਕਹਾਉਤਾਂ 12:25; ਯਾਕੂਬ 2:16.

ਇਕ ਮਸੀਹੀ ਜੋੜਾ ਇਕ ਬਜ਼ੁਰਗ ਭੈਣ ਦੀ ਮਦਦ ਕਰਦਾ ਹੋਇਆ ਜੋ ਜ਼ਿਆਦਾ ਚੱਲ-ਫਿਰ ਨਹੀਂ ਸਕਦੀ

ਪ੍ਰਾਰਥਨਾਵਾਂ ਦਾ ਜਵਾਬ ਦੇਣ ਲਈ ਯਹੋਵਾਹ ਸ਼ਾਇਦ ਮੰਡਲੀ ਦੇ ਕਿਸੇ ਭੈਣ-ਭਰਾ ਨੂੰ ਸਾਡੀ ਮਦਦ ਕਰਨ ਲਈ ਵਰਤੇ

18. ਯਹੋਵਾਹ ਬਾਈਬਲ ਅਤੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ?

18 ਯਹੋਵਾਹ ਪਰਮੇਸ਼ੁਰ ਆਪਣੇ ਬਚਨ ਅਤੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਵੀ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵੇਲੇ ਉਹ ਸਾਨੂੰ ਨਿਰਦੇਸ਼ਨ ਅਤੇ ਸ਼ਕਤੀ ਦੇ ਸਕਦਾ ਹੈ। (2 ਕੁਰਿੰਥੀਆਂ 4:7) ਜਦ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਅਕਸਰ ਸਾਨੂੰ ਯਹੋਵਾਹ ਤੋਂ ਅਜਿਹੀ ਸਲਾਹ ਮਿਲਦੀ ਹੈ ਜਿਸ ਨਾਲ ਅਸੀਂ ਚੰਗੇ ਫ਼ੈਸਲੇ ਕਰ ਸਕਦੇ ਹਾਂ। ਹੋ ਸਕਦਾ ਹੈ ਕਿ ਕਿਸੇ ਕਿਤਾਬ ਵਿਚ ਅਸੀਂ ਬਾਈਬਲ ਦੇ ਕੁਝ ਹਵਾਲੇ ਪੜ੍ਹੀਏ ਜੋ ਮਸਲੇ ਨੂੰ ਹੱਲ ਕਰਨ ਵਿਚ ਸਾਡੀ ਮਦਦ ਕਰਨ। ਇਹ ਵੀ ਹੋ ਸਕਦਾ ਹੈ ਕਿ ਮਸੀਹੀ ਸਭਾਵਾਂ ਵਿਚ ਸਾਨੂੰ ਚੰਗੇ ਸੁਝਾਅ ਮਿਲਣ ਜਾਂ ਮੰਡਲੀ ਦਾ ਕੋਈ ਬਜ਼ੁਰਗ ਸਾਨੂੰ ਬਾਈਬਲ ਵਿੱਚੋਂ ਚੰਗੀ ਸਲਾਹ ਦੇਵੇ।​—ਗਲਾਤੀਆਂ 6:1.

19. ਸਾਨੂੰ ਉਦੋਂ ਕੀ ਯਾਦ ਰੱਖਣਾ ਚਾਹੀਦਾ ਹੈ ਜਦੋਂ ਸਾਨੂੰ ਲੱਗੇ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਵਿਚ ਦੇਰ ਕਰ ਰਿਹਾ ਹੈ?

