ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
3-9 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 15-16
“ਧੋਖਾ ਦੇਣਾ ਕਿੰਨੀ ਸ਼ਰਮ ਦੀ ਗੱਲ ਹੈ!”
ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!
4 ਪਹਿਲਾਂ ਚਾਲਬਾਜ਼ ਦਲੀਲਾਹ ਦੀ ਮਿਸਾਲ ʼਤੇ ਗੌਰ ਕਰੋ ਜਿਸ ਨਾਲ ਸਮਸੂਨ ਪਿਆਰ ਕਰਦਾ ਸੀ। ਸਮਸੂਨ ਨੇ ਪਰਮੇਸ਼ੁਰ ਦੇ ਲੋਕਾਂ ਲਈ ਫਲਿਸਤੀਆਂ ਵਿਰੁੱਧ ਲੜਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਪੰਜ ਫਲਿਸਤੀ ਸਰਦਾਰਾਂ ਨੂੰ ਸ਼ਾਇਦ ਪਤਾ ਸੀ ਕਿ ਦਲੀਲਾਹ ਸਮਸੂਨ ਨੂੰ ਸੱਚਾ ਪਿਆਰ ਨਹੀਂ ਕਰਦੀ ਸੀ। ਇਸ ਕਰਕੇ ਉਨ੍ਹਾਂ ਨੇ ਉਸ ਨੂੰ ਲਾਲਚ ਦਿੱਤਾ ਕਿ ਉਹ ਸਮਸੂਨ ਦੀ ਤਾਕਤ ਦਾ ਰਾਜ਼ ਪਤਾ ਕਰੇ, ਤਾਂਕਿ ਉਹ ਉਸ ਨੂੰ ਖ਼ਤਮ ਕਰ ਸਕਣ। ਲਾਲਚੀ ਦਲੀਲਾਹ ਨੇ ਉਨ੍ਹਾਂ ਦੀ ਗੱਲ ਮੰਨ ਲਈ, ਪਰ ਉਹ ਤਿੰਨ ਵਾਰ ਉਸ ਦੀ ਤਾਕਤ ਦਾ ਰਾਜ਼ ਜਾਣਨ ਵਿਚ ਅਸਫ਼ਲ ਰਹੀ। ਉਹ ਵਾਰ-ਵਾਰ ਪੁੱਛ ਕੇ “ਸਮਸੂਨ ਨੂੰ ਹਰ ਰੋਜ਼ ਤੰਗ ਕਰਦੀ ਰਹੀ।” ਸਮਸੂਨ ‘ਉਸ ਦੇ ਪੁੱਛਣ ਤੋਂ ਇੰਨਾ ਥੱਕ ਗਿਆ ਕਿ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰਨ ਵਾਲਾ ਹੈ।’ ਇਸ ਲਈ ਸਮਸੂਨ ਨੇ ਉਸ ਨੂੰ ਦੱਸਿਆ ਕਿ ਉਸ ਦੇ ਵਾਲ਼ ਕਦੇ ਕੱਟੇ ਨਹੀਂ ਗਏ ਸਨ ਤੇ ਜੇ ਕੱਟੇ ਜਾਣ, ਤਾਂ ਉਸ ਦੀ ਤਾਕਤ ਖ਼ਤਮ ਹੋ ਜਾਵੇਗੀ। ਇਹ ਸੁਣ ਕੇ ਦਲੀਲਾਹ ਨੇ ਸਮਸੂਨ ਦੇ ਵਾਲ਼ ਕਟਵਾ ਦਿੱਤੇ ਜਦ ਉਹ ਆਪਣਾ ਸਿਰ ਉਸ ਦੀ ਗੋਦੀ ਵਿਚ ਰੱਖ ਕੇ ਸੁੱਤਾ ਪਿਆ ਸੀ। ਫਿਰ ਉਸ ਨੇ ਸਮਸੂਨ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। (ਨਿਆ. 16:4, 5, 15-21, ERV) ਉਹ ਕਿੰਨੀ ਨੀਚ ਨਿਕਲੀ! ਪੈਸਿਆਂ ਦੀ ਖ਼ਾਤਰ ਦਲੀਲਾਹ ਨੇ ਉਸ ਆਦਮੀ ਨੂੰ ਧੋਖਾ ਦਿੱਤਾ ਜੋ ਉਸ ਨੂੰ ਪਿਆਰ ਕਰਦਾ ਸੀ।
ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
14:16, 17; 16:16. ਜੇ ਅਸੀਂ ਆਪਣਾ ਉੱਲੂ ਸਿੱਧਾ ਰੱਖਣ ਲਈ ਕਿਸੇ ਉੱਤੇ ਦਬਾਅ ਪਾਈ ਜਾਈਏ ਤਾਂ ਸਾਡਾ ਉਨ੍ਹਾਂ ਨਾਲ ਰਿਸ਼ਤਾ ਵਿਗੜ ਸਕਦਾ ਹੈ।—ਕਹਾਉਤਾਂ 19:13; 21:19.
ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!
15 ਵਿਆਹੇ ਲੋਕ ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਨ? ਬਾਈਬਲ ਕਹਿੰਦੀ ਹੈ: “ਤੂੰ ਆਪਣੀ ਜੁਆਨੀ ਦੀ ਵਹੁਟੀ [ਜਾਂ ਆਪਣੇ ਪਤੀ] ਨਾਲ ਅਨੰਦ ਰਹੁ” ਅਤੇ “ਆਪਣੀ ਪਿਆਰੀ ਪਤਨੀ [ਜਾਂ ਆਪਣੇ ਪਿਆਰੇ ਪਤੀ] ਦੇ ਸੰਗ ਮੌਜ ਮਾਣ।” (ਕਹਾ. 5:18; ਉਪ. 9:9) ਜਿੱਦਾਂ-ਜਿੱਦਾਂ ਸਾਲ ਬੀਤਦੇ ਜਾਂਦੇ ਹਨ, ਪਤੀ-ਪਤਨੀ ਨੂੰ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਕ-ਦੂਜੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਇਕ-ਦੂਜੇ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ ਅਤੇ ਇਕ-ਦੂਜੇ ਨਾਲ ਨਜ਼ਦੀਕੀਆਂ ਬਣਾਈ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਆਪਣੇ ਰਿਸ਼ਤੇ ਦੇ ਨਾਲ-ਨਾਲ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਵੀ ਬਣਾਈ ਰੱਖਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਇਕੱਠਿਆਂ ਬਾਈਬਲ ਸਟੱਡੀ ਕਰਨੀ, ਇਕੱਠਿਆਂ ਪ੍ਰਚਾਰ ਕਰਨਾ ਅਤੇ ਇਕੱਠਿਆਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਬਰਕਤ ਮੰਗਣੀ ਚਾਹੀਦੀ ਹੈ।
