ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਆਦਮ ਅਤੇ ਹੱਵਾਹ ਅਦਨ ਦੇ ਬਾਗ਼ ਵਿੱਚੋਂ ਬਾਹਰ ਜਾਂਦੇ ਹੋਏ

      ਪਾਠ 3

      ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ

      ਆਦਮ ਨੇ ਮਨ੍ਹਾ ਕੀਤਾ ਹੋਇਆ ਫਲ ਫੜਿਆ ਹੋਇਆ ਜੋ ਉਸ ਨੂੰ ਹੱਵਾਹ ਨੇ ਦਿੱਤਾ ਸੀ

      ਇਕ ਦਿਨ ਜਦੋਂ ਹੱਵਾਹ ਇਕੱਲੀ ਸੀ, ਤਾਂ ਸੱਪ ਨੇ ਉਸ ਨਾਲ ਗੱਲ ਕੀਤੀ। ਸੱਪ ਨੇ ਕਿਹਾ: “ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਸਾਰੇ ਦਰਖ਼ਤਾਂ ਦੇ ਫਲ ਨਹੀਂ ਖਾ ਸਕਦੇ?” ਹੱਵਾਹ ਨੇ ਕਿਹਾ: ‘ਅਸੀਂ ਇਕ ਦਰਖ਼ਤ ਨੂੰ ਛੱਡ ਕੇ ਬਾਕੀ ਸਾਰੇ ਦਰਖ਼ਤਾਂ ਦੇ ਫਲ ਖਾ ਸਕਦੇ ਹਾਂ। ਜੇ ਅਸੀਂ ਉਸ ਦਰਖ਼ਤ ਦਾ ਫਲ ਖਾਵਾਂਗੇ, ਤਾਂ ਅਸੀਂ ਮਰ ਜਾਵਾਂਗੇ।’ ਸੱਪ ਨੇ ਕਿਹਾ: ‘ਤੁਸੀਂ ਨਹੀਂ ਮਰੋਗੇ, ਸਗੋਂ ਜੇ ਤੁਸੀਂ ਉਸ ਦਰਖ਼ਤ ਦਾ ਫਲ ਖਾਓਗੇ, ਤਾਂ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓਗੇ।’ ਕੀ ਇਹ ਸੱਚ ਸੀ? ਨਹੀਂ, ਉਹ ਝੂਠ ਬੋਲ ਰਿਹਾ ਸੀ। ਪਰ ਹੱਵਾਹ ਨੇ ਸੱਪ ਦੀ ਗੱਲ ʼਤੇ ਯਕੀਨ ਕਰ ਲਿਆ। ਜਿੱਦਾਂ-ਜਿੱਦਾਂ ਹੱਵਾਹ ਉਸ ਫਲ ਨੂੰ ਦੇਖਦੀ ਰਹੀ, ਉੱਦਾਂ-ਉੱਦਾਂ ਉਸ ਦਾ ਦਿਲ ਉਹ ਫਲ ਖਾਣ ਨੂੰ ਕਰਨ ਲੱਗ ਪਿਆ। ਉਸ ਨੇ ਫਲ ਖਾ ਲਿਆ ਅਤੇ ਆਦਮ ਨੂੰ ਵੀ ਦਿੱਤਾ। ਆਦਮ ਨੂੰ ਪਤਾ ਸੀ ਕਿ ਜੇ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ, ਤਾਂ ਉਹ ਮਰ ਜਾਣਗੇ। ਪਰ ਫਿਰ ਵੀ ਉਸ ਨੇ ਫਲ ਖਾ ਲਿਆ।

      ਆਦਮ ਅਤੇ ਹੱਵਾਹ ਅਦਨ ਦੇ ਬਾਗ਼ ਵਿੱਚੋਂ ਬਾਹਰ ਜਾਂਦੇ ਹੋਏ। ਬਾਗ਼ ਦੇ ਮੋਹਰੇ ਦੂਤਾਂ ਅਤੇ ਘੁੰਮਦੀ ਰਹਿਣ ਵਾਲੀ ਇਕ ਬਲ਼ਦੀ ਤਲਵਾਰ ਦਾ ਪਹਿਰਾ ਲਾਇਆ ਹੋਇਆ ਹੈ

      ਉਸੇ ਸ਼ਾਮ ਯਹੋਵਾਹ ਨੇ ਆਦਮ ਅਤੇ ਹੱਵਾਹ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਪੁੱਛਿਆ ਕਿ ਉਨ੍ਹਾਂ ਨੇ ਉਸ ਦਾ ਕਹਿਣਾ ਕਿਉਂ ਨਹੀਂ ਮੰਨਿਆ। ਹੱਵਾਹ ਨੇ ਸੱਪ ʼਤੇ ਦੋਸ਼ ਲਾਇਆ ਅਤੇ ਆਦਮ ਨੇ ਹੱਵਾਹ ʼਤੇ। ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਇਸ ਲਈ ਉਸ ਨੇ ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਯਹੋਵਾਹ ਨੇ ਬਾਗ਼ ਦੇ ਮੋਹਰੇ ਦੂਤਾਂ ਅਤੇ ਘੁੰਮਦੀ ਰਹਿਣ ਵਾਲੀ ਇਕ ਬਲ਼ਦੀ ਤਲਵਾਰ ਦਾ ਪਹਿਰਾ ਲਾ ਦਿੱਤਾ ਤਾਂਕਿ ਉਹ ਕਦੇ ਵੀ ਬਾਗ਼ ਵਿਚ ਵਾਪਸ ਨਾ ਆ ਸਕਣ।

