ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
5-11 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 20-21
“ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ”
(ਮੱਤੀ 20:3) ਫਿਰ ਜਦ ਉਹ ਸਵੇਰੇ ਨੌਂ ਕੁ ਵਜੇ ਬਾਹਰ ਗਿਆ, ਤਾਂ ਉਸ ਨੇ ਬਾਜ਼ਾਰ ਵਿਚ ਕਈਆਂ ਨੂੰ ਵਿਹਲੇ ਖੜ੍ਹੇ ਦੇਖਿਆ।
nwtsty ਤਸਵੀਰਾਂ
ਬਜ਼ਾਰ
ਤਸਵੀਰ ਵਿਚ ਦਿਖਾਏ ਗਏ ਬਜ਼ਾਰ ਦੀ ਤਰ੍ਹਾਂ ਕੁਝ ਬਜ਼ਾਰ ਸੜਕ ਦੇ ਨਾਲ-ਨਾਲ ਹੁੰਦੇ ਸਨ। ਵਪਾਰੀ ਅਕਸਰ ਸੜਕ ਵਿਚ ਬਹੁਤ ਸਾਰੀਆਂ ਚੀਜ਼ਾਂ ਰੱਖ ਦਿੰਦੇ ਸਨ, ਜਿਸ ਨਾਲ ਆਉਣ-ਜਾਣ ਦਾ ਰਸਤਾ ਰੁਕ ਜਾਂਦਾ ਸੀ। ਨੇੜੇ ਰਹਿਣ ਵਾਲੇ ਲੋਕ ਬਜ਼ਾਰ ਵਿੱਚੋਂ ਘਰ ਦਾ ਸਾਮਾਨ, ਮਿੱਟੀ ਦੇ ਭਾਂਡੇ, ਮਹਿੰਗੇ ਕੱਚ ਦੇ ਭਾਂਡੇ ਅਤੇ ਤਾਜ਼ੀਆਂ ਚੀਜ਼ਾਂ ਖ਼ਰੀਦ ਸਕਦੇ ਸਨ। ਚੀਜ਼ਾਂ ਠੰਢੀਆਂ ਰੱਖਣ ਦਾ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਨੂੰ ਖ਼ਰੀਦਦਾਰੀ ਕਰਨ ਲਈ ਰੋਜ਼ ਬਜ਼ਾਰ ਜਾਣਾ ਪੈਂਦਾ ਸੀ। ਇੱਥੇ ਖ਼ਰੀਦਦਾਰੀ ਕਰਨ ਆਇਆ ਵਿਅਕਤੀ ਵਪਾਰੀਆਂ ਜਾਂ ਹੋਰ ਜਗ੍ਹਾ ਤੋਂ ਆਏ ਲੋਕਾਂ ਤੋਂ ਖ਼ਬਰਾਂ ਸੁਣ ਸਕਦਾ ਸੀ, ਬੱਚੇ ਖੇਡ ਸਕਦੇ ਸਨ, ਬੇਰੋਜ਼ਗਾਰ ਕੰਮ ਪਾਉਣ ਦੀ ਉਡੀਕ ਕਰ ਸਕਦੇ ਸਨ। ਬਜ਼ਾਰ ਵਿੱਚ ਯਿਸੂ ਨੇ ਬੀਮਾਰਾਂ ਨੂੰ ਠੀਕ ਕੀਤਾ ਅਤੇ ਬਾਅਦ ਵਿਚ ਪੌਲੁਸ ਨੇ ਪ੍ਰਚਾਰ ਕੀਤਾ ਸੀ। (ਰਸੂ 17:17) ਇਸ ਦੇ ਉਲਟ, ਘਮੰਡੀ ਗ੍ਰੰਥੀ ਅਤੇ ਫ਼ਰੀਸੀ ਜਨਤਕ ਥਾਵਾਂ ʼਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣਾ ਚਾਹੁੰਦੇ ਸਨ ਅਤੇ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਨੂੰ ਨਮਸਕਾਰ ਕਰਨ।
(ਮੱਤੀ 20:20, 21) ਫਿਰ ਜ਼ਬਦੀ ਦੇ ਪੁੱਤਰ ਆਪਣੀ ਮਾਂ ਨਾਲ ਆਏ ਅਤੇ ਯਿਸੂ ਨੂੰ ਨਮਸਕਾਰ ਕੀਤਾ। ਉਨ੍ਹਾਂ ਦੀ ਮਾਂ ਉਸ ਤੋਂ ਕੁਝ ਮੰਗਣ ਆਈ ਸੀ। 21 ਯਿਸੂ ਨੇ ਉਸ ਨੂੰ ਪੁੱਛਿਆ: “ਤੂੰ ਕੀ ਚਾਹੁੰਦੀ ਹੈਂ?” ਉਸ ਨੇ ਕਿਹਾ: “ਵਾਅਦਾ ਕਰ ਕਿ ਤੂੰ ਆਪਣੇ ਰਾਜ ਵਿਚ ਮੇਰੇ ਇਨ੍ਹਾਂ ਦੋਵਾਂ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ ਬਿਠਾਏਂਗਾ।”
nwtsty ਵਿੱਚੋਂ ਮੱਤੀ 20:20, 21 ਲਈ ਖ਼ਾਸ ਜਾਣਕਾਰੀ
ਜ਼ਬਦੀ ਦੇ ਪੁੱਤਰਾਂ ਦੀ ਮਾਂ: ਯਾਨੀ ਰਸੂਲ ਯਾਕੂਬ ਅਤੇ ਰਸੂਲ ਯੂਹੰਨਾ ਦੀ ਮਾਂ। ਮਰਕੁਸ ਵਿਚ ਦਰਜ ਬਿਰਤਾਂਤ ਮੁਤਾਬਕ ਯਾਕੂਬ ਅਤੇ ਯੂਹੰਨਾ ਯਿਸੂ ਕੋਲ ਆਏ ਸਨ। ਇਹ ਬੇਨਤੀ ਅਸਲ ਵਿਚ ਉਨ੍ਹਾਂ ਨੇ ਕੀਤੀ ਸੀ, ਪਰ ਆਪਣੀ ਮਾਂ ਸਲੋਮੀ ਦੇ ਜ਼ਰੀਏ ਜੋ ਸ਼ਾਇਦ ਯਿਸੂ ਦੀ ਮਾਸੀ ਸੀ।—ਮੱਤੀ 27:55, 56; ਮਰ 15:40, 41; ਯੂਹੰ 19:25.
ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ: ਇਹ ਦੋਵੇਂ ਥਾਵਾਂ ਆਦਰ ਅਤੇ ਅਧਿਕਾਰ ਨੂੰ ਦਰਸਾਉਂਦੀਆਂ ਹਨ। ਪਰ ਸਭ ਤੋਂ ਜ਼ਿਆਦਾ ਆਦਰ ਦੀ ਥਾਂ ਹਮੇਸ਼ਾ ਸੱਜੇ ਪਾਸੇ ਹੁੰਦੀ ਹੈ।—ਜ਼ਬੂ 110:1; ਰਸੂ 7:55, 56; ਰੋਮੀ 8:34.
(ਮੱਤੀ 20:25-28) “ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। 26 ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ, 27 ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਨੌਕਰ ਬਣੇ। 28 ਠੀਕ ਜਿਵੇਂ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।”
nwtsty ਵਿੱਚੋਂ ਮੱਤੀ 20:26, 28 ਲਈ ਖ਼ਾਸ ਜਾਣਕਾਰੀ
ਸੇਵਕ: ਜਾਂ “ਨੌਕਰ” ਬਾਈਬਲ ਵਿਚ ਯੂਨਾਨੀ ਸ਼ਬਦ di·aʹko·nosto ਅਕਸਰ ਉਸ ਇਨਸਾਨ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਜੋ ਨਿਮਰਤਾ ਦਿਖਾਉਂਦੇ ਹੋਏ ਦੂਜਿਆਂ ਦੀ ਸੇਵਾ ਕਰਨ ਲਈ ਅੱਗੇ ਆਉਂਦਾ ਹੈ। ਇਹ ਸ਼ਬਦ ਮਸੀਹ ਲਈ (ਰੋਮੀ 15:8) ਮਸੀਹ ਦੇ ਨੌਕਰਾਂ ਜਾਂ ਸੇਵਕਾਂ ਲਈ (1 ਕੁਰਿੰ 3:5-7; ਕੁਲੁ 1:23), ਸਹਾਇਕ ਸੇਵਕਾਂ ਲਈ (ਫ਼ਿਲਿ 1:1; 1 ਤਿਮੋ 3:8) ਅਤੇ ਘਰ ਵਿਚ ਕੰਮ ਕਰਨ ਵਾਲੇ ਨੌਕਰਾਂ ਲਈ (ਯੂਹੰ 2:5, 9) ਅਤੇ ਸਰਕਾਰੀ ਅਧਿਕਾਰੀਆਂ ਲਈ (ਰੋਮੀ 13:4) ਵਰਤਿਆ ਗਿਆ ਹੈ।
ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਆਇਆ
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 21:9) “ਉਸ ਦੇ ਅੱਗੇ-ਪਿੱਛੇ ਜਾ ਰਹੀ ਭੀੜ ਉੱਚੀ-ਉੱਚੀ ਕਹਿ ਰਹੀ ਸੀ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ ਦੇ ਨਾਂ ਉੱਤੇ ਆ ਰਿਹਾ ਹੈ! ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!”
