ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr20 ਮਾਰਚ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2020
  • ਸਿਰਲੇਖ
  • 2-8 ਮਾਰਚ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 22-23
  • 9-15 ਮਾਰਚ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 24
  • 16-22 ਮਾਰਚ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 25-26
  • 23-29 ਮਾਰਚ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 27-28
  • 30 ਮਾਰਚ–5 ਅਪ੍ਰੈਲ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 29-30
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2020
mwbr20 ਮਾਰਚ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

2-8 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 22-23

“ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ”

(ਉਤਪਤ 22:1, 2) ਇਨ੍ਹਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ। 2 ਤਾਂ ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।

w12 7/1 20 ਪੈਰੇ 4-6

ਪਰਮੇਸ਼ੁਰ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਉਂ ਕਿਹਾ ਸੀ?

ਅਬਰਾਹਾਮ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਵੱਲ ਧਿਆਨ ਦਿਓ: ‘ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।’ (ਉਤਪਤ 22:2) ਗੌਰ ਕਰੋ ਕਿ ਯਹੋਵਾਹ ਨੇ ਕਿਹਾ ਕਿ ਅਬਰਾਹਾਮ ਆਪਣੇ ਪੁੱਤਰ ਇਸਹਾਕ ਨੂੰ ‘ਪਿਆਰ ਕਰਦਾ ਸੀ।’ ਯਹੋਵਾਹ ਜਾਣਦਾ ਸੀ ਕਿ ਇਸਹਾਕ ਅਬਰਾਹਾਮ ਦੀ ਜਾਨ ਸੀ। ਪਰਮੇਸ਼ੁਰ ਇਹ ਵੀ ਜਾਣਦਾ ਸੀ ਕਿ ਉਹ ਆਪ ਆਪਣੇ ਪੁੱਤਰ ਯਿਸੂ ਨੂੰ ਕਿੰਨਾ ਪਿਆਰ ਕਰਦਾ ਸੀ। ਉਸ ਨੇ ਸਵਰਗੋਂ ਯਿਸੂ ਬਾਰੇ ਦੋ ਵਾਰੀ ਐਲਾਨ ਕੀਤਾ ਕਿ “ਇਹ ਮੇਰਾ ਪਿਆਰਾ ਪੁੱਤਰ ਹੈ।”—ਮਰਕੁਸ 1:11; 9:7.

ਇਹ ਵੀ ਧਿਆਨ ਵਿਚ ਰੱਖੋ ਕਿ ਯਹੋਵਾਹ ਨੇ ਅਬਰਾਹਾਮ ਤੋਂ ਬਲ਼ੀ ਦੀ ਮੰਗ ਕਰਦੇ ਸਮੇਂ ਮੂਲ ਇਬਰਾਨੀ ਭਾਸ਼ਾ ਵਿਚ “ਕਿਰਪਾ ਕਰ ਕੇ” ਸ਼ਬਦ ਵਰਤੇ ਸਨ। ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ ਪਰਮੇਸ਼ੁਰ ਵੱਲੋਂ ਵਰਤੇ ਇਨ੍ਹਾਂ ਸ਼ਬਦਾਂ ਦਾ ਭਾਵ ਹੈ ਕਿ “ਪ੍ਰਭੂ ਜਿਸ ਚੀਜ਼ ਦੀ ਮੰਗ ਕਰ ਰਿਹਾ ਸੀ, ਉਹ ਉਸ ਦੀ ਕੀਮਤ ਜਾਣਦਾ ਸੀ।” ਅਸੀਂ ਸਮਝ ਸਕਦੇ ਹਾਂ ਕਿ ਇਹ ਬੇਨਤੀ ਸੁਣ ਕੇ ਅਬਰਾਹਾਮ ਦਾ ਦਿਲ ਚੀਰਿਆ ਗਿਆ ਹੋਣਾ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਯਹੋਵਾਹ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਤੜਫਦਿਆਂ ਅਤੇ ਮਰਦਿਆਂ ਦੇਖਿਆ। ਉਹ ਇੰਨਾ ਦੁਖੀ ਹੋਇਆ ਹੋਣਾ ਜਿੰਨਾ ਉਹ ਪਹਿਲਾਂ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਵੇਗਾ।

ਭਾਵੇਂ ਕਿ ਸਾਨੂੰ ਇਹ ਗੱਲ ਬੁਰੀ ਲੱਗੇ ਕਿ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਕਿਹਾ ਸੀ, ਪਰ ਚੰਗਾ ਹੋਵੇਗਾ ਜੇ ਅਸੀਂ ਯਾਦ ਰੱਖੀਏ ਕਿ ਯਹੋਵਾਹ ਨੇ ਉਸ ਵਫ਼ਾਦਾਰ ਪੂਰਵਜ ਨੂੰ ਬਲ਼ੀ ਦੇਣ ਤੋਂ ਰੋਕ ਦਿੱਤਾ ਸੀ। ਉਸ ਨੇ ਇਸਹਾਕ ਨੂੰ ਬਚਾ ਕੇ ਅਬਰਾਹਾਮ ਨੂੰ ਉਹ ਗਮ ਸਹਿਣ ਤੋਂ ਬਚਾ ਲਿਆ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮੌਤ ਹੋਣ ਤੇ ਹੁੰਦਾ ਹੈ। ਪਰ ਯਹੋਵਾਹ “ਆਪਣੇ ਪੁੱਤਰ ਨੂੰ” ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ, “ਸਗੋਂ ਉਸ ਨੂੰ ਸਾਡੇ ਲਈ ਵਾਰ ਦਿੱਤਾ।” (ਰੋਮੀਆਂ 8:32) ਯਹੋਵਾਹ ਨੇ ਆਪਣੇ ਆਪ ਨੂੰ ਇਸ ਦੁੱਖ ਦੀ ਘੜੀ ਵਿੱਚੋਂ ਕਿਉਂ ਗੁਜ਼ਰਨ ਦਿੱਤਾ? ਇਸ ਲਈ ਤਾਂਕਿ “ਸਾਨੂੰ ਜ਼ਿੰਦਗੀ ਮਿਲੇ।” (1 ਯੂਹੰਨਾ 4:9) ਇਸ ਤਰ੍ਹਾਂ ਯਹੋਵਾਹ ਨੇ ਸਾਨੂੰ ਯਾਦ ਦਿਲਾਇਆ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ! ਕੀ ਇਸ ਪਿਆਰ ਸਦਕਾ ਸਾਨੂੰ ਉਸ ਨਾਲ ਪਿਆਰ ਨਹੀਂ ਕਰਨਾ ਚਾਹੀਦਾ?

(ਉਤਪਤ 22:9-12) ਓਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਬੰਨ੍ਹਕੇ ਜਗਵੇਦੀ ਪੁਰ ਲੱਕੜੀਆਂ ਦੇ ਉੱਤੇ ਰੱਖ ਦਿੱਤਾ। 10 ਤਾਂ ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਕੱਢਕੇ ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ ਕੋਹੇ। 11 ਤਾਂ ਯਹੋਵਾਹ ਦੇ ਦੂਤ ਨੇ ਉਹ ਨੂੰ ਅਕਾਸ਼ ਤੋਂ ਪੁਕਾਰਿਆ, “ਅਬਰਾਹਾਮ ਅਬਰਾਹਾਮ!” ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। 12 ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ।

(ਉਤਪਤ 22:15-18) ਫੇਰ ਯਹੋਵਾਹ ਦੇ ਦੂਤ ਨੇ ਅਕਾਸ਼ੋਂ ਅਬਰਾਹਾਮ ਨੂੰ ਦੂਜੀ ਵਾਰ ਸੱਦਿਆ। 16 ਅਤੇ ਆਖਿਆ, ਮੈਂ ਆਪ ਆਪਣੀ ਸੌਂਹ ਖਾਧੀ ਹੈ ਯਹੋਵਾਹ ਦਾ ਵਾਕ ਹੈ ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। 17 ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। 18 ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।

w12 10/15 23 ਪੈਰਾ 6

ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ

6 ਯਹੋਵਾਹ ਪਰਮੇਸ਼ੁਰ ਨੇ ਵੀ ਸਹੁੰਆਂ ਖਾਧੀਆਂ ਤਾਂਕਿ ਪਾਪੀ ਇਨਸਾਨਾਂ ਨੂੰ ਉਸ ਦੇ ਵਾਅਦਿਆਂ ʼਤੇ ਭਰੋਸਾ ਹੋਵੇ। ਉਸ ਨੇ ਕਈ ਵਾਰ ਅਜਿਹੇ ਸ਼ਬਦ ਵਰਤੇ: “ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸੌਂਹ!” (ਹਿਜ਼. 17:16) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਪਰਮੇਸ਼ੁਰ ਨੇ 40 ਤੋਂ ਜ਼ਿਆਦਾ ਮੌਕਿਆਂ ʼਤੇ ਸਹੁੰਆਂ ਖਾਧੀਆਂ। ਮਿਸਾਲ ਲਈ, ਉਸ ਨੇ ਅਬਰਾਹਾਮ ਨਾਲ ਵਾਅਦੇ ਕਰਨ ਵੇਲੇ ਇਸ ਤਰ੍ਹਾਂ ਕੀਤਾ। ਯਹੋਵਾਹ ਨੇ ਅਬਰਾਹਾਮ ਨਾਲ ਕਈ ਇਕਰਾਰ ਕੀਤੇ ਸਨ ਜਿਨ੍ਹਾਂ ਤੋਂ ਅਬਰਾਹਾਮ ਨੂੰ ਪਤਾ ਲੱਗਾ ਕਿ ਵਾਅਦਾ ਕੀਤੀ ਹੋਈ ਸੰਤਾਨ ਉਸ ਦੀ ਪੀੜ੍ਹੀ ਵਿਚ ਉਸ ਦੇ ਪੁੱਤਰ ਇਸਹਾਕ ਰਾਹੀਂ ਪੈਦਾ ਹੋਵੇਗੀ। (ਉਤ. 12:1-3, 7; 13:14-17; 15:5, 18; 21:12) ਫਿਰ ਯਹੋਵਾਹ ਨੇ ਅਬਰਾਹਾਮ ਦੀ ਇਕ ਔਖੀ ਪਰੀਖਿਆ ਲਈ ਕਿ ਉਹ ਆਪਣੇ ਪਿਆਰੇ ਪੁੱਤਰ ਦੀ ਬਲ਼ੀ ਦੇਵੇ। ਅਬਰਾਹਾਮ ਨੇ ਬਿਨਾਂ ਦੇਰ ਕੀਤਿਆਂ ਪਰਮੇਸ਼ੁਰ ਦੀ ਗੱਲ ਮੰਨੀ। ਜਦੋਂ ਉਹ ਆਪਣੇ ਪੁੱਤਰ ਦੀ ਬਲ਼ੀ ਦੇਣ ਹੀ ਵਾਲਾ ਸੀ, ਤਾਂ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਰੋਕ ਦਿੱਤਾ। ਫਿਰ ਪਰਮੇਸ਼ੁਰ ਨੇ ਇਹ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ: “ਮੈਂ ਆਪ ਆਪਣੀ ਸੌਂਹ ਖਾਧੀ ਹੈ . . . ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।”—ਉਤ. 22:1-3, 9-12, 15-18.

ਹੀਰੇ-ਮੋਤੀਆਂ ਦੀ ਖੋਜ ਕਰੋ

(ਉਤਪਤ 22:5) ਤਾਂ ਅਬਰਾਹਾਮ ਨੇ ਆਪਣੇ ਜੁਆਣਾਂ ਨੂੰ ਆਖਿਆ, ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕਕੇ ਤੁਹਾਡੇ ਕੋਲ ਮੁੜ ਆਵਾਂਗੇ।

w16.02 11 ਪੈਰਾ 13

ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ

13 ਪਹਾੜ ਉੱਤੇ ਚੜ੍ਹਨ ਤੋਂ ਪਹਿਲਾਂ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕਕੇ ਤੁਹਾਡੇ ਕੋਲ ਮੁੜ ਆਵਾਂਗੇ।’ (ਉਤ. 22:5) ਅਬਰਾਹਾਮ ਦੇ ਕਹਿਣ ਦਾ ਕੀ ਮਤਲਬ ਸੀ? ਕੀ ਉਹ ਇਸਹਾਕ ਨਾਲ ਮੁੜ ਆਉਣ ਬਾਰੇ ਝੂਠ ਬੋਲ ਰਿਹਾ ਸੀ, ਜਦ ਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਲਈ ਚੱਲਾ ਸੀ? ਨਹੀਂ। ਬਾਈਬਲ ਕਹਿੰਦੀ ਹੈ ਕਿ ਅਬਰਾਹਾਮ ਨੂੰ ਪਤਾ ਸੀ ਕਿ ਯਹੋਵਾਹ ਉਸ ਦੇ ਮੁੰਡੇ ਨੂੰ ਜੀਉਂਦਾ ਕਰ ਸਕਦਾ ਹੈ। (ਇਬਰਾਨੀਆਂ 11:19 ਪੜ੍ਹੋ।) ਅਬਰਾਹਾਮ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਬੱਚਾ ਪੈਦਾ ਕਰਨ ਦੀ ਤਾਕਤ ਦਿੱਤੀ ਸੀ, ਭਾਵੇਂ ਕਿ ਉਹ ਅਤੇ ਸਾਰਾਹ ਬੁੱਢੇ ਹੋ ਚੁੱਕੇ ਸਨ। (ਇਬ. 11:11, 12, 18) ਇਸ ਲਈ ਅਬਰਾਹਾਮ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਲਈ ਕੁਝ ਵੀ ਨਾਮੁਮਕਿਨ ਨਹੀਂ ਹੈ। ਅਬਰਾਹਾਮ ਨਹੀਂ ਜਾਣਦਾ ਸੀ ਕਿ ਉਸ ਦਿਨ ਕੀ ਹੋਣਾ ਸੀ। ਪਰ ਉਸ ਨੂੰ ਨਿਹਚਾ ਸੀ ਕਿ ਜੇ ਯਹੋਵਾਹ ਚਾਹੇ, ਤਾਂ ਉਹ ਆਪਣੇ ਵਾਅਦੇ ਪੂਰੇ ਕਰਨ ਲਈ ਇਸਹਾਕ ਨੂੰ ਜੀਉਂਦਾ ਕਰ ਸਕਦਾ ਸੀ। ਇਸੇ ਲਈ ਅਬਰਾਹਾਮ ਨੂੰ ਨਿਹਚਾ ਰੱਖਣ ਵਾਲਿਆਂ ਦਾ “ਪਿਤਾ” ਕਿਹਾ ਜਾਂਦਾ ਹੈ।

