ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr18 ਦਸੰਬਰ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
  • ਸਿਰਲੇਖ
  • 3-9 ਦਸੰਬਰ
  • 10-16 ਦਸੰਬਰ
  • 17-23 ਦਸੰਬਰ
  • 24-30 ਦਸੰਬਰ
  • 31 ਦਸੰਬਰ–6 ਜਨਵਰੀ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
mwbr18 ਦਸੰਬਰ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

3-9 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 9-11

“ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਇਕ ਜੋਸ਼ੀਲਾ ਸੇਵਕ ਬਣ ਗਿਆ”

(ਰਸੂਲਾਂ ਦੇ ਕੰਮ 9:1, 2) ਪਰ ਸੌਲੁਸ ਉੱਤੇ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਣ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਜਨੂਨ ਸਵਾਰ ਸੀ। ਉਸ ਨੇ ਜਾ ਕੇ ਮਹਾਂ ਪੁਜਾਰੀ ਨੂੰ 2 ਦਮਿਸਕ ਦੇ ਸਭਾ ਘਰਾਂ ਦੇ ਨਾਂ ਚਿੱਠੀਆਂ ਲਿਖ ਕੇ ਦੇਣ ਲਈ ਕਿਹਾ, ਤਾਂਕਿ ਉਹ ਪ੍ਰਭੂ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ, ਭਾਵੇਂ ਉਹ ਆਦਮੀ ਹੋਣ ਜਾਂ ਤੀਵੀਆਂ, ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵੇ।

bt 60 ਪੈਰੇ 1-2

ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”

ਬੇਰਹਿਮ ਟੋਲੀ ਦਮਿਸਕ ਪਹੁੰਚਣ ਵਾਲੀ ਹੈ ਜਿੱਥੇ ਉਹ ਆਪਣੇ ਬੁਰੇ ਮਨਸੂਬਿਆਂ ਨੂੰ ਅੰਜਾਮ ਦੇਵੇਗੀ। ਉਹ ਆਦਮੀ ਯਿਸੂ ਦੇ ਚੇਲਿਆਂ ਨਾਲ ਘਿਰਣਾ ਕਰਦੇ ਹਨ। ਦਮਿਸਕ ਪਹੁੰਚ ਕੇ ਉਹ ਉਨ੍ਹਾਂ ਨੂੰ ਘਰਾਂ ਵਿੱਚੋਂ ਖਿੱਚ-ਧੂਹ ਕੇ ਬਾਹਰ ਕੱਢਣਗੇ, ਉਨ੍ਹਾਂ ਨੂੰ ਬੰਨ੍ਹਣਗੇ, ਜ਼ਲੀਲ ਕਰਨਗੇ ਅਤੇ ਘੜੀਸ ਕੇ ਯਰੂਸ਼ਲਮ ਲਿਆਉਣਗੇ ਜਿੱਥੇ ਮਹਾਸਭਾ ਉਨ੍ਹਾਂ ਨੂੰ ਸਜ਼ਾ ਦੇਵੇਗੀ।

ਇਸ ਟੋਲੀ ਦਾ ਆਗੂ ਸੌਲੁਸ ਹੈ ਜਿਸ ਦੇ ਹੱਥ ਪਹਿਲਾਂ ਹੀ ਖ਼ੂਨ ਨਾਲ ਰੰਗੇ ਹੋਏ ਹਨ। ਹਾਲ ਹੀ ਵਿਚ ਉਹ ਆਪਣੇ ਨਾਲ ਦੇ ਕੱਟੜਪੰਥੀਆਂ ਨੂੰ ਯਿਸੂ ਦੇ ਚੇਲੇ ਇਸਤੀਫ਼ਾਨ ਦਾ ਕਤਲ ਕਰਦਿਆਂ ਦੇਖ ਕੇ ਬੜਾ ਖ਼ੁਸ਼ ਹੋਇਆ ਸੀ। (ਰਸੂ. 7:57–8:1) ਯਰੂਸ਼ਲਮ ਵਿਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਸਤਾ ਕੇ ਉਸ ਦੇ ਗੁੱਸੇ ਦੀ ਅੱਗ ਸ਼ਾਂਤ ਨਹੀਂ ਹੋਈ। ਉਹ ਹੋਰ ਥਾਵਾਂ ʼਤੇ ਵੀ ਮਸੀਹੀਆਂ ਨੂੰ ਆਪਣੇ ਜ਼ੁਲਮਾਂ ਦੀ ਅੱਗ ਵਿਚ ਸਾੜ ਕੇ ਸੁਆਹ ਕਰ ਦੇਣਾ ਚਾਹੁੰਦਾ ਹੈ। ਉਸ ਦੀਆਂ ਨਜ਼ਰਾਂ ਵਿਚ “ਪ੍ਰਭੂ ਦੇ ਰਾਹ” ʼਤੇ ਚੱਲਣ ਵਾਲੇ ਲੋਕ ਮਹਾਂਮਾਰੀ ਵਾਂਗ ਹਨ ਅਤੇ ਉਹ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦਾ ਹੈ।—ਰਸੂ. 9:1, 2; ਸਫ਼ਾ 61 ਉੱਤੇ “ਦਮਿਸਕ ਵਿਚ ਸੌਲੁਸ ਦਾ ਅਧਿਕਾਰ” ਨਾਂ ਦੀ ਡੱਬੀ ਦੇਖੋ।

(ਰਸੂਲਾਂ ਦੇ ਕੰਮ 9:15, 16) ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ, ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। 16 ਮੈਂ ਉਸ ਨੂੰ ਸਾਫ਼-ਸਾਫ਼ ਦੱਸਾਂਗਾ ਕਿ ਉਸ ਨੂੰ ਮੇਰੇ ਨਾਂ ਦੀ ਖ਼ਾਤਰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।”

w16.06 7 ਪੈਰਾ 4

ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ

ਯਹੋਵਾਹ ਇਨਸਾਨਾਂ ਦਾ ਬਾਹਰੀ ਰੂਪ ਦੇਖਣ ਦੀ ਬਜਾਇ ਉਨ੍ਹਾਂ ਦਾ ਦਿਲ ਦੇਖਦਾ ਹੈ। (1 ਸਮੂਏਲ 16:7ਅ ਪੜ੍ਹੋ।) ਇਸ ਗੱਲ ਦਾ ਸਾਫ਼ ਸਬੂਤ ਮਿਲਿਆ ਜਦੋਂ ਪਰਮੇਸ਼ੁਰ ਨੇ ਮਸੀਹੀ ਮੰਡਲੀ ਸਥਾਪਿਤ ਕੀਤੀ। ਉਸ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਅਤੇ ਆਪਣੇ ਪੁੱਤਰ ਵੱਲ ਖਿੱਚਿਆ ਜਿਨ੍ਹਾਂ ਨੂੰ ਲੋਕ ਕਿਸੇ ਕੰਮ ਦੇ ਨਹੀਂ ਸਮਝਦੇ ਸਨ। (ਯੂਹੰ. 6:44) ਮਿਸਾਲ ਲਈ, ਪਰਮੇਸ਼ੁਰ ਨੇ ਸੌਲੁਸ ਨਾਂ ਦੇ ਫ਼ਰੀਸੀ ਨੂੰ ਆਪਣੇ ਵੱਲ ਖਿੱਚਿਆ ਜੋ “ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ।” (1 ਤਿਮੋ. 1:13) ਪਰ ‘ਮਨਾਂ ਦੇ ਪਰਖਣ ਵਾਲੇ’ ਨੇ ਸੌਲੁਸ ਨੂੰ ਨਿਕੰਮੀ ਮਿੱਟੀ ਦੀ ਤਰ੍ਹਾਂ ਨਹੀਂ ਸਮਝਿਆ। (ਕਹਾ. 17:3) ਸਗੋਂ ਪਰਮੇਸ਼ੁਰ ਨੇ ਦੇਖਿਆ ਕਿ ਉਹ ਨਰਮ ਮਿੱਟੀ ਸੀ ਜਿਸ ਨੂੰ ਉਹ ਇਕ ‘ਚੁਣੇ ਹੋਏ’ ਭਾਂਡੇ ਦੀ ਤਰ੍ਹਾਂ ਵਰਤ ਸਕਦਾ ਸੀ ਤਾਂਕਿ ਉਹ “ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ” ਨੂੰ ਗਵਾਹੀ ਦੇਵੇ। (ਰਸੂ. 9:15) ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਵੀ ‘ਆਦਰ ਦੇ ਕੰਮ ਲਈ ਵਰਤੇ’ ਜਾਂਦੇ ਭਾਂਡਿਆਂ ਵਜੋਂ ਦੇਖਿਆ ਜਿਨ੍ਹਾਂ ਵਿਚ ਸ਼ਰਾਬੀ, ਚੋਰ ਅਤੇ ਬਦਚਲਣ ਆਦਿ ਲੋਕ ਸ਼ਾਮਲ ਸਨ। (ਰੋਮੀ. 9:21; 1 ਕੁਰਿੰ. 6:9-11) ਜਿੱਦਾਂ-ਜਿੱਦਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦੀ ਸਹੀ ਸਿੱਖਿਆ ਲਈ, ਉੱਦਾਂ-ਉੱਦਾਂ ਉਨ੍ਹਾਂ ਨੇ ਆਪਣੀ ਨਿਹਚਾ ਮਜ਼ਬੂਤ ਕੀਤੀ ਅਤੇ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਢਲ਼ਣ ਦਿੱਤਾ।

(ਰਸੂਲਾਂ ਦੇ ਕੰਮ 9:20-22) ਅਤੇ ਉਸ ਨੇ ਤੁਰੰਤ ਸਭਾ ਘਰਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ। 21 ਪਰ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੱਕੇ-ਬੱਕੇ ਰਹਿ ਜਾਂਦੇ ਸਨ ਅਤੇ ਕਹਿੰਦੇ ਸਨ: “ਕੀ ਇਹ ਉਹੀ ਆਦਮੀ ਨਹੀਂ ਜਿਸ ਨੇ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਉੱਤੇ ਕਹਿਰ ਢਾਹਿਆ ਸੀ ਅਤੇ ਇਹ ਇਸੇ ਕਰਕੇ ਇੱਥੇ ਆਇਆ ਹੈ ਕਿ ਇਹ ਉਨ੍ਹਾਂ ਨੂੰ ਬੰਨ੍ਹ ਕੇ ਮੁੱਖ ਪੁਜਾਰੀਆਂ ਕੋਲ ਲੈ ਜਾਵੇ?” 22 ਪਰ ਸੌਲੁਸ ਪ੍ਰਚਾਰ ਕਰਨ ਵਿਚ ਅਸਰਦਾਰ ਹੁੰਦਾ ਗਿਆ ਅਤੇ ਉਹ ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ ਅਤੇ ਉਸ ਦੀਆਂ ਗੱਲਾਂ ਸੁਣ ਕੇ ਦਮਿਸਕ ਦੇ ਯਹੂਦੀ ਬੌਂਦਲ ਜਾਂਦੇ ਸਨ।

bt 64 ਪੈਰਾ 15

ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”

ਕਲਪਨਾ ਕਰੋ, ਲੋਕ ਕਿੰਨੇ ਦੰਗ ਰਹਿ ਗਏ ਹੋਣੇ ਤੇ ਉਨ੍ਹਾਂ ਨੂੰ ਕਿੰਨਾ ਗੁੱਸਾ ਆਇਆ ਹੋਣਾ ਜਦੋਂ ਸੌਲੁਸ ਨੇ ਸਭਾ ਘਰਾਂ ਵਿਚ ਯਿਸੂ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ! ਉਨ੍ਹਾਂ ਨੇ ਪੁੱਛਿਆ: “ਕੀ ਇਹ ਉਹੀ ਆਦਮੀ ਨਹੀਂ ਜਿਸ ਨੇ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਉੱਤੇ ਕਹਿਰ ਢਾਹਿਆ ਸੀ?” (ਰਸੂ. 9:21) ਸੌਲੁਸ ਉਨ੍ਹਾਂ ਨੂੰ ਸਮਝਾਉਂਦਾ ਸੀ ਕਿ ਉਸ ਨੇ ਯਿਸੂ ਬਾਰੇ ਆਪਣਾ ਮਨ ਕਿਉਂ ਬਦਲਿਆ ਸੀ ਅਤੇ ਉਹ “ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ।” (ਰਸੂ. 9:22) ਪਰ ਦਲੀਲਾਂ ਦੇਣ ਨਾਲ ਹਰ ਕੋਈ ਨਹੀਂ ਬਦਲ ਜਾਂਦਾ। ਦਲੀਲਾਂ ਰੀਤਾਂ-ਰਿਵਾਜਾਂ ਦੀਆਂ ਜ਼ੰਜੀਰਾਂ ਨਾਲ ਜਕੜੇ ਮਨਾਂ ਨੂੰ ਆਜ਼ਾਦ ਨਹੀਂ ਕਰ ਸਕਦੀਆਂ ਜਾਂ ਘਮੰਡੀ ਲੋਕਾਂ ਦੀ ਸੋਚ ਨਹੀਂ ਬਦਲ ਸਕਦੀਆਂ। ਫਿਰ ਵੀ ਸੌਲੁਸ ਨੇ ਹਾਰ ਨਹੀਂ ਮੰਨੀ।

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 9:4) ਉਹ ਜ਼ਮੀਨ ਉੱਤੇ ਡਿਗ ਪਿਆ ਅਤੇ ਇਕ ਆਵਾਜ਼ ਨੇ ਉਸ ਨੂੰ ਕਿਹਾ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?”

bt 60-61 ਪੈਰੇ 5-6

ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”

ਜਦੋਂ ਯਿਸੂ ਨੇ ਸੌਲੁਸ ਨੂੰ ਦਮਿਸਕ ਜਾਂਦਿਆਂ ਰਾਹ ਵਿਚ ਰੋਕਿਆ ਸੀ, ਤਾਂ ਯਿਸੂ ਨੇ ਇਹ ਨਹੀਂ ਪੁੱਛਿਆ: “ਤੂੰ ਕਿਉਂ ਮੇਰੇ ਚੇਲਿਆਂ ਉੱਤੇ ਜ਼ੁਲਮ ਕਰਦਾ ਹੈਂ?” ਪਰ ਉਸ ਨੇ ਪੁੱਛਿਆ: “ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” (ਰਸੂ. 9:4) ਜੀ ਹਾਂ, ਯਿਸੂ ਆਪਣੇ ਚੇਲਿਆਂ ਉੱਤੇ ਹੁੰਦੇ ਜ਼ੁਲਮਾਂ ਦੀ ਮਾਰ ਨੂੰ ਖ਼ੁਦ ਮਹਿਸੂਸ ਕਰਦਾ ਹੈ।​—ਮੱਤੀ 25:34-40, 45.