ਯਹੋਵਾਹ ਦੇ ਵਫ਼ਾਦਾਰ ਰਹੋ
16 ਮੰਡਲੀ ਵਿਚ ਕਈ ਭੈਣ-ਭਰਾ ਹਨ ਜਿਨ੍ਹਾਂ ਨੇ ਵੱਡੀਆਂ ਗ਼ਲਤੀਆਂ ਕੀਤੀਆਂ ਸਨ ਤੇ ਜਿਨ੍ਹਾਂ ਨੂੰ ‘ਸਖ਼ਤੀ ਨਾਲ ਤਾੜਨਾ ਦਿੱਤੀ ਗਈ ਤਾਂਕਿ ਉਨ੍ਹਾਂ ਦੀ ਨਿਹਚਾ ਮਜ਼ਬੂਤ ਰਹੇ।’ (ਤੀਤੁ. 1:13) ਕੁਝ ਮਸੀਹੀਆਂ ਦੇ ਚਾਲ-ਚਲਣ ਕਰਕੇ ਉਨ੍ਹਾਂ ਨੂੰ ਮੰਡਲੀ ਵਿੱਚੋਂ ਛੇਕਿਆ ਗਿਆ ਹੈ। ਪਰ ‘ਜਿਨ੍ਹਾਂ ਨੂੰ ਅਨੁਸ਼ਾਸਨ ਦੇ ਜ਼ਰੀਏ ਸਿਖਲਾਈ ਮਿਲੀ ਹੈ,’ ਉਨ੍ਹਾਂ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਫਿਰ ਤੋਂ ਬਣਾਇਆ ਹੈ। (ਇਬ. 12:11) ਫ਼ਰਜ਼ ਕਰੋ ਕਿ ਸਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਕੋਈ ਰਿਸ਼ਤੇਦਾਰ ਜਾਂ ਦੋਸਤ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਹੁਣ ਸਾਡੀ ਵਫ਼ਾਦਾਰੀ ਪਰਖੀ ਜਾਂਦੀ ਹੈ। ਅਸੀਂ ਕਿਸ ਪ੍ਰਤੀ ਵਫ਼ਾਦਾਰ ਰਹਾਂਗੇ, ਯਹੋਵਾਹ ਪ੍ਰਤੀ ਜਾਂ ਉਸ ਇਨਸਾਨ ਪ੍ਰਤੀ? ਯਹੋਵਾਹ ਦੇਖਦਾ ਹੈ ਕਿ ਅਸੀਂ ਉਸ ਦੇ ਹੁਕਮ ਨੂੰ ਮੰਨ ਕੇ ਉਸ ਵਿਅਕਤੀ ਨਾਲ ਕੋਈ ਵਾਸਤਾ ਰੱਖਾਂਗੇ ਜਾਂ ਨਹੀਂ।—1 ਕੁਰਿੰਥੀਆਂ 5:11-13 ਪੜ੍ਹੋ।
ਹੀਰੇ-ਮੋਤੀ
ਸਮਸੂਨ ਯਹੋਵਾਹ ਦੀ ਮਦਦ ਨਾਲ ਜਿੱਤਿਆ
ਸਮਸੂਨ ਪੂਰੀ ਤਰ੍ਹਾਂ ਜਾਣਦਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਸੀ ਯਾਨੀ ਫਲਿਸਤੀਆਂ ਨਾਲ ਲੜਾਈ। ਇਸੇ ਉਦੇਸ਼ ਨਾਲ ਉਹ ਅੱਜ਼ਾਹ ਸ਼ਹਿਰ ਵਿਚ ਇਕ ਵੇਸਵਾ ਦੇ ਘਰ ਗਿਆ ਵਿਭਚਾਰ ਕਰਨ ਲਈ ਨਹੀਂ ਪਰ ਰਾਤ ਗੁਜ਼ਾਰਨ ਲਈ। ਇਹ ਦੁਸ਼ਮਣਾਂ ਦਾ ਸ਼ਹਿਰ ਸੀ ਤੇ ਸਮਸੂਨ ਨੂੰ ਰਹਿਣ ਲਈ ਕੋਈ ਥਾਂ-ਟਿਕਾਣਾ ਚਾਹੀਦਾ ਸੀ। ਉਹ ਅੱਧੀ ਰਾਤ ਉੱਠ ਕੇ ਸ਼ਹਿਰ ਦਾ ਫਾਟਕ ਅਤੇ ਉਸ ਦੀਆਂ ਦੋਹਾਂ ਚੁਗਾਠਾਂ ਨੂੰ ਚੁੱਕ ਕੇ ਤਕਰੀਬਨ 60 ਕਿਲੋਮੀਟਰ ਦੂਰ ਹਬਰੋਨ ਦੇ ਲਾਗੇ ਇਕ ਪਹਾੜ ਦੀ ਚੋਟੀ ਉੱਤੇ ਲੈ ਗਿਆ। ਇਹ ਸਭ ਕੁਝ ਉਸ ਨੇ ਪਰਮੇਸ਼ੁਰ ਤੋਂ ਮਿਲੀ ਤਾਕਤ ਅਤੇ ਉਸ ਦੀ ਮਿਹਰ ਨਾਲ ਕੀਤਾ ਸੀ।—ਨਿਆਈਆਂ 16:1-3.
10-16 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 17-19
“ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਕਰਕੇ ਨੁਕਸਾਨ ਹੁੰਦਾ ਹੈ”
it-2 390-391
ਮੀਕਾਹ
1. ਮੀਕਾਹ ਇਫ਼ਰਾਈਮ ਗੋਤ ਵਿੱਚੋਂ ਸੀ। ਮੀਕਾਹ ਨੇ ਆਪਣੀ ਮਾਂ ਦੇ ਚਾਂਦੀ ਦੇ ਟੁਕੜੇ ਚੋਰੀ ਕੀਤੇ ਸਨ, ਪਰ ਫਿਰ ਉਸ ਨੇ ਉਹ ਵਾਪਸ ਕਰ ਦਿੱਤੇ। ਫਿਰ ਉਸ ਦੀ ਮਾਂ ਨੇ ਚਾਂਦੀ ਦੇ 200 ਟੁਕੜੇ ਲੈ ਕੇ ਸੁਨਿਆਰੇ ਨੂੰ ਦੇ ਦਿੱਤੇ। ਉਸ ਨੇ “ਇਕ ਘੜੀ ਹੋਈ ਮੂਰਤ ਅਤੇ ਧਾਤ ਦਾ ਇਕ ਬੁੱਤ ਬਣਾਇਆ” ਜਿਸ ਨੂੰ ਬਾਅਦ ਵਿਚ ਮੀਕਾਹ ਦੇ ਘਰ ਵਿਚ ਰੱਖ ਦਿੱਤਾ ਗਿਆ। ਮੀਕਾਹ ਦੇ ਘਰ “ਦੇਵਤਿਆਂ ਦਾ ਇਕ ਮੰਦਰ ਸੀ।” ਉਸ ਨੇ ਇਕ ਏਫ਼ੋਦ ਤੇ ਬੁੱਤ ਬਣਾਏ ਅਤੇ ਆਪਣੇ ਇਕ ਪੁੱਤਰ ਨੂੰ ਪੁਜਾਰੀ ਵਜੋਂ ਨਿਯੁਕਤ ਕੀਤਾ। ਮੀਕਾਹ ਅਤੇ ਉਸ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਇਹ ਸਾਰਾ ਕੁਝ ਯਹੋਵਾਹ ਦੀ ਮਹਿਮਾ ਲਈ ਕਰ ਰਹੇ ਹਨ। ਪਰ ਸੱਚ ਤਾਂ ਇਹ ਸੀ ਕਿ ਉਹ ਯਹੋਵਾਹ ਦਾ ਨਿਰਾਦਰ ਕਰ ਰਹੇ ਸਨ। ਉਨ੍ਹਾਂ ਨੇ ਮੂਰਤੀ-ਪੂਜਾ ਕਰ ਕੇ ਯਹੋਵਾਹ ਦਾ ਹੁਕਮ ਤੋੜਿਆ ਸੀ। (ਕੂਚ 20:4-6) ਨਾਲੇ ਉਨ੍ਹਾਂ ਨੇ ਯਹੋਵਾਹ ਦੇ ਡੇਰੇ ਅਤੇ ਪੁਜਾਰੀ ਦੇ ਪ੍ਰਬੰਧ ਲਈ ਕੋਈ ਕਦਰ ਨਹੀਂ ਦਿਖਾਈ। (ਨਿਆ 17:1-6; ਬਿਵ 12:1-14) ਬਾਅਦ ਵਿਚ, ਉਸ ਨੇ ਯੋਨਾਥਾਨ ਨਾਂ ਦੇ ਇਕ ਲੇਵੀ ਨੂੰ ਆਪਣੇ ਲਈ ਪੁਜਾਰੀ ਵਜੋਂ ਸੇਵਾ ਕਰਨ ਲਈ ਰੱਖ ਲਿਆ। ਮੀਕਾਹ ਆਪਣੇ ਇਸ ਫ਼ੈਸਲੇ ਤੋਂ ਖ਼ੁਸ਼ ਸੀ ਤੇ ਉਸ ਨੇ ਕਿਹਾ: “ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰਾ ਭਲਾ ਕਰੇਗਾ।” (ਨਿਆ 17:7-13; 18:4) ਪਰ ਇਹ ਉਸ ਦੀ ਗ਼ਲਤਫ਼ਹਿਮੀ ਸੀ। ਮੂਸਾ ਦੇ ਕਾਨੂੰਨ ਮੁਤਾਬਕ ਪੁਜਾਰੀ ਹਾਰੂਨ ਦੇ ਵੰਸ਼ ਵਿੱਚੋਂ ਹੀ ਬਣ ਸਕਦੇ ਸਨ। ਪਰ ਇਹ ਲੇਵੀ ਮੂਸਾ ਦੇ ਪੁੱਤਰ ਗੇਰਸ਼ੋਮ ਦੇ ਵੰਸ਼ ਵਿੱਚੋਂ ਸੀ, ਨਾ ਕਿ ਹਾਰੂਨ ਦੇ ਵੰਸ਼ ਵਿੱਚੋਂ। ਇਸ ਲਈ ਯੋਨਾਥਾਨ ਪੁਜਾਰੀ ਵਜੋਂ ਸੇਵਾ ਕਰਨ ਦੇ ਯੋਗ ਨਹੀਂ ਸੀ। ਯੋਨਾਥਾਨ ਨੂੰ ਪੁਜਾਰੀ ਬਣਾ ਕੇ ਮੀਕਾਹ ਨੇ ਇਕ ਹੋਰ ਗ਼ਲਤੀ ਕੀਤੀ।—ਨਿਆ 18:30; ਗਿਣ 3:10.
it-2 391 ਪੈਰਾ 2
ਮੀਕਾਹ
ਥੋੜ੍ਹੀ ਦੇਰ ਬਾਅਦ, ਮੀਕਾਹ ਤੇ ਉਸ ਦੇ ਆਦਮੀ ਦਾਨ ਦੇ ਲੋਕਾਂ ਦੇ ਪਿੱਛੇ ਗਏ। ਜਦੋਂ ਉਹ ਉਨ੍ਹਾਂ ਕੋਲ ਪਹੁੰਚੇ, ਤਾਂ ਦਾਨ ਦੇ ਲੋਕਾਂ ਨੇ ਮੀਕਾਹ ਤੋਂ ਪੁੱਛਿਆ: “ਕੀ ਗੱਲ ਹੋਈ?” ਉਸ ਨੇ ਜਵਾਬ ਦਿੱਤਾ: “ਤੁਸੀਂ ਮੇਰੇ ਦੇਵਤੇ ਚੁੱਕ ਲਿਆਏ ਹੋ ਜੋ ਮੈਂ ਬਣਾਏ ਸਨ ਤੇ ਤੁਸੀਂ ਪੁਜਾਰੀ ਨੂੰ ਵੀ ਲੈ ਕੇ ਤੁਰ ਪਏ। ਮੇਰੇ ਕੋਲ ਕੀ ਰਹਿ ਗਿਆ?” ਦਾਨ ਦੇ ਲੋਕਾਂ ਨੇ ਮੀਕਾਹ ਨੂੰ ਧਮਕੀ ਦਿੱਤੀ ਕਿ ਜੇ ਉਹ ਉਨ੍ਹਾਂ ਦਾ ਪਿੱਛਾ ਕਰਦੇ ਰਹੇ ਤੇ ਇਸ ਮਾਮਲੇ ਬਾਰੇ ਗੱਲ ਕਰਦੇ ਰਹੇ, ਤਾਂ ਉਹ ਉਸ ਨੂੰ ਤੇ ਉਸ ਦੇ ਆਦਮੀਆਂ ਨੂੰ ਜਾਨੋਂ ਮਾਰ ਦੇਣਗੇ । ਜਦੋਂ ਮੀਕਾਹ ਨੇ ਦੇਖਿਆ ਕਿ ਦਾਨ ਦੇ ਲੋਕ ਉਸ ਨਾਲੋਂ ਜ਼ਿਆਦਾ ਤਾਕਤਵਰ ਹਨ, ਤਾਂ ਉਹ ਆਪਣੇ ਘਰ ਮੁੜ ਗਿਆ।—ਨਿਆ 18:22-26.
ਹੀਰੇ-ਮੋਤੀ
ਪਰਮੇਸ਼ੁਰ ਦੇ ਬਚਨ ਦਾ ਇਕ ਜੀਉਂਦਾ ਅਨੁਵਾਦ
6 ਅੱਜ ਸਾਡੇ ਕੋਲ ਹੋਰ ਵੀ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਯਹੋਵਾਹ ਦਾ ਨਾਂ ਵਰਤਣਾ ਚਾਹੀਦਾ ਹੈ। 2013 ਦੇ ਨਵੀਂ ਦੁਨੀਆਂ ਅਨੁਵਾਦ ਵਿਚ 7,216 ਵਾਰ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ। ਪੁਰਾਣੇ ਐਡੀਸ਼ਨ ਨਾਲੋਂ ਇਸ ਨਵੇਂ ਐਡੀਸ਼ਨ ਵਿਚ ਛੇ ਹੋਰ ਵਾਰ ਯਹੋਵਾਹ ਦਾ ਨਾਂ ਪਾਇਆ ਗਿਆ ਹੈ। ਪੰਜ ਵਾਰ ਇਹ ਨਾਂ ਇਸ ਲਈ ਪਾਇਆ ਗਿਆ ਕਿਉਂਕਿ ਮ੍ਰਿਤ ਸਾਗਰ ਪੋਥੀਆਂ ਵਿਚ ਪਰਮੇਸ਼ੁਰ ਦਾ ਨਾਂ ਸੀ। 1 ਸਮੂਏਲ 2:25; 6:3; 10:26; 23:14, 16 ਵਿਚ ਪੰਜ ਵਾਰ ਇਹ ਨਾਂ ਪਾਇਆ ਗਿਆ ਹੈ। ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦੀ ਹੋਰ ਜ਼ਿਆਦਾ ਜਾਂਚ-ਪੜਤਾਲ ਕਰਨ ਤੋਂ ਬਾਅਦ ਨਿਆਈਆਂ 19:18 ਵਿਚ ਯਹੋਵਾਹ ਦਾ ਨਾਂ ਪਾਇਆ ਗਿਆ। ਇਹ ਛੇਵੀਂ ਥਾਂ ਹੈ ਜਿੱਥੇ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ।
17-23 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਨਿਆਈਆਂ 20-21
“ਯਹੋਵਾਹ ਤੋਂ ਸਲਾਹ ਲੈਂਦੇ ਰਹੋ”
ਚੁਣੌਤੀਆਂ ਦਾ ਸਾਮ੍ਹਣਾ ਕਰਨ ਵੇਲੇ ਕੀ ਤੁਸੀਂ ਫ਼ੀਨਹਾਸ ਵਾਂਗ ਬਣ ਸਕਦੇ ਹੋ?