(ਉਤਪਤ 22:12) ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ।

w17.02 30 ਪੈਰਾ 2

ਪਾਠਕਾਂ ਵੱਲੋਂ ਸਵਾਲ

ਚੌਥਾ, ਯਹੋਵਾਹ ਪਹਿਲਾਂ ਤੋਂ ਹੀ ਉਹ ਸਭ ਕੁਝ ਨਹੀਂ ਜਾਣ ਲੈਂਦਾ ਜੋ ਭਵਿੱਖ ਵਿਚ ਸਾਡੇ ਨਾਲ ਹੋਣਾ ਹੈ। ਬੇਸ਼ੱਕ, ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਬਾਰੇ ਜਾਣ ਸਕਦਾ ਹੈ। (ਯਸਾ. 46:10) ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਨਹੀਂ ਕਰਦਾ। (ਉਤ. 18:20, 21; 22:12) ਯਹੋਵਾਹ ਪਿਆਰ ਕਰਨ ਵਾਲਾ ਅਤੇ ਧਰਮੀ ਪਰਮੇਸ਼ੁਰ ਹੈ। ਇਸ ਕਰਕੇ ਉਹ ਸਾਡੀ ਆਜ਼ਾਦ ਮਰਜ਼ੀ ਵਿਚ ਦਖ਼ਲਅੰਦਾਜ਼ੀ ਨਹੀਂ ਕਰਦਾ।—ਬਿਵ. 32:4; 2 ਕੁਰਿੰ. 3:17.

ਬਾਈਬਲ ਪੜ੍ਹਾਈ

(ਉਤਪਤ 22:1-18)

ਪ੍ਰਚਾਰ ਵਿਚ ਮਾਹਰ ਬਣੋ

it-1 604 ਪੈਰਾ 5

ਮਸੀਹ ਦੀ ਮੌਤ ਤੋਂ ਪਹਿਲਾਂ ਅਬਰਾਹਾਮ ਨੂੰ ਧਰਮੀ ਕਿਵੇਂ ਠਹਿਰਾਇਆ ਗਿਆ?

ਅਬਰਾਹਾਮ ਦੀ ਨਿਹਚਾ ਤੇ ਕੰਮਾਂ ਕਰਕੇ ਉਸ ਨੂੰ “ਧਰਮੀ ਗਿਣਿਆ ਗਿਆ।” (ਰੋਮੀ 4:20-22) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਬਰਾਹਾਮ ਅਤੇ ਪੁਰਾਣਿਆਂ ਸਮਿਆਂ ਦੇ ਹੋਰ ਵਫ਼ਾਦਾਰ ਇਨਸਾਨ ਮੁਕੰਮਲ ਸਨ ਜਾਂ ਪਾਪ ਤੋਂ ਰਹਿਤ ਸਨ। ਉਨ੍ਹਾਂ ਨੇ “ਸੰਤਾਨ” ਦੇ ਸੰਬੰਧ ਵਿਚ ਪਰਮੇਸ਼ੁਰ ਦੇ ਵਾਅਦੇ ʼਤੇ ਨਿਹਚਾ ਜ਼ਾਹਰ ਕੀਤੀ ਅਤੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਵਾਂਗ ਅਧਰਮੀ ਨਹੀਂ ਕਿਹਾ ਗਿਆ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਕੋਈ ਰਿਸ਼ਤਾ ਨਹੀਂ ਸੀ। (ਉਤ 3:15; ਜ਼ਬੂ 119:2, 3) ਪਰਮੇਸ਼ੁਰ ਤੋਂ ਦੂਰ ਹੋਈ ਬਾਕੀ ਦੁਨੀਆਂ ਦੀ ਤੁਲਨਾ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਨਿਰਦੋਸ਼ ਕਰਾਰ ਕੀਤਾ। (ਜ਼ਬੂ 32:1, 2; ਅਫ਼ 2:12) ਪਰਮੇਸ਼ੁਰ ਨੇ ਇਨ੍ਹਾਂ ਨਾਮੁਕੰਮਲ ਇਨਸਾਨਾਂ ਦੀ ਨਿਹਚਾ ਕਰਕੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ, ਪਰ ਉਹ ਨਿਆਂ ਸੰਬੰਧੀ ਆਪਣੇ ਧਰਮੀ ਮਿਆਰਾਂ ਦੇ ਖ਼ਿਲਾਫ਼ ਨਹੀਂ ਗਿਆ। (ਜ਼ਬੂ 36:10) ਇਨ੍ਹਾਂ ਇਨਸਾਨਾਂ ਨੇ ਪਾਪ ਤੋਂ ਆਜ਼ਾਦ ਹੋਣ ਦੀ ਆਪਣੀ ਲੋੜ ਨੂੰ ਪਛਾਣਦੇ ਹੋਏ ਪਰਮੇਸ਼ੁਰ ਦੇ ਸਮੇਂ ਦੀ ਉਡੀਕ ਕੀਤੀ।—ਜ਼ਬੂ 49:7-9; ਇਬ 9:26.

9-15 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 24

“ਇਸਹਾਕ ਲਈ ਪਤਨੀ”

(ਉਤਪਤ 24:2-4) ਤਾਂ ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖ਼ਤਿਆਰ ਸੀ ਆਖਿਆ ਕਿ ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ। 3 ਤਾਂਜੋ ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸੌਂਹ ਦੇਵਾਂ ਕਿ ਤੂੰ ਮੇਰੇ ਪੁੱਤ੍ਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਤੀਵੀਂ ਨਾ ਬਿਆਹੀਂ। 4 ਪਰ ਤੂੰ ਮੇਰੇ ਆਪਣੇ ਦੇਸ ਅਰ ਮੇਰੇ ਕੁਨਬੇ ਦੇ ਕੋਲ ਜਾਈਂ ਅਰ ਮੇਰੇ ਪੁੱਤ੍ਰ ਇਸਹਾਕ ਲਈ ਤੀਵੀਂ ਲੈ ਆਵੀਂ।

wp16.3 14 ਪੈਰਾ 3

“ਮੈਂ ਜਾਵਾਂਗੀ”

ਅਬਰਾਹਾਮ ਨੇ ਅਲੀਅਜ਼ਰ ਨੂੰ ਸਹੁੰ ਖੁਆਈ ਕਿ ਉਹ ਇਸਹਾਕ ਲਈ ਕਨਾਨੀਆਂ ਔਰਤਾਂ ਵਿੱਚੋਂ ਵਿਆਹੁਣ ਲਈ ਕੋਈ ਕੁੜੀ ਨਹੀਂ ਲਿਆਵੇਗਾ। ਕਿਉਂ? ਕਿਉਂਕਿ ਕਨਾਨੀ ਨਾ ਤਾਂ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਦੇ ਸਨ ਤੇ ਨਾ ਹੀ ਭਗਤੀ। ਅਬਰਾਹਾਮ ਜਾਣਦਾ ਸੀ ਕਿ ਯਹੋਵਾਹ ਆਪਣੇ ਮਿੱਥੇ ਹੋਏ ਸਮੇਂ ʼਤੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਦੀ ਸਜ਼ਾ ਜ਼ਰੂਰ ਦੇਵੇਗਾ। ਅਬਰਾਹਾਮ ਨਹੀਂ ਚਾਹੁੰਦਾ ਸੀ ਕਿ ਉਸ ਦੇ ਪਿਆਰੇ ਪੁੱਤਰ ਇਸਹਾਕ ਦਾ ਇਨ੍ਹਾਂ ਲੋਕਾਂ ਨਾਲ ਕੋਈ ਰਿਸ਼ਤਾ ਹੋਵੇ ਅਤੇ ਉਹ ਇਨ੍ਹਾਂ ਦੇ ਅਨੈਤਿਕ ਰਾਹਾਂ ʼਤੇ ਚੱਲੇ। ਉਹ ਇਹ ਵੀ ਜਾਣਦਾ ਸੀ ਕਿ ਪਰਮੇਸ਼ੁਰ ਦੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਉਸ ਦੇ ਪੁੱਤਰ ਨੇ ਅਹਿਮ ਭੂਮਿਕਾ ਨਿਭਾਉਣੀ ਸੀ।—ਉਤਪਤ 15:16; 17:19; 24:2-4.

(ਉਤਪਤ 24:11-15) ਅਤੇ ਸ਼ਾਮਾਂ ਦੇ ਵੇਲੇ ਜਦ ਤੀਵੀਆਂ ਪਾਣੀ ਭਰਨ ਨੂੰ ਨਿੱਕਲਦੀਆਂ ਹਨ ਤਾਂ ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਬਿਠਾ ਦਿੱਤਾ। 12 ਤਦ ਓਸ ਆਖਿਆ, ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਅੱਜ ਮੇਰਾ ਸਭ ਕਾਰਜ ਸੁਫਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਦਇਆ ਕਰ। 13 ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਅਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ। 14 ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ ਅਤੇ ਮੈਂ ਏਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ। 15 ਤਾਂ ਐਉਂ ਹੋਇਆ ਜਾਂ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਤੀਵੀਂ ਮਿਲਕਾਹ ਦੇ ਪੁੱਤ੍ਰ ਬਥੂਏਲ ਤੋਂ ਜੰਮੀ ਸੀ ਆਪਣਾ ਘੜਾ ਮੋਢਿਆਂ ਤੇ ਚੁੱਕੇ ਆ ਨਿੱਕਲੀ।

wp16.3 14 ਪੈਰਾ 4

“ਮੈਂ ਜਾਵਾਂਗੀ”

ਅਲੀਅਜ਼ਰ ਨੇ ਆਪਣੀ ਪਰਾਹੁਣਚਾਰੀ ਕਰਨ ਵਾਲਿਆ ਨੂੰ ਦੱਸਿਆ ਕਿ ਹਾਰਾਨ ਵਿਚ ਖੂਹ ʼਤੇ ਪਹੁੰਚ ਕੇ ਉਸ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਇਸਹਾਕ ਲਈ ਪਤਨੀ ਚੁਣਨ ਵਿਚ ਉਸ ਦੀ ਮਦਦ ਕਰੇ। ਕਿਵੇਂ? ਅਲੀਅਜ਼ਰ ਨੇ ਪਰਮੇਸ਼ੁਰ ਨੂੰ ਕਿਹਾ ਕਿ ਉਹ ਜਿਹੜੀ ਕੁੜੀ ਦਾ ਵਿਆਹ ਇਸਹਾਕ ਨਾਲ ਕਰਾਉਣਾ ਚਾਹੁੰਦਾ ਸੀ, ਉਹ ਖੂਹ ʼਤੇ ਜ਼ਰੂਰ ਆਵੇ। ਜਦੋਂ ਅਲੀਅਜ਼ਰ ਉਸ ਤੋਂ ਪਾਣੀ ਮੰਗੇ, ਤਾਂ ਉਹ ਸਿਰਫ਼ ਉਸ ਨੂੰ ਹੀ ਪਾਣੀ ਨਾ ਪਿਲਾਵੇ, ਸਗੋਂ ਉਸ ਦੇ ਊਠਾਂ ਨੂੰ ਵੀ ਪਾਣੀ ਪਿਲਾਵੇ। (ਉਤਪਤ 24:12-14) ਫਿਰ ਕੌਣ ਖੂਹ ʼਤੇ ਆਈ ਤੇ ਉਸ ਨੇ ਇਹੀ ਕੰਮ ਕੀਤਾ? ਰਿਬਕਾਹ! ਕਲਪਨਾ ਕਰੋ ਕਿ ਰਿਬਕਾਹ ਨੂੰ ਕਿਵੇਂ ਲੱਗਾ ਹੋਣਾ ਜੇ ਉਸ ਨੇ ਉਹ ਕਹਾਣੀ ਸੁਣੀ ਹੋਵੇ ਜੋ ਅਲੀਅਜ਼ਰ ਨੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੁਣਾਈ ਸੀ!