ਜੇ ਮਸੀਹ ਉੱਤੇ ਨਿਹਚਾ ਕਰਨ ਕਰਕੇ ਤੁਹਾਡੇ ਉੱਤੇ ਜ਼ੁਲਮ ਕੀਤੇ ਜਾ ਰਹੇ ਹਨ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੇ ਯਿਸੂ ਤੁਹਾਡੀ ਹਾਲਤ ਤੋਂ ਅਣਜਾਣ ਨਹੀਂ ਹਨ। (ਮੱਤੀ 10:22, 28-31) ਯਹੋਵਾਹ ਹਾਲ ਦੀ ਘੜੀ ਵਿਚ ਸ਼ਾਇਦ ਇਹ ਅਜ਼ਮਾਇਸ਼ ਨਾ ਹਟਾਵੇ। ਯਾਦ ਕਰੋ ਕਿ ਯਿਸੂ ਨੇ ਦੇਖਿਆ ਸੀ ਕਿ ਇਸਤੀਫ਼ਾਨ ਦੇ ਕਤਲ ਵਿਚ ਸੌਲੁਸ ਦਾ ਵੀ ਹੱਥ ਸੀ ਅਤੇ ਯਰੂਸ਼ਲਮ ਵਿਚ ਵਫ਼ਾਦਾਰ ਚੇਲਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਘੜੀਸ ਲਿਆਉਂਦਾ ਸੀ। (ਰਸੂ. 8:3) ਪਰ ਯਿਸੂ ਨੇ ਉਸ ਸਮੇਂ ਦਖ਼ਲ ਨਹੀਂ ਦਿੱਤਾ। ਫਿਰ ਵੀ ਯਹੋਵਾਹ ਨੇ ਮਸੀਹ ਦੇ ਜ਼ਰੀਏ ਇਸਤੀਫ਼ਾਨ ਤੇ ਹੋਰ ਚੇਲਿਆਂ ਨੂੰ ਵਫ਼ਾਦਾਰ ਰਹਿਣ ਲਈ ਲੋੜੀਂਦੀ ਤਾਕਤ ਦਿੱਤੀ।

(ਰਸੂਲਾਂ ਦੇ ਕੰਮ 10:6) ਪਤਰਸ ਚਮੜਾ ਰੰਗਣ ਵਾਲੇ ਇਕ ਹੋਰ ਸ਼ਮਊਨ ਦੇ ਘਰ ਠਹਿਰਿਆ ਹੋਇਆ ਹੈ ਅਤੇ ਉਸ ਦਾ ਘਰ ਸਮੁੰਦਰ ਦੇ ਲਾਗੇ ਹੈ।”

nwtsty ਰਸੂ 10:6 ਲਈ ਖ਼ਾਸ ਜਾਣਕਾਰੀ

ਚਮੜਾ ਰੰਗਣ ਵਾਲਾ ਸ਼ਮਊਨ: ਚਮੜਾ ਰੰਗਣ ਵਾਲਾ ਵਿਅਕਤੀ ਚੂਨੇ ਦੇ ਘੋਲ ਨਾਲ ਮਰੇ ਹੋਏ ਜਾਨਵਰਾਂ ਦੀ ਖੱਲ ਤੋਂ ਵਾਲ਼ ਜਾਂ ਮਾਸ ਅਤੇ ਚਰਬੀ ਨੂੰ ਸਾਫ਼ ਕਰਦਾ ਹੁੰਦਾ ਸੀ। ਫਿਰ ਉਹ ਚਮੜੇ ਨੂੰ ਤੇਜ਼ ਰਸਾਇਣਕ ਤਰਲ ਪਦਾਰਥ ਨਾਲ ਸਾਫ਼ ਕਰਦਾ ਸੀ ਤਾਂਕਿ ਉਸ ਤੋਂ ਚਮੜੇ ਦੀਆਂ ਚੀਜ਼ਾਂ ਬਣਾਈਆਂ ਜਾ ਸਕਣ। ਚਮੜਾ ਰੰਗਣ ਦੇ ਕੰਮ ਵੇਲੇ ਬਹੁਤ ਬਦਬੂ ਆਉਂਦੀ ਸੀ ਅਤੇ ਬਹੁਤ ਜ਼ਿਆਦਾ ਮਾਤਰਾ ਵਿਚ ਪਾਣੀ ਦੀ ਲੋੜ ਪੈਂਦੀ ਸੀ। ਇਸੇ ਕਰਕੇ ਸ਼ਮਊਨ ਦਾ ਘਰ ਸਮੁੰਦਰ ਦੇ ਲਾਗੇ ਸ਼ਾਇਦ ਯਾਪਾ ਤੋਂ ਬਾਹਰ ਸੀ। ਮੂਸਾ ਦੇ ਕਾਨੂੰਨ ਮੁਤਾਬਕ ਉਸ ਵਿਅਕਤੀ ਨੂੰ ਅਸ਼ੁੱਧ ਮੰਨਿਆ ਜਾਂਦਾ ਸੀ ਜੋ ਜਾਨਵਰਾਂ ਦੀਆਂ ਲਾਸ਼ਾਂ ਨਾਲ ਸੰਬੰਧਿਤ ਕੰਮ ਕਰਦਾ ਸੀ। (ਲੇਵੀ 5:2; 11:39) ਇਸ ਕਰਕੇ ਬਹੁਤ ਸਾਰੇ ਯਹੂਦੀ ਚਮੜਾ ਰੰਗਣ ਵਾਲਿਆਂ ਨੂੰ ਘਟੀਆ ਸਮਝਦੇ ਸਨ ਅਤੇ ਉਨ੍ਹਾਂ ਦੇ ਘਰ ਵਿਚ ਨਹੀਂ ਰੁਕਦੇ ਸਨ। ਬਾਅਦ ਵਿਚ ਯਹੂਦੀ ਧਾਰਮਿਕ ਆਗੂਆਂ ਦੀ ਕਿਤਾਬ ਤਾਲਮੂਦ ਵਿਚ ਚਮੜਾ ਰੰਗਣ ਦੇ ਕੰਮ ਨੂੰ ਗੋਹਾ ਚੁੱਕਣ ਦੇ ਕੰਮ ਨਾਲੋਂ ਵੀ ਘਟੀਆ ਦੱਸਿਆ ਗਿਆ ਸੀ। ਪਰ ਪਤਰਸ ਨੇ ਪੱਖਪਾਤ ਨਹੀਂ ਕੀਤਾ, ਸਗੋਂ ਉਹ ਸ਼ਮਊਨ ਦੇ ਘਰ ਰਿਹਾ। ਇਸ ਮੌਕੇ ʼਤੇ ਪਤਰਸ ਦੁਆਰਾ ਦਿਖਾਈ ਖੁੱਲ੍ਹ-ਦਿਲੀ ਕਰਕੇ ਉਹ ਅਗਲੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਸੀ। ਉਸ ਦੀ ਅਗਲੀ ਜ਼ਿੰਮੇਵਾਰੀ ਸੀ, ਗ਼ੈਰ-ਯਹੂਦੀ ਦੇ ਘਰ ਜਾਣਾ। ਕੁਝ ਵਿਦਵਾਨ ਮੰਨਦੇ ਹਨ ਕਿ “ਚਮੜਾ ਰੰਗਣ ਵਾਲੇ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ (byr·seusʹ) ਸ਼ਮਊਨ ਦਾ ਉਪ-ਨਾਮ ਸੀ।

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 9:10-22) ਦਮਿਸਕ ਵਿਚ ਹਨਾਨਿਆ ਨਾਂ ਦਾ ਇਕ ਚੇਲਾ ਸੀ। ਪ੍ਰਭੂ ਨੇ ਇਕ ਦਰਸ਼ਣ ਵਿਚ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਹਨਾਨਿਆ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ।” 11 ਪ੍ਰਭੂ ਨੇ ਉਸ ਨੂੰ ਕਿਹਾ: “ਉੱਠ ਅਤੇ ‘ਸਿੱਧੀ’ ਨਾਂ ਦੀ ਗਲੀ ਵਿਚ ਜਾਹ ਅਤੇ ਉੱਥੇ ਯਹੂਦਾ ਦੇ ਘਰ ਵਿਚ ਤਰਸੁਸ ਦੇ ਸੌਲੁਸ ਨੂੰ ਮਿਲ। ਉਹ ਇਸ ਵੇਲੇ ਪ੍ਰਾਰਥਨਾ ਕਰ ਰਿਹਾ ਹੈ। 12 ਉਸ ਨੇ ਦਰਸ਼ਣ ਵਿਚ ਦੇਖਿਆ ਹੈ ਕਿ ਹਨਾਨਿਆ ਨਾਂ ਦਾ ਇਕ ਆਦਮੀ ਆ ਕੇ ਉਸ ਉੱਤੇ ਹੱਥ ਰੱਖਦਾ ਹੈ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਂਦੀ ਹੈ।” 13 ਪਰ ਹਨਾਨਿਆ ਨੇ ਕਿਹਾ: “ਪ੍ਰਭੂ, ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਆਦਮੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿਚ ਤੇਰੇ ਪਵਿੱਤਰ ਸੇਵਕਾਂ ਉੱਤੇ ਕਿੰਨੇ ਜ਼ੁਲਮ ਕੀਤੇ ਹਨ। 14 ਅਤੇ ਮੁੱਖ ਪੁਜਾਰੀਆਂ ਨੇ ਇਸ ਨੂੰ ਤੇਰਾ ਨਾਂ ਲੈਣ ਵਾਲਿਆਂ ਨੂੰ ਗਿਰਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਹੈ।” 15 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ, ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। 16 ਮੈਂ ਉਸ ਨੂੰ ਸਾਫ਼-ਸਾਫ਼ ਦੱਸਾਂਗਾ ਕਿ ਉਸ ਨੂੰ ਮੇਰੇ ਨਾਂ ਦੀ ਖ਼ਾਤਰ ਕਿੰਨੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” 17 ਇਸ ਲਈ ਹਨਾਨਿਆ ਉਸ ਘਰ ਨੂੰ ਗਿਆ ਅਤੇ ਅੰਦਰ ਜਾ ਕੇ ਸੌਲੁਸ ਉੱਤੇ ਆਪਣੇ ਹੱਥ ਰੱਖੇ ਅਤੇ ਕਿਹਾ: “ਸੌਲੁਸ ਮੇਰੇ ਭਰਾ, ਰਾਹ ਵਿਚ ਆਉਂਦਿਆਂ ਤੈਨੂੰ ਪ੍ਰਭੂ ਯਿਸੂ ਦਿਖਾਈ ਦਿੱਤਾ ਸੀ, ਉਸ ਨੇ ਹੀ ਮੈਨੂੰ ਘੱਲਿਆ ਹੈ ਕਿ ਤੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਅਤੇ ਤੂੰ ਪਵਿੱਤਰ ਸ਼ਕਤੀ ਨਾਲ ਭਰ ਜਾਵੇਂ।” 18 ਅਤੇ ਉਸੇ ਵੇਲੇ ਸੌਲੁਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿਗੇ ਅਤੇ ਉਸ ਨੂੰ ਦਿਸਣ ਲੱਗ ਪਿਆ। ਉਸ ਨੇ ਉੱਠ ਕੇ ਬਪਤਿਸਮਾ ਲਿਆ 19 ਅਤੇ ਖਾਧਾ-ਪੀਤਾ ਅਤੇ ਉਸ ਵਿਚ ਜਾਨ ਆਈ। ਸੌਲੁਸ ਦਮਿਸਕ ਵਿਚ ਕੁਝ ਦਿਨ ਚੇਲਿਆਂ ਨਾਲ ਰਿਹਾ 20 ਅਤੇ ਉਸ ਨੇ ਤੁਰੰਤ ਸਭਾ ਘਰਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ। 21 ਪਰ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੱਕੇ-ਬੱਕੇ ਰਹਿ ਜਾਂਦੇ ਸਨ ਅਤੇ ਕਹਿੰਦੇ ਸਨ: “ਕੀ ਇਹ ਉਹੀ ਆਦਮੀ ਨਹੀਂ ਜਿਸ ਨੇ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਉੱਤੇ ਕਹਿਰ ਢਾਹਿਆ ਸੀ ਅਤੇ ਇਹ ਇਸੇ ਕਰਕੇ ਇੱਥੇ ਆਇਆ ਹੈ ਕਿ ਇਹ ਉਨ੍ਹਾਂ ਨੂੰ ਬੰਨ੍ਹ ਕੇ ਮੁੱਖ ਪੁਜਾਰੀਆਂ ਕੋਲ ਲੈ ਜਾਵੇ?” 22 ਪਰ ਸੌਲੁਸ ਪ੍ਰਚਾਰ ਕਰਨ ਵਿਚ ਅਸਰਦਾਰ ਹੁੰਦਾ ਗਿਆ ਅਤੇ ਉਹ ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ ਅਤੇ ਉਸ ਦੀਆਂ ਗੱਲਾਂ ਸੁਣ ਕੇ ਦਮਿਸਕ ਦੇ ਯਹੂਦੀ ਬੌਂਦਲ ਜਾਂਦੇ ਸਨ।

10-16 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 12-14

“ਬਰਨਾਬਾਸ ਅਤੇ ਪੌਲੁਸ ਨੇ ਦੂਰ-ਦੂਰ ਜਾ ਕੇ ਚੇਲੇ ਬਣਾਏ”

(ਰਸੂਲਾਂ ਦੇ ਕੰਮ 13:2, 3) ਜਦੋਂ ਉਹ ਯਹੋਵਾਹ ਦੀ ਸੇਵਾ ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਚੁਣਿਆ ਹੈ।” 3 ਫਿਰ ਉਨ੍ਹਾਂ ਸਾਰਿਆਂ ਨੇ ਦੁਬਾਰਾ ਵਰਤ ਰੱਖਿਆ ਤੇ ਪ੍ਰਾਰਥਨਾ ਕੀਤੀ ਅਤੇ ਬਰਨਾਬਾਸ ਅਤੇ ਸੌਲੁਸ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਘੱਲ ਦਿੱਤਾ।

bt 86 ਪੈਰਾ 4

‘ਉਹ ਖ਼ੁਸ਼ੀ ਅਤੇ ਪਵਿੱਤਰ ਸ਼ਕਤੀ ਨਾਲ ਭਰੇ ਰਹੇ’

ਪਰ ਪਵਿੱਤਰ ਸ਼ਕਤੀ ਨੇ ਬਰਨਾਬਾਸ ਅਤੇ ਸੌਲੁਸ ਨੂੰ “ਖ਼ਾਸ ਕੰਮ ਲਈ” ਅਲੱਗ ਰੱਖਣ ਦੀ ਹਿਦਾਇਤ ਕਿਉਂ ਦਿੱਤੀ ਸੀ? (ਰਸੂ. 13:2) ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ ਹੈ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਇਨ੍ਹਾਂ ਭਰਾਵਾਂ ਨੂੰ ਚੁਣਨ ਦੀ ਹਿਦਾਇਤ ਪਵਿੱਤਰ ਸ਼ਕਤੀ ਨੇ ਦਿੱਤੀ ਸੀ। ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਅੰਤਾਕੀਆ ਮੰਡਲੀ ਦੇ ਨਬੀ ਅਤੇ ਸਿੱਖਿਅਕ ਇਸ ਫ਼ੈਸਲੇ ਦੇ ਵਿਰੁੱਧ ਸਨ। ਇਸ ਦੀ ਬਜਾਇ, ਉਨ੍ਹਾਂ ਨੇ ਇਸ ਫ਼ੈਸਲੇ ਦੀ ਪੂਰੀ ਹਿਮਾਇਤ ਕੀਤੀ। ਜ਼ਰਾ ਸੋਚੋ ਬਰਨਾਬਾਸ ਅਤੇ ਸੌਲੁਸ ਨੂੰ ਕਿੰਨਾ ਚੰਗਾ ਲੱਗਾ ਹੋਣਾ ਜਦੋਂ ਉਨ੍ਹਾਂ ਦੇ ਮਸੀਹੀ ਭਰਾਵਾਂ ਨੇ ਬਿਨਾਂ ਕਿਸੇ ਈਰਖਾ ਦੇ “ਵਰਤ ਰੱਖਿਆ ਤੇ ਪ੍ਰਾਰਥਨਾ ਕੀਤੀ” ਅਤੇ ਫਿਰ ਉਨ੍ਹਾਂ ਉੱਤੇ “ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਘੱਲ ਦਿੱਤਾ।” (ਰਸੂ. 13:3) ਸਾਨੂੰ ਮੰਡਲੀ ਦੇ ਨਿਗਾਹਬਾਨਾਂ ਅਤੇ ਹੋਰ ਜ਼ਿੰਮੇਵਾਰ ਭਰਾਵਾਂ ਦੀ ਹਿਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਈਰਖਾ ਕਰਨ ਦੀ ਬਜਾਇ ਸਾਨੂੰ ‘ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰਨਾ ਅਤੇ ਉਨ੍ਹਾਂ ਦਾ ਆਦਰ ਕਰਨਾ’ ਚਾਹੀਦਾ ਹੈ।​—1 ਥੱਸ. 5:13.

(ਰਸੂਲਾਂ ਦੇ ਕੰਮ 13:12) ਰਾਜਪਾਲ ਇਹ ਸਭ ਕੁਝ ਦੇਖ ਕੇ ਯਿਸੂ ਉੱਤੇ ਨਿਹਚਾ ਕਰਨ ਲੱਗ ਪਿਆ ਅਤੇ ਉਸ ਨੂੰ ਯਹੋਵਾਹ ਬਾਰੇ ਸਿੱਖ ਕੇ ਬਹੁਤ ਹੈਰਾਨੀ ਹੋਈ।

(ਰਸੂਲਾਂ ਦੇ ਕੰਮ 13:48) ਇਹ ਗੱਲ ਸੁਣ ਕੇ ਗ਼ੈਰ-ਯਹੂਦੀ ਲੋਕ ਬੜੇ ਖ਼ੁਸ਼ ਹੋਏ ਅਤੇ ਯਹੋਵਾਹ ਦੇ ਬਚਨ ਦੀ ਵਡਿਆਈ ਕਰਨ ਲੱਗ ਪਏ। ਅਤੇ ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ।

(ਰਸੂਲਾਂ ਦੇ ਕੰਮ 14:1) ਇਕੁਨਿਉਮ ਵਿਚ ਆ ਕੇ ਪੌਲੁਸ ਅਤੇ ਬਰਨਾਬਾਸ ਯਹੂਦੀਆਂ ਦੇ ਸਭਾ ਘਰ ਵਿਚ ਗਏ ਅਤੇ ਉਨ੍ਹਾਂ ਨੇ ਇੰਨੇ ਵਧੀਆ ਢੰਗ ਨਾਲ ਗੱਲ ਕੀਤੀ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ।

bt 95 ਪੈਰਾ 5

“ਯਹੋਵਾਹ ਦੀ ਤਾਕਤ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”

ਪੌਲੁਸ ਤੇ ਬਰਨਾਬਾਸ ਪਹਿਲਾਂ ਯੂਨਾਨੀ ਸਭਿਆਚਾਰ ਵਾਲੇ ਸ਼ਹਿਰ ਇਕੁਨਿਉਮ ਰੁਕੇ ਜੋ ਰੋਮੀ ਸੂਬੇ ਗਲਾਤੀਆ ਦਾ ਮੁੱਖ ਸ਼ਹਿਰ ਸੀ। ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਯਹੂਦੀਆਂ ਦਾ ਕਾਫ਼ੀ ਦਬਦਬਾ ਸੀ ਅਤੇ ਇੱਥੇ ਯਹੂਦੀ ਧਰਮ ਅਪਣਾਉਣ ਵਾਲੇ ਬਹੁਤ ਸਾਰੇ ਗ਼ੈਰ-ਯਹੂਦੀ ਲੋਕ ਰਹਿੰਦੇ ਸਨ। ਪੌਲੁਸ ਅਤੇ ਬਰਨਾਬਾਸ ਆਪਣੇ ਦਸਤੂਰ ਅਨੁਸਾਰ ਸਭਾ ਘਰ ਜਾ ਕੇ ਪ੍ਰਚਾਰ ਕਰਨ ਲੱਗ ਪਏ। (ਰਸੂ. 13:5, 14) ਉਨ੍ਹਾਂ ਨੇ “ਇੰਨੇ ਵਧੀਆ ਢੰਗ ਨਾਲ ਗੱਲ ਕੀਤੀ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ।”​—ਰਸੂ. 14:1.