ਗਿਬਆਹ ਇਲਾਕੇ ਦੇ ਬਿਨਯਾਮੀਨ ਗੋਤ ਦੇ ਬੰਦਿਆਂ ਵੱਲੋਂ ਲੇਵੀ ਦੀ ਰਾਖੇਲ ਦਾ ਬਲਾਤਕਾਰ ਅਤੇ ਕਤਲ ਕਰਨ ਤੋਂ ਬਾਅਦ, ਬਾਕੀ ਗੋਤ ਬਿਨਯਾਮੀਨ ਗੋਤ ਨਾਲ ਯੁੱਧ ਕਰਨ ਲਈ ਤਿਆਰ ਹੋ ਗਏ। (ਨਿਆ. 20:1-11) ਇਨ੍ਹਾਂ ਗੋਤਾਂ ਨੇ ਲੜਾਈ ਕਰਨ ਤੋਂ ਪਹਿਲਾਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਪਰ ਉਹ ਦੋ ਵਾਰੀ ਹਾਰ ਗਏ ਅਤੇ ਕਈਆਂ ਦੀ ਜਾਨ ਵੀ ਚਲੀ ਗਈ। (ਨਿਆ. 20:14-25) ਕੀ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੇ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ? ਉਸ ਗ਼ਲਤ ਕੰਮ ਕਾਰਨ ਉਨ੍ਹਾਂ ਨੇ ਜੋ ਕਦਮ ਉਠਾਇਆ, ਕੀ ਯਹੋਵਾਹ ਨੇ ਉਸ ਵਿਚ ਕੋਈ ਦਿਲਚਸਪੀ ਦਿਖਾਈ?
ਚੁਣੌਤੀਆਂ ਦਾ ਸਾਮ੍ਹਣਾ ਕਰਨ ਵੇਲੇ ਕੀ ਤੁਸੀਂ ਫ਼ੀਨਹਾਸ ਵਾਂਗ ਬਣ ਸਕਦੇ ਹੋ?
ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਬਜ਼ੁਰਗਾਂ ਦੀਆਂ ਕੋਸ਼ਿਸ਼ਾਂ ਅਤੇ ਪਰਮੇਸ਼ੁਰ ਨੂੰ ਮਦਦ ਲਈ ਕੀਤੀਆਂ ਪ੍ਰਾਰਥਨਾਵਾਂ ਦੇ ਬਾਵਜੂਦ, ਕਲੀਸਿਯਾ ਵਿਚ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਜੇ ਇੱਦਾਂ ਹੁੰਦਾ ਹੈ, ਤਾਂ ਬਜ਼ੁਰਗਾਂ ਨੂੰ ਯਿਸੂ ਦੇ ਕਹੇ ਸ਼ਬਦਾਂ ਨੂੰ ਯਾਦ ਰੱਖਣ ਦੀ ਲੋੜ ਹੈ: “ਮੰਗੋ [ਪ੍ਰਾਰਥਨਾ ਕਰਦੇ ਰਹੋ] ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” (ਲੂਕਾ 11:9) ਕਦੇ-ਕਦੇ ਲੱਗਦਾ ਹੈ ਕਿ ਕਿਸੇ ਪ੍ਰਾਰਥਨਾ ਦਾ ਤੁਰੰਤ ਜਵਾਬ ਨਹੀਂ ਮਿਲ ਰਿਹਾ, ਪਰ ਬਜ਼ੁਰਗ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਆਪਣੇ ਸਮੇਂ ਤੇ ਇਸ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ।
ਹੀਰੇ-ਮੋਤੀ
ਕੀ ਤੁਸੀਂ ਜਾਣਦੇ ਹੋ?
ਪੁਰਾਣੇ ਸਮੇਂ ਦੇ ਯੁੱਧਾਂ ਵਿਚ ਗੋਪੀਏ ਕਿਵੇਂ ਚਲਾਏ ਜਾਂਦੇ ਸਨ?
ਦਾਊਦ ਨੇ ਗੋਲਿਅਥ ਨਾਂ ਦੇ ਦੈਂਤ ਨੂੰ ਗੋਪੀਏ ਨਾਲ ਮਾਰ ਦਿੱਤਾ। ਲੱਗਦਾ ਹੈ ਕਿ ਦਾਊਦ ਨੇ ਗੋਪੀਆ ਚਲਾਉਣਾ ਉਦੋਂ ਸਿੱਖਿਆ ਹੋਣਾ ਜਦੋਂ ਉਹ ਚਰਵਾਹੇ ਵਜੋਂ ਕੰਮ ਕਰਦਾ ਸੀ।—1 ਸਮੂ 17:40-50.
ਮੱਧ ਪੂਰਬ ਦੇ ਪੁਰਾਤੱਤਵ-ਵਿਗਿਆਨੀਆਂ ਨੂੰ ਬਹੁਤ ਸਾਰੇ ਗੋਪੀਏ ਦੇ ਪੱਥਰ ਮਿਲੇ ਹਨ ਜੋ ਪੁਰਾਣੇ ਜ਼ਮਾਨੇ ਵਿਚ ਯੁੱਧਾਂ ਵਿਚ ਚਲਾਏ ਗਏ ਸਨ।
ਗੋਪੀਆ ਚਲਾਉਣ ਵਾਲਾ ਗੋਪੀਏ ਨੂੰ ਆਪਣੇ ਸਿਰ ਉੱਪਰ ਘੁਮਾਉਂਦਾ ਸੀ ਅਤੇ ਘੁਮਾਉਂਦੇ-ਘੁਮਾਉਂਦੇ ਇਕ ਰੱਸੀ ਨੂੰ ਛੱਡ ਦਿੰਦਾ ਸੀ। ਪੱਥਰ 160-240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਦਾ ਜਾਂਦਾ ਸੀ ਤੇ ਐਨ ਨਿਸ਼ਾਨੇ ʼਤੇ ਲੱਗਦਾ ਸੀ। ਵਿਦਵਾਨ ਇਹ ਨਹੀਂ ਜਾਣਦੇ ਕਿ ਗੋਪੀਏ ਨਾਲ ਸੁੱਟਿਆ ਪੱਥਰ ਤੀਰ ਜਿੰਨਾ ਦੂਰ ਜਾਂਦਾ ਸੀ ਕਿ ਨਹੀਂ। ਪਰ ਪੱਥਰ ਤੀਰ ਜਿੰਨਾ ਹੀ ਘਾਤਕ ਹੁੰਦਾ ਸੀ।—ਨਿਆ 20:16.