19 ਉਦੋਂ ਕੀ ਜਦੋਂ ਸਾਨੂੰ ਲੱਗੇ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਵਿਚ ਦੇਰ ਕਰ ਰਿਹਾ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਉਹ ਜਵਾਬ ਨਹੀਂ ਦੇ ਸਕਦਾ? ਇਸ ਤਰ੍ਹਾਂ ਨਹੀਂ ਹੈ! ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਮਕਸਦ ਅਨੁਸਾਰ ਅਤੇ ਸਮਾਂ ਆਉਣ ਤੇ ਜਵਾਬ ਦਿੰਦਾ ਹੈ। ਉਹ ਸਾਡੀਆਂ ਜ਼ਰੂਰਤਾਂ ਨੂੰ ਸਾਡੇ ਤੋਂ ਬਿਹਤਰ ਜਾਣਦਾ ਹੈ। ਅਕਸਰ ਸਾਨੂੰ ਵਾਰ-ਵਾਰ ‘ਮੰਗਣ’ ਦੀ ਲੋੜ ਪੈਂਦੀ ਹੈ। (ਲੂਕਾ 11:5-10) ਜਦੋਂ ਅਸੀਂ ਕੋਈ ਚੀਜ਼ ਮੰਗਦੇ ਰਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਚੀਜ਼ ਦੀ ਗਹਿਰੀ ਤਮੰਨਾ ਰੱਖਦੇ ਹਾਂ ਅਤੇ ਅਸੀਂ ਸੱਚ-ਮੁੱਚ ਯਹੋਵਾਹ ਵਿਚ ਨਿਹਚਾ ਕਰਦੇ ਹਾਂ। ਇਸ ਤੋਂ ਇਲਾਵਾ, ਯਹੋਵਾਹ ਸ਼ਾਇਦ ਅਜਿਹੇ ਤਰੀਕੇ ਨਾਲ ਜਵਾਬ ਦੇਵੇ ਜਿਸ ਦੀ ਸਾਨੂੰ ਸ਼ਾਇਦ ਉਮੀਦ ਵੀ ਨਾ ਹੋਵੇ। ਮਿਸਾਲ ਲਈ, ਕਿਸੇ ਮੁਸ਼ਕਲ ਦੌਰਾਨ ਉਹ ਸ਼ਾਇਦ ਮੁਸ਼ਕਲ ਨੂੰ ਦੂਰ ਕਰਨ ਦੀ ਬਜਾਇ ਸਾਨੂੰ ਇਸ ਨੂੰ ਸਹਿਣ ਦੀ ਤਾਕਤ ਦੇਵੇ।​—ਫ਼ਿਲਿੱਪੀਆਂ 4:13 ਪੜ੍ਹੋ।

20. ਸਾਨੂੰ ਹਰ ਮੌਕੇ ਤੇ ਯਹੋਵਾਹ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ?

20 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਇਸ ਜਹਾਨ ਦਾ ਮਾਲਕ, ਸਾਡਾ ਕਰਤਾਰ ਤੇ ਪਿਤਾ ਯਹੋਵਾਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ! (ਜ਼ਬੂਰਾਂ ਦੀ ਪੋਥੀ 145:18 ਪੜ੍ਹੋ।) ਸਾਡੇ ਕੋਲ ਯਹੋਵਾਹ ਨੂੰ ਪ੍ਰਾਰਥਨਾ ਕਰਨ ਦਾ ਕਿੰਨਾ ਵੱਡਾ ਸਨਮਾਨ ਹੈ! ਤਾਂ ਫਿਰ ਆਓ ਆਪਾਂ ਹਰ ਮੌਕੇ ਤੇ ਯਹੋਵਾਹ ਨਾਲ ਗੱਲ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਜਾਵੇਗਾ।

ਬਾਈਬਲ ਕਹਿੰਦੀ ਹੈ ਕਿ . . .

  • ਰੋਜ਼ ਪ੍ਰਾਰਥਨਾ ਕਰਨ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ।​—ਯਾਕੂਬ 4:8.

  • ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਨਿਹਚਾ ਅਤੇ ਨਿਮਰਤਾ ਨਾਲ ਦਿਲੋਂ ਪ੍ਰਾਰਥਨਾ ਕਰਨ ਦੀ ਲੋੜ ਹੈ।​—ਮਰਕੁਸ 11:24.

  • ਸਾਨੂੰ ਯਿਸੂ ਰਾਹੀਂ ਸਿਰਫ਼ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ।​—ਮੱਤੀ 6:9; ਯੂਹੰਨਾ 14:6.

  • ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ ਅਤੇ ਉਹ ਆਪਣੇ ਦੂਤਾਂ, ਇਨਸਾਨੀ ਸੇਵਕਾਂ, ਪਵਿੱਤਰ ਸ਼ਕਤੀ ਅਤੇ ਆਪਣੇ ਬਚਨ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।​—ਜ਼ਬੂਰਾਂ ਦੀ ਪੋਥੀ 65:2.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