(ਰਸੂਲਾਂ ਦੇ ਕੰਮ 14:21, 22) ਉਸ ਸ਼ਹਿਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਬਹੁਤ ਸਾਰੇ ਚੇਲੇ ਬਣਾ ਕੇ ਉਹ ਵਾਪਸ ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਨੂੰ ਆ ਗਏ। 22 ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਪ੍ਰਭੂ ਉੱਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।

w14 9/15 13 ਪੈਰੇ 4-5

ਦਰਬੇ ਦਾ ਦੌਰਾ ਕਰਨ ਤੋਂ ਬਾਅਦ ਪੌਲੁਸ ਤੇ ਬਰਨਾਬਾਸ ਵਾਪਸ “ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਨੂੰ ਆ ਗਏ। ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਪ੍ਰਭੂ ਉੱਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: ‘ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।’” (ਰਸੂ. 14:21, 22) ਇਹ ਗੱਲ ਸ਼ਾਇਦ ਸੁਣਨ ਨੂੰ ਅਜੀਬ ਲੱਗੇ ਕਿਉਂਕਿ “ਬਹੁਤ ਸਾਰੀਆਂ ਮੁਸੀਬਤਾਂ” ਬਾਰੇ ਸੋਚ ਕੇ ਹੌਸਲਾ ਨਹੀਂ ਮਿਲਦਾ, ਸਗੋਂ ਮਨ ਪਰੇਸ਼ਾਨ ਹੋ ਜਾਂਦਾ ਹੈ। ਇਸ ਲਈ ਇਹ ਕਿੱਦਾਂ ਮੁਮਕਿਨ ਹੈ ਕਿ ਪੌਲੁਸ ਤੇ ਬਰਨਾਬਾਸ ਨੇ ਹੋਰ ਮੁਸੀਬਤਾਂ ਦੀ ਗੱਲ ਕਰ ਕੇ “ਚੇਲਿਆਂ ਨੂੰ ਹੌਸਲਾ ਦਿੱਤਾ” ਸੀ?

ਪੌਲੁਸ ਦੇ ਸ਼ਬਦਾਂ ʼਤੇ ਗੌਰ ਕਰਨ ਨਾਲ ਸਾਨੂੰ ਇਸ ਗੱਲ ਦਾ ਜਵਾਬ ਮਿਲ ਸਕਦਾ ਹੈ। ਉਸ ਨੇ ਸਿਰਫ਼ ਇਹ ਨਹੀਂ ਕਿਹਾ ਸੀ: “ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” ਇਸ ਦੀ ਬਜਾਇ, ਉਸ ਨੇ ਕਿਹਾ ਸੀ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” ਸੋ ਪੌਲੁਸ ਨੇ ਇੱਥੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਵਾਲੇ ਲੋਕਾਂ ਨੂੰ ਸ਼ਾਨਦਾਰ ਇਨਾਮ ਮਿਲੇਗਾ। ਇਸ ਗੱਲ ਤੋਂ ਚੇਲਿਆਂ ਨੂੰ ਹੌਸਲਾ ਮਿਲਿਆ। ਇਹ ਇਨਾਮ ਕੋਈ ਸੁਪਨਾ ਨਹੀਂ ਹੈ। ਯਿਸੂ ਨੇ ਕਿਹਾ ਸੀ: “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।”​—ਮੱਤੀ 10:22.

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 12:21-23) ਫਿਰ ਇਕ ਖ਼ਾਸ ਦਿਨ ʼਤੇ ਹੇਰੋਦੇਸ ਸ਼ਾਹੀ ਲਿਬਾਸ ਪਾ ਕੇ ਨਿਆਂ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਪਰਜਾ ਨੂੰ ਭਾਸ਼ਣ ਦੇਣ ਲੱਗਾ। 22 ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗ ਪਏ: “ਇਹ ਇਨਸਾਨ ਦੀ ਆਵਾਜ਼ ਨਹੀਂ, ਸਗੋਂ ਦੇਵਤੇ ਦੀ ਆਵਾਜ਼ ਹੈ!” 23 ਉਸੇ ਵੇਲੇ ਯਹੋਵਾਹ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਉਹ ਮਹਿਮਾ ਕਬੂਲ ਕੀਤੀ ਜੋ ਪਰਮੇਸ਼ੁਰ ਨੂੰ ਮਿਲਣੀ ਚਾਹੀਦੀ ਸੀ ਅਤੇ ਉਹ ਕੀੜੇ ਪੈ ਕੇ ਮਰ ਗਿਆ।

w08 5/15 32 ਪੈਰਾ 7

ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

12:21-23; 14:14-18. ਹੇਰੋਦੇਸ ਨੇ ਉਹ ਵਡਿਆਈ ਸਵੀਕਾਰ ਕੀਤੀ ਜਿਸ ਦਾ ਹੱਕਦਾਰ ਸਿਰਫ਼ ਪਰਮੇਸ਼ੁਰ ਸੀ। ਇਹ ਪੌਲੁਸ ਅਤੇ ਬਰਨਬਾਸ ਦੀ ਮਿਸਾਲ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਵਡਿਆਈ ਕਰਨ ਤੋਂ ਇਕਦਮ ਰੋਕ ਦਿੱਤਾ ਸੀ। ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਸ ਲਈ ਆਪਣੀ ਵਡਿਆਈ ਨਹੀਂ ਕਰਵਾਉਣੀ ਚਾਹੀਦੀ।

(ਰਸੂਲਾਂ ਦੇ ਕੰਮ 13:9) ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ, ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ਏਲੀਮਸ ਨੂੰ ਬੜੇ ਧਿਆਨ ਨਾਲ ਦੇਖ ਕੇ

nwtsty ਰਸੂ 13:9 ਲਈ ਖ਼ਾਸ ਜਾਣਕਾਰੀ

ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ: ਇਸ ਤੋਂ ਬਾਅਦ ਸੌਲੁਸ ਨੂੰ ਪੌਲੁਸ ਕਿਹਾ ਜਾਣ ਲੱਗਾ ਸੀ। ਇਹ ਰਸੂਲ ਪੈਦਾਇਸ਼ੀ ਇਬਰਾਨੀ ਸੀ ਜਿਸ ਕੋਲ ਰੋਮੀ ਨਾਗਰਿਕਤਾ ਵੀ ਸੀ। (ਰਸੂ 22:27, 28; ਫ਼ਿਲਿ 3:5) ਸੋ ਲੱਗਦਾ ਹੈ ਕਿ ਬਚਪਨ ਤੋਂ ਹੀ ਉਸ ਦਾ ਇਬਰਾਨੀ ਨਾਂ ਸੌਲੁਸ ਸੀ ਅਤੇ ਰੋਮੀ ਨਾਂ ਪੌਲੁਸ ਸੀ। ਉਸ ਸਮੇਂ ਯਹੂਦੀ, ਖ਼ਾਸ ਕਰਕੇ ਇਜ਼ਰਾਈਲ ਤੋਂ ਬਾਹਰ ਰਹਿਣ ਵਾਲੇ, ਆਮ ਹੀ ਦੋ ਨਾਂ ਰੱਖਦੇ ਸਨ। (ਰਸੂ 12:12; 13:1) ਇਸੇ ਤਰ੍ਹਾਂ ਪੌਲੁਸ ਦੇ ਕੁਝ ਰਿਸ਼ਤੇਦਾਰਾਂ ਦੇ ਇਬਰਾਨੀ ਨਾਂ ਤੋਂ ਇਲਾਵਾ ਰੋਮੀ ਜਾਂ ਯੂਨਾਨੀ ਨਾਂ ਸਨ। (ਰੋਮੀ 16:7, 21) ‘ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਕੋਲ ਘੱਲੇ ਹੋਏ ਰਸੂਲ’ ਵਜੋਂ ਪੌਲੁਸ ਨੂੰ ਗ਼ੈਰ-ਯਹੂਦੀਆਂ ਨੂੰ ਖ਼ੁਸ਼-ਖ਼ਬਰੀ ਸੁਣਾਉਣ ਦਾ ਹੁਕਮ ਦਿੱਤਾ ਸੀ। (ਰੋਮੀ 11:13) ਉਸ ਨੇ ਆਪਣਾ ਰੋਮੀ ਨਾਂ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਸ ਨੂੰ ਸ਼ਾਇਦ ਲੱਗਾ ਹੋਣਾ ਕਿ ਇਸ ਕਰਕੇ ਉਨ੍ਹਾਂ ਲਈ ਉਸ ਦੀ ਗੱਲ ਸੁਣਨੀ ਸੌਖੀ ਹੋ ਜਾਵੇ। (ਰਸੂ 9:15; ਗਲਾ 2:7, 8) ਕੁਝ ਲੋਕ ਕਹਿੰਦੇ ਕਿ ਉਸ ਨੇ ਸਰਗੀਉਸ ਪੌਲੂਸ ਦੇ ਸਨਮਾਨ ਵਿਚ ਰੋਮੀ ਨਾਂ ਰੱਖਿਆ ਸੀ। ਪਰ ਇਸ ਤਰ੍ਹਾਂ ਨਹੀਂ ਸੀ ਕਿਉਂਕਿ ਪੌਲੁਸ ਨੇ ਸਾਈਪ੍ਰਸ ਛੱਡਣ ਤੋਂ ਬਾਅਦ ਵੀ ਇਹ ਨਾਂ ਵਰਤਣਾ ਜਾਰੀ ਰੱਖਿਆ ਸੀ। ਕੁਝ ਲੋਕ ਕਹਿੰਦੇ ਹਨ ਕਿ ਪੌਲੁਸ ਨੇ ਇਬਰਾਨੀ ਨਾਂ ਇਸ ਕਰਕੇ ਨਹੀਂ ਵਰਤਿਆ ਕਿਉਂਕਿ ਯੂਨਾਨੀ ਭਾਸ਼ਾ ਵਿਚ ਬੋਲਣ ਸਮੇਂ ਇਹ ਉਸ ਯੂਨਾਨੀ ਸ਼ਬਦ ਵਰਗਾ ਲੱਗਦਾ ਸੀ ਜੋ ਉਸ ਵਿਅਕਤੀ (ਜਾਂ ਜਾਨਵਰ) ਨੂੰ ਦਰਸਾਉਂਦਾ ਸੀ ਜੋ ਆਕੜ ਕੇ ਤੁਰਦਾ ਸੀ।—ਰਸੂ 7:58 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।

ਪੌਲੁਸ: ਯੂਨਾਨੀ ਲਿਖਤਾਂ ਵਿਚ ਪੌਲੌਸ ਨਾਂ ਲਾਤੀਨੀ ਭਾਸ਼ਾ ਦੇ ਪੌਲੂਸ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ, “ਮਧਰਾ, ਮਾਮੂਲੀ।” ਇਹ ਨਾਂ 157 ਵਾਰ ਪੌਲੁਸ ਰਸੂਲ ਲਈ ਅਤੇ ਇਕ ਵਾਰ ਸਾਈਪ੍ਰਸ ਦੇ ਰਾਜਪਾਲ ਸਰਗੀਉਸ ਪੌਲੂਸ ਲਈ ਵਰਤਿਆ ਗਿਆ ਹੈ।—ਰਸੂ 13:7.

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 12:1-17) ਉਸ ਸਮੇਂ ਰਾਜਾ ਹੇਰੋਦੇਸ ਮੰਡਲੀ ਦੇ ਕੁਝ ਚੇਲਿਆਂ ਉੱਤੇ ਅਤਿਆਚਾਰ ਕਰਨ ਲੱਗਾ। 2 ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਜਾਨੋਂ ਮਾਰ ਦਿੱਤਾ। 3 ਜਦੋਂ ਉਸ ਨੇ ਦੇਖਿਆ ਕਿ ਯਹੂਦੀਆਂ ਨੂੰ ਇਸ ਤੋਂ ਖ਼ੁਸ਼ੀ ਹੋਈ ਸੀ, ਤਾਂ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰ ਲਿਆ। (ਇਹ ਬੇਖਮੀਰੀ ਰੋਟੀ ਦੇ ਤਿਉਹਾਰ ਦੌਰਾਨ ਹੋਇਆ ਸੀ।) 4 ਉਸ ਨੇ ਪਤਰਸ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਚਾਰ-ਚਾਰ ਪਹਿਰੇਦਾਰਾਂ ਦੀਆਂ ਚਾਰ ਟੋਲੀਆਂ ਵਾਰੀ-ਵਾਰੀ ਉਸ ਉੱਤੇ ਪਹਿਰਾ ਦਿੰਦੀਆਂ ਸਨ। ਹੇਰੋਦੇਸ ਦਾ ਇਰਾਦਾ ਸੀ ਕਿ ਉਹ ਪਤਰਸ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਸਾਮ੍ਹਣੇ ਪੇਸ਼ ਕਰੇਗਾ। 5 ਜਦੋਂ ਪਤਰਸ ਜੇਲ੍ਹ ਵਿਚ ਸੀ, ਉਦੋਂ ਮੰਡਲੀ ਉਸ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨ ਵਿਚ ਲੱਗੀ ਰਹੀ। 6 ਜਿਸ ਦਿਨ ਹੇਰੋਦੇਸ ਨੇ ਪਤਰਸ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਨਾ ਸੀ, ਉਸ ਤੋਂ ਇਕ ਰਾਤ ਪਹਿਲਾਂ, ਪਤਰਸ ਦੋ ਫ਼ੌਜੀਆਂ ਦੇ ਗੱਭੇ ਸੁੱਤਾ ਪਿਆ ਸੀ। ਉਹ ਉਨ੍ਹਾਂ ਦੋਵਾਂ ਨਾਲ ਬੇੜੀਆਂ ਨਾਲ ਬੱਝਾ ਹੋਇਆ ਸੀ ਅਤੇ ਪਹਿਰੇਦਾਰ ਜੇਲ੍ਹ ਦੇ ਦਰਵਾਜ਼ੇ ʼਤੇ ਪਹਿਰਾ ਦੇ ਰਹੇ ਸਨ। 7 ਪਰ ਅਚਾਨਕ, ਯਹੋਵਾਹ ਦਾ ਦੂਤ ਜੇਲ੍ਹ ਦੀ ਕੋਠੜੀ ਵਿਚ ਆ ਖੜ੍ਹਾ ਹੋਇਆ ਅਤੇ ਕੋਠੜੀ ਚਾਨਣ ਨਾਲ ਭਰ ਗਈ। ਦੂਤ ਨੇ ਪਤਰਸ ਦੀ ਵੱਖੀ ਨੂੰ ਥਾਪੜ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਫਟਾਫਟ ਉੱਠ।” ਅਤੇ ਪਤਰਸ ਦੇ ਹੱਥਾਂ ਤੋਂ ਬੇੜੀਆਂ ਆਪਣੇ ਆਪ ਖੁੱਲ੍ਹ ਗਈਆਂ। 8 ਦੂਤ ਨੇ ਉਸ ਨੂੰ ਕਿਹਾ: “ਤਿਆਰ ਹੋ ਅਤੇ ਆਪਣੀ ਜੁੱਤੀ ਪਾ ਲੈ।” ਉਸ ਨੇ ਇਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਉਸ ਨੂੰ ਕਿਹਾ: “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ-ਪਿੱਛੇ ਆ ਜਾ।” 9 ਉਹ ਦੂਤ ਦੇ ਪਿੱਛੇ-ਪਿੱਛੇ ਬਾਹਰ ਆ ਗਿਆ। ਪਰ ਉਸ ਨੂੰ ਪਤਾ ਨਹੀਂ ਸੀ ਕਿ ਦੂਤ ਦੇ ਰਾਹੀਂ ਜੋ ਵੀ ਹੋ ਰਿਹਾ ਸੀ, ਉਹ ਸੱਚ-ਮੁੱਚ ਹੋ ਰਿਹਾ ਸੀ। ਉਸ ਨੂੰ ਲੱਗਾ ਕਿ ਉਹ ਦਰਸ਼ਣ ਦੇਖ ਰਿਹਾ ਸੀ। 10 ਉਹ ਪਹਿਰੇਦਾਰਾਂ ਦੀ ਪਹਿਲੀ ਤੇ ਦੂਜੀ ਚੌਂਕੀ ਕੋਲੋਂ ਨਿਕਲ ਕੇ ਸ਼ਹਿਰ ਵੱਲ ਨੂੰ ਖੁੱਲ੍ਹਦੇ ਲੋਹੇ ਦੇ ਦਰਵਾਜ਼ੇ ਕੋਲ ਆਏ ਅਤੇ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ। ਬਾਹਰ ਆ ਕੇ ਉਹ ਇਕ ਗਲੀ ਵਿਚ ਤੁਰਦੇ ਗਏ ਅਤੇ ਅਚਾਨਕ ਦੂਤ ਗਾਇਬ ਹੋ ਗਿਆ। 11 ਪਤਰਸ ਨੂੰ ਜਦੋਂ ਹੋਸ਼ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਨੇ ਆਪਣਾ ਦੂਤ ਘੱਲ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਤੋਂ ਬਚਾਇਆ ਹੈ ਜੋ ਯਹੂਦੀ ਮੇਰੇ ਨਾਲ ਹੋਣ ਦੀ ਆਸ ਲਾਈ ਬੈਠੇ ਸਨ।” 12 ਅਤੇ ਇਸ ਗੱਲ ਦਾ ਅਹਿਸਾਸ ਹੋਣ ਤੋਂ ਬਾਅਦ, ਉਹ ਯੂਹੰਨਾ ਉਰਫ਼ ਮਰਕੁਸ ਦੀ ਮਾਤਾ ਮਰੀਅਮ ਦੇ ਘਰ ਚਲਾ ਗਿਆ ਅਤੇ ਉੱਥੇ ਕਈ ਚੇਲੇ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ। 13 ਜਦੋਂ ਉਸ ਨੇ ਬਾਹਰਲਾ ਦਰਵਾਜ਼ਾ ਖੜਕਾਇਆ, ਤਾਂ ਰੋਦੇ ਨਾਂ ਦੀ ਨੌਕਰਾਣੀ ਦੇਖਣ ਆਈ ਕਿ ਦਰਵਾਜ਼ਾ ਕਿਸ ਨੇ ਖੜਕਾਇਆ ਸੀ। 14 ਜਦੋਂ ਉਸ ਨੇ ਪਤਰਸ ਦੀ ਆਵਾਜ਼ ਪਛਾਣੀ, ਤਾਂ ਉਹ ਇੰਨੀ ਖ਼ੁਸ਼ ਹੋ ਗਈ ਕਿ ਦਰਵਾਜ਼ਾ ਖੋਲ੍ਹਣ ਦੀ ਬਜਾਇ ਉਹ ਭੱਜ ਕੇ ਅੰਦਰ ਚਲੀ ਗਈ ਅਤੇ ਸਾਰਿਆਂ ਨੂੰ ਦੱਸਿਆ ਕਿ ਦਰਵਾਜ਼ੇ ʼਤੇ ਪਤਰਸ ਖੜ੍ਹਾ ਹੈ। 15 ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਤਾਂ ਕਮਲ਼ੀ ਹੈਂ।” ਪਰ ਉਹ ਜ਼ੋਰ ਦੇ ਕੇ ਕਹਿੰਦੀ ਰਹੀ ਕਿ ਬਾਹਰ ਪਤਰਸ ਖੜ੍ਹਾ ਹੈ। ਇਸ ਲਈ ਦੂਜੇ ਕਹਿਣ ਲੱਗੇ: “ਉਹ ਉਸ ਦਾ ਦੂਤ ਹੋਣਾ।” 16 ਪਰ ਪਤਰਸ ਬਾਹਰ ਖੜ੍ਹਾ ਦਰਵਾਜ਼ਾ ਖੜਕਾਉਂਦਾ ਰਿਹਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਹ ਉਸ ਨੂੰ ਦੇਖ ਕੇ ਦੰਗ ਰਹਿ ਗਏ। 17 ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕਰ ਕੇ ਚੁੱਪ ਰਹਿਣ ਲਈ ਕਿਹਾ ਅਤੇ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਯਹੋਵਾਹ ਨੇ ਉਸ ਨੂੰ ਜੇਲ੍ਹ ਵਿੱਚੋਂ ਕਿਵੇਂ ਛੁਡਾਇਆ ਸੀ। ਫਿਰ ਉਸ ਨੇ ਕਿਹਾ: “ਇਹ ਸਾਰੀਆਂ ਗੱਲਾਂ ਯਾਕੂਬ ਅਤੇ ਭਰਾਵਾਂ ਨੂੰ ਦੱਸ ਦਿਓ।” ਇਹ ਕਹਿ ਕੇ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।

