ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
1-7 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 18-19
“ਯਹੋਵਾਹ ਨੇ ਸਮਝਦਾਰੀ ਨਾਲ ਜ਼ਮੀਨ ਵੰਡੀ”
it-1 359 ਪੈਰਾ 1
ਸਰਹੱਦ
ਇਜ਼ਰਾਈਲ ਦੇ ਗੋਤਾਂ ਵਿਚ ਇਲਾਕਾ ਵੰਡਣ ਲਈ ਦੋ ਕੰਮ ਕੀਤੇ ਗਏ। ਪਹਿਲਾ ਤਾਂ ਗੁਣੇ ਪਾਏ ਗਏ ਅਤੇ ਫਿਰ ਦੇਖਿਆ ਗਿਆ ਕਿ ਕਿਹੜਾ ਗੋਤ ਕਿੰਨਾ ਵੱਡਾ ਹੈ। ਸ਼ਾਇਦ ਗੁਣੇ ਪਾ ਕੇ ਇਹ ਤੈਅ ਕੀਤਾ ਗਿਆ ਕਿ ਕਿਹੜੇ ਗੋਤ ਨੂੰ ਦੇਸ਼ ਵਿਚ ਜ਼ਮੀਨ ਕਿੱਥੇ ਮਿਲਣੀ ਚਾਹੀਦੀ ਹੈ, ਉੱਤਰ ਵਿਚ, ਦੱਖਣ ਵਿਚ, ਪੂਰਬ ਵਿਚ, ਸਮੁੰਦਰੀ ਕਿਨਾਰੇ ਦੇ ਮੈਦਾਨੀ ਇਲਾਕੇ ਵਿਚ ਜਾਂ ਪਹਾੜੀ ਇਲਾਕੇ ਵਿਚ। ਗੁਣੇ ਇਸ ਲਈ ਪਾਏ ਗਏ ਸਨ ਤਾਂਕਿ ਜੋ ਵੀ ਫ਼ੈਸਲਾ ਨਿਕਲੇ, ਉਸ ਨੂੰ ਯਹੋਵਾਹ ਦਾ ਫ਼ੈਸਲਾ ਮੰਨਿਆ ਜਾਵੇ ਅਤੇ ਕਿਸੇ ਗੋਤ ਨੂੰ ਦੂਜੇ ਗੋਤ ਨਾਲ ਈਰਖਾ ਨਾ ਹੋਵੇ ਅਤੇ ਉਨ੍ਹਾਂ ਵਿਚ ਝਗੜੇ ਨਾ ਹੋਣ। (ਕਹਾ 16:33) ਯਹੋਵਾਹ ਨੇ ਗੁਣੇ ਦੇ ਜ਼ਰੀਏ ਆਪਣਾ ਫ਼ੈਸਲਾ ਦੱਸ ਕੇ ਇਸ ਦਾ ਵੀ ਧਿਆਨ ਰੱਖਿਆ ਕਿ ਹਰ ਗੋਤ ਨੂੰ ਯਾਕੂਬ ਦੀ ਭਵਿੱਖਬਾਣੀ ਅਨੁਸਾਰ ਇਲਾਕਾ ਮਿਲੇ। ਇਹ ਭਵਿੱਖਬਾਣੀ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਕੀਤੀ ਸੀ ਅਤੇ ਇਹ ਉਤਪਤ 49:1-33 ਵਿਚ ਲਿਖੀ ਹੋਈ ਹੈ।
it-1 1200 ਪੈਰਾ 1
ਵਿਰਾਸਤ
ਉਤਪਤ 49:5, 7 ਵਿਚ ਜ਼ਿਕਰ ਕੀਤੀ ਯਾਕੂਬ ਦੀ ਭਵਿੱਖਬਾਣੀ ਅਨੁਸਾਰ ਸ਼ਿਮਓਨ ਅਤੇ ਲੇਵੀ ਗੋਤ ਨੂੰ ਅਲੱਗ ਤੋਂ ਵਿਰਾਸਤ ਨਹੀਂ ਦਿੱਤੀ ਗਈ। ਸ਼ਿਮਓਨ ਗੋਤ ਨੂੰ ਯਹੂਦਾਹ ਗੋਤ ਦੇ ਹਿੱਸੇ ਵਿੱਚੋਂ ਹੀ ਵਿਰਾਸਤ ਮਿਲੀ। (ਯਹੋ 19:1-9) ਲੇਵੀ ਗੋਤ ਨੂੰ ਪੂਰੇ ਇਜ਼ਰਾਈਲ ਦੇਸ਼ ਵਿਚ ਸਾਰੇ ਗੋਤਾਂ ਦੇ ਇਲਾਕਿਆਂ ਵਿੱਚੋਂ 48 ਸ਼ਹਿਰ ਦਿੱਤੇ ਗਏ।
it-1 359 ਪੈਰਾ 2
ਸਰਹੱਦ
ਇਕ ਵਾਰ ਜਦੋਂ ਇਹ ਤੈਅ ਹੋ ਗਿਆ ਕਿ ਗੋਤਾਂ ਨੂੰ ਕਿੱਥੇ-ਕਿੱਥੇ ਜ਼ਮੀਨ ਮਿਲਣੀ ਚਾਹੀਦੀ ਸੀ, ਤਾਂ ਇਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਹਰ ਗੋਤ ਨੂੰ ਕਿੰਨਾ ਕੁ ਇਲਾਕਾ ਮਿਲਣਾ ਚਾਹੀਦਾ ਹੈ। ਇਸ ਲਈ ਇਹ ਦੇਖਿਆ ਗਿਆ ਕਿ ਇਕ ਗੋਤ ਕਿੰਨਾ ਵੱਡਾ ਹੈ। ਯਹੋਵਾਹ ਨੇ ਕਿਹਾ ਸੀ: “ਤੁਸੀਂ ਗੁਣੇ ਪਾ ਕੇ ਆਪਣੇ ਪਰਿਵਾਰਾਂ ਵਿਚ ਜ਼ਮੀਨ ਵੰਡਣੀ। ਤੁਸੀਂ ਵੱਡੇ ਸਮੂਹਾਂ ਨੂੰ ਵਿਰਾਸਤ ਵਿਚ ਜ਼ਿਆਦਾ ਜ਼ਮੀਨ ਦੇਣੀ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦੇਣੀ। ਤੁਸੀਂ ਗੁਣੇ ਪਾ ਕੇ ਫ਼ੈਸਲਾ ਕਰਨਾ ਕਿ ਕਿਸ ਨੂੰ ਕਿੱਥੇ ਵਿਰਾਸਤ ਮਿਲੇਗੀ। ਤੁਹਾਨੂੰ ਆਪਣੇ ਪਿਉ-ਦਾਦਿਆਂ ਦੇ ਗੋਤਾਂ ਅਨੁਸਾਰ ਵਿਰਾਸਤ ਮਿਲੇਗੀ।” (ਗਿਣ 33:54) ਹਰ ਗੋਤ ਨੂੰ ਦੇਸ਼ ਵਿਚ ਉੱਥੇ ਹੀ ਜ਼ਮੀਨ ਮਿਲਣੀ ਸੀ ਜੋ ਗੁਣੇ ਅਨੁਸਾਰ ਨਿਕਲਣੀ ਸੀ। ਇਸ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਜਾਣਾ ਸੀ। ਇਸੇ ਕਰਕੇ ਜਦੋਂ ਦੇਖਿਆ ਗਿਆ ਕਿ ਯਹੂਦਾਹ ਨੂੰ ਮਿਲਣ ਵਾਲਾ ਇਲਾਕਾ ਕੁਝ ਜ਼ਿਆਦਾ ਹੀ ਵੱਡਾ ਸੀ, ਤਾਂ ਉਸ ਨੂੰ ਘਟਾ ਦਿੱਤਾ ਗਿਆ। ਉਸੇ ਦੇ ਇਲਾਕੇ ਵਿਚ ਕਿਤੇ-ਕਿਤੇ ਸ਼ਿਮਓਨ ਗੋਤ ਨੂੰ ਜ਼ਮੀਨ ਦਿੱਤੀ ਗਈ।—ਯਹੋ 19:9.
ਹੀਰੇ-ਮੋਤੀ
it-1 359 ਪੈਰਾ 5
ਸਰਹੱਦ
ਇਜ਼ਰਾਈਲ ਦੇ ਸੱਤ ਗੋਤ ਯਰਦਨ ਦੇ ਪੱਛਮੀ ਇਲਾਕੇ ʼਤੇ ਕਬਜ਼ਾ ਕਰਨ ਵਿਚ ਢਿੱਲ-ਮੱਠ ਕਿਉਂ ਕਰ ਰਹੇ ਸਨ? ਬਾਈਬਲ ਦਾ ਅਧਿਐਨ ਕਰਨ ਵਾਲਿਆਂ ਅਨੁਸਾਰ ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਕਾਰਨ ਇਹ ਹੋ ਸਕਦਾ ਹੈ ਕਿ ਇਜ਼ਰਾਈਲੀਆਂ ਨੇ ਹੁਣ ਤਕ ਜਿਨ੍ਹਾਂ ਇਲਾਕਿਆਂ ʼਤੇ ਕਬਜ਼ਾ ਕੀਤਾ ਸੀ, ਉੱਥੋਂ ਉਨ੍ਹਾਂ ਨੇ ਲੁੱਟ ਦਾ ਬਹੁਤ ਸਾਰਾ ਮਾਲ ਇਕੱਠਾ ਕਰ ਲਿਆ ਸੀ। ਨਾਲੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਨਹੀਂ ਸੀ ਕਿ ਕਨਾਨੀ ਉਨ੍ਹਾਂ ʼਤੇ ਹਮਲਾ ਕਰਨਗੇ। ਇਸ ਲਈ ਉਨ੍ਹਾਂ ਨੂੰ ਲੱਗਾ ਕਿ ਬਾਕੀ ਇਲਾਕਿਆਂ ʼਤੇ ਕਬਜ਼ਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਲੱਗਾ ਹੋਵੇ ਕਿ ਬਾਕੀ ਇਲਾਕਿਆਂ ਵਿਚ ਦੁਸ਼ਮਣਾਂ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੀ ਗਿਣਤੀ ਬਹੁਤ ਸੀ ਤੇ ਉਹ ਤਾਕਤਵਰ ਵੀ ਸਨ। (ਯਹੋ 13:1-7) ਇਸ ਤੋਂ ਇਲਾਵਾ, ਉਹ ਜਿਨ੍ਹਾਂ ਇਲਾਕਿਆਂ ʼਤੇ ਕਬਜ਼ਾ ਕਰ ਚੁੱਕੇ ਸਨ, ਉਨ੍ਹਾਂ ਦੇ ਮੁਕਾਬਲੇ ਵਿਚ ਇਜ਼ਰਾਈਲੀਆਂ ਨੂੰ ਇਨ੍ਹਾਂ ਇਲਾਕਿਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਇਸ ਲਈ ਉਹ ਇਨ੍ਹਾਂ ਇਲਾਕਿਆਂ ʼਤੇ ਕਬਜ਼ਾ ਕਰਨ ਵਿਚ ਢਿੱਲ-ਮੱਠ ਕਰ ਰਹੇ ਸਨ।
8-14 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 20-22
“ਗ਼ਲਤਫ਼ਹਿਮੀ ਤੋਂ ਸਬਕ”
ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਣ ਦੀ ਕਲਾ