      ਯਹੋਵਾਹ ਨੇ ਕਿਹਾ ਕਿ ਜਿਸ ਨੇ ਹੱਵਾਹ ਨਾਲ ਝੂਠ ਬੋਲਿਆ, ਉਸ ਨੂੰ ਵੀ ਸਜ਼ਾ ਮਿਲੇਗੀ। ਪਰ ਹੱਵਾਹ ਨਾਲ ਗੱਲ ਕਰਨ ਵਾਲਾ ਸੱਪ ਨਹੀਂ ਸੀ। ਯਹੋਵਾਹ ਨੇ ਸੱਪਾਂ ਨੂੰ ਗੱਲ ਕਰਨ ਦੀ ਕਾਬਲੀਅਤ ਨਾਲ ਨਹੀਂ ਬਣਾਇਆ। ਇਕ ਬੁਰੇ ਦੂਤ ਨੇ ਸੱਪ ਰਾਹੀਂ ਗੱਲ ਕੀਤੀ ਸੀ। ਉਸ ਨੇ ਹੱਵਾਹ ਨੂੰ ਫਸਾਉਣ ਲਈ ਇੱਦਾਂ ਕੀਤਾ। ਉਸ ਦੂਤ ਨੂੰ ਸ਼ੈਤਾਨ ਜਾਂ ਤੁਹਮਤਾਂ ਲਾਉਣ ਵਾਲਾ ਕਿਹਾ ਜਾਂਦਾ ਹੈ। ਭਵਿੱਖ ਵਿਚ ਯਹੋਵਾਹ ਸ਼ੈਤਾਨ ਨੂੰ ਖ਼ਤਮ ਕਰ ਦੇਵੇਗਾ ਤਾਂਕਿ ਉਹ ਲੋਕਾਂ ਨੂੰ ਬੁਰੇ ਕੰਮ ਕਰਨ ਲਈ ਭਰਮਾ ਨਾ ਸਕੇ।

      “ਸ਼ੈਤਾਨ . . . ਸ਼ੁਰੂ ਤੋਂ ਹੀ ਕਾਤਲ ਹੈ ਅਤੇ ਸੱਚਾਈ ਉੱਤੇ ਟਿਕਿਆ ਨਹੀਂ ਰਿਹਾ ਕਿਉਂਕਿ ਸੱਚਾਈ ਉਸ ਵਿਚ ਹੈ ਹੀ ਨਹੀਂ।”​—ਯੂਹੰਨਾ 8:44

      ਸਵਾਲ: ਹੱਵਾਹ ਨੇ ਫਲ ਕਿਉਂ ਖਾਧਾ? ਯਹੋਵਾਹ ਦਾ ਕਹਿਣਾ ਨਾ ਮੰਨਣ ਕਰਕੇ ਆਦਮ ਅਤੇ ਹੱਵਾਹ ਨਾਲ ਕੀ ਹੋਇਆ? ਸ਼ੈਤਾਨ ਜਾਂ ਤੁਹਮਤਾਂ ਲਾਉਣ ਵਾਲਾ ਕੌਣ ਹੈ?

      ਉਤਪਤ 3:1-24; ਯੂਹੰਨਾ 8:44; 1 ਯੂਹੰਨਾ 3:8; ਪ੍ਰਕਾਸ਼ ਦੀ ਕਿਤਾਬ 12:9

  • ਗੁੱਸੇ ਕਰਕੇ ਕਤਲ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਹਾਬਲ ਯਹੋਵਾਹ ਨੂੰ ਭੇਟ ਚੜ੍ਹਾਉਂਦਾ ਹੋਇਆ ਅਤੇ ਕਾਇਨ ਗੁੱਸੇ ਵਿਚ ਹੈ

      ਪਾਠ 4

      ਗੁੱਸੇ ਕਰਕੇ ਕਤਲ

      ਅਦਨ ਦੇ ਬਾਗ਼ ਵਿੱਚੋਂ ਕੱਢੇ ਜਾਣ ਤੋਂ ਬਾਅਦ ਆਦਮ ਅਤੇ ਹੱਵਾਹ ਦੇ ਬਹੁਤ ਸਾਰੇ ਬੱਚੇ ਹੋਏ। ਉਨ੍ਹਾਂ ਦਾ ਪਹਿਲਾ ਮੁੰਡਾ ਕਾਇਨ ਕਿਸਾਨ ਸੀ ਅਤੇ ਦੂਸਰਾ ਮੁੰਡਾ ਹਾਬਲ ਚਰਵਾਹਾ ਸੀ।