17-23 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 15-16

“ਸਹਿਮਤੀ ਨਾਲ ਪਰਮੇਸ਼ੁਰ ਦੇ ਬਚਨ ʼਤੇ ਆਧਾਰਿਤ ਲਿਆ ਗਿਆ ਫ਼ੈਸਲਾ”

(ਰਸੂਲਾਂ ਦੇ ਕੰਮ 15:1, 2) ਫਿਰ ਯਹੂਦੀਆ ਤੋਂ ਕੁਝ ਆਦਮੀ ਆਏ ਅਤੇ ਭਰਾਵਾਂ ਨੂੰ ਇਹ ਸਿਖਾਉਣ ਲੱਗ ਪਏ: “ਜੇ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਸੁੰਨਤ ਨਹੀਂ ਕਰਾਓਗੇ, ਤਾਂ ਤੁਸੀਂ ਬਚਾਏ ਨਹੀਂ ਜਾਓਗੇ।” 2 ਪੌਲੁਸ ਤੇ ਬਰਨਾਬਾਸ ਦਾ ਉਨ੍ਹਾਂ ਨਾਲ ਬਹੁਤ ਝਗੜਾ ਅਤੇ ਬਹਿਸ ਹੋਈ। ਇਸ ਲਈ ਭਰਾਵਾਂ ਨੇ ਪੌਲੁਸ, ਬਰਨਾਬਾਸ ਤੇ ਹੋਰ ਚੇਲਿਆਂ ਨੂੰ ਇਸ ਮਸਲੇ ਬਾਰੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਘੱਲਿਆ।

bt 102-103 ਪੈਰਾ 8

“ਬਹੁਤ ਝਗੜਾ ਅਤੇ ਬਹਿਸ ਹੋਈ”

ਲੂਕਾ ਅੱਗੇ ਦੱਸਦਾ ਹੈ: “ਪੌਲੁਸ ਤੇ ਬਰਨਾਬਾਸ ਦਾ ਉਨ੍ਹਾਂ [‘ਕੁਝ ਆਦਮੀਆਂ’] ਨਾਲ ਬਹੁਤ ਝਗੜਾ ਅਤੇ ਬਹਿਸ ਹੋਈ। ਇਸ ਲਈ ਭਰਾਵਾਂ [ਯਾਨੀ ਬਜ਼ੁਰਗਾਂ] ਨੇ ਪੌਲੁਸ, ਬਰਨਾਬਾਸ ਤੇ ਹੋਰ ਚੇਲਿਆਂ ਨੂੰ ਇਸ ਮਸਲੇ ਬਾਰੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਘੱਲਿਆ।” (ਰਸੂ. 15:2) ‘ਝਗੜੇ ਅਤੇ ਬਹਿਸ’ ਤੋਂ ਜ਼ਾਹਰ ਹੁੰਦਾ ਹੈ ਕਿ ਦੋਵੇਂ ਧਿਰਾਂ ਆਪੋ-ਆਪਣੇ ਵਿਚਾਰਾਂ ʼਤੇ ਅੜੀਆਂ ਹੋਈਆਂ ਸਨ ਜਿਸ ਕਰਕੇ ਅੰਤਾਕੀਆ ਦੀ ਮੰਡਲੀ ਇਸ ਮਸਲੇ ਨੂੰ ਸੁਲਝਾ ਨਹੀਂ ਸਕੀ। ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਵਾਸਤੇ ਮੰਡਲੀ ਨੇ ਅਕਲਮੰਦੀ ਤੋਂ ਕੰਮ ਲੈਂਦਿਆਂ ਮਸਲਾ “ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ” ਨੂੰ ਸੌਂਪ ਦਿੱਤਾ ਜੋ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਹੇ ਸਨ। ਅਸੀਂ ਅੰਤਾਕੀਆ ਦੇ ਬਜ਼ੁਰਗਾਂ ਤੋਂ ਕੀ ਸਿੱਖ ਸਕਦੇ ਹਾਂ?

(ਰਸੂਲਾਂ ਦੇ ਕੰਮ 15:13-20) ਜਦੋਂ ਉਹ ਗੱਲ ਕਰ ਹਟੇ, ਤਾਂ ਯਾਕੂਬ ਨੇ ਕਿਹਾ: “ਭਰਾਵੋ, ਮੇਰੀ ਗੱਲ ਸੁਣੋ। 14 ਪਤਰਸ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਾਂ ਦੇਵੇ। 15 ਨਬੀਆਂ ਦੀਆਂ ਲਿਖਤਾਂ ਵੀ ਇਸ ਗੱਲ ਨਾਲ ਸਹਿਮਤ ਹਨ ਜਿਨ੍ਹਾਂ ਵਿਚ ਲਿਖਿਆ ਹੈ: 16 ‘ਇਨ੍ਹਾਂ ਗੱਲਾਂ ਪਿੱਛੋਂ ਮੈਂ ਵਾਪਸ ਆ ਕੇ ਦਾਊਦ ਦੇ ਡਿਗੇ ਹੋਏ ਘਰ ਨੂੰ ਮੁੜ ਬਣਾਵਾਂਗਾ; ਮੈਂ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ ਅਤੇ ਇਸ ਨੂੰ ਮੁੜ ਬਣਾਵਾਂਗਾ, 17 ਤਾਂਕਿ ਇਸ ਕੌਮ ਦੇ ਬਚੇ ਹੋਏ ਲੋਕ ਸਾਰੀਆਂ ਕੌਮਾਂ ਦੇ ਲੋਕਾਂ ਨਾਲ, ਜਿਨ੍ਹਾਂ ਨੂੰ ਮੈਂ ਆਪਣਾ ਨਾਂ ਦਿਆਂਗਾ, ਮਿਲ ਕੇ ਦਿਲੋਂ ਯਹੋਵਾਹ ਦੀ ਭਾਲ ਕਰਨ, ਯਹੋਵਾਹ ਕਹਿੰਦਾ ਹੈ। ਉਹੀ ਇਹ ਕੰਮ ਕਰ ਰਿਹਾ ਹੈ, 18 ਅਤੇ ਉਸ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ।’ 19 ਇਸ ਲਈ ਮੇਰੀ ਸਲਾਹ ਇਹੀ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਗ਼ੈਰ-ਯਹੂਦੀ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਨਾ ਕੀਤੀਆਂ ਜਾਣ, 20 ਪਰ ਉਨ੍ਹਾਂ ਨੂੰ ਲਿਖ ਕੇ ਦੱਸਿਆ ਜਾਵੇ ਕਿ ਉਹ ਮੂਰਤੀ-ਪੂਜਾ ਨਾਲ ਭ੍ਰਿਸ਼ਟ ਹੋਈਆਂ ਚੀਜ਼ਾਂ ਤੋਂ, ਹਰਾਮਕਾਰੀ ਤੋਂ, ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਲਹੂ ਤੋਂ ਦੂਰ ਰਹਿਣ।

w12 1/15 5 ਪੈਰੇ 6-7

ਸੱਚੇ ਮਸੀਹੀ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਹਨ

ਆਮੋਸ 9:11, 12 ਵਿਚ ਲਿਖੀ ਗੱਲ ਨੇ ਇਸ ਮਸਲੇ ਦਾ ਹੱਲ ਕੱਢਣ ਵਿਚ ਰਸੂਲਾਂ ਅਤੇ ਬਜ਼ੁਰਗਾਂ ਦੀ ਮਦਦ ਕੀਤੀ। ਇਨ੍ਹਾਂ ਆਇਤਾਂ ਦਾ ਰਸੂਲਾਂ ਦੇ ਕੰਮ 15:16, 17 ਵਿਚ ਇਸ ਤਰ੍ਹਾਂ ਹਵਾਲਾ ਦਿੱਤਾ ਗਿਆ ਹੈ: “ਮੈਂ ਵਾਪਸ ਆ ਕੇ ਦਾਊਦ ਦੇ ਡਿਗੇ ਹੋਏ ਘਰ ਨੂੰ ਮੁੜ ਬਣਾਵਾਂਗਾ; ਮੈਂ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ ਅਤੇ ਇਸ ਨੂੰ ਮੁੜ ਬਣਾਵਾਂਗਾ, ਤਾਂਕਿ ਇਸ ਕੌਮ ਦੇ ਬਚੇ ਹੋਏ ਲੋਕ ਸਾਰੀਆਂ ਕੌਮਾਂ ਦੇ ਲੋਕਾਂ ਨਾਲ, ਜਿਨ੍ਹਾਂ ਨੂੰ ਮੈਂ ਆਪਣਾ ਨਾਂ ਦਿਆਂਗਾ, ਮਿਲ ਕੇ ਦਿਲੋਂ ਯਹੋਵਾਹ ਦੀ ਭਾਲ ਕਰਨ, ਯਹੋਵਾਹ ਕਹਿੰਦਾ ਹੈ।”

ਪਰ ਸ਼ਾਇਦ ਕੋਈ ਕਹੇ, ‘ਇਨ੍ਹਾਂ ਆਇਤਾਂ ਵਿਚ ਇਹ ਤਾਂ ਨਹੀਂ ਕਿਹਾ ਗਿਆ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਨਹੀਂ ਹੈ।’ ਹਾਂ ਇਹ ਸੱਚ ਹੈ, ਪਰ ਜਿਹੜੇ ਯਹੂਦੀ ਮਸੀਹੀ ਬਣੇ ਸਨ, ਉਹ ਇਸ ਆਇਤ ਦਾ ਮਤਲਬ ਸਮਝ ਗਏ ਹੋਣੇ। ਯਹੂਦੀ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ‘ਕੌਮਾਂ ਦੇ ਲੋਕ’ ਨਹੀਂ ਸਮਝਦੇ ਸਨ ਜਿਨ੍ਹਾਂ ਨੇ ਸੁੰਨਤ ਕਰਾਈ ਹੋਈ ਸੀ, ਸਗੋਂ ਉਨ੍ਹਾਂ ਨੂੰ ਆਪਣੇ ਭਰਾ ਸਮਝਦੇ ਸਨ। (ਕੂਚ 12:48, 49) ਮਿਸਾਲ ਲਈ, ਇਕ ਹੋਰ ਬਾਈਬਲ ਵਿਚ ਅਸਤਰ 8:17 ਵਿਚ ਲਿਖਿਆ ਹੈ: “ਬਹੁਤ ਸਾਰੇ ਗ਼ੈਰ-ਯਹੂਦੀ ਲੋਕ ਸੁੰਨਤ ਕਰਾ ਕੇ ਯਹੂਦੀ ਬਣ ਗਏ।” (ਬੈਗਸਟਰਸ ਦਾ ਸੈਪਟੁਜਿੰਟ ਵਰਯਨ) ਪਵਿੱਤਰ ਲਿਖਤਾਂ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਜ਼ਰਾਈਲ ਦੇ ਬਚੇ ਹੋਏ ਲੋਕਾਂ (ਯਾਨੀ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ) ਦੇ ਨਾਲ-ਨਾਲ “ਸਾਰੀਆਂ ਕੌਮਾਂ ਦੇ ਲੋਕਾਂ” (ਯਾਨੀ ਬੇਸੁੰਨਤੇ ਗ਼ੈਰ-ਯਹੂਦੀਆਂ) ਨੂੰ ਪਰਮੇਸ਼ੁਰ ਦਾ ਨਾਂ ਦਿੱਤਾ ਜਾਵੇਗਾ। ਇਸ ਤੋਂ ਮਸੀਹੀਆਂ ਨੂੰ ਇਹ ਗੱਲ ਸਮਝ ਆ ਗਈ ਕਿ ਜਿਹੜੇ ਗ਼ੈਰ-ਯਹੂਦੀ ਲੋਕ ਮਸੀਹੀ ਬਣਨਾ ਚਾਹੁੰਦੇ ਸਨ, ਉਨ੍ਹਾਂ ਲਈ ਸੁੰਨਤ ਕਰਾਉਣੀ ਜ਼ਰੂਰੀ ਨਹੀਂ ਸੀ।

(ਰਸੂਲਾਂ ਦੇ ਕੰਮ 15:28, 29) ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਸਿਵਾਇ ਅਸੀਂ ਤੁਹਾਡੇ ਉੱਤੇ ਵਾਧੂ ਬੋਝ ਨਾ ਪਾਈਏ ਕਿ 29 ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਲਹੂ ਤੋਂ, ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹੋ। ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!”

(ਰਸੂਲਾਂ ਦੇ ਕੰਮ 16:4, 5) ਉਹ ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ʼਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ। 5 ਇਸ ਕਰਕੇ, ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।

bt 123 ਪੈਰਾ 18

‘ਮੰਡਲੀਆਂ ਦਾ ਹੌਸਲਾ ਵਧਾਉਣਾ’

ਪੌਲੁਸ ਅਤੇ ਤਿਮੋਥਿਉਸ ਕਈ ਸਾਲਾਂ ਤਾਈਂ ਇਕੱਠੇ ਕੰਮ ਕਰਦੇ ਰਹੇ। ਪ੍ਰਬੰਧਕ ਸਭਾ ਨੇ ਇਨ੍ਹਾਂ ਸਫ਼ਰੀ ਨਿਗਾਹਬਾਨਾਂ ਨੂੰ ਕਈ ਵੱਖੋ-ਵੱਖਰੇ ਕੰਮ ਕਰਨ ਲਈ ਘੱਲਿਆ। ਬਾਈਬਲ ਵਿਚ ਦੱਸਿਆ ਹੈ: “ਉਹ ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ʼਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ।” (ਰਸੂ. 16:4) ਮੰਡਲੀਆਂ ਨੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਤੋਂ ਮਿਲੀਆਂ ਹਿਦਾਇਤਾਂ ਨੂੰ ਸਵੀਕਾਰ ਕੀਤਾ। ਇਨ੍ਹਾਂ ਹਿਦਾਇਤਾਂ ਨੂੰ ਮੰਨਣ ਕਰਕੇ “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।”​—ਰਸੂ. 16:5.