24-30 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰੂਥ 1-2
“ਅਟੱਲ ਪਿਆਰ ਦਿਖਾਉਂਦੇ ਰਹੋ”
ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ
5 ਰੂਥ ਦਾ ਪਰਿਵਾਰ ਮੋਆਬ ਵਿਚ ਰਹਿੰਦਾ ਸੀ। ਉਹ ਆਪਣੇ ਪੇਕੇ ਵਾਪਸ ਜਾ ਸਕਦੀ ਸੀ ਅਤੇ ਉਸ ਦਾ ਪਰਿਵਾਰ ਉਸ ਦੀ ਦੇਖ-ਭਾਲ ਕਰ ਸਕਦਾ ਸੀ। ਉਹ ਮੋਆਬ ਦੇ ਲੋਕਾਂ, ਉੱਥੋਂ ਦੀ ਭਾਸ਼ਾ ਅਤੇ ਸਭਿਆਚਾਰ ਨੂੰ ਜਾਣਦੀ ਸੀ। ਨਾਓਮੀ ਨੇ ਰੂਥ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਉਸ ਨੂੰ ਬੈਤਲਹਮ ਵਿਚ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਨਾਲੇ ਨਾਓਮੀ ਨੂੰ ਇਸ ਗੱਲ ਦਾ ਡਰ ਸੀ ਕਿ ਉਹ ਰੂਥ ਵਾਸਤੇ ਨਾ ਤਾਂ ਪਤੀ ਲੱਭ ਸਕੇਗੀ ਤੇ ਨਾ ਹੀ ਘਰ। ਇਸ ਲਈ ਨਾਓਮੀ ਨੇ ਰੂਥ ਨੂੰ ਮੋਆਬ ਵਾਪਸ ਜਾਣ ਲਈ ਕਿਹਾ ਜਿੱਦਾਂ ਆਰਪਾਹ ‘ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ’ ਸੀ। (ਰੂਥ 1:9-15) ਪਰ ਰੂਥ ਨੇ ਆਪਣੇ ਲੋਕਾਂ ਅਤੇ ਦੇਵਤਿਆਂ ਕੋਲ ਵਾਪਸ ਨਾ ਮੁੜਨ ਦਾ ਫ਼ੈਸਲਾ ਕੀਤਾ।
ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ
6 ਲੱਗਦਾ ਹੈ ਕਿ ਰੂਥ ਨੇ ਆਪਣੇ ਪਤੀ ਜਾਂ ਸੱਸ ਤੋਂ ਯਹੋਵਾਹ ਬਾਰੇ ਸਿੱਖਿਆ ਸੀ। ਉਸ ਨੇ ਸਿੱਖਿਆ ਸੀ ਕਿ ਯਹੋਵਾਹ ਮੋਆਬ ਦੇ ਦੇਵਤਿਆਂ ਵਰਗਾ ਨਹੀਂ ਹੈ। ਉਹ ਯਹੋਵਾਹ ਨੂੰ ਪਿਆਰ ਕਰਦੀ ਸੀ ਤੇ ਜਾਣਦੀ ਸੀ ਕਿ ਯਹੋਵਾਹ ਹੀ ਉਸ ਦੇ ਪਿਆਰ ਤੇ ਭਗਤੀ ਦਾ ਹੱਕਦਾਰ ਹੈ। ਇਸ ਲਈ ਰੂਥ ਨੇ ਸਮਝਦਾਰੀ ਨਾਲ ਫ਼ੈਸਲਾ ਕੀਤਾ। ਉਸ ਨੇ ਨਾਓਮੀ ਨੂੰ ਕਿਹਾ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਨਾਓਮੀ ਅਤੇ ਰੂਥ ਦੇ ਪਿਆਰ ਬਾਰੇ ਸੋਚ ਕੇ ਸਾਡੇ ਦਿਲ ਛੋਹੇ ਜਾਂਦੇ ਹਨ। ਪਰ ਇਸ ਤੋਂ ਵੀ ਕਿਤੇ ਜ਼ਿਆਦਾ ਸਾਡੇ ਦਿਲ ਉਦੋਂ ਛੋਹੇ ਜਾਂਦੇ ਹਨ ਜਦੋਂ ਅਸੀਂ ਯਹੋਵਾਹ ਲਈ ਰੂਥ ਦਾ ਪਿਆਰ ਦੇਖਦੇ ਹਾਂ। ਇਸ ਗੱਲ ਨੇ ਬੋਅਜ਼ ਨੂੰ ਵੀ ਪ੍ਰਭਾਵਿਤ ਕੀਤਾ। ਉਸ ਨੇ ਬਾਅਦ ਵਿਚ ਰੂਥ ਦੀ ਤਾਰੀਫ਼ ਕੀਤੀ ਕਿ ਉਹ ‘ਪਰਮੇਸ਼ੁਰ ਦੇ ਖੰਭਾਂ ਹੇਠ ਪਰਤੀਤ ਕਰ ਕੇ ਆਈ ਹੈ।’ (ਰੂਥ 2:12 ਪੜ੍ਹੋ।) ਬੋਅਜ਼ ਦੇ ਸ਼ਬਦਾਂ ਨੂੰ ਪੜ੍ਹ ਕੇ ਸ਼ਾਇਦ ਸਾਨੂੰ ਯਾਦ ਆਵੇ ਕਿ ਜਿੱਦਾਂ ਮਾਪੇ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਪਨਾਹ ਦਿੰਦੇ ਹਨ, ਉੱਦਾਂ ਹੀ ਯਹੋਵਾਹ ਰੂਥ ਲਈ ਪਨਾਹ ਬਣਿਆ। (ਜ਼ਬੂ. 36:7; 91:1-4) ਯਹੋਵਾਹ ਨੇ ਉਸ ਨੂੰ ਉਸ ਦੀ ਨਿਹਚਾ ਦਾ ਇਨਾਮ ਦਿੱਤਾ। ਰੂਥ ਨੂੰ ਆਪਣੇ ਕੀਤੇ ਫ਼ੈਸਲੇ ਦਾ ਕਦੇ ਕੋਈ ਪਛਤਾਵਾ ਨਹੀਂ ਹੋਇਆ।
ਹੀਰੇ-ਮੋਤੀ
ਰੂਥ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
1:13, 21—ਨਾਓਮੀ ਉੱਤੇ ਸੱਚ-ਮੁੱਚ ਦੁੱਖਾਂ ਦਾ ਪਹਾੜ ਟੁੱਟਿਆ ਸੀ। ਕੀ ਇਸ ਦੇ ਪਿੱਛੇ ਯਹੋਵਾਹ ਦਾ ਹੱਥ ਸੀ? ਨਹੀਂ ਅਤੇ ਨਾ ਹੀ ਨਾਓਮੀ ਨੇ ਰੱਬ ਤੇ ਇਸ ਦਾ ਦੋਸ਼ ਲਾਇਆ ਸੀ। ਪਰ ਫਿਰ ਵੀ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚ ਕੇ ਉਸ ਨੂੰ ਸ਼ਾਇਦ ਲੱਗਾ ਹੋਵੇ ਕਿ ਯਹੋਵਾਹ ਉਸ ਤੋਂ ਨਾਰਾਜ਼ ਸੀ। ਉਹ ਦਿਲੋਂ ਦੁਖੀ ਸੀ ਅਤੇ ਉਸ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਕੀ ਕਰੇ। ਉਨ੍ਹੀਂ ਦਿਨੀਂ ਜਿਸ ਔਰਤ ਦੀ ਗੋਦ ਖਾਲੀ ਰਹਿੰਦੀ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਸਰਾਪਿਆ ਸਮਝਿਆ ਜਾਂਦਾ ਸੀ ਕਿਉਂਕਿ ਬੱਚੇ ਪਰਮੇਸ਼ੁਰ ਵੱਲੋਂ ਬਰਕਤ ਸਮਝੇ ਜਾਂਦੇ ਸਨ। ਨਾਓਮੀ ਦਾ ਕੋਈ ਵਾਰਸ ਨਹੀਂ ਸੀ। ਉਸ ਦੇ ਮੁੰਡੇ ਵੀ ਚੱਲ ਵਸੇ ਸਨ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਉਸ ਨੇ ਕਿਉਂ ਸੋਚਿਆ ਹੋਵੇਗਾ ਕਿ ਯਹੋਵਾਹ ਨੇ ਉਸ ਨਾਲ ਭੈੜਾ ਵਰਤਾਅ ਕੀਤਾ ਸੀ।
31 ਜਨਵਰੀ–6 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰੂਥ 3-4
“ਚੰਗਾ ਨਾਂ ਬਣਾਈ ਰੱਖੋ”
“ਸਤਵੰਤੀ ਇਸਤ੍ਰੀ”
18 ਬਿਨਾਂ ਸ਼ੱਕ ਬੋਅਜ਼ ਨੇ ਨਰਮਾਈ ਨਾਲ ਗੱਲ ਕੀਤੀ ਜਿਸ ਤੋਂ ਰੂਥ ਨੂੰ ਹੌਸਲਾ ਮਿਲਿਆ। ਉਸ ਨੇ ਕਿਹਾ: “ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ ਇਸ ਲਈ ਜੋ ਤੂੰ ਗਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ।” (ਰੂਥ 3:10) “ਅੱਗੇ ਨਾਲੋਂ” ਸ਼ਬਦ ਰੂਥ ਦੇ ਨਾਓਮੀ ਲਈ ਸੱਚੇ ਪਿਆਰ ਵੱਲ ਸੰਕੇਤ ਕਰਦੇ ਸਨ ਜਿਸ ਕਰਕੇ ਉਹ ਨਾਓਮੀ ਨਾਲ ਇਜ਼ਰਾਈਲ ਆਈ ਤੇ ਉਸ ਦੀ ਦੇਖ-ਭਾਲ ਕੀਤੀ। “ਅੰਤ ਵਿੱਚ” ਸ਼ਬਦ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਰੂਥ ਨਾਓਮੀ ਦੀ ਸਲਾਹ ਮੁਤਾਬਕ ਚੱਲ ਰਹੀ ਸੀ। ਬੋਅਜ਼ ਨੇ ਇਹ ਗੱਲ ਦੇਖੀ ਕਿ ਜੇ ਰੂਥ ਚਾਹੁੰਦੀ, ਤਾਂ ਉਹ ਆਪਣੇ ਵਰਗੇ ਕਿਸੇ ਜਵਾਨ ਆਦਮੀ, ਚਾਹੇ ਅਮੀਰ ਜਾਂ ਗ਼ਰੀਬ, ਨਾਲ ਵਿਆਹ ਕਰਵਾ ਸਕਦੀ ਸੀ। ਇਸ ਦੀ ਬਜਾਇ, ਉਹ ਨਾ ਸਿਰਫ਼ ਨਾਓਮੀ ਦਾ ਭਲਾ ਕਰਨਾ ਚਾਹੁੰਦੀ ਸੀ, ਸਗੋਂ ਆਪਣੇ ਮਰ ਚੁੱਕੇ ਸਹੁਰੇ ਦੇ ਨਾਂ ਨੂੰ ਉਸ ਦੇ ਦੇਸ਼ ਵਿਚ ਚੱਲਦਾ ਰੱਖ ਕੇ ਉਸ ਦਾ ਵੀ ਭਲਾ ਕਰਨਾ ਚਾਹੁੰਦੀ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਉਹ ਕਿਉਂ ਇਸ ਨਿਰਸੁਆਰਥ ਤੀਵੀਂ ਤੋਂ ਪ੍ਰਭਾਵਿਤ ਹੋਇਆ ਸੀ।
“ਸਤਵੰਤੀ ਇਸਤ੍ਰੀ”
21 ਬੋਅਜ਼ ਨੇ ਰੂਥ ਨੂੰ ਜੋ ਕੁਝ ਕਿਹਾ ਸੀ, ਉਸ ਬਾਰੇ ਸੋਚ ਕੇ ਉਸ ਨੂੰ ਕਿੰਨਾ ਚੰਗਾ ਲੱਗਾ ਹੋਣਾ! ਉਸ ਨੇ ਕਿਹਾ ਕਿ ਉਹ ਸਾਰੇ ਲੋਕਾਂ ਵਿਚ “ਸਤਵੰਤੀ ਇਸਤ੍ਰੀ” ਦੇ ਤੌਰ ʼਤੇ ਜਾਣੀ ਜਾਂਦੀ ਸੀ। ਉਸ ਦੀ ਇੰਨੀ ਨੇਕਨਾਮੀ ਇਸ ਕਰਕੇ ਸੀ ਕਿਉਂਕਿ ਉਹ ਯਹੋਵਾਹ ਬਾਰੇ ਸਿੱਖ ਕੇ ਉਸ ਦੀ ਸੇਵਾ ਕਰਨੀ ਚਾਹੁੰਦੀ ਸੀ। ਨਾਲੇ ਉਸ ਨੇ ਨਵੇਂ ਤੌਰ-ਤਰੀਕਿਆਂ ਅਤੇ ਰੀਤਾਂ-ਰਿਵਾਜਾਂ ਨੂੰ ਅਪਣਾਇਆ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਨਾਓਮੀ ਤੇ ਉਸ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਿੰਨੀ ਪਰਵਾਹ ਕਰਦੀ ਸੀ। ਜੇ ਅਸੀਂ ਰੂਥ ਦੀ ਨਿਹਚਾ ਦੀ ਰੀਸ ਕਰਦੇ ਹਾਂ, ਤਾਂ ਅਸੀਂ ਦੂਜੇ ਲੋਕਾਂ ਦੇ, ਉਨ੍ਹਾਂ ਦੇ ਤੌਰ-ਤਰੀਕਿਆਂ ਤੇ ਰੀਤਾਂ-ਰਿਵਾਜਾਂ ਦਾ ਆਦਰ ਕਰਾਂਗੇ। ਇਸ ਤਰ੍ਹਾਂ ਕਰਨ ਨਾਲ ਸਾਡੀ ਵੀ ਨੇਕਨਾਮੀ ਹੋਵੇਗੀ।
“ਸਤਵੰਤੀ ਇਸਤ੍ਰੀ”
