ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr18 ਜੂਨ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
  • ਸਿਰਲੇਖ
  • 4-10 ਜੂਨ
  • 11-17 ਜੂਨ
  • 18-24 ਜੂਨ
  • 25 ਜੂਨ–1 ਜੁਲਾਈ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
mwbr18 ਜੂਨ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

4-10 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 15-16

“ਯਿਸੂ ʼਤੇ ਭਵਿੱਖਬਾਣੀਆਂ ਪੂਰੀਆਂ ਹੋਈਆਂ”

(ਮਰਕੁਸ 15:3-5) ਪਰ ਮੁੱਖ ਪੁਜਾਰੀਆਂ ਨੇ ਉਸ ਉੱਤੇ ਕਈ ਇਲਜ਼ਾਮ ਲਾਏ। 4 ਹੁਣ ਫਿਰ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਕੁਝ ਨਹੀਂ ਕਹੇਂਗਾ? ਦੇਖ ਇਹ ਤੇਰੇ ਖ਼ਿਲਾਫ਼ ਕਿੰਨੀਆਂ ਗੱਲਾਂ ਕਹਿ ਰਹੇ ਹਨ।” 5 ਪਰ ਯਿਸੂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ, ਇਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ।

(ਮਰਕੁਸ 15:24) ਉਨ੍ਹਾਂ ਨੇ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ ਅਤੇ ਗੁਣੇ ਪਾ ਕੇ ਉਸ ਦੇ ਕੱਪੜੇ ਆਪਸ ਵਿਚ ਵੰਡ ਲਏ।

(ਮਰਕੁਸ 15:29, 30) ਉੱਥੋਂ ਲੰਘਣ ਵਾਲੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ ਅਤੇ ਘਿਰਣਾ ਨਾਲ ਸਿਰ ਹਿਲਾ ਕੇ ਕਹਿੰਦੇ ਸਨ: “ਹੂੰਹ, ਬੜਾ ਆਇਆ ਮੰਦਰ ਨੂੰ ਢਾਹ ਕੇ ਤਿੰਨਾਂ ਦਿਨਾਂ ਵਿਚ ਬਣਾਉਣ ਵਾਲਾ, 30 ਹੁਣ ਤਸੀਹੇ ਦੀ ਸੂਲ਼ੀ ਤੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਕੇ ਦਿਖਾ।”

nwtsty ਵਿੱਚੋਂ ਮਰ 15:24, 29 ਲਈ ਖ਼ਾਸ ਜਾਣਕਾਰੀ

ਉਸ ਦੇ ਕੱਪੜੇ ਆਪਸ ਵਿਚ ਵੰਡ ਲਏ: ਯੂਹੰਨਾ 19:23, 24 ਵਿਚ ਜਿਹੜੀ ਜਾਣਕਾਰੀ ਦਰਜ ਹੈ, ਉਹ ਜਾਣਕਾਰੀ ਮੱਤੀ, ਮਰਕੁਸ ਅਤੇ ਲੂਕਾ ਵਿਚ ਨਹੀਂ ਪਾਈ ਜਾਂਦੀ। ਰੋਮੀ ਫ਼ੌਜੀਆਂ ਨੇ ਕੱਪੜੇ ਅਤੇ ਕੁੜਤੇ ਉੱਤੇ ਗੁਣੇ ਪਾਏ ਅਤੇ ਉਨ੍ਹਾਂ ਨੇ ਕੱਪੜੇ ਦੇ “ਚਾਰ ਟੁਕੜੇ ਕਰ ਲਏ ਅਤੇ ਉਨ੍ਹਾਂ ਨੇ ਇਕ-ਇਕ ਟੁਕੜਾ ਲੈ ਲਿਆ।” ਉਹ ਕੁੜਤੇ ਨੂੰ ਪਾੜਨਾ ਨਹੀਂ ਚਾਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਕੁੜਤੇ ʼਤੇ ਗੁਣੇ ਪਾਏ। ਇਸ ਤਰ੍ਹਾਂ ਜ਼ਬੂਰ 22:18 ਵਿਚ ਦਰਜ ਮਸੀਹ ਦੇ ਕੱਪੜਿਆਂ ਸੰਬੰਧੀ ਭਵਿੱਖਬਾਣੀ ਪੂਰੀ ਹੋਈ ਕਿ ਸਜ਼ਾ ਦੇਣ ਤੋਂ ਪਹਿਲਾਂ ਅਪਰਾਧੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਉਨ੍ਹਾਂ ਦੀਆਂ ਚੀਜ਼ਾਂ ਅਤੇ ਕੱਪੜੇ ਲਾਹ ਲੈਂਦੇ ਸਨ ਤਾਂਕਿ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਸ਼ਰਮਿੰਦਾ ਕੀਤਾ ਜਾ ਸਕੇ।

ਸਿਰ ਹਿਲਾ ਕੇ: ਆਮ ਤੌਰ ʼਤੇ ਮਜ਼ਾਕ ਉਡਾਉਣ ਜਾਂ ਬਦਨਾਮ ਕਰਨ ਲਈ ਕੋਈ ਗੱਲ ਕਹਿ ਕੇ ਸਿਰ ਹਿਲਾਇਆ ਜਾਂਦਾ ਸੀ। ਇਸ ਤਰ੍ਹਾਂ ਕਰਕੇ ਉੱਥੋਂ ਲੰਘਣ ਵਾਲੇ ਲੋਕਾਂ ਨੇ ਅਣਜਾਣੇ ਵਿਚ ਜ਼ਬੂਰ 22:7 ਵਿਚ ਦਰਜ ਭਵਿੱਖਬਾਣੀ ਪੂਰੀ ਕੀਤੀ।

(ਮਰਕੁਸ 15:43) ਅਰਿਮਥੀਆ ਦਾ ਰਹਿਣ ਵਾਲਾ ਯੂਸੁਫ਼ ਮਹਾਸਭਾ ਦਾ ਇਕ ਇੱਜ਼ਤਦਾਰ ਮੈਂਬਰ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।

(ਮਰਕੁਸ 15:46) ਯੂਸੁਫ਼ ਨੇ ਇਕ ਵਧੀਆ ਕੱਪੜਾ ਖ਼ਰੀਦਿਆ ਅਤੇ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਉਸ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ ਅਤੇ ਕਬਰ ਦੇ ਮੂੰਹ ʼਤੇ ਵੱਡਾ ਸਾਰਾ ਪੱਥਰ ਰੱਖਿਆ।

nwtsty ਵਿੱਚੋਂ ਮਰ 15:43 ਲਈ ਖ਼ਾਸ ਜਾਣਕਾਰੀ

ਯੂਸੁਫ਼: ਇੰਜੀਲ ਦੇ ਲਿਖਾਰੀਆਂ ਨੇ ਯੂਸੁਫ਼ ਬਾਰੇ ਅਲੱਗ-ਅਲੱਗ ਜਾਣਕਾਰੀ ਦਿੱਤੀ। ਟੈਕਸ ਵਸੂਲਣ ਵਾਲੇ ਮੱਤੀ ਨੇ ਲਿਖਿਆ ਕਿ ਯੂਸੁਫ਼ “ਇਕ ਅਮੀਰ ਆਦਮੀ” ਸੀ। ਰੋਮੀਆਂ ਲਈ ਲਿਖਦੇ ਹੋਏ ਮਰਕੁਸ ਨੇ ਕਿਹਾ ਕਿ ਉਹ “ਮਹਾਸਭਾ ਦਾ ਇਕ ਇੱਜ਼ਤਦਾਰ ਮੈਂਬਰ” ਸੀ। ਲੂਕਾ, ਜੋ ਕਿ ਇਕ ਹਮਦਰਦ ਡਾਕਟਰ ਸੀ, ਨੇ ਲਿਖਿਆ ਕਿ ਉਹ “ਚੰਗਾ ਅਤੇ ਨੇਕ ਇਨਸਾਨ” ਸੀ ਜਿਸ ਨੇ ਯਿਸੂ ਖ਼ਿਲਾਫ਼ ਘੜੀ ਸਾਜ਼ਸ਼ ਅਤੇ ਕਾਰਵਾਈ ਵਿਚ ਮਹਾਸਭਾ ਦਾ ਸਾਥ ਨਹੀਂ ਦਿੱਤਾ ਸੀ। ਯੂਹੰਨਾ ਨੇ ਲਿਖਿਆ ਕਿ ਉਹ “ਯਿਸੂ ਦਾ ਚੇਲਾ ਸੀ, ਪਰ ਉਸ ਨੇ ਯਹੂਦੀ ਆਗੂਆਂ ਤੋਂ ਡਰਦੇ ਮਾਰੇ ਇਹ ਗੱਲ ਲੁਕੋ ਕੇ ਰੱਖੀ ਸੀ।”​—ਮੱਤੀ 27:57-60; ਮਰ 15:43-46; ਲੂਕਾ 23:50-53; ਯੂਹੰ 19:38-42.