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 16:6-9) ਇਸ ਤੋਂ ਇਲਾਵਾ, ਉਹ ਫ਼ਰੂਗੀਆ ਅਤੇ ਗਲਾਤੀਆ ਦੇ ਇਲਾਕਿਆਂ ਵਿੱਚੋਂ ਦੀ ਲੰਘੇ ਕਿਉਂਕਿ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਏਸ਼ੀਆ ਜ਼ਿਲ੍ਹੇ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ। 7 ਫਿਰ ਜਦੋਂ ਉਹ ਮੁਸੀਆ ਪਹੁੰਚੇ, ਤਾਂ ਉਨ੍ਹਾਂ ਨੇ ਬਿਥੁਨੀਆ ਵਿਚ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਪਵਿੱਤਰ ਸ਼ਕਤੀ ਦੇ ਰਾਹੀਂ ਯਿਸੂ ਨੇ ਉਨ੍ਹਾਂ ਨੂੰ ਉੱਥੇ ਜਾਣ ਨਾ ਦਿੱਤਾ। 8 ਇਸ ਲਈ ਉਹ ਮੁਸੀਆ ਲੰਘ ਕੇ ਤ੍ਰੋਆਸ ਆ ਗਏ। 9 ਰਾਤ ਨੂੰ ਪੌਲੁਸ ਨੇ ਇਕ ਦਰਸ਼ਣ ਦੇਖਿਆ: ਮਕਦੂਨੀਆ ਦਾ ਇਕ ਆਦਮੀ ਖੜ੍ਹਾ ਪੌਲੁਸ ਨੂੰ ਬੇਨਤੀ ਕਰ ਰਿਹਾ ਸੀ: “ਇਸ ਪਾਰ ਮਕਦੂਨੀਆ ਵਿਚ ਆ ਕੇ ਸਾਡੀ ਮਦਦ ਕਰ।”

w12 1/15 10 ਪੈਰਾ 8

ਯਿਸੂ ਦੇ ਰਸੂਲਾਂ ਤੋਂ ਜਾਗਦੇ ਰਹਿਣਾ ਸਿੱਖੋ

ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ? ਧਿਆਨ ਦਿਓ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਉਦੋਂ ਹੀ ਪੌਲੁਸ ਦੀ ਅਗਵਾਈ ਕੀਤੀ ਸੀ ਜਦੋਂ ਉਹ ਏਸ਼ੀਆ ਨੂੰ ਤੁਰ ਪਿਆ ਸੀ। ਫਿਰ ਯਿਸੂ ਨੇ ਉਦੋਂ ਹੀ ਪੌਲੁਸ ਨੂੰ ਰੋਕਿਆ ਸੀ ਜਦੋਂ ਉਹ ਬਿਥੁਨੀਆ ਲਾਗੇ ਪਹੁੰਚਿਆ ਸੀ। ਅਤੇ ਅਖ਼ੀਰ ਵਿਚ ਯਿਸੂ ਨੇ ਉਦੋਂ ਹੀ ਪੌਲੁਸ ਨੂੰ ਮਕਦੂਨੀਆ ਜਾਣ ਲਈ ਕਿਹਾ ਸੀ ਜਦੋਂ ਉਹ ਤ੍ਰੋਆਸ ਪਹੁੰਚਿਆ ਸੀ। ਮੰਡਲੀ ਦਾ ਮੁਖੀ ਹੋਣ ਕਰਕੇ ਯਿਸੂ ਅੱਜ ਸਾਡੀ ਵੀ ਇਸੇ ਤਰ੍ਹਾਂ ਅਗਵਾਈ ਕਰਦਾ ਹੈ। (ਕੁਲੁ. 1:18) ਉਦਾਹਰਣ ਲਈ, ਤੁਸੀਂ ਸ਼ਾਇਦ ਪਾਇਨੀਅਰਿੰਗ ਕਰਨ ਬਾਰੇ ਜਾਂ ਉਸ ਜਗ੍ਹਾ ਜਾ ਕੇ ਪ੍ਰਚਾਰ ਕਰਨ ਬਾਰੇ ਸੋਚ ਰਹੇ ਹੋਵੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਰ ਯਿਸੂ ਤੁਹਾਡੀ ਅਗਵਾਈ ਉਦੋਂ ਹੀ ਕਰੇਗਾ ਜਦੋਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕੋਗੇ। ਮਿਸਾਲ ਲਈ: ਡ੍ਰਾਈਵਰ ਆਪਣੀ ਕਾਰ ਨੂੰ ਤਾਂ ਹੀ ਸੱਜੇ ਜਾਂ ਖੱਬੇ ਮੋੜ ਸਕਦਾ ਹੈ ਜੇ ਕਾਰ ਚੱਲ ਰਹੀ ਹੋਵੇ। ਇਸੇ ਤਰ੍ਹਾਂ ਯਿਸੂ ਸਾਡੀ ਉਦੋਂ ਹੀ ਮਦਦ ਕਰ ਸਕਦਾ ਹੈ ਜਦੋਂ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ।

(ਰਸੂਲਾਂ ਦੇ ਕੰਮ 16:37) ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਭਾਵੇਂ ਕਿ ਅਸੀਂ ਰੋਮੀ ਨਾਗਰਿਕ ਹਾਂ, ਫਿਰ ਵੀ ਉਨ੍ਹਾਂ ਨੇ ਸਾਡਾ ਦੋਸ਼ ਸਾਬਤ ਕੀਤੇ ਬਿਨਾਂ ਸਾਰਿਆਂ ਸਾਮ੍ਹਣੇ ਸਾਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। ਤੇ ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ? ਨਹੀਂ, ਅਸੀਂ ਚੋਰੀ-ਛਿਪੇ ਨਹੀਂ ਜਾਣਾ। ਉਹ ਆਪ ਆ ਕੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਲੈ ਜਾਣ।”

nwtsty ਰਸੂ 16:37 ਲਈ ਖ਼ਾਸ ਜਾਣਕਾਰੀ

ਅਸੀਂ ਰੋਮੀ ਨਾਗਰਿਕ ਹਾਂ: ਪੌਲੁਸ ਅਤੇ ਸੀਲਾਸ ਰੋਮੀ ਨਾਗਰਿਕ ਸਨ। ਰੋਮੀ ਕਾਨੂੰਨ ਮੁਤਾਬਕ ਹਰ ਨਾਗਰਿਕ ਦਾ ਹੱਕ ਹੁੰਦਾ ਸੀ ਕਿ ਉਸ ਦਾ ਮੁਕੱਦਮਾ ਸਹੀ ਤਰੀਕੇ ਨਾਲ ਲੜਿਆ ਜਾਵੇ ਅਤੇ ਦੋਸ਼ ਸਾਬਤ ਕੀਤੇ ਬਿਨਾਂ ਉਸ ਨੂੰ ਸਾਰਿਆਂ ਦੇ ਸਾਮ੍ਹਣੇ ਸਜ਼ਾ ਨਾ ਦਿੱਤੀ ਜਾਵੇ। ਰੋਮੀ ਨਾਗਰਿਕ ਕੋਲ ਕੁਝ ਅਧਿਕਾਰ ਅਤੇ ਸਨਮਾਨ ਹੁੰਦੇ ਸਨ ਜਿਨ੍ਹਾਂ ਨੂੰ ਉਹ ਸਾਮਰਾਜ ਵਿਚ ਕਿਤੇ ਵੀ ਵਰਤ ਸਕਦਾ ਸੀ। ਰੋਮੀ ਨਾਗਰਿਕ ਰੋਮੀ ਕਾਨੂੰਨ ਦੇ ਅਧੀਨ ਹੁੰਦਾ ਸੀ, ਨਾ ਕਿ ਪ੍ਰਾਂਤ ਦੇ ਕਾਨੂੰਨਾਂ ਅਧੀਨ। ਜਦੋਂ ਉਸ ਉੱਤੇ ਕੋਈ ਦੋਸ਼ ਲਗਾਇਆ ਜਾਂਦਾ ਸੀ, ਤਾਂ ਉਹ ਸਥਾਨਕ ਕਾਨੂੰਨ ਮੁਤਾਬਕ ਸੁਣਵਾਈ ਕਰਵਾਉਣ ਲਈ ਰਾਜ਼ੀ ਹੋ ਸਕਦਾ ਸੀ। ਪਰ ਫਿਰ ਵੀ ਉਸ ਕੋਲ ਰੋਮੀ ਅਦਾਲਤ ਵਿਚ ਸੁਣਵਾਈ ਕਰਵਾਉਣ ਦਾ ਅਧਿਕਾਰ ਹੁੰਦਾ ਸੀ। ਜੇ ਉਸ ʼਤੇ ਕੋਈ ਇਸ ਤਰ੍ਹਾਂ ਦਾ ਦੋਸ਼ ਲਗਾਇਆ ਜਾਂਦਾ ਸੀ ਜਿਸ ਦੀ ਸਜ਼ਾ ਮੌਤ ਹੁੰਦੀ ਸੀ, ਤਾਂ ਇਹ ਸਮਰਾਟ ਨੂੰ ਅਪੀਲ ਕਰ ਸਕਦਾ ਸੀ। ਪੌਲੁਸ ਰਸੂਲ ਨੇ ਪੂਰੇ ਰੋਮੀ ਸਾਮਰਾਜ ਵਿਚ ਪ੍ਰਚਾਰ ਕੀਤਾ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਉਸ ਨੇ ਤਿੰਨ ਮੌਕਿਆਂ ʼਤੇ ਰੋਮੀ ਨਾਗਰਿਕ ਵਜੋਂ ਆਪਣੇ ਹੱਕਾਂ ਦਾ ਇਸਤੇਮਾਲ ਕੀਤਾ। ਪਹਿਲੀ ਵਾਰ ਉਸ ਨੇ ਫ਼ਿਲਿੱਪੈ ਵਿਚ ਇਸ ਹੱਕ ਦਾ ਇਸਤੇਮਾਲ ਕੀਤਾ ਜਦੋਂ ਉਸ ਨੇ ਫ਼ਿਲਿੱਪੈ ਦੇ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਕੁੱਟ ਕੇ ਕਾਨੂੰਨ ਦੀ ਉਲੰਘਣਾ ਕੀਤੀ ਸੀ।—ਹੋਰ ਦੋ ਮੌਕਿਆਂ ਬਾਰੇ ਜਾਣਨ ਲਈ ਰਸੂ 22:25; 25:11 ਲਈ ਖ਼ਾਸ ਜਾਣਕਾਰੀ ਦੇਖੋ।

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 16:25-40) ਪਰ ਅੱਧੀ ਰਾਤ ਨੂੰ ਪੌਲੁਸ ਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਰਹੇ ਸਨ; ਅਤੇ ਦੂਸਰੇ ਕੈਦੀ ਸੁਣ ਰਹੇ ਸਨ। 26 ਅਚਾਨਕ ਇੰਨਾ ਜ਼ਬਰਦਸਤ ਭੁਚਾਲ਼ ਆਇਆ ਕਿ ਜੇਲ੍ਹ ਦੀਆਂ ਨੀਂਹਾਂ ਤਕ ਹਿੱਲ ਗਈਆਂ। ਨਾਲੇ, ਜੇਲ੍ਹ ਦੇ ਸਾਰੇ ਦਰਵਾਜ਼ੇ ਇਕਦਮ ਖੁੱਲ੍ਹ ਗਏ ਅਤੇ ਸਾਰਿਆਂ ਦੀਆਂ ਬੇੜੀਆਂ ਖੁੱਲ੍ਹ ਗਈਆਂ। 27 ਜੇਲ੍ਹਰ ਦੀ ਨੀਂਦ ਖੁੱਲ੍ਹ ਗਈ ਅਤੇ ਜਦੋਂ ਉਸ ਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਦੇਖੇ, ਤਾਂ ਉਸ ਨੂੰ ਲੱਗਿਆ ਕਿ ਸਾਰੇ ਕੈਦੀ ਭੱਜ ਗਏ ਸਨ, ਇਸ ਲਈ ਉਸ ਨੇ ਆਪਣੇ ਆਪ ਨੂੰ ਜਾਨੋਂ ਮਾਰਨ ਲਈ ਆਪਣੀ ਤਲਵਾਰ ਕੱਢੀ। 28 ਪਰ ਪੌਲੁਸ ਨੇ ਉੱਚੀ ਆਵਾਜ਼ ਵਿਚ ਉਸ ਨੂੰ ਕਿਹਾ: “ਆਪਣੀ ਜਾਨ ਨਾ ਲੈ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ!” 29 ਜੇਲ੍ਹਰ ਨੇ ਦੀਵੇ ਲਿਆਉਣ ਲਈ ਕਿਹਾ ਅਤੇ ਦੌੜ ਕੇ ਅੰਦਰ ਗਿਆ। ਉਹ ਡਰ ਨਾਲ ਥਰ-ਥਰ ਕੰਬਦਾ ਹੋਇਆ ਪੌਲੁਸ ਤੇ ਸੀਲਾਸ ਦੇ ਪੈਰਾਂ ਵਿਚ ਡਿਗ ਗਿਆ। 30 ਫਿਰ ਉਸ ਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ: “ਸਾਹਬ ਜੀ, ਤੁਸੀਂ ਦੋਵੇਂ ਮੈਨੂੰ ਦੱਸੋ ਕਿ ਮੈਂ ਮੁਕਤੀ ਪਾਉਣ ਲਈ ਕੀ ਕਰਾਂ?” 31 ਉਨ੍ਹਾਂ ਨੇ ਕਿਹਾ: “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫਿਰ ਤੂੰ ਅਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ।” 32 ਅਤੇ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਘਰ ਰਹਿਣ ਵਾਲੇ ਸਾਰੇ ਜੀਆਂ ਨੂੰ ਯਹੋਵਾਹ ਦੇ ਬਚਨ ਦੀ ਸਿੱਖਿਆ ਦਿੱਤੀ। 33 ਜੇਲ੍ਹਰ ਨੇ ਰਾਤ ਨੂੰ ਉਸੇ ਵੇਲੇ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਕੇ ਉਨ੍ਹਾਂ ਦੇ ਜ਼ਖ਼ਮ ਸਾਫ਼ ਕੀਤੇ। ਫਿਰ ਉਸ ਨੇ ਅਤੇ ਉਸ ਦੇ ਪੂਰੇ ਪਰਿਵਾਰ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ। 34 ਫਿਰ ਜੇਲ੍ਹਰ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ ਅਤੇ ਉਨ੍ਹਾਂ ਸਾਮ੍ਹਣੇ ਖਾਣਾ ਪਰੋਸਿਆ। ਹੁਣ ਉਸ ਨੂੰ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੂੰ ਇਸ ਗੱਲੋਂ ਬਹੁਤ ਹੀ ਖ਼ੁਸ਼ੀ ਸੀ ਕਿ ਉਸ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਸੀ। 35 ਜਦੋਂ ਦਿਨ ਚੜ੍ਹਿਆ, ਤਾਂ ਮੈਜਿਸਟ੍ਰੇਟਾਂ ਨੇ ਸਿਪਾਹੀ ਘੱਲ ਕੇ ਹੁਕਮ ਦਿੱਤਾ: “ਉਨ੍ਹਾਂ ਆਦਮੀਆਂ ਨੂੰ ਰਿਹਾ ਕਰ ਦਿੱਤਾ ਜਾਵੇ।” 36 ਜੇਲ੍ਹਰ ਨੇ ਜਾ ਕੇ ਪੌਲੁਸ ਨੂੰ ਦੱਸਿਆ: “ਮੈਜਿਸਟ੍ਰੇਟਾਂ ਨੇ ਆਦਮੀਆਂ ਨੂੰ ਘੱਲ ਕੇ ਹੁਕਮ ਦਿੱਤਾ ਹੈ ਕਿ ਤੁਹਾਨੂੰ ਰਿਹਾ ਕਰ ਦਿੱਤਾ ਜਾਵੇ। ਇਸ ਲਈ, ਤੁਸੀਂ ਬਾਹਰ ਆਓ ਅਤੇ ਸ਼ਾਂਤੀ ਨਾਲ ਚਲੇ ਜਾਓ।” 37 ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਭਾਵੇਂ ਕਿ ਅਸੀਂ ਰੋਮੀ ਨਾਗਰਿਕ ਹਾਂ, ਫਿਰ ਵੀ ਉਨ੍ਹਾਂ ਨੇ ਸਾਡਾ ਦੋਸ਼ ਸਾਬਤ ਕੀਤੇ ਬਿਨਾਂ ਸਾਰਿਆਂ ਸਾਮ੍ਹਣੇ ਸਾਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। ਤੇ ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ? ਨਹੀਂ, ਅਸੀਂ ਚੋਰੀ-ਛਿਪੇ ਨਹੀਂ ਜਾਣਾ। ਉਹ ਆਪ ਆ ਕੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਲੈ ਜਾਣ।” 38 ਸਿਪਾਹੀਆਂ ਨੇ ਜਾ ਕੇ ਸਾਰੀ ਗੱਲ ਮੈਜਿਸਟ੍ਰੇਟਾਂ ਨੂੰ ਦੱਸੀ। ਜਦੋਂ ਉਨ੍ਹਾਂ ਨੇ ਸੁਣਿਆ ਕਿ ਉਹ ਆਦਮੀ ਰੋਮੀ ਨਾਗਰਿਕ ਸਨ, ਤਾਂ ਉਹ ਬਹੁਤ ਡਰ ਗਏ। 39 ਇਸ ਕਰਕੇ ਉਨ੍ਹਾਂ ਨੇ ਆ ਕੇ ਪੌਲੁਸ ਅਤੇ ਸੀਲਾਸ ਤੋਂ ਮਾਫ਼ੀ ਮੰਗੀ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਬਾਹਰ ਲਿਆ ਕੇ ਮਿੰਨਤਾਂ ਕੀਤੀਆਂ ਕਿ ਉਹ ਸ਼ਹਿਰ ਛੱਡ ਕੇ ਚਲੇ ਜਾਣ। 40 ਪਰ ਉਹ ਜੇਲ੍ਹ ਵਿੱਚੋਂ ਬਾਹਰ ਆ ਕੇ ਲੀਡੀਆ ਦੇ ਘਰ ਚਲੇ ਗਏ ਅਤੇ ਉੱਥੇ ਭਰਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਫਿਰ ਉਹ ਉੱਥੋਂ ਚਲੇ ਗਏ।