ਜਦੋਂ ਅਸੀਂ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ, ਤਾਂ ਗ਼ਲਤਫ਼ਹਿਮੀ ਦੇ ਸ਼ਿਕਾਰ ਹੋਣ ਦੀ ਗੁੰਜਾਇਸ਼ ਘੱਟ ਜਾਂਦੀ ਹੈ। ਮਿਸਾਲ ਲਈ, ਇਸਰਾਏਲੀਆਂ ਦੇ ਕੁਝ ਗੋਤਾਂ ਵਿਚਕਾਰ ਜੋ ਹੋਇਆ ਉਸ ਵੱਲ ਧਿਆਨ ਦਿਓ। ਯਰਦਨ ਦਰਿਆ ਦੇ ਪੂਰਬੀ ਪਾਸੇ ਵਸਦੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਦਰਿਆ ਕਿਨਾਰੇ ‘ਇੱਕ ਜਗਵੇਦੀ ਬਣਾਈ ਜਿਹੜੀ ਵੇਖਣ ਵਿੱਚ ਵੱਡੀ ਸਾਰੀ’ ਸੀ। ਪਰ ਜਦ ਇਸ ਦੀ ਖ਼ਬਰ ਯਰਦਨ ਦੇ ਪੱਛਮੀ ਪਾਸੇ ਰਹਿੰਦੇ ਉਨ੍ਹਾਂ ਦੇ ਗੋਤੀਆਂ ਨੂੰ ਮਿਲੀ, ਤਾਂ ਉਨ੍ਹਾਂ ਨੂੰ ਗ਼ਲਤਫ਼ਹਿਮੀ ਹੋ ਗਈ ਕਿ ਪੂਰਬ ਵਿਚ ਉਨ੍ਹਾਂ ਦੇ ਭਰਾ ਯਹੋਵਾਹ ਦਾ ਲੜ ਛੱਡ ਕੇ ਝੂਠੇ ਦੇਵੀ-ਦੇਵਤਿਆਂ ਨੂੰ ਚੜ੍ਹਾਵੇ ਚੜ੍ਹਾਉਣ ਲੱਗ ਪਏ ਸਨ। ਉਨ੍ਹਾਂ ਨੇ ਫ਼ੌਰਨ ਯੁੱਧ ਕਰਨ ਦਾ ਫ਼ੈਸਲਾ ਕੀਤਾ। ਪਰ ਯੁੱਧ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੂਰਬ ਵੱਲ ਰਹਿੰਦੇ ਆਪਣੇ ਗੋਤੀਆਂ ਨਾਲ ਗੱਲਬਾਤ ਕਰਨ ਲਈ ਕੁਝ ਬੰਦੇ ਘੱਲੇ। ਇਹ ਕਿੰਨੀ ਸਮਝਦਾਰੀ ਦੀ ਗੱਲ ਸਾਬਤ ਹੋਈ! ਗੱਲਬਾਤ ਕਰਨ ਨਾਲ ਪਤਾ ਲੱਗਾ ਕਿ ਪੂਰਬੀ ਪਾਸੇ ਦੇ ਗੋਤਾਂ ਨੇ ਜਗਵੇਦੀ ਝੂਠੇ ਦੇਵੀ-ਦੇਵਤਿਆਂ ਨੂੰ ਚੜ੍ਹਾਵੇ ਚੜ੍ਹਾਉਣ ਲਈ ਨਹੀਂ ਬਣਾਈ ਸੀ, ਸਗੋਂ ਉਨ੍ਹਾਂ ਨੇ ਇਸ ਡਰੋਂ ਜਗਵੇਦੀ ਬਣਾਈ ਸੀ ਕਿ ਭਵਿੱਖ ਵਿਚ ਕੋਈ ਗੋਤ ਖੜ੍ਹਾ ਹੋ ਕੇ ਉਨ੍ਹਾਂ ਦੇ ਪੁੱਤਰਾਂ ਨੂੰ ਇਸ ਤਰ੍ਹਾਂ ਨਾ ਕਹੇ ਕਿ “ਤੁਹਾਡੇ ਲਈ ਯਹੋਵਾਹ ਵਿੱਚ ਕੋਈ ਹਿੱਸਾ ਨਹੀਂ।” ਇਹ ਜਗਵੇਦੀ ਉਨ੍ਹਾਂ ਵਿਚ ਸਾਖੀ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਉਹ ਉਸ ਦੇ ਸੇਵਕ ਸਨ। ਉਨ੍ਹਾਂ ਨੇ ਜਗਵੇਦੀ ਦਾ ਨਾਂ ਵੀ ‘ਸਾਖੀ’ ਹੀ ਰੱਖਿਆ ਸੀ।—ਯਹੋਸ਼ੁਆ 22:10-29, 34.
ਸ਼ਾਂਤੀ ਬਣਾਈ ਰੱਖੋ
ਉਨ੍ਹਾਂ ਵਿੱਚੋਂ ਕਈਆਂ ਨੇ ਸੋਚਿਆ ਹੋਣਾ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਵੱਡਾ ਪਾਪ ਕੀਤਾ ਗਿਆ ਸੀ। ਇਸ ਲਈ ਉਹ ਛੁਪ ਕੇ ਹਮਲਾ ਕਰਨਾ ਚਾਹੁੰਦੇ ਸਨ ਤਾਂਕਿ ਜ਼ਿਆਦਾ ਖ਼ੂਨ-ਖ਼ਰਾਬਾ ਨਾ ਹੋਵੇ। ਪਰ ਕਾਹਲੀ ਨਾਲ ਕਦਮ ਚੁੱਕਣ ਦੀ ਬਜਾਇ ਯਰਦਨ ਦੇ ਪੱਛਮੀ ਪਾਸੇ ਦੇ ਗੋਤਾਂ ਨੇ ਕੁਝ ਆਦਮੀਆਂ ਨੂੰ ਆਪਣੇ ਭਰਾਵਾਂ ਨਾਲ ਗੱਲ ਕਰਨ ਲਈ ਭੇਜਿਆ। ਉਨ੍ਹਾਂ ਨੇ ਪੁੱਛਿਆ: “ਏਹ ਕੀ ਬੇਈਮਾਨੀ ਹੈ ਜਿਹੜੀ ਤੁਸਾਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ?” ਦਰਅਸਲ ਜਗਵੇਦੀ ਬਣਾਉਣ ਵਾਲੇ ਗੋਤਾਂ ਨੇ ਪਰਮੇਸ਼ੁਰ ਦੇ ਵਿਰੁੱਧ ਕੋਈ ਗ਼ਲਤੀ ਨਹੀਂ ਕੀਤੀ ਸੀ। ਪਰ ਉਹ ਇਸ ਇਲਜ਼ਾਮ ਦਾ ਕਿੱਦਾਂ ਜਵਾਬ ਦਿੰਦੇ? ਕੀ ਉਹ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਜਾਂ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰਦੇ? ਉਨ੍ਹਾਂ ਨੇ ਨਰਮਾਈ ਨਾਲ ਜਵਾਬ ਦਿੱਤਾ ਅਤੇ ਸਾਫ਼-ਸਾਫ਼ ਸਮਝਾਇਆ ਕਿ ਉਨ੍ਹਾਂ ਨੇ ਇਹ ਜਗਵੇਦੀ ਯਹੋਵਾਹ ਦੀ ਉਪਾਸਨਾ ਕਰਨ ਲਈ ਬਣਾਈ ਸੀ। ਇਸ ਤਰ੍ਹਾਂ ਨਰਮਾਈ ਨਾਲ ਪੇਸ਼ ਆ ਕੇ ਉਨ੍ਹਾਂ ਨੇ ਨਾ ਸਿਰਫ਼ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਣਾਈ ਰੱਖਿਆ, ਸਗੋਂ ਕਈ ਜਾਨਾਂ ਵੀ ਬਚਾਈਆਂ ਗਈਆਂ। ਸ਼ਾਂਤੀ ਨਾਲ ਗੱਲ ਕਰਨ ਕਰਕੇ ਮਾਮਲਾ ਸੁਲਝਾਇਆ ਗਿਆ ਅਤੇ ਉਨ੍ਹਾਂ ਵਿਚ ਏਕਤਾ ਬਣੀ ਰਹੀ।—ਯਹੋ. 22:13-34.
ਹੀਰੇ-ਮੋਤੀ
it-1 402 ਪੈਰਾ 3
ਕਨਾਨ
ਇਜ਼ਰਾਈਲੀਆਂ ਦੇ ਆਲੇ-ਦੁਆਲੇ ਜਿੰਨੇ ਵੀ ਕਨਾਨੀ ਰਹਿੰਦੇ ਸਨ, ਉਹ ਇਜ਼ਰਾਈਲੀਆਂ ਤੋਂ ਡਰਦੇ ਸਨ। ਇਜ਼ਰਾਈਲੀਆਂ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਜਦੋਂ ਤਕ ਉਹ ਯਹੋਵਾਹ ਦਾ ਕਹਿਣਾ ਮੰਨਦੇ, ਉਦੋਂ ਤਕ ਉਹ ਉਨ੍ਹਾਂ ਦੀ ਰਾਖੀ ਕਰਦਾ। ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਕਨਾਨੀਆਂ ਨੂੰ “ਥੋੜ੍ਹੇ-ਥੋੜ੍ਹੇ ਕਰ ਕੇ” ਦੇਸ਼ ਵਿੱਚੋਂ ਕੱਢੇਗਾ। ਉਸ ਸਮੇਂ ਇਜ਼ਰਾਈਲੀਆਂ ਦੀ ਗਿਣਤੀ ਜ਼ਿਆਦਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਪੂਰੇ ਦੇਸ਼ ਦੇ ਇਲਾਕੇ ਦੀ ਲੋੜ ਨਹੀਂ ਸੀ। ਯਹੋਵਾਹ ਨੇ ਇਕ ਹੋਰ ਕਾਰਨ ਕਰਕੇ ਵੀ ਸਾਰੇ ਕਨਾਨੀਆਂ ਨੂੰ ਇੱਕੋ ਸਮੇਂ ʼਤੇ ਨਾਸ਼ ਨਹੀਂ ਕੀਤਾ। ਜੇ ਉਹ ਉਨ੍ਹਾਂ ਦਾ ਨਾਸ਼ ਕਰ ਦਿੰਦਾ, ਤਾਂ ਦੇਸ਼ ਦੇ ਕੁਝ ਇਲਾਕੇ ਉਜਾੜ ਹੋ ਜਾਣੇ ਸਨ ਅਤੇ ਜੰਗਲੀ ਜਾਨਵਰਾਂ ਦੀ ਗਿਣਤੀ ਵਧ ਜਾਣੀ ਸੀ।—ਕੂਚ 23:29, 30; ਬਿਵ 7:22.
15-21 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 23-24
“ਯਹੋਸ਼ੁਆ ਦੇ ਆਖ਼ਰੀ ਸ਼ਬਦ”
it-1 75
ਗੱਠਜੋੜ
ਇਜ਼ਰਾਈਲੀਆਂ ਨੂੰ ਕਨਾਨ ਦੇਸ਼ ʼਤੇ ਕਬਜ਼ਾ ਕਰਨ ਦਾ ਪੂਰਾ ਅਧਿਕਾਰ ਸੀ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਦੇਸ਼ ਵਿਚ ਪਰਦੇਸੀਆਂ ਵਜੋਂ ਨਹੀਂ ਰਹਿਣਾ ਸੀ। ਇਸ ਲਈ ਉਨ੍ਹਾਂ ਨੂੰ ਕਨਾਨੀਆਂ ਨਾਲ ਕੋਈ ਵੀ ਇਕਰਾਰ ਕਰਨ ਦੀ ਲੋੜ ਨਹੀਂ ਸੀ। ਯਹੋਵਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਉਹ ਉਨ੍ਹਾਂ ਨਾਲ ਕੋਈ ਇਕਰਾਰ ਨਾ ਕਰਨ ਕਿਉਂਕਿ ਉਹ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। (ਕੂਚ 23:31-33; 34:11-16) ਯਹੋਵਾਹ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਕਨਾਨੀਆਂ ਨਾਲ ਵਿਆਹ ਨਾ ਕਰਨ। ਉਨ੍ਹਾਂ ਨਾਲ ਰਿਸ਼ਤਾ ਜੋੜ ਕੇ ਉਹ ਵੀ ਪਾਪ ਕਰ ਬੈਠਦੇ। ਆਪਣੀ ਪਤਨੀ ਜਾਂ ਦੂਸਰੇ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਉਹ ਵੀ ਝੂਠੇ ਰੀਤੀ-ਰਿਵਾਜ ਕਰਨ ਲੱਗ ਸਕਦੇ ਸਨ। ਜੇ ਉਹ ਇੱਦਾਂ ਕਰ ਕੇ ਯਹੋਵਾਹ ਦੇ ਖ਼ਿਲਾਫ਼ ਜਾਂਦੇ, ਤਾਂ ਉਸ ਨੇ ਉਨ੍ਹਾਂ ਦੀ ਰਾਖੀ ਨਹੀਂ ਕਰਨੀ ਸੀ ਅਤੇ ਉਨ੍ਹਾਂ ਨੂੰ ਬਰਕਤ ਵੀ ਨਹੀਂ ਦੇਣੀ ਸੀ।—ਬਿਵ 7:2-4; ਕੂਚ 34:16; ਯਹੋ 23:12, 13.