ਹੀਰੇ-ਮੋਤੀਆਂ ਦੀ ਖੋਜ ਕਰੋ

(ਮਰਕੁਸ 15:25) ਉਨ੍ਹਾਂ ਨੇ ਸਵੇਰ ਦੇ ਨੌਂ ਕੁ ਵਜੇ ਉਸ ਨੂੰ ਸੂਲ਼ੀ ʼਤੇ ਟੰਗਿਆ ਸੀ।

nwtsty ਵਿੱਚੋਂ ਮਰ 15:25 ਲਈ ਖ਼ਾਸ ਜਾਣਕਾਰੀ

ਨੌਂ ਕੁ ਵਜੇ: ਯਾਨੀ ਤੀਸਰਾ ਘੰਟਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਆਇਤਾਂ ਅਤੇ ਯੂਹੰ 19:14-16 ਵਿਚ ਦਿੱਤੀ ਜਾਣਕਾਰੀ ਵਿਚ ਫ਼ਰਕ ਹੈ। ਯੂਹੰਨਾ ਵਿਚ ਲਿਖਿਆ ਹੈ, ‘ਦੁਪਹਿਰ ਦੇ ਬਾਰਾਂ ਕੁ ਵੱਜੇ ਸਨ’ ਜਦੋਂ ਪਿਲਾਤੁਸ ਨੇ ਯਿਸੂ ਨੂੰ ਸਜ਼ਾ ਦੇਣ ਲਈ ਫ਼ੌਜੀਆਂ ਦੇ ਹਵਾਲੇ ਕੀਤਾ ਸੀ। ਭਾਵੇਂ ਇਨ੍ਹਾਂ ਆਇਤਾਂ ਵਿਚ ਇਹ ਨਹੀਂ ਸਮਝਾਇਆ ਗਿਆ ਕਿ ਇਸ ਜਾਣਕਾਰੀ ਵਿਚ ਫ਼ਰਕ ਕਿਉਂ ਹੈ, ਪਰ ਅਸੀਂ ਕੁਝ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ: ਇੰਜੀਲਾਂ ਵਿਚ ਦਰਜ ਯਿਸੂ ਦੇ ਧਰਤੀ ʼਤੇ ਆਖ਼ਰੀ ਦਿਨਾਂ ਦੀਆਂ ਘਟਨਾਵਾਂ ਦੇ ਸਮੇਂ ਆਪਸ ਵਿਚ ਮੇਲ ਖਾਂਦੇ ਹਨ। ਚਾਰੇ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਮੁੱਖ ਪੁਜਾਰੀ ਅਤੇ ਬਜ਼ੁਰਗ ਸਵੇਰ ਦੇ ਵੇਲੇ ਆਪਸ ਵਿਚ ਮਿਲੇ ਅਤੇ ਫਿਰ ਉਹ ਯਿਸੂ ਨੂੰ ਰੋਮੀ ਸਮਰਾਟ ਪੁੰਤੀਅਸ ਪਿਲਾਤੁਸ ਕੋਲ ਲੈ ਗਏ। (ਮੱਤੀ 27:1, 2; ਮਰ 15:1; ਲੂਕਾ 22:66–23:1; ਯੂਹੰ 18:28) ਮੱਤੀ, ਮਰਕੁਸ ਅਤੇ ਲੂਕਾ ਨੇ ਦੱਸਿਆ ਕਿ ਜਦੋਂ ਯਿਸੂ ਅਜੇ ਸੂਲ਼ੀ ʼਤੇ ਹੀ ਸੀ, ਤਾਂ ‘ਦੁਪਹਿਰ ਦੇ ਬਾਰਾਂ ਕੁ ਵਜੇ ਤੋਂ ਤਿੰਨ ਕੁ ਵਜੇ ਤਕ” ਹਨੇਰਾ ਛਾਇਆ ਰਿਹਾ ਸੀ। (ਮੱਤੀ 27:45, 46; ਮਰ 15:33, 34; ਲੂਕਾ 23:44) ਇਕ ਕਾਰਨ ਜਿਸ ਕਰਕੇ ਸਜ਼ਾ ਦੇ ਸਮੇਂ ਵਿਚ ਫ਼ਰਕ ਹੋ ਸਕਦਾ ਹੈ, ਉਹ ਇਹ ਹੈ ਕਿ ਕੁਝ ਲੋਕ ਮੰਨਦੇ ਸਨ ਕਿ ਕੋਰੜੇ ਮਾਰਨਾ ਸਜ਼ਾ ਦੇਣ ਵਿਚ ਸ਼ਾਮਲ ਸੀ। ਕਦੇ-ਕਦੇ ਕੋਰੜੇ ਮਾਰੇ ਜਾਣ ਦੌਰਾਨ ਹੀ ਅਪਰਾਧੀ ਮਰ ਜਾਂਦਾ ਸੀ। ਯਿਸੂ ਦੇ ਇੰਨੇ ਕੋਰੜੇ ਮਾਰੇ ਗਏ ਕਿ ਕਿਸੇ ਹੋਰ ਆਦਮੀ ਨੂੰ ਉਸ ਦੀ ਤਸੀਹੇ ਦੀ ਸੂਲ਼ੀ ਚੁੱਕਣ ਲਈ ਕਿਹਾ ਗਿਆ ਸੀ ਅਤੇ ਬਾਅਦ ਵਿਚ ਯਿਸੂ ਨੇ ਆਪੇ ਹੀ ਸੂਲ਼ੀ ਚੁੱਕੀ ਸੀ। (ਲੂਕਾ 23:26; ਯੂਹੰ 19:17) ਜੇ ਸਜ਼ਾ ਦੇਣ ਦਾ ਸਮਾਂ ਕੋਰੜੇ ਮਾਰੇ ਜਾਣ ਤੋਂ ਸ਼ੁਰੂ ਕੀਤਾ ਗਿਆ ਸੀ, ਤਾਂ ਯਿਸੂ ਨੂੰ ਸੂਲ਼ੀ ʼਤੇ ਚੜ੍ਹਾਏ ਜਾਣ ਤਕ ਕੁਝ ਸਮਾਂ ਬੀਤਿਆ ਸੀ। ਇਸੇ ਕਰਕੇ ਮੱਤੀ 27:26 ਅਤੇ ਮਰ 15:15 ਵਿਚ ਕੋਰੜੇ ਮਾਰਨ ਅਤੇ ਸੂਲ਼ੀ ʼਤੇ ਟੰਗਣ ਦਾ ਇਕੱਠੇ ਜ਼ਿਕਰ ਆਉਂਦਾ ਹੈ। ਇਸ ਕਰਕੇ ਅਲੱਗ-ਅਲੱਗ ਲੋਕ ਸਜ਼ਾ ਦੇਣ ਦਾ ਅਲੱਗ-ਅਲੱਗ ਸਮਾਂ ਦੱਸਦੇ ਹੋਣੇ ਜਦੋਂ ਉਨ੍ਹਾਂ ਮੁਤਾਬਕ ਸਜ਼ਾ ਦੇਣੀ ਸ਼ੁਰੂ ਹੋਈ ਸੀ। ਇਸ ਕਰਕੇ ਪਿਲਾਤੁਸ ਨੂੰ ਹੈਰਾਨੀ ਹੋਈ ਹੋਣੀ ਕਿ ਯਿਸੂ ਨੂੰ ਸੂਲ਼ੀ ਚੜ੍ਹਾਏ ਜਾਣ ਤੋਂ ਬਾਅਦ ਜਲਦੀ ਹੀ ਉਸ ਦੀ ਮੌਤ ਹੋ ਗਈ। (ਮਰ 15:44) ਇਸ ਤੋਂ ਇਲਾਵਾ, ਬਾਈਬਲ ਦੇ ਲਿਖਾਰੀਆਂ ਨੇ ਦੱਸਿਆ ਕਿ ਉਸ ਸਮੇਂ ਦਿਨ ਅਤੇ ਰਾਤ ਨੂੰ ਤਿੰਨ-ਤਿੰਨ ਘੰਟਿਆਂ ਦੇ ਚਾਰ ਪਹਿਰਾ ਵਿਚ ਵੰਡਿਆ ਜਾਂਦਾ ਸੀ। ਦਿਨ ਨੂੰ ਇਸ ਤਰੀਕੇ ਨਾਲ ਵੰਡੇ ਜਾਣ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਕਿਉਂ ਅਕਸਰ ਤੀਸਰੇ, ਛੇਵੇਂ ਅਤੇ ਨੌਵੇਂ ਘੰਟੇ ਦਾ ਜ਼ਿਕਰ ਆਉਂਦਾ ਹੈ। ਇਹ ਸਮਾਂ ਸਵੇਰੇ ਲਗਭਗ 6 ਵਜੇ ਸੂਰਜ ਚੜ੍ਹਨ ਦੇ ਵੇਲੇ ਤੋਂ ਸ਼ੁਰੂ ਹੁੰਦਾ ਸੀ। (ਮੱਤੀ 20:1-5; ਯੂਹੰ 4:6; ਰਸੂ 2:15; 3:1; 10:3, 9, 30) ਉਸ ਸਮੇਂ ਬਿਲਕੁਲ ਸਹੀ ਸਮਾਂ ਦੱਸਣ ਲਈ ਘੜੀਆਂ ਨਹੀਂ ਹੁੰਦੀਆਂ ਸਨ, ਇਸ ਕਰਕੇ ਸਮੇਂ ਨੂੰ ਦੱਸਣ ਲਈ “ਕੁ” ਸ਼ਬਦ ਵਰਤਿਆ ਗਿਆ ਹੈ ਜਿਸ ਤਰ੍ਹਾਂ ਅਸੀਂ ਯੂਹੰ 19:14 ਵਿਚ ਪੜ੍ਹਦੇ ਹਾਂ। (ਮੱਤੀ 27:46; ਲੂਕਾ 23:44; ਯੂਹੰ 4:6; ਰਸੂ 10:3, 9) ਮਰਕੁਸ ਨੇ ਕੋਰੜੇ ਮਾਰਨ ਅਤੇ ਸੂਲ਼ੀ ʼਤੇ ਟੰਗਣ ਦਾ ਸਮਾਂ ਲਿਖਿਆ ਹੋਣਾ ਜਦ ਕਿ ਯੂਹੰਨਾ ਨੇ ਸਿਰਫ਼ ਸੂਲ਼ੀ ʼਤੇ ਟੰਗਣ ਦਾ ਸਮਾਂ ਲਿਖਿਆ ਹੋਣਾ। ਦੋਨਾਂ ਲਿਖਾਰੀਆਂ ਨੇ ਸਮੇਂ ਨੂੰ ਨੇੜਲੇ ਤਿੰਨ ਘੰਟਿਆਂ ਦੇ ਪਹਿਰ ਅਨੁਸਾਰ ਲਿਖਿਆ। ਯੂਹੰਨਾ ਨੇ ਸਮਾਂ ਦੱਸਦੇ ਹੋਏ “ਕੁ” ਸ਼ਬਦ ਵਰਤਿਆ। ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਬਿਰਤਾਂਤਾਂ ਵਿਚ ਦੱਸੇ ਸਮੇਂ ਦਾ ਫ਼ਰਕ ਹੈ। ਯੂਹੰਨਾ ਨੇ ਦਹਾਕਿਆਂ ਬਾਅਦ ਇਹ ਕਿਤਾਬ ਲਿਖੀ ਅਤੇ ਉਸ ਨੇ ਮਰਕੁਸ ਦੁਆਰਾ ਦੱਸੇ ਸਮੇਂ ਤੋਂ ਵੱਖਰਾ ਸਮਾਂ ਦੱਸਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯੂਹੰਨਾ ਨੇ ਮਰਕੁਸ ਦੀ ਲਿਖਤ ਦੀ ਨਕਲ ਨਹੀਂ ਕੀਤੀ।

(ਮਰਕੁਸ 16:8) ਫਿਰ ਉਹ ਕਬਰ ਵਿੱਚੋਂ ਨਿਕਲ ਕੇ ਭੱਜ ਗਈਆਂ ਕਿਉਂਕਿ ਉਹ ਬਹੁਤ ਘਬਰਾਈਆਂ ਹੋਈਆਂ ਸਨ, ਨਾਲੇ ਹੈਰਾਨ ਵੀ ਸਨ। ਅਤੇ ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ।

nwtsty ਵਿੱਚੋਂ ਮਰ 16:8 ਲਈ ਖ਼ਾਸ ਜਾਣਕਾਰੀ

ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ: ਮਰਕੁਸ ਦੀ ਆਖ਼ਰੀ ਹਿੱਸੇ ਦੀ ਮਿਲੀ ਹੱਥ-ਲਿਖਤ ਮੁਤਾਬਕ ਇੰਜੀਲ ਆਇਤ 8 ਵਿਚ ਦਰਜ ਸ਼ਬਦਾਂ ਨਾਲ ਖ਼ਤਮ ਹੁੰਦੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਕਿਤਾਬ ਜਿਸ ਤਰੀਕੇ ਨਾਲ ਇਕਦਮ ਖ਼ਤਮ ਹੁੰਦੀ ਹੈ, ਉਸ ਤੋਂ ਲੱਗਦਾ ਹੈ ਕਿ ਮੁਢਲੀ ਭਾਸ਼ਾ ਵਿਚ ਇਸ ਕਿਤਾਬ ਦੀ ਸਮਾਪਤੀ ਇਸ ਤਰ੍ਹਾਂ ਨਹੀਂ ਹੋਈ। ਪਰ ਮਰਕੁਸ ਥੋੜ੍ਹੇ ਸ਼ਬਦਾਂ ਵਿਚ ਆਪਣੀ ਗੱਲ ਲਿਖਦਾ ਸੀ, ਇਸ ਕਰਕੇ ਜ਼ਰੂਰੀ ਨਹੀਂ ਕਿ ਇਸ ਤਰ੍ਹਾਂ ਮੰਨਣਾ ਸਹੀ ਹੈ। ਚੌਥੀ ਸਦੀ ਦੇ ਵਿਦਵਾਨ ਜਰੋਮ ਅਤੇ ਯੂਸੀਬੀਅਸ ਮੁਤਾਬਕ ਮਰਕੁਸ ਦੀ ਕਿਤਾਬ “ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ” ਸ਼ਬਦਾਂ ਨਾਲ ਖ਼ਤਮ ਹੁੰਦੀ ਹੈ।

ਬਹੁਤ ਸਾਰੀਆਂ ਯੂਨਾਨੀ ਹੱਥ-ਲਿਖਤਾਂ ਅਤੇ ਹੋਰ ਅਨੁਵਾਦਾਂ ਵਿਚ ਆਇਤ 8 ਤੋਂ ਬਾਅਦ ਲੰਬੀ ਅਤੇ ਛੋਟੀ ਸਮਾਪਤੀ ਪਾਈ ਜਾਂਦੀ ਹੈ। ਲੰਬੀ ਸਮਾਪਤੀ (ਜਿਸ ਵਿਚ 12 ਹੋਰ ਆਇਤਾਂ ਹਨ) ਪੰਜਵੀਂ ਸਦੀ ਦੇ ਇਨ੍ਹਾਂ ਹੱਥ-ਲਿਖਤਾਂ ਵਿਚ ਪਾਈ ਜਾਂਦੀ ਹੈ: Codex Ephraemi Syri rescriptus ਅਤੇ Codex Bezae Cantabrigiensis. ਇਹ ਸਮਾਪਤੀ ਇਨ੍ਹਾਂ ਵਿਚ ਵੀ ਪਾਈ ਜਾਂਦੀ ਹੈ: Latin Vulgate, the Curetonian Syriac ਅਤੇ the Syriac Peshitta. ਪਰ ਇਹ ਚੌਥੀ ਸਦੀ ਦੀਆਂ ਦੋ ਯੂਨਾਨੀ ਹੱਥ-ਲਿਖਤਾਂ ਵਿਚ ਨਹੀਂ ਪਾਈ ਜਾਂਦੀ: Codex Sinaiticus ਅਤੇ Codex Vaticanus. ਨਾਲੇ ਚੌਥੀ ਜਾਂ ਪੰਜਵੀਂ ਸਦੀ ਦੀ ਯੂਨਾਨੀ ਹੱਥ-ਲਿਖਤ ਵਿਚ ਨਹੀਂ ਪਾਈ ਜਾਂਦੀ: Codex Sinaiticus Syriacus. ਪੰਜਵੀਂ ਸਦੀ ਦੀ ਮਰਕੁਸ ਦੀ ਹੱਥ-ਲਿਖਤ ਵਿਚ ਵੀ ਇਹ ਸਮਾਪਤੀ ਨਹੀਂ ਪਾਈ ਜਾਂਦੀ: Sahidic Coptic. ਇਸੇ ਤਰ੍ਹਾਂ ਆਰਮੀਨੀ ਅਤੇ ਜਾਰਜੀਅਨ ਭਾਸ਼ਾ ਦੀ ਮਰਕੁਸ ਦੀ ਸਭ ਤੋਂ ਪੁਰਾਣੀ ਹੱਥ-ਲਿਖਤ ਆਇਤ 8 ਨਾਲ ਖ਼ਤਮ ਹੁੰਦੀ ਹੈ।

ਬਾਅਦ ਦੀਆਂ ਕੁਝ ਯੂਨਾਨੀ ਹੱਥ-ਲਿਖਤਾਂ ਅਤੇ ਹੋਰ ਅਨੁਵਾਦਾਂ ਵਿਚ ਛੋਟੀ ਸਮਾਪਤੀ ਪਾਈ ਜਾਂਦੀ ਹੈ (ਜਿਸ ਵਿਚ ਸਿਰਫ਼ ਕੁਝ ਵਾਕ ਹਨ)। ਅੱਠਵੀਂ ਸਦੀ ਦੇ Codex Regius ਵਿਚ ਦੋਵੇਂ ਸਮਾਪਤੀਆਂ ਹਨ ਅਤੇ ਪਹਿਲਾਂ ਛੋਟੀ ਸਮਾਪਤੀ ਲਿਖੀ ਗਈ ਹੈ। ਹਰੇਕ ਸਮਾਪਤੀ ਵਿਚ ਇਕ ਮੁਖਬੰਧ ਹੈ ਜੋ ਦੱਸਦਾ ਹੈ ਕਿ ਹਾਲੇ ਵੀ ਕੁਝ ਹਿੱਸਿਆਂ ਵਿਚ ਇਸ ਦੇ ਕੁਝ ਟੁਕੜੇ ਹਨ, ਪਰ ਇਸ ਤੋਂ ਸਬੂਤ ਨਹੀਂ ਮਿਲਦਾ ਕਿ ਇਸ ਨੂੰ ਪ੍ਰਮਾਣਕਤਾ ਮਿਲੀ ਹੈ।