24-30 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 17-18

“ਪ੍ਰਚਾਰ ਤੇ ਸਿਖਾਉਣ ਵਿਚ ਪੌਲੁਸ ਰਸੂਲ ਦੀ ਰੀਸ ਕਰੋ”

(ਰਸੂਲਾਂ ਦੇ ਕੰਮ 17:2, 3) ਪੌਲੁਸ ਆਪਣੀ ਰੀਤ ਅਨੁਸਾਰ ਸਭਾ ਘਰ ਵਿਚ ਗਿਆ ਅਤੇ ਉਸ ਨੇ ਲਗਾਤਾਰ ਤਿੰਨ ਹਫ਼ਤੇ ਸਬਤ ਦੇ ਦਿਨ ਯਹੂਦੀਆਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕੀਤੀ, 3 ਅਤੇ ਹਵਾਲੇ ਦੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਕਿ ਮਸੀਹ ਲਈ ਦੁੱਖ ਝੱਲਣਾ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ ਅਤੇ ਉਸ ਨੇ ਇਹ ਵੀ ਕਿਹਾ: “ਯਿਸੂ ਹੀ ਮਸੀਹ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ।”

nwtsty ਰਸੂ 17:2, 3 ਲਈ ਖ਼ਾਸ ਜਾਣਕਾਰੀ

ਚਰਚਾ ਕੀਤੀ: ਪੌਲੁਸ ਨੇ ਸਿਰਫ਼ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਹੀ ਨਹੀਂ ਸੁਣਾਈ, ਸਗੋਂ ਉਸ ਨੇ ਉਨ੍ਹਾਂ ਨੂੰ ਸਮਝਾਇਆ ਅਤੇ ਧਰਮ-ਗ੍ਰੰਥ ਵਿੱਚੋਂ ਯਾਨੀ ਇਬਰਾਨੀ ਲਿਖਤਾਂ ਵਿੱਚੋਂ ਸਬੂਤ ਵੀ ਦਿੱਤੇ। ਉਸ ਨੇ ਹਵਾਲੇ ਸਿਰਫ਼ ਪੜ੍ਹੇ ਹੀ ਨਹੀਂ, ਬਲਕਿ ਉਨ੍ਹਾਂ ਨਾਲ ਚਰਚਾ ਕੀਤੀ ਅਤੇ ਆਪਣੀ ਗੱਲਬਾਤ ਨੂੰ ਆਪਣੇ ਸੁਣਨ ਵਾਲਿਆਂ ਮੁਤਾਬਕ ਢਾਲਿਆ। ਯੂਨਾਨੀ ਕਿਰਿਆ ਡਾਲੇਗੋਮਾਈ (di·a·leʹgo·mai) ਦਾ ਮਤਲਬ ਹੈ, “ਗੱਲਬਾਤ ਕਰਨੀ; ਚਰਚਾ ਕਰਨੀ।” ਇਹ ਯੂਨਾਨੀ ਸ਼ਬਦ ਰਸੂ 17:17; 18:4, 19; 19:8, 9; 20:7, 9 ਵਿਚ ਵੀ ਇਸਤੇਮਾਲ ਕੀਤਾ ਗਿਆ ਹੈ।

ਹਵਾਲੇ ਦੇ ਕੇ: ਇਸ ਯੂਨਾਨੀ ਸ਼ਬਦ ਦਾ ਮਤਲਬ ਹੈ, “ਨਾਲ ਰੱਖਣਾ।” ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੇ ਧਿਆਨ ਨਾਲ ਇਬਰਾਨੀ ਲਿਖਤਾਂ ਵਿੱਚੋਂ ਮਸੀਹ ਸੰਬੰਧੀ ਦਿੱਤੀਆਂ ਭਵਿੱਖਬਾਣੀਆਂ ਦੀ ਤੁਲਨਾ ਯਿਸੂ ਦੀ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਕਰ ਕੇ ਦਿਖਾਇਆ ਕਿਵੇਂ ਯਿਸੂ ਨੇ ਇਹ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਸਨ।

(ਰਸੂਲਾਂ ਦੇ ਕੰਮ 17:17) ਫਿਰ ਉਹ ਸਭਾ ਘਰ ਵਿਚ ਯਹੂਦੀਆਂ ਨਾਲ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਹੋਰ ਲੋਕਾਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕਰਨ ਲੱਗਾ। ਅਤੇ ਉਹ ਹਰ ਰੋਜ਼ ਬਾਜ਼ਾਰ ਵਿਚ ਜਾ ਕੇ ਵੀ ਦੂਸਰੇ ਲੋਕਾਂ ਨਾਲ ਚਰਚਾ ਕਰਦਾ ਸੀ।

nwtsty ਰਸੂ 17:17 ਲਈ ਖ਼ਾਸ ਜਾਣਕਾਰੀ

ਬਾਜ਼ਾਰ: ਐਥਿਨਜ਼ ਦਾ ਬਾਜ਼ਾਰ (ਯੂਨਾਨੀ ਵਿਚ, a·go·raʹ) ਆਕ੍ਰੋਪੋਲਿਸ ਦੇ ਉੱਤਰ-ਪੱਛਮ ਵਿਚ ਸਥਿਤ ਸੀ ਅਤੇ ਇਹ 12 ਏਕੜ (5 ਹੈਕਟੇਅਰ) ਜਾਂ ਇਸ ਤੋਂ ਜ਼ਿਆਦਾ ਵਿਚ ਫੈਲਿਆ ਹੋਇਆ ਸੀ। ਬਾਜ਼ਾਰ ਵਿਚ ਸਿਰਫ਼ ਚੀਜ਼ਾਂ ਵੇਚੀਆਂ-ਖ਼ਰੀਦੀਆਂ ਨਹੀਂ ਜਾਂਦੀਆਂ ਸਨ, ਸਗੋਂ ਇਹ ਸ਼ਹਿਰ ਦਾ ਆਰਥਿਕ, ਰਾਜਨੀਤਿਕ ਅਤੇ ਸਭਿਆਚਾਰਕ ਕੇਂਦਰ ਸੀ। ਐਥਿਨਜ਼ ਦੇ ਲੋਕ ਇੱਥੇ ਡੂੰਘੀਆਂ ਗੱਲਾਂ ʼਤੇ ਚਰਚਾ ਕਰਨ ਲਈ ਮਿਲਦੇ ਸਨ।

(ਰਸੂਲਾਂ ਦੇ ਕੰਮ 17:22, 23) ਪੌਲੁਸ ਨੇ ਐਰੀਆਪਗਸ ਦੀ ਸਭਾ ਵਿਚ ਖੜ੍ਹਾ ਹੋ ਕੇ ਕਿਹਾ: “ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ ਕਿ ਤੁਸੀਂ ਹਰ ਗੱਲ ਵਿਚ ਦੂਸਰੇ ਲੋਕਾਂ ਨਾਲੋਂ ਦੇਵੀ-ਦੇਵਤਿਆਂ ਦਾ ਜ਼ਿਆਦਾ ਡਰ ਮੰਨਦੇ ਹੋ। 23 ਕਿਉਂਕਿ ਮੈਂ ਸ਼ਹਿਰ ਵਿਚ ਘੁੰਮਦੇ ਹੋਏ ਉਨ੍ਹਾਂ ਚੀਜ਼ਾਂ ਨੂੰ ਧਿਆਨ ਨਾਲ ਦੇਖਿਆ ਹੈ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ। ਮੈਂ ਇਕ ਵੇਦੀ ਦੇਖੀ ਜਿਸ ਉੱਤੇ ਲਿਖਿਆ ਹੋਇਆ ਸੀ, ‘ਅਣਜਾਣ ਪਰਮੇਸ਼ੁਰ ਲਈ।’ ਤੁਸੀਂ ਜਿਸ ਪਰਮੇਸ਼ੁਰ ਦੀ ਅਣਜਾਣੇ ਵਿਚ ਭਗਤੀ ਕਰ ਰਹੇ ਹੋ, ਮੈਂ ਉਸ ਬਾਰੇ ਤੁਹਾਨੂੰ ਦੱਸ ਰਿਹਾ ਹਾਂ।

nwtsty ਰਸੂ 17:22, 23 ਲਈ ਖ਼ਾਸ ਜਾਣਕਾਰੀ

ਅਣਜਾਣ ਪਰਮੇਸ਼ੁਰ ਲਈ: ਯੂਨਾਨੀ ਸ਼ਬਦ ਏਗਨੋਸਤੋਈ ਥੀਓਈ (A·gnoʹstoi the·oiʹ) ਐਥਿਨਜ਼ ਦੀ ਵੇਦੀ ਉੱਤੇ ਉੱਕਰੇ ਹੋਏ ਸਨ। ਬਹੁਤ ਸਾਰੇ ਮੰਦਰਾਂ ਅਤੇ ਵੇਦੀਆਂ ਤੋਂ ਪਤਾ ਲੱਗਦਾ ਹੈ ਕਿ ਐਥਿਨਜ਼ ਦੇ ਲੋਕ ਦੇਵੀ-ਦੇਵਤਿਆਂ ਤੋਂ ਡਰਦੇ ਸਨ। ਇੱਥੋਂ ਤਕ ਕਿ ਉਨ੍ਹਾਂ ਨੇ ਸ਼ੌਹਰਤ, ਨਿਮਰਤਾ, ਤਾਕਤ, ਵਿਸ਼ਵਾਸ ਅਤੇ ਤਰਸ ਨੂੰ ਦੇਵੀ-ਦੇਵਤੇ ਮੰਨਦੇ ਹੋਏ ਉਨ੍ਹਾਂ ਲਈ ਵੀ ਵੇਦੀਆਂ ਬਣਾਈਆਂ ਸਨ। ਸ਼ਾਇਦ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੇ ਕੋਈ ਦੇਵੀ-ਦੇਵਤਾ ਛੱਡ ਨਾ ਦਿੱਤਾ ਹੋਵੇ। ਇਸ ਕਰਕੇ ਉਨ੍ਹਾਂ ਨੇ “ਅਣਜਾਣ ਪਰਮੇਸ਼ੁਰ ਲਈ” ਇਕ ਵੇਦੀ ਬਣਾਈ ਤਾਂਕਿ ਕੋਈ ਦੇਵੀ-ਦੇਵਤਾ ਨਾਰਾਜ਼ ਨਾ ਹੋ ਜਾਵੇ। ਇਸ ਵੇਦੀ ਤੋਂ ਪਤਾ ਲੱਗਦਾ ਸੀ ਕਿ ਉਹ ਲੋਕ ਪਰਮੇਸ਼ੁਰ ਦੀ ਹੋਂਦ ਨੂੰ ਮੰਨਦੇ ਸਨ ਜਿਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਸੀ। ਪੌਲੁਸ ਨੇ ਸਮਝਦਾਰੀ ਨਾਲ ਇਸ ਵੇਦੀ ਦਾ ਇਸਤੇਮਾਲ ਕਰ ਕੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਯਾਨੀ ਉਸ ਸੱਚੇ ਪਰਮੇਸ਼ੁਰ ਬਾਰੇ ਦੱਸਿਆ ਜਿਸ ਤੋਂ ਉਹ ਅਣਜਾਣ ਸਨ।

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 18:18) ਪੌਲੁਸ ਕੁਰਿੰਥੁਸ ਵਿਚ ਹੋਰ ਕਈ ਦਿਨ ਰਿਹਾ ਅਤੇ ਫਿਰ ਭਰਾਵਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸੀਰੀਆ ਨੂੰ ਚਲਾ ਗਿਆ। ਪ੍ਰਿਸਕਿੱਲਾ ਤੇ ਅਕੂਲਾ ਵੀ ਉਸ ਨਾਲ ਸਨ। ਅਤੇ ਕੰਖਰਿਆ ਵਿਚ ਉਸ ਨੇ ਆਪਣੇ ਵਾਲ਼ ਕਟਵਾ ਲਏ ਸਨ ਕਿਉਂਕਿ ਉਸ ਨੇ ਪਰਮੇਸ਼ੁਰ ਅੱਗੇ ਸੁੱਖਣਾ ਸੁੱਖੀ ਸੀ।

w08 5/15 32 ਪੈਰਾ 5

ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

18:18—ਪੌਲੁਸ ਨੇ ਕਿਹੜੀ ਮੰਨਤ ਮੰਨੀ ਸੀ? ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਪੌਲੁਸ ਨੇ ਨਜ਼ੀਰ ਬਣਨ ਦੀ ਸੁੱਖਣਾ ਸੁੱਖੀ ਸੀ। (ਗਿਣ. 6:1-21) ਪਰ ਬਾਈਬਲ ਵਿਚ ਇਹ ਨਹੀਂ ਦੱਸਿਆ ਹੈ ਕਿ ਪੌਲੁਸ ਦੀ ਮੰਨਤ ਕੀ ਸੀ। ਇਸ ਤੋਂ ਇਲਾਵਾ ਬਾਈਬਲ ਇਹ ਨਹੀਂ ਦੱਸਦੀ ਕਿ ਪੌਲੁਸ ਨੇ ਇਹ ਮੰਨਤ ਮਸੀਹੀ ਬਣਨ ਤੋਂ ਪਹਿਲਾਂ ਜਾਂ ਬਾਅਦ ਵਿਚ ਮੰਨੀ ਸੀ ਤੇ ਨਾ ਹੀ ਦੱਸਦੀ ਹੈ ਕਿ ਉਹ ਇਸ ਮੰਨਤ ਅਨੁਸਾਰ ਜੀਣਾ ਸ਼ੁਰੂ ਕਰ ਰਿਹਾ ਸੀ ਜਾਂ ਕਿ ਉਹ ਇਸ ਮੰਨਤ ਤੋਂ ਮੁਕਤ ਹੋਣ ਜਾ ਰਿਹਾ ਸੀ। ਜੋ ਵੀ ਸੀ, ਅਜਿਹੀ ਸੁੱਖਣਾ ਸੁੱਖਣੀ ਗ਼ਲਤ ਨਹੀਂ ਸੀ।