ਯਹੋਵਾਹ ਦੇ ਵਾਅਦੇ ਪੂਰੇ ਹੋ ਕੇ ਰਹਿੰਦੇ ਹਨ
19 ਅਸੀਂ ਆਪਣੀ ਅੱਖੀਂ ਪੂਰੀਆਂ ਹੁੰਦੀਆਂ ਗੱਲਾਂ ਦੇਖ ਕੇ ਕਹਿ ਸਕਦੇ ਹਾਂ: ‘ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਵਿਖੇ ਬੋਲਿਆ। ਓਹ ਸਾਰੇ ਸਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।’ (ਯਹੋਸ਼ੁਆ 23:14) ਵਾਕਈ ਯਹੋਵਾਹ ਆਪਣੇ ਲੋਕਾਂ ਨੂੰ ਆਜ਼ਾਦ ਕਰਦਾ, ਉਨ੍ਹਾਂ ਦੀ ਰਾਖੀ ਕਰਦਾ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਕੀ ਤੁਹਾਨੂੰ ਉਸ ਦਾ ਕੋਈ ਵਾਅਦਾ ਯਾਦ ਆਉਂਦਾ ਹੈ ਜੋ ਉਸ ਨੇ ਵੇਲੇ ਸਿਰ ਪੂਰਾ ਨਾ ਕੀਤਾ ਹੋਵੇ? ਨਹੀਂ। ਇਸ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਯਹੋਵਾਹ ਦੇ ਵਾਅਦਿਆਂ ਤੇ ਪੂਰਾ ਭਰੋਸਾ ਰੱਖੀਏ।
20 ਭਵਿੱਖ ਲਈ ਸਾਡੀ ਕੀ ਆਸ ਹੈ? ਯਹੋਵਾਹ ਵਾਅਦਾ ਕਰਦਾ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਨਵੀਂ ਦੁਨੀਆਂ ਵਿਚ ਜੀਵਨ ਪਾਉਣ ਦੀ ਉਮੀਦ ਰੱਖ ਸਕਦੇ ਹਨ ਜਦੋਂ ਸਾਰੀ ਧਰਤੀ ਨੂੰ ਖੂਬਸੂਰਤ ਬਾਗ਼ ਦੀ ਤਰ੍ਹਾਂ ਬਣਾ ਦਿੱਤਾ ਜਾਵੇਗਾ। ਸਾਡੇ ਵਿੱਚੋਂ ਕੁਝ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਹਨ। ਸਾਡੀ ਜੋ ਵੀ ਉਮੀਦ ਹੈ, ਯਹੋਸ਼ੁਆ ਵਾਂਗ ਸਾਡੇ ਸਾਰਿਆਂ ਕੋਲ ਵਫ਼ਾਦਾਰ ਰਹਿਣ ਦਾ ਹਰ ਕਾਰਨ ਹੈ। ਉਹ ਦਿਨ ਆਉਣ ਵਾਲਾ ਹੈ ਜਦ ਸਾਡੀ ਸਾਰਿਆਂ ਦੀ ਉਮੀਦ ਜ਼ਰੂਰ ਪੂਰੀ ਹੋਵੇਗੀ। ਫਿਰ ਅਸੀਂ ਯਹੋਵਾਹ ਦੇ ਵਾਅਦਿਆਂ ਨੂੰ ਚੇਤੇ ਕਰ ਕੇ ਕਹਾਂਗੇ: ‘ਓਹ ਸਾਰੇ ਪੂਰੇ ਹੋਏ।’
ਹੀਰੇ-ਮੋਤੀ
ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
24:2—ਕੀ ਅਬਰਾਹਾਮ ਦਾ ਪਿਤਾ ਤਾਰਹ ਮੂਰਤੀਆਂ ਦੀ ਪੂਜਾ ਕਰਦਾ ਸੀ? ਪਹਿਲਾਂ-ਪਹਿਲਾਂ ਤਾਰਹ ਯਹੋਵਾਹ ਦਾ ਭਗਤ ਨਹੀਂ ਸੀ। ਹੋ ਸਕਦਾ ਹੈ ਕਿ ਉਹ ਊਰ ਦੇ ਸਿੰਨ ਨਾਂ ਦੇ ਚੰਨ-ਦੇਵਤੇ ਦੀ ਪੂਜਾ ਕਰਦਾ ਹੁੰਦਾ ਸੀ। ਯਹੂਦੀਆਂ ਦਾ ਕਹਿਣਾ ਹੈ ਕਿ ਤਾਰਹ ਸ਼ਾਇਦ ਮੂਰਤੀਆਂ ਦਾ ਬਣਾਉਣ ਵਾਲਾ ਸੀ। ਪਰ ਜਦ ਯਹੋਵਾਹ ਨੇ ਅਬਰਾਹਾਮ ਨੂੰ ਊਰ ਛੱਡ ਕੇ ਜਾਣ ਲਈ ਕਿਹਾ, ਤਾਂ ਤਾਰਹ ਉਸ ਨਾਲ ਹਾਰਾਨ ਨੂੰ ਗਿਆ ਸੀ।—ਉਤਪਤ 11:31.
22-28 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 1-3
“ਦਲੇਰੀ ਅਤੇ ਹੁਸ਼ਿਆਰੀ ਦੀ ਕਹਾਣੀ”
ਏਹੂਦ ਨੇ ਜ਼ਾਲਮ ਰਾਜੇ ਦੇ ਜੂਲੇ ਨੂੰ ਤੋੜਿਆ
ਏਹੂਦ ਆਪਣੀ ਚਲਾਕੀ ਕਰਕੇ ਜਾਂ ਦੁਸ਼ਮਣ ਕਮਜ਼ੋਰ ਹੋਣ ਕਰਕੇ ਆਪਣੇ ਕੰਮ ਵਿਚ ਕਾਮਯਾਬ ਨਹੀਂ ਹੋਇਆ ਸੀ। ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਇਨਸਾਨਾਂ ਦੀ ਯੋਗਤਾ ਉੱਤੇ ਨਿਰਭਰ ਨਹੀਂ ਕਰਦੀ। ਏਹੂਦ ਦੀ ਕਾਮਯਾਬੀ ਦਾ ਇੱਕੋ-ਇਕ ਰਾਜ਼ ਸੀ ਕਿ ਪਰਮੇਸ਼ੁਰ ਨੇ ਉਸ ਦੀ ਮਦਦ ਕੀਤੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਰਮੇਸ਼ੁਰ ਦੇ ਲੋਕਾਂ ਨੂੰ ਛੁਡਾਉਣ ਲਈ ਕਦਮ ਚੁੱਕੇ ਸਨ। ਪਰਮੇਸ਼ੁਰ ਨੇ ਏਹੂਦ ਨੂੰ ਚੁਣਿਆ ਸੀ ਅਤੇ “ਜਦ ਯਹੋਵਾਹ ਨੇ [ਆਪਣੇ ਲੋਕਾਂ] ਦੇ ਲਈ ਨਿਆਈਆਂ ਨੂੰ ਠਹਿਰਾਇਆ ਤਾਂ ਯਹੋਵਾਹ ਉਨ੍ਹਾਂ ਨਿਆਈਆਂ ਦੇ ਸੰਗ ਸੀ।”—ਨਿਆਈਆਂ 2:18; 3:15.
ਏਹੂਦ ਨੇ ਜ਼ਾਲਮ ਰਾਜੇ ਦੇ ਜੂਲੇ ਨੂੰ ਤੋੜਿਆ
ਏਹੂਦ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਲਈ ਇਕ ਛੋਟੀ ਜਿਹੀ ਦੋ-ਧਾਰੀ ਕਟਾਰ ਬਣਾਈ ਜਿਸ ਨੂੰ ਉਹ ਆਪਣੇ ਕੱਪੜਿਆਂ ਹੇਠ ਲੁਕਾ ਸਕੇ। ਉਸ ਨੇ ਸ਼ਾਇਦ ਅੰਦਾਜ਼ਾ ਲਾਇਆ ਹੋਣਾ ਕਿ ਮਹਿਲ ਵਿਚ ਉਸ ਦੀ ਤਲਾਸ਼ੀ ਲਈ ਜਾਵੇਗੀ। ਤਲਵਾਰ ਅਕਸਰ ਸਰੀਰ ਦੇ ਖੱਬੇ ਪਾਸੇ ਬੰਨ੍ਹੀ ਜਾਂਦੀ ਸੀ ਜਿੱਥੋਂ ਸੱਜਾ ਹੱਥ ਵਰਤਣ ਵਾਲੇ ਫ਼ੌਜੀ ਇਸ ਨੂੰ ਤੇਜ਼ੀ ਨਾਲ ਕੱਢ ਸਕਦੇ ਸਨ। ਖੱਬਚੂ ਹੋਣ ਕਰਕੇ ਏਹੂਦ ਨੇ ਆਪਣੀ ਕਟਾਰ ਨੂੰ “ਲੀੜੇ ਹੇਠ ਸੱਜੇ ਪੱਟ ਨਾਲ ਬੰਨ੍ਹਿਆ” ਕਿਉਂਕਿ ਰਾਜੇ ਦੇ ਪਹਿਰੇਦਾਰਾਂ ਵੱਲੋਂ ਸੱਜੇ ਪਾਸੇ ਦੀ ਤਲਾਸ਼ੀ ਲੈਣ ਦੀ ਗੁੰਜਾਇਸ਼ ਘੱਟ ਸੀ। ਇਸ ਲਈ ਬਿਨਾਂ ਕਿਸੇ ਅੜਚਣ ਦੇ ਅੰਦਰ ਜਾ ਕੇ “ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ।”—ਨਿਆਈਆਂ 3:16, 17.