      ਇਕ ਦਿਨ ਕਾਇਨ ਅਤੇ ਹਾਬਲ ਨੇ ਯਹੋਵਾਹ ਨੂੰ ਭੇਟਾਂ ਚੜ੍ਹਾਈਆਂ। ਤੁਹਾਨੂੰ ਪਤਾ ਭੇਟ ਕੀ ਹੁੰਦੀ ਹੈ? ਇਹ ਖ਼ਾਸ ਤੋਹਫ਼ਾ ਹੁੰਦਾ ਹੈ। ਯਹੋਵਾਹ ਹਾਬਲ ਦੀ ਭੇਟ ਤੋਂ ਖ਼ੁਸ਼ ਸੀ, ਪਰ ਕਾਇਨ ਦੀ ਭੇਟ ਤੋਂ ਨਹੀਂ। ਇਸ ਕਰਕੇ ਕਾਇਨ ਨੂੰ ਬਹੁਤ ਗੁੱਸਾ ਚੜ੍ਹਿਆ। ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਦਿੱਤੀ ਕਿ ਗੁੱਸੇ ਕਰਕੇ ਉਹ ਕੋਈ ਬੁਰਾ ਕੰਮ ਕਰ ਸਕਦਾ ਹੈ। ਪਰ ਕਾਇਨ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ।

      ਇਸ ਦੀ ਬਜਾਇ, ਕਾਇਨ ਨੇ ਹਾਬਲ ਨੂੰ ਕਿਹਾ: ‘ਚੱਲ ਆਪਾਂ ਖੇਤ ਨੂੰ ਚੱਲੀਏ।’ ਜਦੋਂ ਉਹ ਖੇਤ ਵਿਚ ਇਕੱਲੇ ਸਨ, ਤਾਂ ਕਾਇਨ ਨੇ ਹਾਬਲ ʼਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਯਹੋਵਾਹ ਨੇ ਕੀ ਕੀਤਾ? ਯਹੋਵਾਹ ਨੇ ਕਾਇਨ ਨੂੰ ਸਜ਼ਾ ਦਿੱਤੀ। ਉਸ ਨੇ ਕਾਇਨ ਨੂੰ ਉਸ ਦੇ ਪਰਿਵਾਰ ਤੋਂ ਦੂਰ ਭੇਜ ਦਿੱਤਾ। ਕਾਇਨ ਕਦੇ ਵੀ ਆਪਣੇ ਪਰਿਵਾਰ ਕੋਲ ਵਾਪਸ ਨਹੀਂ ਆ ਸਕਦਾ ਸੀ।

      ਕਾਇਨ ਖੇਤ ਵਿਚ ਹਾਬਲ ਕੋਲ ਜਾਂਦਾ ਹੋਇਆ

      ਕੀ ਅਸੀਂ ਇਸ ਤੋਂ ਕੋਈ ਸਬਕ ਸਿੱਖ ਸਕਦੇ ਹਾਂ? ਜੇ ਕੋਈ ਕੰਮ ਸਾਡੇ ਹਿਸਾਬ ਨਾਲ ਨਾ ਹੋਵੇ, ਤਾਂ ਸ਼ਾਇਦ ਸਾਨੂੰ ਗੁੱਸਾ ਚੜ੍ਹਨ ਲੱਗ ਪਵੇ। ਪਰ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਗੁੱਸਾ ਚੜ੍ਹ ਰਿਹਾ ਹੈ ਜਾਂ ਦੂਜੇ ਸਾਨੂੰ ਇਸ ਬਾਰੇ ਦੱਸਦੇ ਹਨ, ਤਾਂ ਸਾਨੂੰ ਝੱਟ ਆਪਣੇ ਗੁੱਸੇ ʼਤੇ ਕਾਬੂ ਪਾਉਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਇਹ ਸਾਨੂੰ ਕਾਬੂ ਕਰ ਲਵੇ।

      ਹਾਬਲ ਯਹੋਵਾਹ ਨੂੰ ਪਿਆਰ ਕਰਨ ਦੇ ਨਾਲ-ਨਾਲ ਸਹੀ ਕੰਮ ਵੀ ਕਰਦਾ ਸੀ। ਇਸ ਲਈ ਯਹੋਵਾਹ ਉਸ ਨੂੰ ਕਦੇ ਨਹੀਂ ਭੁੱਲੇਗਾ। ਜਦੋਂ ਪਰਮੇਸ਼ੁਰ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਵੇਗਾ, ਤਾਂ ਉਹ ਹਾਬਲ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ।

      “ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ ਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।”—ਮੱਤੀ 5:24

      ਸਵਾਲ: ਆਦਮ ਅਤੇ ਹੱਵਾਹ ਦੇ ਪਹਿਲੇ ਦੋ ਬੱਚੇ ਕੌਣ ਸਨ? ਕਾਇਨ ਨੇ ਆਪਣੇ ਭਰਾ ਨੂੰ ਕਿਉਂ ਮਾਰ ਦਿੱਤਾ?

      ਉਤਪਤ 4:1-12; ਇਬਰਾਨੀਆਂ 11:4; 1 ਯੂਹੰਨਾ 3:11, 12

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