(ਰਸੂਲਾਂ ਦੇ ਕੰਮ 18:21) ਅਤੇ ਉਨ੍ਹਾਂ ਨੂੰ ਕਿਹਾ: “ਜੇ ਯਹੋਵਾਹ ਨੇ ਚਾਹਿਆ, ਤਾਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ।” ਫਿਰ ਉਹ ਉਨ੍ਹਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅਫ਼ਸੁਸ ਤੋਂ ਤੁਰ ਪਿਆ

nwtsty ਰਸੂ 18:21 ਲਈ ਖ਼ਾਸ ਜਾਣਕਾਰੀ

ਜੇ ਯਹੋਵਾਹ ਨੇ ਚਾਹਿਆ: ਇਨ੍ਹਾਂ ਸ਼ਬਦਾਂ ਰਾਹੀਂ ਜ਼ੋਰ ਦਿੱਤਾ ਗਿਆ ਹੈ ਕਿ ਕੋਈ ਕੰਮ ਕਰਨ ਜਾਂ ਯੋਜਨਾ ਬਣਾਉਣ ਵੇਲੇ ਪਰਮੇਸ਼ੁਰ ਦੀ ਇੱਛਾ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਪੌਲੁਸ ਰਸੂਲ ਨੇ ਇਸ ਅਸੂਲ ਨੂੰ ਹਮੇਸ਼ਾ ਆਪਣੇ ਮਨ ਵਿਚ ਰੱਖਿਆ। (1 ਕੁਰਿੰ 4:19; 16:7; ਇਬ 6:3) ਚੇਲੇ ਯਾਕੂਬ ਨੇ ਵੀ ਆਪਣੀ ਚਿੱਠੀ ਵਿਚ ਲੋਕਾਂ ਨੂੰ ਇਹ ਕਹਿਣ ਦੀ ਹੱਲਾਸ਼ੇਰੀ ਦਿੱਤੀ ਸੀ “ਜੇ ਯਹੋਵਾਹ ਨੇ ਚਾਹਿਆ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਕਰਾਂਗੇ ਜਾਂ ਉਹ ਕਰਾਂਗੇ।” (ਯਾਕੂ 4:15) ਇਨ੍ਹਾਂ ਸ਼ਬਦਾਂ ਨੂੰ ਸਿਰਫ਼ ਕਹਿਣਾ ਹੀ ਨਹੀਂ ਚਾਹੀਦਾ। ਇਸ ਦੀ ਬਜਾਇ, ਜੇ ਕੋਈ ਕਹਿੰਦਾ ਹੈ “ਜੇ ਪਰਮੇਸ਼ੁਰ ਨੇ ਚਾਹਿਆ,” ਤਾਂ ਉਸ ਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਇਹ ਸ਼ਬਦ ਹਮੇਸ਼ਾ ਉੱਚੀ ਆਵਾਜ਼ ਵਿਚ ਬੋਲੇ ਜਾਣ, ਸਗੋਂ ਅਕਸਰ ਇਹ ਵਿਅਕਤੀ ਦੇ ਮਨ ਵਿਚ ਹੋਣੇ ਚਾਹੀਦੇ ਹਨ।—ਰਸੂ 21:14; 1 ਕੁਰਿੰ 4:19; ਯਾਕੂ 4:15 ਲਈ ਖ਼ਾਸ ਜਾਣਕਾਰੀ ਅਤੇ ਅਪੈਂਡਿਕਸ C ਦੇਖੋ।

ਬਾਈਬਲ ਪੜ੍ਹਾਈ:

(ਰਸੂਲਾਂ ਦੇ ਕੰਮ 17:1-15) ਫਿਰ ਉਹ ਅਮਫ਼ੀਪੁਲਿਸ ਤੇ ਅਪੁਲੋਨੀਆ ਸ਼ਹਿਰਾਂ ਵਿੱਚੋਂ ਦੀ ਸਫ਼ਰ ਕਰਦੇ ਹੋਏ ਥੱਸਲੁਨੀਕਾ ਆਏ ਜਿੱਥੇ ਯਹੂਦੀਆਂ ਦਾ ਇਕ ਸਭਾ ਘਰ ਸੀ। 2 ਪੌਲੁਸ ਆਪਣੀ ਰੀਤ ਅਨੁਸਾਰ ਸਭਾ ਘਰ ਵਿਚ ਗਿਆ ਅਤੇ ਉਸ ਨੇ ਲਗਾਤਾਰ ਤਿੰਨ ਹਫ਼ਤੇ ਸਬਤ ਦੇ ਦਿਨ ਯਹੂਦੀਆਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕੀਤੀ, 3 ਅਤੇ ਹਵਾਲੇ ਦੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਕਿ ਮਸੀਹ ਲਈ ਦੁੱਖ ਝੱਲਣਾ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ ਅਤੇ ਉਸ ਨੇ ਇਹ ਵੀ ਕਿਹਾ: “ਯਿਸੂ ਹੀ ਮਸੀਹ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ।” 4 ਇਸ ਕਰਕੇ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ। 5 ਪਰ ਇਹ ਦੇਖ ਕੇ ਯਹੂਦੀ ਸੜ-ਬਲ਼ ਗਏ ਅਤੇ ਉਨ੍ਹਾਂ ਨੇ ਬਾਜ਼ਾਰ ਵਿਚ ਆਵਾਰਾ ਘੁੰਮਣ ਵਾਲੇ ਦੁਸ਼ਟ ਬੰਦਿਆਂ ਦੀ ਭੀੜ ਇਕੱਠੀ ਕਰ ਲਈ ਅਤੇ ਉਨ੍ਹਾਂ ਨੇ ਰਲ਼ ਕੇ ਸ਼ਹਿਰ ਵਿਚ ਹਲਚਲ ਮਚਾ ਦਿੱਤੀ। ਅਤੇ ਉਹ ਪੌਲੁਸ ਅਤੇ ਸੀਲਾਸ ਦੀ ਤਲਾਸ਼ ਵਿਚ ਸਨ ਤਾਂਕਿ ਉਨ੍ਹਾਂ ਨੂੰ ਫੜ ਕੇ ਭੀੜ ਦੇ ਹਵਾਲੇ ਕਰ ਦੇਣ। ਇਸ ਲਈ ਉਨ੍ਹਾਂ ਨੇ ਯਸੋਨ ਦੇ ਘਰ ʼਤੇ ਹਮਲਾ ਕਰ ਦਿੱਤਾ। 6 ਜਦੋਂ ਉਹ ਨਾ ਲੱਭੇ, ਤਾਂ ਉਹ ਯਸੋਨ ਤੇ ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਜਿਨ੍ਹਾਂ ਆਦਮੀਆਂ ਨੇ ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ ਹੈ, ਉਹ ਇੱਥੇ ਵੀ ਆ ਗਏ ਹਨ। 7 ਯਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਠਹਿਰਾਇਆ ਹੋਇਆ ਹੈ। ਇਹ ਸਾਰੇ ਆਦਮੀ ਸਮਰਾਟ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਹੋਰ ਰਾਜਾ ਹੈ ਜਿਸ ਦਾ ਨਾਂ ਯਿਸੂ ਹੈ।” 8 ਜਦੋਂ ਸ਼ਹਿਰ ਦੇ ਅਧਿਕਾਰੀਆਂ ਤੇ ਭੀੜ ਨੇ ਇਹ ਗੱਲ ਸੁਣੀ, ਤਾਂ ਉਹ ਹੋਰ ਵੀ ਭੜਕ ਉੱਠੇ। 9 ਅਤੇ ਉਨ੍ਹਾਂ ਨੇ ਯਸੋਨ ਅਤੇ ਹੋਰ ਭਰਾਵਾਂ ਤੋਂ ਜ਼ਮਾਨਤ ਦੇ ਤੌਰ ਤੇ ਬਹੁਤ ਸਾਰਾ ਪੈਸਾ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ। 10 ਫਿਰ ਰਾਤ ਨੂੰ ਹੀ ਭਰਾਵਾਂ ਨੇ ਪੌਲੁਸ ਤੇ ਸੀਲਾਸ ਨੂੰ ਬਰੀਆ ਸ਼ਹਿਰ ਨੂੰ ਘੱਲ ਦਿੱਤਾ। ਉੱਥੇ ਪਹੁੰਚ ਕੇ ਉਹ ਯਹੂਦੀਆਂ ਦੇ ਸਭਾ ਘਰ ਵਿਚ ਗਏ। 11 ਬਰੀਆ ਦੇ ਯਹੂਦੀ ਥੱਸਲੁਨੀਕਾ ਦੇ ਯਹੂਦੀਆਂ ਨਾਲੋਂ ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਬੜੇ ਉਤਸ਼ਾਹ ਨਾਲ ਕਬੂਲ ਕਰ ਲਿਆ ਸੀ ਅਤੇ ਉਹ ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ ਕਰ ਕੇ ਦੇਖਦੇ ਸਨ ਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਸੁਣੀਆਂ ਸਨ, ਉਹ ਗੱਲਾਂ ਸੱਚ ਵੀ ਸਨ ਜਾਂ ਨਹੀਂ। 12 ਇਸ ਲਈ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ, ਨਾਲੇ ਕਈ ਮੰਨੀਆਂ-ਪ੍ਰਮੰਨੀਆਂ ਯੂਨਾਨੀ ਤੀਵੀਆਂ ਅਤੇ ਆਦਮੀ ਵੀ ਨਿਹਚਾ ਕਰਨ ਲੱਗ ਪਏ। 13 ਪਰ ਜਦੋਂ ਥੱਸਲੁਨੀਕਾ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਪੌਲੁਸ ਨੇ ਬਰੀਆ ਵਿਚ ਵੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ ਸੀ, ਤਾਂ ਉਹ ਭੀੜ ਨੂੰ ਉਨ੍ਹਾਂ ਦੇ ਖ਼ਿਲਾਫ਼ ਭੜਕਾਉਣ ਲਈ ਉੱਥੇ ਆ ਗਏ। 14 ਭਰਾਵਾਂ ਨੇ ਤੁਰੰਤ ਪੌਲੁਸ ਨੂੰ ਸਮੁੰਦਰ ਕਿਨਾਰੇ ਵੱਲ ਘੱਲ ਦਿੱਤਾ, ਪਰ ਸੀਲਾਸ ਤੇ ਤਿਮੋਥਿਉਸ ਉੱਥੇ ਹੀ ਰਹੇ। 15 ਜਿਹੜੇ ਭਰਾ ਪੌਲੁਸ ਨਾਲ ਐਥਿਨਜ਼ ਤਕ ਆਏ ਸਨ, ਉਨ੍ਹਾਂ ਨੂੰ ਪੌਲੁਸ ਨੇ ਕਿਹਾ ਕਿ ਸੀਲਾਸ ਤੇ ਤਿਮੋਥਿਉਸ ਜਲਦੀ ਤੋਂ ਜਲਦੀ ਉਸ ਕੋਲ ਆ ਜਾਣ, ਤੇ ਫਿਰ ਉਹ ਭਰਾ ਉੱਥੋਂ ਤੁਰ ਪਏ।

31 ਦਸੰਬਰ–6 ਜਨਵਰੀ

ਰੱਬ ਦਾ ਬਚਨ ਖ਼ਜ਼ਾਨਾ ਹੈ

“ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ”

(ਰਸੂਲਾਂ ਦੇ ਕੰਮ 20:28) ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ ਜਿਨ੍ਹਾਂ ਵਿਚ ਪਵਿੱਤਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ ਤਾਂਕਿ ਤੁਸੀਂ ਚਰਵਾਹਿਆਂ ਵਾਂਗ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਰੋ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਨਾਲ ਖ਼ਰੀਦਿਆ ਹੈ।

w11 6/15 20-21 ਪੈਰਾ 5

‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’ ਜੋ ਤੁਹਾਨੂੰ ਸੌਂਪਿਆ ਗਿਆ ਹੈ

5 ਪਤਰਸ ਰਸੂਲ ਨੇ ਲਿਖਿਆ ਕਿ ਬਜ਼ੁਰਗਾਂ ਨੂੰ ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਨ’ ਦੀ ਲੋੜ ਸੀ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ। ਉਨ੍ਹਾਂ ਲਈ ਇਹ ਸਮਝਣਾ ਸਭ ਤੋਂ ਜ਼ਰੂਰੀ ਸੀ ਕਿ ਇੱਜੜ ਯਹੋਵਾਹ ਅਤੇ ਯਿਸੂ ਮਸੀਹ ਦਾ ਹੈ। ਬਜ਼ੁਰਗਾਂ ਨੂੰ ਲੇਖਾ ਦੇਣਾ ਪੈਣਾ ਸੀ ਕਿ ਉਹ ਪਰਮੇਸ਼ੁਰ ਦੀਆਂ ਭੇਡਾਂ ਦਾ ਕਿਵੇਂ ਖ਼ਿਆਲ ਰੱਖਦੇ ਸਨ। ਮੰਨ ਲਓ ਕਿ ਤੁਹਾਡਾ ਗੂੜ੍ਹਾ ਮਿੱਤਰ ਤੁਹਾਨੂੰ ਉਸ ਦੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਕਹਿੰਦਾ ਹੈ ਜਦ ਤਕ ਉਹ ਘਰ ਨਹੀਂ ਹੈ। ਕੀ ਤੁਸੀਂ ਬੱਚਿਆਂ ਦੀ ਚੰਗੀ ਦੇਖ-ਭਾਲ ਨਹੀਂ ਕਰੋਗੇ ਅਤੇ ਉਨ੍ਹਾਂ ਨੂੰ ਖਾਣਾ ਨਹੀਂ ਖਿਲਾਓਗੇ? ਜੇ ਉਨ੍ਹਾਂ ਵਿੱਚੋਂ ਇਕ ਬੱਚਾ ਬੀਮਾਰ ਹੋ ਗਿਆ, ਤਾਂ ਕੀ ਤੁਸੀਂ ਉਸ ਨੂੰ ਡਾਕਟਰ ਕੋਲ ਨਹੀਂ ਲੈ ਕੇ ਜਾਵੋਗੇ? ਇਸੇ ਤਰ੍ਹਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ‘ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰਨ’ ਦੀ ਲੋੜ ਹੈ ਜਿਸ ਨੂੰ “ਉਸ ਨੇ ਆਪਣੇ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।” (ਰਸੂ. 20:28) ਉਹ ਯਾਦ ਰੱਖਦੇ ਹਨ ਕਿ ਹਰ ਭੇਡ ਮਸੀਹ ਯਿਸੂ ਦੇ ਬਹੁਮੁੱਲੇ ਲਹੂ ਨਾਲ ਖ਼ਰੀਦੀ ਗਈ ਹੈ। ਬਜ਼ੁਰਗਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਲੇਖਾ ਦੇਣਾ ਹੈ, ਇਸ ਲਈ ਉਹ ਇੱਜੜ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਰਜਾਉਂਦੇ, ਉਨ੍ਹਾਂ ਦੀ ਰੱਖਿਆ ਅਤੇ ਦੇਖ-ਭਾਲ ਕਰਦੇ ਹਨ।

(ਰਸੂਲਾਂ ਦੇ ਕੰਮ 20:31) “ਇਸ ਲਈ ਜਾਗਦੇ ਰਹੋ ਅਤੇ ਇਹ ਗੱਲ ਯਾਦ ਰੱਖੋ ਕਿ ਤਿੰਨ ਸਾਲ ਦਿਨ-ਰਾਤ ਮੈਂ ਹੰਝੂ ਵਹਾ-ਵਹਾ ਕੇ ਤੁਹਾਨੂੰ ਉਪਦੇਸ਼ ਦੇਣ ਤੋਂ ਨਹੀਂ ਰੁਕਿਆ।

w13 1/15 31 ਪੈਰਾ 15

ਮਸੀਹੀ ਬਜ਼ੁਰਗ—​‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’

ਬਜ਼ੁਰਗਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਆਪਣੇ ਭੈਣਾਂ-ਭਰਾਵਾਂ ਦੀ ਚਿੰਤਾ ਹੋਣ ਕਰਕੇ ਬਜ਼ੁਰਗਾਂ ਲਈ ਰਾਤ ਨੂੰ ਸੌਣਾ ਮੁਸ਼ਕਲ ਹੁੰਦਾ ਹੈ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਨ ਵਾਸਤੇ ਜਾਂ ਉਨ੍ਹਾਂ ਦੀ ਮਦਦ ਕਰਨ ਲਈ ਰਾਤ-ਰਾਤ ਭਰ ਜਾਗਣਾ ਪੈਂਦਾ ਹੈ। (2 ਕੁਰਿੰ. 11:27, 28) ਫਿਰ ਵੀ ਪੌਲੁਸ ਵਾਂਗ ਬਜ਼ੁਰਗ ਆਪਣੀ ਜ਼ਿੰਮੇਵਾਰੀ ਖ਼ੁਸ਼ੀ ਨਾਲ ਅਤੇ ਚੰਗੀ ਤਰ੍ਹਾਂ ਨਿਭਾਉਂਦੇ ਹਨ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ ਸੀ: “ਮੈਂ ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ʼਤੇ ਵਾਰਨ ਲਈ ਤਿਆਰ ਹਾਂ।” (2 ਕੁਰਿੰ. 12:15) ਜੀ ਹਾਂ, ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਪੌਲੁਸ ਨੇ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਆਪਣੀ ਪੂਰੀ ਵਾਹ ਲਾਈ। (2 ਕੁਰਿੰਥੀਆਂ 2:4 ਪੜ੍ਹੋ; ਫ਼ਿਲਿ. 2:17; 1 ਥੱਸ. 2:8) ਇਸੇ ਕਰਕੇ ਭੈਣ-ਭਰਾ ਪੌਲੁਸ ਨੂੰ ਇੰਨਾ ਪਿਆਰ ਕਰਦੇ ਸਨ।—ਰਸੂ. 20:31-38.

(ਰਸੂਲਾਂ ਦੇ ਕੰਮ 20:35) ਮੈਂ ਸਾਰੀਆਂ ਗੱਲਾਂ ਵਿਚ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਮਿਹਨਤ ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ, ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’”

bt 172 ਪੈਰਾ 20

“ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”

ਉਨ੍ਹਾਂ ਧਾਰਮਿਕ ਆਗੂਆਂ ਨੇ ਬਾਅਦ ਵਿਚ ਪਰਮੇਸ਼ੁਰ ਦੇ ਲੋਕਾਂ ਦਾ ਫ਼ਾਇਦਾ ਉਠਾਇਆ। ਪਰ ਪੌਲੁਸ ਦਾ ਰਵੱਈਆ ਉਨ੍ਹਾਂ ਤੋਂ ਬਿਲਕੁਲ ਉਲਟ ਸੀ। ਉਸ ਨੇ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕੀਤਾ ਤਾਂਕਿ ਉਹ ਮੰਡਲੀ ਉੱਤੇ ਬੋਝ ਨਾ ਬਣੇ। ਉਸ ਨੇ ਆਪਣੇ ਭੈਣਾਂ-ਭਰਾਵਾਂ ਲਈ ਜੋ ਵੀ ਕੀਤਾ, ਉਸ ਵਿਚ ਉਸ ਦਾ ਆਪਣਾ ਕੋਈ ਸੁਆਰਥ ਨਹੀਂ ਸੀ। ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਬਾਰੇ ਸੋਚਣ ਦੀ ਬਜਾਇ ਭੈਣਾਂ-ਭਰਾਵਾਂ ਬਾਰੇ ਸੋਚਣ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਮਿਹਨਤ ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ, ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’”​—ਰਸੂ. 20:35.