ਅਗਲੋਨ ਦੇ ਮਹਿਲ ਵਿਚ ਜੋ ਹੋਇਆ, ਉਸ ਦਾ ਪੂਰਾ ਵੇਰਵਾ ਬਾਈਬਲ ਵਿਚ ਨਹੀਂ ਦਿੱਤਾ ਗਿਆ। ਬਾਈਬਲ ਸਿਰਫ਼ ਇੰਨਾ ਦੱਸਦੀ ਹੈ: “ਅਜਿਹਾ ਹੋਇਆ ਜਾਂ [ਏਹੂਦ] ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਨ੍ਹਾਂ ਲੋਕਾਂ ਨੂੰ ਉਸ ਨੇ ਵਿਦਿਆ ਕੀਤਾ।” (ਨਿਆਈਆਂ 3:18) ਨਜ਼ਰਾਨਾ ਦੇਣ ਤੋਂ ਬਾਅਦ ਏਹੂਦ ਨਜ਼ਰਾਨਾ ਚੁੱਕ ਕੇ ਲਿਆਉਣ ਵਾਲੇ ਆਦਮੀਆਂ ਨਾਲ ਅਗਲੋਨ ਦੇ ਮਹਿਲ ਤੋਂ ਕਾਫ਼ੀ ਦੂਰ ਤਕ ਗਿਆ ਅਤੇ ਉਨ੍ਹਾਂ ਨੂੰ ਵਿਦਿਆ ਕਰਨ ਤੋਂ ਬਾਅਦ ਵਾਪਸ ਮੁੜ ਆਇਆ। ਕਿਉਂ? ਉਹ ਸ਼ਾਇਦ ਉਨ੍ਹਾਂ ਆਦਮੀਆਂ ਨੂੰ ਆਪਣੀ ਸੁਰੱਖਿਆ ਲਈ ਲਿਆਇਆ ਸੀ ਜਾਂ ਫਿਰ ਸ਼ਿਸ਼ਟਾਚਾਰ ਵਜੋਂ ਜਾਂ ਸਿਰਫ਼ ਨਜ਼ਰਾਨਾ ਚੁੱਕਣ ਲਈ ਲਿਆਇਆ ਸੀ। ਪਰ ਹੁਣ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਤੋਂ ਪਹਿਲਾਂ ਉਹ ਸ਼ਾਇਦ ਆਪਣੇ ਆਦਮੀਆਂ ਨੂੰ ਖ਼ਤਰੇ ਤੋਂ ਦੂਰ ਭੇਜਣਾ ਚਾਹੁੰਦਾ ਸੀ। ਇਸ ਦਾ ਕਾਰਨ ਭਾਵੇਂ ਜੋ ਵੀ ਸੀ, ਏਹੂਦ ਹਿੰਮਤ ਕਰ ਕੇ ਇਕੱਲਾ ਹੀ ਵਾਪਸ ਰਾਜੇ ਦੇ ਮਹਿਲ ਵੱਲ ਮੁੜ ਆਇਆ ਸੀ।
“[ਏਹੂਦ] ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਝਾ ਸੰਦੇਸਾ ਮੇਰੇ ਕੋਲ ਹੈ।” ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਰਾਜੇ ਦੇ ਸਾਮ੍ਹਣੇ ਦੁਬਾਰਾ ਪੇਸ਼ ਹੋਣ ਵਿਚ ਕਿਵੇਂ ਕਾਮਯਾਬ ਹੋਇਆ। ਪਹਿਰੇਦਾਰਾਂ ਨੂੰ ਉਸ ਉੱਤੇ ਸ਼ੱਕ ਕਿਉਂ ਨਹੀਂ ਹੋਇਆ? ਕੀ ਉਨ੍ਹਾਂ ਨੇ ਸੋਚਿਆ ਕਿ ਇਹ ਇਕੱਲਾ-ਕਾਰਾ ਇਸਰਾਏਲੀ ਉਨ੍ਹਾਂ ਦੇ ਸੁਆਮੀ ਲਈ ਕੋਈ ਖ਼ਤਰਾ ਨਹੀਂ ਸੀ? ਏਹੂਦ ਦੇ ਇਕੱਲੇ ਆਉਣ ਨਾਲ ਕੀ ਉਨ੍ਹਾਂ ਨੇ ਇਹ ਸੋਚਿਆ ਕਿ ਉਹ ਆਪਣੇ ਹੀ ਦੇਸ਼ ਵਾਸੀਆਂ ਨਾਲ ਵਿਸ਼ਵਾਸਘਾਤ ਕਰਨ ਲਈ ਪਰਤਿਆ ਸੀ? ਜੋ ਵੀ ਸੀ, ਏਹੂਦ ਨੇ ਰਾਜੇ ਨਾਲ ਗੁਪਤ ਵਿਚ ਗੱਲ ਕਰਨ ਦੀ ਇਜਾਜ਼ਤ ਮੰਗੀ ਜੋ ਉਸ ਨੂੰ ਮਿਲ ਗਈ।—ਨਿਆਈਆਂ 3:19.
ਹੀਰੇ-ਮੋਤੀ
ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
2:10-12. ਸਾਨੂੰ ਬਾਈਬਲ ਦੀ ਸਟੱਡੀ ਬਾਕਾਇਦਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ‘ਯਹੋਵਾਹ ਦੀ ਕਿਸੇ ਭਲਾਈ ਨੂੰ ਨਾ ਭੁਲੀਏ।’ (ਜ਼ਬੂਰ 103:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦੇ ਸ਼ਬਦ ਵਿਚਲੀਆਂ ਸੱਚਾਈਆਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਉਣੀਆਂ ਚਾਹੀਦੀਆਂ ਹਨ।—ਬਿਵਸਥਾ ਸਾਰ 6:6-9.
29 ਨਵੰਬਰ–5 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 4-5
“ਯਹੋਵਾਹ ਨੇ ਦੋ ਔਰਤਾਂ ਰਾਹੀਂ ਆਪਣੇ ਲੋਕਾਂ ਨੂੰ ਬਚਾਇਆ”
‘ਮੈਂ ਇਜ਼ਰਾਈਲ ਦੀ ਮਾਂ ਬਣ ਕੇ ਉੱਠੀ’
ਕਨਾਨ ਦੇ ਫ਼ੌਜ ਦੇ ਮੁਖੀ ਸੀਸਰਾ ਦਾ ਨਾਂ ਸੁਣਦੇ ਹੀ ਇਜ਼ਰਾਈਲੀਆਂ ਦੇ ਸਾਹ ਸੁੱਖ ਜਾਂਦੇ ਸਨ। ਕਨਾਨੀ ਬੇਰਹਿਮ ਹੋਣ ਦੇ ਨਾਲ-ਨਾਲ ਬਹੁਤ ਹੀ ਘਿਣਾਉਣੇ ਕੰਮ ਕਰਦੇ ਸਨ। ਉਨ੍ਹਾਂ ਦੇ ਮੰਦਰਾਂ ਵਿਚ ਔਰਤਾਂ ਵੇਸਵਾਵਾਂ ਵਜੋਂ ਕੰਮ ਕਰਦੀਆਂ ਸਨ ਅਤੇ ਆਦਮੀ ਦੂਸਰੇ ਆਦਮੀਆਂ ਨਾਲ ਸੰਬੰਧ ਰੱਖਦੇ ਸਨ। ਉਹ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ। ਫ਼ੌਜ ਦੇ ਮੁਖੀ ਸੀਸਰਾ ਅਤੇ ਉਸ ਦੀ ਫ਼ੌਜ ਨੇ ਇਜ਼ਰਾਈਲੀਆਂ ਦਾ ਜੀਉਣਾ ਔਖਾ ਕੀਤਾ ਹੋਇਆ ਸੀ। ਨਬੀਆਂ ਵਾਂਗ ਭਵਿੱਖਬਾਣੀਆਂ ਕਰਨ ਵਾਲੀ ਦਬੋਰਾਹ ਦੇ ਗੀਤ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਸਫ਼ਰ ਕਰਨਾ ਔਖਾ ਹੋ ਗਿਆ ਸੀ ਅਤੇ ਪਿੰਡ ਦੇ ਪਿੰਡ ਖਾਲੀ ਹੋ ਗਏ ਸਨ। (ਨਿਆਈਆਂ 5:6, 7) ਕਨਾਨੀਆਂ ਦੇ ਡਰ ਕਰਕੇ ਸ਼ਾਇਦ ਲੋਕ ਅਜਿਹੇ ਇਲਾਕਿਆਂ ਵਿਚ ਰਹਿਣ ਤੋਂ ਡਰਦੇ ਸਨ ਜਿੱਥੇ ਸੁਰੱਖਿਆ ਲਈ ਚਾਰੇ ਪਾਸੇ ਕੰਧਾਂ ਨਹੀਂ ਹੁੰਦੀਆਂ ਸਨ। ਉਹ ਸ਼ਾਇਦ ਉੱਥੇ ਖੇਤੀ-ਬਾੜੀ ਵੀ ਨਹੀਂ ਕਰਦੇ ਸਨ ਅਤੇ ਆਪਣੀਆਂ ਜਾਨਾਂ ਬਚਾਉਣ ਲਈ ਜੰਗਲਾਂ ਤੇ ਪਹਾੜਾਂ ਵਿਚ ਲੁਕਦੇ ਸਨ। ਉਨ੍ਹਾਂ ਨੂੰ ਸੜਕਾਂ ʼਤੇ ਆਉਣ-ਜਾਣ ਤੋਂ ਵੀ ਡਰ ਲੱਗਦਾ ਹੋਣਾ ਕਿ ਕਿਤੇ ਕਨਾਨੀ ਉਨ੍ਹਾਂ ʼਤੇ ਹਮਲਾ ਨਾ ਕਰ ਦੇਣ, ਉਨ੍ਹਾਂ ਦੇ ਬੱਚਿਆਂ ਨੂੰ ਚੁੱਕ ਕੇ ਨਾ ਲੈ ਜਾਣ ਜਾਂ ਫਿਰ ਔਰਤਾਂ ਨਾਲ ਬਲਾਤਕਾਰ ਨਾ ਕਰਨ।
‘ਮੈਂ ਇਜ਼ਰਾਈਲ ਦੀ ਮਾਂ ਬਣ ਕੇ ਉੱਠੀ’
ਇਜ਼ਰਾਈਲੀ ਯਹੋਵਾਹ ਦੀ ਗੱਲ ਨਹੀਂ ਮੰਨਦੇ ਸਨ ਅਤੇ ਬਹੁਤ ਢੀਠ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨੀ ਰਾਜੇ ਯਾਬੀਨ ਦੇ ਹੱਥ ਕਰ ਦਿੱਤਾ। ਯਾਬੀਨ ਅਤੇ ਫ਼ੌਜ ਦੇ ਮੁਖੀ ਸੀਸਰਾ ਨੇ ਇਜ਼ਰਾਈਲੀਆਂ ʼਤੇ ਬਹੁਤ ਜ਼ੁਲਮ ਕੀਤੇ। ਇਸ ਤਰ੍ਹਾਂ ਕਈ ਸਾਲਾਂ ਤਕ ਚੱਲਦਾ ਰਿਹਾ। ਫਿਰ ਵੀਹ ਸਾਲ ਬਾਅਦ ਇਜ਼ਰਾਈਲੀਆਂ ਨੂੰ ਆਪਣੇ ਕੀਤੇ ਕੰਮਾਂ ʼਤੇ ਅਫ਼ਸੋਸ ਹੋਇਆ ਅਤੇ ਉਹ ਯਹੋਵਾਹ ਦੇ ਵੱਲ ਵਾਪਸ ਮੁੜੇ। ਉਸ ਵੇਲੇ ਯਹੋਵਾਹ ਨੇ ਦਬੋਰਾਹ ਦੇ ਰਾਹੀਂ ਆਪਣੇ ਲੋਕਾਂ ਦੀ ਰਾਖੀ ਕੀਤੀ। ਦਬੋਰਾਹ ਲੱਪੀਦੋਥ ਨਾਂ ਦੇ ਆਦਮੀ ਦੀ ਪਤਨੀ ਸੀ। ਯਹੋਵਾਹ ਨੇ ਦਬੋਰਾਹ ਨੂੰ ਇਹ ਕੰਮ ਸੌਂਪਿਆ ਕਿ ਉਹ ਇਕ ਮਾਂ ਵਾਂਗ ਇਜ਼ਰਾਈਲੀਆਂ ਦੀ ਰਾਖੀ ਕਰਨ ਲਈ ਕੁਝ ਕਦਮ ਚੁੱਕੇ। ਉਸ ਨੇ ਦਬੋਰਾਹ ਨੂੰ ਕਿਹਾ ਕਿ ਨਿਆਂਕਾਰ ਬਾਰਾਕ ਨੂੰ ਬੁਲਾਵੇ ਅਤੇ ਉਸ ਨੂੰ ਫ਼ੌਜ ਦੇ ਮੁਖੀ ਸੀਸਰਾ ਨਾਲ ਲੜਨ ਲਈ ਕਹੇ। ਦਬੋਰਾਹ ਨੇ ਇਜ਼ਰਾਈਲੀਆਂ ਨੂੰ ਇਸ ਤਰ੍ਹਾਂ ਸੰਭਾਲਿਆ ਜਿਵੇਂ ਇਕ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ। ਇਸੇ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੇ ਗੀਤ ਗਾਇਆ: “ਜਦ ਤਕ ਮੈਂ, ਦਬੋਰਾਹ, ਨਾ ਉੱਠੀ, ਹਾਂ, ਜਦ ਤਕ ਮੈਂ ਇਜ਼ਰਾਈਲ ਦੀ ਮਾਂ ਬਣ ਕੇ ਨਾ ਉੱਠੀ।”—ਨਿਆਈਆਂ 4:3, 6, 7; 5:7.