(ਉਤਪਤ 24:58) ਤਦ ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਕੀ ਤੂੰ ਏਸ ਮਨੁੱਖ ਦੇ ਸੰਗ ਜਾਵੇਂਗੀ? ਤਾਂ ਓਸ ਆਖਿਆ, ਮੈਂ ਜਾਵਾਂਗੀ।

(ਉਤਪਤ 24:67) ਉਪਰੰਤ ਇਸਹਾਕ ਉਹ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਬਕਾਹ ਨੂੰ ਲਿਆ ਅਰ ਉਹ ਉਸ ਦੀ ਪਤਨੀ ਹੋਈ ਅਰ ਉਸ ਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਦੇ ਪਿੱਛੋਂ ਸ਼ਾਂਤ ਪ੍ਰਾਪਤ ਹੋਈ।

wp16.3 14 ਪੈਰੇ 6-7

“ਮੈਂ ਜਾਵਾਂਗੀ”

ਕਈ ਹਫ਼ਤੇ ਪਹਿਲਾਂ, ਅਲੀਅਜ਼ਰ ਨੇ ਇਹੀ ਮਸਲੇ ਬਾਰੇ ਅਬਰਾਹਾਮ ਨਾਲ ਗੱਲ ਕਰਦਿਆਂ ਕਿਹਾ: “ਸ਼ਾਇਤ ਉਹ ਤੀਵੀਂ ਮੇਰੇ ਪਿੱਛੇ ਨਾ ਆਵੇ।” ਅਬਰਾਹਾਮ ਨੇ ਕਿਹਾ: “ਤੂੰ ਮੇਰੀ ਸੌਂਹ ਤੋਂ ਬਰੀ” ਹੋ ਜਾਵੇਂਗਾ। (ਉਤਪਤ 24:39, 41) ਬਥੂਏਲ ਦੇ ਘਰ ਵਿਚ ਵੀ ਔਰਤ ਦੀ ਇੱਛਾ ਨੂੰ ਤਰਜੀਹ ਦਿੱਤੀ ਜਾਂਦੀ ਸੀ। ਆਪਣੇ ਕੰਮ ਵਿਚ ਸਫ਼ਲ ਹੋਣ ਕਰਕੇ ਅਲੀਅਜ਼ਰ ਬਹੁਤ ਖ਼ੁਸ਼ ਸੀ। ਇਸ ਲਈ ਅਗਲੇ ਦਿਨ ਉਸ ਨੇ ਪੁੱਛਿਆ ਕਿ ਉਹ ਰਿਬਕਾਹ ਨੂੰ ਲੈ ਕੇ ਛੇਤੀ ਹੀ ਕਨਾਨ ਜਾ ਸਕਦਾ ਸੀ ਕਿ ਨਹੀਂ। ਪਰ ਪਰਿਵਾਰ ਚਾਹੁੰਦਾ ਸੀ ਕਿ ਰਿਬਕਾਹ ਘੱਟੋ-ਘੱਟ ਦਸ ਦਿਨ ਉਨ੍ਹਾਂ ਨਾਲ ਰਹੇ। ਅਖ਼ੀਰ, ਉਨ੍ਹਾਂ ਨੇ ਇਸ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾਇਆ: “ਅਸੀਂ ਛੋਕਰੀ ਨੂੰ ਬੁਲਾਉਂਦੇ ਹਾਂ ਅਰ ਉਹ ਦੇ ਮੂੰਹੋਂ ਪੁੱਛਦੇ ਹਾਂ।”—ਉਤਪਤ 24:57.

ਹੁਣ ਰਿਬਕਾਹ ਦੀ ਜ਼ਿੰਦਗੀ ਵਿਚ ਵੱਡਾ ਮੋੜ ਆਉਣਾ ਸੀ। ਉਸ ਨੇ ਕੀ ਜਵਾਬ ਦੇਣਾ ਸੀ? ਕੀ ਉਸ ਨੇ ਆਪਣੇ ਪਿਤਾ ਤੇ ਭਰਾ ਦੀ ਹਮਦਰਦੀ ਲੈ ਕੇ ਬੇਨਤੀ ਕਰਨੀ ਸੀ ਕਿ ਉਹ ਉਸ ਅਣਜਾਣ ਵਿਅਕਤੀ ਨਾਲ ਨਹੀਂ ਜਾਣਾ ਚਾਹੁੰਦੀ? ਜਾਂ ਕੀ ਉਸ ਨੇ ਉਨ੍ਹਾਂ ਘਟਨਾਵਾਂ ਦਾ ਹਿੱਸਾ ਬਣਨਾ ਸਨਮਾਨ ਸਮਝਣਾ ਸੀ ਜੋ ਯਹੋਵਾਹ ਕਰਵਾ ਰਿਹਾ ਸੀ? ਜਦੋਂ ਉਸ ਨੇ ਜਵਾਬ ਦਿੱਤਾ, ਤਾਂ ਉਸ ਨੇ ਦਿਖਾਇਆ ਕਿ ਉਹ ਜ਼ਿੰਦਗੀ ਵਿਚ ਆਏ ਅਚਾਨਕ ਬਦਲਾਅ ਬਾਰੇ ਕਿਵੇਂ ਮਹਿਸੂਸ ਕਰਦੀ ਸੀ। ਉਸ ਨੇ ਕਿਹਾ: “ਮੈਂ ਜਾਵਾਂਗੀ।”—ਉਤਪਤ 24:58.

ਹੀਰੇ-ਮੋਤੀਆਂ ਦੀ ਖੋਜ ਕਰੋ

(ਉਤਪਤ 24:19, 20) ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਾਂ ਉਸ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੀਕਰ ਓਹ ਪੀ ਨਾ ਚੁੱਕਣ। 20 ਤਾਂ ਉਸ ਸ਼ਤਾਬੀ ਨਾਲ ਆਪਣਾ ਘੜਾ ਹੌਦ ਵਿੱਚ ਡੋਹਲ ਦਿੱਤਾ ਅਰ ਫੇਰ ਖੂਹ ਵਿੱਚੋਂ ਪਾਣੀ ਭਰਨ ਨੂੰ ਨੱਠਕੇ ਗਈ ਅਰ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ।

wp16.3 12-13

“ਮੈਂ ਜਾਵਾਂਗੀ”

ਇਕ ਸ਼ਾਮ ਜਦੋਂ ਰਿਬਕਾਹ ਨੇ ਆਪਣਾ ਘੜਾ ਭਰਿਆ, ਤਾਂ ਇਕ ਬਜ਼ੁਰਗ ਆਦਮੀ ਉਸ ਨੂੰ ਮਿਲਣ ਲਈ ਦੌੜ ਕੇ ਆਇਆ। ਉਸ ਨੇ ਉਸ ਨੂੰ ਕਿਹਾ: “ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ।” ਇਹ ਕਿੰਨੀ ਹੀ ਨਿਮਰ ਬੇਨਤੀ ਸੀ! ਰਿਬਕਾਹ ਦੇਖ ਸਕਦੀ ਸੀ ਕਿ ਉਹ ਆਦਮੀ ਕਿੰਨੀ ਦੂਰੋਂ ਸਫ਼ਰ ਕਰ ਕੇ ਆਇਆ ਸੀ। ਇਸ ਲਈ ਉਸ ਨੇ ਉਸੇ ਵੇਲੇ ਆਪਣਾ ਘੜਾ ਟੇਢਾ ਕੀਤਾ ਅਤੇ ਉਸ ਨੂੰ ਤਾਜ਼ਾ ਤੇ ਠੰਢਾ ਪਾਣੀ ਪਿਲਾ ਕੇ ਉਸ ਦੀ ਪਿਆਸ ਬੁਝਾਈ। ਉਸ ਨੇ ਦੇਖਿਆ ਕਿ ਉਸ ਆਦਮੀ ਦੇ ਦਸ ਊਠ ਬੈਠੇ ਹੋਏ ਸਨ ਅਤੇ ਉਨ੍ਹਾਂ ਨੂੰ ਪਾਣੀ ਪਿਲਾਉਣ ਲਈ ਚੁਬੱਚਾ ਭਰਿਆ ਨਹੀਂ ਸੀ। ਉਸ ਨੇ ਦੇਖਿਆ ਕਿ ਬਜ਼ੁਰਗ ਆਦਮੀ ਉਸ ਵੱਲ ਧਿਆਨ ਨਾਲ ਦੇਖ ਰਿਹਾ ਸੀ। ਇਸ ਲਈ ਉਹ ਦਿਲ ਖੋਲ੍ਹ ਕੇ ਉਸ ਦੀ ਮਦਦ ਕਰਨੀ ਚਾਹੁੰਦੀ ਸੀ। ਇਸ ਲਈ ਉਸ ਨੇ ਕਿਹਾ: “ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੀਕਰ ਓਹ ਪੀ ਨਾ ਚੁੱਕਣ।”—ਉਤਪਤ 24:17-19.

ਗੌਰ ਕਰੋ ਕਿ ਰਿਬਕਾਹ ਨੇ ਦਸ ਊਠਾਂ ਨੂੰ ਉਦੋਂ ਤਕ ਪਾਣੀ ਪਿਲਾਇਆ ਜਦ ਤਕ ਉਨ੍ਹਾਂ ਦੀ ਪਿਆਸ ਨਹੀਂ ਬੁੱਝ ਗਈ। ਇਕ ਪਿਆਸਾ ਊਠ ਆਸਾਨੀ ਨਾਲ 95 ਲੀਟਰ ਪਾਣੀ ਪੀ ਸਕਦਾ ਹੈ! ਸੋ ਜੇ ਦਸ ਊਠ ਪਿਆਸੇ ਸਨ, ਤਾਂ ਰਿਬਕਾਹ ਨੇ ਪਾਣੀ ਪਿਲਾਉਣ ਲਈ ਕਈ ਘੰਟੇ ਹੱਡ-ਤੋੜ ਮਿਹਨਤ ਕੀਤੀ ਹੋਣੀ। ਪਰ ਲੱਗਦਾ ਹੈ ਕਿ ਊਠ ਜ਼ਿਆਦਾ ਪਿਆਸੇ ਨਹੀਂ ਸਨ। ਪਰ ਕੀ ਇਹ ਗੱਲ ਰਿਬਕਾਹ ਨੂੰ ਪਹਿਲਾਂ ਪਤਾ ਸੀ? ਨਹੀਂ। ਉਹ ਕੰਮ ਕਰਨ ਲਈ ਤਿਆਰ ਸੀ ਅਤੇ ਉਹ ਇਸ ਅਜਨਬੀ ਬਜ਼ੁਰਗ ਆਦਮੀ ਨੂੰ ਪਰਾਹੁਣਚਾਰੀ ਦਿਖਾਉਣ ਵਿਚ ਪੂਰੀ ਮਿਹਨਤ ਕਰਨ ਲਈ ਤਿਆਰ ਸੀ। ਆਦਮੀ ਨੇ ਉਸ ਦੀ ਗੱਲ ਮੰਨ ਲਈ। ਫਿਰ ਉਹ ਆਦਮੀ ਉਸ ਨੂੰ ਧਿਆਨ ਨਾਲ ਦੇਖਦਾ ਰਿਹਾ ਜਦੋਂ ਰਿਬਕਾਹ ਖੂਹ ਵਿੱਚੋਂ ਪਾਣੀ ਲਿਆ-ਲਿਆ ਕੇ ਚੁਬੱਚਾ ਭਰ ਰਹੀ ਸੀ।—ਉਤਪਤ 24:20, 21.

wp16.3 13, ਫੁਟਨੋਟ।

“ਮੈਂ ਜਾਵਾਂਗੀ”

ਸ਼ਾਮ ਹੋ ਚੁੱਕੀ ਸੀ। ਬਿਰਤਾਂਤ ਤੋਂ ਪਤਾ ਨਹੀਂ ਲੱਗਦਾ ਕਿ ਰਿਬਕਾਹ ਘੰਟਿਆਂ-ਬੱਧੀ ਖੂਹ ʼਤੇ ਰਹੀ। ਇਸ ਦਾ ਇਹ ਮਤਲਬ ਨਹੀਂ ਕਿ ਰਿਬਕਾਹ ਦਾ ਕੰਮ ਖ਼ਤਮ ਹੋਣ ਤੋਂ ਪਹਿਲਾਂ ਉਸ ਦਾ ਪਰਿਵਾਰ ਸੌਂ ਗਿਆ ਸੀ ਜਾਂ ਕੋਈ ਉਸ ਨੂੰ ਦੇਖਣ ਆਇਆ ਸੀ ਕਿ ਉਸ ਨੂੰ ਇੰਨੀ ਦੇਰ ਕਿਉਂ ਹੋ ਗਈ ਸੀ।

(ਉਤਪਤ 24:65) ਉਹ ਨੇ ਨੌਕਰ ਕੋਲੋਂ ਪੁੱਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚ ਦੀ ਸਾਨੂੰ ਮਿਲਨ ਲਈ ਆਉਂਦਾ ਹੈ ਕੌਣ ਹੈ? ਅਤੇ ਨੌਕਰ ਨੇ ਆਖਿਆ, ਉਹ ਮੇਰਾ ਸਵਾਮੀ ਹੈ ਤਾਂ ਉਹ ਨੇ ਬੁਰਕਾ ਲੈਕੇ ਆਪ ਨੂੰ ਢੱਕ ਲਿਆ।

wp16.3 15 ਪੈਰਾ 3

“ਮੈਂ ਜਾਵਾਂਗੀ”