26 ਵਾਕਈ ਰੂਥ ਨੂੰ ਕਿੰਨੀ ਵੱਡੀ ਬਰਕਤ ਮਿਲੀ! ਨਾਲੇ ਨਾਓਮੀ ਨੂੰ ਵੀ ਬਰਕਤ ਮਿਲੀ ਸੀ ਜਿਸ ਨੇ ਰੂਥ ਦੇ ਪੁੱਤਰ ਨੂੰ ਆਪਣਾ ਪੁੱਤਰ ਸਮਝ ਕੇ ਪਾਲ਼ਿਆ। ਇਨ੍ਹਾਂ ਦੋਹਾਂ ਔਰਤਾਂ ਦੀ ਜ਼ਿੰਦਗੀ ਤੋਂ ਸਾਨੂੰ ਯਹੋਵਾਹ ਬਾਰੇ ਇਕ ਖ਼ਾਸ ਗੱਲ ਪਤਾ ਲੱਗਦੀ ਹੈ। ਉਹ ਉਨ੍ਹਾਂ ਸਾਰੇ ਲੋਕਾਂ ਵੱਲ ਧਿਆਨ ਦਿੰਦਾ ਹੈ ਜੋ ਨਿਮਰਤਾ ਨਾਲ ਆਪਣਿਆਂ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਉਸ ਦੇ ਭਗਤਾਂ ਨਾਲ ਮਿਲ ਕੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ। ਉਹ ਕਦੇ ਵੀ ਬੋਅਜ਼, ਨਾਓਮੀ ਅਤੇ ਰੂਥ ਵਰਗੇ ਆਪਣੇ ਵਫ਼ਾਦਾਰ ਲੋਕਾਂ ਨੂੰ ਬਰਕਤਾਂ ਦੇਣੀਆਂ ਨਹੀਂ ਭੁੱਲਦਾ।
ਹੀਰੇ-ਮੋਤੀ
ਰੂਥ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
4:6—ਛੁਡਾਉਣ ਵਾਲਾ ਆਪਣੀ ਪੱਤੀ ਯਾਨੀ ਵਿਰਾਸਤ ਨੂੰ ਕਿੱਦਾਂ “ਵਿਗਾੜ” ਸਕਦਾ ਸੀ? ਪਹਿਲੀ ਗੱਲ ਇਹ ਹੈ ਕਿ ਜੇ ਕੋਈ ਗ਼ਰੀਬੀ ਕਾਰਨ ਆਪਣੀ ਵਿਰਾਸਤ ਵਿੱਚੋਂ ਕੁਝ ਜ਼ਮੀਨ ਵੇਚ ਦਿੰਦਾ ਸੀ, ਤਾਂ ਉਸ ਦਾ ਛੁਡਾਉਣ ਵਾਲਾ ਪੈਸੇ ਦੇ ਕੇ ਉਸ ਜ਼ਮੀਨ ਨੂੰ ਮੁੜਾਉਣ ਲਈ ਵਾਪਸ ਖ਼ਰੀਦ ਸਕਦਾ ਸੀ। ਜਿੰਨੇ ਸਾਲ ਅਗਲੀ ਜੁਬਲੀ (50 ਸਾਲ ਪਿੱਛੋਂ ਮਨਾਇਆ ਜਾਂਦਾ ਉਤਸਵ) ਤਕ ਬਾਕੀ ਰਹਿੰਦੇ ਸਨ ਉਸ ਦੇ ਹਿਸਾਬ ਨਾਲ ਜ਼ਮੀਨ ਦਾ ਮੁੱਲ ਦਿੱਤਾ ਜਾਂਦਾ ਸੀ। (ਲੇਵੀਆਂ 25:25-27) ਇਸ ਤਰ੍ਹਾਂ ਕਰਨ ਨਾਲ ਛੁਡਾਉਣ ਵਾਲੇ ਦੀ ਆਪਣੀ ਜਾਇਦਾਦ ਦਾ ਮੁੱਲ ਘੱਟਦਾ ਸੀ। ਇਸ ਤੋਂ ਵੱਧ ਜੇ ਰੂਥ ਇਕ ਪੁੱਤਰ ਨੂੰ ਜਨਮ ਦਿੰਦੀ, ਤਾਂ ਉਸ ਨੂੰ ਹੀ ਇਹ ਜ਼ਮੀਨ ਮਿਲਣੀ ਸੀ, ਨਾ ਕਿ ਛੁਡਾਉਣ ਵਾਲੇ ਦੇ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਨੂੰ।
7-13 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 1-2
“ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੋ”
ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ
12 ਯਹੋਵਾਹ ਦੇ ਸਾਰੇ ਸੇਵਕ ਪ੍ਰਾਰਥਨਾ ਕਰਨ ਬਾਰੇ ਹੰਨਾਹ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਯਹੋਵਾਹ ਆਪਣੇ ਲੋਕਾਂ ਨੂੰ ਬੜੇ ਪਿਆਰ ਨਾਲ ਸੱਦਾ ਦਿੰਦਾ ਹੈ ਕਿ ਉਹ ਦਿਲ ਖੋਲ੍ਹ ਕੇ ਬਿਨਾਂ ਝਿਜਕੇ ਉਸ ਨੂੰ ਪ੍ਰਾਰਥਨਾ ਕਰਨ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਮਨ ਦੀਆਂ ਸਾਰੀਆਂ ਚਿੰਤਾਵਾਂ ਉਸ ਨੂੰ ਦੱਸੀਏ ਜਿਵੇਂ ਇਕ ਛੋਟਾ ਬੱਚਾ ਆਪਣੇ ਮਾਪਿਆਂ ਨੂੰ ਹਰ ਗੱਲ ਦੱਸਦਾ ਹੈ। (ਜ਼ਬੂਰਾਂ ਦੀ ਪੋਥੀ 62:8; 1 ਥੱਸਲੁਨੀਕੀਆਂ 5:17 ਪੜ੍ਹੋ।) ਪਤਰਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਦਾ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤ. 5:7.
ਹੰਨਾਹ ਨੂੰ ਮਨ ਦੀ ਸ਼ਾਂਤੀ ਮਿਲੀ
ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਯਹੋਵਾਹ ਨਾਲ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰਦੇ ਹੋਏ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਅਸੀਂ ਉਸ ਤੋਂ ਆਪਣੀ ਚਿੰਤਾ ਦੂਰ ਕਰਨ ਲਈ ਮਦਦ ਵੀ ਮੰਗ ਸਕਦੇ ਹਾਂ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਜੇ ਸਮੱਸਿਆ ਹੱਲ ਨਹੀਂ ਹੁੰਦੀ, ਤਾਂ ਸਾਨੂੰ ਮਾਮਲਾ ਯਹੋਵਾਹ ਦੇ ਹੱਥ ਵਿਚ ਛੱਡ ਦੇਣਾ ਚਾਹੀਦਾ ਹੈ। ਇਹੀ ਸਭ ਤੋਂ ਵਧੀਆ ਕਦਮ ਹੋਵੇਗਾ।—ਕਹਾਉਤਾਂ 3:5, 6.