‘ਮੈਂ ਇਜ਼ਰਾਈਲ ਦੀ ਮਾਂ ਬਣ ਕੇ ਉੱਠੀ’
ਯਾਏਲ ਕੋਲ ਜ਼ਿਆਦਾ ਸਮਾਂ ਨਹੀਂ ਸੀ ਜਿਸ ਕਰਕੇ ਉਸ ਨੂੰ ਛੇਤੀ ਕਦਮ ਚੁੱਕਣ ਦੀ ਲੋੜ ਸੀ। ਉਸ ਨੇ ਫ਼ੌਜ ਦੇ ਮੁਖੀ ਸੀਸਰਾ ਨੂੰ ਤੰਬੂ ਵਿਚ ਆਰਾਮ ਕਰਨ ਲਈ ਕਿਹਾ। ਸੀਸਰਾ ਨੇ ਕਿਹਾ ਕਿ ਜੇ ਕੋਈ ਆਦਮੀ ਉਸ ਬਾਰੇ ਪੁੱਛੇ, ਤਾਂ ਉਹ ਨਾ ਦੱਸੇ ਕਿ ਉਹ ਕਿੱਥੇ ਹੈ। ਫਿਰ ਸੀਸਰਾ ਲੰਮਾ ਪੈ ਗਿਆ ਅਤੇ ਯਾਏਲ ਨੇ ਉਸ ʼਤੇ ਕੰਬਲ ਦੇ ਦਿੱਤਾ। ਜਦੋਂ ਉਸ ਨੇ ਪਾਣੀ ਮੰਗਿਆ, ਤਾਂ ਯਾਏਲ ਨੇ ਉਸ ਨੂੰ ਮਲਾਈ ਵਾਲਾ ਦੁੱਧ ਦਿੱਤਾ। ਥੋੜ੍ਹੀ ਦੇਰ ਬਾਅਦ ਸੀਸਰਾ ਗੂੜ੍ਹੀ ਨੀਂਦ ਸੌਂ ਗਿਆ। ਉਸ ਜ਼ਮਾਨੇ ਦੀਆਂ ਔਰਤਾਂ ਵੀ ਤੰਬੂ ਲਗਾਉਣ ਲਈ ਕਿੱਲ ਗੱਡਣ ਅਤੇ ਹਥੌੜਾ ਚਲਾਉਣ ਵਿਚ ਮਾਹਰ ਸਨ। ਯਾਏਲ ਕਿੱਲ ਅਤੇ ਹਥੌੜਾ ਲੈ ਕੇ ਦੱਬੇ ਪੈਰੀਂ ਸੀਸਰਾ ਕੋਲ ਗਈ। ਹੁਣ ਸੀਸਰਾ ਦੀ ਜਾਨ ਉਸ ਦੇ ਹੱਥਾਂ ਵਿਚ ਸੀ। ਕੀ ਉਹ ਸੀਸਰਾ ਨੂੰ ਮਾਰ ਕੇ ਯਹੋਵਾਹ ਦੇ ਲੋਕਾਂ ਨੂੰ ਜਿੱਤ ਦਿਵਾਏਗੀ? ਜੇ ਉਹ ਮਾੜਾ ਜਿਹਾ ਵੀ ਹਿਚਕਿਚਾਉਂਦੀ ਜਾਂ ਸੋਚੀ ਪੈ ਜਾਂਦੀ ਕਿ ਉਹ ਸੀਸਰਾ ਨੂੰ ਮਾਰੇ ਜਾਂ ਨਾ, ਤਾਂ ਉੱਨੇ ਸਮੇਂ ਵਿਚ ਸੀਸਰਾ ਨੇ ਉੱਠ ਜਾਣਾ ਸੀ ਅਤੇ ਉਸ ਨੂੰ ਮਾਰ ਦੇਣਾ ਸੀ। ਯਾਏਲ ਨੇ ਕੀ ਸੋਚਿਆ ਹੋਣਾ? ਸ਼ਾਇਦ ਇਹ ਕਿ ਸੀਸਰਾ ਨੇ 20 ਸਾਲਾਂ ਤੋਂ ਯਹੋਵਾਹ ਦੇ ਲੋਕਾਂ ʼਤੇ ਕਿੰਨੇ ਜ਼ੁਲਮ ਢਾਹੇ ਹਨ। ਹੁਣ ਯਹੋਵਾਹ ਨੇ ਉਸ ਨੂੰ ਆਪਣੇ ਲੋਕਾਂ ਦੀ ਮਦਦ ਕਰਨ ਦਾ ਮੌਕਾ ਦਿੱਤਾ ਹੈ, ਇਸ ਲਈ ਉਹ ਇਹ ਮੌਕਾ ਆਪਣੇ ਹੱਥੋਂ ਨਹੀਂ ਜਾਣ ਦੇਵਾਂਗੀ ਅਤੇ ਸੀਸਰਾ ਦੀ ਜਾਨ ਲੈ ਕੇ ਰਹਾਂਗੀ। ਬਾਈਬਲ ਵਿਚ ਇਹ ਨਹੀਂ ਲਿਖਿਆ ਕਿ ਉਸ ਨੇ ਕੀ ਸੋਚਿਆ ਸੀ। ਪਰ ਇੰਨਾ ਜ਼ਰੂਰ ਲਿਖਿਆ ਹੈ ਕਿ ਉਸ ਨੇ ਬਿਨਾਂ ਦੇਰ ਕੀਤੇ ਸੀਸਰਾ ਨੂੰ ਮਾਰ ਦਿੱਤਾ।—ਨਿਆਈਆਂ 4:18-21; 5:24-27.
ਹੀਰੇ-ਮੋਤੀ
ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
5:20—ਬਾਰਾਕ ਦੇ ਲਈ ਆਕਾਸ਼ੋਂ ਤਾਰੇ ਕਿਸ ਤਰ੍ਹਾਂ ਲੜੇ ਸਨ? ਕੀ ਇਹ ਦੂਤ ਸਨ ਜੋ ਬਾਰਾਕ ਦੀ ਮਦਦ ਕਰ ਰਹੇ ਸਨ? ਕੀ ਇਹ ਕਿਸੇ ਤਰ੍ਹਾਂ ਦੇ ਤਾਰਿਆਂ ਦੀ ਵਰਖਾ ਸੀ ਜਿਨ੍ਹਾਂ ਨੂੰ ਸੀਸਰਾ ਦੇ ਬੰਦਿਆਂ ਨੇ ਰੱਬ ਤੋਂ ਸਰਾਪ ਦੀ ਨਿਸ਼ਾਨੀ ਸਮਝਿਆ ਸੀ? ਜਾਂ ਕੀ ਇਹ ਸੀਸਰਾ ਲਈ ਇਕ ਜੋਤਸ਼-ਸੰਬੰਧੀ ਨਿਸ਼ਾਨ ਸੀ ਜੋ ਸਹੀ ਨਹੀਂ ਸਾਬਤ ਹੋਇਆ? ਬਾਈਬਲ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ ਨੇ ਬਾਰਾਕ ਦੀ ਜ਼ਰੂਰ ਮਦਦ ਕੀਤੀ ਸੀ।
6-12 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 6-7
“ਤੇਰੇ ਵਿਚ ਜਿੰਨੀ ਕੁ ਤਾਕਤ ਹੈ, ਉਸੇ ਨਾਲ ਜਾਹ”
ਪਰਮੇਸ਼ੁਰ ਦੇ ਅਸੂਲ ਤੁਹਾਨੂੰ ਲਾਭ ਪਹੁੰਚਾ ਸਕਦੇ ਹਨ
ਪ੍ਰਾਚੀਨ ਇਬਰਾਨੀਆਂ ਵਿਚਕਾਰ ਗਿਦਾਊਨ ਨਾਂ ਦਾ ਨਿਆਈ ਅਜਿਹਾ ਬੰਦਾ ਸੀ ਜਿਸ ਨੇ ਬਹੁਤਾ ਘਮੰਡ ਨਹੀਂ ਕੀਤਾ ਸੀ। ਉਹ ਇਸਰਾਏਲ ਦਾ ਆਗੂ ਬਣਨ ਦੇ ਮਗਰ ਨਹੀਂ ਲੱਗਿਆ ਸੀ। ਪਰ ਜਦੋਂ ਉਸ ਨੂੰ ਇਹ ਕੰਮ ਕਰਨ ਲਈ ਚੁਣਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਦੇ ਕਾਬਲ ਨਹੀਂ ਸੀ: “ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।”—ਨਿਆਈਆਂ 6:12-16.
“ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!”
ਜ਼ਰਾ ਸੋਚੋ ਮਿਦਯਾਨੀਆਂ ਤੇ ਉਸ ਵੇਲੇ ਕੀ ਬੀਤੀ ਹੋਵੇਗੀ। ਰਾਤ ਦੇ ਸੰਨਾਟੇ ਵਿਚ 300 ਘੜੇ ਭੰਨੇ ਗਏ, 300 ਤੁਰ੍ਹੀਆਂ ਵੱਜ ਉੱਠੀਆਂ ਅਤੇ 300 ਆਦਮੀਆਂ ਨੇ ਨਾਅਰੇ ਲਾਏ। ਜਦ ਹੱਕੇ-ਬੱਕੇ ਹੋਏ ਮਿਦਯਾਨੀਆਂ ਨੇ ਇਹ ਜੈ ਕਾਰਾ ਸੁਣਿਆ “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!,” ਤਾਂ ਉਹ ਆਪ ਵੀ ਦੁਹਾਈ ਦੇਣ ਲੱਗੇ। ਹਫੜਾ-ਦਫੜੀ ਵਿਚ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਕਿ ਕੌਣ ਦੋਸਤ ਹੈ ਤੇ ਕੌਣ ਦੁਸ਼ਮਣ। ਡੇਰੇ ਦੇ ਬਾਹਰ 300 ਇਸਰਾਏਲੀ ਆਪੋ-ਆਪਣੀ ਥਾਂ ਖੜ੍ਹੇ ਰਹੇ, ਪਰ ਪਰਮੇਸ਼ੁਰ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਹੀ ਤਲਵਾਰ ਨਾਲ ਇਕ-ਦੂਜੇ ਨੂੰ ਵਢਵਾ ਦਿੱਤਾ। ਦੁਸ਼ਮਣ ਭੱਜ ਨਿਕਲੇ, ਪਰ ਜਾਣ ਲਈ ਕੋਈ ਰਾਹ ਨਹੀਂ ਸੀ। ਹਰ ਭਗੌੜੇ ਦਾ ਪਿੱਛਾ ਕੀਤਾ ਗਿਆ ਅਤੇ ਇਸਰਾਏਲ ਉੱਤੇ ਲੰਬੀ ਦੇਰ ਤੋਂ ਮੰਡਰਾਉਂਦੇ ਮਿਦਯਾਨੀਆਂ ਦੇ ਖ਼ਤਰੇ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਗਿਆ। ਆਖ਼ਰਕਾਰ ਉਨ੍ਹਾਂ ਨੂੰ ਮਿਦਯਾਨੀਆਂ ਦੇ ਕਬਜ਼ੇ ਤੋਂ ਰਾਹਤ ਮਿਲੀ।—ਨਿਆਈਆਂ 7:19-25; 8:10-12, 28.