ਅਖ਼ੀਰ ਉਹ ਦਿਨ ਆ ਗਿਆ ਜਿਸ ਬਾਰੇ ਅਸੀਂ ਲੇਖ ਦੇ ਸ਼ੁਰੂ ਵਿਚ ਦੱਸਿਆ ਸੀ। ਜਦੋਂ ਕਾਫ਼ਲਾ ਨੇਗੇਬ ਪਹੁੰਚਿਆ ਤੇ ਹਨੇਰਾ ਹੋਣ ਲੱਗ ਪਿਆ, ਤਾਂ ਰਿਬਕਾਹ ਨੇ ਖੇਤਾਂ ਵਿੱਚੋਂ ਆ ਰਿਹਾ ਆਦਮੀ ਦੇਖਿਆ। ਉਸ ਵੱਲ ਦੇਖ ਕੇ ਲੱਗ ਰਿਹਾ ਸੀ ਕਿ ਉਹ ਮਨਨ ਕਰ ਰਿਹਾ ਹੋਵੇ। ਬਾਈਬਲ ਦੱਸਦੀ ਹੈ ਕਿ “ਰਿਬਕਾਹ . . . ਊਠ ਤੋਂ ਉੱਤਰ ਗਈ।” ਸ਼ਾਇਦ ਉਸ ਨੇ ਤਾਂ ਊਠ ਦੇ ਬੈਠਣ ਤਕ ਦਾ ਵੀ ਇੰਤਜ਼ਾਰ ਨਹੀਂ ਕੀਤਾ ਅਤੇ ਉਸ ਨੇ ਨੌਕਰ ਨੂੰ ਪੁੱਛਿਆ: ਉਹ ਮਨੁੱਖ ਜਿਹੜਾ ਖੇਤ ਦੇ ਵਿੱਚ ਦੀ ਸਾਨੂੰ ਮਿਲਨ ਲਈ ਆਉਂਦਾ ਹੈ ਕੌਣ ਹੈ?” ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਇਸਹਾਕ ਸੀ, ਤਾਂ ਉਸ ਨੇ ਆਪਣੇ ਪੱਲੇ ਨਾਲ ਮੂੰਹ-ਸਿਰ ਢੱਕ ਲਿਆ। (ਉਤਪਤ 24:62-65) ਕਿਉਂ? ਬਿਨਾਂ ਸ਼ੱਕ, ਇਹ ਆਪਣੇ ਹੋਣ ਵਾਲੇ ਪਤੀ ਦਾ ਆਦਰ-ਮਾਣ ਕਰਨ ਦੀ ਨਿਸ਼ਾਨੀ ਸੀ। ਅੱਜ ਸ਼ਾਇਦ ਕੁਝ ਜਣਿਆਂ ਨੂੰ ਇਸ ਤਰ੍ਹਾਂ ਦੀ ਅਧੀਨਗੀ ਪੁਰਾਣੀ ਗੱਲ ਲੱਗੇ। ਪਰ ਆਦਮੀ ਤੇ ਔਰਤ ਰਿਬਕਾਹ ਦੀ ਨਿਮਰਤਾ ਤੋਂ ਸਬਕ ਸਿੱਖ ਸਕਦੇ ਹਨ। ਸਾਡੇ ਵਿੱਚੋਂ ਕੌਣ ਨਿਮਰ ਨਹੀਂ ਬਣਨਾ ਚਾਹੁੰਦਾ?

ਬਾਈਬਲ ਪੜ੍ਹਾਈ

(ਉਤਪਤ 24:1-21)

16-22 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 25-26

“ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚਿਆ”

(ਉਤਪਤ 25:27, 28) ਓਹ ਮੁੰਡੇ ਵੱਡੇ ਹੋਏ ਅਤੇ ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂਜੋ ਉਹ ਸ਼ਿਕਾਰ ਉਹ ਦੇ ਮੂੰਹ ਪਾਉਂਦਾ ਸੀ ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।

it-1 1242

ਯਾਕੂਬ

ਯਾਕੂਬ ਆਪਣੇ ਪਿਤਾ ਦੇ ਪਿਆਰੇ ਪੁੱਤਰ ਏਸਾਓ ਤੋਂ ਬਿਲਕੁਲ ਉਲਟ ਸੀ। ਏਸਾਓ ਜੰਗਲੀ, ਬੇਚੈਨ ਤੇ ਸ਼ਿਕਾਰੀ ਸੀ ਜਦ ਕਿ ਬਾਈਬਲ ਦੱਸਦੀ ਹੈ ਕਿ “ਯਾਕੂਬ ਭੋਲਾ ਭਾਲਾ [ਇਬ., ਟਾਮ] ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ।” ਉਹ ਚਰਵਾਹਾ ਸੀ ਅਤੇ ਘਰ ਦੇ ਕੰਮਾਂ ਵਿਚ ਵੀ ਹੱਥ ਵਟਾਉਂਦਾ ਸੀ ਤੇ ਉਸ ਦੀ ਮਾਂ ਉਸ ਨੂੰ ਬਹੁਤ ਪਿਆਰ ਕਰਦੀ ਸੀ। (ਉਤ 25:27, 28) ਇਬਰਾਨੀ ਸ਼ਬਦ ਟਾਮ ਦੀ ਵਰਤੋਂ ਹੋਰ ਥਾਵਾਂ ʼਤੇ ਇਹ ਦੱਸਣ ਲਈ ਕੀਤੀ ਗਈ ਹੈ ਕਿ ਕਿਸੇ ਵਿਅਕਤੀ ʼਤੇ ਪਰਮੇਸ਼ੁਰ ਦੀ ਮਿਹਰ ਹੁੰਦੀ ਸੀ। ਮਿਸਾਲ ਲਈ, “ਖ਼ੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ,” ਪਰ ਯਹੋਵਾਹ ਭਰੋਸਾ ਦਿਵਾਉਂਦਾ ਹੈ ਕਿ ਖਰੇ ਮਨੁੱਖਾਂ ਦਾ ਭਵਿੱਖ ‘ਸਲਾਮਤ’ ਹੋਵੇਗਾ। (ਕਹਾ 29:10; ਜ਼ਬੂ 37:37) ਖਰਿਆਈ ਰੱਖਣ ਵਾਲਾ ਅੱਯੂਬ “ਪੂਰਾ ਤੇ ਖਰਾ [ਇਬ., ਟਾਮ] ਮਨੁੱਖ ਸੀ।—ਅੱਯੂ 1:1, 8; 2:3.

(ਉਤਪਤ 25:29, 30) ਤਾਂ ਯਾਕੂਬ ਦਾਲ ਪਕਾਈ ਅਰ ਏਸਾਓ ਰੜ ਵਿੱਚੋਂ ਥੱਕਿਆ ਹੋਇਆ ਆਇਆ। 30 ਅਤੇ ਏਸਾਓ ਨੇ ਯਾਕੂਬ ਨੂੰ ਆਖਿਆ ਏਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦਿਹ ਕਿਉਂਜੋ ਮੈਂ ਥੱਕਿਆ ਹੋਇਆ ਹਾਂ। ਏਸੇ ਕਾਰਨ ਉਸ ਦਾ ਨਾਉਂ ਅਦੋਮ ਪੈ ਗਿਆ।

(ਉਤਪਤ 25:31-34) ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਬੇਚ ਦਿਹ। 32 ਤਾਂ ਏਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ। ਏਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ? 33 ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸੌਂਹ ਖਾਹ ਤਾਂ ਓਸ ਸੌਂਹ ਖਾਧੀ ਅਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਬੇਚ ਦਿੱਤਾ। 34 ਤਾਂ ਯਾਕੂਬ ਨੇ ਏਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸ ਨੇ ਖਾਧਾ ਪੀਤਾ ਅਤੇ ਉੱਠਕੇ ਆਪਣੇ ਰਾਹ ਪਿਆ। ਐਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।

w19.02 16 ਪੈਰਾ 11

ਸਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ?

11 ਦੁੱਖ ਦੀ ਗੱਲ ਹੈ ਕਿ ਬਾਈਬਲ ਦੇ ਕੁਝ ਪਾਤਰਾਂ ਨੇ ਸ਼ੁਕਰਗੁਜ਼ਾਰੀ ਨਹੀਂ ਦਿਖਾਈ। ਮਿਸਾਲ ਲਈ, ਚਾਹੇ ਏਸਾਓ ਦੇ ਮਾਪੇ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਉਸ ਦਾ ਆਦਰ ਕਰਦੇ ਸਨ, ਪਰ ਫਿਰ ਵੀ ਏਸਾਓ ਨੇ ਪਵਿੱਤਰ ਚੀਜ਼ਾਂ ਦੀ ਕਦਰ ਨਹੀਂ ਕੀਤੀ। (ਇਬਰਾਨੀਆਂ 12:16 ਪੜ੍ਹੋ।) ਉਸ ਦਾ ਨਾਸ਼ੁਕਰਾ ਰਵੱਈਆ ਕਿਵੇਂ ਜ਼ਾਹਰ ਹੋਇਆ? ਏਸਾਓ ਨੇ ਬਿਨਾਂ ਸੋਚੇ-ਸਮਝੇ ਸਿਰਫ਼ ਇਕ ਦਾਲ ਦੀ ਕੌਲੀ ਬਦਲੇ ਆਪਣੇ ਜੇਠੇ ਹੋਣ ਦਾ ਹੱਕ ਆਪਣੇ ਛੋਟੇ ਭਰਾ ਯਾਕੂਬ ਨੂੰ ਵੇਚ ਦਿੱਤਾ। (ਉਤ. 25:30-34) ਬਾਅਦ ਵਿਚ ਏਸਾਓ ਆਪਣੇ ਫ਼ੈਸਲੇ ʼਤੇ ਬਹੁਤ ਜ਼ਿਆਦਾ ਪਛਤਾਇਆ। ਜਦੋਂ ਜੇਠੇ ਹੋਣ ਕਰਕੇ ਉਸ ਨੂੰ ਬਰਕਤਾਂ ਨਹੀਂ ਮਿਲੀਆਂ, ਤਾਂ ਉਸ ਕੋਲ ਸ਼ਿਕਾਇਤ ਕਰਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਉਸ ਨੇ ਪਹਿਲਾਂ ਆਪਣੇ ਜੇਠੇ ਹੋਣ ਦੇ ਹੱਕ ਦੀ ਕੋਈ ਕਦਰ ਨਹੀਂ ਕੀਤੀ ਸੀ।

it-1 835

ਜੇਠਾ

ਪੁਰਾਣੇ ਸਮਿਆਂ ਵਿਚ ਪਰਿਵਾਰ ਵਿਚ ਜੇਠੇ ਮੁੰਡੇ ਦਾ ਬਹੁਤ ਆਦਰ-ਮਾਣ ਕੀਤਾ ਜਾਂਦਾ ਸੀ ਅਤੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਅਕਸਰ ਉਸ ਨੂੰ ਹੀ ਘਰ ਦਾ ਮੁਖੀ ਬਣਾਇਆ ਜਾਂਦਾ ਸੀ। ਉਸ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਦੁਗਣਾ ਹਿੱਸਾ ਮਿਲਦਾ ਸੀ। (ਬਿਵ 21:17) ਖਾਣਾ ਖਾਣ ਵੇਲੇ ਜੇਠਾ ਹੋਣ ਕਰਕੇ ਰਊਬੇਨ ਯੂਸੁਫ਼ ਕੋਲ ਬੈਠਾ। (ਉਤ 43:33) ਪਰ ਬਾਈਬਲ ਹਮੇਸ਼ਾ ਪੁੱਤਰਾਂ ਦੇ ਜਨਮ ਅਨੁਸਾਰ ਸੂਚੀ ਦੇ ਕੇ ਜੇਠਿਆਂ ਦਾ ਆਦਰ ਨਹੀਂ ਕਰਦੀ। ਪਹਿਲੀ ਜਗ੍ਹਾ ਜੇਠੇ ਮੁੰਡੇ ਨੂੰ ਦੇਣ ਦੀ ਬਜਾਇ ਅਕਸਰ ਸਭ ਤੋਂ ਮੰਨੇ-ਪ੍ਰਮੰਨੇ ਜਾਂ ਵਫ਼ਾਦਾਰ ਪੁੱਤਰਾਂ ਨੂੰ ਦਿੱਤੀ ਜਾਂਦੀ ਹੈ।—ਉਤ 6:10; 1 ਇਤ 1:28; ਉਤ 11:26, 32; 12:4 ਵਿਚ ਨੁਕਤਾ ਦੇਖੋ।

ਹੀਰੇ-ਮੋਤੀਆਂ ਦੀ ਖੋਜ ਕਰੋ

(ਉਤਪਤ 25:31-34) ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਬੇਚ ਦਿਹ। 32 ਤਾਂ ਏਸਾਓ ਆਖਿਆ, ਵੇਖ ਮੈਂ ਮਰ ਰਿਹਾ ਹਾਂ। ਏਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ? 33 ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸੌਂਹ ਖਾਹ ਤਾਂ ਓਸ ਸੌਂਹ ਖਾਧੀ ਅਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਬੇਚ ਦਿੱਤਾ। 34 ਤਾਂ ਯਾਕੂਬ ਨੇ ਏਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸ ਨੇ ਖਾਧਾ ਪੀਤਾ ਅਤੇ ਉੱਠਕੇ ਆਪਣੇ ਰਾਹ ਪਿਆ। ਐਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।

(ਇਬਰਾਨੀਆਂ 12:16) ਅਤੇ ਤੁਹਾਡੇ ਵਿਚ ਕੋਈ ਹਰਾਮਕਾਰ ਜਾਂ ਅਜਿਹਾ ਕੋਈ ਇਨਸਾਨ ਨਾ ਹੋਵੇ ਜਿਹੜਾ ਏਸਾਓ ਵਾਂਗ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਦਾ ਹੋਵੇ। ਏਸਾਓ ਨੇ ਇਕ ਡੰਗ ਦੀ ਰੋਟੀ ਦੇ ਵੱਟੇ ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।

w17.12 15 ਪੈਰੇ 5-7

ਪਾਠਕਾਂ ਵੱਲੋਂ ਸਵਾਲ

ਆਓ ਆਪਾਂ ਹੁਣ ਦੁਬਾਰਾ ਇਬਰਾਨੀਆਂ 12:16 ਵੱਲ ਗੌਰ ਕਰੀਏ ਜਿਸ ਵਿਚ ਲਿਖਿਆ ਹੈ: “ਤੁਹਾਡੇ ਵਿਚ ਕੋਈ ਹਰਾਮਕਾਰ ਜਾਂ ਅਜਿਹਾ ਕੋਈ ਇਨਸਾਨ ਨਾ ਹੋਵੇ ਜਿਹੜਾ ਏਸਾਓ ਵਾਂਗ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਦਾ ਹੋਵੇ। ਏਸਾਓ ਨੇ ਇਕ ਡੰਗ ਦੀ ਰੋਟੀ ਦੇ ਵੱਟੇ ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।” ਇਸ ਆਇਤ ਦਾ ਕੀ ਮਤਲਬ ਹੈ?