ਛੋਟੀ ਸਮਾਪਤੀ

ਮਰ 16:8 ਤੋਂ ਬਾਅਦ ਦਿੱਤੀ ਛੋਟੀ ਸਮਾਪਤੀ ਪਵਿੱਤਰ ਲਿਖਤਾਂ ਦਾ ਹਿੱਸਾ ਨਹੀਂ ਹੈ। ਇੱਥੇ ਲਿਖਿਆ ਹੈ:

ਪਰ ਸਾਰੀਆਂ ਗੱਲਾਂ ਜਿਨ੍ਹਾਂ ਦਾ ਉਨ੍ਹਾਂ ਔਰਤਾਂ ਨੂੰ ਹੁਕਮ ਦਿੱਤਾ ਗਿਆ ਸੀ, ਉਨ੍ਹਾਂ ਨੇ ਥੋੜ੍ਹੇ ਸ਼ਬਦਾਂ ਵਿਚ ਪਤਰਸ ਅਤੇ ਉਸ ਦੇ ਸਾਥੀਆਂ ਨੂੰ ਦੱਸੀਆਂ। ਇਸ ਤੋਂ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ਪੂਰਬ ਤੋਂ ਲੈ ਕੇ ਪੱਛਮ ਤਕ ਇਹ ਪਵਿੱਤਰ ਅਤੇ ਸਦੀਵੀ ਸੰਦੇਸ਼ ਸੁਣਾਉਣ ਲਈ ਘੱਲਿਆ ਕਿ ਪਰਮੇਸ਼ੁਰ ਇਨਸਾਨਾਂ ਨੂੰ ਬਚਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣੀ ਚਾਹੁੰਦਾ ਹੈ।

ਲੰਬੀ ਸਮਾਪਤੀ

ਮਰ 16:8 ਤੋਂ ਬਾਅਦ ਦਿੱਤੀ ਲੰਬੀ ਸਮਾਪਤੀ ਪਵਿੱਤਰ ਲਿਖਤਾਂ ਦਾ ਹਿੱਸਾ ਨਹੀਂ ਹੈ। ਇੱਥੇ ਲਿਖਿਆ ਹੈ:

9 ਫਿਰ ਹਫ਼ਤੇ ਦੇ ਪਹਿਲੇ ਦਿਨ ਸਵੇਰ ਨੂੰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਯਿਸੂ ਪਹਿਲਾਂ ਮਰੀਅਮ ਮਗਦਲੀਨੀ ਨੂੰ ਮਿਲਿਆ, ਜਿਸ ਵਿੱਚੋਂ ਉਸ ਨੇ ਸੱਤ ਦੁਸ਼ਟ ਦੂਤ ਕੱਢੇ ਸਨ। 10 ਮਰੀਅਮ ਨੇ ਜਾ ਕੇ ਉਸ ਦੇ ਚੇਲਿਆਂ ਨੂੰ ਦੱਸਿਆ ਕਿਉਂਕਿ ਉਹ ਸੋਗ ਕਰ ਰਹੇ ਸਨ ਅਤੇ ਰੋ ਰਹੇ ਸਨ। 11 ਪਰ ਜਦ ਉਨ੍ਹਾਂ ਨੇ ਸੁਣਿਆ ਕਿ ਯਿਸੂ ਜੀਉਂਦਾ ਹੋ ਗਿਆ ਸੀ ਅਤੇ ਮਰੀਅਮ ਨੇ ਉਸ ਨੂੰ ਆਪਣੀ ਅੱਖੀਂ ਦੇਖਿਆ ਸੀ, ਤਾਂ ਉਨ੍ਹਾਂ ਨੂੰ ਯਕੀਨ ਨਾ ਆਇਆ। 12 ਇਸ ਤੋਂ ਬਾਅਦ ਉਹ ਹੋਰ ਰੂਪ ਵਿਚ ਦੋ ਚੇਲਿਆਂ ਕੋਲ ਆਇਆ ਜੋ ਕਿਸੇ ਪਿੰਡ ਜਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ; 13 ਅਤੇ ਉਨ੍ਹਾਂ ਨੇ ਵਾਪਸ ਆ ਕੇ ਬਾਕੀ ਚੇਲਿਆਂ ਨੂੰ ਇਹ ਗੱਲਾਂ ਦੱਸੀਆਂ। ਪਰ ਉਨ੍ਹਾਂ ਨੇ ਇਨ੍ਹਾਂ ਦੋਵਾਂ ਦਾ ਵੀ ਵਿਸ਼ਵਾਸ ਨਾ ਕੀਤਾ। 14 ਪਰ ਬਾਅਦ ਵਿਚ ਉਹ ਗਿਆਰਾਂ ਰਸੂਲਾਂ ਸਾਮ੍ਹਣੇ ਪ੍ਰਗਟ ਹੋਇਆ ਜੋ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ। ਉਸ ਨੇ ਉਨ੍ਹਾਂ ਨੂੰ ਨਿਹਚਾ ਨਾ ਕਰਨ ਕਰਕੇ ਅਤੇ ਉਨ੍ਹਾਂ ਦੀ ਪੱਥਰਦਿਲੀ ਕਰਕੇ ਝਿੜਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ʼਤੇ ਵਿਸ਼ਵਾਸ ਨਹੀਂ ਕੀਤਾ ਸੀ ਜਿਨ੍ਹਾਂ ਨੇ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ। 15 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਸਾਰੀ ਦੁਨੀਆਂ ਵਿਚ ਜਾ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਓ। 16 ਜਿਹੜਾ ਵਿਸ਼ਵਾਸ ਕਰ ਕੇ ਬਪਤਿਸਮਾ ਲੈਂਦਾ ਹੈ ਉਹੀ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਸ ਨੂੰ ਸਜ਼ਾ ਮਿਲੇਗੀ। 17 ਇਸ ਦੇ ਨਾਲ-ਨਾਲ, ਵਿਸ਼ਵਾਸ ਕਰਨ ਵਾਲੇ ਲੋਕ ਇਹ ਚਮਤਕਾਰ ਕਰਨਗੇ: ਉਹ ਮੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਣਗੇ, ਹੋਰ ਬੋਲੀਆਂ ਬੋਲਣਗੇ, 18 ਅਤੇ ਹੱਥਾਂ ਨਾਲ ਸੱਪਾਂ ਨੂੰ ਚੁੱਕਣਗੇ ਅਤੇ ਜੇ ਉਹ ਜ਼ਹਿਰੀਲੀ ਚੀਜ਼ ਪੀ ਵੀ ਲੈਣ, ਤਾਂ ਵੀ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬੀਮਾਰਾਂ ʼਤੇ ਹੱਥ ਰੱਖ ਕੇ ਉਨ੍ਹਾਂ ਨੂੰ ਠੀਕ ਕਰਨਗੇ।” 19 ਫਿਰ ਉਨ੍ਹਾਂ ਨਾਲ ਗੱਲਾਂ ਕਰਨ ਤੋਂ ਬਾਅਦ ਪ੍ਰਭੂ ਯਿਸੂ ਨੂੰ ਸਵਰਗ ਨੂੰ ਉਠਾ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਗਿਆ। 20 ਯਿਸੂ ਦੇ ਕਹੇ ਅਨੁਸਾਰ ਚੇਲਿਆਂ ਨੇ ਜਾ ਕੇ ਹਰ ਜਗ੍ਹਾ ਪ੍ਰਚਾਰ ਕੀਤਾ, ਅਤੇ ਪ੍ਰਭੂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਚਮਤਕਾਰਾਂ ਦੁਆਰਾ ਸਾਬਤ ਕੀਤਾ ਕਿ ਉਨ੍ਹਾਂ ਦਾ ਸੰਦੇਸ਼ ਸੱਚਾ ਸੀ।

ਬਾਈਬਲ ਪੜ੍ਹਾਈ

(ਮਰਕੁਸ 15:1-15) ਸਵੇਰ ਹੁੰਦਿਆਂ ਹੀ ਮੁੱਖ ਪੁਜਾਰੀਆਂ, ਬਜ਼ੁਰਗਾਂ, ਗ੍ਰੰਥੀਆਂ ਯਾਨੀ ਸਾਰੀ ਮਹਾਸਭਾ ਨੇ ਸਲਾਹ-ਮਸ਼ਵਰਾ ਕੀਤਾ ਅਤੇ ਉਹ ਯਿਸੂ ਦੇ ਹੱਥ ਬੰਨ੍ਹ ਕੇ ਲੈ ਗਏ ਅਤੇ ਉਸ ਨੂੰ ਪਿਲਾਤੁਸ ਦੇ ਹਵਾਲੇ ਕਰ ਦਿੱਤਾ। 2 ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਉਸ ਨੇ ਪਿਲਾਤੁਸ ਨੂੰ ਕਿਹਾ: “ਤੂੰ ਆਪੇ ਕਹਿ ਰਿਹਾ ਹੈਂ।” 3 ਪਰ ਮੁੱਖ ਪੁਜਾਰੀਆਂ ਨੇ ਉਸ ਉੱਤੇ ਕਈ ਇਲਜ਼ਾਮ ਲਾਏ। 4 ਹੁਣ ਫਿਰ ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਕੁਝ ਨਹੀਂ ਕਹੇਂਗਾ? ਦੇਖ ਇਹ ਤੇਰੇ ਖ਼ਿਲਾਫ਼ ਕਿੰਨੀਆਂ ਗੱਲਾਂ ਕਹਿ ਰਹੇ ਹਨ।” 5 ਪਰ ਯਿਸੂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ, ਇਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ। 6 ਹਰ ਪਸਾਹ ਦੇ ਤਿਉਹਾਰ ʼਤੇ ਪਿਲਾਤੁਸ ਲੋਕਾਂ ਦੇ ਕਹਿਣ ਤੇ ਇਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। 7 ਉਸ ਵੇਲੇ ਬਰਬਾਸ ਨਾਂ ਦਾ ਕੈਦੀ ਕੁਝ ਬਾਗ਼ੀਆਂ ਨਾਲ ਜੇਲ੍ਹ ਵਿਚ ਸੀ ਜਿਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰ ਕੇ ਖ਼ੂਨ ਕੀਤਾ ਸੀ। 8 ਭੀੜ ਨੇ ਆ ਕੇ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਆਪਣੀ ਰੀਤ ਅਨੁਸਾਰ ਉਨ੍ਹਾਂ ਲਈ ਕਿਸੇ ਨੂੰ ਰਿਹਾ ਕਰੇ। 9 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ?” 10 ਉਹ ਜਾਣਦਾ ਸੀ ਕਿ ਮੁੱਖ ਪੁਜਾਰੀਆਂ ਨੇ ਈਰਖਾ ਕਰਕੇ ਉਸ ਨੂੰ ਫੜਵਾਇਆ ਸੀ। 11 ਪਰ ਮੁੱਖ ਪੁਜਾਰੀਆਂ ਨੇ ਭੀੜ ਨੂੰ ਚੁੱਕਿਆ ਕਿ ਉਹ ਯਿਸੂ ਦੀ ਬਜਾਇ ਬਰਬਾਸ ਨੂੰ ਰਿਹਾ ਕਰਨ ਦੀ ਮੰਗ ਕਰਨ। 12 ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਕਿਹਾ: “ਤਾਂ ਫਿਰ ਮੈਂ ਇਸ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?” 13 ਉਹ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ!” 14 ਪਰ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ?” ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ʼਤੇ ਟੰਗ ਦਿਓ।” 15 ਭੀੜ ਨੂੰ ਖ਼ੁਸ਼ ਕਰਨ ਲਈ ਪਿਲਾਤੁਸ ਨੇ ਬਰਬਾਸ ਨੂੰ ਰਿਹਾ ਕਰ ਦਿੱਤਾ, ਅਤੇ ਯਿਸੂ ਦੇ ਕੋਰੜੇ ਮਰਵਾ ਕੇ ਉਸ ਨੂੰ ਸੂਲ਼ੀ ʼਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।

11-17 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 1

“ਮਰੀਅਮ ਦੀ ਨਿਮਰਤਾ ਦੀ ਰੀਸ ਕਰੋ”

(ਲੂਕਾ 1:38) ਫਿਰ ਮਰੀਅਮ ਨੇ ਕਿਹਾ: “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” ਇਸ ਤੋਂ ਬਾਅਦ ਦੂਤ ਉਸ ਕੋਲੋਂ ਚਲਾ ਗਿਆ।

ia 149 ਪੈਰਾ 12

“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”

12 ਅੱਜ ਸਾਰੇ ਨਿਹਚਾਵਾਨ ਲੋਕਾਂ ਲਈ ਮਰੀਅਮ ਦੇ ਸ਼ਬਦ ਬਹੁਤ ਅਹਿਮੀਅਤ ਰੱਖਦੇ ਹਨ ਜਿਨ੍ਹਾਂ ਤੋਂ ਉਸ ਦੀ ਨਿਮਰਤਾ ਤੇ ਆਗਿਆਕਾਰੀ ਝਲਕਦੀ ਹੈ। ਉਸ ਨੇ ਜਬਰਾਏਲ ਨੂੰ ਕਿਹਾ: “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” (ਲੂਕਾ 1:38) ਇਕ ਦਾਸੀ ਦੀ ਕੋਈ ਹੈਸੀਅਤ ਨਹੀਂ ਹੁੰਦੀ ਸੀ ਤੇ ਉਸ ਦੀ ਪੂਰੀ ਜ਼ਿੰਦਗੀ ਉਸ ਦੇ ਮਾਲਕ ਦੇ ਹੱਥਾਂ ਵਿਚ ਹੁੰਦੀ ਸੀ। ਮਰੀਅਮ ਨੇ ਵੀ ਆਪਣੀ ਜ਼ਿੰਦਗੀ ਆਪਣੇ ਮਾਲਕ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੱਤੀ। ਉਹ ਜਾਣਦੀ ਸੀ ਕਿ ਉਹ ਯਹੋਵਾਹ ਦੇ ਹੱਥਾਂ ਵਿਚ ਸੁਰੱਖਿਅਤ ਸੀ ਕਿਉਂਕਿ ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨਾਲ ਵਫ਼ਾਦਾਰੀ ਕਰਦਾ ਹੈ। ਨਾਲੇ ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਸ ਨੇ ਆਪਣੀ ਜ਼ਿੰਮੇਵਾਰੀ ਜੀ-ਜਾਨ ਲਾ ਕੇ ਪੂਰੀ ਕੀਤੀ, ਤਾਂ ਯਹੋਵਾਹ ਉਸ ਨੂੰ ਜ਼ਰੂਰ ਬਰਕਤ ਦੇਵੇਗਾ।​