ਹੀਰੇ-ਮੋਤੀ
ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
6:25-27. ਗਿਦਾਊਨ ਨੇ ਆਪਣੇ ਵਿਰੋਧੀਆਂ ਨੂੰ ਬੇਵਜ੍ਹਾ ਗੁੱਸੇ ਨਾ ਕਰ ਕੇ ਸਮਝਦਾਰੀ ਦਿਖਾਈ। ਆਪਣੇ ਪ੍ਰਚਾਰ ਦੇ ਕੰਮ ਵਿਚ ਸਾਨੂੰ ਵੀ ਸਮਝਦਾਰੀ ਵਰਤ ਕੇ ਲੋਕਾਂ ਨੂੰ ਬਿਨਾਂ ਕਾਰਨ ਖਿਝਾਉਣਾ ਨਹੀਂ ਚਾਹੀਦਾ ਹੈ।
13-19 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 8-9
“ਘਮੰਡ ਤੋਂ ਬਚੋ, ਨਿਮਰ ਬਣੋ”
ਅਣਬਣ ਬਾਰੇ ਤੁਸੀਂ ਕੀ ਕਰਦੇ ਹੋ?
ਜਦੋਂ ਗਿਦਾਊਨ ਮਿਦਯਾਨੀ ਫ਼ੌਜਾਂ ਨਾਲ ਲੜ ਰਿਹਾ ਸੀ ਤਾਂ ਉਸ ਨੇ ਇਫ਼ਰਾਈਮ ਦੇ ਲੋਕਾਂ ਤੋਂ ਮਦਦ ਮੰਗੀ। ਪਰ ਜੰਗ ਖ਼ਤਮ ਹੋਣ ਤੇ, ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਉਲਾਹਮਾ ਦਿੱਤਾ ਕਿ ਜੰਗ ਦੇ ਸ਼ੁਰੂ ਤੋਂ ਉਨ੍ਹਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਸੀ। ਬਾਈਬਲ ਵਿਚ ਇਸ ਬਾਰੇ ਲਿਖਿਆ ਗਿਆ ਹੈ ਕਿ “ਉਨ੍ਹਾਂ ਨੇ ਉਹ ਦੇ ਨਾਲ ਡਾਢਾ ਝਗੜਾ ਕੀਤਾ।” ਗਿਦਾਊਨ ਨੇ ਜਵਾਬ ਵਿਚ ਉਨ੍ਹਾਂ ਨੂੰ ਕਿਹਾ: “ਹੁਣ ਮੈਂ ਤੁਹਾਡੇ ਸਮਾਨ ਕੀ ਕੀਤਾ ਹੈ? ਭਲਾ, ਇਫ਼ਰਾਈਮ ਦੇ ਦਾਖਾਂ ਦੀ ਰਹਿੰਦ ਖੂੰਧ ਅਬੀ ਅਜਰ ਦੇ ਦਾਖਾਂ ਦੀ ਫਸਲ ਨਾਲੋਂ ਚੰਗੀ ਨਹੀਂ? ਪਰਮੇਸ਼ੁਰ ਨੇ ਮਿਦਯਾਨ ਦੇ ਸਰਦਾਰ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਸਮਾਨ ਕੰਮ ਕਰਨ ਦੀ ਮੇਰੀ ਕੀ ਸਮਰੱਥਾ ਸੀ?” (ਨਿਆਈਆਂ 8:1-3) ਗਿਦਾਊਨ ਦੇ ਮਿੱਠੇ ਅਤੇ ਚੰਗੇ ਬੋਲ ਨੇ ਉਨ੍ਹਾਂ ਦਾ ਗੁੱਸਾ ਠੰਢਾ ਕੀਤਾ ਅਤੇ ਉਨ੍ਹਾਂ ਦੇ ਗੋਤਾਂ ਵਿਚ ਲੜਾਈ ਹੋਣ ਤੋਂ ਰੋਕੀ। ਇਫ਼ਰਾਈਮ ਦੇ ਲੋਕ ਸ਼ਾਇਦ ਆਪਣੇ ਬਾਰੇ ਜ਼ਿਆਦਾ ਸੋਚਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਆਪ ਉੱਤੇ ਮਾਣ ਸੀ। ਪਰ ਇਸ ਚੀਜ਼ ਨੇ ਗਿਦਾਊਨ ਨੂੰ ਸ਼ਾਂਤੀ ਲਿਆਉਣ ਤੋਂ ਨਹੀਂ ਰੋਕਿਆ। ਕੀ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ?
ਨਿਮਰ ਬਣਨਾ ਜ਼ਰੂਰੀ ਕਿਉਂ ਹੈ?
15 ਗਿਦਾਊਨ ਨੇ ਨਿਮਰਤਾ ਦੀ ਸ਼ਾਨਦਾਰ ਮਿਸਾਲ ਰੱਖੀ। ਜਦੋਂ ਯਹੋਵਾਹ ਨੇ ਉਸ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਇਜ਼ਰਾਈਲੀਆਂ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇ, ਤਾਂ ਉਸ ਨੇ ਕਿਹਾ: “ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।” (ਨਿਆ. 6:15) ਪਰ ਗਿਦਾਊਨ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਉਸ ਵੱਲੋਂ ਮਿਲੀ ਜ਼ਿੰਮੇਵਾਰੀ ਕਬੂਲ ਕੀਤੀ। ਫਿਰ ਗਿਦਾਊਨ ਨੇ ਯਹੋਵਾਹ ਦੀ ਇੱਛਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਸ ਤੋਂ ਜਾਣਕਾਰੀ ਲਈ। ਨਾਲੇ ਉਸ ਨੇ ਸੇਧ ਲਈ ਪ੍ਰਾਰਥਨਾ ਵੀ ਕੀਤੀ। (ਨਿਆ. 6:36-40) ਗਿਦਾਊਨ ਤਾਕਤਵਰ ਅਤੇ ਦਲੇਰ ਹੋਣ ਦੇ ਨਾਲ-ਨਾਲ ਬੁੱਧੀਮਾਨ ਅਤੇ ਸਮਝਦਾਰ ਵੀ ਸੀ। (ਨਿਆ. 6:11, 27) ਬਾਅਦ ਵਿਚ ਜਦੋਂ ਲੋਕ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਤਾਂ ਉਸ ਨੇ ਇਨਕਾਰ ਕਰ ਦਿੱਤਾ। ਯਹੋਵਾਹ ਨੇ ਉਸ ਨੂੰ ਜੋ ਕਰਨ ਲਈ ਕਿਹਾ, ਉਹ ਕਰਨ ਤੋਂ ਬਾਅਦ ਗਿਦਾਊਨ ਆਪਣੇ ਘਰ ਵਾਪਸ ਚਲਾ ਗਿਆ।—ਨਿਆ. 8:22, 23, 29.
ਯਹੋਵਾਹ ਦੇ ਰਾਹਾਂ ਉੱਤੇ ਚੱਲੋ
9 ਰੱਬ ਦੇ ਦੋਸਤ ਗਿਣੇ ਜਾਣ ਲਈ “ਮਨ ਦੇ ਹਲੀਮ” ਹੋਣਾ ਬਹੁਤ ਜ਼ਰੂਰੀ ਹੈ। (1 ਪਤ. 3:8; ਜ਼ਬੂ. 138:6) ਨਿਆਈਆਂ ਦੀ ਪੋਥੀ ਦੇ 9ਵੇਂ ਅਧਿਆਇ ਵਿਚ ਹਲੀਮੀ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਗਿਆ ਹੈ। ਗਿਦਾਊਨ ਦੇ ਬੇਟੇ ਯੋਥਾਮ ਨੇ ਕਿਹਾ: “ਇੱਕ ਵਾਰੀ ਬਿਰਛ ਆਪਣੇ ਉੱਤੇ ਰਾਜਾ ਮਸਹ ਕਰਨ ਲਈ ਨਿੱਕਲੇ।” ਪਹਿਲਾਂ ਜ਼ੈਤੂਨ ਦੇ ਬਿਰਛ ਨੂੰ, ਫਿਰ ਹੰਜੀਰ ਦੇ ਬਿਰਛ ਨੂੰ ਤੇ ਫਿਰ ਦਾਖ ਦੀ ਵੇਲ ਨੂੰ ਰਾਜਾ ਬਣਨ ਲਈ ਕਿਹਾ ਗਿਆ। ਪਰ ਉਨ੍ਹਾਂ ਸਾਰਿਆਂ ਨੇ ਨਾ ਕਰ ਦਿੱਤੀ ਕਿਉਂਕਿ ਇਹ ਅਜਿਹੇ ਇਨਸਾਨਾਂ ਨੂੰ ਦਰਸਾਉਂਦੇ ਸਨ ਜੋ ਹੋਰਨਾਂ ਉੱਤੇ ਹੁਕਮ ਨਹੀਂ ਚਲਾਉਣਾ ਚਾਹੁੰਦੇ ਸਨ। ਪਰ ਫਿਰ ਅਖ਼ੀਰ ਵਿਚ ਕਰੀਰ ਨੂੰ ਰਾਜ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਹ ਝਾੜੀ ਬਾਲਣ ਤੋਂ ਸਿਵਾਇ ਹੋਰ ਕਿਸੇ ਕੰਮ ਦੀ ਨਹੀਂ ਹੈ ਤੇ ਇਹ ਮਗਰੂਰ ਰਾਜੇ ਅਬੀਮਲਕ ਨੂੰ ਦਰਸਾਉਂਦੀ ਸੀ। ਉਹ ਖ਼ੂਨੀ ਹੋਰਨਾਂ ਨੂੰ ਆਪਣੇ ਅਧੀਨ ਰੱਖਣ ਲਈ ਉਤਾਵਲਾ ਸੀ। ਹਾਲਾਂ ਕਿ ਉਸ ਘਮੰਡੀ ਰਾਜੇ ਨੇ ਇਸਰਾਏਲੀਆਂ ਤੇ “ਤਿੰਨ ਵਰਹੇ” ਰੋਹਬ ਜਮਾਇਆ, ਪਰ ਉਸ ਦੀ ਬੇਮੌਕੇ ਮੌਤ ਹੋ ਗਈ ਸੀ। (ਨਿਆ. 9:8-15, 22, 50-54) ਘਮੰਡ ਕਰਨ ਦੀ ਬਜਾਇ ‘ਮਨ ਦੇ ਹਲੀਮ ਰਹਿਣਾ’ ਕਿੰਨਾ ਚੰਗਾ ਹੈ!
ਹੀਰੇ-ਮੋਤੀ
it-1 753 ਪੈਰਾ 1
ਏਫ਼ੋਦ, 1
ਜਦੋਂ ਗਿਦਾਊਨ ਨੇ ਏਫ਼ੋਦ ਬਣਾਇਆ ਸੀ, ਤਾਂ ਉਸ ਦਾ ਇਰਾਦਾ ਗ਼ਲਤ ਨਹੀਂ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜੋ ਜਿੱਤ ਦਿਵਾਈ ਸੀ, ਉਹ ਉਸ ਨੂੰ ਯਾਦ ਰੱਖਣਾ ਚਾਹੁੰਦਾ ਸੀ ਅਤੇ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦਾ ਸੀ। ਇਸ ਲਈ ਉਸ ਨੇ ਏਫ਼ੋਦ ਬਣਾਇਆ ਸੀ। ਪਰ ਏਫ਼ੋਦ “ਗਿਦਾਊਨ ਤੇ ਉਸ ਦੇ ਘਰਾਣੇ ਲਈ ਫੰਦਾ ਸਾਬਤ ਹੋਇਆ” ਕਿਉਂਕਿ ਇਜ਼ਰਾਈਲੀ ਏਫ਼ੋਦ ਦੀ ਪੂਜਾ ਕਰਨ ਲੱਗ ਪਏ ਸਨ। (ਨਿਆ 8:27) ਪਰ ਬਾਈਬਲ ਵਿਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਗਿਦਾਊਨ ਨੇ ਵੀ ਉਸ ਦੀ ਪੂਜਾ ਕੀਤੀ ਸੀ। ਬਾਈਬਲ ਵਿਚ ਉਸ ਨੂੰ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਕਿਹਾ ਗਿਆ ਹੈ। ਜਦੋਂ ਪੌਲੁਸ ਰਸੂਲ ਨੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਗਵਾਹਾਂ ਦੀ ਗੱਲ ਕੀਤੀ, ਤਾਂ ਉਸ ਨੇ ਗਿਦਾਊਨ ਦਾ ਵੀ ਜ਼ਿਕਰ ਕੀਤਾ।—ਇਬ 11:32; 12:1.