nwtsty ਵਿੱਚੋਂ ਮੱਤੀ 21:9 ਲਈ ਖ਼ਾਸ ਜਾਣਕਾਰੀ
ਸਾਡੀ ਦੁਆ ਹੈ, ਮੁਕਤੀ ਬਖ਼ਸ਼: “Hosanna.” ਇਹ ਯੂਨਾਨੀ ਸ਼ਬਦ, ਇਬਰਾਨੀ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਸਾਡੀ ਦੁਆ ਹੈ, ਮੁਕਤੀ ਬਖ਼ਸ਼” ਜਾਂ “ਸਾਡੀ ਬੇਨਤੀ ਹੈ, ਮੁਕਤੀ ਬਖ਼ਸ਼।” ਇਹ ਸ਼ਬਦ ਇੱਥੇ ਪਰਮੇਸ਼ੁਰ ਅੱਗੇ ਮੁਕਤੀ ਜਾਂ ਜਿੱਤ ਲਈ ਕੀਤੀ ਬੇਨਤੀ ਲਈ ਵਰਤਿਆ ਗਿਆ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ “ਸਾਡੀ ਬੇਨਤੀ ਹੈ, ਮੁਕਤੀ ਬਖ਼ਸ਼।” ਸਮੇਂ ਦੇ ਬੀਤਣ ਨਾਲ ਇਹ ਸ਼ਬਦ ਪ੍ਰਾਰਥਨਾ ਅਤੇ ਵਡਿਆਈ ਕਰਨ ਲਈ ਵਰਤੇ ਜਾਣ ਲੱਗੇ। ਇਹ ਇਬਰਾਨੀ ਸ਼ਬਦ ਜ਼ਬੂਰ 118:25 ਵਿਚ ਪਾਏ ਜਾਂਦੇ ਹਨ, ਜੋ ਪਸਾਹ ਦੇ ਤਿਉਹਾਰ ਦੌਰਾਨ ਗਾਏ ਜਾਂਦੇ ਪਰਮੇਸ਼ੁਰ ਦੇ ਮਹਿਮਾ ਦੇ ਗੀਤਾਂ ਦਾ ਹਿੱਸਾ ਸਨ। ਇਸ ਕਰਕੇ, ਇਹ ਸ਼ਬਦ ਇਕਦਮ ਦਿਮਾਗ਼ ਵਿਚ ਆ ਜਾਂਦੇ ਸਨ। ਪਰਮੇਸ਼ੁਰ ਨੇ ਇਕ ਤਰੀਕੇ ਨਾਲ ਦਾਊਦ ਦੀ ਪ੍ਰਾਰਥਨਾ ਦਾ ਜਵਾਬ ਉਦੋਂ ਦਿੱਤਾ ਜਦੋਂ ਉਸ ਨੇ ਦਾਊਦ ਦੇ ਪੁੱਤਰ ਨੂੰ ਦੁਬਾਰਾ ਜੀਉਂਦਾ ਕੀਤਾ। ਮੱਤੀ 21:42 ਵਿਚ ਯਿਸੂ ਨੇ ਖ਼ੁਦ ਜ਼ਬੂਰ 118:22, 23 ਦਾ ਹਵਾਲਾ ਦਿੱਤਾ ਅਤੇ ਇਸ ਨੂੰ ਮਸੀਹ ʼਤੇ ਲਾਗੂ ਕੀਤਾ।
ਦਾਊਦ ਦਾ ਪੁੱਤਰ: ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਕਿਸ ਖ਼ਾਨਦਾਨ ਵਿੱਚੋਂ ਆਇਆ ਸੀ ਅਤੇ ਵਾਅਦਾ ਕੀਤੇ ਮਸੀਹ ਦੇ ਤੌਰ ਤੇ ਉਸ ਦੀ ਕੀ ਭੂਮਿਕਾ ਸੀ।
(ਮੱਤੀ 21:18, 19) ਸਵੇਰੇ-ਸਵੇਰੇ ਯਰੂਸ਼ਲਮ ਨੂੰ ਜਾਂਦੇ ਵੇਲੇ ਉਸ ਨੂੰ ਭੁੱਖ ਲੱਗੀ। 19 ਅਤੇ ਉਸ ਨੇ ਰਾਹ ਵਿਚ ਅੰਜੀਰ ਦਾ ਦਰਖ਼ਤ ਦੇਖਿਆ। ਉਸ ਨੇ ਕੋਲ ਜਾ ਕੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ, ਇਸ ਲਈ ਉਸ ਨੇ ਦਰਖ਼ਤ ਨੂੰ ਕਿਹਾ: “ਅੱਜ ਤੋਂ ਬਾਅਦ ਤੈਨੂੰ ਕਦੀ ਫਲ ਨਹੀਂ ਲੱਗੇਗਾ।” ਅਤੇ ਦਰਖ਼ਤ ਉਸੇ ਵੇਲੇ ਸੁੱਕ ਗਿਆ।
gt 105 ਪੈਰੇ 4-6
ਨਿਹਚਾ ਦਾ ਸਬਕ ਸਿਖਾਉਣ ਲਈ ਅੰਜੀਰ ਦੀ ਮਿਸਾਲ ਦਿੱਤੀ ਗਈ
ਪਰੰਤੂ ਯਿਸੂ ਨੇ ਦਰਖ਼ਤ ਨੂੰ ਨਸ਼ਟ ਕਿਉਂ ਕੀਤਾ? ਉਹ ਇਸ ਦਾ ਕਾਰਨ ਸੰਕੇਤ ਕਰਦਾ ਹੈ ਜਦੋਂ ਉਹ ਅੱਗੇ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਛ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ [ਜ਼ੈਤੂਨ ਦਾ ਪਹਾੜ ਜਿਸ ਉੱਤੇ ਉਹ ਖੜ੍ਹੇ ਹਨ] ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ। ਅਤੇ ਸਭ ਕੁਝ ਜੋ ਤੁਸੀਂ ਨਿਹਚਾ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ।”
ਇਸ ਲਈ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਆਪਣੇ ਚੇਲਿਆਂ ਲਈ ਪਰਮੇਸ਼ੁਰ ਵਿਚ ਨਿਹਚਾ ਰੱਖਣ ਦੀ ਉਨ੍ਹਾਂ ਦੀ ਲੋੜ ਉੱਤੇ ਇਕ ਸਿੱਖਿਆਦਾਇਕ ਉਦਾਹਰਣ ਪੇਸ਼ ਕਰ ਰਿਹਾ ਹੈ। ਜਿਵੇਂ ਕਿ ਉਹ ਬਿਆਨ ਕਰਦਾ ਹੈ: “ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ।” ਖ਼ਾਸ ਕਰ ਕੇ ਜਲਦੀ ਆਉਣ ਵਾਲੇ ਭਿਆਨਕ ਪਰਤਾਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਉਨ੍ਹਾਂ ਦੇ ਲਈ ਕਿੰਨਾ ਹੀ ਮਹੱਤਵਪੂਰਣ ਇਕ ਸਬਕ ਹੈ! ਫਿਰ ਵੀ, ਹੰਜੀਰ ਦੇ ਦਰਖ਼ਤ ਦੇ ਸੁੱਕਣ ਅਤੇ ਨਿਹਚਾ ਦੇ ਗੁਣ ਵਿਚ ਇਕ ਹੋਰ ਸੰਬੰਧ ਹੈ।
ਇਸ ਹੰਜੀਰ ਦੇ ਦਰਖ਼ਤ ਵਾਂਗ, ਇਸਰਾਏਲ ਕੌਮ ਦੀ ਇਕ ਧੋਖੇ ਭਰੀ ਦਿੱਖ ਹੈ। ਭਾਵੇਂ ਕਿ ਇਹ ਕੌਮ ਪਰਮੇਸ਼ੁਰ ਦੇ ਨਾਲ ਇਕ ਨੇਮ-ਬੱਧ ਸੰਬੰਧ ਵਿਚ ਹੈ ਅਤੇ ਸ਼ਾਇਦ ਬਾਹਰੀ ਤੌਰ ਤੇ ਉਸ ਦੇ ਨਿਯਮਾਂ ਨੂੰ ਮੰਨਦੀ ਹੋਈ ਪ੍ਰਗਟ ਹੋਵੇ, ਇਹ ਚੰਗੇ ਫਲ ਉਤਪੰਨ ਕਰਨ ਤੋਂ ਬਾਂਝ, ਬਿਨਾਂ ਨਿਹਚਾ ਦੇ ਸਾਬਤ ਹੋਈ ਹੈ। ਨਿਹਚਾ ਦੀ ਘਾਟ ਦੇ ਕਾਰਨ, ਇਹ ਪਰਮੇਸ਼ੁਰ ਦੇ ਆਪਣੇ ਪੁੱਤਰ ਨੂੰ ਵੀ ਰੱਦ ਕਰਨ ਦੀ ਪ੍ਰਕ੍ਰਿਆ ਵਿਚ ਹੈ! ਇਸ ਲਈ, ਹੰਜੀਰ ਦੇ ਅਣ-ਉਪਜਾਊ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਸਪੱਸ਼ਟ ਰੂਪ ਵਿਚ ਦਿਖਾ ਰਿਹਾ ਹੈ ਕਿ ਇਸ ਅਫਲ, ਅਵਿਸ਼ਵਾਸੀ ਕੌਮ ਦਾ ਅੰਤਿਮ ਨਤੀਜਾ ਕੀ ਹੋਵੇਗਾ।
ਬਾਈਬਲ ਪੜ੍ਹਾਈ
(ਮੱਤੀ 20:1-19) “ਸਵਰਗ ਦਾ ਰਾਜ ਇਕ ਆਦਮੀ ਵਰਗਾ ਹੈ ਜਿਸ ਕੋਲ ਅੰਗੂਰਾਂ ਦਾ ਬਾਗ਼ ਹੈ ਅਤੇ ਉਹ ਸਵੇਰੇ-ਸਵੇਰੇ ਉੱਠ ਕੇ ਆਪਣੇ ਬਾਗ਼ ਵਿਚ ਕੰਮ ਕਰਨ ਵਾਸਤੇ ਮਜ਼ਦੂਰਾਂ ਨੂੰ ਲੈਣ ਗਿਆ। 2 ਮਜ਼ਦੂਰਾਂ ਨਾਲ ਇਕ-ਇਕ ਦੀਨਾਰ ਮਜ਼ਦੂਰੀ ਤੈਅ ਕੀਤੀ ਅਤੇ ਫਿਰ ਉਨ੍ਹਾਂ ਨੂੰ ਆਪਣੇ ਬਾਗ਼ ਵਿਚ ਕੰਮ ਕਰਨ ਲਈ ਘੱਲ ਦਿੱਤਾ। 3 ਫਿਰ ਜਦ ਉਹ ਸਵੇਰੇ ਨੌਂ ਕੁ ਵਜੇ ਬਾਹਰ ਗਿਆ, ਤਾਂ ਉਸ ਨੇ ਬਾਜ਼ਾਰ ਵਿਚ ਕਈਆਂ ਨੂੰ ਵਿਹਲੇ ਖੜ੍ਹੇ ਦੇਖਿਆ, 4 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ ਅਤੇ ਜੋ ਮਜ਼ਦੂਰੀ ਬਣਦੀ ਹੈ, ਮੈਂ ਤੁਹਾਨੂੰ ਦਿਆਂਗਾ।’ 5 ਅਤੇ ਉਹ ਵੀ ਕੰਮ ਕਰਨ ਚਲੇ ਗਏ। ਫਿਰ ਉਸ ਨੇ ਦੁਪਹਿਰ ਦੇ ਬਾਰਾਂ ਕੁ ਵਜੇ ਤੇ ਤਿੰਨ ਕੁ ਵਜੇ ਵੀ ਇਸੇ ਤਰ੍ਹਾਂ ਕੀਤਾ। 6 ਅਖ਼ੀਰ ਵਿਚ, ਉਸ ਨੇ ਸ਼ਾਮ ਦੇ ਪੰਜ ਕੁ ਵਜੇ ਬਾਹਰ ਜਾ ਕੇ ਹੋਰ ਕਈਆਂ ਨੂੰ ਖੜ੍ਹੇ ਦੇਖਿਆ ਤੇ ਪੁੱਛਿਆ, ‘ਤੁਸੀਂ ਇੱਥੇ ਸਾਰਾ ਦਿਨ ਕਿਉਂ ਵਿਹਲੇ ਖੜ੍ਹੇ ਰਹੇ?’ 7 ਉਨ੍ਹਾਂ ਨੇ ਕਿਹਾ, ‘ਕਿਉਂਕਿ ਸਾਨੂੰ ਕਿਸੇ ਨੇ ਕੰਮ ʼਤੇ ਨਹੀਂ ਲਾਇਆ।’ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ।’ 8 “ਜਦ ਸ਼ਾਮ ਹੋਈ, ਤਾਂ ਮਾਲਕ ਨੇ ਬਾਗ਼ ਦੀ ਦੇਖ-ਰੇਖ ਕਰਨ ਵਾਲੇ ਨੂੰ ਕਿਹਾ, ‘ਸਾਰੇ ਮਜ਼ਦੂਰਾਂ ਨੂੰ ਬੁਲਾ ਅਤੇ ਜਿਹੜੇ ਅਖ਼ੀਰ ਵਿਚ ਕੰਮ ʼਤੇ ਆਏ ਸਨ, ਉਨ੍ਹਾਂ ਤੋਂ ਮਜ਼ਦੂਰੀ ਦੇਣੀ ਸ਼ੁਰੂ ਕਰ।’ 9 ਜਿਨ੍ਹਾਂ ਨੇ ਪੰਜ ਕੁ ਵਜੇ ਤੋਂ ਕੰਮ ਕੀਤਾ ਸੀ, ਉਨ੍ਹਾਂ ਸਾਰਿਆਂ ਨੂੰ ਇਕ-ਇਕ ਦੀਨਾਰ ਮਜ਼ਦੂਰੀ ਮਿਲੀ। 10 ਇਸ ਲਈ, ਜਦ ਸਾਰਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਵਾਲਿਆਂ ਦੀ ਵਾਰੀ ਆਈ, ਤਾਂ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਜ਼ਿਆਦਾ ਮਜ਼ਦੂਰੀ ਮਿਲੇਗੀ, ਪਰ ਉਨ੍ਹਾਂ ਨੂੰ ਵੀ ਇਕ-ਇਕ ਦੀਨਾਰ ਹੀ ਮਿਲਿਆ। 11 ਮਜ਼ਦੂਰੀ ਮਿਲਣ ਤੇ ਉਹ ਮਾਲਕ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। 12 ਉਨ੍ਹਾਂ ਨੇ ਕਿਹਾ, ‘ਇਹ ਜਿਹੜੇ ਬਾਅਦ ਵਿਚ ਆਏ ਸਨ, ਇਨ੍ਹਾਂ ਨੇ ਇੱਕੋ ਘੰਟਾ ਕੰਮ ਕੀਤਾ, ਜਦ ਕਿ ਅਸੀਂ ਸਾਰਾ ਦਿਨ ਧੁੱਪੇ ਟੁੱਟ-ਟੁੱਟ ਕੇ ਕੰਮ ਕੀਤਾ, ਫਿਰ ਵੀ ਤੂੰ ਉਨ੍ਹਾਂ ਨੂੰ ਸਾਡੇ ਜਿੰਨੇ ਪੈਸੇ ਦਿੱਤੇ!’ 13 ਪਰ ਉਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਕਿਹਾ, ‘ਭਰਾਵਾ, ਮੈਂ ਤੇਰੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ। ਕੀ ਤੂੰ ਇਕ ਦੀਨਾਰ ਮਜ਼ਦੂਰੀ ਲਈ ਨਹੀਂ ਮੰਨਿਆ ਸੀ? 14 ਆਪਣੇ ਪੈਸੇ ਲੈ ਤੇ ਜਾਹ। ਜਿਨ੍ਹਾਂ ਨੇ ਇਕ ਘੰਟਾ ਕੰਮ ਕੀਤਾ, ਮੈਂ ਉਨ੍ਹਾਂ ਨੂੰ ਵੀ ਤੇਰੇ ਜਿੰਨੀ ਮਜ਼ਦੂਰੀ ਦੇਣੀ ਚਾਹੁੰਦਾ ਹਾਂ। 15 ਕੀ ਮੇਰਾ ਹੱਕ ਨਹੀਂ ਬਣਦਾ ਕਿ ਮੈਂ ਆਪਣੇ ਪੈਸੇ ਨਾਲ ਜੋ ਜੀਅ ਚਾਹੇ ਕਰਾਂ? ਕੀ ਤੈਨੂੰ ਇਸ ਗੱਲ ਦਾ ਸਾੜਾ ਹੈ ਕਿ ਮੈਂ ਇਨ੍ਹਾਂ ਦਾ ਭਲਾ ਕੀਤਾ?’ 16 ਇਸ ਤਰ੍ਹਾਂ, ਜਿਹੜੇ ਪਿੱਛੇ ਹਨ ਉਹ ਅੱਗੇ ਹੋ ਜਾਣਗੇ, ਅਤੇ ਜਿਹੜੇ ਅੱਗੇ ਹਨ ਉਹ ਪਿੱਛੇ ਹੋ ਜਾਣਗੇ।” 17 ਜਦ ਉਹ ਯਰੂਸ਼ਲਮ ਨੂੰ ਜਾ ਰਹੇ ਸਨ, ਤਾਂ ਰਾਹ ਵਿਚ ਯਿਸੂ ਨੇ ਆਪਣੇ ਬਾਰਾਂ ਚੇਲਿਆਂ ਨੂੰ ਇਕ ਪਾਸੇ ਲੈ ਜਾ ਕੇ ਦੱਸਿਆ: 18 “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦੇ ਪੁੱਤਰ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਸੁਣਾਉਣਗੇ। 19 ਫਿਰ ਉਹ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ, ਅਤੇ ਲੋਕ ਉਸ ਦਾ ਮਜ਼ਾਕ ਉਡਾਉਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਸੂਲ਼ੀ ਉੱਤੇ ਟੰਗ ਦੇਣਗੇ, ਪਰ ਉਸ ਨੂੰ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਕੀਤਾ ਜਾਵੇਗਾ।”
12-18 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 22-23
“ਦੋ ਸਭ ਤੋਂ ਵੱਡੇ ਹੁਕਮਾਂ ਨੂੰ ਮੰਨੋ”
(ਮੱਤੀ 22:36-38) “ਗੁਰੂ ਜੀ, ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?” 37 ਯਿਸੂ ਨੇ ਉਸ ਨੂੰ ਦੱਸਿਆ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ 38 ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ।
nwtsty ਵਿੱਚੋਂ ਮੱਤੀ 22:37 ਲਈ ਖ਼ਾਸ ਜਾਣਕਾਰੀ
ਦਿਲ: ਜਦੋਂ ਇਹ ਸ਼ਬਦ ਮਿਸਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ, ਤਾਂ ਇਹ ਆਮ ਤੌਰ ਤੇ ਇਨਸਾਨ ਦੀ ਅੰਦਰਲੀ ਸ਼ਖਸੀਅਤ ਨੂੰ ਦਰਸਾਉਂਦਾ ਹੈ। ਜਦੋਂ ਇਸ ਸ਼ਬਦ ਦਾ ਜ਼ਿਕਰ “ਜਾਨ” ਅਤੇ “ਸਮਝ” ਸ਼ਬਦਾਂ ਨਾਲ ਕੀਤਾ ਜਾਂਦਾ ਹੈ, ਤਾਂ ਇਹ ਖਾਸ ਤੌਰ ਤੇ ਇਕ ਇਨਸਾਨ ਦੇ ਜਜ਼ਬਾਤਾਂ, ਇੱਛਾਵਾਂ ਅਤੇ ਭਾਵਨਾਵਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਤਿੰਨਾਂ ਸ਼ਬਦਾਂ (ਦਿਲ, ਜਾਨ ਅਤੇ ਸਮਝ) ਦਾ ਮਤਲਬ ਅਲੱਗ-ਅਲੱਗ ਨਹੀਂ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਨੂੰ ਇਕੱਠੇ ਵਰਤਿਆ ਜਾਣਾ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਨੂੰ ਪਿਆਰ ਕਰਨਾ ਕਿੰਨਾ ਜ਼ਰੂਰੀ ਹੈ।
ਜਾਨ: ਜਾਂ “ਪੂਰੀ ਜਾਨ।”
ਸਮਝ: ਇਸ ਦਾ ਮਤਲਬ ਹੈ ਸੋਚਣ-ਸਮਝਣ ਦੀ ਯੋਗਤਾ। ਪਰਮੇਸ਼ੁਰ ਨੂੰ ਜਾਨਣ ਅਤੇ ਉਸ ਲਈ ਆਪਣਾ ਪਿਆਰ ਵਧਾਉਣ ਲਈ ਇਕ ਇਨਸਾਨ ਲਈ ਸੋਚਣ-ਸਮਝਣ ਦੀ ਕਾਬਲੀਅਤ ਵਰਤਣੀ ਜ਼ਰੂਰੀ ਹੈ। (ਯੂਹੰ 17:3; ਰੋਮੀ 12:1) ਇਬਰਾਨੀ ਮੂਲ ਲਿਖਤਾਂ ਵਿਚ ਬਿਵ 6:5 ਲਈ ਤਿੰਨ ਸ਼ਬਦ ਵਰਤੇ ਗਏ ਹਨ: ‘ਮਨ, ਜਾਨ ਅਤੇ ਜ਼ੋਰ।’ ਪਰ ਮੱਤੀ ਦੀ ਕਿਤਾਬ ਵਿਚ ਯੂਨਾਨੀ ਵਿਚ “ਜ਼ੋਰ” ਸ਼ਬਦ ਦੀ ਜਗ੍ਹਾ “ਸਮਝ” ਸ਼ਬਦ ਵਰਤਿਆ ਗਿਆ ਹੈ। ਵੱਖਰੇ ਸ਼ਬਦ ਇਸਤੇਮਾਲ ਕਰਨ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲਾ, ਪੁਰਾਣੀ ਇਬਰਾਨੀ ਭਾਸ਼ਾ ਵਿਚ “ਸਮਝ” ਲਈ ਕੋਈ ਖ਼ਾਸ ਸ਼ਬਦ ਨਹੀਂ ਸੀ। ਇਸ ਲਈ ਇਬਰਾਨੀ ਵਿਚ “ਦਿਲ” ਸ਼ਬਦ ਵਰਤਿਆ ਜਾਂਦਾ ਸੀ ਜਿਸ ਵਿਚ “ਸਮਝ” ਦਾ ਭਾਵ ਸ਼ਾਮਲ ਹੈ। “ਦਿਲ” ਸ਼ਬਦ ਇਨਸਾਨ ਦੀ ਅੰਦਰਲੀ ਸਖਸ਼ੀਅਤ, ਉਸ ਦੀ ਸੋਚ, ਭਾਵਨਾਵਾਂ, ਰਵੱਈਏ ਅਤੇ ਇਰਾਦਿਆਂ ਨੂੰ ਦਰਸਾਉਂਦਾ ਹੈ। (ਬਿਵ 29:4; ਜ਼ਬੂ 26:2; 64:6; ਇਸ ਆਇਤ ਵਿਚ ਦਿਲ ਸ਼ਬਦ ਲਈ ਸਟੱਡੀ ਨੋਟ ਦੇਖੋ।) ਇਸ ਲਈ ਇਬਰਾਨੀ ਭਾਸ਼ਾ ਵਿਚ ਜਿੱਥੇ “ਦਿਲ” ਸ਼ਬਦ ਆਉਂਦਾ ਹੈ, ਉੱਥੇ ਯੂਨਾਨੀ ਸੈਪਟੁਜਿੰਟ ਵਿਚ ਅਕਸਰ “ਸਮਝ” ਲਈ ਵਰਤਿਆ ਜਾਣ ਵਾਲਾ ਯੂਨਾਨੀ ਸ਼ਬਦ ਪਾਇਆ ਜਾਂਦਾ ਹੈ। (ਉਤ 8:21; 17:17; ਕਹਾ 2:10; ਯਸਾ 14:13) ਮੱਤੀ ਨੇ ਬਿਵ 6:5 ਦਾ ਹਵਾਲਾ ਦਿੰਦੇ ਹੋਏ “ਜ਼ੋਰ” ਸ਼ਬਦ ਦੀ ਬਜਾਇ “ਸਮਝ” ਸ਼ਬਦ ਕਿਉਂ ਵਰਤਿਆ, ਇਸ ਦਾ ਇਕ ਹੋਰ ਕਾਰਨ ਵੀ ਹੋ ਸਕਦਾ। ਜਿਸ ਇਬਰਾਨੀ ਸ਼ਬਦ ਦਾ ਮਤਲਬ “ਜ਼ੋਰ [ਜਾਂ, ‘ਸਾਰਾ ਜ਼ੋਰ,’ ਫੁਟਨੋਟ]” ਹੈ, ਉਹ ਸਰੀਰਕ ਤਾਕਤ ਦੇ ਨਾਲ-ਨਾਲ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵੀ ਦਰਸਾ ਸਕਦਾ ਹੈ। ਚਾਹੇ ਕਾਰਨ ਜੋ ਵੀ ਸੀ, ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦੇ ਮਿਲਦੇ-ਜੁਲਦੇ ਭਾਵਾਂ ਕਰਕੇ ਇੰਜੀਲ ਦੇ ਲਿਖਾਰੀਆਂ ਨੇ ਬਿਵਸਥਾ ਸਾਰ ਦਾ ਹਵਾਲਾ ਦਿੰਦੇ ਹੋਏ ਇੱਕੋ ਜਿਹੇ ਸ਼ਬਦ ਨਹੀਂ ਇਸਤੇਮਾਲ ਕੀਤੇ।
(ਮੱਤੀ 22:39) ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’
nwtsty ਵਿੱਚੋਂ ਮੱਤੀ 22:39 ਲਈ ਖ਼ਾਸ ਜਾਣਕਾਰੀ
ਦੂਸਰਾ: ਮੱਤੀ 22:37 ਵਿਚ ਯਿਸੂ ਵੱਲੋਂ ਫ਼ਰੀਸੀ ਨੂੰ ਦਿੱਤਾ ਸਿੱਧਾ ਜਵਾਬ ਦਰਜ ਹੈ। ਪਰ ਯਿਸੂ ਨੇ ਪੁੱਛੇ ਗਏ ਸਵਾਲ ਦੇ ਜਵਾਬ ਤੋਂ ਇਲਾਵਾ ਦੂਸਰਾ ਹੁਕਮ ਵੀ ਦੱਸਿਆ। (ਲੇਵੀ 19:18) ਇਸ ਤਰ੍ਹਾਂ ਕਰ ਕੇ ਯਿਸੂ ਨੇ ਸਿਖਾਇਆ ਕਿ ਦੋਵੇਂ ਹੁਕਮ ਇਕ ਦੂਸਰੇ ਨਾਲ ਜੁੜੇ ਹੋਏ ਹਨ ਅਤੇ ਮੂਸਾ ਦੇ ਸਾਰੇ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਦਾ ਨਿਚੋੜ ਹਨ।—ਮੱਤੀ 22:40.