(ਲੂਕਾ 1:46-55) ਅਤੇ ਮਰੀਅਮ ਨੇ ਕਿਹਾ: “ਮੈਂ ਯਹੋਵਾਹ ਦਾ ਗੁਣਗਾਨ ਕਰਦੀ ਹਾਂ 47 ਅਤੇ ਮੇਰਾ ਦਿਲ ਮੁਕਤੀ ਦੇਣ ਵਾਲੇ ਪਰਮੇਸ਼ੁਰ ਉੱਤੇ ਬਾਗ਼-ਬਾਗ਼ ਹੋ ਰਿਹਾ ਹੈ 48 ਕਿਉਂਕਿ ਉਸ ਨੇ ਆਪਣੀ ਇਸ ਮਾਮੂਲੀ ਜਿਹੀ ਦਾਸੀ ਵੱਲ ਧਿਆਨ ਦਿੱਤਾ ਹੈ। ਦੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਮੁਬਾਰਕ ਕਹਿਣਗੀਆਂ, 49 ਕਿਉਂਕਿ ਸ਼ਕਤੀਸ਼ਾਲੀ ਪਰਮੇਸ਼ੁਰ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਂ ਪਵਿੱਤਰ ਹੈ, 50 ਅਤੇ ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਉੱਤੇ ਪੀੜ੍ਹੀਓ-ਪੀੜ੍ਹੀ ਦਇਆ ਕਰਦਾ ਹੈ। 51 ਉਸ ਨੇ ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ ਹਨ, ਉਸ ਨੇ ਮਨ ਵਿਚ ਘਮੰਡੀ ਸੋਚ ਰੱਖਣ ਵਾਲਿਆਂ ਨੂੰ ਖਿੰਡਾਇਆ ਹੈ। 52 ਉਸ ਨੇ ਸ਼ਕਤੀਸ਼ਾਲੀ ਲੋਕਾਂ ਦੇ ਸਿੰਘਾਸਣ ਉਲਟਾਏ ਹਨ ਅਤੇ ਮਾਮੂਲੀ ਲੋਕਾਂ ਨੂੰ ਉੱਚਾ ਕੀਤਾ ਹੈ; 53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਹੈ ਅਤੇ ਅਮੀਰਾਂ ਨੂੰ ਖਾਲੀ ਹੱਥ ਤੋਰਿਆ ਹੈ। 54 ਉਹ ਆਪਣੇ ਸੇਵਕ ਇਜ਼ਰਾਈਲ ਦੀ ਮਦਦ ਕਰਨ ਆਇਆ ਹੈ ਅਤੇ ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਸੀ, 55 ਉਹ ਅਬਰਾਹਾਮ ਅਤੇ ਉਸ ਦੀ ਸੰਤਾਨ ਉੱਤੇ ਹਮੇਸ਼ਾ ਦਇਆ ਕਰਦਾ ਰਹੇਗਾ।”

ia 150-151 ਪੈਰਾ 15-16

“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”

15 ਇਲੀਸਬਤ ਦੀ ਗੱਲ ਸੁਣ ਕੇ ਮਰੀਅਮ ਨੇ ਬਹੁਤ ਵਧੀਆ ਸ਼ਬਦ ਕਹੇ। ਉਨ੍ਹਾਂ ਸ਼ਬਦਾਂ ਨੂੰ ਬਾਈਬਲ ਵਿਚ ਸਾਂਭ ਕੇ ਰੱਖਿਆ ਗਿਆ ਹੈ। (ਲੂਕਾ 1:46-55 ਪੜ੍ਹੋ।) ਬਾਈਬਲ ਵਿਚ ਦਰਜ ਉਸ ਦੀ ਇਸ ਲੰਬੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਮਸੀਹ ਦੀ ਮਾਂ ਬਣਨ ਦਾ ਸਨਮਾਨ ਮਿਲਣ ਕਰਕੇ ਉਹ ਯਹੋਵਾਹ ਦੀ ਕਿੰਨੀ ਸ਼ੁਕਰਗੁਜ਼ਾਰ ਸੀ। ਉਸ ਨੇ ਕਿਹਾ ਕਿ ਯਹੋਵਾਹ ਹੰਕਾਰੀਆਂ ਅਤੇ ਸ਼ਕਤੀਸ਼ਾਲੀ ਲੋਕਾਂ ਨੂੰ ਨੀਵਾਂ ਕਰਦਾ ਹੈ ਅਤੇ ਹਲੀਮਾਂ ਤੇ ਗ਼ਰੀਬਾਂ ਦੀ ਸਹਾਇਤਾ ਕਰਦਾ ਹੈ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਨਿਹਚਾ ਕਿੰਨੀ ਪੱਕੀ ਸੀ। ਨਾਲੇ ਇਹ ਵੀ ਕਿ ਉਸ ਕੋਲ ਕਿੰਨਾ ਗਿਆਨ ਸੀ ਕਿਉਂਕਿ ਇਕ ਅੰਦਾਜ਼ੇ ਮੁਤਾਬਕ ਉਸ ਨੇ ਇਬਰਾਨੀ ਲਿਖਤਾਂ ਵਿੱਚੋਂ 20 ਤੋਂ ਜ਼ਿਆਦਾ ਹਵਾਲੇ ਦਿੱਤੇ ਸਨ!

16 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਰੀਅਮ ਪਰਮੇਸ਼ੁਰ ਦੇ ਬਚਨ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰਦੀ ਸੀ। ਇਸ ਕਰਕੇ ਉਸ ਨੇ ਨਿਮਰਤਾ ਦਿਖਾਉਂਦੇ ਹੋਏ ਆਪਣੇ ਵਿਚਾਰ ਦੱਸਣ ਦੀ ਬਜਾਇ ਧਰਮ-ਗ੍ਰੰਥ ਵਿੱਚੋਂ ਹਵਾਲੇ ਦਿੱਤੇ। ਉਸ ਦੀ ਕੁੱਖ ਵਿਚ ਪਲ਼ ਰਿਹਾ ਬੱਚਾ ਵੀ ਇਕ ਦਿਨ ਉਸ ਵਾਂਗ ਨਿਮਰਤਾ ਦਿਖਾਉਂਦੇ ਹੋਏ ਕਹੇਗਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।” (ਯੂਹੰ. 7:16) ਸਾਨੂੰ ਵੀ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਮੈਂ ਪਰਮੇਸ਼ੁਰ ਦੇ ਬਚਨ ਨੂੰ ਪਹਿਲ ਦਿੰਦਾ ਹਾਂ ਜਾਂ ਫਿਰ ਆਪਣੇ ਵਿਚਾਰਾਂ ਅਤੇ ਸਿੱਖਿਆਵਾਂ ਨੂੰ?’ ਮਰੀਅਮ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜਵਾਬ ਕੀ ਹੋਣਾ ਚਾਹੀਦਾ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(ਲੂਕਾ 1:69) ਅਤੇ ਉਸ ਨੇ ਆਪਣੇ ਸੇਵਕ ਦਾਊਦ ਦੀ ਪੀੜ੍ਹੀ ਵਿੱਚੋਂ ਸਾਡੇ ਲਈ ਸ਼ਕਤੀਸ਼ਾਲੀ ਮੁਕਤੀਦਾਤਾ ਪੈਦਾ ਕੀਤਾ ਹੈ,

nwtsty ਵਿੱਚੋਂ ਲੂਕਾ 1:69 (ਫੁਟਨੋਟ) ਲਈ ਖ਼ਾਸ ਜਾਣਕਾਰੀ

ਮੁਕਤੀ ਦਾ ਸਿੰਗ: ਜਾਂ “ਸ਼ਕਤੀਸ਼ਾਲੀ ਮੁਕਤੀਦਾਤਾ।” ਬਾਈਬਲ ਵਿਚ ਜਾਨਵਰ ਦੇ ਸਿੰਗ ਅਕਸਰ ਤਾਕਤ, ਕਬਜ਼ਾ ਕਰਨ ਅਤੇ ਜਿੱਤ ਨੂੰ ਦਰਸਾਉਂਦੇ ਸਨ। (1 ਸਮੂ 2:1; ਜ਼ਬੂਰ 75:4, 5, 10; 148:14) ਇਸ ਤੋਂ ਇਲਾਵਾ, ਸਿੰਗ ਰਾਜਿਆਂ ਅਤੇ ਉਨ੍ਹਾਂ ਦੇ ਸ਼ਾਹੀ ਖ਼ਾਨਦਾਨਾਂ ਨੂੰ ਦਰਸਾਉਂਦੇ ਸਨ ਚਾਹੇ ਉਹ ਧਰਮੀ ਹੁੰਦੇ ਸਨ ਜਾਂ ਦੁਸ਼ਟ। ਉਨ੍ਹਾਂ ਦੀ ਜਿੱਤ ਸਿੰਗ ਨਾਲ ਧੱਕਣ ਦੁਆਰਾ ਦਰਸਾਈ ਜਾਂਦੀ ਸੀ। (ਬਿਵ 33:17; ਦਾਨੀ 7:24; 8:2-10, 20-24) ਇਸ ਅਧਿਆਇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਵਿਚ ਤੋਂ ਪਤਾ ਲੱਗਦਾ ਹੈ ਕਿ ਸ਼ਕਤੀਸ਼ਾਲੀ ਮੁਕਤੀਦਾਤਾ ਮਸੀਹ ਹੈ ਜਿਸ ਕੋਲ ਬਚਾਉਣ ਦੀ ਤਾਕਤ ਹੈ।

(ਲੂਕਾ 1:76) “ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ,”

nwtsty ਵਿੱਚੋਂ ਲੂਕਾ 1:76 ਲਈ ਖ਼ਾਸ ਜਾਣਕਾਰੀ

ਤੂੰ ਯਹੋਵਾਹ ਦੇ ਅੱਗੇ-ਅੱਗੇ ਜਾ: ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਯਹੋਵਾਹ ਦੇ ਅੱਗੇ-ਅੱਗੇ ਜਾਣ ਦਾ ਮਤਲਬ ਹੈ ਕਿ ਉਸ ਨੇ ਯਿਸੂ ਲਈ ਰਾਹ ਤਿਆਰ ਕਰਨਾ ਸੀ ਜਿਸ ਨੇ ਆਪਣੇ ਪਿਤਾ ਵੱਲੋਂ ਅਤੇ ਆਪਣੇ ਪਿਤਾ ਦੇ ਨਾਂ ʼਤੇ ਆਉਣਾ ਸੀ। (ਯੂਹੰ 5:43; 8:29) ਇਸ ਆਇਤ ਦੇ ਦੂਜੇ ਹਿੱਸੇ ਵਿਚ ਜ਼ਕਰਯਾਹ ਨਬੀ ਦੀ ਭਵਿੱਖਬਾਣੀ ਦੇ ਸ਼ਬਦਾਂ ਯਸਾ 40:3 ਅਤੇ ਮਲਾ 3:1 ਦੇ ਸ਼ਬਦਾਂ ਨਾਲ ਮਿਲਦੇ-ਜੁਲਦੇ ਹਨ। ਮੁਢਲੀ ਇਬਰਾਨੀ ਲਿਖਤਾਂ ਵਿਚ ਇਨ੍ਹਾਂ ਆਇਤਾਂ ਵਿਚ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ (YHWH) ਵਿਚ ਲਿਖਿਆ ਗਿਆ ਸੀ। ਇਸ ਲਈ ਇਨ੍ਹਾਂ ਲਿਖਤਾਂ ਦੇ ਆਧਾਰ ʼਤੇ ਇਸ ਆਇਤ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਜਾ ਸਕਦਾ ਹੈ, ਭਾਵੇਂ ਕਿ ਮੌਜੂਦਾ ਯੂਨਾਨੀ ਹੱਥ-ਲਿਖਤਾਂ ਵਿਚ ਇਸ ਆਇਤ ਵਿਚ ਕਿਰਿਓਸ (ਪ੍ਰਭੂ) ਸ਼ਬਦ ਵਰਤਿਆ ਗਿਆ ਹੈ।