20-26 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 10-12
“ਯਿਫ਼ਤਾਹ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਸੀ”
ਵਫ਼ਾਦਾਰ ਸੇਵਕਾਂ ʼਤੇ ਯਹੋਵਾਹ ਦੀ ਮਿਹਰ
9 ਯੂਸੁਫ਼ ਦੀ ਮਿਸਾਲ ਨੇ ਸ਼ਾਇਦ ਯਿਫ਼ਤਾਹ ਦੀ ਮਦਦ ਕੀਤੀ ਹੋਵੇ। ਉਸ ਨੇ ਸਿੱਖਿਆ ਹੋਣਾ ਕਿ ਯੂਸੁਫ਼ ਨੇ ਆਪਣੇ ਭਰਾਵਾਂ ʼਤੇ ਕਿਵੇਂ ਦਇਆ ਕੀਤੀ ਭਾਵੇਂ ਕਿ ਉਨ੍ਹਾਂ ਨੇ “ਉਸ ਦੇ ਨਾਲ ਵੈਰ” ਕੀਤਾ ਸੀ। (ਉਤ. 37:4; 45:4, 5) ਇਸ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਸ਼ਾਇਦ ਯਿਫ਼ਤਾਹ ਦੀ ਮਦਦ ਹੋਈ ਹੋਵੇ। ਯਿਫ਼ਤਾਹ ਉਸ ਤਰੀਕੇ ਨਾਲ ਪੇਸ਼ ਆਇਆ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਈ ਸੀ। ਬਿਨਾਂ ਸ਼ੱਕ ਯਿਫ਼ਤਾਹ ਦੇ ਭਰਾਵਾਂ ਨੇ ਉਸ ਦਾ ਦਿਲ ਦੁਖਾਇਆ ਸੀ, ਪਰ ਇਸ ਦੇ ਬਾਵਜੂਦ ਵੀ ਉਹ ਯਹੋਵਾਹ ਅਤੇ ਉਸ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੁਕਿਆ। (ਨਿਆ. 11:9) ਯਿਫ਼ਤਾਹ ਲਈ ਆਪਣੇ ਮਤਭੇਦਾਂ ਨਾਲੋਂ ਯਹੋਵਾਹ ਦੇ ਨਾਂ ਦੀ ਖ਼ਾਤਰ ਲੜਨਾ ਕਿਤੇ ਜ਼ਿਆਦਾ ਅਹਿਮੀਅਤ ਰੱਖਦਾ ਸੀ। ਉਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੋਇਆ ਸੀ। ਇਸ ਕਰਕੇ ਉਸ ʼਤੇ ਅਤੇ ਇਜ਼ਰਾਈਲੀਆਂ ʼਤੇ ਯਹੋਵਾਹ ਦੀ ਮਿਹਰ ਸੀ।—ਇਬ. 11:32, 33.
it-2 27 ਪੈਰਾ 2
ਯਿਫ਼ਤਾਹ
ਅੰਮੋਨੀਆਂ ਦੇ ਰਾਜੇ ਨੇ ਇਜ਼ਰਾਈਲੀਆਂ ʼਤੇ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰਨ ਦਾ ਦੋਸ਼ ਲਾਇਆ। (ਨਿਆ 11:12, 13) ਯਿਫ਼ਤਾਹ ਨੇ ਉਸ ਨੂੰ ਜੋ ਸੰਦੇਸ਼ ਪਹੁੰਚਾਇਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਿਰਫ਼ ਇਕ ਸੂਰਬੀਰ ਯੋਧਾ ਹੀ ਨਹੀਂ ਸੀ, ਸਗੋਂ ਉਸ ਨੂੰ ਇਜ਼ਰਾਈਲੀਆਂ ਦੇ ਇਤਿਹਾਸ ਬਾਰੇ ਕਾਫ਼ੀ ਕੁਝ ਪਤਾ ਸੀ। ਉਸ ਨੂੰ ਪਤਾ ਸੀ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ-ਕੀ ਕੀਤਾ ਸੀ। ਅੰਮੋਨੀਆਂ ਨੇ ਇਜ਼ਰਾਈਲੀਆਂ ʼਤੇ ਜੋ ਦੋਸ਼ ਲਾਇਆ ਸੀ, ਉਸ ਨੂੰ ਝੂਠਾ ਸਾਬਤ ਕਰਨ ਲਈ ਉਸ ਨੇ ਤਿੰਨ ਗੱਲਾਂ ਕਹੀਆਂ: (1) ਮਿਸਰ ਤੋਂ ਆਜ਼ਾਦ ਹੋਣ ʼਤੇ ਇਜ਼ਰਾਈਲੀਆਂ ਨੇ ਅੰਮੋਨ, ਮੋਆਬ ਤੇ ਅਦੋਮ ਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। (ਨਿਆ 11:14-18; ਬਿਵ 2:9, 19, 37; 2 ਇਤਿ 20:10, 11) (2) ਅੰਮੋਨੀ ਜਿਹੜੇ ਇਲਾਕੇ ਦੀ ਗੱਲ ਕਰ ਰਹੇ ਸਨ, ਉਹ ਉਨ੍ਹਾਂ ਦਾ ਨਹੀਂ ਸੀ। ਉਹ ਤਾਂ ਅਮੋਰੀਆਂ ਦਾ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਅਮੋਰੀਆਂ ʼਤੇ ਜਿੱਤ ਦਿਵਾਈ ਸੀ ਅਤੇ ਉਨ੍ਹਾਂ ਦੇ ਰਾਜੇ ਅਤੇ ਉਨ੍ਹਾਂ ਦੇ ਇਲਾਕੇ ਨੂੰ ਇਜ਼ਰਾਈਲ ਦੇ ਹੱਥ ਕਰ ਦਿੱਤਾ ਸੀ। (3) ਪਿਛਲੇ 300 ਸਾਲਾਂ ਤੋਂ ਇਜ਼ਰਾਈਲੀ ਉਸ ਇਲਾਕੇ ਵਿਚ ਵਸੇ ਹੋਏ ਸਨ। ਇੰਨੇ ਸਾਲਾਂ ਵਿਚ ਅੰਮੋਨੀਆਂ ਨੇ ਕਦੇ ਵੀ ਉਹ ਇਲਾਕਾ ਲੈਣ ਦੀ ਕੋਸ਼ਿਸ਼ ਨਹੀਂ ਕੀਤਾ, ਤਾਂ ਹੁਣ ਉਹ ਕਿਸ ਅਧਿਕਾਰ ਨਾਲ ਇਸ ਨੂੰ ਮੰਗ ਰਹੇ ਸਨ?—ਨਿਆ 11:19-27.
it-2 27 ਪੈਰਾ 3
ਯਿਫ਼ਤਾਹ
ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਨੂੰ ਦੱਸਿਆ ਸੀ ਕਿ ਉਹ ਇਜ਼ਰਾਈਲ ਦੇਸ਼ ਦਾ ਇਲਾਕਾ ਅੰਮੋਨੀਆਂ ਨੂੰ ਕਿਉਂ ਨਹੀਂ ਦੇ ਸਕਦੇ। ਉਸ ਨੇ ਉਨ੍ਹਾਂ ਨੂੰ ਇਸ ਦਾ ਅਸਲੀ ਕਾਰਨ ਦੱਸਿਆ। ਇਹ ਇਲਾਕਾ ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦਿੱਤਾ ਸੀ ਕਿਉਂਕਿ ਉਹ ਉਸ ਦੀ ਭਗਤੀ ਕਰਨ ਵਾਲੇ ਲੋਕ ਸਨ। ਉਹ ਅੰਮੋਨੀਆਂ ਨੂੰ ਇਸ ਦਾ ਇਕ ਵੀ ਟੁਕੜਾ ਨਹੀਂ ਦੇ ਸਕਦੇ ਸਨ ਕਿਉਂਕਿ ਅੰਮੋਨੀ ਝੂਠੇ ਦੇਵਤਿਆਂ ਦੀ ਭਗਤੀ ਕਰਦੇ ਸਨ।—ਨਿਆ 11:24; 1 ਰਾਜ 11:1, 7, 8, 33; 2 ਰਾਜ 23:13.
ਹੀਰੇ-ਮੋਤੀ
it-2 26
ਯਿਫ਼ਤਾਹ
ਯਿਫ਼ਤਾਹ ਨਾਜਾਇਜ਼ ਔਲਾਦ ਨਹੀਂ ਸੀ। ‘ਯਿਫ਼ਤਾਹ ਇਕ ਵੇਸਵਾ ਦਾ ਪੁੱਤਰ ਸੀ।’ ਪਰ ਇੱਦਾਂ ਨਹੀਂ ਸੀ ਕਿ ਯਿਫ਼ਤਾਹ ਦੇ ਪਿਤਾ ਗਿਲਆਦ ਨੇ ਕਿਸੇ ਵੇਸਵਾ ਨਾਲ ਸੰਬੰਧ ਰੱਖੇ ਸਨ ਜਿਸ ਕਰਕੇ ਯਿਫ਼ਤਾਹ ਪੈਦਾ ਹੋਇਆ ਸੀ। ਜੇ ਇੱਦਾਂ ਹੁੰਦਾ, ਤਾਂ ਉਹ ਨੇ ਨਾਜਾਇਜ਼ ਔਲਾਦ ਕਹਾਉਣਾ ਸੀ। ਯਿਫ਼ਤਾਹ ਦੀ ਮਾਂ ਵਿਆਹ ਤੋਂ ਪਹਿਲਾਂ ਵੇਸਵਾ ਸੀ ਅਤੇ ਫਿਰ ਉਸ ਨੇ ਗਿਲਆਦ ਨਾਲ ਵਿਆਹ ਕਰ ਲਿਆ ਜਿੱਦਾਂ ਰਾਹਾਬ ਸਲਮੋਨ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਵੇਸਵਾ ਸੀ। ਯਿਫ਼ਤਾਹ ਦੀ ਮਾਂ ਗਿਲਆਦ ਦੀ ਦੂਜੀ ਪਤਨੀ ਸੀ। (ਨਿਆ 11:1; ਯਹੋ 2:1; ਮੱਤੀ 1:5) ਇਸ ਦਾ ਮਤਲਬ ਹੈ ਕਿ ਯਿਫ਼ਤਾਹ ਨਾਜਾਇਜ਼ ਔਲਾਦ ਨਹੀਂ ਸੀ। ਇਸ ਦਾ ਇਕ ਸਬੂਤ ਇਹ ਹੈ ਕਿ ਯਿਫ਼ਤਾਹ ਦੇ ਮਤਰੇਏ ਭਰਾਵਾਂ ਨੇ (ਗਿਲਆਦ ਦੀ ਪਹਿਲੀ ਪਤਨੀ ਦੇ ਮੁੰਡਿਆਂ ਨੇ) ਉਸ ਨੂੰ ਘਰੋਂ ਭਜਾ ਦਿੱਤਾ ਸੀ ਤਾਂਕਿ ਉਸ ਨੂੰ ਉਨ੍ਹਾਂ ਦੇ ਪਿਤਾ ਦੇ ਘਰਾਣੇ ਵਿੱਚੋਂ ਕੋਈ ਵਿਰਾਸਤ ਨਾ ਮਿਲੇ। ਜੇ ਉਹ ਨਾਜਾਇਜ਼ ਹੁੰਦਾ, ਤਾਂ ਵਿਰਾਸਤ ਮਿਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋਣਾ ਸੀ। (ਨਿਆ 11:2) ਯਿਫ਼ਤਾਹ ਨਾਜਾਇਜ਼ ਨਹੀਂ ਸੀ। ਇਹ ਗੱਲ ਅਸੀਂ ਇਸ ਲਈ ਵੀ ਕਹਿ ਸਕਦੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਵਿਚ ਉਹ ਗਿਲਆਦ ਦੇ ਲੋਕਾਂ ਦਾ ਆਗੂ ਬਣਿਆ। ਯਿਫ਼ਤਾਹ ਦੇ ਭਰਾ ਉਨ੍ਹਾਂ ਮੰਨੇ-ਪ੍ਰਮੰਨੇ ਲੋਕਾਂ ਵਿੱਚੋਂ ਸਨ। ਜੇ ਉਹ ਨਾਜਾਇਜ਼ ਹੁੰਦਾ, ਤਾਂ ਉਹ ਉਸ ਨੂੰ ਆਗੂ ਨਾ ਬਣਨ ਦਿੰਦੇ। (ਨਿਆ 11:11) ਉਹ ਨਾਜਾਇਜ਼ ਨਹੀਂ ਸੀ, ਇਸ ਦਾ ਤੀਜਾ ਕਾਰਨ ਇਹ ਸੀ ਕਿ ਉਸ ਨੇ ਪਵਿੱਤਰ ਡੇਰੇ ਵਿਚ ਪਰਮੇਸ਼ੁਰ ਨੂੰ ਬਲ਼ੀ ਚੜ੍ਹਾਈ ਸੀ। (ਨਿਆ 11:30, 31) ਜੇ ਉਹ ਨਾਜਾਇਜ਼ ਹੁੰਦਾ, ਤਾਂ ਉਹ ਇੱਦਾਂ ਨਹੀਂ ਕਰ ਸਕਦਾ ਸੀ ਕਿਉਂਕਿ ਮੂਸਾ ਦੇ ਕਾਨੂੰਨ ਅਨੁਸਾਰ “ਕੋਈ ਵੀ ਨਾਜਾਇਜ਼ ਪੁੱਤਰ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ। ਦਸਵੀਂ ਪੀੜ੍ਹੀ ਤਕ ਉਸ ਦੀ ਕੋਈ ਵੀ ਔਲਾਦ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ।”—ਬਿਵ 23:2.
27 ਦਸੰਬਰ–2 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 13-14
“ਮਾਪੇ ਮਨੋਆਹ ਤੇ ਉਸ ਦੀ ਪਤਨੀ ਤੋਂ ਕੀ ਸਿੱਖ ਸਕਦੇ ਹਨ?”
ਮਾਪਿਓ, ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਓ
ਜ਼ਰਾ ਦਾਨ ਦੇ ਗੋਤ ਵਿੱਚੋਂ ਮਾਨੋਆਹ ਦੀ ਮਿਸਾਲ ʼਤੇ ਗੌਰ ਕਰੋ ਜੋ ਇਜ਼ਰਾਈਲ ਦੇ ਸਾਰਾਹ ਸ਼ਹਿਰ ਵਿਚ ਰਹਿੰਦਾ ਸੀ। ਯਹੋਵਾਹ ਦੇ ਫ਼ਰਿਸ਼ਤੇ ਨੇ ਮਾਨੋਆਹ ਦੀ ਬਾਂਝ ਪਤਨੀ ਨੂੰ ਕਿਹਾ ਕਿ ਉਹ ਇਕ ਬੇਟਾ ਪੈਦਾ ਕਰੇਗੀ। (ਨਿਆ. 13:2, 3) ਇਹ ਸੁਣ ਕੇ ਪਤੀ-ਪਤਨੀ ਬਹੁਤ ਖ਼ੁਸ਼ ਹੋਏ। ਪਰ ਇਸ ਦੇ ਨਾਲ-ਨਾਲ ਉਹ ਫ਼ਿਕਰਮੰਦ ਵੀ ਸਨ। ਸੋ ਮਾਨੋਆਹ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਅਜਿਹਾ ਕਰ ਜੋ ਉਹ ਪਰਮੇਸ਼ੁਰ ਦਾ ਬੰਦਾ ਜਿਹ ਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਕਿੱਕਰ ਕਰੀਏ।” (ਨਿਆ. 13:8) ਮਾਨੋਆਹ ਤੇ ਉਸ ਦੀ ਪਤਨੀ ਨੂੰ ਆਪਣੇ ਬੇਟੇ ਦੀ ਪਰਵਰਿਸ਼ ਬਾਰੇ ਬੜੀ ਚਿੰਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਸਮਸੂਨ ਨੂੰ ਪਰਮੇਸ਼ੁਰ ਦੇ ਕਾਨੂੰਨ ਸਿਖਾਏ ਅਤੇ ਲੱਗਦਾ ਹੈ ਕਿ ਉਹ ਇਸ ਵਿਚ ਕਾਮਯਾਬ ਵੀ ਹੋਏ। ਬਾਈਬਲ ਦੱਸਦੀ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਸਮਸੂਨ ʼਤੇ ਆਈ ਜਿਸ ਕਰਕੇ ਇਜ਼ਰਾਈਲ ਦੇ ਇਕ ਨਿਆਂਕਾਰ ਵਜੋਂ ਉਸ ਨੇ ਵੱਡੇ-ਵੱਡੇ ਕੰਮ ਕੀਤੇ।—ਨਿਆ. 13:25; 14:5, 6; 15:14, 15.
ਸਮਸੂਨ ਯਹੋਵਾਹ ਦੀ ਮਦਦ ਨਾਲ ਜਿੱਤਿਆ
ਸਮਸੂਨ ਵੱਡਾ ਹੁੰਦਾ ਗਿਆ ਅਤੇ “ਯਹੋਵਾਹ ਨੇ ਉਹ ਨੂੰ ਅਸੀਸ ਦਿੱਤੀ।” (ਨਿਆਈਆਂ 13:24) ਇਕ ਦਿਨ ਉਹ ਆਪਣੇ ਮਾਤਾ-ਪਿਤਾ ਕੋਲ ਆ ਕੇ ਕਹਿਣ ਲੱਗਾ: “ਫਲਿਸਤੀਆਂ ਦੀਆਂ ਧੀਆਂ ਵਿੱਚੋਂ ਤਿਮਨਾਥ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹ ਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ।” (ਨਿਆਈਆਂ 14:2) ਜ਼ਰਾ ਉਨ੍ਹਾਂ ਦੀ ਹੈਰਾਨੀ ਦੀ ਕਲਪਨਾ ਕਰੋ: ਜਿਨ੍ਹਾਂ ਜ਼ਾਲਮਾਂ ਦੇ ਹੱਥੋਂ ਉਨ੍ਹਾਂ ਦੇ ਬੇਟੇ ਨੇ ਇਸਰਾਏਲ ਨੂੰ ਬਚਾਉਣਾ ਸੀ, ਉਹ ਉਨ੍ਹਾਂ ਨਾਲ ਵਿਆਹ ਦਾ ਰਿਸ਼ਤਾ ਜੋੜਨਾ ਚਾਹੁੰਦਾ ਸੀ। ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀ ਤੀਵੀਂ ਨਾਲ ਵਿਆਹ ਕਰਾਉਣਾ ਯਹੋਵਾਹ ਦੇ ਕਾਨੂੰਨ ਦੇ ਖ਼ਿਲਾਫ਼ ਸੀ। (ਕੂਚ 34:11-16) ਇਸ ਲਈ ਉਸ ਦੇ ਮਾਂ-ਬਾਪ ਨੇ ਕਿਹਾ: ‘ਭਲਾ, ਤੇਰੇ ਭਾਈ ਚਾਰੇ ਦੀਆਂ ਧੀਆਂ ਵਿੱਚ ਅਤੇ ਸਾਡੇ ਸਾਰੇ ਲੋਕਾਂ ਵਿੱਚ ਕੋਈ ਤੀਵੀਂ ਨਹੀਂ ਜੋ ਅਸੁੰਨਤੀ ਫਲਿਸਤੀਆਂ ਵਿੱਚੋਂ ਤੂੰ ਵਹੁਟੀ ਲੈਣ ਲਈ ਗਿਆ ਹੈਂ?’ ਫਿਰ ਵੀ ਸਮਸੂਨ ਨੇ ਜ਼ਿੱਦ ਕੀਤੀ: “ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿੱਚ ਓਹੋ ਜਚਦੀ ਹੈ।”—ਨਿਆਈਆਂ 14:3.
ਹੀਰੇ-ਮੋਤੀ
ਸਮਸੂਨ ਯਹੋਵਾਹ ਦੀ ਮਦਦ ਨਾਲ ਜਿੱਤਿਆ
ਫਲਿਸਤੀਆਂ ਦੀ ਇਹ ਤੀਵੀਂ ਸਮਸੂਨ ਨੂੰ “ਜਚਦੀ” ਕਿਉਂ ਸੀ? ਬਾਈਬਲ ਦੇ ਇਕ ਐਨਸਾਈਕਲੋਪੀਡੀਆ ਮੁਤਾਬਕ ਇਸ ਦਾ ਇਹ ਮਤਲਬ ਨਹੀਂ ਕਿ ਉਹ ‘ਬਹੁਤ ਹੀ ਸੋਹਣੀ ਜਾਂ ਸੁਚੱਜੀ ਸੀ, ਪਰ ਉਹ ਕਿਸੇ ਖ਼ਾਸ ਕੰਮ ਲਈ ਜਚਦੀ ਸੀ।’ ਕਿਹੜੇ ਕੰਮ ਲਈ? ਨਿਆਈਆਂ 14:4 ਵਿਚ ਸਾਨੂੰ ਦੱਸਿਆ ਗਿਆ ਕਿ ਸਮਸੂਨ “ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ।” ਸਮਸੂਨ ਨੇ ਉਸ ਤੀਵੀਂ ਨੂੰ ਪਸੰਦ ਕੀਤਾ ਕਿਉਂਕਿ ਉਹ ਆਪਣਾ ਇਹ ਕੰਮ ਨੇਪਰੇ ਚਾੜ੍ਹਨਾ ਚਾਹੁੰਦਾ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਫਿਰ ਉਹ ਸਮਾਂ ਆਇਆ ਜਦ “ਯਹੋਵਾਹ ਦਾ ਆਤਮਾ . . . ਉਹ ਨੂੰ ਉਕਸਾਉਣ ਲੱਗਾ” ਯਾਨੀ ਸਮਸੂਨ ਆਪਣਾ ਕੰਮ ਕਰਨ ਲਈ ਤਿਆਰ ਹੋਇਆ। (ਨਿਆਈਆਂ 13:25) ਇਸ ਤੋਂ ਅਸੀਂ ਸਮਝਦੇ ਹਾਂ ਕਿ ਜਦ ਸਮਸੂਨ ਨੇ ਉਸ ਤੀਵੀਂ ਨੂੰ ਪਸੰਦ ਕੀਤਾ ਅਤੇ ਨਿਆਈ ਵਜੋਂ ਬਾਕੀ ਦੇ ਆਪਣੇ ਕੰਮ ਕੀਤੇ, ਤਾਂ ਇਸ ਦੇ ਪਿੱਛੇ ਯਹੋਵਾਹ ਦੀ ਹੀ ਆਤਮਾ ਸੀ। ਕੀ ਸਮਸੂਨ ਨੂੰ ਫਲਿਸਤੀਆਂ ਨਾਲ ਲੜਨ ਦਾ ਮੌਕਾ ਮਿਲਿਆ ਜੋ ਉਹ ਲੱਭ ਰਿਹਾ ਸੀ? ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਯਕੀਨ ਦਿਲਾਇਆ ਕਿ ਉਹ ਉਸ ਦੇ ਨਾਲ ਸੀ।