ਹੀਰੇ-ਮੋਤੀ
ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
2:10—ਹੰਨਾਹ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਉਂ ਕਿਹਾ ਸੀ ਕਿ ‘ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇ’ ਜਦ ਕਿ ਇਸਰਾਏਲ ਦਾ ਕੋਈ ਪਾਤਸ਼ਾਹ ਨਹੀਂ ਸੀ? ਮੂਸਾ ਦੀ ਬਿਵਸਥਾ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸਰਾਏਲ ਦੀ ਕੌਮ ਉੱਤੇ ਇਕ ਰਾਜਾ ਰਾਜ ਕਰੇਗਾ। (ਬਿਵਸਥਾ ਸਾਰ 17:14-18) ਯਾਕੂਬ ਨੇ ਮਰਦੇ ਦਮ ਭਵਿੱਖਬਾਣੀ ਕੀਤੀ ਸੀ ਕਿ “ਯਹੂਦਾਹ ਤੋਂ ਰਾਜ ਡੰਡਾ [ਬਾਦਸ਼ਾਹੀ ਦਾ ਨਿਸ਼ਾਨ] ਚਲਿਆ ਨਾ ਜਾਵੇਗਾ।” (ਉਤਪਤ 49:10) ਇਸ ਦੇ ਨਾਲ-ਨਾਲ ਯਹੋਵਾਹ ਨੇ ਇਸਰਾਏਲ ਦੀ ਵੱਡੀ-ਵਡੇਰੀ ਸਾਰਾਹ ਬਾਰੇ ਕਿਹਾ ਸੀ: “ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ।” (ਉਤਪਤ 17:16) ਇਸ ਲਈ ਜ਼ਾਹਰ ਹੈ ਕਿ ਹੰਨਾਹ ਇਕ ਆਉਣ ਵਾਲੇ ਰਾਜੇ ਲਈ ਪ੍ਰਾਰਥਨਾ ਕਰ ਰਹੀ ਸੀ।
14-20 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 3-5
“ਯਹੋਵਾਹ ਪਰਵਾਹ ਕਰਨ ਵਾਲਾ ਹੈ”
ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ
3 ਸਮੂਏਲ ਨੇ ਛੋਟੀ ਉਮਰ ਵਿਚ ਹੀ ਡੇਰੇ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। (1 ਸਮੂ. 3:1) ਇਕ ਰਾਤ ਜਦੋਂ ਉਹ ਸੁੱਤਾ ਪਿਆ ਸੀ, ਤਾਂ ਇਕ ਅਜੀਬ ਗੱਲ ਵਾਪਰੀ। (1 ਸਮੂਏਲ 3:2-10 ਪੜ੍ਹੋ।) ਉਸ ਨੇ ਸੁਣਿਆ ਕਿ ਕੋਈ ਉਸ ਦਾ ਨਾਂ ਲੈ ਕੇ ਉਸ ਨੂੰ ਬੁਲਾ ਰਿਹਾ ਸੀ। ਸਮੂਏਲ ਨੇ ਸੋਚਿਆ ਕਿ ਮਹਾਂ ਪੁਜਾਰੀ ਏਲੀ ਉਸ ਨੂੰ ਬੁਲਾ ਰਿਹਾ ਸੀ। ਆਗਿਆ ਦੀ ਪਾਲਣਾ ਕਰਦੇ ਹੋਏ ਉਹ ਨੱਠਦਾ ਹੋਇਆ ਏਲੀ ਕੋਲ ਗਿਆ ਅਤੇ ਕਿਹਾ: “ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ।” ਪਰ ਏਲੀ ਨੇ ਉਸ ਨੂੰ ਕਿਹਾ: “ਮੈਂ ਤਾਂ ਨਹੀਂ ਸੱਦਿਆ।” ਜਦੋਂ ਦੋ ਵਾਰ ਫਿਰ ਇੱਦਾਂ ਹੋਇਆ, ਤਾਂ ਏਲੀ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਹੀ ਸਮੂਏਲ ਨੂੰ ਬੁਲਾ ਰਿਹਾ ਸੀ। ਇਸ ਲਈ ਏਲੀ ਨੇ ਸਮੂਏਲ ਨੂੰ ਦੱਸਿਆ ਕਿ ਜਦੋਂ ਦੁਬਾਰਾ ਇੱਦਾਂ ਹੋਵੇ, ਤਾਂ ਉਸ ਨੇ ਕੀ ਕਹਿਣਾ ਸੀ ਅਤੇ ਫਿਰ ਸਮੂਏਲ ਨੇ ਉੱਦਾਂ ਹੀ ਕੀਤਾ। ਯਹੋਵਾਹ ਨੇ ਸਮੂਏਲ ਨੂੰ ਪਹਿਲਾਂ ਹੀ ਕਿਉਂ ਨਹੀਂ ਦੱਸਿਆ ਕਿ ਉਹੀ ਉਸ ਨੂੰ ਬੁਲਾ ਰਿਹਾ ਸੀ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਹੋ ਸਕਦਾ ਹੈ ਕਿ ਯਹੋਵਾਹ ਨੇ ਇਸ ਲਈ ਇੱਦਾਂ ਕੀਤਾ ਕਿਉਂਕਿ ਉਸ ਨੂੰ ਸਮੂਏਲ ਦੀਆਂ ਭਾਵਨਾਵਾਂ ਦੀ ਪਰਵਾਹ ਸੀ।
ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ
4 1 ਸਮੂਏਲ 3:11-18 ਪੜ੍ਹੋ। ਯਹੋਵਾਹ ਦੇ ਕਾਨੂੰਨ ਵਿਚ ਬੱਚਿਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਸਿਆਣੀ ਉਮਰ ਦੇ ਲੋਕਾਂ ਦਾ ਆਦਰ ਕਰਨ, ਖ਼ਾਸ ਕਰਕੇ ਜਿਨ੍ਹਾਂ ਕੋਲ ਅਧਿਕਾਰ ਸੀ। (ਕੂਚ 22:28; ਲੇਵੀ. 19:32) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਮੂਏਲ ਤੜਕੇ ਉੱਠ ਕੇ ਏਲੀ ਕੋਲ ਗਿਆ ਅਤੇ ਪਰਮੇਸ਼ੁਰ ਤੋਂ ਮਿਲਿਆ ਸਜ਼ਾ ਦਾ ਸੰਦੇਸ਼ ਏਲੀ ਨੂੰ ਸੁਣਾਇਆ? ਬਿਲਕੁਲ ਨਹੀਂ। ਕਿਉਂਕਿ ਬਾਈਬਲ ਦੱਸਦੀ ਹੈ ਕਿ ਸਮੂਏਲ ਏਲੀ ਨੂੰ ਦਰਸ਼ਣ “ਦੱਸਣ ਤੋਂ ਡਰਦਾ ਸੀ।” ਪਰਮੇਸ਼ੁਰ ਨੇ ਏਲੀ ʼਤੇ ਇਹ ਗੱਲ ਜ਼ਾਹਰ ਕੀਤੀ ਕਿ ਪਰਮੇਸ਼ੁਰ ਹੀ ਸਮੂਏਲ ਨੂੰ ਬੁਲਾ ਰਿਹਾ ਸੀ। ਇਸ ਕਰਕੇ ਏਲੀ ਨੇ ਸਮੂਏਲ ਨੂੰ ਹੁਕਮ ਦਿੱਤਾ ਕਿ ਉਹ ਕੋਈ ਵੀ ਗੱਲ ਉਸ ਤੋਂ ਨਾ ਲੁਕਾਏ ਜੋ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ। ਸਮੂਏਲ ਨੇ ਏਲੀ ਦਾ ਹੁਕਮ ਮੰਨਿਆ ਤੇ ਉਸ ਨੂੰ “ਸਾਰਾ ਬਚਨ ਦੱਸ ਦਿੱਤਾ।”
ਹੀਰੇ-ਮੋਤੀ
ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
3:3—ਕੀ ਸਮੂਏਲ ਅੱਤ ਪਵਿੱਤਰ ਸਥਾਨ ਵਿਚ ਸੁੱਤਾ ਸੀ? ਨਹੀਂ, ਉਹ ਤਾਂ ਗ਼ੈਰ-ਜਾਜਕੀ ਕਹਾਥੀਆਂ ਦੇ ਟੱਬਰ ਵਿੱਚੋਂ ਇਕ ਲੇਵੀ ਸੀ। (1 ਇਤਹਾਸ 6:33-38) ਇਸ ਕਰਕੇ ਸਮੂਏਲ ਲਈ ‘ਅੰਦਰ ਜਾ ਕੇ ਪਵਿੱਤ੍ਰ ਅਸਥਾਨ ਨੂੰ ਵੇਖਣਾ’ ਵੀ ਮਨ੍ਹਾ ਸੀ। (ਗਿਣਤੀ 4:17-20) ਸਮੂਏਲ ਸਿਰਫ਼ ