ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bt ਅਧਿ. 15 ਸਫ਼ੇ 117-123
  • ‘ਮੰਡਲੀਆਂ ਦਾ ਹੌਸਲਾ ਵਧਾਉਣਾ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਮੰਡਲੀਆਂ ਦਾ ਹੌਸਲਾ ਵਧਾਉਣਾ’
  • ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਚਲੋ ਹੁਣ ਆਪਾਂ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ’ (ਰਸੂ. 15:36)
  • “ਬਹੁਤ ਝਗੜਾ ਹੋਇਆ” (ਰਸੂ. 15:37-41)
  • “ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ” (ਰਸੂ. 16:1-3)
  • “ਨਿਹਚਾ ਪੱਕੀ ਹੁੰਦੀ ਗਈ” (ਰਸੂ. 16:4, 5)
  • ਤਿਮੋਥਿਉਸ—ਸੇਵਾ ਕਰਨ ਲਈ ਤਿਆਰ-ਬਰ-ਤਿਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਮਰਕੁਸ ‘ਸੇਵਾ ਲਈ ਕੰਮ ਦਾ ਬੰਦਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਤਿਮੋਥਿਉਸ—‘ਨਿਹਚਾ ਵਿੱਚ ਇਕ ਸੱਚਾ ਬੱਚਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • “ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
ਹੋਰ ਦੇਖੋ
‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
bt ਅਧਿ. 15 ਸਫ਼ੇ 117-123

ਅਧਿਆਇ 15

‘ਮੰਡਲੀਆਂ ਦਾ ਹੌਸਲਾ ਵਧਾਉਣਾ’

ਸਫ਼ਰੀ ਨਿਗਾਹਬਾਨ ਮੰਡਲੀਆਂ ਦੀ ਨਿਹਚਾ ਪੱਕੀ ਕਰਦੇ ਹਨ

ਰਸੂਲਾਂ ਦੇ ਕੰਮ 15:36–16:5 ਵਿੱਚੋਂ

1-3. (ੳ) ਪੌਲੁਸ ਦਾ ਨਵਾਂ ਸਾਥੀ ਕੌਣ ਹੈ ਅਤੇ ਉਹ ਕਿਹੋ ਜਿਹਾ ਹੈ? (ਅ) ਇਸ ਅਧਿਆਇ ਵਿਚ ਅਸੀਂ ਕੀ ਦੇਖਾਂਗੇ?

ਉੱਚੇ-ਨੀਵੇਂ ਇਲਾਕਿਆਂ ਵਿੱਚੋਂ ਦੀ ਤੁਰਦਿਆਂ ਪੌਲੁਸ ਰਸੂਲ ਡੂੰਘੀਆਂ ਸੋਚਾਂ ਵਿਚ ਹੈ ਅਤੇ ਆਪਣੇ ਨਾਲ ਤੁਰੇ ਜਾਂਦੇ ਨੌਜਵਾਨ ਨੂੰ ਬੜੇ ਗੌਰ ਨਾਲ ਦੇਖਦਾ ਹੈ। ਉਸ ਨੌਜਵਾਨ ਦਾ ਨਾਂ ਤਿਮੋਥਿਉਸ ਹੈ। ਇਹ ਤਕੜਾ ਤੇ ਜੋਸ਼ੀਲਾ ਨੌਜਵਾਨ ਸ਼ਾਇਦ 19-20 ਸਾਲ ਦਾ ਹੈ। ਜਿਉਂ-ਜਿਉਂ ਤਿਮੋਥਿਉਸ ਇਸ ਨਵੇਂ ਸਫ਼ਰ ʼਤੇ ਅੱਗੇ ਦੀ ਅੱਗੇ ਕਦਮ ਪੁੱਟਦਾ ਜਾਂਦਾ ਹੈ, ਉਸ ਦਾ ਘਰ ਨਜ਼ਰਾਂ ਤੋਂ ਓਹਲੇ ਹੁੰਦਾ ਜਾਂਦਾ ਹੈ। ਦਿਨ ਢਲ਼ਦਿਆਂ ਲੁਸਤ੍ਰਾ ਤੇ ਇਕੁਨਿਉਮ ਦੂਰ ਕਿਤੇ ਹਨੇਰੇ ਵਿਚ ਗੁਆਚ ਜਾਂਦੇ ਹਨ। ਇਸ ਸਫ਼ਰ ʼਤੇ ਉਨ੍ਹਾਂ ਨਾਲ ਅੱਗੇ ਕੀ ਹੋਵੇਗਾ? ਪੌਲੁਸ ਨੂੰ ਥੋੜ੍ਹਾ-ਬਹੁਤਾ ਪਤਾ ਹੈ ਕਿਉਂਕਿ ਇਹ ਉਸ ਦਾ ਦੂਸਰਾ ਮਿਸ਼ਨਰੀ ਦੌਰਾ ਹੈ। ਉਸ ਨੂੰ ਪਤਾ ਹੈ ਕਿ ਰਾਹ ਵਿਚ ਕਈ ਖ਼ਤਰੇ ਅਤੇ ਸਮੱਸਿਆਵਾਂ ਆਉਣਗੀਆਂ। ਕੀ ਤਿਮੋਥਿਉਸ ਇਨ੍ਹਾਂ ਦਾ ਸਾਮ੍ਹਣਾ ਕਰ ਪਾਵੇਗਾ?

2 ਪੌਲੁਸ ਨੂੰ ਤਿਮੋਥਿਉਸ ਉੱਤੇ ਪੂਰਾ ਭਰੋਸਾ ਹੈ, ਇੰਨਾ ਭਰੋਸਾ ਜਿੰਨਾ ਨਿਮਰ ਤਿਮੋਥਿਉਸ ਨੂੰ ਸ਼ਾਇਦ ਆਪਣੇ ਆਪ ਉੱਤੇ ਵੀ ਨਾ ਹੋਵੇ। ਹਾਲ ਹੀ ਵਿਚ ਹੋਈਆਂ ਘਟਨਾਵਾਂ ਕਰਕੇ ਪੌਲੁਸ ਨੂੰ ਹੋਰ ਵੀ ਯਕੀਨ ਹੋ ਗਿਆ ਹੈ ਕਿ ਉਸ ਨੂੰ ਸਫ਼ਰ ਵਾਸਤੇ ਅਜਿਹੇ ਭਰਾ ਦੀ ਲੋੜ ਹੈ ਜੋ ਸਫ਼ਰ ਵਿਚ ਉਸ ਦੀ ਮਦਦ ਕਰ ਸਕੇ। ਪੌਲੁਸ ਨੂੰ ਪਤਾ ਹੈ ਕਿ ਮੰਡਲੀਆਂ ਵਿਚ ਜਾਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਦ੍ਰਿੜ੍ਹ ਇਰਾਦਾ ਅਤੇ ਇੱਕੋ ਸੋਚ ਰੱਖਣ ਦੀ ਲੋੜ ਪਵੇਗੀ। ਪੌਲੁਸ ਇਸ ਤਰ੍ਹਾਂ ਕਿਉਂ ਸੋਚਦਾ ਹੈ? ਸ਼ਾਇਦ ਇਸ ਕਰਕੇ ਕਿਉਂਕਿ ਪੌਲੁਸ ਅਤੇ ਬਰਨਾਬਾਸ ਵਿਚ ਝਗੜਾ ਹੋਇਆ ਸੀ ਜਿਸ ਕਰਕੇ ਉਹ ਆਪੋ-ਆਪਣੇ ਰਾਹ ਪੈ ਗਏ ਸਨ।

3 ਇਸ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਆਪਸੀ ਮਤਭੇਦਾਂ ਨੂੰ ਵਧੀਆ ਤਰੀਕੇ ਨਾਲ ਕਿਵੇਂ ਸੁਲਝਾਇਆ ਜਾ ਸਕਦਾ ਹੈ। ਅਸੀਂ ਇਹ ਵੀ ਜਾਣਾਂਗੇ ਕਿ ਪੌਲੁਸ ਨੇ ਆਪਣੇ ਨਾਲ ਸਫ਼ਰ ʼਤੇ ਜਾਣ ਲਈ ਤਿਮੋਥਿਉਸ ਨੂੰ ਕਿਉਂ ਚੁਣਿਆ ਸੀ। ਨਾਲੇ ਇਹ ਸਿੱਖਾਂਗੇ ਕਿ ਅੱਜ ਸਰਕਟ ਓਵਰਸੀਅਰ ਮੰਡਲੀਆਂ ਵਿਚ ਕਿਹੜੀ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹਨ।

‘ਚਲੋ ਹੁਣ ਆਪਾਂ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ’ (ਰਸੂ. 15:36)

4. ਪੌਲੁਸ ਨੇ ਆਪਣੇ ਦੂਸਰੇ ਦੌਰੇ ਦੌਰਾਨ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ?

4 ਪਿਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਪੌਲੁਸ, ਬਰਨਾਬਾਸ, ਯਹੂਦਾ ਅਤੇ ਸੀਲਾਸ ਨੇ ਸੁੰਨਤ ਬਾਰੇ ਪ੍ਰਬੰਧਕ ਸਭਾ ਦਾ ਫ਼ੈਸਲਾ ਸੁਣਾਉਂਦੇ ਵੇਲੇ ਅੰਤਾਕੀਆ ਦੀ ਮੰਡਲੀ ਦਾ ਹੌਸਲਾ ਵਧਾਇਆ ਸੀ। ਪੌਲੁਸ ਨੇ ਅੱਗੇ ਕੀ ਕੀਤਾ? ਉਸ ਨੇ ਬਰਨਾਬਾਸ ਨੂੰ ਆਪਣੇ ਨਵੇਂ ਸਫ਼ਰ ਦੀ ਯੋਜਨਾ ਬਾਰੇ ਦੱਸਿਆ: “ਚਲੋ ਹੁਣ ਆਪਾਂ ਉਨ੍ਹਾਂ ਸਾਰੇ ਸ਼ਹਿਰਾਂ ਵਿਚ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ ਜਿੱਥੇ ਅਸੀਂ ਯਹੋਵਾਹ ਦੇ ਬਚਨ ਦਾ ਪ੍ਰਚਾਰ ਕੀਤਾ ਸੀ।” (ਰਸੂ. 15:36) ਪੌਲੁਸ ਇਨ੍ਹਾਂ ਨਵੇਂ ਬਣੇ ਮਸੀਹੀਆਂ ਦਾ ਸਿਰਫ਼ ਹਾਲ-ਚਾਲ ਪੁੱਛਣ ਦਾ ਹੀ ਸੁਝਾਅ ਨਹੀਂ ਦੇ ਰਿਹਾ ਸੀ। ਰਸੂਲਾਂ ਦੇ ਕੰਮ ਦੀ ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੌਲੁਸ ਇਸ ਦੂਸਰੇ ਮਿਸ਼ਨਰੀ ਦੌਰੇ ʼਤੇ ਕਿਉਂ ਜਾਣਾ ਚਾਹੁੰਦਾ ਸੀ। ਪਹਿਲੀ, ਉਸ ਨੇ ਹਰ ਮੰਡਲੀ ਵਿਚ ਪ੍ਰਬੰਧਕ ਸਭਾ ਦੇ ਫ਼ੈਸਲੇ ਸੁਣਾਉਣੇ ਸਨ। (ਰਸੂ. 16:4) ਦੂਸਰੀ, ਸਫ਼ਰੀ ਨਿਗਾਹਬਾਨ ਵਜੋਂ ਉਸ ਨੇ ਮੰਡਲੀਆਂ ਦਾ ਹੌਸਲਾ ਵਧਾਉਣਾ ਸੀ ਅਤੇ ਨਿਹਚਾ ਪੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ। (ਰੋਮੀ. 1:11, 12) ਅੱਜ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਰਸੂਲਾਂ ਦੀ ਰੀਸ ਕਿਵੇਂ ਕਰਦਾ ਹੈ?

5. ਅੱਜ ਪ੍ਰਬੰਧਕ ਸਭਾ ਮੰਡਲੀਆਂ ਨੂੰ ਸੇਧ ਅਤੇ ਹੌਸਲਾ ਕਿਵੇਂ ਦਿੰਦੀ ਹੈ?

5 ਅੱਜ ਯਿਸੂ ਮੰਡਲੀਆਂ ਨੂੰ ਸੇਧ ਦੇਣ ਲਈ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੂੰ ਵਰਤਦਾ ਹੈ। ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਇਹ ਵਫ਼ਾਦਾਰ ਭਰਾ ਚਿੱਠੀਆਂ, ਪ੍ਰਕਾਸ਼ਨਾਂ, ਸਭਾਵਾਂ ਅਤੇ ਹੋਰ ਤਰੀਕਿਆਂ ਨਾਲ ਦੁਨੀਆਂ ਭਰ ਦੀਆਂ ਮੰਡਲੀਆਂ ਨੂੰ ਸੇਧ ਅਤੇ ਹੌਸਲਾ ਦਿੰਦੇ ਹਨ। ਪ੍ਰਬੰਧਕ ਸਭਾ ਹਰ ਮੰਡਲੀ ਦੇ ਸੰਪਰਕ ਵਿਚ ਰਹਿਣ ਦੀ ਵੀ ਕੋਸ਼ਿਸ਼ ਕਰਦੀ ਹੈ। ਉਹ ਸਰਕਟ ਓਵਰਸੀਅਰਾਂ ਦੇ ਜ਼ਰੀਏ ਇਸ ਤਰ੍ਹਾਂ ਕਰਦੀ ਹੈ। ਪ੍ਰਬੰਧਕ ਸਭਾ ਨੇ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਕਾਬਲ ਬਜ਼ੁਰਗਾਂ ਨੂੰ ਸਰਕਟ ਓਵਰਸੀਅਰਾਂ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਹੈ।

6, 7. ਸਰਕਟ ਓਵਰਸੀਅਰਾਂ ਦੀਆਂ ਕਿਹੜੀਆਂ ਕੁਝ ਜ਼ਿੰਮੇਵਾਰੀਆਂ ਹਨ?

6 ਅੱਜ ਸਰਕਟ ਓਵਰਸੀਅਰ ਮੰਡਲੀਆਂ ਦੇ ਸਾਰੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਂਦੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ। ਕਿਵੇਂ? ਉਹ ਪੌਲੁਸ ਤੇ ਪਹਿਲੀ ਸਦੀ ਦੇ ਹੋਰ ਮਸੀਹੀਆਂ ਦੀ ਮਿਸਾਲ ਉੱਤੇ ਚੱਲਦੇ ਹਨ। ਪੌਲੁਸ ਨੇ ਨਿਗਾਹਬਾਨ ਤਿਮੋਥਿਉਸ ਨੂੰ ਤਾਕੀਦ ਕੀਤੀ ਸੀ: “ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ; ਤੂੰ ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ ਇਹ ਕੰਮ ਕਰ। ਪੂਰੇ ਧੀਰਜ ਨਾਲ ਅਤੇ ਸਿਖਾਉਣ ਦੀ ਕਲਾ ਵਰਤ ਕੇ ਤਾੜਨਾ ਦੇ, ਸਖ਼ਤੀ ਨਾਲ ਸਮਝਾ ਅਤੇ ਹੱਲਾਸ਼ੇਰੀ ਦੇ . . . ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ।”​—2 ਤਿਮੋ. 4:2, 5.

7 ਇਨ੍ਹਾਂ ਸ਼ਬਦਾਂ ਮੁਤਾਬਕ ਚੱਲਦੇ ਹੋਏ ਸਰਕਟ ਓਵਰਸੀਅਰ (ਜੇ ਵਿਆਹੇ ਹੋਏ ਹਨ, ਤਾਂ ਆਪਣੀਆਂ ਪਤਨੀਆਂ ਨਾਲ) ਮੰਡਲੀ ਦੇ ਪ੍ਰਚਾਰਕਾਂ ਨਾਲ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਹਨ। ਸਰਕਟ ਓਵਰਸੀਅਰ ਜੋਸ਼ੀਲੇ ਪ੍ਰਚਾਰਕ ਅਤੇ ਕੁਸ਼ਲ ਸਿੱਖਿਅਕ ਹੁੰਦੇ ਹਨ ਜਿਸ ਕਰਕੇ ਭੈਣਾਂ-ਭਰਾਵਾਂ ਉੱਤੇ ਉਨ੍ਹਾਂ ਦਾ ਚੰਗਾ ਅਸਰ ਪੈਂਦਾ ਹੈ। (ਰੋਮੀ. 12:11; 2 ਤਿਮੋ. 2:15) ਇਹ ਭਰਾ ਆਪਣੇ ਨਿਰਸੁਆਰਥ ਪਿਆਰ ਲਈ ਜਾਣੇ ਜਾਂਦੇ ਹਨ। ਉਹ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕਰਦੇ ਹਨ ਅਤੇ ਖ਼ਰਾਬ ਮੌਸਮ ਦੌਰਾਨ ਅਤੇ ਖ਼ਤਰਨਾਕ ਇਲਾਕਿਆਂ ਵਿਚ ਸਫ਼ਰ ਕਰਦੇ ਹਨ। (ਫ਼ਿਲਿ. 2:3, 4) ਸਰਕਟ ਓਵਰਸੀਅਰ ਹਰ ਮੰਡਲੀ ਵਿਚ ਆਪਣੇ ਬਾਈਬਲ-ਆਧਾਰਿਤ ਭਾਸ਼ਣਾਂ ਨਾਲ ਭੈਣਾਂ-ਭਰਾਵਾਂ ਨੂੰ ਹੌਸਲਾ, ਸਿੱਖਿਆ ਅਤੇ ਸਲਾਹ ਵੀ ਦਿੰਦੇ ਹਨ। ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ ਜਦੋਂ ਉਹ ਸਰਕਟ ਓਵਰਸੀਅਰਾਂ ਦੀ ਚੰਗੀ ਮਿਸਾਲ ਉੱਤੇ ਗੌਰ ਕਰਦੇ ਹਨ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਦੇ ਹਨ।​—ਇਬ. 13:7.

“ਬਹੁਤ ਝਗੜਾ ਹੋਇਆ” (ਰਸੂ. 15:37-41)

8. ਪੌਲੁਸ ਦੇ ਸੁਝਾਅ ਦਾ ਬਰਨਾਬਾਸ ਨੇ ਕੀ ਹੁੰਗਾਰਾ ਭਰਿਆ?

8 “ਭਰਾਵਾਂ ਦਾ ਹਾਲ-ਚਾਲ” ਪੁੱਛਣ ਬਾਰੇ ਪੌਲੁਸ ਦਾ ਸੁਝਾਅ ਬਰਨਾਬਾਸ ਨੂੰ ਚੰਗਾ ਲੱਗਾ। (ਰਸੂ. 15:36) ਇਨ੍ਹਾਂ ਦੋਵਾਂ ਭਰਾਵਾਂ ਨੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਇਕ-ਦੂਜੇ ਦਾ ਚੰਗਾ ਸਾਥ ਦਿੱਤਾ ਸੀ ਅਤੇ ਦੋਵੇਂ ਉਨ੍ਹਾਂ ਲੋਕਾਂ ਅਤੇ ਇਲਾਕਿਆਂ ਤੋਂ ਵਾਕਫ਼ ਸਨ ਜਿੱਥੇ ਉਨ੍ਹਾਂ ਨੇ ਜਾਣਾ ਸੀ। (ਰਸੂ. 13:2–14:28) ਇਸ ਦੌਰੇ ʼਤੇ ਇਕੱਠੇ ਜਾਣ ਦਾ ਵਿਚਾਰ ਦੋਵਾਂ ਨੂੰ ਅਕਲਮੰਦੀ ਦੀ ਗੱਲ ਲੱਗੀ। ਪਰ ਇਕ ਸਮੱਸਿਆ ਖੜ੍ਹੀ ਹੋ ਗਈ। ਰਸੂਲਾਂ ਦੇ ਕੰਮ 15:37 ਵਿਚ ਦੱਸਿਆ ਹੈ: “ਬਰਨਾਬਾਸ ਨੇ ਯੂਹੰਨਾ, ਜੋ ਮਰਕੁਸ ਕਹਾਉਂਦਾ ਹੈ, ਨੂੰ ਆਪਣੇ ਨਾਲ ਲਿਜਾਣ ਦਾ ਮਨ ਬਣਾਇਆ ਹੋਇਆ ਸੀ।” ਧਿਆਨ ਦਿਓ ਕਿ ਬਰਨਾਬਾਸ ਆਪਣੇ ਰਿਸ਼ਤੇਦਾਰ ਮਰਕੁਸ ਨੂੰ ਨਾਲ ਲਿਜਾਣ ਦਾ ਸਿਰਫ਼ ਸੁਝਾਅ ਹੀ ਨਹੀਂ ਦੇ ਰਿਹਾ ਸੀ, ਸਗੋਂ ਉਸ ਨੇ ਮਰਕੁਸ ਨੂੰ ਨਾਲ ਲਿਜਾਣ ਦਾ “ਮਨ ਬਣਾਇਆ ਹੋਇਆ ਸੀ।”

9. ਪੌਲੁਸ ਬਰਨਾਬਾਸ ਨਾਲ ਸਹਿਮਤ ਕਿਉਂ ਨਹੀਂ ਹੋਇਆ ਸੀ?

9 ਪੌਲੁਸ ਬਰਨਾਬਾਸ ਨਾਲ ਸਹਿਮਤ ਨਹੀਂ ਹੋਇਆ। ਕਿਉਂ? ਬਾਈਬਲ ਦੱਸਦੀ ਹੈ: “ਪੌਲੁਸ [ਮਰਕੁਸ] ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦਾ ਸੀ ਕਿਉਂਕਿ ਉਹ ਪਮਫੀਲੀਆ ਵਿਚ ਉਨ੍ਹਾਂ ਨੂੰ ਛੱਡ ਕੇ ਵਾਪਸ ਆ ਗਿਆ ਸੀ ਅਤੇ ਪ੍ਰਚਾਰ ਦਾ ਕੰਮ ਕਰਨ ਲਈ ਉਨ੍ਹਾਂ ਦੇ ਨਾਲ ਨਹੀਂ ਗਿਆ ਸੀ।” (ਰਸੂ. 15:38) ਮਰਕੁਸ ਪੌਲੁਸ ਅਤੇ ਬਰਨਾਬਾਸ ਦੇ ਪਹਿਲੇ ਮਿਸ਼ਨਰੀ ਦੌਰੇ ʼਤੇ ਉਨ੍ਹਾਂ ਦੇ ਨਾਲ ਗਿਆ ਸੀ, ਪਰ ਉਸ ਨੇ ਅੱਧ-ਵਿਚਾਲੇ ਦੌਰਾ ਛੱਡ ਦਿੱਤਾ ਸੀ। (ਰਸੂ. 12:25; 13:13) ਦੌਰਾ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਹੀ ਮਰਕੁਸ ਆਪਣੀ ਜ਼ਿੰਮੇਵਾਰੀ ਛੱਡ ਕੇ ਪਮਫੀਲੀਆ ਤੋਂ ਵਾਪਸ ਯਰੂਸ਼ਲਮ ਆ ਗਿਆ ਸੀ। ਬਾਈਬਲ ਵਿਚ ਉਸ ਦੇ ਵਾਪਸ ਆਉਣ ਦਾ ਕਾਰਨ ਨਹੀਂ ਦੱਸਿਆ ਗਿਆ ਹੈ, ਪਰ ਪੌਲੁਸ ਰਸੂਲ ਨੇ ਇਸ ਕਾਰਨ ਉਸ ਨੂੰ ਗ਼ੈਰ-ਜ਼ਿੰਮੇਵਾਰ ਸਮਝਿਆ। ਪੌਲੁਸ ਨੇ ਸੋਚਿਆ ਹੋਣਾ ਕਿ ਮਰਕੁਸ ʼਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

10. ਪੌਲੁਸ ਅਤੇ ਬਰਨਾਬਾਸ ਵਿਚ ਕਿਹੜੀ ਗੱਲੋਂ ਝਗੜਾ ਹੋਇਆ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

10 ਬਰਨਾਬਾਸ ਮਰਕੁਸ ਨੂੰ ਲਿਜਾਣ ਤੇ ਅੜਿਆ ਹੋਇਆ ਸੀ ਅਤੇ ਪੌਲੁਸ ਨਾ ਲਿਜਾਣ ਤੇ। ਰਸੂਲਾਂ ਦੇ ਕੰਮ 15:39 ਵਿਚ ਦੱਸਿਆ ਹੈ: “ਇਸ ਗੱਲ ʼਤੇ ਉਨ੍ਹਾਂ ਦੋਹਾਂ ਵਿਚ ਬਹੁਤ ਝਗੜਾ ਹੋਇਆ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਗਏ।” ਬਰਨਾਬਾਸ ਨੇ ਮਰਕੁਸ ਨੂੰ ਆਪਣੇ ਨਾਲ ਲਿਆ ਅਤੇ ਸਮੁੰਦਰੀ ਜਹਾਜ਼ ਰਾਹੀਂ ਸਾਈਪ੍ਰਸ ਨੂੰ ਚਲਾ ਗਿਆ। ਪੌਲੁਸ ਆਪਣੀਆਂ ਯੋਜਨਾਵਾਂ ਮੁਤਾਬਕ ਸਫ਼ਰ ʼਤੇ ਤੁਰ ਪਿਆ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਭਰਾਵਾਂ ਨੇ ਪੌਲੁਸ ਨੂੰ ਯਹੋਵਾਹ ਦੇ ਸਹਾਰੇ ਛੱਡ ਦਿੱਤਾ ਕਿ ਉਹ ਉਸ ਉੱਤੇ ਆਪਣੀ ਅਪਾਰ ਕਿਰਪਾ ਕਰੇ। ਇਸ ਤੋਂ ਬਾਅਦ ਪੌਲੁਸ ਨੇ ਸੀਲਾਸ ਨੂੰ ਚੁਣਿਆ। ਉਹ ਸੀਰੀਆ ਅਤੇ ਕਿਲਿਕੀਆ ਵਿੱਚੋਂ ਜਾਂਦਾ ਹੋਇਆ ਮੰਡਲੀਆਂ ਦਾ ਹੌਸਲਾ ਵਧਾਉਂਦਾ ਗਿਆ।”​—ਰਸੂ. 15:40, 41.

11. ਕਿਸੇ ਝਗੜੇ ਕਰਕੇ ਰਿਸ਼ਤੇ ਵਿਚ ਆਈ ਦਰਾੜ ਨੂੰ ਭਰਨ ਲਈ ਮਸੀਹੀਆਂ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ?

11 ਇਹ ਪੜ੍ਹ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਸਾਰੇ ਨਾਮੁਕੰਮਲ ਹਾਂ। ਪ੍ਰਬੰਧਕ ਸਭਾ ਨੇ ਪੌਲੁਸ ਅਤੇ ਬਰਨਾਬਾਸ ਨੂੰ ਇਕ ਖ਼ਾਸ ਕੰਮ ਲਈ ਘੱਲਿਆ ਸੀ। ਪੌਲੁਸ ਸ਼ਾਇਦ ਆਪ ਵੀ ਪ੍ਰਬੰਧਕ ਸਭਾ ਦਾ ਮੈਂਬਰ ਬਣ ਗਿਆ ਸੀ। ਫਿਰ ਵੀ ਨਾਮੁਕੰਮਲ ਹੋਣ ਕਰਕੇ ਇਸ ਮਾਮਲੇ ਵਿਚ ਪੌਲੁਸ ਅਤੇ ਬਰਨਾਬਾਸ ਆਪੇ ਤੋਂ ਬਾਹਰ ਹੋ ਗਏ। ਕੀ ਉਨ੍ਹਾਂ ਨੇ ਆਪਣੇ ਵਿਚ ਹਮੇਸ਼ਾ ਲਈ ਪਾੜ ਪਿਆ ਰਹਿਣ ਦਿੱਤਾ? ਭਾਵੇਂ ਕਿ ਪੌਲੁਸ ਅਤੇ ਬਰਨਾਬਾਸ ਨਾਮੁਕੰਮਲ ਸਨ, ਫਿਰ ਵੀ ਉਹ ਨਿਮਰ ਸਨ ਅਤੇ ਮਸੀਹ ਵਾਂਗ ਸੋਚਦੇ ਸਨ। ਇਸ ਲਈ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਮਸੀਹੀ ਭਰਾ ਹੋਣ ਦੇ ਨਾਤੇ ਇਕ-ਦੂਜੇ ਨੂੰ ਮਾਫ਼ ਕਰ ਦਿੱਤਾ। (ਅਫ਼. 4:1-3) ਬਾਅਦ ਵਿਚ ਪੌਲੁਸ ਅਤੇ ਮਰਕੁਸ ਨੇ ਵੀ ਪਰਮੇਸ਼ੁਰ ਦੀ ਸੇਵਾ ਵਿਚ ਇਕੱਠਿਆਂ ਕੰਮ ਕੀਤਾ।a​—ਕੁਲੁ. 4:10.

12. ਅੱਜ ਪੌਲੁਸ ਅਤੇ ਬਰਨਾਬਾਸ ਦੀ ਰੀਸ ਕਰਦੇ ਹੋਏ ਨਿਗਾਹਬਾਨਾਂ ਨੂੰ ਕਿਹੜੇ ਗੁਣ ਦਿਖਾਉਣੇ ਚਾਹੀਦੇ ਹਨ?

12 ਬਰਨਾਬਾਸ ਅਤੇ ਪੌਲੁਸ ਝਗੜਾਲੂ ਸੁਭਾਅ ਦੇ ਨਹੀਂ ਸਨ। ਬਰਨਾਬਾਸ ਜ਼ਬਾਨ ਦਾ ਮਿੱਠਾ, ਦਰਿਆ-ਦਿਲ ਅਤੇ ਦੋਸਤਾਨਾ ਸੁਭਾਅ ਦਾ ਇਨਸਾਨ ਸੀ। ਇਸੇ ਕਰਕੇ ਉਸ ਨੂੰ ਉਸ ਦੇ ਅਸਲੀ ਨਾਂ ਯੂਸੁਫ਼ ਤੋਂ ਬੁਲਾਉਣ ਦੀ ਬਜਾਇ ਰਸੂਲਾਂ ਨੇ ਉਸ ਦਾ ਨਾਂ ਬਰਨਾਬਾਸ ਰੱਖਿਆ ਜਿਸ ਦਾ ਮਤਲਬ ਹੈ “ਦਿਲਾਸੇ ਦਾ ਪੁੱਤਰ।” (ਰਸੂ. 4:36) ਪੌਲੁਸ ਵੀ ਦੂਜਿਆਂ ਨਾਲ ਪਿਆਰ ਤੇ ਨਰਮਾਈ ਨਾਲ ਪੇਸ਼ ਆਉਂਦਾ ਸੀ। (1 ਥੱਸ. 2:7, 8) ਪੌਲੁਸ ਅਤੇ ਬਰਨਾਬਾਸ ਦੀ ਰੀਸ ਕਰਦੇ ਹੋਏ ਅੱਜ ਸਾਰੇ ਮਸੀਹੀ ਨਿਗਾਹਬਾਨਾਂ ਅਤੇ ਸਰਕਟ ਓਵਰਸੀਅਰਾਂ ਨੂੰ ਨਿਮਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਦੂਜੇ ਬਜ਼ੁਰਗਾਂ ਅਤੇ ਭੈਣਾਂ-ਭਰਾਵਾਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।​—1 ਪਤ. 5:2, 3.

“ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ” (ਰਸੂ. 16:1-3)

13, 14. (ੳ) ਤਿਮੋਥਿਉਸ ਕੌਣ ਸੀ ਅਤੇ ਪੌਲੁਸ ਸ਼ਾਇਦ ਉਸ ਨੂੰ ਕਦੋਂ ਮਿਲਿਆ ਸੀ? (ਅ) ਕਿਸ ਕਾਰਨ ਪੌਲੁਸ ਨੇ ਤਿਮੋਥਿਉਸ ਵਿਚ ਖ਼ਾਸ ਦਿਲਚਸਪੀ ਦਿਖਾਈ ਸੀ? (ੲ) ਤਿਮੋਥਿਉਸ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ?

13 ਦੂਸਰਾ ਦੌਰਾ ਕਰਦਿਆਂ ਪੌਲੁਸ ਰੋਮੀ ਸੂਬੇ ਗਲਾਤੀਆ ਵਿਚ ਗਿਆ ਜਿੱਥੇ ਕੁਝ ਮੰਡਲੀਆਂ ਸਥਾਪਿਤ ਹੋ ਚੁੱਕੀਆਂ ਸਨ। ਸਫ਼ਰ ਕਰਦਿਆਂ ਉਹ “ਦਰਬੇ ਅਤੇ ਫਿਰ ਲੁਸਤ੍ਰਾ ਆਇਆ।” ਬਾਈਬਲ ਦੱਸਦੀ ਹੈ: “ਉੱਥੇ ਤਿਮੋਥਿਉਸ ਨਾਂ ਦਾ ਇਕ ਚੇਲਾ ਸੀ ਜਿਹੜਾ ਨਿਹਚਾ ਕਰਨ ਵਾਲੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।”​—ਰਸੂ. 16:1.b

14 ਪੌਲੁਸ ਸ਼ਾਇਦ 47 ਈਸਵੀ ਵਿਚ ਤਿਮੋਥਿਉਸ ਦੇ ਪਰਿਵਾਰ ਨੂੰ ਮਿਲਿਆ ਸੀ ਜਦੋਂ ਉਹ ਪਹਿਲੀ ਵਾਰ ਲੁਸਤ੍ਰਾ ਗਿਆ ਸੀ। ਦੋ-ਤਿੰਨ ਸਾਲਾਂ ਬਾਅਦ ਆਪਣੇ ਦੂਜੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਨੇ ਤਿਮੋਥਿਉਸ ਵਿਚ ਖ਼ਾਸ ਦਿਲਚਸਪੀ ਦਿਖਾਈ। ਕਿਉਂ? ਕਿਉਂਕਿ ਮੰਡਲੀ ਦੇ ਭਰਾ ਤਿਮੋਥਿਉਸ ਦੀਆਂ “ਬਹੁਤ ਸਿਫ਼ਤਾਂ ਕਰਦੇ ਸਨ।” ਤਿਮੋਥਿਉਸ ਨੂੰ ਨਾ ਸਿਰਫ਼ ਉਸ ਦੇ ਸ਼ਹਿਰ ਦੇ ਭਰਾ ਪਸੰਦ ਕਰਦੇ ਸਨ, ਸਗੋਂ ਦੂਸਰੀਆਂ ਥਾਵਾਂ ਦੇ ਭਰਾਵਾਂ ਵਿਚ ਵੀ ਉਸ ਦੀ ਨੇਕਨਾਮੀ ਸੀ। ਬਾਈਬਲ ਦੱਸਦੀ ਹੈ ਕਿ ਲੁਸਤ੍ਰਾ ਅਤੇ ਇਸ ਤੋਂ ਲਗਭਗ 30 ਕਿਲੋਮੀਟਰ (ਲਗਭਗ 20 ਮੀਲ) ਦੂਰ ਇਕੁਨਿਉਮ ਦੇ ਭਰਾ ਵੀ ਉਸ ਬਾਰੇ ਚੰਗੀਆਂ ਗੱਲਾਂ ਕਹਿ ਰਹੇ ਸਨ। (ਰਸੂ. 16:2) ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਬਜ਼ੁਰਗਾਂ ਨੇ ਨੌਜਵਾਨ ਤਿਮੋਥਿਉਸ ਨੂੰ ਇਹ ਭਾਰੀ ਜ਼ਿੰਮੇਵਾਰੀ ਦਿੱਤੀ ਕਿ ਉਹ ਸਫ਼ਰ ਦੌਰਾਨ ਪੌਲੁਸ ਅਤੇ ਸੀਲਾਸ ਦੀ ਮਦਦ ਕਰੇ।​—ਰਸੂ. 16:3.

15, 16. ਤਿਮੋਥਿਉਸ ਦੀ ਇੰਨੀ ਨੇਕਨਾਮੀ ਕਿਉਂ ਸੀ?

15 ਇੰਨੀ ਛੋਟੀ ਉਮਰੇ ਤਿਮੋਥਿਉਸ ਨੇ ਨੇਕਨਾਮੀ ਕਿਵੇਂ ਖੱਟੀ ਸੀ? ਕੀ ਇਸ ਕਰਕੇ ਕਿ ਉਹ ਹੁਸ਼ਿਆਰ ਸੀ ਜਾਂ ਦੇਖਣ ਨੂੰ ਸੋਹਣਾ-ਸੁਨੱਖਾ ਸੀ ਜਾਂ ਉਸ ਵਿਚ ਕੁਦਰਤੀ ਕਾਬਲੀਅਤਾਂ ਸਨ? ਇਨਸਾਨ ਅਕਸਰ ਇਨ੍ਹਾਂ ਖੂਬੀਆਂ ਦੇ ਕਾਇਲ ਹੋ ਜਾਂਦੇ ਹਨ। ਇਕ ਵਾਰ ਨਬੀ ਸਮੂਏਲ ਵੀ ਕਿਸੇ ਦੀ ਸ਼ਕਲ-ਸੂਰਤ ਤੇ ਕੱਦ-ਕਾਠ ਦੇਖ ਕੇ ਪ੍ਰਭਾਵਿਤ ਹੋਇਆ ਸੀ। ਪਰ ਯਹੋਵਾਹ ਨੇ ਉਸ ਨੂੰ ਚੇਤੇ ਕਰਾਇਆ: “ਜਿਸ ਤਰ੍ਹਾਂ ਇਨਸਾਨ ਦੇਖਦਾ ਹੈ, ਪਰਮੇਸ਼ੁਰ ਉਸ ਤਰ੍ਹਾਂ ਨਹੀਂ ਦੇਖਦਾ ਕਿਉਂਕਿ ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।” (1 ਸਮੂ. 16:7) ਤਿਮੋਥਿਉਸ ਨੇ ਕੁਦਰਤੀ ਕਾਬਲੀਅਤਾਂ ਕਰਕੇ ਨਹੀਂ, ਸਗੋਂ ਆਪਣੇ ਮਸੀਹੀ ਗੁਣਾਂ ਕਰਕੇ ਆਪਣੇ ਭੈਣਾਂ-ਭਰਾਵਾਂ ਵਿਚ ਚੰਗਾ ਨਾਂ ਕਮਾਇਆ ਸੀ।

16 ਸਾਲਾਂ ਬਾਅਦ ਪੌਲੁਸ ਰਸੂਲ ਨੇ ਤਿਮੋਥਿਉਸ ਦੇ ਕੁਝ ਮਸੀਹੀ ਗੁਣਾਂ ਦਾ ਜ਼ਿਕਰ ਕੀਤਾ ਸੀ। ਪੌਲੁਸ ਨੇ ਤਿਮੋਥਿਉਸ ਦੇ ਚੰਗੇ ਸੁਭਾਅ ਤੇ ਨਿਰਸੁਆਰਥ ਪਿਆਰ ਦੀ ਗੱਲ ਕਰਦੇ ਹੋਏ ਦੱਸਿਆ ਕਿ ਉਹ ਜ਼ਿੰਮੇਵਾਰੀਆਂ ਨਿਭਾਉਣ ਵਿਚ ਸਖ਼ਤ ਮਿਹਨਤ ਕਰਦਾ ਸੀ। (ਫ਼ਿਲਿ. 2:20-22) ਤਿਮੋਥਿਉਸ ਦੀ ਨਿਹਚਾ “ਸੱਚੀ” ਸੀ।​—2 ਤਿਮੋ. 1:5.

17. ਨੌਜਵਾਨ ਅੱਜ ਤਿਮੋਥਿਉਸ ਦੀ ਨਕਲ ਕਿਵੇਂ ਕਰ ਸਕਦੇ ਹਨ?

17 ਅੱਜ ਤਿਮੋਥਿਉਸ ਦੀ ਨਕਲ ਕਰਦੇ ਹੋਏ ਕਈ ਨੌਜਵਾਨ ਆਪਣੇ ਅੰਦਰ ਮਸੀਹੀ ਗੁਣ ਪੈਦਾ ਕਰਦੇ ਹਨ ਅਤੇ ਪਰਮੇਸ਼ੁਰ ਤੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਨੇਕਨਾਮੀ ਖੱਟਦੇ ਹਨ। ਕਈ ਤਾਂ ਛੋਟੀ ਉਮਰ ਤੋਂ ਹੀ ਇਸ ਤਰ੍ਹਾਂ ਕਰਦੇ ਹਨ। (ਕਹਾ. 22:1; 1 ਤਿਮੋ. 4:15) ਉਨ੍ਹਾਂ ਦੀ ਨਿਹਚਾ ਵਿਚ ਕੋਈ ਕਪਟ ਨਹੀਂ ਹੁੰਦਾ ਅਤੇ ਉਹ ਦੋਗਲੀ ਜ਼ਿੰਦਗੀ ਨਹੀਂ ਜੀਉਂਦੇ। (ਜ਼ਬੂ. 26:4) ਇਸ ਦੇ ਨਤੀਜੇ ਵਜੋਂ ਤਿਮੋਥਿਉਸ ਵਾਂਗ ਕਈ ਨੌਜਵਾਨ ਮੰਡਲੀ ਵਿਚ ਵਧੀਆ ਕੰਮ ਕਰਦੇ ਹਨ। ਯਹੋਵਾਹ ਨੂੰ ਪਿਆਰ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ ਜਦੋਂ ਇਹ ਨੌਜਵਾਨ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਦੇ ਅਤੇ ਸਮਾਂ ਆਉਣ ਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਨ।

“ਨਿਹਚਾ ਪੱਕੀ ਹੁੰਦੀ ਗਈ” (ਰਸੂ. 16:4, 5)

18. (ੳ) ਸਫ਼ਰੀ ਨਿਗਾਹਬਾਨਾਂ ਵਜੋਂ ਪੌਲੁਸ ਅਤੇ ਤਿਮੋਥਿਉਸ ਨੂੰ ਕਿਹੜੇ ਸਨਮਾਨ ਮਿਲੇ ਸਨ? (ਅ) ਮੰਡਲੀਆਂ ਨੂੰ ਕੀ ਫ਼ਾਇਦਾ ਹੋਇਆ?

18 ਪੌਲੁਸ ਅਤੇ ਤਿਮੋਥਿਉਸ ਕਈ ਸਾਲਾਂ ਤਾਈਂ ਇਕੱਠੇ ਕੰਮ ਕਰਦੇ ਰਹੇ। ਪ੍ਰਬੰਧਕ ਸਭਾ ਨੇ ਇਨ੍ਹਾਂ ਸਫ਼ਰੀ ਨਿਗਾਹਬਾਨਾਂ ਨੂੰ ਕਈ ਵੱਖੋ-ਵੱਖਰੇ ਕੰਮ ਕਰਨ ਲਈ ਘੱਲਿਆ। ਬਾਈਬਲ ਵਿਚ ਦੱਸਿਆ ਹੈ: “ਉਹ ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ʼਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ।” (ਰਸੂ. 16:4) ਮੰਡਲੀਆਂ ਨੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਤੋਂ ਮਿਲੀਆਂ ਹਿਦਾਇਤਾਂ ਨੂੰ ਸਵੀਕਾਰ ਕੀਤਾ। ਇਨ੍ਹਾਂ ਹਿਦਾਇਤਾਂ ਨੂੰ ਮੰਨਣ ਕਰਕੇ “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।”​—ਰਸੂ. 16:5.

19, 20. ਮਸੀਹੀਆਂ ਨੂੰ ‘ਅਗਵਾਈ ਕਰਨ ਵਾਲਿਆਂ’ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?

19 ਅੱਜ ਵੀ ਯਹੋਵਾਹ ਦੇ ਗਵਾਹਾਂ ਨੂੰ ਫ਼ਾਇਦਾ ਹੁੰਦਾ ਹੈ ਜਦੋਂ ਉਹ ਅਧੀਨ ਹੋ ਕੇ ‘ਅਗਵਾਈ ਕਰਨ’ ਵਾਲਿਆਂ ਦਾ ਕਹਿਣਾ ਮੰਨਦੇ ਹਨ। (ਇਬ. 13:17) ਇਹ ਦੁਨੀਆਂ ਬਦਲਦੀ ਜਾ ਰਹੀ ਹੈ, ਇਸ ਲਈ ਮਸੀਹੀਆਂ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਦਿੱਤੀ ਜਾਂਦੀ ਸੇਧ ਅਤੇ ਹਿਦਾਇਤਾਂ ਮੁਤਾਬਕ ਚੱਲਣਾ ਜ਼ਰੂਰੀ ਹੈ। (ਮੱਤੀ 24:45; 1 ਕੁਰਿੰ. 7:29-31) ਇਸ ਤਰ੍ਹਾਂ ਅਸੀਂ ਸੱਚਾਈ ਦੇ ਰਾਹ ਤੋਂ ਨਹੀਂ ਭਟਕਾਂਗੇ ਅਤੇ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰਹਾਂਗੇ।​—ਯਾਕੂ. 1:27.

20 ਇਹ ਸੱਚ ਹੈ ਕਿ ਪੌਲੁਸ, ਬਰਨਾਬਾਸ, ਮਰਕੁਸ ਅਤੇ ਪਹਿਲੀ ਸਦੀ ਦੇ ਹੋਰ ਚੁਣੇ ਹੋਏ ਬਜ਼ੁਰਗਾਂ ਵਾਂਗ ਅੱਜ ਪ੍ਰਬੰਧਕ ਸਭਾ ਦੇ ਮੈਂਬਰ ਅਤੇ ਹੋਰ ਮਸੀਹੀ ਨਿਗਾਹਬਾਨ ਨਾਮੁਕੰਮਲ ਹਨ। (ਰੋਮੀ. 5:12; ਯਾਕੂ. 3:2) ਪਰ ਪ੍ਰਬੰਧਕ ਸਭਾ ਖ਼ੁਦ ਪਰਮੇਸ਼ੁਰ ਦੇ ਬਚਨ ਦੀ ਸਖ਼ਤੀ ਨਾਲ ਪਾਲਣਾ ਕਰ ਕੇ ਅਤੇ ਰਸੂਲਾਂ ਦੀ ਮਿਸਾਲ ਉੱਤੇ ਚੱਲ ਕੇ ਆਪਣੇ ਆਪ ਨੂੰ ਭਰੋਸੇ ਦੇ ਲਾਇਕ ਸਾਬਤ ਕਰਦੀ ਹੈ। (2 ਤਿਮੋ. 1:13, 14) ਨਤੀਜੇ ਵਜੋਂ, ਮੰਡਲੀਆਂ ਦਾ ਹੌਸਲਾ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਹੁੰਦੀ ਜਾ ਰਹੀ ਹੈ।