ਗੁਆਂਢੀ: “ਗੁਆਂਢੀ” (ਯਾਨੀ “ਨੇੜਲਾ”) ਲਈ ਵਰਤਿਆ ਗਿਆ ਯੂਨਾਨੀ ਸ਼ਬਦ ਨੇੜੇ ਰਹਿਣ ਵਾਲਿਆਂ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਦਰਸਾਉਂਦਾ ਹੈ। ਇਹ ਸ਼ਬਦ ਹਰ ਉਸ ਇਨਸਾਨ ਨੂੰ ਦਰਸਾ ਸਕਦਾ ਹੈ, ਜਿਸ ਨਾਲ ਇਕ ਵਿਅਕਤੀ ਮਿਲਦਾ ਹੈ।—ਲੂਕਾ 10:29-37; ਰੋਮੀ 13:8-10.
(ਮੱਤੀ 22:40) ਇਨ੍ਹਾਂ ਦੋਵਾਂ ਹੁਕਮਾਂ ਉੱਤੇ ਮੂਸਾ ਦਾ ਸਾਰਾ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਆਧਾਰਿਤ ਹਨ।”
nwtsty ਵਿੱਚੋਂ ਮੱਤੀ 22:40 ਲਈ ਖ਼ਾਸ ਜਾਣਕਾਰੀ
ਮੂਸਾ ਦਾ ਸਾਰਾ ਕਾਨੂੰਨ . . . ਨਬੀਆਂ ਦੀਆਂ ਸਿੱਖਿਆਵਾਂ: “ਮੂਸਾ ਦਾ ਸਾਰਾ ਕਾਨੂੰਨ” ਬਾਈਬਲ ਦੀਆਂ ਉਤਪਤ ਤੋਂ ਬਿਵਸਥਾ ਸਾਰ ਤਕ ਦੀ ਕਿਤਾਬਾਂ ਵਿਚ ਪਾਇਆ ਜਾਂਦਾ ਹੈ। “ਨਬੀਆਂ ਦੀਆਂ ਸਿੱਖਿਆਵਾਂ” ਇਬਰਾਨੀ ਲਿਖਤਾਂ ਦੀ ਭਵਿੱਖਬਾਣੀ ਦੀ ਕਿਤਾਬਾਂ ਵਿਚ ਪਾਇਆ ਜਾਂਦਾ ਹੈ। ਜਦੋਂ ਇਨ੍ਹਾਂ ਸ਼ਬਦਾਂ ਨੂੰ ਇਕੱਠੇ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਹ ਪੂਰੇ ਇਬਰਾਨੀ ਸ਼ਾਸਤਰ ਨੂੰ ਦਰਸਾਉਂਦਾ ਹੈ।—ਮੱਤੀ 7:12; 22:40; ਲੂਕਾ 16:16.
ਆਧਾਰਿਤ: ਇੱਥੇ ਯੂਨਾਨੀ ਕਿਰਿਆ ਦਾ ਸ਼ਾਬਦਿਕ ਮਤਲਬ ਹੈ, “ਕਿਸੇ ʼਤੇ ਟੰਗਿਆ।” ਪਰ ਇੱਥੇ ਇਸ ਕਿਰਿਆ ਦਾ ਮਤਲਬ ਹੈ, “ਕਿਸੇ ਉੱਤੇ ਆਧਾਰਿਤ ਹੋਣਾ; ਟਿਕਿਆ ਹੋਣਾ।” ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਸਿਰਫ਼ ਮੂਸਾ ਦੁਆਰਾ ਦਿੱਤੇ ਦਸ ਹੁਕਮ ਹੀ ਨਹੀਂ, ਸਗੋਂ ਪੂਰਾ ਇਬਰਾਨੀ ਸ਼ਾਸਤਰ ਪਿਆਰ ʼਤੇ ਆਧਾਰਿਤ ਹੈ।—ਰੋਮੀ 13:9.
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 22:21) “ਉਨ੍ਹਾਂ ਨੇ ਕਿਹਾ: “ਰਾਜੇ ਦੀ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ, ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”
nwtsty ਵਿੱਚੋਂ ਮੱਤੀ 22:21 ਲਈ ਖ਼ਾਸ ਜਾਣਕਾਰੀ
“ਰਾਜੇ ਦੀਆਂ ਚੀਜ਼ਾ ਰਾਜੇ ਨੂੰ”: ਯਿਸੂ ਨੇ ਮੱਤੀ 22:21, ਮਰ 12:17 ਅਤੇ ਲੂਕਾ 20:25 ਵਿਚ ਹੀ ਰੋਮੀ ਰਾਜੇ ਦਾ ਜ਼ਿਕਰ ਕੀਤਾ ਸੀ। “ਰਾਜੇ ਦੀਆਂ ਚੀਜ਼ਾਂ” ਵਿਚ ਸਰਕਾਰ ਵੱਲੋਂ ਦਿੱਤੀਆਂ ਸੇਵਾਵਾਂ ਦਾ ਭੁਗਤਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਦਰ ਦੇਣਾ ਅਤੇ ਉਨ੍ਹਾਂ ਮਾਮਿਲਆਂ ਵਿਚ ਉਨ੍ਹਾਂ ਦੇ ਅਧੀਨ ਰਹਿਣਾ ਸ਼ਾਮਲ ਹੈ, ਜਿਨ੍ਹਾਂ ਵਿਚ ਪਰਮੇਸ਼ੁਰ ਦੀ ਆਗਿਆ ਨਾ ਟੁੱਟੇ।—ਰੋਮੀ 13:1-7.
ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ: ਇਸ ਵਿਚ ਇਕ ਵਿਅਕਤੀ ਦੀ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਕੀਤੀ ਭਗਤੀ, ਪੂਰੀ ਤਰ੍ਹਾਂ ਆਗਿਆਕਾਰ ਹੋਣਾ ਅਤੇ ਵਫ਼ਾਦਾਰ ਰਹਿਣਾ ਸ਼ਾਮਲ ਹੈ।—ਮੱਤੀ 4:10; 22:37, 38; ਰਸੂ 5:29; ਰੋਮੀ 14:8.
(ਮੱਤੀ 23:24) ਅੰਨ੍ਹੇ ਆਗੂਓ, ਤੁਸੀਂ ਮੱਛਰ ਨੂੰ ਤਾਂ ਪੁਣ ਕੇ ਕੱਢ ਦਿੰਦੇ ਹੋ, ਪਰ ਊਠ ਨੂੰ ਨਿਗਲ਼ ਜਾਂਦੇ ਹੋ!
nwtsty ਵਿੱਚੋਂ ਮੱਤੀ 23:24 ਲਈ ਖ਼ਾਸ ਜਾਣਕਾਰੀ
ਮੱਛਰ ਨੂੰ ਤਾਂ ਪੁਣ ਕੇ ਕੱਢ ਦਿੰਦੇ ਹੋ, ਪਰ ਊਠ ਨੂੰ ਨਿਗਲ਼ ਜਾਂਦੇ ਹੋ: ਇਜ਼ਰਾਈਲੀਆਂ ਲਈ ਮੱਛਰ ਸਭ ਤੋਂ ਛੋਟੇ ਅਸ਼ੁੱਧ ਜੀਵਾਂ ਵਿੱਚੋਂ ਅਤੇ ਊਠ ਸਭ ਤੋਂ ਵੱਡੇ ਜੀਵਾਂ ਵਿਚੋਂ ਸਨ। (ਲੇਵੀ 11:4, 21-24) ਯਿਸੂ ਇਸ ਮਿਸਾਲ ਦਾ ਇਸਤੇਮਾਲ ਕਰ ਕੇ ਧਾਰਮਿਕ ਆਗੂਆਂ ਦੀ ਨਿੰਦਾ ਕਰਦਾ ਹੋਇਆ ਇਹ ਕਹਿ ਰਿਹਾ ਸੀ ਕਿ ਉਹ ਆਪਣੀਆਂ ਪੀਣ ਵਾਲੀਆਂ ਚੀਜ਼ਾਂ ਨੂੰ ਤਾਂ ਪੁਣਦੇ ਹਨ ਤਾਂਕਿ ਉਹ ਮੱਛਰ ਦੁਆਰਾ ਅਸ਼ੁੱਧ ਨਾ ਹੋ ਜਾਣ, ਪਰ ਉਹ ਕਾਨੂੰਨ ਦੇ ਵੱਡੇ ਮਾਮਲਿਆਂ ਦਾ ਪੂਰੀ ਤਰ੍ਹਾਂ ਅਨਾਦਰ ਕਰਦੇ ਹਨ ਜੋ ਕਿ ਊਠ ਨੂੰ ਨਿਗਲਣ ਦੇ ਬਰਾਬਰ ਹੈ।
ਬਾਈਬਲ ਪੜ੍ਹਾਈ
(ਮੱਤੀ 22:1-22) ਯਿਸੂ ਨੇ ਜਵਾਬ ਦਿੰਦਿਆਂ ਉਨ੍ਹਾਂ ਨੂੰ ਹੋਰ ਮਿਸਾਲਾਂ ਦਿੱਤੀਆਂ। ਉਸ ਨੇ ਕਿਹਾ: 2 “ਸਵਰਗ ਦਾ ਰਾਜ ਇਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਿੱਤੀ। 3 ਉਸ ਨੇ ਦਾਅਵਤ ਵਿਚ ਸੱਦੇ ਲੋਕਾਂ ਨੂੰ ਬੁਲਾਉਣ ਲਈ ਆਪਣੇ ਨੌਕਰਾਂ ਨੂੰ ਘੱਲਿਆ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ। 4 ਉਸ ਨੇ ਇਹ ਕਹਿ ਕੇ ਹੋਰ ਨੌਕਰ ਘੱਲੇ, ‘ਉਨ੍ਹਾਂ ਨੂੰ ਕਹਿਓ: “ਦੇਖੋ! ਮੈਂ ਖਾਣਾ ਤਿਆਰ ਕਰਾ ਲਿਆ ਹੈ, ਮੈਂ ਆਪਣੇ ਬਲਦ ਅਤੇ ਪਲ਼ੇ ਹੋਏ ਜਾਨਵਰ ਵੱਢ ਲਏ ਹਨ ਅਤੇ ਸਾਰਾ ਕੁਝ ਤਿਆਰ ਹੈ। ਇਸ ਲਈ ਵਿਆਹ ਦੀ ਦਾਅਵਤ ਵਿਚ ਆ ਜਾਓ।”’ 5 ਪਰ ਉਨ੍ਹਾਂ ਨੇ ਕੋਈ ਪਰਵਾਹ ਨਾ ਕੀਤੀ, ਸਗੋਂ ਇਕ ਜਣਾ ਆਪਣੇ ਖੇਤਾਂ ਨੂੰ ਚਲਾ ਗਿਆ, ਦੂਜਾ ਆਪਣਾ ਵਪਾਰ ਕਰਨ ਚਲਾ ਗਿਆ 6 ਤੇ ਬਾਕੀਆਂ ਨੇ ਨੌਕਰਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ। 7 “ਇਸ ਕਰਕੇ, ਰਾਜੇ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਨੇ ਆਪਣੀ ਫ਼ੌਜ ਘੱਲ ਕੇ ਉਨ੍ਹਾਂ ਕਾਤਲਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਅੱਗ ਲਾ ਦਿੱਤੀ। 8 ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਵਿਆਹ ਦੀ ਦਾਅਵਤ ਤਾਂ ਤਿਆਰ ਹੈ, ਪਰ ਜਿਹੜੇ ਸੱਦੇ ਗਏ ਸਨ, ਉਹ ਦਾਅਵਤ ਦੇ ਲਾਇਕ ਨਹੀਂ ਸਨ। 