ਬਾਈਬਲ ਪੜ੍ਹਾਈ

(ਲੂਕਾ 1:46-66) ਅਤੇ ਮਰੀਅਮ ਨੇ ਕਿਹਾ: “ਮੈਂ ਯਹੋਵਾਹ ਦਾ ਗੁਣਗਾਨ ਕਰਦੀ ਹਾਂ 47 ਅਤੇ ਮੇਰਾ ਦਿਲ ਮੁਕਤੀ ਦੇਣ ਵਾਲੇ ਪਰਮੇਸ਼ੁਰ ਉੱਤੇ ਬਾਗ਼-ਬਾਗ਼ ਹੋ ਰਿਹਾ ਹੈ 48 ਕਿਉਂਕਿ ਉਸ ਨੇ ਆਪਣੀ ਇਸ ਮਾਮੂਲੀ ਜਿਹੀ ਦਾਸੀ ਵੱਲ ਧਿਆਨ ਦਿੱਤਾ ਹੈ। ਦੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਮੁਬਾਰਕ ਕਹਿਣਗੀਆਂ, 49 ਕਿਉਂਕਿ ਸ਼ਕਤੀਸ਼ਾਲੀ ਪਰਮੇਸ਼ੁਰ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਂ ਪਵਿੱਤਰ ਹੈ, 50 ਅਤੇ ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਉੱਤੇ ਪੀੜ੍ਹੀਓ-ਪੀੜ੍ਹੀ ਦਇਆ ਕਰਦਾ ਹੈ। 51 ਉਸ ਨੇ ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ ਹਨ, ਉਸ ਨੇ ਮਨ ਵਿਚ ਘਮੰਡੀ ਸੋਚ ਰੱਖਣ ਵਾਲਿਆਂ ਨੂੰ ਖਿੰਡਾਇਆ ਹੈ। 52 ਉਸ ਨੇ ਸ਼ਕਤੀਸ਼ਾਲੀ ਲੋਕਾਂ ਦੇ ਸਿੰਘਾਸਣ ਉਲਟਾਏ ਹਨ ਅਤੇ ਮਾਮੂਲੀ ਲੋਕਾਂ ਨੂੰ ਉੱਚਾ ਕੀਤਾ ਹੈ; 53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਹੈ ਅਤੇ ਅਮੀਰਾਂ ਨੂੰ ਖਾਲੀ ਹੱਥ ਤੋਰਿਆ ਹੈ। 54 ਉਹ ਆਪਣੇ ਸੇਵਕ ਇਜ਼ਰਾਈਲ ਦੀ ਮਦਦ ਕਰਨ ਆਇਆ ਹੈ ਅਤੇ ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਸੀ, 55 ਉਹ ਅਬਰਾਹਾਮ ਅਤੇ ਉਸ ਦੀ ਸੰਤਾਨ ਉੱਤੇ ਹਮੇਸ਼ਾ ਦਇਆ ਕਰਦਾ ਰਹੇਗਾ।” 56 ਮਰੀਅਮ ਤਿੰਨ ਮਹੀਨੇ ਉਸ ਨਾਲ ਰਹੀ ਅਤੇ ਫਿਰ ਉਹ ਆਪਣੇ ਘਰ ਚਲੀ ਗਈ। 57 ਹੁਣ ਇਲੀਸਬਤ ਦੇ ਦਿਨ ਪੂਰੇ ਹੋ ਗਏ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। 58 ਉਸ ਦੇ ਆਂਢੀਆਂ-ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਯਹੋਵਾਹ ਦੀ ਮਿਹਰ ਉਸ ਉੱਤੇ ਹੋਈ ਹੈ ਅਤੇ ਉਹ ਉਸ ਨਾਲ ਖ਼ੁਸ਼ੀਆਂ ਮਨਾਉਣ ਲੱਗ ਪਏ। 59 ਅਤੇ ਅੱਠਵੇਂ ਦਿਨ ਬੱਚੇ ਦੀ ਸੁੰਨਤ ਵੇਲੇ ਲੋਕ ਆਏ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਜ਼ਕਰਯਾਹ ਦੇ ਨਾਂ ਉੱਤੇ ਰੱਖਣ ਲੱਗੇ ਸਨ। 60 ਪਰ ਉਸ ਦੀ ਮਾਂ ਨੇ ਕਿਹਾ: “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ।” 61 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੇਰੇ ਰਿਸ਼ਤੇਦਾਰਾਂ ਵਿਚ ਤਾਂ ਕਿਸੇ ਦਾ ਵੀ ਇਹ ਨਾਂ ਨਹੀਂ ਹੈ।” 62 ਫਿਰ ਉਨ੍ਹਾਂ ਨੇ ਇਸ਼ਾਰਿਆਂ ਨਾਲ ਬੱਚੇ ਦੇ ਪਿਤਾ ਨੂੰ ਪੁੱਛਿਆ ਕਿ ਉਹ ਉਸ ਦਾ ਨਾਂ ਕੀ ਰੱਖਣਾ ਚਾਹੁੰਦਾ ਸੀ। 63 ਉਸ ਨੇ ਇਕ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖਿਆ: “ਇਸ ਦਾ ਨਾਂ ਯੂਹੰਨਾ ਹੈ।” ਇਹ ਦੇਖ ਕੇ ਸਭ ਹੈਰਾਨ ਹੋਏ। 64 ਉਸੇ ਵੇਲੇ ਜ਼ਕਰਯਾਹ ਦੀ ਜ਼ਬਾਨ ਖੁੱਲ੍ਹ ਗਈ ਅਤੇ ਉਹ ਬੋਲਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਿਆ। 65 ਅਤੇ ਉਨ੍ਹਾਂ ਦੇ ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਵਿਚ ਡਰ ਫੈਲ ਗਿਆ ਅਤੇ ਯਹੂਦੀਆ ਦੇ ਸਾਰੇ ਪਹਾੜੀ ਇਲਾਕਿਆਂ ਵਿਚ ਇਨ੍ਹਾਂ ਸਾਰੀਆਂ ਗੱਲਾਂ ਦੀ ਚਰਚਾ ਹੋਣ ਲੱਗੀ। 66 ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ, ਉਨ੍ਹਾਂ ਨੇ ਆਪਣੇ ਦਿਲ ਵਿਚ ਰੱਖੀਆਂ ਅਤੇ ਕਿਹਾ: “ਇਹ ਮੁੰਡਾ ਵੱਡਾ ਹੋ ਕੇ ਕੀ ਬਣੇਗਾ?” ਉਨ੍ਹਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੋਵਾਹ ਬੱਚੇ ਦੇ ਨਾਲ ਸੀ।

18-24 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 2-3

“ਨੌਜਵਾਨੋ—ਕੀ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਗੂੜ੍ਹੀ ਕਰ ਰਹੇ ਹੋ?”

(ਲੂਕਾ 2:41, 42) ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ। ਜਦ ਉਹ ਬਾਰਾਂ ਸਾਲਾਂ ਦਾ ਸੀ, ਤਾਂ ਹਰ ਸਾਲ ਦੀ ਤਰ੍ਹਾਂ ਉਹ ਸਾਰੇ ਜਣੇ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਗਏ।

nwtsty ਵਿੱਚੋਂ ਲੂਕਾ 2:41 ਲਈ ਖ਼ਾਸ ਜਾਣਕਾਰੀ

ਉਸ ਦੇ ਮਾਤਾ-ਪਿਤਾ . . . ਜਾਂਦੇ ਹੁੰਦੇ ਸਨ: ਕਾਨੂੰਨ ਮੁਤਾਬਕ ਔਰਤਾਂ ਲਈ ਜ਼ਰੂਰੀ ਨਹੀਂ ਸੀ ਕਿ ਉਹ ਪਸਾਹ ਦਾ ਤਿਉਹਾਰ ਮਨਾਉਣ ਲਈ ਜਾਣ। ਪਰ ਮਰੀਅਮ ਦਾ ਇਹ ਦਸਤੂਰ ਸੀ ਕਿ ਉਹ ਹਰ ਸਾਲ ਯੂਸੁਫ਼ ਨਾਲ ਯਰੂਸ਼ਲਮ ਤਕ ਸਫ਼ਰ ਕਰ ਕੇ ਤਿਉਹਾਰ ਮਨਾਉਣ ਜਾਂਦੀ ਸੀ। (ਕੂਚ 23:17; 34:23) ਹਰ ਸਾਲ ਪੂਰਾ ਪਰਿਵਾਰ ਲਗਭਗ 300 ਕਿਲੋਮੀਟਰ (190 ਮੀਲ) ਦਾ ਆਣ-ਜਾਣ ਦਾ ਸਫ਼ਰ ਤੈਅ ਕਰਦਾ ਸੀ।

(ਲੂਕਾ 2:46, 47) ਤਿੰਨਾਂ ਦਿਨਾਂ ਬਾਅਦ ਉਹ ਉਨ੍ਹਾਂ ਨੂੰ ਮੰਦਰ ਵਿਚ ਲੱਭਾ, ਜਿੱਥੇ ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। 47 ਸਾਰੇ ਲੋਕਾਂ ਨੂੰ ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ ਅਚੰਭਾ ਹੋ ਰਿਹਾ ਸੀ।

nwtsty ਵਿੱਚੋਂ ਲੂਕਾ 2:46, 47 ਲਈ ਖ਼ਾਸ ਜਾਣਕਾਰੀ

ਸਵਾਲ ਪੁੱਛ ਰਿਹਾ ਸੀ: ਯਿਸੂ ਦੀਆਂ ਗੱਲਾਂ ਸੁਣ ਰਹੇ ਲੋਕਾਂ ਦੇ ਹਾਵਾਂ-ਭਾਵਾਂ ਤੋਂ ਪਤਾ ਚੱਲਦਾ ਹੈ ਕਿ ਯਿਸੂ ਦੇ ਸਵਾਲ ਇਸ ਤਰ੍ਹਾਂ ਦੇ ਨਹੀਂ ਸਨ ਜਿੱਦਾਂ ਇਕ ਛੋਟਾ ਬੱਚਾ ਸਿਰਫ਼ ਜਾਣਕਾਰੀ ਲੈਣ ਲਈ ਸਵਾਲ ਪੁੱਛਦਾ ਹੈ। (ਲੂਕਾ 2:47) ਜਿਹੜਾ ਯੂਨਾਨੀ ਸ਼ਬਦ “ਸਵਾਲ ਪੁੱਛ ਰਿਹਾ” ਲਈ ਇਸਤੇਮਾਲ ਕੀਤਾ ਗਿਆ ਹੈ ਉਹ ਕਈ ਵਾਰ ਅਦਾਲਤੀ ਕਾਰਵਾਈ ਵਿਚ ਕੀਤੇ ਜਾਂਦੇ ਸਵਾਲ-ਜਵਾਬ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। (ਮੱਤੀ 27:11; ਮਰ 14:60, 61; 15:2, 4; ਰਸੂ 5:27) ਇਤਿਹਾਸਕਾਰ ਦੱਸਦੇ ਹਨ ਕਿ ਉਸ ਸਮੇਂ ਦੇ ਕੁਝ ਧਾਰਮਿਕ ਆਗੂ ਤਿਉਹਾਰ ਤੋਂ ਬਾਅਦ ਮੰਦਰ ਵਿਚ ਹੀ ਰਹਿੰਦੇ ਸਨ ਅਤੇ ਉੱਥੇ ਇਕ ਵੱਡੇ ਵਿਹੜੇ ਵਿਚ ਬੈਠ ਕੇ ਸਿੱਖਿਆ ਦਿੰਦੇ ਸਨ। ਲੋਕ ਉਨ੍ਹਾਂ ਦੇ ਪੈਰਾਂ ਵਿਚ ਬੈਠ ਕੇ ਸੁਣ ਸਕਦੇ ਸਨ ਅਤੇ ਸਵਾਲ ਪੁੱਛ ਸਕਦੇ ਸਨ।

ਅਚੰਭਾ ਹੋ ਰਿਹਾ ਸੀ: “ਅਚੰਭਾ” ਲਈ ਵਰਤੀ ਗਈ ਯੂਨਾਨੀ ਕਿਰਿਆ ਲਗਾਤਾਰ ਜਾਂ ਵਾਰ-ਵਾਰ ਹੈਰਾਨ ਹੁੰਦੇ ਰਹਿਣ ਨੂੰ ਦਰਸਾਉਂਦੀ ਹੈ।

(ਲੂਕਾ 2:51, 52) ਅਤੇ ਉਹ ਉਨ੍ਹਾਂ ਨਾਲ ਨਾਸਰਤ ਨੂੰ ਵਾਪਸ ਚਲਾ ਗਿਆ ਅਤੇ ਉਨ੍ਹਾਂ ਦੇ ਅਧੀਨ ਰਿਹਾ। ਉਸ ਦੀ ਮਾਂ ਨੇ ਉਹ ਸਭ ਗੱਲਾਂ ਆਪਣੇ ਦਿਲ ਵਿਚ ਸਾਂਭ ਕੇ ਰੱਖੀਆਂ। 52 ਅਤੇ ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।

nwtsty ਵਿੱਚੋਂ ਲੂਕਾ 2:51, 52 ਲਈ ਖ਼ਾਸ ਜਾਣਕਾਰੀ

ਅਧੀਨ ਰਿਹਾ: ਜਾਂ “ਆਗਿਆਕਾਰ ਰਿਹਾ।” ਇਸ ਯੂਨਾਨੀ ਕਿਰਿਆ ਤੋਂ ਪਤਾ ਲੱਗਦਾ ਹੈ ਕਿ ਮੰਦਰ ਵਿਚ ਗੁਰੂਆਂ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਤੋਂ ਬਾਅਦ ਯਿਸੂ ਘਰ ਗਿਆ ਅਤੇ ਨਿਮਰਤਾ ਨਾਲ ਆਪਣੇ ਮਾਪਿਆਂ ਦੇ ਅਧੀਨ ਰਿਹਾ। ਉਸ ਲਈ ਆਗਿਆਕਾਰੀ ਦਿਖਾਉਣੀ ਹੋਰ ਕਿਸੇ ਬੱਚੇ ਨਾਲੋਂ ਜ਼ਰੂਰੀ ਸੀ ਕਿਉਂਕਿ ਉਸ ਨੇ ਮੂਸਾ ਦੇ ਕਾਨੂੰਨ ਦੀ ਹਰ ਗੱਲ ਪੂਰੀ ਕਰਨੀ ਸੀ।​—ਕੂਚ 20:12; ਗਲਾ 4:4.