ਤਿਮੋਥਿਉਸ “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ” ਮਿਹਨਤ ਕਰਦਾ ਹੈ

ਤਿਮੋਥਿਉਸ ਪੌਲੁਸ ਰਸੂਲ ਦਾ ਸੱਜਾ ਹੱਥ ਸੀ। ਲਗਭਗ 11 ਸਾਲ ਇਕੱਠੇ ਸੇਵਾ ਕਰਨ ਤੋਂ ਬਾਅਦ ਪੌਲੁਸ ਨੇ ਤਿਮੋਥਿਉਸ ਬਾਰੇ ਲਿਖਿਆ: “ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੋਵੇ। . . . ਪਰ ਤੁਸੀਂ ਉਸ ਦੀ ਚੰਗੀ ਮਿਸਾਲ ਬਾਰੇ ਜਾਣਦੇ ਹੋ ਕਿ ਜਿਵੇਂ ਇਕ ਬੱਚਾ ਆਪਣੇ ਪਿਤਾ ਦੀ ਮਦਦ ਕਰਦਾ ਹੈ, ਉਸੇ ਤਰ੍ਹਾਂ ਉਸ ਨੇ ਮੇਰੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮਿਹਨਤ ਕੀਤੀ ਹੈ।” (ਫ਼ਿਲਿ. 2:20, 22) ਤਿਮੋਥਿਉਸ ਨੇ ਤਨ-ਮਨ ਲਾ ਕੇ ਪ੍ਰਚਾਰ ਦਾ ਕੰਮ ਕੀਤਾ ਜਿਸ ਕਰਕੇ ਉਹ ਪੌਲੁਸ ਨੂੰ ਬਹੁਤ ਪਿਆਰਾ ਸੀ ਤੇ ਉਸ ਨੇ ਸਾਡੇ ਲਈ ਵੀ ਚੰਗੀ ਮਿਸਾਲ ਕਾਇਮ ਕੀਤੀ।

ਤਿਮੋਥਿਉਸ।

ਤਿਮੋਥਿਉਸ ਦਾ ਪਿਤਾ ਯੂਨਾਨੀ ਸੀ ਅਤੇ ਮਾਤਾ ਯਹੂਦਣ ਸੀ ਤੇ ਉਹ ਲੁਸਤ੍ਰਾ ਵਿਚ ਜੰਮਿਆ-ਪਲ਼ਿਆ ਸੀ। ਤਿਮੋਥਿਉਸ ਨੂੰ ਛੋਟੀ ਉਮਰ ਤੋਂ ਹੀ ਉਸ ਦੀ ਮਾਂ ਯੂਨੀਕਾ ਅਤੇ ਨਾਨੀ ਲੋਇਸ ਨੇ ਪਵਿੱਤਰ ਲਿਖਤਾਂ ਦਾ ਗਿਆਨ ਦਿੱਤਾ ਸੀ। (ਰਸੂ. 16:1, 3; 2 ਤਿਮੋ. 1:5; 3:14, 15) ਉਹ, ਉਸ ਦੀ ਮਾਂ ਅਤੇ ਨਾਨੀ ਇਕੱਠੇ ਮਸੀਹੀ ਬਣੇ ਸਨ ਜਦੋਂ ਪੌਲੁਸ ਪਹਿਲੀ ਵਾਰ ਉਸ ਦੇ ਸ਼ਹਿਰ ਗਿਆ ਸੀ।

ਕੁਝ ਸਾਲਾਂ ਬਾਅਦ ਜਦੋਂ ਪੌਲੁਸ ਦੁਬਾਰਾ ਉਸ ਸ਼ਹਿਰ ਆਇਆ, ਤਾਂ ਉਸ ਵੇਲੇ ਤਿਮੋਥਿਉਸ ਦੀ ਉਮਰ ਸ਼ਾਇਦ 19-20 ਸਾਲਾਂ ਦੀ ਸੀ ਤੇ “ਲੁਸਤ੍ਰਾ ਅਤੇ ਇਕੁਨਿਉਮ ਦੇ ਭਰਾ ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ।” (ਰਸੂ. 16:2) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਇਸ ਨੌਜਵਾਨ ਬਾਰੇ “ਭਵਿੱਖਬਾਣੀਆਂ” ਕੀਤੀਆਂ ਗਈਆਂ ਸਨ ਜਿਨ੍ਹਾਂ ਮੁਤਾਬਕ ਪੌਲੁਸ ਅਤੇ ਮੰਡਲੀ ਦੇ ਬਜ਼ੁਰਗਾਂ ਨੇ ਤਿਮੋਥਿਉਸ ਨੂੰ ਸੇਵਾ ਦਾ ਖ਼ਾਸ ਸਨਮਾਨ ਸੌਂਪਿਆ। (1 ਤਿਮੋ. 1:18; 4:14; 2 ਤਿਮੋ. 1:6) ਉਸ ਨੇ ਸਫ਼ਰ ਦੌਰਾਨ ਪੌਲੁਸ ਦਾ ਸਾਥ ਦੇਣਾ ਸੀ ਜਿਸ ਕਰਕੇ ਤਿਮੋਥਿਉਸ ਨੂੰ ਆਪਣਾ ਘਰ ਛੱਡਣਾ ਪਿਆ। ਉਸ ਨੂੰ ਆਪਣੀ ਸੁੰਨਤ ਵੀ ਕਰਾਉਣੀ ਪਈ ਤਾਂਕਿ ਯਹੂਦੀਆਂ ਨੂੰ ਉਸ ʼਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ।​—ਰਸੂ. 16:3.

ਤਿਮੋਥਿਉਸ ਨੇ ਬਹੁਤ ਸਫ਼ਰ ਕੀਤਾ। ਉਸ ਨੇ ਫ਼ਿਲਿੱਪੈ ਵਿਚ ਪੌਲੁਸ ਅਤੇ ਸੀਲਾਸ ਨਾਲ, ਬਰੀਆ ਵਿਚ ਸੀਲਾਸ ਨਾਲ ਅਤੇ ਥੱਸਲੁਨੀਕਾ ਵਿਚ ਇਕੱਲੇ ਨੇ ਪ੍ਰਚਾਰ ਕੀਤਾ ਸੀ। ਕੁਰਿੰਥੁਸ ਵਿਚ ਪੌਲੁਸ ਨੂੰ ਦੁਬਾਰਾ ਮਿਲ ਕੇ ਤਿਮੋਥਿਉਸ ਨੇ ਉਸ ਨੂੰ ਖ਼ੁਸ਼ ਖ਼ਬਰੀ ਦਿੱਤੀ ਕਿ ਥੱਸਲੁਨੀਕਾ ਦੇ ਮਸੀਹੀਆਂ ਨੇ ਮੁਸੀਬਤਾਂ ਵਿਚ ਵੀ ਆਪਣੇ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ। (ਰਸੂ. 16:6–17:14; 1 ਥੱਸ. 3:2-6) ਅਫ਼ਸੁਸ ਵਿਚ ਹੁੰਦਿਆਂ ਪੌਲੁਸ ਨੂੰ ਕੁਰਿੰਥੁਸ ਦੇ ਮਸੀਹੀਆਂ ਬਾਰੇ ਮਾੜੀ ਖ਼ਬਰ ਮਿਲੀ। ਉਸ ਵੇਲੇ ਉਸ ਨੇ ਤਿਮੋਥਿਉਸ ਨੂੰ ਕੁਰਿੰਥੁਸ ਭੇਜਣ ਬਾਰੇ ਸੋਚਿਆ ਸੀ। (1 ਕੁਰਿੰ. 4:17) ਬਾਅਦ ਵਿਚ ਪੌਲੁਸ ਨੇ ਅਫ਼ਸੁਸ ਤੋਂ ਤਿਮੋਥਿਉਸ ਤੇ ਅਰਾਸਤੁਸ ਨੂੰ ਮਕਦੂਨੀਆ ਭੇਜਿਆ ਸੀ। ਪਰ ਜਦੋਂ ਪੌਲੁਸ ਨੇ ਰੋਮੀਆਂ ਨੂੰ ਚਿੱਠੀ ਲਿਖੀ ਸੀ, ਉਸ ਵੇਲੇ ਤਿਮੋਥਿਉਸ ਕੁਰਿੰਥੁਸ ਵਿਚ ਉਸ ਕੋਲ ਵਾਪਸ ਆ ਗਿਆ ਸੀ। (ਰਸੂ. 19:22; ਰੋਮੀ. 16:21) ਇੱਥੇ ਤਿਮੋਥਿਉਸ ਦੇ ਕੁਝ ਕੁ ਸਫ਼ਰਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਉਸ ਨੇ ਖ਼ੁਸ਼ ਖ਼ਬਰੀ ਦੀ ਖ਼ਾਤਰ ਕੀਤੇ ਸਨ।

ਤਿਮੋਥਿਉਸ ਆਪਣੇ ਅਧਿਕਾਰ ਨੂੰ ਵਰਤਣ ਤੋਂ ਥੋੜ੍ਹਾ ਜਿਹਾ ਝਿਜਕਦਾ ਸੀ, ਇਸ ਲਈ ਪੌਲੁਸ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਸੀ: “ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਕਦੇ ਵੀ ਐਵੇਂ ਨਾ ਸਮਝੇ।” (1 ਤਿਮੋ. 4:12) ਪਰ ਪੌਲੁਸ ਨੇ ਭਰੋਸੇ ਨਾਲ ਉਸ ਨੂੰ ਇਕ ਮੰਡਲੀ ਵਿਚ ਘੱਲਿਆ ਸੀ ਜਿੱਥੇ ਗੜਬੜ ਸੀ ਅਤੇ ਉਸ ਨੂੰ ਇਹ ਹਿਦਾਇਤ ਦਿੱਤੀ: ‘ਤੂੰ ਕੁਝ ਲੋਕਾਂ ਨੂੰ ਵਰਜ ਕਿ ਉਹ ਗ਼ਲਤ ਸਿੱਖਿਆਵਾਂ ਨਾ ਦੇਣ।’ (1 ਤਿਮੋ. 1:3) ਪੌਲੁਸ ਨੇ ਮੰਡਲੀਆਂ ਵਿਚ ਤਿਮੋਥਿਉਸ ਨੂੰ ਨਿਗਾਹਬਾਨ ਤੇ ਸਹਾਇਕ ਸੇਵਕ ਨਿਯੁਕਤ ਕਰਨ ਦਾ ਵੀ ਅਧਿਕਾਰ ਦਿੱਤਾ ਸੀ।​—1 ਤਿਮੋ. 5:22.