ਇਸ ਆਇਤ ਵਿਚ ਪੌਲੁਸ ਰਸੂਲ ਯਿਸੂ ਦੀ ਵੰਸ਼ਾਵਲੀ ਬਾਰੇ ਗੱਲ ਨਹੀਂ ਕਰ ਰਿਹਾ ਸੀ। ਅਸੀਂ ਇਹ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਉਸ ਨੇ 13ਵੀਂ ਆਇਤ ਵਿਚ ਮਸੀਹੀਆਂ ਨੂੰ “ਆਪਣੇ ਪੈਰਾਂ ਲਈ ਸਿੱਧੇ ਰਾਹ” ਬਣਾਉਣ ਲਈ ਕਿਹਾ ਸੀ। ਇਸ ਤਰ੍ਹਾਂ ਕਰ ਕੇ ਉਹ “ਪਰਮੇਸ਼ੁਰ ਦੀ ਅਪਾਰ ਕਿਰਪਾ” ਪਾ ਸਕਦੇ ਸਨ। ਪਰ ਹਰਾਮਕਾਰੀ ਕਰ ਕੇ ਉਨ੍ਹਾਂ ਨੇ ਇਸ ਤੋਂ ਵਾਂਝੇ ਰਹਿ ਜਾਣਾ ਸੀ। (ਇਬ. 12:12-16) ਹਰਾਮਕਾਰੀ ਕਰ ਕੇ ਉਨ੍ਹਾਂ ਨੇ ਏਸਾਓ ਵਰਗੇ ਬਣ ਜਾਣਾ ਸੀ, ਜਿਸ ਨੇ “ਪਵਿੱਤਰ ਚੀਜ਼ਾਂ ਦੀ ਕਦਰ” ਨਹੀਂ ਕੀਤੀ ਸੀ।

ਏਸਾਓ ਉਸ ਸਮੇਂ ਵਿਚ ਰਹਿੰਦਾ ਸੀ ਜਦੋਂ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਲਈ ਬਲ਼ੀਆਂ ਚੜ੍ਹਾਉਂਦਾ ਸੀ। ਇਸ ਕਰਕੇ ਸ਼ਾਇਦ ਏਸਾਓ ਨੂੰ ਵੀ ਬਲ਼ੀਆਂ ਚੜ੍ਹਾਉਣ ਦਾ ਸਨਮਾਨ ਮਿਲਦਾ ਹੋਣਾ। (ਉਤ. 8:20, 21; 12:7, 8; ਅੱਯੂ. 1:4, 5) ਪਰ ਏਸਾਓ ਨੂੰ ਸਿਰਫ਼ ਆਪਣੇ ਢਿੱਡ ਦੀ ਹੀ ਪਈ ਹੋਈ ਸੀ। ਉਸ ਨੇ ਇਕ ਦਾਲ ਦੀ ਕੌਲੀ ਬਦਲੇ ਆਪਣੇ ਸਨਮਾਨ ਨੂੰ ਛਿੱਕੇ ʼਤੇ ਟੰਗ ਦਿੱਤਾ। ਸ਼ਾਇਦ ਉਹ ਉਨ੍ਹਾਂ ਸਾਰੇ ਦੁੱਖਾਂ ਤੋਂ ਬਚਣਾ ਚਾਹੁੰਦਾ ਸੀ ਜੋ ਅਬਰਾਹਾਮ ਦੀ ਔਲਾਦ ਨੂੰ ਭਵਿੱਖ ਵਿਚ ਝੱਲਣੇ ਪੈਣੇ ਸਨ। (ਉਤ. 15:13) ਉਸ ਨੇ ਝੂਠੇ ਧਰਮਾਂ ਦੀਆਂ ਔਰਤਾਂ ਨਾਲ ਵਿਆਹ ਕਰਾ ਕੇ ਵੀ ਦਿਖਾਇਆ ਕਿ ਉਸ ਨੂੰ ਪਵਿੱਤਰ ਚੀਜ਼ਾਂ ਦੀ ਕੋਈ ਕਦਰ ਨਹੀਂ ਸੀ ਅਤੇ ਉਹ ਆਪਣੇ ਮਾਪਿਆਂ ਲਈ ਵੀ ਦੁੱਖ ਦਾ ਕਾਰਨ ਬਣਿਆ। (ਉਤ. 26:34, 35) ਯਾਕੂਬ ਉਸ ਤੋਂ ਕਿਨ੍ਹਾਂ ਅਲੱਗ ਸੀ ਜਿਸ ਨੇ ਸੱਚੇ ਰੱਬ ਦੀ ਭਗਤੀ ਕਰਨ ਵਾਲੀ ਔਰਤ ਨਾਲ ਵਿਆਹ ਕਰਾਇਆ।—ਉਤ. 28:6, 7; 29:10-12, 18.

(ਉਤਪਤ 26:7) ਅਰ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਤੀਵੀਂ ਵਿਖੇ ਪੁੱਛਿਆ ਤਾਂ ਉਸ ਆਖਿਆ, ਉਹ ਮੇਰੀ ਭੈਣ ਹੈ ਕਿਉਂਜੋ ਉਹ ਏਹ ਆਖਦਾ ਹੋਇਆ ਭੈ ਖਾਂਦਾ ਸੀ ਭਈ ਉਹ ਮੇਰੀ ਤੀਵੀਂ ਹੈ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ ਕਿਉਂਜੋ ਉਹ ਵੇਖਣ ਵਿੱਚ ਸੋਹਣੀ ਸੀ।

it-2 245 ਪੈਰਾ 6

ਝੂਠ

ਚਾਹੇ ਕਿ ਬਾਈਬਲ ਵਿਚ ਝੂਠ ਬੋਲਣ ਤੋਂ ਮਨ੍ਹਾ ਕੀਤਾ ਗਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਕ ਵਿਅਕਤੀ ਨੂੰ ਅਜਿਹੀ ਕੋਈ ਵੀ ਗੱਲ ਦੂਸਰਿਆਂ ਨੂੰ ਦੱਸਣ ਦੀ ਲੋੜ ਹੈ ਜਿਸ ਨੂੰ ਜਾਣਨ ਦਾ ਉਨ੍ਹਾਂ ਦਾ ਹੱਕ ਨਹੀਂ ਹੈ। ਯਿਸੂ ਮਸੀਹ ਨੇ ਸਲਾਹ ਦਿੱਤੀ: “ਤੁਸੀਂ ਪਵਿੱਤਰ ਚੀਜ਼ਾਂ ਕੁੱਤਿਆਂ ਨੂੰ ਨਾ ਪਾਓ ਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਵੇਂ ਨਾ ਹੋਵੇ ਕਿ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਹੇਠ ਰੋਲ਼ਣ ਅਤੇ ਮੁੜ ਕੇ ਤੁਹਾਨੂੰ ਹੀ ਪਾੜ ਸੁੱਟਣ।” (ਮੱਤੀ 7:6) ਇਸੇ ਕਰਕੇ ਯਿਸੂ ਨੇ ਕੁਝ ਮੌਕਿਆਂ ʼਤੇ ਸਾਰੀ ਜਾਣਕਾਰੀ ਦੇਣ ਜਾਂ ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਪਰਹੇਜ਼ ਕੀਤਾ ਜਦੋਂ ਇੱਦਾਂ ਕਰਨ ਨਾਲ ਬੇਲੋੜਾ ਨੁਕਸਾਨ ਹੋ ਸਕਦਾ ਸੀ। (ਮੱਤੀ 15:1-6; 21:23-27; ਯੂਹੰ 7:3-10) ਇਸੇ ਤਰ੍ਹਾਂ ਅਬਰਾਹਾਮ, ਇਸਹਾਕ, ਰਾਹਾਬ ਅਤੇ ਅਲੀਸ਼ਾ ਨੇ ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਜਾਂ ਸਾਰੀ ਜਾਣਕਾਰੀ ਨਹੀਂ ਦਿੱਤੀ।—ਉਤ 12:10-19; ਅਧਿ 20; 26:1-10; ਯਹੋ 2:1-6; ਯਾਕੂ 2:25; 2 ਰਾਜ 6:11-23.

ਬਾਈਬਲ ਪੜ੍ਹਾਈ

(ਉਤਪਤ 26:1-18)

23-29 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 27-28

“ਯਾਕੂਬ ਨੂੰ ਉਸ ਦਾ ਜਾਇਜ਼ ਹੱਕ ਮਿਲਿਆ”

(ਉਤਪਤ 27:6-10) ਤਾਂ ਰਿਬਕਾਹ ਆਪਣੇ ਪੁੱਤ੍ਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਸੁਣਿਆ ਜਦ ਉਹ ਤੇਰੇ ਭਰਾ ਏਸਾਓ ਨੂੰ ਏਹ ਬੋਲਿਆ। 7 ਕਿ ਮੇਰੇ ਲਈ ਸ਼ਿਕਾਰ ਲੈਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਰ ਯਹੋਵਾਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦਿਆਂ। 8 ਹੁਣ ਮੇਰੇ ਪੁੱਤ੍ਰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ। 9 ਇੱਜੜ ਵਿੱਚ ਜਾਕੇ ਉੱਥੋਂ ਮੇਰੇ ਲਈ ਬਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂਜੋ ਮੈਂ ਉਨ੍ਹਾਂ ਤੋਂ ਸੁਆਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹ ਨੂੰ ਚੰਗਾ ਲੱਗਦਾ ਹੈ ਤਿਆਰ ਕਰਾਂ। 10 ਅਤੇ ਆਪਣੇ ਪਿਤਾ ਕੋਲ ਲੈ ਜਾਹ ਤਾਂਜੋ ਉਹ ਖਾਵੇ ਅਰ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ।

w04 4/15 11 ਪੈਰੇ 3-4

ਰਿਬਕਾਹ—ਇਕ ਫੁਰਤੀਲੀ ਅਤੇ ਨੇਕ ਔਰਤ

ਏਸਾਓ ਭਵਿੱਖ ਵਿਚ ਯਾਕੂਬ ਦੀ ਟਹਿਲ ਕਰੇਗਾ, ਇਸ ਭਵਿੱਖਬਾਣੀ ਬਾਰੇ ਇਸਹਾਕ ਨੂੰ ਖ਼ਬਰ ਹੈ ਜਾਂ ਨਹੀਂ, ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਰਿਬਕਾਹ ਤੇ ਯਾਕੂਬ ਦੋਨੋਂ ਜਾਣਦੇ ਹਨ ਕਿ ਅਸੀਸਾਂ ਉੱਤੇ ਯਾਕੂਬ ਦਾ ਹੱਕ ਹੈ। ਜਦੋਂ ਰਿਬਕਾਹ ਸੁਣਦੀ ਹੈ ਕਿ ਇਸਹਾਕ ਏਸਾਓ ਨੂੰ ਅਸੀਸ ਦੇਣ ਬਾਰੇ ਸੋਚ ਰਿਹਾ ਹੈ, ਤਾਂ ਉਹ ਫੁਰਤੀ ਨਾਲ ਇਕ ਵਿਓਂਤ ਘੜਦੀ ਹੈ। ਜਵਾਨੀ ਦੇ ਦਿਨਾਂ ਵਿਚ ਰਿਬਕਾਹ ਵਿਚ ਜੋ ਜੋਸ਼ ਸੀ, ਉਹ ਬੁਢਾਪੇ ਵਿਚ ਵੀ ਨਹੀਂ ਘਟਿਆ ਅਤੇ ਉਹ ਯਾਕੂਬ ਨੂੰ ਉਸ ਦਾ ਹੱਕ ਦਿਵਾਉਣ ਦਾ ਪੱਕਾ ਇਰਾਦਾ ਕਰ ਲੈਂਦੀ ਹੈ। ਏਸਾਓ ਨੇ ਇਸਹਾਕ ਦਾ ਮਨ-ਪਸੰਦ ਮੀਟ ਬਣਾ ਕੇ ਉਸ ਨੂੰ ਖੁਆਉਣਾ ਸੀ ਜਿਸ ਮਗਰੋਂ ਇਸਹਾਕ ਨੇ ਉਸ ਨੂੰ ਅਸੀਸਾਂ ਦੇਣੀਆਂ ਸਨ। ਇਸ ਲਈ ਰਿਬਕਾਹ ਯਾਕੂਬ ਨੂੰ “ਹੁਕਮ” ਦਿੰਦੀ ਹੈ ਕਿ ਉਹ ਦੋ ਚੰਗੇ ਮੇਮਣੇ ਲਿਆਵੇ ਤਾਂ ਜੋ ਰਿਬਕਾਹ ਆਪਣੇ ਪਤੀ ਦਾ ਮਨ-ਪਸੰਦ ਭੋਜਨ ਤਿਆਰ ਕਰੇ। ਫਿਰ ਯਾਕੂਬ ਏਸਾਓ ਦਾ ਭੇਸ ਧਾਰ ਕੇ ਆਪਣੇ ਪਿਉ ਤੋਂ ਬਰਕਤ ਹਾਸਲ ਕਰਨ ਜਾਵੇਗਾ। ਯਾਕੂਬ ਨੂੰ ਡਰ ਹੈ ਕਿ ਉਸ ਦਾ ਪਿਉ ਉਸ ਨੂੰ ਝੱਟ ਹੀ ਪਛਾਣ ਲਵੇਗਾ ਅਤੇ ਉਸ ਨੂੰ ਬਰਕਤਾਂ ਦੇਣ ਦੀ ਬਜਾਇ ਸਰਾਪ ਦੇ ਦੇਵੇਗਾ! ਪਰ ਰਿਬਕਾਹ ਆਪਣੇ ਇਰਾਦੇ ਤੋਂ ਟੱਸ ਤੋਂ ਮੱਸ ਨਹੀਂ ਹੁੰਦੀ ਹੈ। ਉਹ ਕਹਿੰਦੀ ਹੈ: “ਮੇਰੇ ਪੁੱਤ੍ਰ ਤੇਰਾ ਸਰਾਪ ਮੇਰੇ ਉੱਤੇ ਆਵੇ।” ਇਸ ਮਗਰੋਂ ਉਹ ਆਪਣੇ ਪਤੀ ਲਈ ਭੋਜਨ ਤਿਆਰ ਕਰਦੀ ਹੈ ਅਤੇ ਏਸਾਓ ਦੇ ਭੇਸ ਵਿਚ ਯਾਕੂਬ ਨੂੰ ਇਸਹਾਕ ਕੋਲ ਭੇਜ ਦਿੰਦੀ ਹੈ।—ਉਤਪਤ 27:1-17.

ਰਿਬਕਾਹ ਇਸ ਤਰ੍ਹਾਂ ਕਿਉਂ ਕਰਦੀ ਹੈ, ਇਸ ਉੱਤੇ ਬਾਈਬਲ ਚਾਨਣਾ ਨਹੀਂ ਪਾਉਂਦੀ। ਕਈ ਲੋਕ ਉਸ ਦੀ ਇਸ ਚਾਲ ਨੂੰ ਧੋਖੇਬਾਜ਼ੀ ਕਹਿ ਕੇ ਉਸ ਦੀ ਨਿੰਦਿਆ ਕਰਦੇ ਹਨ। ਪਰ ਬਾਈਬਲ ਰਿਬਕਾਹ ਦੀ ਨਿਖੇਧੀ ਨਹੀਂ ਕਰਦੀ ਅਤੇ ਨਾ ਹੀ ਇਸਹਾਕ ਨੇ ਉਸ ਨੂੰ ਝਿੜਕਿਆ ਜਦੋਂ ਉਸ ਨੂੰ ਰਿਬਕਾਹ ਦੀ ਵਿਓਂਤ ਦਾ ਪਤਾ ਲੱਗਾ। ਗੁੱਸੇ ਹੋਣ ਦੀ ਬਜਾਇ ਇਸਹਾਕ ਸਗੋਂ ਯਾਕੂਬ ਨੂੰ ਹੋਰ ਜ਼ਿਆਦਾ ਬਰਕਤਾਂ ਦਿੰਦਾ ਹੈ। (ਉਤਪਤ 27:29; 28:3, 4) ਰਿਬਕਾਹ ਨੂੰ ਪਤਾ ਹੈ ਕਿ ਯਹੋਵਾਹ ਨੇ ਉਸ ਦੇ ਮੁੰਡਿਆਂ ਬਾਰੇ ਕੀ ਭਵਿੱਖਬਾਣੀ ਕੀਤੀ ਸੀ। ਇਸ ਲਈ ਉਹ ਯਾਕੂਬ ਨੂੰ ਉਸ ਦਾ ਹੱਕ ਦਿਵਾਉਣ ਲਈ ਕਦਮ ਚੁੱਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਹੋਵਾਹ ਦੀ ਇੱਛਾ ਦੇ ਮੁਤਾਬਕ ਸੀ।—ਰੋਮੀਆਂ 9:6-13.

(ਉਤਪਤ 27:18, 19) ਤਾਂ ਓਸ ਨੇ ਆਪਣੇ ਪਿਤਾ ਕੋਲ ਜਾਕੇ ਆਖਿਆ, ਪਿਤਾ ਜੀ ਤਾਂ ਉਸ ਆਖਿਆ, ਕੀ ਗੱਲ ਹੈ? 19 ਤੂੰ ਕੌਣ ਹੈਂ ਮੇਰੇ ਪੁੱਤ੍ਰ? ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਏਸਾਓ ਤੇਰਾ ਪਲੋਠਾ ਪੁੱਤ੍ਰ ਹਾਂ। ਮੈਂ ਓਵੇਂ ਕੀਤਾ ਜਿਵੇਂ ਤੁਸੀਂ ਮੈਨੂੰ ਬੋਲੇ। ਉੱਠ ਬੈਠੋ ਅਰ ਮੇਰੇ ਸ਼ਿਕਾਰ ਤੋਂ ਖਾਓ ਤਾਂਜੋ ਤੁਹਾਡਾ ਜੀਉ ਮੈਨੂੰ ਬਰਕਤ ਦੇਵੇ।

w07 10/1 31 ਪੈਰੇ 2-3

ਪਾਠਕਾਂ ਵੱਲੋਂ ਸਵਾਲ

ਬਾਈਬਲ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਦੀ ਕਿ ਰਿਬਕਾਹ ਤੇ ਯਾਕੂਬ ਨੇ ਇੱਦਾਂ ਕਿਉਂ ਕੀਤਾ। ਪਰ ਬਾਈਬਲ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਅਚਾਨਕ ਹੀ ਹੋ ਗਿਆ ਸੀ। ਧਿਆਨ ਦਿਓ ਕਿ ਰਿਬਕਾਹ ਤੇ ਯਾਕੂਬ ਨੇ ਜੋ ਕੀਤਾ, ਬਾਈਬਲ ਉਸ ਨੂੰ ਨਾ ਸਹੀ ਕਹਿੰਦੀ ਹੈ ਤੇ ਨਾ ਹੀ ਗ਼ਲਤ। ਇਸ ਲਈ ਕੋਈ ਇਹ ਨਹੀਂ ਕਹਿ ਸਕਦਾ ਕਿ ਬਾਈਬਲ ਝੂਠ ਜਾਂ ਧੋਖੇ ਨੂੰ ਸ਼ਹਿ ਦਿੰਦੀ ਹੈ। ਪਰ ਬਾਈਬਲ ਇਸ ਗੱਲ ਤੇ ਰੌਸ਼ਨੀ ਪਾਉਂਦੀ ਹੈ ਕਿ ਯਾਕੂਬ ਨੇ ਸ਼ਾਇਦ ਇੱਦਾਂ ਕਿਉਂ ਕੀਤਾ ਸੀ।

ਪਹਿਲੀ ਗੱਲ, ਬਾਈਬਲ ਵਿਚ ਇਹ ਗੱਲ ਸਪੱਸ਼ਟ ਹੈ ਕਿ ਬਰਕਤਾਂ ਪਾਉਣ ਦਾ ਜਾਇਜ਼ ਹੱਕ ਯਾਕੂਬ ਦਾ ਹੀ ਸੀ, ਨਾ ਕਿ ਏਸਾਓ ਦਾ। ਉਤਪਤ 25:29-34 ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਏਸਾਓ ਨੇ ਇਕ ਡੰਗ ਦੇ ਖਾਣੇ ਲਈ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਨੂੰ ਵੇਚ ਦਿੱਤਾ ਸੀ। ਏਸਾਓ ਨੇ “ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।” (ਉਤਪਤ 25:29-34) ਸੋ ਯਾਕੂਬ ਆਪਣੇ ਪਿਤਾ ਤੋਂ ਆਪਣਾ ਹੱਕ ਲੈਣ ਗਿਆ ਸੀ।

(ਉਤਪਤ 27:27-29) ਫੇਰ ਓਸ ਨੇੜੇ ਜਾਕੇ ਉਸ ਨੂੰ ਚੁੰਮਿਆ ਤਾਂ ਓਸ ਉਸ ਦੇ ਬਸਤ੍ਰ ਦੀ ਬਾਸ਼ਨਾ ਸੁੰਘੀ ਅਰ ਉਸ ਨੂੰ ਬਰਕਤ ਦਿੱਤੀ। ਫੇਰ ਓਸ ਆਖਿਆ—ਵੇਖ, ਮੇਰੇ ਪੁੱਤ੍ਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ। 28 ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ, ਅਤੇ ਅਨਾਜ ਅਰ ਦਾਖਰਸ ਦੀ ਬਹੁਤਾਇਤ ਤੋਂ ਦੇਵੇਂ। 29 ਕੌਮਾਂ ਤੇਰੀ ਟਹਿਲ ਕਰਨ ਅਤੇ ਉੱਮਤਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋ ਅਤੇ ਤੇਰੀ ਮਾਤਾ ਦੇ ਪੁੱਤ੍ਰ ਤੇਰੇ ਅੱਗੇ ਝੁਕਣ। ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ।

it-1 341 ਪੈਰਾ 6

ਬਰਕਤ

ਬਾਈਬਲ ਜ਼ਮਾਨੇ ਵਿਚ ਇਕ ਪਿਤਾ ਅਕਸਰ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੇ ਪੁੱਤਰਾਂ ਨੂੰ ਬਰਕਤ ਦਿੰਦਾ ਸੀ। ਇਹ ਬਹੁਤ ਅਹਿਮ ਸੀ ਅਤੇ ਇਸ ਦੀ ਬਹੁਤ ਕਦਰ ਕੀਤੀ ਜਾਂਦੀ ਸੀ। ਇਸਹਾਕ ਨੇ ਯਾਕੂਬ ਨੂੰ ਏਸਾਓ ਸਮਝ ਕੇ ਬਰਕਤ ਦਿੱਤੀ। ਇਸਹਾਕ ਬੁੱਢਾ ਤੇ ਅੰਨ੍ਹਾ ਸੀ ਜਿਸ ਕਰਕੇ ਉਸ ਨੇ ਏਸਾਓ ਦੀ ਜਗ੍ਹਾ ਯਾਕੂਬ ਨੂੰ ਬਰਕਤ ਤੇ ਖ਼ੁਸ਼ਹਾਲ ਰਹਿਣ ਦੀ ਅਸੀਸ ਦਿੱਤੀ। ਬਿਨਾਂ ਸ਼ੱਕ, ਉਸ ਨੇ ਯਹੋਵਾਹ ਨੂੰ ਅਸੀਸ ਦੇਣ ਦੀ ਬੇਨਤੀ ਕੀਤੀ। (ਉਤ. 27:1-4, 23-29; 28:1, 6; ਇਬ. 11:20; 12:16, 17) ਬਾਅਦ ਵਿਚ ਇਸਹਾਕ ਨੇ ਜਾਣਦੇ ਹੋਇਆਂ ਉਸ ਨੂੰ ਹੋਰ ਬਰਕਤਾਂ ਦਿੱਤੀਆਂ। (ਉਤ. 28:1-4) ਯਾਕੂਬ ਨੇ ਮਰਨ ਤੋਂ ਪਹਿਲਾਂ ਯੂਸੁਫ਼ ਦੇ ਦੋ ਮੁੰਡਿਆਂ ਨੂੰ ਤੇ ਫਿਰ ਆਪਣੇ ਮੁੰਡਿਆਂ ਨੂੰ ਬਰਕਤ ਦਿੱਤੀ। (ਉਤ. 48:9, 20; 49:1-28; ਇਬ. 11:21) ਇਸੇ ਤਰ੍ਹਾਂ, ਮੂਸਾ ਨੇ ਆਪਣੀ ਮੌਤ ਤੋਂ ਪਹਿਲਾਂ ਇਜ਼ਰਾਈਲ ਕੌਮ ਨੂੰ ਬਰਕਤ ਦਿੱਤੀ। (ਬਿਵ. 33:1) ਇਨ੍ਹਾਂ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਵੱਲੋਂ ਬੋਲੇ ਸਨ। ਕੁਝ ਮਾਮਲਿਆਂ ਵਿਚ ਜਦੋਂ ਇਸ ਤਰ੍ਹਾਂ ਦੀਆਂ ਬਰਕਤਾਂ ਦਿੱਤੀਆਂ ਜਾਂਦੀਆਂ ਸਨ, ਤਾਂ ਬਰਕਤ ਦੇਣ ਵਾਲਾ ਆਪਣਾ ਹੱਥ ਉਸ ਵਿਅਕਤੀ ਦੇ ਸਿਰ ʼਤੇ ਰੱਖਦਾ ਸੀ ਜਿਸ ਨੂੰ ਉਹ ਬਰਕਤ ਦਿੰਦਾ ਸੀ।—ਉਤ. 48:13, 14.

ਹੀਰੇ-ਮੋਤੀਆਂ ਦੀ ਖੋਜ ਕਰੋ

(ਉਤਪਤ 27:46–28:2) ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?

28 ਤਾਂ ਇਸਹਾਕ ਨੇ ਯਾਕੂਬ ਨੂੰ ਬੁਲਾਇਆ ਅਰ ਉਸ ਨੂੰ ਬਰਕਤ ਦਿੱਤੀ ਅਰ ਏਹ ਆਖ ਕੇ ਉਸ ਨੂੰ ਹੁਕਮ ਦਿੱਤਾ ਕਿ ਤੂੰ ਕਨਾਨੀ ਧੀਆਂ ਵਿੱਚੋਂ ਤੀਵੀਂ ਨਾ ਕਰੀਂ। 2 ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾਹ ਅਰ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਆਪਣੇ ਲਈ ਤੀਵੀਂ ਵਿਆਹ ਲਈਂ।

w06 4/15 6 ਪੈਰੇ 3-4

ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਣ ਦੀ ਕਲਾ

ਪਰ ਕੀ ਇਸਹਾਕ ਅਤੇ ਰਿਬਕਾਹ ਨੇ ਇਕ-ਦੂਜੇ ਨਾਲ ਦਿਲ ਖੋਲ੍ਹ ਕੇ ਗੱਲਬਾਤ ਕਰਨ ਦੀ ਕਲਾ ਸਿੱਖੀ ਸੀ? ਹਾਂ, ਜ਼ਰੂਰ। ਜਦ ਉਨ੍ਹਾਂ ਦੇ ਪੁੱਤਰ ਏਸਾਓ ਨੇ ਹੇਥ ਦੀਆਂ ਦੋ ਧੀਆਂ ਨਾਲ ਵਿਆਹ ਕਰਵਾ ਲਿਆ, ਤਾਂ ਉਨ੍ਹਾਂ ਦੇ ਪਰਿਵਾਰ ਦਾ ਸੁਖ-ਚੈਨ ਲੁੱਟਿਆ ਗਿਆ। ਇਸ ਬਾਰੇ ਰਿਬਕਾਹ ਨੇ ਇਸਹਾਕ ਨਾਲ ਗੱਲ ਕਰਦੇ ਹੋਏ ਕਿਹਾ: “ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ [ਏਸਾਓ ਦਾ ਛੋਟਾ ਭਰਾ] ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ . . . ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?” (ਉਤਪਤ 26:34; 27:46) ਰਿਬਕਾਹ ਨੇ ਸਾਫ਼-ਸਾਫ਼ ਇਸਹਾਕ ਨੂੰ ਆਪਣੇ ਦਿਲ ਦਾ ਸ਼ੀਸ਼ਾ ਦਿਖਾਇਆ।

ਪਰ ਕੀ ਇਸਹਾਕ ਨੇ ਰਿਬਕਾਹ ਦੀ ਗੱਲ ਗੌਲ਼ੀ? ਹਾਂ, ਇਸਹਾਕ ਨੇ ਯਾਕੂਬ ਨੂੰ ਹੁਕਮ ਦਿੱਤਾ ਕਿ ਉਹ ਕਨਾਨੀ ਧੀਆਂ ਵਿੱਚੋਂ ਤੀਵੀਂ ਨਾ ਕਰੇ। (ਉਤਪਤ 28:1, 2) ਇਸ ਤਰ੍ਹਾਂ ਇਸਹਾਕ ਅਤੇ ਰਿਬਕਾਹ ਨੇ ਨਾਜ਼ੁਕ ਵਿਸ਼ੇ ਤੇ ਵਧੀਆ ਤਰੀਕੇ ਨਾਲ ਗੱਲਬਾਤ ਕਰ ਕੇ ਸਾਡੇ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ। ਪਰ ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਪਤੀ-ਪਤਨੀ ਇਕ-ਦੂਜੇ ਨਾਲ ਕਿਸੇ ਗੱਲ ਉੱਤੇ ਸਹਿਮਤ ਨਹੀਂ ਹੁੰਦੇ?

(ਉਤਪਤ 28:12, 13) ਅਤੇ ਇੱਕ ਸੁਫਨਾ ਡਿੱਠਾ ਅਤੇ ਵੇਖੋ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਰ ਉਸ ਦੀ ਚੋਟੀ ਅਕਾਸ਼ ਤੀਕ ਸੀ ਅਰ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ ਉੱਤਰਦੇ ਸਨ। 13 ਵੇਖੋ ਯਹੋਵਾਹ ਉਸ ਦੇ ਕੋਲ ਖਲੋਤਾ ਸੀ ਅਰ ਉਸ ਆਖਿਆ, ਮੈਂ ਯਹੋਵਾਹ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ ਅਰ ਇਸਹਾਕ ਦਾ ਪਰਮੇਸ਼ੁਰ ਹਾਂ। ਜਿਸ ਧਰਤੀ ਉੱਤੇ ਤੂੰ ਪਿਆ ਹੈਂ ਮੈਂ ਤੈਨੂੰ ਅਰ ਤੇਰੀ ਅੰਸ ਨੂੰ ਦਿਆਂਗਾ।

w04 1/15 28 ਪੈਰਾ 6

ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

28:12, 13—ਯਾਕੂਬ ਦੇ “ਪੌੜੀ” ਵਾਲੇ ਸੁਪਨੇ ਦਾ ਕੀ ਮਤਲਬ ਸੀ? ਇਹ “ਪੌੜੀ” ਜੋ ਸ਼ਾਇਦ ਪੱਥਰਾਂ ਦੀ ਬਣੀ ਸੀ, ਇਸ ਗੱਲ ਨੂੰ ਦਰਸਾਉਂਦੀ ਸੀ ਕਿ ਪਰਮੇਸ਼ੁਰ ਇਨਸਾਨਾਂ ਨਾਲ ਸੰਪਰਕ ਬਣਾਈ ਰੱਖਦਾ ਹੈ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚੜ੍ਹਦੇ-ਉਤਰਦੇ ਦੇਖਿਆ ਜਿਸ ਦਾ ਮਤਲਬ ਸੀ ਕਿ ਯਹੋਵਾਹ ਦੇ ਇਨਸਾਨੀ ਸੇਵਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਪਹੁੰਚਾਉਣ ਵਿਚ ਦੂਤ ਅਹਿਮ ਭੂਮਿਕਾ ਨਿਭਾਉਂਦੇ ਹਨ।—ਯੂਹੰਨਾ 1:51.

ਬਾਈਬਲ ਪੜ੍ਹਾਈ

(ਉਤਪਤ 27:1-23)

30 ਮਾਰਚ–5 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 29-30

“ਯਾਕੂਬ ਨੇ ਵਿਆਹ ਕਰਵਾਇਆ”

(ਉਤਪਤ 29:18-20) ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ ਤਾਂ ਉਸ ਆਖਿਆ ਮੈਂ ਤੇਰੀ ਨਿੱਕੀ ਧੀ ਰਾਖੇਲ ਲਈ ਸੱਤ ਵਰਹੇ ਤੇਰੀ ਟਹਿਲ ਕਰਾਂਗਾ। 19 ਅੱਗੋਂ ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ। 20 ਤੂੰ ਮੇਰੇ ਨਾਲ ਰਹੁ। ਯਾਕੂਬ ਨੇ ਰਾਖੇਲ ਲਈ ਸੱਤ ਵਰਹੇ ਟਹਿਲ ਕੀਤੀ ਅਤੇ ਉਹ ਦੀਆਂ ਅੱਖਾਂ ਵਿੱਚ ਉਹ ਦੇ ਪ੍ਰੇਮ ਦੇ ਕਾਰਨ ਉਹ ਥੋੜੇ ਦਿਨਾਂ ਦੇ ਬਰਾਬਰ ਸਨ।

w03 10/15 29 ਪੈਰਾ 6

ਯਾਕੂਬ ਨੇ ਅਧਿਆਤਮਿਕ ਚੀਜ਼ਾਂ ਦੀ ਕਦਰ ਕੀਤੀ

ਲਾੜੀ ਦੇ ਪਰਿਵਾਰ ਨੂੰ ਲਾੜੀ ਦੀ ਕੀਮਤ ਦੇ ਕੇ ਰਿਸ਼ਤਾ ਪੱਕਾ ਕੀਤਾ ਜਾਂਦਾ ਸੀ। ਬਾਅਦ ਵਿਚ ਮੂਸਾ ਦੀ ਬਿਵਸਥਾ ਵਿਚ ਉਨ੍ਹਾਂ ਕੁਆਰੀਆਂ ਕੁੜੀਆਂ ਦੀ ਕੀਮਤ ਚਾਂਦੀ ਦੇ 50 ਸ਼ਕਲ ਨਿਯਤ ਕੀਤੀ ਗਈ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਸੀ। ਵਿਦਵਾਨ ਗੋਰਡਨ ਵੈਨਮ ਮੰਨਦਾ ਹੈ ਕਿ ਇਹ ਕੀਮਤ “ਕੁੜੀ ਦੀ ਸਭ ਤੋਂ ਉੱਚੀ ਕੀਮਤ ਸੀ,” ਪਰ ਆਮ ਤੌਰ ਤੇ ਇਸ ਤੋਂ “ਬਹੁਤ ਘੱਟ” ਕੀਮਤ ਅਦਾ ਕੀਤੀ ਜਾਂਦੀ ਸੀ। (ਬਿਵਸਥਾ ਸਾਰ 22:28, 29) ਯਾਕੂਬ ਲਾੜੀ ਦੀ ਕੀਮਤ ਦੇਣ ਲਈ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਸੱਤ ਸਾਲ ਲਾਬਾਨ ਦੀ ਚਾਕਰੀ ਕਰਨ ਦੀ ਪੇਸ਼ਕਸ਼ ਕੀਤੀ। ਗੋਰਡਨ ਅੱਗੇ ਦੱਸਦਾ ਹੈ: “ਪੁਰਾਣੇ ਬਾਬਲ ਵਿਚ ਮਜ਼ਦੂਰਾਂ ਦੀ ਮਹੀਨੇ ਦੀ ਮਜ਼ਦੂਰੀ ਆਮ ਕਰਕੇ ਅੱਧਾ ਜਾਂ ਇਕ ਸ਼ਕਲ ਹੋਇਆ ਕਰਦੀ ਸੀ” (ਪੂਰੇ ਸੱਤ ਸਾਲ ਦੀ ਮਜ਼ਦੂਰੀ 42 ਤੋਂ 84 ਸ਼ਕਲ), ਇਸ ਲਈ “ਯਾਕੂਬ ਲਾਬਾਨ ਨੂੰ ਰਾਖੇਲ ਦੀ ਬਹੁਤ ਵੱਡੀ ਕੀਮਤ ਦੇ ਰਿਹਾ ਸੀ।” ਲਾਬਾਨ ਝੱਟ ਮੰਨ ਗਿਆ।—ਉਤਪਤ 29:19.

(ਉਤਪਤ 29:21-26) ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇਹ ਕਿਉਂਜੋ ਮੇਰੇ ਦਿਨ ਸੰਪੂਰਣ ਹੋ ਗਏ ਹਨ ਤਾਂਜੋ ਮੈਂ ਉਸ ਦੇ ਕੋਲ ਜਾਵਾਂ। 22 ਤਦ ਲਾਬਾਨ ਨੇ ਉਸ ਥਾਂ ਦੇ ਸਭ ਮਨੁੱਖਾਂ ਨੂੰ ਇਕੱਠੇ ਕਰ ਕੇ ਵੱਡਾ ਖਾਣਾ ਦਿੱਤਾ। 23 ਤੇ ਸ਼ਾਮਾਂ ਵੇਲੇ ਐਉਂ ਹੋਇਆ ਕਿ ਉਹ ਆਪਣੀ ਧੀ ਲੇਆਹ ਨੂੰ ਲੈਕੇ ਉਸ ਦੇ ਕੋਲ ਆਇਆ ਅਤੇ ਉਹ ਉਹ ਦੇ ਕੋਲ ਗਿਆ। 24 ਲਾਬਾਨ ਨੇ ਉਹ ਨੂੰ ਜਿਲਫਾਹ ਆਪਣੀ ਗੋੱਲੀ ਦਿੱਤੀ ਤਾਂਜੋ ਉਹ ਦੀ ਧੀ ਲੇਆਹ ਲਈ ਗੋੱਲੀ ਹੋਵੇ। 25 ਜਾਂ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ ਤਾਂ ਓਸ ਲਾਬਾਨ ਨੂੰ ਆਖਿਆ, ਤੈਂ ਮੇਰੇ ਨਾਲ ਏਹ ਕੀ ਕੀਤਾ? ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ? 26 ਲਾਬਾਨ ਨੇ ਆਖਿਆ, ਸਾਡੇ ਦੇਸ ਵਿੱਚ ਐਉਂ ਨਹੀਂ ਹੁੰਦਾ ਕਿ ਨਿੱਕੀ ਨੂੰ ਪਲੋਠੀ ਤੋਂ ਪਹਿਲਾਂ ਦੇਈਏ।

w07 10/1 8-9

ਦੋ ਦੁਖੀ ਭੈਣਾਂ ਜਿਨ੍ਹਾਂ ਨੇ “ਇਸਰਾਏਲ ਦਾ ਘਰ ਬਣਾਇਆ”