9 ਇਸ ਲਈ ਤੁਸੀਂ ਸ਼ਹਿਰੋਂ ਬਾਹਰ ਜਾਂਦੇ ਰਸਤਿਆਂ ਵਿਚ ਜਾਓ ਅਤੇ ਉੱਥੇ ਜਿਹੜਾ ਵੀ ਤੁਹਾਨੂੰ ਮਿਲੇ, ਉਸ ਨੂੰ ਦਾਅਵਤ ਲਈ ਸੱਦ ਲਿਆਓ।’ 10 ਨੌਕਰ ਰਾਹਾਂ ਵਿਚ ਗਏ ਅਤੇ ਉਨ੍ਹਾਂ ਨੂੰ ਚੰਗੇ-ਮਾੜੇ ਜੋ ਵੀ ਲੋਕ ਮਿਲੇ, ਉਹ ਉਨ੍ਹਾਂ ਸਾਰਿਆਂ ਨੂੰ ਲੈ ਆਏ ਅਤੇ ਵਿਆਹ ਦੀ ਦਾਅਵਤ ਵਾਲਾ ਕਮਰਾ ਮਹਿਮਾਨਾਂ ਨਾਲ ਭਰ ਗਿਆ। 11 “ਜਦੋਂ ਰਾਜਾ ਮਹਿਮਾਨਾਂ ਦੀ ਜਾਂਚ ਕਰਨ ਅੰਦਰ ਆਇਆ, ਤਾਂ ਉਸ ਨੇ ਇਕ ਆਦਮੀ ਨੂੰ ਦੇਖਿਆ ਜਿਸ ਨੇ ਦਾਅਵਤ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। 12 ਇਸ ਲਈ ਰਾਜੇ ਨੇ ਉਸ ਨੂੰ ਕਿਹਾ: ‘ਓ ਭਾਈ, ਤੂੰ ਦਾਅਵਤ ਵਾਲੇ ਕੱਪੜੇ ਪਾਏ ਬਿਨਾਂ ਅੰਦਰ ਕਿੱਦਾਂ ਆ ਗਿਆ?’ ਉਸ ਆਦਮੀ ਨੂੰ ਕੋਈ ਜਵਾਬ ਨਾ ਸੁੱਝਿਆ। 13 ਫਿਰ ਰਾਜੇ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਬਾਹਰ ਹਨੇਰੇ ਵਿਚ ਸੁੱਟ ਦਿਓ ਜਿੱਥੇ ਇਹ ਆਪਣੀ ਮਾੜੀ ਹਾਲਤ ʼਤੇ ਰੋਵੇ-ਪਿੱਟੇਗਾ।’ 14 “ਸੱਦਿਆ ਤਾਂ ਬਹੁਤ ਲੋਕਾਂ ਨੂੰ ਸੀ, ਪਰ ਚੁਣਿਆ ਥੋੜ੍ਹਿਆਂ ਨੂੰ ਹੀ।” 15 ਫਿਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਲਾਹ ਕੀਤੀ ਕਿ ਯਿਸੂ ਨੂੰ ਉਸ ਦੀਆਂ ਗੱਲਾਂ ਵਿਚ ਕਿਵੇਂ ਫਸਾਇਆ ਜਾਵੇ। 16 ਇਸ ਲਈ ਉਨ੍ਹਾਂ ਨੇ ਯਿਸੂ ਨੂੰ ਇਹ ਪੁੱਛਣ ਲਈ ਆਪਣੇ ਚੇਲਿਆਂ ਅਤੇ ਹੇਰੋਦੀਆਂ ਨੂੰ ਘੱਲਿਆ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਪਰਮੇਸ਼ੁਰ ਦੇ ਰਾਹ ਦੀ ਹੀ ਸਿੱਖਿਆ ਦਿੰਦਾ ਹੈਂ ਤੇ ਤੈਨੂੰ ਇਹ ਫ਼ਿਕਰ ਨਹੀਂ ਕਿ ਲੋਕ ਤੇਰੇ ਬਾਰੇ ਕੀ ਸੋਚਦੇ ਹਨ ਤੇ ਨਾ ਹੀ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਦੇਖਦਾ ਹੈਂ। 17 ਇਸ ਲਈ ਸਾਨੂੰ ਇਸ ਬਾਰੇ ਆਪਣੀ ਰਾਇ ਦੱਸ: ਕੀ ਰਾਜੇ ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ?” 18 ਯਿਸੂ ਜਾਣਦਾ ਸੀ ਕਿ ਉਨ੍ਹਾਂ ਦੇ ਮਨਾਂ ਵਿਚ ਖੋਟ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਓਏ ਮੱਕਾਰੋ, ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? 19 ਮੈਨੂੰ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਭਰਨ ਲਈ ਦਿੰਦੇ ਹੋ।” ਉਨ੍ਹਾਂ ਨੇ ਉਸ ਨੂੰ ਇਕ ਦੀਨਾਰ ਦਿੱਤਾ। 20 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਇਸ ਸਿੱਕੇ ਉੱਤੇ ਕਿਸ ਦੀ ਸ਼ਕਲ ਅਤੇ ਕਿਹਦੇ ਨਾਂ ਦੀ ਛਾਪ ਹੈ?” 21 ਉਨ੍ਹਾਂ ਨੇ ਕਿਹਾ: “ਰਾਜੇ ਦੀ।” ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ, ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” 22 ਜਦੋਂ ਉਨ੍ਹਾਂ ਨੇ ਇਹ ਗੱਲ ਸੁਣੀ, ਤਾਂ ਉਹ ਹੈਰਾਨ ਰਹਿ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ।
19-25 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 24
“ਇਨ੍ਹਾਂ ਆਖ਼ਰੀ ਦਿਨਾਂ ਵਿਚ ਜਾਗਦੇ ਰਹੋ”
(ਮੱਤੀ 24:12) ਅਤੇ ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।
it-2 279 ਪੈਰਾ 6
ਪਿਆਰ
ਪਿਆਰ ਠੰਢਾ ਪੈ ਜਾਵੇਗਾ: ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਦਾ ਪਿਆਰ (ਅਗਾਪੇ) ਠੰਢਾ ਪੈ ਜਾਵੇਗਾ। ਪੌਲੁਸ ਰਸੂਲ ਨੇ ਮੁਸੀਬਤਾਂ ਨਾਲ ਭਰੇ ਸਮੇਂ ਬਾਰੇ ਦੱਸਦੇ ਹੋਏ ਕਿਹਾ ਕਿ ਲੋਕ “ਪੈਸੇ ਦੇ ਪ੍ਰੇਮੀ” ਹੋਣਗੇ। (2 ਤਿਮੋ 3:1, 2) ਇਸ ਤੋਂ ਪਤਾ ਲੱਗਦਾ ਹੈ ਕਿ ਇਕ ਵਿਅਕਤੀ ਦੀਆਂ ਨਜ਼ਰਾਂ ਵਿਚ ਸਹੀ ਅਸੂਲਾਂ ਦੀ ਅਹਿਮੀਅਤ ਘੱਟ ਸਕਦੀ ਹੈ ਅਤੇ ਉਸ ਦਾ ਪਿਆਰ ਫਿੱਕਾ ਪੈ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਕ ਵਿਅਕਤੀ ਲਗਾਤਾਰ ਕੰਮ ਕਰਦਾ ਰਹੇ ਅਤੇ ਪਿਆਰ ਵਧਾਉਣ ਲਈ ਪਰਮੇਸ਼ੁਰ ਦੇ ਬਚਨ ʼਤੇ ਸੋਚ-ਵਿਚਾਰ ਕਰੇ ਅਤੇ ਉਸ ਦੇ ਸਿਧਾਂਤਾਂ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲੇ।—ਅਫ਼ 4:15, 22-24.
(ਮੱਤੀ 24:39) ਅਤੇ ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ। ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਵੀ ਇਸੇ ਤਰ੍ਹਾਂ ਹੋਵੇਗਾ।
ਕੀ ਤੁਸੀਂ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਨਿਭਾ ਰਹੇ ਹੋ?
5 ਯਿਸੂ ਮਸੀਹ ਨੇ ਸਾਡੇ ਭੈੜੇ ਸਮਿਆਂ ਬਾਰੇ ਇਹ ਕਿਹਾ: “ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।” (ਮੱਤੀ 24:37-39) ਸੰਜਮ ਨਾਲ ਖਾਣ-ਪੀਣ ਵਿਚ ਕੋਈ ਗ਼ਲਤੀ ਨਹੀਂ ਹੈ ਅਤੇ ਵਿਆਹ ਦਾ ਪ੍ਰਬੰਧ ਖ਼ੁਦ ਪਰਮੇਸ਼ੁਰ ਦੁਆਰਾ ਕਾਇਮ ਕੀਤਾ ਗਿਆ ਸੀ। (ਉਤਪਤ 2:20-24) ਲੇਕਿਨ, ਜੇ ਆਮ ਕੰਮ-ਕਾਰ ਸਾਡੀ ਜ਼ਿੰਦਗੀ ਵਿਚ ਮੁੱਖ ਚੀਜ਼ਾਂ ਬਣ ਗਈਆਂ ਹਨ, ਤਾਂ ਕਿਉਂ ਨਾ ਇਸ ਮਾਮਲੇ ਬਾਰੇ ਪ੍ਰਾਰਥਨਾ ਕਰੋ? ਰਾਜ ਨੂੰ ਪਹਿਲਾਂ ਭਾਲਣ, ਸਹੀ ਕਦਮ ਚੁੱਕਣ ਅਤੇ ਆਪਣੇ ਫ਼ਰਜ਼ ਨੂੰ ਨਿਭਾਉਂਦੇ ਰਹਿਣ ਵਿਚ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ।—ਮੱਤੀ 6:33; ਰੋਮੀਆਂ 12:12; 2 ਕੁਰਿੰਥੀਆਂ 13:7.
(ਮੱਤੀ 24:44) ਇਸ ਲਈ ਤੁਸੀਂ ਵੀ ਹਮੇਸ਼ਾ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।
‘ਜਾਗਦੇ ਰਹੋ’—ਦੁਨੀਆਂ ਦੇ ਨਿਆਂ ਦਾ ਸਮਾਂ ਨੇੜੇ ਹੈ!