ਤਿਮੋਥਿਉਸ ਦੇ ਚੰਗੇ ਗੁਣਾਂ ਕਰਕੇ ਪੌਲੁਸ ਉਸ ਨੂੰ ਬਹੁਤ ਪਿਆਰ ਕਰਦਾ ਸੀ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਹ ਪੌਲੁਸ ਦਾ ਕਰੀਬੀ, ਵਫ਼ਾਦਾਰ ਅਤੇ ਪਿਆਰਾ ਸਾਥੀ ਸੀ। ਪੌਲੁਸ ਉਸ ਨੂੰ ਆਪਣਾ ਪੁੱਤਰ ਸਮਝਦਾ ਸੀ। ਪੌਲੁਸ ਨੇ ਲਿਖਿਆ ਕਿ ਉਹ ਤਿਮੋਥਿਉਸ ਦੇ ਹੰਝੂਆਂ ਨੂੰ ਯਾਦ ਕਰ-ਕਰ ਕੇ ਉਸ ਨੂੰ ਦੇਖਣ ਲਈ ਤਰਸਦਾ ਸੀ ਅਤੇ ਉਸ ਲਈ ਪ੍ਰਾਰਥਨਾ ਕਰਦਾ ਸੀ। ਤਿਮੋਥਿਉਸ ਢਿੱਡ ਵਿਚ ਗੜਬੜ ਹੋਣ ਕਰਕੇ “ਵਾਰ-ਵਾਰ ਬੀਮਾਰ” ਹੋ ਜਾਂਦਾ ਸੀ, ਇਸ ਕਰਕੇ ਇਕ ਪਿਤਾ ਵਾਂਗ ਪੌਲੁਸ ਨੇ ਉਸ ਨੂੰ ਇਸ ਬਾਰੇ ਸਲਾਹ ਦਿੱਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਉਸ ਦੀ ਪਰਵਾਹ ਕਰਦਾ ਸੀ।​—1 ਤਿਮੋ. 5:23; 2 ਤਿਮੋ. 1:3, 4.

ਰੋਮ ਵਿਚ ਪੌਲੁਸ ਦੀ ਪਹਿਲੀ ਕੈਦ ਦੌਰਾਨ ਤਿਮੋਥਿਉਸ ਉਸ ਦੇ ਨਾਲ ਸੀ। ਤਿਮੋਥਿਉਸ ਨੂੰ ਵੀ ਕੁਝ ਸਮੇਂ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ ਸੀ। (ਫਿਲੇ. 1; ਇਬ. 13:23) ਉਨ੍ਹਾਂ ਦੋਵਾਂ ਵਿਚ ਇੰਨਾ ਲਗਾਅ ਸੀ ਕਿ ਆਪਣੀ ਮੌਤ ਨੇੜੇ ਆਉਂਦੀ ਦੇਖ ਕੇ ਪੌਲੁਸ ਨੇ ਤਿਮੋਥਿਉਸ ਨੂੰ ਸੁਨੇਹਾ ਘੱਲਿਆ: “ਮੇਰੇ ਕੋਲ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰ।” (2 ਤਿਮੋ. 4:6-9) ਬਾਈਬਲ ਵਿਚ ਇਹ ਨਹੀਂ ਦੱਸਿਆ ਕਿ ਤਿਮੋਥਿਉਸ ਆਪਣੇ ਪਿਆਰੇ ਦੋਸਤ ਨੂੰ ਆਖ਼ਰੀ ਵਾਰ ਮਿਲਣ ਲਈ ਪਹੁੰਚ ਸਕਿਆ ਸੀ ਜਾਂ ਨਹੀਂ।

ਮਰਕੁਸ ਨੂੰ ਕਈ ਜ਼ਿੰਮੇਵਾਰੀਆਂ ਮਿਲਦੀਆਂ ਹਨ

ਮਰਕੁਸ ਦੀ ਇੰਜੀਲ ਵਿਚ ਦੱਸਿਆ ਹੈ ਕਿ ਯਿਸੂ ਨੂੰ ਗਿਰਫ਼ਤਾਰ ਕਰਨ ਵਾਲੇ ਸਿਪਾਹੀਆਂ ਨੇ “ਇਕ ਨੌਜਵਾਨ” ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਸੀ ਜਿਹੜਾ “ਆਪਣਾ ਕੱਪੜਾ ਛੱਡ ਕੇ ਨੰਗੇ ਪਿੰਡੇ ਭੱਜ ਗਿਆ।” (ਮਰ. 14:51, 52) ਮਰਕੁਸ ਉਰਫ਼ ਯੂਹੰਨਾ ਮਰਕੁਸ ਨੇ ਹੀ ਆਪਣੀ ਇੰਜੀਲ ਵਿਚ ਇਹ ਜਾਣਕਾਰੀ ਦਰਜ ਕੀਤੀ ਸੀ, ਇਸ ਲਈ ਕਿਹਾ ਜਾ ਸਕਦਾ ਹੈ ਕਿ ਮਰਕੁਸ ਹੀ ਉਹ ਨੌਜਵਾਨ ਹੋਣਾ। ਜੇ ਇਹ ਸੱਚ ਹੈ, ਤਾਂ ਮਰਕੁਸ ਯਿਸੂ ਨੂੰ ਮਿਲਿਆ ਹੋਣਾ।

ਇਕ ਬਜ਼ੁਰਗ ਆਦਮੀ ਗੱਲ ਕਰ ਰਿਹਾ ਹੈ ਅਤੇ ਮਰਕੁਸ ਉਸ ਦੀਆਂ ਗੱਲਾਂ ਸੁਣ ਕੇ ਕੁਝ ਲਿਖ ਰਿਹਾ ਹੈ।

ਇਸ ਘਟਨਾ ਤੋਂ ਲਗਭਗ 11 ਸਾਲ ਬਾਅਦ ਜਦੋਂ ਹੇਰੋਦੇਸ ਅਗ੍ਰਿੱਪਾ ਮਸੀਹੀਆਂ ਉੱਤੇ ਅਤਿਆਚਾਰ ਕਰ ਰਿਹਾ ਸੀ, ਤਾਂ ਉਸ ਵੇਲੇ ਯਰੂਸ਼ਲਮ ਦੀ ਮੰਡਲੀ ਦੇ “ਕਈ ਚੇਲੇ” ਮਰਕੁਸ ਦੀ ਮਾਂ ਮਰੀਅਮ ਦੇ ਘਰ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ। ਪਤਰਸ ਰਸੂਲ ਚਮਤਕਾਰੀ ਢੰਗ ਨਾਲ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਸ ਦੇ ਘਰ ਗਿਆ ਸੀ। (ਰਸੂ. 12:12) ਇਸ ਤੋਂ ਲੱਗਦਾ ਹੈ ਕਿ ਜਿਸ ਘਰ ਵਿਚ ਮਰਕੁਸ ਦੀ ਪਰਵਰਿਸ਼ ਹੋਈ ਸੀ, ਉੱਥੇ ਬਾਅਦ ਵਿਚ ਮਸੀਹੀ ਸਭਾਵਾਂ ਹੁੰਦੀਆਂ ਸਨ। ਉਹ ਯਿਸੂ ਦੇ ਮੁਢਲੇ ਚੇਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਜਿਨ੍ਹਾਂ ਦਾ ਉਸ ਉੱਤੇ ਚੰਗਾ ਅਸਰ ਪਿਆ।

ਮਰਕੁਸ ਨੇ ਪਹਿਲੀ ਸਦੀ ਦੀਆਂ ਮਸੀਹੀ ਮੰਡਲੀਆਂ ਦੇ ਕਈ ਨਿਗਾਹਬਾਨਾਂ ਨਾਲ ਸੇਵਾ ਕੀਤੀ ਸੀ। ਜਿੱਥੋਂ ਤਕ ਸਾਨੂੰ ਪਤਾ ਹੈ, ਉਸ ਨੂੰ ਸੀਰੀਆ ਦੇ ਸ਼ਹਿਰ ਅੰਤਾਕੀਆ ਵਿਚ ਪੌਲੁਸ ਅਤੇ ਆਪਣੇ ਰਿਸ਼ਤੇਦਾਰ ਬਰਨਾਬਾਸ ਨਾਲ ਸੇਵਾ ਕਰਨ ਦਾ ਪਹਿਲਾ ਸਨਮਾਨ ਮਿਲਿਆ ਸੀ। (ਰਸੂ. 12:25) ਜਦੋਂ ਬਰਨਾਬਾਸ ਅਤੇ ਪੌਲੁਸ ਆਪਣੇ ਪਹਿਲੇ ਮਿਸ਼ਨਰੀ ਦੌਰੇ ʼਤੇ ਗਏ ਸਨ, ਤਾਂ ਉਹ ਉਨ੍ਹਾਂ ਨਾਲ ਪਹਿਲਾਂ ਸਾਈਪ੍ਰਸ ਤੇ ਫਿਰ ਏਸ਼ੀਆ ਮਾਈਨਰ ਗਿਆ ਸੀ। ਉੱਥੋਂ ਮਰਕੁਸ ਕਿਸੇ ਕਾਰਨ ਵਾਪਸ ਯਰੂਸ਼ਲਮ ਆ ਗਿਆ ਸੀ। (ਰਸੂ. 13:4, 13) ਜਿਵੇਂ ਰਸੂਲਾਂ ਦੇ ਕੰਮ ਦੇ 15ਵੇਂ ਅਧਿਆਇ ਵਿਚ ਦੱਸਿਆ ਹੈ, ਮਰਕੁਸ ਕਰਕੇ ਬਰਨਾਬਾਸ ਅਤੇ ਪੌਲੁਸ ਵਿਚ ਝਗੜਾ ਹੋਇਆ ਅਤੇ ਇਸ ਤੋਂ ਬਾਅਦ ਮਰਕੁਸ ਅਤੇ ਬਰਨਾਬਾਸ ਸਾਈਪ੍ਰਸ ਵਿਚ ਪ੍ਰਚਾਰ ਕਰਨ ਚਲੇ ਗਏ।​—ਰਸੂ. 15:36-39.