ਕੀ ਯਾਕੂਬ ਨੂੰ ਧੋਖਾ ਦੇਣ ਵਿਚ ਲੇਆਹ ਨੇ ਆਪਣੇ ਪਿਤਾ ਦਾ ਸਾਥ ਦਿੱਤਾ ਸੀ? ਜਾਂ ਕੀ ਉਸ ਨੇ ਸਿਰਫ਼ ਆਪਣੇ ਪਿਤਾ ਦਾ ਹੁਕਮ ਮੰਨਿਆ ਸੀ? ਉਸ ਵੇਲੇ ਰਾਖੇਲ ਕਿੱਥੇ ਸੀ? ਕੀ ਉਸ ਨੂੰ ਪਤਾ ਸੀ ਕਿ ਉਸ ਦੇ ਪਿਤਾ ਨੇ ਕੀ ਸਕੀਮਾਂ ਘੜੀਆਂ ਸਨ? ਜੇ ਪਤਾ ਸੀ, ਤਾਂ ਉਸ ਦਾ ਕੀ ਹਾਲ ਹੋਇਆ ਹੋਣਾ? ਕੀ ਉਸ ਵਿਚ ਆਪਣੇ ਅੜਬ ਪਿਤਾ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ? ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੰਦੀ। ਰਾਖੇਲ ਅਤੇ ਲੇਆਹ ਇਸ ਮਾਮਲੇ ਬਾਰੇ ਜੋ ਵੀ ਸੋਚਦੀਆਂ ਸਨ, ਪਰ ਇਸ ਧੋਖੇ ਤੋਂ ਯਾਕੂਬ ਨੂੰ ਬਹੁਤ ਗੁੱਸਾ ਆਇਆ। ਯਾਕੂਬ ਨੇ ਆਪਣਾ ਗੁੱਸਾ ਲੇਆਹ ਅਤੇ ਰਾਖੇਲ ਉੱਤੇ ਨਹੀਂ ਕੱਢਿਆ, ਸਗੋਂ ਉਹ ਲਾਬਾਨ ਨਾਲ ਲੜਿਆ: “ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ?” ਲਾਬਾਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ: “ਐਉਂ ਨਹੀਂ ਹੁੰਦਾ ਕਿ ਨਿੱਕੀ ਨੂੰ ਪਲੋਠੀ ਤੋਂ ਪਹਿਲਾਂ ਦੇਈਏ। ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ।” (ਉਤਪਤ 29:25-27) ਲਾਬਾਨ ਦੇ ਧੋਖੇ ਕਰਕੇ ਯਾਕੂਬ ਨੂੰ ਦੋ ਵਿਆਹ ਕਰਾਉਣੇ ਪਏ ਤੇ ਉਸ ਦੀਆਂ ਦੋਵੇਂ ਘਰਵਾਲੀਆਂ ਵਿਚ ਸਾਰੀ ਉਮਰ ਈਰਖਾ ਰਹੀ।

it-2 341 ਪੈਰਾ 3

ਵਿਆਹ

ਜਸ਼ਨ। ਭਾਵੇਂ ਕਿ ਵਿਆਹ ʼਤੇ ਕੋਈ ਰਸਮ ਨਹੀਂ ਕੀਤੀ ਜਾਂਦੀ ਸੀ, ਪਰ ਇਜ਼ਰਾਈਲ ਵਿਚ ਹੁੰਦੇ ਵਿਆਹਾਂ ਵਿਚ ਜਸ਼ਨ ਕੀਤਾ ਜਾਂਦਾ ਸੀ। ਵਿਆਹ ਵਾਲੇ ਦਿਨ ਲਾੜੀ ਦੇ ਘਰ ਕਾਫ਼ੀ ਤਿਆਰੀਆਂ ਕੀਤੀਆਂ ਜਾਂਦੀਆਂ ਸਨ। ਪਹਿਲਾਂ ਉਹ ਨਹਾਉਂਦੀ ਸੀ ਅਤੇ ਖ਼ੁਸ਼ਬੂਦਾਰ ਤੇਲ ਲਾਉਂਦੀ ਸੀ। (ਰੂਥ 3:3 ਤੁਲਨਾ ਕਰੋ; ਹਿਜ਼ 23:40) ਕਦੀ-ਕਦਾਈਂ ਲਾੜੀ ਦੀਆਂ ਨੌਕਰਾਣੀਆਂ ਉਸ ਨੂੰ ਸਜਾਵਟੀ ਕਮਰਬੰਦ ਤੇ ਚਿੱਟੇ ਕੱਪੜੇ ਪਵਾਉਂਦੀਆਂ ਸਨ ਜਿਸ ʼਤੇ ਬਹੁਤ ਕਢਾਈ ਕੀਤੀ ਹੁੰਦੀ ਸੀ। ਇਹ ਉਨ੍ਹਾਂ ਦੀ ਆਰਥਿਕ ਹਾਲਤ ʼਤੇ ਨਿਰਭਰ ਕਰਦਾ ਸੀ। (ਯਿਰ 2:32; ਪ੍ਰਕਾ 19:7, 8; ਜ਼ਬੂ 45:13, 14) ਉਹ ਆਪਣੇ ਆਪ ਨੂੰ ਗਹਿਣਿਆਂ ਤੇ ਹੀਰੇ-ਮੋਤੀਆਂ ਨਾਲ ਸਜਾਉਂਦੀ ਸੀ ਜੇ ਉਸ ਕੋਲ ਹੁੰਦੇ ਸਨ (ਯਸਾ 49:18; 61:10; ਪ੍ਰਕਾ 21:2) ਅਤੇ ਫਿਰ ਉਹ ਹਲਕੇ ਕੱਪੜੇ ਨਾਲ ਸਿਰ ਤੋਂ ਪੈਰਾਂ ਤਕ ਘੁੰਡ ਕੱਢਦੀ ਸੀ। (ਯਸਾ 3:19, 23) ਇਸ ਤੋਂ ਪਤਾ ਲੱਗਦਾ ਹੈ ਕਿ ਲਾਬਾਨ ਕਿਵੇਂ ਆਸਾਨੀ ਨਾਲ ਯਾਕੂਬ ਨੂੰ ਧੋਖਾ ਦੇ ਸਕਿਆ। ਯਾਕੂਬ ਨੂੰ ਪਤਾ ਨਹੀਂ ਲੱਗਾ ਕਿ ਲਾਬਾਨ ਉਸ ਨੂੰ ਰਾਖੇਲ ਦੀ ਬਜਾਇ ਲੇਆਹ ਦੇ ਰਿਹਾ ਸੀ। (ਉਤ 29:23, 25) ਇਸਹਾਕ ਕੋਲ ਆਉਣ ਤੋਂ ਪਹਿਲਾਂ ਰਿਬਕਾਹ ਨੇ ਆਪਣਾ ਮੂੰਹ-ਸਿਰ ਢੱਕ ਲਿਆ ਸੀ। (ਉਤ 24:65) ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਲਾੜੀ ਆਪਣੇ ਲਾੜੇ ਦੇ ਅਧਿਕਾਰ ਨੂੰ ਸਵੀਕਾਰ ਕਰਦੀ ਸੀ।—1 ਕੁਰਿੰ 11:5, 10.

(ਉਤਪਤ 29:27, 28) ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ। 28 ਯਾਕੂਬ ਏਸੇ ਤਰਾਂ ਕੀਤਾ ਅਰ ਏਹਦਾ ਸਾਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖੇਲ ਵਿਆਹ ਦਿੱਤੀ।

ਹੀਰੇ-ਮੋਤੀਆਂ ਦੀ ਖੋਜ ਕਰੋ

(ਉਤਪਤ 30:3) ਤਾਂ ਓਸ ਆਖਿਆ, ਵੇਖ ਮੇਰੀ ਗੋੱਲੀ ਬਿਲਹਾਹ ਹੈ। ਉਸ ਦੇ ਕੋਲ ਜਾਹ ਅਰ ਉਹ ਮੇਰੇ ਗੋਡਿਆਂ ਉੱਤੇ ਜਣੂਗੀ ਤਾਂਜੋ ਮੈਂ ਭੀ ਉਸ ਤੋਂ ਅੰਸ ਵਾਲੀ ਬਣਾਈ ਜਾਵਾਂ।

it-1 50

ਗੋਦ ਲੈਣਾ

ਰਾਖੇਲ ਤੇ ਲੇਆਹ ਉਨ੍ਹਾਂ ਨੂੰ ਆਪਣੇ ਮੁੰਡੇ ਮੰਨਦੀਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਨੌਕਰਾਣੀਆਂ ਨੇ ਜਨਮ ਦਿੱਤਾ ਸੀ। (ਉਤ. 30:3-8, 12, 13, 24) ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਬੱਚਿਆਂ ਨਾਲ ਵਿਰਾਸਤ ਮਿਲੀ ਜਿਨ੍ਹਾਂ ਨੂੰ ਯਾਕੂਬ ਦੀਆਂ ਪਤਨੀਆਂ ਨੇ ਜਨਮ ਦਿੱਤਾ ਸੀ। ਉਹ ਪਿਤਾ ਦੇ ਕੁਦਰਤੀ ਪੁੱਤਰ ਸਨ। ਨੌਕਰਾਣੀਆਂ ਰਾਖੇਲ ਤੇ ਲੇਆਹ ਦੀ ਜਾਗੀਰ ਸਨ ਜਿਸ ਕਰਕੇ ਇਨ੍ਹਾਂ ਦੋਵਾਂ ਦਾ ਨੌਕਰਾਣੀਆਂ ਦੇ ਬੱਚਿਆਂ ਦੀ ਵਿਰਾਸਤ ʼਤੇ ਹੱਕ ਸੀ।

(ਉਤਪਤ 30:14, 15) ਤਾਂ ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦੀਆਂ ਪਾਈਆਂ ਅਰ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖੇਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤ੍ਰ ਦੀਆਂ ਦੂਦੀਆਂ ਵਿੱਚੋਂ ਮੈਨੂੰ ਦੇ। 15 ਉਸ ਉਹ ਨੂੰ ਆਖਿਆ, ਕੀ ਏਹ ਨਿੱਕੀ ਗੱਲ ਹੈ ਕਿ ਤੈਂ ਮੇਰਾ ਮਰਦ ਲੈ ਲਿਆ ਅਰ ਹੁਣ ਤੂੰ ਮੇਰੇ ਪੁੱਤ੍ਰ ਦੀਆਂ ਦੂਦੀਆਂ ਵੀ ਲੈ ਲਵੇਂਗੀ? ਰਾਖੇਲ ਨੇ ਆਖਿਆ, ਏਸ ਲਈ ਤੇਰੇ ਪੁੱਤ੍ਰ ਦੀਆਂ ਦੂਦੀਆਂ ਦੇ ਬਦਲੇ ਉਹ ਮਰਦ ਤੇਰੇ ਸੰਗ ਅੱਜ ਦੀ ਰਾਤ ਲੇਟੇਗਾ।

w04 1/15 28 ਪੈਰਾ 7

ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

30:14, 15—ਰਾਖੇਲ ਨੇ ਕੁਝ ਦੂਦੀਆਂ ਦੇ ਬਦਲੇ ਆਪਣੇ ਪਤੀ ਤੋਂ ਗਰਭਵਤੀ ਹੋਣ ਦਾ ਇਕ ਮੌਕਾ ਕਿਉਂ ਤਿਆਗ ਦਿੱਤਾ ਸੀ? ਪੁਰਾਣੇ ਜ਼ਮਾਨੇ ਵਿਚ ਦੂਦੀ ਪੌਦੇ (ਮੈਂਡਰਕ) ਦੇ ਫਲ ਨੂੰ ਨਸ਼ੇ ਦੀ ਦਵਾਈ ਜਾਂ ਦਰਦ-ਨਿਵਾਰਕ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਸੀ। ਲੋਕ ਇਹ ਵੀ ਮੰਨਦੇ ਸਨ ਕਿ ਇਹ ਫਲ ਖਾਣ ਨਾਲ ਜਿਨਸੀ ਲਾਲਸਾ ਵਧਦੀ ਹੈ ਅਤੇ ਔਰਤਾਂ ਵਿਚ ਬੱਚੇ ਪੈਦਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ। (ਸਰੇਸ਼ਟ ਗੀਤ 7:13) ਭਾਵੇਂ ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਰਾਖੇਲ ਨੇ ਇਹ ਲੈਣ-ਦੇਣ ਕਿਉਂ ਕੀਤਾ ਸੀ, ਪਰ ਹੋ ਸਕਦਾ ਹੈ ਕਿ ਉਸ ਨੇ ਵੀ ਇਹ ਸੋਚਿਆ ਹੋਵੇ ਕਿ ਦੂਦੀਆਂ ਉਸ ਦੀ ਬਾਂਝਪੁਣੇ ਦੀ ਲਾਨ੍ਹਤ ਤੋਂ ਛੁੱਟਣ ਅਤੇ ਮਾਂ ਬਣਨ ਵਿਚ ਮਦਦ ਕਰਨਗੀਆਂ। ਪਰ ਉਹ ਕੁਝ ਸਾਲਾਂ ਬਾਅਦ ਜਾ ਕੇ ਮਾਂ ਬਣੀ ਜਦੋਂ ਯਹੋਵਾਹ ਨੇ “ਉਹ ਦੀ ਕੁੱਖ ਨੂੰ ਖੋਲ੍ਹਿਆ।”—ਉਤਪਤ 30:22-24.

ਬਾਈਬਲ ਪੜ੍ਹਾਈ

(ਉਤਪਤ 30:1-21)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