ਹੀਰੇ-ਮੋਤੀਆਂ ਦੀ ਖੋਜ ਕਰੋ

(ਲੂਕਾ 2:14) “ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।”

nwtsty ਵਿੱਚੋਂ ਲੂਕਾ 2:14 ਲਈ ਖ਼ਾਸ ਜਾਣਕਾਰੀ

ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ: ਕੁਝ ਹੱਥ-ਲਿਖਤਾਂ ਵਿਚ ਇਸ ਨੂੰ “ਧਰਤੀ ਉੱਤੇ ਸ਼ਾਂਤੀ, ਲੋਕਾਂ ਲਈ ਖ਼ੁਸ਼ਹਾਲੀ” ਲਿਖਿਆ ਹੈ ਅਤੇ ਇਹੀ ਸ਼ਬਦ ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਪਾਏ ਜਾਂਦੇ ਹਨ। ਪਰ ਨਵੀਂ ਦੁਨੀਆਂ ਅਨੁਵਾਦ ਵਿਚ ਪਾਏ ਜਾਂਦੇ ਸ਼ਬਦ ਹੱਥ-ਲਿਖਤਾਂ ਮੁਤਾਬਕ ਬਿਲਕੁਲ ਸਹੀ ਪਾਏ ਗਏ ਹਨ। ਦੂਤਾਂ ਦੁਆਰਾ ਕਹੀ ਗਈ ਇਹ ਗੱਲ ਸਾਰੇ ਇਨਸਾਨਾਂ ਲਈ ਪਰਮੇਸ਼ੁਰ ਦੀ ਖ਼ੁਸ਼ੀ ਨੂੰ ਨਹੀਂ ਦਰਸਾਉਂਦੀ ਚਾਹੇ ਉਨ੍ਹਾਂ ਦਾ ਰਵੱਈਆ ਅਤੇ ਕੰਮ ਜਿੱਦਾਂ ਦੇ ਮਰਜ਼ੀ ਹੋਣ। ਇਸ ਦੀ ਬਜਾਇ, ਪਰਮੇਸ਼ੁਰ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੋਵੇਗਾ ਜੋ ਸੱਚੀ ਨਿਹਚਾ ਦਿਖਾਉਂਦੇ ਹਨ ਅਤੇ ਉਸ ਦੇ ਪੁੱਤਰ ਦੇ ਚੇਲੇ ਬਣਦੇ ਹਨ।—ਇਸ ਆਇਤ ʼਤੇ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੈ ਦਾ ਸਟੱਡੀ ਨੋਟ ਦੇਖੋ।

ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੈ: ‘ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੈ’ ਵਾਕ ਯੂਨਾਨੀ ਸ਼ਬਦ ਇਊਡੂਕੀਆ (eu·do·kiʹa) ਤੋਂ ਲਿਆ ਗਿਆ ਹੈ। ਇਹ ਸ਼ਬਦ “ਪੱਖ ਲੈਣ, ਖ਼ੁਸ਼ੀ ਤੇ ਮਨਜ਼ੂਰੀ” ਨੂੰ ਵੀ ਦਰਸਾ ਸਕਦਾ ਹੈ। ਦੂਤਾਂ ਵੱਲੋਂ ਜ਼ਿਕਰ ਕੀਤੀ ਗਈ ਖ਼ੁਸ਼ੀ ਸਾਰੇ ਲੋਕਾਂ ਲਈ ਨਹੀਂ, ਸਗੋਂ ਉਨ੍ਹਾਂ ਲੋਕਾਂ ਲਈ ਹੈ ਜੋ ਆਪਣੀ ਨਿਹਚਾ ਰਾਹੀਂ ਅਤੇ ਉਸ ਦੇ ਪੁੱਤਰ ਦੇ ਚੇਲੇ ਬਣ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਨ। ਕੁਝ ਆਇਤਾਂ ਵਿਚ ਯੂਨਾਨੀ ਸ਼ਬਦ ਇਊਡੂਕੀਆ ਇਨਸਾਨਾਂ ਦੀ ਚੰਗਿਆਈ ਨੂੰ ਦਰਸਾਉਂਦਾ ਹੈ (ਰੋਮੀ 10:1; ਫ਼ਿਲਿ 1:15), ਪਰ ਇਹ ਅਕਸਰ ਪਰਮੇਸ਼ੁਰ ਦੁਆਰਾ ਖ਼ੁਸ਼ੀ ਦਿਖਾਉਣ ਲਈ ਜਾਂ ਉਸ ਵੱਲੋਂ ਮਨਜ਼ੂਰ ਕੀਤੇ ਜਾਣ ਲਈ ਵਰਤਿਆ ਗਿਆ ਹੈ (ਮੱਤੀ 11:26; ਲੂਕਾ 10:21; ਅਫ਼ 1:5, 9; ਫ਼ਿਲਿ 2:13; 2 ਥੱਸ 1:11)। ਜ਼ਬੂ 51:18 [50:20, LXX], ਦੇ ਸੈਪਟੁਜਿੰਟ ਵਿਚ ਇਹ ਸ਼ਬਦ ਪਰਮੇਸ਼ੁਰ ਵੱਲੋਂ ਦਿਖਾਈ “ਖ਼ੁਸ਼ੀ” ਲਈ ਵਰਤਿਆ ਗਿਆ ਹੈ।

(ਲੂਕਾ 3:23) ਯਿਸੂ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ ਤੀਹਾਂ ਸਾਲਾਂ ਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਉਹ ਯੂਸੁਫ਼ ਦਾ ਪੁੱਤਰ ਸੀ, ਯੂਸੁਫ਼, ਹੇਲੀ ਦਾ ਪੁੱਤਰ ਸੀ,

wp16.3 9 ਪੈਰੇ 1-3

ਕੀ ਤੁਸੀਂ ਜਾਣਦੇ ਹੋ?

ਯੂਸੁਫ਼ ਦਾ ਪਿਤਾ ਕੌਣ ਸੀ?

ਯੂਸੁਫ਼, ਜੋ ਨਾਸਰਤ ਦਾ ਰਹਿਣ ਵਾਲਾ ਤਰਖਾਣ ਸੀ, ਯਿਸੂ ਦਾ ਪਿਤਾ ਸੀ। ਪਰ ਯੂਸੁਫ਼ ਦਾ ਪਿਤਾ ਕੌਣ ਸੀ। ਮੱਤੀ ਵਿਚ ਪਾਈ ਜਾਂਦੀ ਯਿਸੂ ਦੀ ਵੰਸ਼ਾਵਲੀ ਵਿਚ ਯਾਕੂਬ ਦਾ ਨਾਂ ਲਿਖਿਆ ਹੈ ਜਦ ਕਿ ਲੂਕਾ ਨੇ ਲਿਖਿਆ ਕਿ ਯੂਸੁਫ਼ “ਹੇਲੀ ਦਾ ਪੁੱਤਰ” ਸੀ। ਇਸ ਜਾਣਕਾਰੀ ਵਿਚ ਫ਼ਰਕ ਕਿਉਂ ਹੈ?​— ਲੂਕਾ 3:23, ਮੱਤੀ 1:16.

ਮੱਤੀ ਵਿਚ ਲਿਖਿਆ ਹੈ, “ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ।” ਇੱਥੇ ਵਰਤੇ ਯੂਨਾਨੀ ਸ਼ਬਦ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਾਕੂਬ ਯੂਸੁਫ਼ ਦਾ ਪਿਤਾ ਸੀ। ਮੱਤੀ ਦੀ ਵੰਸ਼ਾਵਲੀ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਯੂਸੁਫ਼ ਦਾਊਦ ਦੀ ਪੀੜ੍ਹੀ ਵਿੱਚੋਂ ਆਇਆ ਸੀ। ਇਸੇ ਕਰਕੇ ਯੂਸੁਫ਼ ਦੇ ਪੁੱਤਰ ਯਿਸੂ ਨੂੰ ਰਾਜ- ਗੱਦੀ ਉੱਤੇ ਬੈਠਣ ਦਾ ਕਾਨੂੰਨੀ ਹੱਕ ਮਿਲਣਾ ਸੀ।

ਦੂਜੇ ਪਾਸੇ, ਲੂਕਾ ਦੀ ਕਿਤਾਬ ਵਿਚ ਲਿਖਿਆ ਹੈ ਕਿ “ਯੂਸੁਫ਼, ਹੇਲੀ ਦਾ ਪੁੱਤਰ” ਸੀ। ਸ਼ਬਦ “ਪੁੱਤਰ” ਦਾ ਮਤਲਬ “ਜਵਾਈ” ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਦਾ ਸ਼ਬਦ ਲੂਕਾ 3:27 ਵਿਚ ਵਰਤਿਆ ਗਿਆ ਹੈ ਜਿੱਥੇ ਲਿਖਿਆ ਹੈ ਸ਼ਅਲਤੀਏਲ “ਨੇਰੀ ਦਾ ਪੁੱਤਰ” ਸੀ। ਜਦ ਕਿ ਸ਼ਅਲਤੀਏਲ ਦਾ ਪਿਤਾ ਯਕਾਨਯਾਹ ਸੀ। (1 ਇਤਿਹਾਸ 3:17; ਮੱਤੀ 1:12) ਸ਼ਅਲਤੀਏਲ ਦਾ ਵਿਆਹ ਨੇਰੀ ਦੀ ਕੁੜੀ ਨਾਲ ਹੋਇਆ ਸੀ। ਇਸ ਤਰ੍ਹਾਂ ਉਹ ਉਸ ਦਾ ਜਵਾਈ ਸੀ। ਯੂਸੁਫ਼ ਇਸੇ ਮਾਅਨੇ ਵਿਚ ਹੇਲੀ ਦਾ “ਪੁੱਤਰ” ਸੀ ਕਿਉਂਕਿ ਉਸ ਦਾ ਵਿਆਹ ਹੇਲੀ ਦੀ ਕੁੜੀ ਮਰੀਅਮ ਨਾਲ ਹੋਇਆ ਸੀ। ਇਸ ਲਈ ਲੂਕਾ ਨੇ ਦੱਸਿਆ ਕਿ ਯਿਸੂ “ਦਾਊਦ ਦੇ ਘਰਾਣੇ ਵਿਚ” ਮਰੀਅਮ ਦੀ ਕੁੱਖੋਂ ਪੈਦਾ ਹੋਇਆ। (ਰੋਮੀਆਂ 1:3) ਇਸ ਲਈ ਬਾਈਬਲ ਸਾਨੂੰ ਯਿਸੂ ਦੀਆਂ ਦੋ ਵੱਖਰੀਆਂ ਵੰਸ਼ਾਵਲੀਆਂ ਬਾਰੇ ਦੱਸਦੀ ਹੈ।

ਬਾਈਬਲ ਪੜ੍ਹਾਈ

(ਲੂਕਾ 2:1-20) ਹੁਣ ਉਨ੍ਹਾਂ ਦਿਨਾਂ ਵਿਚ ਸਮਰਾਟ ਅਗਸਤੁਸ ਨੇ ਫ਼ਰਮਾਨ ਜਾਰੀ ਕੀਤਾ ਕਿ ਸਾਮਰਾਜ ਦੇ ਸਾਰੇ ਲੋਕ ਆਪਣਾ-ਆਪਣਾ ਨਾਂ ਦਰਜ ਕਰਾਉਣ। 2 (ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੂੰ ਆਪਣੇ ਨਾਂ ਦਰਜ ਕਰਾਉਣ ਲਈ ਕਿਹਾ ਗਿਆ ਸੀ। ਉਸ ਵੇਲੇ ਕੁਰੇਨੀਅਸ ਸੀਰੀਆ ਦਾ ਰਾਜਪਾਲ ਸੀ।) 3 ਸਭ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪੋ-ਆਪਣੇ ਜੱਦੀ ਸ਼ਹਿਰਾਂ ਨੂੰ ਤੁਰ ਪਏ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। 4 ਯੂਸੁਫ਼ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦਾ ਸੀ। ਪਰ ਦਾਊਦ ਦੇ ਘਰਾਣੇ ਵਿੱਚੋਂ ਹੋਣ ਕਰਕੇ ਉਹ ਉੱਥੋਂ ਯਹੂਦੀਆ ਵਿਚ ਬੈਤਲਹਮ ਸ਼ਹਿਰ ਨੂੰ ਗਿਆ, ਜੋ ਦਾਊਦ ਦਾ ਸ਼ਹਿਰ ਸੀ, 5 ਤਾਂਕਿ ਉਹ ਆਪਣਾ ਅਤੇ ਮਰੀਅਮ, ਜੋ ਉਸ ਦੀ ਪਤਨੀ ਬਣ ਚੁੱਕੀ ਸੀ, ਦਾ ਨਾਂ ਦਰਜ ਕਰਾਏ। ਉਸ ਵੇਲੇ ਮਰੀਅਮ ਗਰਭਵਤੀ ਸੀ 6 ਅਤੇ ਬੈਤਲਹਮ ਵਿਚ ਹੁੰਦਿਆਂ ਬੱਚੇ ਨੂੰ ਜਨਮ ਦੇਣ ਦੇ ਦਿਨ ਪੂਰੇ ਹੋ ਗਏ। 7 ਉੱਥੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ, ਕਿਉਂਕਿ ਉਨ੍ਹਾਂ ਨੂੰ ਮੁਸਾਫ਼ਰਖ਼ਾਨੇ ਵਿਚ ਰਹਿਣ ਲਈ ਜਗ੍ਹਾ ਨਹੀਂ ਮਿਲੀ ਸੀ। 8 ਉਸ ਇਲਾਕੇ ਵਿਚ ਕੁਝ ਚਰਵਾਹੇ ਘਰੋਂ ਬਾਹਰ ਰਹਿ ਰਹੇ ਸਨ ਅਤੇ ਰਾਤ ਨੂੰ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ। 9 ਅਚਾਨਕ ਯਹੋਵਾਹ ਦਾ ਦੂਤ ਉਨ੍ਹਾਂ ਸਾਮ੍ਹਣੇ ਆ ਖੜ੍ਹਾ ਹੋਇਆ ਅਤੇ ਯਹੋਵਾਹ ਦੀ ਮਹਿਮਾ ਦੇ ਨੂਰ ਨਾਲ ਆਲਾ-ਦੁਆਲਾ ਚਮਕ ਉੱਠਿਆ। ਇਸ ਕਰਕੇ ਚਰਵਾਹੇ ਬਹੁਤ ਡਰ ਗਏ। 10 ਪਰ ਦੂਤ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ, ਸੁਣੋ! ਮੈਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਆਇਆ ਹਾਂ ਜਿਸ ਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜੀ ਖ਼ੁਸ਼ੀ ਹੋਵੇਗੀ, 11 ਕਿਉਂਕਿ ਅੱਜ ਦਾਊਦ ਦੇ ਸ਼ਹਿਰ ਵਿਚ ਤੁਹਾਡੇ ਲਈ ਇਕ ਮੁਕਤੀਦਾਤਾ ਪੈਦਾ ਹੋਇਆ ਹੈ, ਉਹੀ ਮਸੀਹ ਤੇ ਪ੍ਰਭੂ ਹੈ। 12 ਉਸ ਨੂੰ ਪਛਾਣਨ ਦੀ ਨਿਸ਼ਾਨੀ ਇਹ ਹੈ: ਤੁਸੀਂ ਬੱਚੇ ਨੂੰ ਕੱਪੜੇ ਵਿਚ ਲਪੇਟਿਆ ਹੋਇਆ ਤੇ ਖੁਰਲੀ ਵਿਚ ਪਿਆ ਦੇਖੋਗੇ।” 13 ਫਿਰ ਸਵਰਗੀ ਦੂਤਾਂ ਦੀ ਫ਼ੌਜ ਉਸ ਦੂਤ ਨਾਲ ਆ ਰਲ਼ੀ ਅਤੇ ਉਹ ਸਾਰੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: 14 “ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।” 15 ਫਿਰ ਜਦੋਂ ਦੂਤ ਸਵਰਗ ਨੂੰ ਚਲੇ ਗਏ, ਤਾਂ ਚਰਵਾਹੇ ਇਕ-ਦੂਜੇ ਨੂੰ ਕਹਿਣ ਲੱਗੇ: “ਆਓ ਆਪਾਂ ਸਿੱਧੇ ਬੈਤਲਹਮ ਨੂੰ ਚੱਲੀਏ ਅਤੇ ਉੱਥੇ ਯਹੋਵਾਹ ਦੇ ਕਹੇ ਮੁਤਾਬਕ ਜੋ ਹੋਇਆ ਹੈ, ਜਾ ਕੇ ਦੇਖੀਏ।” 16 ਉਹ ਫ਼ੌਰਨ ਗਏ ਅਤੇ ਮਰੀਅਮ ਤੇ ਯੂਸੁਫ਼ ਨੂੰ ਮਿਲੇ ਅਤੇ ਉਨ੍ਹਾਂ ਨੇ ਬੱਚੇ ਨੂੰ ਖੁਰਲੀ ਵਿਚ ਪਿਆ ਦੇਖਿਆ। 17 ਬੱਚੇ ਨੂੰ ਦੇਖ ਲੈਣ ਤੋਂ ਬਾਅਦ ਉਨ੍ਹਾਂ ਨੇ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੀਆਂ ਜੋ ਦੂਤ ਨੇ ਉਨ੍ਹਾਂ ਨੂੰ ਬੱਚੇ ਬਾਰੇ ਦੱਸੀਆਂ ਸਨ। 18 ਜਿਨ੍ਹਾਂ ਨੇ ਵੀ ਚਰਵਾਹਿਆਂ ਦੀਆਂ ਗੱਲਾਂ ਸੁਣੀਆਂ, ਉਹ ਸਭ ਹੈਰਾਨ ਹੋਏ। 19 ਮਰੀਅਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਰੱਖੀਆਂ ਅਤੇ ਇਨ੍ਹਾਂ ਦੇ ਮਤਲਬ ਬਾਰੇ ਸੋਚਣ ਲੱਗੀ। 20 ਫਿਰ ਚਰਵਾਹੇ ਆਪਣੇ ਇੱਜੜਾਂ ਕੋਲ ਵਾਪਸ ਚਲੇ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਕਿਉਂਕਿ ਉਨ੍ਹਾਂ ਨੇ ਉਹੀ ਸੁਣਿਆ ਤੇ ਦੇਖਿਆ ਜੋ ਉਨ੍ਹਾਂ ਨੂੰ ਦੱਸਿਆ ਗਿਆ ਸੀ।

25 ਜੂਨ–1 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 4-5

“ਯਿਸੂ ਵਾਂਗ ਪਰਤਾਵਿਆਂ ਦਾ ਸਾਮ੍ਹਣਾ ਕਰੋ”

(ਲੂਕਾ 4:1-4) ਫਿਰ ਪਵਿੱਤਰ ਸ਼ਕਤੀ ਨਾਲ ਭਰਪੂਰ ਯਿਸੂ ਯਰਦਨ ਦਰਿਆ ਤੋਂ ਚਲਾ ਗਿਆ। ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ। 2 ਉਹ ਉੱਥੇ ਚਾਲੀ ਦਿਨ ਰਿਹਾ ਅਤੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ। ਇਨ੍ਹਾਂ ਦਿਨਾਂ ਦੌਰਾਨ ਉਸ ਨੇ ਕੁਝ ਨਹੀਂ ਖਾਧਾ ਅਤੇ ਜਦੋਂ ਦਿਨ ਪੂਰੇ ਹੋਏ, ਤਾਂ ਉਸ ਨੂੰ ਭੁੱਖ ਲੱਗੀ। 3 ਸ਼ੈਤਾਨ ਨੇ ਆ ਕੇ ਉਸ ਨੂੰ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ।” 4 ਪਰ ਉਸ ਨੇ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਜੀਉਂਦਾ ਰਹਿਣ ਵਾਸਤੇ ਇਨਸਾਨ ਨੂੰ ਸਿਰਫ਼ ਰੋਟੀ ਦੀ ਹੀ ਲੋੜ ਨਹੀਂ ਹੁੰਦੀ।’”

w13 8/15 25 ਪੈਰਾ 8

ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ

8 ਉਜਾੜ ਵਿਚ ਯਿਸੂ ਦੀ ਪਰੀਖਿਆ ਲੈਂਦੇ ਹੋਏ ਸ਼ੈਤਾਨ ਨੇ ਇਹੀ ਚਾਲ ਚਲੀ। ਉਸ ਨੂੰ ਪਤਾ ਸੀ ਕਿ ਯਿਸੂ ਨੇ 40 ਦਿਨਾਂ ਤੇ 40 ਰਾਤਾਂ ਤੋਂ ਕੁਝ ਨਹੀਂ ਸੀ ਖਾਧਾ। ਇਸ ਲਈ ਸ਼ੈਤਾਨ ਨੇ ਉਸ ਨੂੰ ਰੋਟੀ ਦਾ ਲਾਲਚ ਦੇ ਕੇ ਉਸ ਦੀ ਪਰੀਖਿਆ ਲਈ। ਸ਼ੈਤਾਨ ਨੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ।” (ਲੂਕਾ 4:1-3) ਯਿਸੂ ਜਾਂ ਤਾਂ ਚਮਤਕਾਰ ਕਰ ਕੇ ਆਪਣੀ ਭੁੱਖ ਮਿਟਾ ਸਕਦਾ ਸੀ ਜਾਂ ਉਹ ਇੱਦਾਂ ਕਰਨ ਤੋਂ ਇਨਕਾਰ ਕਰ ਸਕਦਾ ਸੀ। ਉਹ ਜਾਣਦਾ ਸੀ ਕਿ ਆਪਣੇ ਫ਼ਾਇਦੇ ਲਈ ਚਮਤਕਾਰ ਕਰਨਾ ਗ਼ਲਤ ਸੀ। ਹਾਲਾਂਕਿ ਉਸ ਨੂੰ ਭੁੱਖ ਲੱਗੀ ਸੀ, ਪਰ ਉਸ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਰੋਟੀ ਨਾਲੋਂ ਕਿਤੇ ਪਿਆਰਾ ਸੀ। ਯਿਸੂ ਨੇ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।’”​—ਮੱਤੀ 4:4; ਲੂਕਾ 4:4.

(ਲੂਕਾ 4:5-8) ਫਿਰ ਸ਼ੈਤਾਨ ਉਸ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਉਸੇ ਪਲ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ। 6 ਫਿਰ ਸ਼ੈਤਾਨ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ, ਕਿਉਂਕਿ ਮੈਨੂੰ ਇਨ੍ਹਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦੇ ਸਕਦਾ ਹਾਂ। 7 ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।” 8 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਇਹ ਲਿਖਿਆ ਹੈ: ‘ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’”

w13 8/15 25 ਪੈਰਾ 10

ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ

10 ਸ਼ੈਤਾਨ ਨੇ ਯਿਸੂ ਦੀ ਪਰੀਖਿਆ ਕਿਵੇਂ ਲਈ? ਉਹ ਯਿਸੂ “ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਉਸੇ ਪਲ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ। ਫਿਰ ਸ਼ੈਤਾਨ ਨੇ ਉਸ ਨੂੰ ਕਿਹਾ: ‘ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ।’” (ਲੂਕਾ 4:5, 6) ਯਿਸੂ ਨੇ ਅਸਲ ਵਿਚ ਆਪਣੀਆਂ ਅੱਖਾਂ ਨਾਲ ਸਾਰੀਆਂ ਬਾਦਸ਼ਾਹੀਆਂ ਨਹੀਂ ਦੇਖੀਆਂ, ਪਰ ਸ਼ੈਤਾਨ ਨੇ ਇਕ ਦਰਸ਼ਣ ਵਿਚ ਉਸ ਨੂੰ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ। ਉਸ ਨੂੰ ਸ਼ਾਇਦ ਲੱਗਦਾ ਸੀ ਕਿ ਯਿਸੂ ਇਹ ਸਭ ਕੁਝ ਦੇਖ ਕੇ ਇਨ੍ਹਾਂ ਬਾਦਸ਼ਾਹੀਆਂ ਨੂੰ ਪਾਉਣਾ ਚਾਹੇਗਾ। ਸ਼ੈਤਾਨ ਨੇ ਇਹ ਵੀ ਕਹਿਣ ਦੀ ਜੁਰਅਤ ਕੀਤੀ: “ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।” (ਲੂਕਾ 4:7) ਯਿਸੂ ਇਕ ਪਲ ਲਈ ਵੀ ਸ਼ੈਤਾਨ ਨੂੰ ਖ਼ੁਸ਼ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਇਕਦਮ ਜਵਾਬ ਦਿੰਦਿਆਂ ਕਿਹਾ: “ਧਰਮ-ਗ੍ਰੰਥ ਵਿਚ ਇਹ ਲਿਖਿਆ ਹੈ: ‘ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’”​—ਲੂਕਾ 4:8.

(ਲੂਕਾ 4:9-12) ਨਾਲੇ, ਸ਼ੈਤਾਨ ਉਸ ਨੂੰ ਯਰੂਸ਼ਲਮ ਵਿਚ ਲੈ ਗਿਆ ਅਤੇ ਮੰਦਰ ਦੀ ਇਕ ਬਹੁਤ ਉੱਚੀ ਕੰਧ ਉੱਤੇ ਖੜ੍ਹਾ ਕਰ ਕੇ ਉਸ ਨੂੰ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਛਾਲ ਮਾਰ ਦੇ, 10 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਉਹ ਤੈਨੂੰ ਬਚਾਉਣ ਲਈ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ 11 ਅਤੇ ਦੂਤ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।’” 12 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਇਹ ਵੀ ਲਿਖਿਆ ਹੈ: ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਨਾ ਪਰਖ।’”

nwtsty ਵਿੱਚੋਂ ਤਸਵੀਰਾਂ

ਮੰਦਰ ਦੀ ਬਹੁਤ ਉੱਚੀ ਕੰਧ

ਸ਼ੈਤਾਨ ਨੇ ਸ਼ਾਇਦ ਸੱਚ-ਮੁੱਚ ਯਿਸੂ ਨੂੰ “ਮੰਦਰ ਦੀ ਬਹੁਤ ਉੱਚੀ ਕੰਧ” [ਜਾਂ “ਸਭ ਤੋਂ ਉੱਚੀ”] ʼਤੇ ਖੜ੍ਹਾ ਕੀਤਾ ਹੋਣਾ ਅਤੇ ਉਸ ਨੂੰ ਛਾਲ ਮਾਰਨ ਨੂੰ ਕਿਹਾ ਹੋਣਾ। ਪਰ ਇਸ ਬਾਰੇ ਨਹੀਂ ਪਤਾ ਕਿ ਯਿਸੂ ਕਿਹੜੀ ਜਗ੍ਹਾ ʼਤੇ ਖੜ੍ਹਾ ਸੀ। “ਮੰਦਰ” ਲਈ ਵਰਤਿਆ ਸ਼ਬਦ ਪੂਰੇ ਮੰਦਰ ਨੂੰ ਦਰਸਾਉਂਦਾ ਹੈ। ਹੋ ਸਕਦਾ ਹੈ ਕਿ ਯਿਸੂ ਮੰਦਰ ਦੇ ਦੱਖਣ-ਪੂਰਬ ਕੋਨੇ ʼਤੇ (1) ਜਾਂ ਮੰਦਰ ਦੇ ਕਿਸੇ ਹੋਰ ਕੋਨੇ ਤੇ ਖੜ੍ਹਾ ਹੋਵੇ। ਜੇ ਯਹੋਵਾਹ ਦਖ਼ਲ ਨਾ ਦਿੰਦਾ, ਤਾਂ ਇਨ੍ਹਾਂ ਵਿੱਚੋਂ ਕਿਸੇ ਵੀ ਕੋਨੇ ਤੋਂ ਛਾਲ ਮਾਰਨ ਤੇ ਮੌਤ ਹੋਣੀ ਪੱਕੀ ਸੀ।

w13 8/15 26 ਪੈਰਾ 12

ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ

12 ਹੱਵਾਹ ਤੋਂ ਉਲਟ ਯਿਸੂ ਨੇ ਨਿਮਰ ਰਹਿ ਕੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਸ਼ੈਤਾਨ ਨੇ ਇਕ ਹੋਰ ਤਰੀਕੇ ਨਾਲ ਉਸ ਦੀ ਪਰੀਖਿਆ ਲਈ। ਪਰ ਯਿਸੂ ਨੇ ਆਪਣੀ ਸ਼ਕਤੀ ਦਾ ਦਿਖਾਵਾ ਕਰ ਕੇ ਪਰਮੇਸ਼ੁਰ ਨੂੰ ਪਰਖਣ ਬਾਰੇ ਨਹੀਂ ਸੋਚਿਆ ਕਿਉਂਕਿ ਉਸ ਵਿਚ ਜ਼ਰਾ ਵੀ ਘਮੰਡ ਨਹੀਂ ਸੀ। ਯਿਸੂ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਇਹ ਵੀ ਲਿਖਿਆ ਹੈ: ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਨਾ ਪਰਖ।’”​—ਲੂਕਾ 4:9-12 ਪੜ੍ਹੋ।

ਹੀਰੇ-ਮੋਤੀਆਂ ਦੀ ਖੋਜ ਕਰੋ

(ਲੂਕਾ 4:17) “ਇਸ ਲਈ ਉਸ ਨੂੰ ਯਸਾਯਾਹ ਨਬੀ ਦੀ ਕਿਤਾਬ ਦਿੱਤੀ ਗਈ ਅਤੇ ਉਸ ਨੇ ਕਿਤਾਬ ਉਸ ਜਗ੍ਹਾ ਖੋਲ੍ਹੀ ਜਿੱਥੇ ਲਿਖਿਆ ਸੀ:

nwtsty ਵਿੱਚੋਂ ਲੂਕਾ 4:17 ਲਈ ਖ਼ਾਸ ਜਾਣਕਾਰੀ

ਯਸਾਯਾਹ ਨਬੀ ਦੀ ਕਿਤਾਬ: ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਚਮੜੇ ਦੀਆਂ 17 ਪੱਤਰੀਆਂ ਦੀ ਬਣੀ ਸੀ ਜੋ ਇਕ-ਦੂਜੇ ਨਾਲ ਜੁੜੀਆਂ ਸਨ। ਇਹ ਲਪੇਟਵੀਂ ਪੱਤਰੀ 24 ਫੁੱਟ (7.3 ਮੀਟਰ) ਲੰਬੀ ਸੀ ਜਿਸ ਵਿਚ 54 ਕਾਲਮ ਸਨ। ਨਾਸਰਤ ਦੇ ਸਭਾ ਘਰ ਵਿਚ ਵਰਤੀ ਜਾਣ ਵਾਲੀ ਪੋਥੀ ਦੀ ਵੀ ਇੰਨੀ ਲੰਬਾਈ ਹੋਣੀ। ਪਹਿਲੀ ਸਦੀ ਵਿਚ ਅਧਿਆਇ ਅਤੇ ਆਇਤਾਂ ਨਹੀਂ ਹੁੰਦੀਆਂ ਸਨ। ਇਸ ਕਰਕੇ ਯਿਸੂ ਜਿਹੜਾ ਹਿੱਸਾ ਪੜ੍ਹਨਾ ਚਾਹੁੰਦਾ ਸੀ ਉਹ ਉਸ ਨੂੰ ਲੱਭਣਾ ਪਿਆ ਹੋਣਾ। ਯਿਸੂ ਨੇ ਪੋਥੀ ਯਾਨੀ ਕਿਤਾਬ ਉਸ ਜਗ੍ਹਾ ਖੋਲ੍ਹੀ ਜਿੱਥੇ ਭਵਿੱਖਬਾਣੀ ਲਿਖੀ ਗਈ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣੂ ਸੀ।

(ਲੂਕਾ 4:25) “ਮਿਸਾਲ ਲਈ, ਏਲੀਯਾਹ ਨਬੀ ਦੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਕਈ ਵਿਧਵਾਵਾਂ ਸਨ। ਉਸ ਵੇਲੇ ਸਾਢੇ ਤਿੰਨ ਸਾਲ ਮੀਂਹ ਨਾ ਪੈਣ ਕਰਕੇ ਸਾਰੇ ਦੇਸ਼ ਵਿਚ ਕਾਲ਼ ਪਿਆ ਸੀ।”

nwtsty ਵਿੱਚੋਂ ਲੂਕਾ 4:25 ਲਈ ਖ਼ਾਸ ਜਾਣਕਾਰੀ

ਸਾਢੇ ਤਿੰਨ ਸਾਲ: 1 ਰਾਜ 18:1 ਅਨੁਸਾਰ ਏਲੀਯਾਹ ਨੇ ਦੱਸਿਆ ਕਿ “ਤੀਜੇ ਵਰਹੇ ਵਿੱਚ” ਸੋਕਾ ਖ਼ਤਮ ਹੋਵੇਗਾ। ਕੁਝ ਲੋਕ ਦਾਅਵਾ ਕਰਦੇ ਹਨ ਕਿ ਯਿਸੂ ਨੇ 1 ਰਾਜਿਆਂ ਵਿਚ ਦਰਜ ਜਾਣਕਾਰੀ ਤੋਂ ਉਲਟ ਗੱਲ ਕਹੀ ਸੀ। ਇਬਰਾਨੀ ਲਿਖਤਾਂ ਵਿਚ ਵੀ ਇਹ ਨਹੀਂ ਦੱਸਿਆ ਗਿਆ ਕਿ ਸੋਕੇ ਦਾ ਸਮਾਂ ਤਿੰਨ ਸਾਲਾਂ ਤੋਂ ਘੱਟ ਸੀ। ਸ਼ਬਦ “ਤੀਜੇ ਵਰਹੇ ਵਿਚ” ਉਸ ਸਮੇਂ ਨੂੰ ਦਰਸਾਉਂਦਾ ਹੈ ਜੋ ਏਲੀਯਾਹ ਦੁਆਰਾ ਅਹਾਬ ਨੂੰ ਸੋਕੇ ਬਾਰੇ ਦੱਸੇ ਜਾਣ ਨਾਲ ਸ਼ੁਰੂ ਹੋਇਆ ਸੀ। (1 ਰਾਜ 17:1) ਖ਼ੁਸ਼ਕ ਮੌਸਮ ਆਮ ਤੌਰ ਤੇ ਛੇ ਮਹੀਨੇ ਤਕ ਚੱਲਦਾ ਸੀ। ਜਦੋਂ ਸੋਕੇ ਬਾਰੇ ਦੱਸਿਆ ਗਿਆ ਸੀ, ਤਾਂ ਖ਼ੁਸ਼ਕ ਮੌਸਮ ਛੇ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਸੀ। ਜਦੋਂ ਏਲੀਯਾਹ ਅਹਾਬ ਕੋਲ “ਤੀਸਰੇ ਵਰਹੇ ਵਿਚ” ਦੁਬਾਰਾ ਗਿਆ ਸੀ, ਤਾਂ ਸੋਕਾ ਉਦੋਂ ਨਹੀਂ ਖ਼ਤਮ ਹੋਇਆ ਸੀ। ਪਰ ਕਰਮਲ ਪਹਾੜ ʼਤੇ ਹੋਈ ਪਰੀਖਿਆ ਤੋਂ ਬਾਅਦ ਖ਼ਤਮ ਹੋਇਆ ਸੀ। (1 ਰਾਜ 18:18-45) ਇਸ ਕਰਕੇ ਇਸ ਆਇਤ ਵਿਚ ਦਰਜ ਯਿਸੂ ਦੇ ਸ਼ਬਦ ਅਤੇ ਯਾਕੂਬ 5:17 ਵਿਚ ਦਰਜ ਯਿਸੂ ਦੇ ਭਰਾ ਦੇ ਸ਼ਬਦ 1 ਰਾਜ 18:1 ਵਿਚ ਦਰਜ ਜਾਣਕਾਰੀ ਨਾਲ ਮੇਲ ਖਾਂਦੇ ਹਨ।

ਬਾਈਬਲ ਪੜ੍ਹਾਈ

(ਲੂਕਾ 4:31-44) ਅਤੇ ਉਹ ਗਲੀਲ ਦੇ ਸ਼ਹਿਰ ਕਫ਼ਰਨਾਹੂਮ ਵਿਚ ਗਿਆ। ਉਹ ਲੋਕਾਂ ਨੂੰ ਸਬਤ ਦੇ ਦਿਨ ਸਿੱਖਿਆ ਦੇ ਰਿਹਾ ਸੀ; 32 ਅਤੇ ਉਹ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਹੋ ਰਹੇ ਸਨ, ਕਿਉਂਕਿ ਉਹ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦਾ ਸੀ। 33 ਉਸ ਵਕਤ ਸਭਾ ਘਰ ਵਿਚ ਇਕ ਆਦਮੀ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। ਉਸ ਆਦਮੀ ਨੇ ਉੱਚੀ-ਉੱਚੀ ਕਿਹਾ: 34 “ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਨੂੰ ਖ਼ਤਮ ਕਰਨ ਆਇਆ ਹੈਂ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।” 35 ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਚੁੱਪ ਰਹਿ ਤੇ ਇਸ ਵਿੱਚੋਂ ਨਿਕਲ ਜਾਹ!” ਅਤੇ ਦੁਸ਼ਟ ਦੂਤ ਨੇ ਉਨ੍ਹਾਂ ਦੇ ਸਾਮ੍ਹਣੇ ਉਸ ਆਦਮੀ ਨੂੰ ਜ਼ਮੀਨ ਉੱਤੇ ਸੁੱਟਿਆ, ਪਰ ਉਸ ਨੂੰ ਬਿਨਾਂ ਕੋਈ ਸੱਟ-ਚੋਟ ਲਾਏ ਉਸ ਵਿੱਚੋਂ ਨਿਕਲ ਗਿਆ। 36 ਇਹ ਦੇਖ ਕੇ ਲੋਕ ਹੱਕੇ-ਬੱਕੇ ਰਹਿ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਦੀਆਂ ਗੱਲਾਂ ਵਿਚ ਕਿੰਨਾ ਦਮ ਹੈ, ਦੁਸ਼ਟ ਦੂਤ ਤਾਂ ਇਸ ਦਾ ਹੁਕਮ ਸੁਣ ਕੇ ਹੀ ਲੋਕਾਂ ਵਿੱਚੋਂ ਨਿਕਲ ਜਾਂਦੇ ਹਨ!” 37 ਇਸ ਕਰਕੇ, ਆਲੇ-ਦੁਆਲੇ ਦੇ ਸਾਰੇ ਇਲਾਕੇ ਵਿਚ ਉਸ ਦੇ ਚਰਚੇ ਹੋਣ ਲੱਗੇ। 38 ਫਿਰ ਉਹ ਸਭਾ ਘਰ ਤੋਂ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਤੇਜ਼ ਬੁਖ਼ਾਰ ਨਾਲ ਤੜਫ ਰਹੀ ਸੀ ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਠੀਕ ਕਰ ਦੇਵੇ। 39 ਇਸ ਲਈ, ਉਸ ਨੇ ਜਾ ਕੇ ਉਸ ਨੂੰ ਠੀਕ ਕਰ ਦਿੱਤਾ। ਉਹ ਉਸੇ ਵੇਲੇ ਉੱਠ ਕੇ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ। 40 ਪਰ ਸ਼ਾਮ ਪੈ ਜਾਣ ਤੋਂ ਬਾਅਦ ਸਾਰੇ ਲੋਕ ਉਸ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਲੈ ਕੇ ਆਉਣ ਲੱਗੇ। ਉਹ ਇਕੱਲੇ-ਇਕੱਲੇ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਠੀਕ ਕਰਦਾ ਸੀ। 41 ਨਾਲੇ ਦੁਸ਼ਟ ਦੂਤ ਵੀ ਲੋਕਾਂ ਵਿੱਚੋਂ ਨਿਕਲ ਜਾਂਦੇ ਸਨ ਅਤੇ ਉੱਚੀ-ਉੱਚੀ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” ਪਰ ਉਹ ਉਨ੍ਹਾਂ ਨੂੰ ਝਿੜਕ ਕੇ ਚੁੱਪ ਕਰਾ ਦਿੰਦਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਸੀਹ ਹੈ। 42 ਫਿਰ ਦਿਨ ਚੜ੍ਹੇ ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ। ਪਰ ਲੋਕਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਉਸ ਨੂੰ ਲੱਭ ਲੈਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਹੀ ਰੱਖਣ ਦੀ ਕੋਸ਼ਿਸ਼ ਕੀਤੀ। 43 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” 44 ਇਸ ਲਈ ਉਹ ਯਹੂਦੀਆ ਦੇ ਸਭਾ ਘਰਾਂ ਵਿਚ ਪ੍ਰਚਾਰ ਕਰਨ ਚਲਾ ਗਿਆ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