60 ਜਾਂ 61 ਈਸਵੀ ਵਿਚ ਮਰਕੁਸ ਨੇ ਪੌਲੁਸ ਨਾਲ ਰੋਮ ਵਿਚ ਸੇਵਾ ਕੀਤੀ। ਉਸ ਸਮੇਂ ਤਕ ਉਨ੍ਹਾਂ ਨੇ ਉਸ ਝਗੜੇ ਨੂੰ ਕਾਫ਼ੀ ਚਿਰ ਪਹਿਲਾਂ ਭੁਲਾ ਦਿੱਤਾ ਸੀ। ਰੋਮ ਵਿਚ ਜੇਲ੍ਹ ਵਿਚ ਹੁੰਦਿਆਂ ਪੌਲੁਸ ਨੇ ਕੁਲੁੱਸੈ ਦੀ ਮੰਡਲੀ ਨੂੰ ਲਿਖਿਆ ਸੀ: “ਕੈਦ ਵਿਚ ਮੇਰੇ ਸਾਥੀ ਅਰਿਸਤਰਖੁਸ ਵੱਲੋਂ ਤੁਹਾਨੂੰ ਨਮਸਕਾਰ। ਨਾਲੇ ਬਰਨਾਬਾਸ ਦੇ ਰਿਸ਼ਤੇਦਾਰ ਮਰਕੁਸ (ਜਿਸ ਬਾਰੇ ਤੁਹਾਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਉਹ ਤੁਹਾਡੇ ਕੋਲ ਆਇਆ, ਤਾਂ ਉਸ ਦਾ ਸੁਆਗਤ ਕੀਤਾ ਜਾਵੇ) . . . ਵੱਲੋਂ ਨਮਸਕਾਰ।” (ਕੁਲੁ. 4:10, 11) ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਕਿਸੇ ਕੰਮ ਲਈ ਯੂਹੰਨਾ ਮਰਕੁਸ ਨੂੰ ਰੋਮ ਤੋਂ ਕੁਲੁੱਸੈ ਭੇਜਣ ਬਾਰੇ ਸੋਚ ਰਿਹਾ ਸੀ।

62 ਤੇ 64 ਈਸਵੀ ਦੇ ਵਿਚਕਾਰ ਕਿਸੇ ਸਮੇਂ ਮਰਕੁਸ ਨੇ ਬਾਬਲ ਵਿਚ ਪਤਰਸ ਰਸੂਲ ਨਾਲ ਸੇਵਾ ਕੀਤੀ ਸੀ। ਇਸ ਕਿਤਾਬ ਦੇ 10ਵੇਂ ਅਧਿਆਇ ਵਿਚ ਅਸੀਂ ਪੜ੍ਹਿਆ ਸੀ ਕਿ ਉਨ੍ਹਾਂ ਵਿਚਕਾਰ ਕਰੀਬੀ ਰਿਸ਼ਤਾ ਸੀ ਕਿਉਂਕਿ ਪਤਰਸ ਨੇ ਆਪਣੀ ਚਿੱਠੀ ਵਿਚ ਉਸ ਦਾ ਜ਼ਿਕਰ “ਮੇਰੇ ਪੁੱਤਰ ਮਰਕੁਸ” ਵਜੋਂ ਕੀਤਾ ਸੀ।​—1 ਪਤ. 5:13.

ਅਖ਼ੀਰ ਲਗਭਗ 65 ਈਸਵੀ ਵਿਚ ਦੂਸਰੀ ਵਾਰ ਰੋਮ ਦੀ ਜੇਲ੍ਹ ਵਿਚ ਹੁੰਦਿਆਂ ਪੌਲੁਸ ਨੇ ਆਪਣੇ ਸਾਥੀ ਤਿਮੋਥਿਉਸ ਨੂੰ ਚਿੱਠੀ ਲਿਖੀ ਸੀ ਜੋ ਉਸ ਵੇਲੇ ਅਫ਼ਸੁਸ ਵਿਚ ਸੀ। ਉਸ ਨੇ ਲਿਖਿਆ: “ਮਰਕੁਸ ਨੂੰ ਆਪਣੇ ਨਾਲ ਲੈਂਦਾ ਆਈਂ ਕਿਉਂਕਿ ਸੇਵਾ ਦੇ ਕੰਮ ਵਿਚ ਮੈਨੂੰ ਉਸ ਤੋਂ ਬਹੁਤ ਮਦਦ ਮਿਲਦੀ ਹੈ।” (2 ਤਿਮੋ. 4:11) ਮਰਕੁਸ ਝੱਟ ਜਾਣ ਲਈ ਤਿਆਰ ਹੋ ਗਿਆ ਸੀ ਅਤੇ ਅਫ਼ਸੁਸ ਤੋਂ ਰੋਮ ਲਈ ਰਵਾਨਾ ਹੋ ਗਿਆ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਬਰਨਾਬਾਸ, ਪੌਲੁਸ ਅਤੇ ਪਤਰਸ ਉਸ ਦੀ ਕਦਰ ਕਰਦੇ ਸਨ।

ਮਰਕੁਸ ਨੂੰ ਸਭ ਤੋਂ ਵੱਡਾ ਸਨਮਾਨ ਇਹ ਮਿਲਿਆ ਕਿ ਯਹੋਵਾਹ ਨੇ ਉਸ ਨੂੰ ਇੰਜੀਲ ਲਿਖਣ ਲਈ ਪ੍ਰੇਰਿਆ। ਮੰਨਿਆ ਜਾਂਦਾ ਹੈ ਕਿ ਮਰਕੁਸ ਨੇ ਜ਼ਿਆਦਾਤਰ ਜਾਣਕਾਰੀ ਪਤਰਸ ਰਸੂਲ ਤੋਂ ਲਈ ਸੀ। ਮਰਕੁਸ ਦੀ ਇੰਜੀਲ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਸ ਵਿਚ ਦਿੱਤੀ ਜਾਣਕਾਰੀ ਪਤਰਸ ਵਰਗਾ ਇਨਸਾਨ ਹੀ ਦੇ ਸਕਦਾ ਸੀ ਜਿਸ ਨੇ ਇਹ ਗੱਲਾਂ ਆਪਣੀ ਅੱਖੀਂ ਦੇਖੀਆਂ ਸਨ। ਪਰ ਲੱਗਦਾ ਹੈ ਕਿ ਮਰਕੁਸ ਨੇ ਪਤਰਸ ਨਾਲ ਸੇਵਾ ਕਰਦਿਆਂ ਬਾਬਲ ਵਿਚ ਆਪਣੀ ਇੰਜੀਲ ਨਹੀਂ ਲਿਖੀ ਸੀ, ਸਗੋਂ ਰੋਮ ਵਿਚ ਲਿਖੀ ਸੀ। ਮਰਕੁਸ ਨੇ ਕਈ ਲਾਤੀਨੀ ਸ਼ਬਦ ਵਰਤੇ ਅਤੇ ਉਨ੍ਹਾਂ ਇਬਰਾਨੀ ਸ਼ਬਦਾਂ ਦਾ ਅਨੁਵਾਦ ਕੀਤਾ ਜੋ ਸ਼ਾਇਦ ਗ਼ੈਰ-ਯਹੂਦੀਆਂ ਲਈ ਸਮਝਣੇ ਔਖੇ ਸਨ। ਇਸ ਲਈ ਲੱਗਦਾ ਹੈ ਕਿ ਉਸ ਨੇ ਆਪਣੀ ਇੰਜੀਲ ਮੁੱਖ ਤੌਰ ਤੇ ਗ਼ੈਰ-ਯਹੂਦੀ ਲੋਕਾਂ ਲਈ ਲਿਖੀ ਸੀ।

a “ਮਰਕੁਸ ਨੂੰ ਕਈ ਜ਼ਿੰਮੇਵਾਰੀਆਂ ਮਿਲਦੀਆਂ ਹਨ” ਨਾਂ ਦੀ ਡੱਬੀ ਦੇਖੋ।

b “ਤਿਮੋਥਿਉਸ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ’ ਮਿਹਨਤ ਕਰਦਾ ਹੈ” ਨਾਂ ਦੀ ਡੱਬੀ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