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 19:9) ਪਰ ਜਦੋਂ ਕੁਝ ਯਹੂਦੀਆਂ ਨੇ ਆਪਣੇ ਮਨ ਕਠੋਰ ਕਰ ਕੇ ਨਿਹਚਾ ਕਰਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਪ੍ਰਭੂ ਦੇ ਰਾਹ ਬਾਰੇ ਬੁਰਾ-ਭਲਾ ਕਿਹਾ, ਤਾਂ ਪੌਲੁਸ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਅਤੇ ਚੇਲਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਰੋਜ਼ ਤੁਰੰਨੁਸ ਦੇ ਸਕੂਲ ਵਿਚ ਉਪਦੇਸ਼ ਦੇਣ ਲੱਗ ਪਿਆ।

bt 161 ਪੈਰਾ 11

ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”

ਪੌਲੁਸ ਸ਼ਾਇਦ ਉਸ ਹਾਲ ਵਿਚ ਰੋਜ਼ ਸਵੇਰੇ ਲਗਭਗ 11 ਵਜੋਂ ਤੋਂ ਲੈ ਕੇ ਦੁਪਹਿਰ ਦੇ ਲਗਭਗ 4 ਵਜੇ ਤਕ ਉਪਦੇਸ਼ ਦਿੰਦਾ ਹੋਣਾ। (ਰਸੂ. 19:9) ਇਸ ਸਮੇਂ ਦੌਰਾਨ ਇੰਨਾ ਰੌਲ਼ਾ-ਰੱਪਾ ਨਹੀਂ ਹੁੰਦਾ ਸੀ ਕਿਉਂਕਿ ਉਸ ਵੇਲੇ ਬਹੁਤ ਗਰਮੀ ਹੋਣ ਕਰਕੇ ਲੋਕ ਆਪਣੇ ਕੰਮ-ਕਾਰ ਬੰਦ ਕਰ ਕੇ ਰੋਟੀ ਖਾਂਦੇ ਸਨ ਤੇ ਆਰਾਮ ਕਰਦੇ ਸਨ। ਕਲਪਨਾ ਕਰੋ ਕਿ ਜੇ ਪੌਲੁਸ ਦੋ ਸਾਲ ਰੋਜ਼ ਆਪਣੇ ਇਸ ਸ਼ਡਿਉਲ ਮੁਤਾਬਕ ਚੱਲਦਾ ਰਿਹਾ, ਤਾਂ ਉਸ ਨੇ ਸਿੱਖਿਆ ਦੇਣ ਦੇ ਕੰਮ ਵਿਚ 3,000 ਤੋਂ ਵੀ ਜ਼ਿਆਦਾ ਘੰਟੇ ਯਾਨੀ ਹਰ ਮਹੀਨੇ 125 ਘੰਟੇ ਲਾਏ ਹੋਣੇ। ਪੌਲੁਸ ਦੇ ਜ਼ਰੀਏ ਵੀ ਯਹੋਵਾਹ ਦਾ ਬਚਨ ਸਾਰੀਆਂ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ। ਪੌਲੁਸ ਮਿਹਨਤੀ ਸੀ ਤੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੇ ਆਪਣੇ ਕੰਮ-ਕਾਰ ਦੇ ਸਮੇਂ ਵਿਚ ਫੇਰ-ਬਦਲ ਕੀਤਾ ਤਾਂਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਪ੍ਰਚਾਰ ਕਰ ਸਕੇ। ਇਸ ਦਾ ਨਤੀਜਾ ਕੀ ਨਿਕਲਿਆ? “ਏਸ਼ੀਆ ਜ਼ਿਲ੍ਹੇ ਦੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪ੍ਰਭੂ ਦਾ ਬਚਨ ਸੁਣਨ ਦਾ ਮੌਕਾ ਮਿਲਿਆ।” (ਰਸੂ. 19:10) ਵਾਕਈ ਉਸ ਨੇ ਚੰਗੀ ਤਰ੍ਹਾਂ ਗਵਾਹੀ ਦਿੱਤੀ!

(ਰਸੂਲਾਂ ਦੇ ਕੰਮ 19:19) ਬਹੁਤ ਸਾਰੇ ਚੇਲੇ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ। ਅਤੇ ਉਨ੍ਹਾਂ ਨੇ ਕਿਤਾਬਾਂ ਦੇ ਮੁੱਲ ਦਾ ਹਿਸਾਬ ਲਾ ਕੇ ਦੇਖਿਆ ਕਿ ਉਨ੍ਹਾਂ ਦਾ ਮੁੱਲ ਚਾਂਦੀ ਦੇ 50,000 ਸਿੱਕੇ ਸਨ।

bt 162-163 ਪੈਰਾ 15

ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”

ਸਕੇਵਾ ਦੇ ਪੁੱਤਰਾਂ ਦੀ ਸ਼ਰਮਨਾਕ ਹਾਲਤ ਦੇਖ ਕੇ ਲੋਕਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ ਜਿਸ ਕਰਕੇ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਜਾਦੂਗਰੀ ਦੇ ਕੰਮ ਛੱਡ ਦਿੱਤੇ। ਅਫ਼ਸੁਸ ਦੇ ਲੋਕਾਂ ਦੀ ਜ਼ਿੰਦਗੀ ਉੱਤੇ ਜਾਦੂਗਰੀ ਦਾ ਬਹੁਤ ਅਸਰ ਸੀ। ਟੂਣੇ ਕਰਨੇ, ਤਵੀਤ ਪਾਉਣੇ ਤੇ ਮੰਤਰ ਪੜ੍ਹਨੇ ਆਮ ਗੱਲ ਸੀ। ਪਰ ਅਫ਼ਸੁਸ ਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਬਾਹਰ ਲਿਆ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ, ਭਾਵੇਂ ਕਿ ਅੱਜ ਦੇ ਹਿਸਾਬ ਨਾਲ ਉਨ੍ਹਾਂ ਦੀ ਕੀਮਤ ਲੱਖਾਂ ਡਾਲਰ ਸੀ। ਲੂਕਾ ਦੱਸਦਾ ਹੈ: “ਇਸ ਤਰ੍ਹਾਂ ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।” (ਰਸੂ. 19:17-20) ਝੂਠ ਅਤੇ ਜਾਦੂਗਰੀ ਉੱਤੇ ਸੱਚਾਈ ਦੀ ਕਿੰਨੀ ਵੱਡੀ ਜਿੱਤ! ਉਨ੍ਹਾਂ ਨਿਹਚਾਵਾਨ ਲੋਕਾਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਅੱਜ ਵੀ ਦੁਨੀਆਂ ਜਾਦੂਗਰੀ ਦੇ ਕੰਮਾਂ ਨਾਲ ਭਰੀ ਹੋਈ ਹੈ। ਜੇ ਸਾਡੇ ਕੋਲ ਅਜਿਹੀ ਕੋਈ ਚੀਜ਼ ਹੈ ਜਿਸ ਦਾ ਸੰਬੰਧ ਜਾਦੂਗਰੀ ਨਾਲ ਹੈ, ਤਾਂ ਅਫ਼ਸੁਸ ਦੇ ਲੋਕਾਂ ਵਾਂਗ ਸਾਨੂੰ ਵੀ ਫ਼ੌਰਨ ਉਸ ਚੀਜ਼ ਨੂੰ ਸੁੱਟ ਦੇਣਾ ਚਾਹੀਦਾ ਹੈ। ਆਓ ਆਪਾਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹੀਏ, ਭਾਵੇਂ ਇਨ੍ਹਾਂ ਦੀ ਕੀਮਤ ਜੋ ਮਰਜ਼ੀ ਹੋਵੇ!

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 19:1-20) ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿਚ ਸੀ, ਤਾਂ ਪੌਲੁਸ ਪਹਾੜੀ ਇਲਾਕਿਆਂ ਵਿੱਚੋਂ ਦੀ ਸਫ਼ਰ ਕਰਦਾ ਹੋਇਆ ਅਫ਼ਸੁਸ ਆਇਆ ਅਤੇ ਉੱਥੇ ਉਸ ਨੂੰ ਕੁਝ ਚੇਲੇ ਮਿਲੇ। 2 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਜਦੋਂ ਤੁਸੀਂ ਯਿਸੂ ਉੱਤੇ ਨਿਹਚਾ ਕਰਨ ਲੱਗੇ ਸੀ, ਤਾਂ ਕੀ ਤੁਹਾਨੂੰ ਪਵਿੱਤਰ ਸ਼ਕਤੀ ਮਿਲੀ ਸੀ?” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਤਾਂ ਪਵਿੱਤਰ ਸ਼ਕਤੀ ਬਾਰੇ ਕਦੇ ਕੁਝ ਸੁਣਿਆ ਹੀ ਨਹੀਂ।” 3 ਅਤੇ ਉਸ ਨੇ ਕਿਹਾ: “ਤਾਂ ਫਿਰ ਤੁਸੀਂ ਕਿਹੜਾ ਬਪਤਿਸਮਾ ਲਿਆ ਸੀ?” ਉਨ੍ਹਾਂ ਨੇ ਦੱਸਿਆ: “ਅਸੀਂ ਉਹੀ ਬਪਤਿਸਮਾ ਲਿਆ ਹੈ ਜਿਸ ਦਾ ਪ੍ਰਚਾਰ ਯੂਹੰਨਾ ਨੇ ਕੀਤਾ ਸੀ।” 4 ਫਿਰ ਪੌਲੁਸ ਨੇ ਕਿਹਾ: “ਯੂਹੰਨਾ ਨੇ ਲੋਕਾਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਤੋਂ ਬਾਅਦ ਬਪਤਿਸਮਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਉਸ ਉੱਤੇ ਨਿਹਚਾ ਕਰਨ ਜਿਹੜਾ ਉਸ ਤੋਂ ਬਾਅਦ ਆ ਰਿਹਾ ਸੀ ਯਾਨੀ ਯਿਸੂ ਉੱਤੇ।” 5 ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਂ ʼਤੇ ਬਪਤਿਸਮਾ ਲਿਆ। 6 ਅਤੇ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਤਾਂ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ ਅਤੇ ਉਹ ਵੱਖੋ-ਵੱਖਰੀਆਂ ਬੋਲੀਆਂ ਬੋਲਣ ਅਤੇ ਭਵਿੱਖਬਾਣੀਆਂ ਕਰਨ ਲੱਗ ਪਏ। 7 ਉੱਥੇ ਲਗਭਗ ਬਾਰਾਂ ਚੇਲੇ ਸਨ। 8 ਫਿਰ ਪੌਲੁਸ ਨੇ ਤਿੰਨ ਮਹੀਨੇ ਸਭਾ ਘਰ ਵਿਚ ਜਾ ਕੇ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਉਪਦੇਸ਼ ਦਿੱਤੇ ਅਤੇ ਦਲੀਲਾਂ ਦੇ ਕੇ ਸਮਝਾਇਆ। 9 ਪਰ ਜਦੋਂ ਕੁਝ ਯਹੂਦੀਆਂ ਨੇ ਆਪਣੇ ਮਨ ਕਠੋਰ ਕਰ ਕੇ ਨਿਹਚਾ ਕਰਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਪ੍ਰਭੂ ਦੇ ਰਾਹ ਬਾਰੇ ਬੁਰਾ-ਭਲਾ ਕਿਹਾ, ਤਾਂ ਪੌਲੁਸ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਅਤੇ ਚੇਲਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਰੋਜ਼ ਤੁਰੰਨੁਸ ਦੇ ਸਕੂਲ ਵਿਚ ਉਪਦੇਸ਼ ਦੇਣ ਲੱਗ ਪਿਆ। 10 ਉਹ ਦੋ ਸਾਲ ਉਪਦੇਸ਼ ਦਿੰਦਾ ਰਿਹਾ ਜਿਸ ਕਰਕੇ ਏਸ਼ੀਆ ਜ਼ਿਲ੍ਹੇ ਦੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪ੍ਰਭੂ ਦਾ ਬਚਨ ਸੁਣਨ ਦਾ ਮੌਕਾ ਮਿਲਿਆ। 11 ਅਤੇ ਪਰਮੇਸ਼ੁਰ ਪੌਲੁਸ ਦੇ ਹੱਥੀਂ ਕਰਾਮਾਤਾਂ ਕਰਦਾ ਰਿਹਾ, 12 ਇੱਥੋਂ ਤਕ ਕਿ ਜਦੋਂ ਪੌਲੁਸ ਦੇ ਰੁਮਾਲ ਤੇ ਕੱਪੜੇ ਬੀਮਾਰਾਂ ਨੂੰ ਫੜਾਏ ਜਾਂਦੇ ਸਨ, ਤਾਂ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਸਨ ਅਤੇ ਦੁਸ਼ਟ ਦੂਤ ਲੋਕਾਂ ਵਿੱਚੋਂ ਨਿਕਲ ਆਉਂਦੇ ਸਨ। 13 ਕੁਝ ਯਹੂਦੀ ਥਾਂ-ਥਾਂ ਘੁੰਮ-ਫਿਰ ਕੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦੇ ਹੁੰਦੇ ਸਨ। ਉਹ ਵੀ ਦੁਸ਼ਟ ਦੂਤ ਕੱਢਣ ਲਈ ਪ੍ਰਭੂ ਯਿਸੂ ਦਾ ਨਾਂ ਵਰਤਣ ਦੀ ਕੋਸ਼ਿਸ਼ ਕਰਦੇ ਸਨ ਅਤੇ ਦੁਸ਼ਟ ਦੂਤਾਂ ਨੂੰ ਕਹਿੰਦੇ ਸਨ: “ਮੈਂ ਤੁਹਾਨੂੰ ਯਿਸੂ ਦੇ ਨਾਂ ʼਤੇ, ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ, ਹੁਕਮ ਦਿੰਦਾ ਹਾਂ।” 14 ਸਕੇਵਾ ਨਾਂ ਦੇ ਇਕ ਯਹੂਦੀ ਮੁੱਖ ਪੁਜਾਰੀ ਦੇ ਸੱਤ ਪੁੱਤਰ ਇਸ ਤਰ੍ਹਾਂ ਕਰਦੇ ਸਨ। 15 ਪਰ ਦੁਸ਼ਟ ਦੂਤ ਨੇ ਉਨ੍ਹਾਂ ਨੂੰ ਕਿਹਾ: “ਮੈਂ ਯਿਸੂ ਨੂੰ ਜਾਣਦਾ ਹਾਂ ਅਤੇ ਮੈਨੂੰ ਪੌਲੁਸ ਬਾਰੇ ਵੀ ਪਤਾ ਹੈ; ਪਰ ਤੁਸੀਂ ਕੌਣ ਹੋ?” 16 ਇਹ ਕਹਿ ਕੇ ਉਹ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਉਨ੍ਹਾਂ ਉੱਤੇ ਟੁੱਟ ਪਿਆ ਅਤੇ ਇਕ-ਇਕ ਕਰ ਕੇ ਉਨ੍ਹਾਂ ਸਾਰਿਆਂ ਉੱਤੇ ਹਾਵੀ ਹੋ ਕੇ ਉਨ੍ਹਾਂ ਦਾ ਇੰਨਾ ਬੁਰਾ ਹਾਲ ਕੀਤਾ ਕਿ ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿਚ ਘਰੋਂ ਬਾਹਰ ਭੱਜ ਗਏ। 17 ਇਸ ਗੱਲ ਬਾਰੇ ਅਫ਼ਸੁਸ ਵਿਚ ਰਹਿਣ ਵਾਲੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪਤਾ ਲੱਗ ਗਿਆ ਅਤੇ ਉਹ ਸਾਰੇ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਂ ਦੀ ਵਡਿਆਈ ਹੁੰਦੀ ਰਹੀ। 18 ਅਤੇ ਜਿਨ੍ਹਾਂ ਲੋਕਾਂ ਨੇ ਨਿਹਚਾ ਕੀਤੀ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਪਾਪ ਕਬੂਲ ਕੀਤੇ। 19 ਬਹੁਤ ਸਾਰੇ ਚੇਲੇ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ। ਅਤੇ ਉਨ੍ਹਾਂ ਨੇ ਕਿਤਾਬਾਂ ਦੇ ਮੁੱਲ ਦਾ ਹਿਸਾਬ ਲਾ ਕੇ ਦੇਖਿਆ ਕਿ ਉਨ੍ਹਾਂ ਦਾ ਮੁੱਲ ਚਾਂਦੀ ਦੇ 50,000 ਸਿੱਕੇ ਸਨ। 20 ਇਸ ਤਰ੍ਹਾਂ ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