ਯਿਸੂ ਨੇ ਕਈ ਵਾਰ ਚੋਰ ਦੀ ਉਦਾਹਰਣ ਵਰਤੀ ਸੀ। (ਲੂਕਾ 10:30; ਯੂਹੰਨਾ 10:10) ਅੰਤ ਦਿਆਂ ਦਿਨਾਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਦੁਨੀਆਂ ਦਾ ਨਿਆਂ ਕਰਨ ਲਈ ਆਉਣ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਚੇਤਾਵਨੀ ਦਿੱਤੀ ਸੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ੍ਹ ਲੱਗਣ ਨਾ ਦਿੰਦਾ।” (ਮੱਤੀ 24:42, 43) ਇੱਥੇ ਯਿਸੂ ਨੇ ਆਪਣੇ ਆਉਣ ਦੀ ਤੁਲਨਾ ਇਕ ਚੋਰ ਦੇ ਆਉਣ ਨਾਲ ਕੀਤੀ ਸੀ, ਮਤਲਬ ਉਹ ਅਚਾਨਕ ਆ ਜਾਵੇਗਾ।
ਇਹ ਵਧੀਆ ਉਦਾਹਰਣ ਹੈ ਕਿਉਂਕਿ ਕਿਸੇ ਨੂੰ ਵੀ ਯਿਸੂ ਦੇ ਆਉਣ ਦੀ ਤਾਰੀਖ਼ ਨਹੀਂ ਪਤਾ। ਇਸੇ ਭਵਿੱਖਬਾਣੀ ਵਿਚ ਯਿਸੂ ਨੇ ਕਿਹਾ ਸੀ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:36) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤਿਆਰ ਰਹੋ।” (ਮੱਤੀ 24:44) ਯਿਸੂ ਮਸੀਹ ਚਾਹੇ ਜਦੋਂ ਮਰਜ਼ੀ ਨਿਆਂ ਕਰਨ ਲਈ ਆਵੇ, ਪਰ ਉਸ ਦੀ ਚੇਤਾਵਨੀ ਵੱਲ ਧਿਆਨ ਦੇਣ ਵਾਲੇ ਲੋਕ ਤਿਆਰ-ਬਰ-ਤਿਆਰ ਰਹਿਣਗੇ।
ਇਸ ਸੰਬੰਧ ਵਿਚ ਕੁਝ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ: ਕੀ ਯਿਸੂ ਦੀ ਚੇਤਾਵਨੀ ਸਿਰਫ਼ ਦੁਨੀਆਂ ਦੇ ਲੋਕਾਂ ਲਈ ਹੈ ਜਾਂ ਕੀ ਸੱਚੇ ਮਸੀਹੀਆਂ ਨੂੰ ਵੀ ‘ਜਾਗਦੇ ਰਹਿਣ’ ਦੀ ਲੋੜ ਹੈ? ‘ਜਾਗਦੇ ਰਹਿਣਾ’ ਕਿਉਂ ਜ਼ਰੂਰੀ ਹੈ ਅਤੇ ਇਸ ਦਾ ਕੀ ਮਤਲਬ ਹੈ?
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 24:8) ਇਹ ਸਭ ਕੁਝ ਪੀੜਾਂ ਦੀ ਸ਼ੁਰੂਆਤ ਹੈ।
nwtsty ਵਿੱਚੋਂ ਮੱਤੀ 24:8 ਲਈ ਖ਼ਾਸ ਜਾਣਕਾਰੀ
ਪੀੜਾਂ: ਇਹ ਯੂਨਾਨੀ ਸ਼ਬਦ ਜਨਮ ਦੇਣ ਵੇਲੇ ਹੋਣ ਵਾਲੇ ਤੇਜ਼ ਦਰਦ ਨੂੰ ਦਰਸਾਉਂਦਾ ਹੈ। ਭਾਵੇਂ ਇੱਥੇ ਇਹ ਸ਼ਬਦ ਦੁੱਖ-ਤਕਲੀਫਾਂ ਅਤੇ ਮੁਸੀਬਤਾਂ ਨੂੰ ਦਰਸਾਉਂਦਾ ਹੈ, ਪਰ ਇਸ ਸ਼ਬਦ ਦਾ ਇਸਤੇਮਾਲ ਇਹ ਸਮਝਾਉਣ ਲਈ ਕੀਤਾ ਗਿਆ ਹੈ ਕਿ ਮੱਤੀ 24:21 ਵਿਚ ਦੱਸੇ ਮਹਾਂਕਸ਼ਟ ਤੋਂ ਪਹਿਲਾਂ ਦੁੱਖ ਅਤੇ ਮੁਸੀਬਤਾਂ ਹੋਰ ਵੀ ਜ਼ਿਆਦਾ ਵਧਣਗੀਆਂ।
(ਮੱਤੀ 24:20) ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਨਾ ਸਿਆਲ਼ ਵਿਚ ਤੇ ਨਾ ਹੀ ਸਬਤ ਦੇ ਦਿਨ ਭੱਜਣਾ ਪਵੇ,
nwtsty ਵਿੱਚੋਂ ਮੱਤੀ 24:20 ਲਈ ਖ਼ਾਸ ਜਾਣਕਾਰੀ
ਸਿਆਲ਼ਾਂ ਵਿਚ: ਭਾਰੀ ਮੀਂਹ, ਹੜ੍ਹ ਅਤੇ ਠੰਢ ਕਰਕੇ ਇਸ ਮੌਸਮ ਵਿਚ ਸਫ਼ਰ ਕਰਨ, ਖਾਣਾ ਲੱਭਣ ਅਤੇ ਰਹਿਣ ਲਈ ਜਗ੍ਹਾ ਲੱਭਣ ਵਿਚ ਬੜੀ ਮੁਸ਼ਕਲ ਆਉਂਦੀ ਸੀ।—ਅਜ਼ 10:9, 13.
ਸਬਤ ਦੇ ਦਿਨ: ਸਬਤ ਦੇ ਕਾਨੂੰਨ ਕਰਕੇ ਯਹੂਦੀਆ ਵਰਗੇ ਇਲਾਕਿਆਂ ਵਿਚ ਇਕ ਇਨਸਾਨ ਲਈ ਲੰਬਾ ਸਫ਼ਰ ਤੈਅ ਕਰਨਾ ਅਤੇ ਭਾਰ ਚੁੱਕਣਾ ਔਖਾ ਸੀ। ਸਬਤ ਦੇ ਦਿਨ ਸ਼ਹਿਰ ਦੇ ਦਰਵਾਜ਼ੇ ਬੰਦ ਰਹਿੰਦੇ ਸਨ।—ਰਸੂਲ 1:12 ਅਤੇ ਅਪੈਂਡਿਕਸ B12.
ਬਾਈਬਲ ਪੜ੍ਹਾਈ
(ਮੱਤੀ 24:1-22) ਹੁਣ ਜਦੋਂ ਯਿਸੂ ਮੰਦਰ ਤੋਂ ਬਾਹਰ ਜਾ ਰਿਹਾ ਸੀ, ਤਾਂ ਉਸ ਦੇ ਚੇਲੇ ਉਸ ਕੋਲ ਆਏ ਤਾਂਕਿ ਉਹ ਉਸ ਨੂੰ ਮੰਦਰ ਦੇ ਵੱਖੋ-ਵੱਖਰੇ ਹਿੱਸੇ ਦਿਖਾਉਣ। 2 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹ ਜਿਹੜੀਆਂ ਇਮਾਰਤਾਂ ਦੇਖਦੇ ਹੋ, ਮੈਂ ਸੱਚ ਕਹਿੰਦਾ ਹਾਂ ਕਿ ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।” 3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” 4 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਦੱਸਿਆ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ, 5 ਕਿਉਂਕਿ ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ,’ ਅਤੇ ਕਈਆਂ ਨੂੰ ਗੁਮਰਾਹ ਕਰਨਗੇ। 6 ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ, ਦੇਖਿਓ ਕਿਤੇ ਘਬਰਾ ਨਾ ਜਾਣਾ; ਇਹ ਸਭ ਕੁਝ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਨਹੀਂ ਆਵੇਗਾ। 7 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ। 8 ਇਹ ਸਭ ਕੁਝ ਪੀੜਾਂ ਦੀ ਸ਼ੁਰੂਆਤ ਹੈ। 9 “ਫਿਰ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ ਅਤੇ ਤੁਹਾਨੂੰ ਮਾਰ ਦੇਣਗੇ। ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ। 10 ਨਾਲੇ, ਬਹੁਤ ਸਾਰੇ ਲੋਕ ਨਿਹਚਾ ਕਰਨੀ ਛੱਡ ਦੇਣਗੇ, ਇਕ-ਦੂਜੇ ਨਾਲ ਦਗ਼ਾ ਅਤੇ ਨਫ਼ਰਤ ਕਰਨਗੇ। 11 ਅਤੇ ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਕਈਆਂ ਨੂੰ ਗੁਮਰਾਹ ਕਰਨਗੇ। 12 ਅਤੇ ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ। 13 ਪਰ ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ। 14 ਅਤੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ। 15 “ਇਸ ਲਈ, ਜਦ ਤੁਸੀਂ ਬਰਬਾਦ ਕਰਨ ਵਾਲੀ ਘਿਣਾਉਣੀ ਚੀਜ਼ ਨੂੰ ਪਵਿੱਤਰ ਥਾਂ ʼਤੇ ਖੜ੍ਹੀ ਦੇਖੋਗੇ, ਜਿਵੇਂ ਦਾਨੀਏਲ ਨਬੀ ਨੇ ਦੱਸਿਆ ਸੀ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), 16 ਤਾਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜ ਜਾਣ। 17 ਜਿਹੜਾ ਆਦਮੀ ਕੋਠੇ ʼਤੇ ਹੋਵੇ, ਉਹ ਹੇਠਾਂ ਆ ਕੇ ਕੋਈ ਚੀਜ਼ ਲੈਣ ਅੰਦਰ ਨਾ ਜਾਵੇ; 18 ਅਤੇ ਜਿਹੜਾ ਆਦਮੀ ਖੇਤ ਵਿਚ ਹੋਵੇ, ਉਹ ਆਪਣਾ ਚੋਗਾ ਲੈਣ ਘਰ ਵਾਪਸ ਨਾ ਜਾਵੇ। 19 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਲਈ ਬਹੁਤ ਔਖਾ ਹੋਵੇਗਾ! 20 ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਨਾ ਸਿਆਲ਼ ਵਿਚ ਤੇ ਨਾ ਹੀ ਸਬਤ ਦੇ ਦਿਨ ਭੱਜਣਾ ਪਵੇ, 21 ਕਿਉਂਕਿ ਉਦੋਂ ਮਹਾਂਕਸ਼ਟ ਆਵੇਗਾ। ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ। 22 ਜੇ ਪਰਮੇਸ਼ੁਰ ਮਹਾਂਕਸ਼ਟ ਦੇ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ ਨਹੀਂ ਬਚੇਗਾ। ਪਰ ਉਹ ਆਪਣੇ ਚੁਣੇ ਹੋਏ ਲੋਕਾਂ ਦੀ ਖ਼ਾਤਰ ਇਹ ਦਿਨ ਘਟਾਵੇਗਾ।
26 ਮਾਰਚ–ਅਪ੍ਰੈਲ 1
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 25
“ਖ਼ਬਰਦਾਰ ਰਹੋ”
(ਮੱਤੀ 25:1-6) “ਅਤੇ ਸਵਰਗ ਦਾ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੈ ਜਿਹੜੀਆਂ ਆਪਣੇ ਦੀਵੇ ਲੈ ਕੇ ਲਾੜੇ ਦਾ ਸੁਆਗਤ ਕਰਨ ਗਈਆਂ। 2 ਉਨ੍ਹਾਂ ਵਿੱਚੋਂ ਪੰਜ ਮੂਰਖ ਸਨ ਅਤੇ ਪੰਜ ਸਮਝਦਾਰ। 3 ਮੂਰਖ ਕੁਆਰੀਆਂ ਆਪਣੇ ਦੀਵੇ ਤਾਂ ਲੈ ਗਈਆਂ, ਪਰ ਆਪਣੇ ਨਾਲ ਵਾਧੂ ਤੇਲ ਨਹੀਂ ਲੈ ਕੇ ਗਈਆਂ, 4 ਜਦ ਕਿ ਸਮਝਦਾਰ ਕੁਆਰੀਆਂ ਨੇ ਆਪਣੇ ਦੀਵਿਆਂ ਦੇ ਨਾਲ ਆਪਣੀਆਂ ਕੁੱਪੀਆਂ ਵਿਚ ਵਾਧੂ ਤੇਲ ਲੈ ਲਿਆ। 5 ਪਰ ਲਾੜਾ ਆਉਣ ਵਿਚ ਦੇਰ ਕਰ ਰਿਹਾ ਸੀ, ਇਸ ਲਈ ਉਨ੍ਹਾਂ ਸਾਰੀਆਂ ਨੂੰ ਨੀਂਦ ਆਉਣ ਲੱਗ ਪਈ ਤੇ ਉਹ ਸੌਂ ਗਈਆਂ। 6 ਫਿਰ ਅੱਧੀ ਰਾਤ ਨੂੰ ਰੌਲ਼ਾ ਪੈ ਗਿਆ: ‘ਲਾੜਾ ਆ ਰਿਹਾ ਹੈ! ਤੁਸੀਂ ਸਾਰੀਆਂ ਉਸ ਦਾ ਸੁਆਗਤ ਕਰਨ ਚਲੀਆਂ ਜਾਓ।’
(ਮੱਤੀ 25:7-10) ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੇ-ਆਪਣੇ ਦੀਵੇ ਤਿਆਰ ਕੀਤੇ। 8 ਮੂਰਖਾਂ ਨੇ ਸਮਝਦਾਰ ਕੁਆਰੀਆਂ ਨੂੰ ਕਿਹਾ, ‘ਸਾਨੂੰ ਆਪਣਾ ਥੋੜ੍ਹਾ ਜਿਹਾ ਤੇਲ ਦੇ ਦਿਓ ਕਿਉਂਕਿ ਸਾਡੇ ਦੀਵੇ ਬੁਝਣ ਵਾਲੇ ਹਨ।’ 9 ਪਰ ਸਮਝਦਾਰ ਕੁਆਰੀਆਂ ਨੇ ਜਵਾਬ ਦਿੱਤਾ: ‘ਜੇ ਅਸੀਂ ਤੁਹਾਨੂੰ ਤੇਲ ਦੇ ਦੇਈਏ, ਤਾਂ ਨਾ ਤੁਹਾਡਾ ਸਰਨਾ ਤੇ ਨਾ ਸਾਡਾ ਸਰਨਾ। ਇਸ ਕਰਕੇ ਤੁਸੀਂ ਜਾ ਕੇ ਤੇਲ ਵੇਚਣ ਵਾਲਿਆਂ ਤੋਂ ਆਪਣੇ ਲਈ ਖ਼ਰੀਦ ਲਿਆਓ।’ 10 ਜਦ ਮੂਰਖ ਕੁਆਰੀਆਂ ਤੇਲ ਖ਼ਰੀਦਣ ਗਈਆਂ ਹੋਈਆਂ ਸਨ, ਤਾਂ ਲਾੜਾ ਪਹੁੰਚ ਗਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ, ਉਹ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ, ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।
(ਮੱਤੀ 25:11, 12) ਜਦੋਂ ਬਾਕੀ ਦੀਆਂ ਕੁਆਰੀਆਂ ਵਾਪਸ ਮੁੜੀਆਂ, ਤਾਂ ਉਨ੍ਹਾਂ ਨੇ ਕਿਹਾ: ‘ਹਜ਼ੂਰ! ਹਜ਼ੂਰ! ਸਾਡੇ ਲਈ ਦਰਵਾਜ਼ਾ ਖੋਲ੍ਹੋ।’ 12 ਤਦ ਲਾੜੇ ਨੇ ਉਨ੍ਹਾਂ ਨੂੰ ਕਿਹਾ, ‘ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਤੁਹਾਨੂੰ ਨਹੀਂ ਜਾਣਦਾ।’
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 25:31-33) “ਜਦੋਂ ਮਨੁੱਖ ਦਾ ਪੁੱਤਰ ਪੂਰੀ ਸ਼ਾਨੋ-ਸ਼ੌਕਤ ਨਾਲ ਆਪਣੇ ਸਾਰੇ ਦੂਤਾਂ ਸਣੇ ਆਵੇਗਾ, ਉਦੋਂ ਉਹ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ। 32 ਫਿਰ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇਸ ਤਰ੍ਹਾਂ ਇਕ-ਦੂਸਰੇ ਤੋਂ ਅੱਡ ਕਰੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਅੱਡੋ-ਅੱਡ ਕਰਦਾ ਹੈ। 33 ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ, ਪਰ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜ੍ਹਾ ਕਰੇਗਾ।
ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ
7 ਅੱਜ ਅਸੀਂ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਸਾਨੂੰ ਪਤਾ ਹੈ ਕਿ “ਮਨੁੱਖ ਦਾ ਪੁੱਤਰ” ਜਾਂ “ਰਾਜਾ” ਯਿਸੂ ਹੈ। ਰਾਜੇ ਦੇ ‘ਭਰਾ’ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀ ਹਨ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। (ਰੋਮੀ. 8:16, 17) “ਭੇਡਾਂ ਅਤੇ ਬੱਕਰੀਆਂ” ਸਾਰੀਆਂ ਕੌਮਾਂ ਦੇ ਲੋਕ ਹਨ। ਉਨ੍ਹਾਂ ਦਾ ਨਿਆਂ ਮਹਾਂਕਸ਼ਟ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਕੀਤਾ ਜਾਵੇਗਾ ਜੋ ਜਲਦੀ ਹੀ ਸ਼ੁਰੂ ਹੋਵੇਗਾ। ਨਾਲੇ ਸਾਨੂੰ ਪਤਾ ਹੈ ਕਿ ਯਿਸੂ ਉਨ੍ਹਾਂ ਲੋਕਾਂ ਦਾ ਨਿਆਂ ਇਸ ਆਧਾਰ ʼਤੇ ਕਰੇਗਾ ਕਿ ਉਨ੍ਹਾਂ ਨੇ ਧਰਤੀ ʼਤੇ ਰਹਿ ਰਹੇ ਚੁਣੇ ਹੋਏ ਮਸੀਹੀਆਂ ਨਾਲ ਕਿਹੋ ਜਿਹਾ ਵਰਤਾਅ ਕੀਤਾ ਹੈ। ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਲਾਂ ਤੋਂ ਇਸ ਮਿਸਾਲ ਤੇ ਮੱਤੀ 24 ਤੇ 25 ਅਧਿਆਇ ਵਿਚ ਦਿੱਤੀਆਂ ਹੋਰ ਮਿਸਾਲਾਂ ਨੂੰ ਸਮਝਣ ਵਿਚ ਸਾਡੀ ਮਦਦ ਕੀਤੀ!
(ਮੱਤੀ 25:40) ਫਿਰ ਰਾਜਾ ਉਨ੍ਹਾਂ ਨੂੰ ਕਹੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਕੀਤਾ ਹੈ, ਤਾਂ ਸਮਝੋ ਤੁਸੀਂ ਮੇਰੇ ਲਈ ਕੀਤਾ ਹੈ।’
“ਤੁਸੀਂ ਮੇਰੇ ਮਿੱਤ੍ਰ ਹੋ”
16 ਜੇ ਤੁਸੀਂ ਪਰਮੇਸ਼ੁਰ ਦੇ ਰਾਜ ਵਿਚ ਧਰਤੀ ਉੱਤੇ ਸਦਾ ਲਈ ਜੀਣ ਦੀ ਉਮੀਦ ਰੱਖਦੇ ਹੋ, ਤਾਂ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਮਸੀਹ ਦੇ ਭਰਾਵਾਂ ਦੇ ਦੋਸਤ ਹੋ? ਆਓ ਆਪਾਂ ਤਿੰਨ ਤਰੀਕਿਆਂ ʼਤੇ ਗੌਰ ਕਰੀਏ। ਪਹਿਲਾ ਤਰੀਕਾ ਹੈ ਦਿਲ ਲਾ ਕੇ ਪ੍ਰਚਾਰ ਕਰਨਾ। ਮਸੀਹ ਨੇ ਆਪਣੇ ਭਰਾਵਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ। (ਮੱਤੀ 24:14) ਪਰ ਧਰਤੀ ਉੱਤੇ ਰਹਿੰਦੇ ਮਸੀਹ ਦੇ ਭਰਾਵਾਂ ਲਈ ਹੋਰ ਭੇਡਾਂ ਦੀ ਮਦਦ ਤੋਂ ਬਿਨਾਂ ਇਹ ਜ਼ਿੰਮੇਵਾਰੀ ਨਿਭਾਉਣੀ ਔਖੀ ਹੈ। ਸੱਚ-ਮੁੱਚ, ਉਨ੍ਹਾਂ ਦੇ ਇਹ ਸਾਥੀ ਜਦੋਂ ਵੀ ਪ੍ਰਚਾਰ ਤੇ ਜਾਂਦੇ ਹਨ, ਤਾਂ ਉਹ ਮਸੀਹ ਦੇ ਭਰਾਵਾਂ ਨੂੰ ਦਿੱਤੇ ਹੁਕਮ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਮਸੀਹ ਦੀ ਤਰ੍ਹਾਂ ਮਾਤਬਰ ਤੇ ਬੁੱਧਵਾਨ ਨੌਕਰ ਆਪਣੇ ਦੋਸਤਾਂ ਦੇ ਇਸ ਕੰਮ ਦੀ ਬਹੁਤ ਕਦਰ ਕਰਦੇ ਹਨ।
17 ਦੂਜਾ ਤਰੀਕਾ, ਹੋਰ ਭੇਡਾਂ ਪੈਸੇ ਪੱਖੋਂ ਪ੍ਰਚਾਰ ਦੇ ਕੰਮ ਦਾ ਸਮਰਥਨ ਕਰ ਕੇ ਮਸੀਹ ਦੇ ਭਰਾਵਾਂ ਦੀ ਮਦਦ ਕਰਦੀਆਂ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ “ਕੁਧਰਮ ਦੀ ਮਾਯਾ” ਨਾਲ ਦੋਸਤ ਬਣਾਉਣ ਲਈ ਉਤਸ਼ਾਹਿਤ ਕੀਤਾ ਸੀ। (ਲੂਕਾ 16:9) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਪੈਸੇ ਨਾਲ ਯਿਸੂ ਜਾਂ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ। ਇਸ ਦੀ ਬਜਾਇ, ਅਸੀਂ ਰਾਜ ਦੇ ਕੰਮਾਂ ਵਾਸਤੇ ਆਪਣਾ ਪੈਸਾ ਜਾਂ ਚੀਜ਼ਾਂ ਵਰਤ ਕੇ ਆਪਣੇ ਪਿਆਰ ਤੇ ਦੋਸਤੀ ਦਾ ਸਬੂਤ ਦਿੰਦੇ ਹਾਂ। ਇਹ ਸਬੂਤ ਅਸੀਂ ਸਿਰਫ਼ ਗੱਲਾਂ ਕਰ ਕੇ ਨਹੀਂ ਦਿੰਦੇ, ਸਗੋਂ “ਕਰਨੀ ਅਤੇ ਸਚਿਆਈ” ਤੋਂ ਦਿੰਦੇ ਹਾਂ। (1 ਯੂਹੰ. 3:16-18) ਅਸੀਂ ਪੈਸੇ ਪੱਖੋਂ ਸਮਰਥਨ ਉਦੋਂ ਦਿੰਦੇ ਹਾਂ ਜਦੋਂ ਅਸੀਂ ਪ੍ਰਚਾਰ ਤੇ ਜਾਂਦੇ ਹਾਂ, ਭਗਤੀ ਦੀਆਂ ਥਾਵਾਂ ਦੀ ਉਸਾਰੀ ਤੇ ਮੁਰੰਮਤ ਅਤੇ ਦੁਨੀਆਂ ਵਿਚ ਹੁੰਦੇ ਪ੍ਰਚਾਰ ਦੇ ਕੰਮ ਲਈ ਦਾਨ ਦਿੰਦੇ ਹਾਂ। ਸੋ ਚਾਹੇ ਅਸੀਂ ਥੋੜ੍ਹੇ ਜਿਹੇ ਪੈਸੇ ਦਾਨ ਕਰਦੇ ਹਾਂ ਜਾਂ ਜ਼ਿਆਦਾ, ਯਹੋਵਾਹ ਅਤੇ ਯਿਸੂ ਦੋਵੇਂ ਖ਼ੁਸ਼ੀ ਨਾਲ ਦਿੱਤੇ ਦਾਨ ਦੀ ਕਦਰ ਕਰਦੇ ਹਨ।—2 ਕੁਰਿੰ. 9:7.
18 ਤੀਜਾ ਤਰੀਕਾ, ਕਲੀਸਿਯਾ ਦੇ ਬਜ਼ੁਰਗਾਂ ਤੋਂ ਮਿਲਦੀ ਸੇਧ ਅਨੁਸਾਰ ਚੱਲ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਮਸੀਹ ਦੇ ਭਰਾਵਾਂ ਦੇ ਦੋਸਤ ਹਾਂ। ਇਹ ਆਦਮੀ ਮਸੀਹ ਦੀ ਸੇਧ ਅਧੀਨ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤੇ ਜਾਂਦੇ ਹਨ। (ਅਫ਼. 5:23) ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।” (ਇਬ. 13:17) ਕਦੇ-ਕਦੇ ਸਾਨੂੰ ਸ਼ਾਇਦ ਬਾਈਬਲ ਵਿੱਚੋਂ ਦਿੱਤੀ ਬਜ਼ੁਰਗਾਂ ਦੀ ਸਲਾਹ ਮੰਨਣੀ ਔਖੀ ਲੱਗੇ। ਸਾਨੂੰ ਪਤਾ ਹੈ ਕਿ ਉਨ੍ਹਾਂ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ, ਇਸ ਲਈ ਸ਼ਾਇਦ ਸਾਨੂੰ ਉਨ੍ਹਾਂ ਦੀ ਸਲਾਹ ਬੇਕਾਰ ਲੱਗੇ। ਫਿਰ ਵੀ ਕਲੀਸਿਯਾ ਦਾ ਸਿਰ ਮਸੀਹ ਇਨ੍ਹਾਂ ਨਾਮੁਕੰਮਲ ਆਦਮੀਆਂ ਨੂੰ ਖ਼ੁਸ਼ੀ ਨਾਲ ਇਸਤੇਮਾਲ ਕਰਦਾ ਹੈ। ਇਸ ਲਈ ਉਨ੍ਹਾਂ ਦੇ ਅਧਿਕਾਰ ਨੂੰ ਮੰਨਣ ਜਾਂ ਨਾ ਮੰਨਣ ਨਾਲ ਮਸੀਹ ਨਾਲ ਸਾਡੀ ਦੋਸਤੀ ਉੱਤੇ ਅਸਰ ਪੈਂਦਾ ਹੈ। ਜਦੋਂ ਅਸੀਂ ਬਜ਼ੁਰਗਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਸੇਧ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਮਸੀਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।
ਬਾਈਬਲ ਪੜ੍ਹਾਈ
(ਮੱਤੀ 25:1-23) “ਅਤੇ ਸਵਰਗ ਦਾ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੈ ਜਿਹੜੀਆਂ ਆਪਣੇ ਦੀਵੇ ਲੈ ਕੇ ਲਾੜੇ ਦਾ ਸੁਆਗਤ ਕਰਨ ਗਈਆਂ। 2 ਉਨ੍ਹਾਂ ਵਿੱਚੋਂ ਪੰਜ ਮੂਰਖ ਸਨ ਅਤੇ ਪੰਜ ਸਮਝਦਾਰ। 3 ਮੂਰਖ ਕੁਆਰੀਆਂ ਆਪਣੇ ਦੀਵੇ ਤਾਂ ਲੈ ਗਈਆਂ, ਪਰ ਆਪਣੇ ਨਾਲ ਵਾਧੂ ਤੇਲ ਨਹੀਂ ਲੈ ਕੇ ਗਈਆਂ, 4 ਜਦ ਕਿ ਸਮਝਦਾਰ ਕੁਆਰੀਆਂ ਨੇ ਆਪਣੇ ਦੀਵਿਆਂ ਦੇ ਨਾਲ ਆਪਣੀਆਂ ਕੁੱਪੀਆਂ ਵਿਚ ਵਾਧੂ ਤੇਲ ਲੈ ਲਿਆ। 5 ਪਰ ਲਾੜਾ ਆਉਣ ਵਿਚ ਦੇਰ ਕਰ ਰਿਹਾ ਸੀ, ਇਸ ਲਈ ਉਨ੍ਹਾਂ ਸਾਰੀਆਂ ਨੂੰ ਨੀਂਦ ਆਉਣ ਲੱਗ ਪਈ ਤੇ ਉਹ ਸੌਂ ਗਈਆਂ। 6 ਫਿਰ ਅੱਧੀ ਰਾਤ ਨੂੰ ਰੌਲ਼ਾ ਪੈ ਗਿਆ: ‘ਲਾੜਾ ਆ ਰਿਹਾ ਹੈ! ਤੁਸੀਂ ਸਾਰੀਆਂ ਉਸ ਦਾ ਸੁਆਗਤ ਕਰਨ ਚਲੀਆਂ ਜਾਓ।’ 7 ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੇ-ਆਪਣੇ ਦੀਵੇ ਤਿਆਰ ਕੀਤੇ। 8 ਮੂਰਖਾਂ ਨੇ ਸਮਝਦਾਰ ਕੁਆਰੀਆਂ ਨੂੰ ਕਿਹਾ, ‘ਸਾਨੂੰ ਆਪਣਾ ਥੋੜ੍ਹਾ ਜਿਹਾ ਤੇਲ ਦੇ ਦਿਓ ਕਿਉਂਕਿ ਸਾਡੇ ਦੀਵੇ ਬੁਝਣ ਵਾਲੇ ਹਨ।’ 9 ਪਰ ਸਮਝਦਾਰ ਕੁਆਰੀਆਂ ਨੇ ਜਵਾਬ ਦਿੱਤਾ: ‘ਜੇ ਅਸੀਂ ਤੁਹਾਨੂੰ ਤੇਲ ਦੇ ਦੇਈਏ, ਤਾਂ ਨਾ ਤੁਹਾਡਾ ਸਰਨਾ ਤੇ ਨਾ ਸਾਡਾ ਸਰਨਾ। ਇਸ ਕਰਕੇ ਤੁਸੀਂ ਜਾ ਕੇ ਤੇਲ ਵੇਚਣ ਵਾਲਿਆਂ ਤੋਂ ਆਪਣੇ ਲਈ ਖ਼ਰੀਦ ਲਿਆਓ।’ 10 ਜਦ ਮੂਰਖ ਕੁਆਰੀਆਂ ਤੇਲ ਖ਼ਰੀਦਣ ਗਈਆਂ ਹੋਈਆਂ ਸਨ, ਤਾਂ ਲਾੜਾ ਪਹੁੰਚ ਗਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ, ਉਹ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ, ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ। 11 ਜਦੋਂ ਬਾਕੀ ਦੀਆਂ ਕੁਆਰੀਆਂ ਵਾਪਸ ਮੁੜੀਆਂ, ਤਾਂ ਉਨ੍ਹਾਂ ਨੇ ਕਿਹਾ: ‘ਹਜ਼ੂਰ! ਹਜ਼ੂਰ! ਸਾਡੇ ਲਈ ਦਰਵਾਜ਼ਾ ਖੋਲ੍ਹੋ।’ 12 ਤਦ ਲਾੜੇ ਨੇ ਉਨ੍ਹਾਂ ਨੂੰ ਕਿਹਾ, ‘ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਤੁਹਾਨੂੰ ਨਹੀਂ ਜਾਣਦਾ।’ 13 “ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ। 14 “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਪਰਦੇਸ ਜਾਣ ਤੋਂ ਪਹਿਲਾਂ ਆਪਣੇ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਜ਼ਿੰਮੇਵਾਰੀ ਸੌਂਪੀ। 15 ਉਸ ਨੇ ਹਰ ਨੌਕਰ ਨੂੰ ਉਸ ਦੀ ਯੋਗਤਾ ਅਨੁਸਾਰ ਪੈਸੇ ਦਿੱਤੇ, ਇਕ ਨੌਕਰ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਪੰਜ ਥੈਲੀਆਂ ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ। ਫਿਰ ਉਹ ਪਰਦੇਸ ਚਲਾ ਗਿਆ। 16 ਜਿਸ ਨੌਕਰ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਸ ਨੇ ਬਿਨਾਂ ਦੇਰ ਕੀਤਿਆਂ ਜਾ ਕੇ ਆਪਣੇ ਪੈਸਿਆਂ ਨਾਲ ਕਾਰੋਬਾਰ ਕੀਤਾ ਅਤੇ ਪੈਸਿਆਂ ਦੀਆਂ ਪੰਜ ਥੈਲੀਆਂ ਹੋਰ ਕਮਾ ਲਈਆਂ। 17 ਇਸੇ ਤਰ੍ਹਾਂ ਜਿਸ ਨੌਕਰ ਨੂੰ ਦੋ ਥੈਲੀਆਂ ਮਿਲੀਆਂ ਸਨ, ਉਸ ਨੇ ਵੀ ਕਾਰੋਬਾਰ ਕਰ ਕੇ ਦੋ ਥੈਲੀਆਂ ਹੋਰ ਕਮਾ ਲਈਆਂ। 18 ਪਰ ਜਿਸ ਨੌਕਰ ਨੂੰ ਇੱਕੋ ਥੈਲੀ ਮਿਲੀ ਸੀ, ਉਸ ਨੇ ਮਿੱਟੀ ਪੁੱਟ ਕੇ ਆਪਣੇ ਮਾਲਕ ਦੇ ਚਾਂਦੀ ਦੇ ਸਿੱਕੇ ਜ਼ਮੀਨ ਵਿਚ ਦੱਬ ਦਿੱਤੇ। 19 “ਲੰਬੇ ਸਮੇਂ ਬਾਅਦ ਮਾਲਕ ਵਾਪਸ ਆਇਆ ਅਤੇ ਉਸ ਨੇ ਨੌਕਰਾਂ ਤੋਂ ਹਿਸਾਬ ਮੰਗਿਆ। 20 ਜਿਸ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਹ ਆਪਣੇ ਨਾਲ ਪੰਜ ਹੋਰ ਥੈਲੀਆਂ ਲੈ ਕੇ ਆਇਆ ਅਤੇ ਉਸ ਨੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਪੰਜ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਪੰਜ ਹੋਰ ਕਮਾ ਲਈਆਂ।’ 21 ਇਹ ਸੁਣ ਕੇ ਮਾਲਕ ਨੇ ਉਸ ਨੂੰ ਕਿਹਾ: ‘ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ। ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।’ 22 ਫਿਰ ਜਿਸ ਨੂੰ ਦੋ ਥੈਲੀਆਂ ਮਿਲੀਆਂ ਸਨ, ਉਸ ਨੇ ਆ ਕੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਦੋ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਦੋ ਹੋਰ ਕਮਾ ਲਈਆਂ।’ 23 ਇਹ ਸੁਣ ਕੇ ਮਾਲਕ ਨੇ ਉਸ ਨੂੰ ਵੀ ਕਿਹਾ: ‘ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ। ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋ।’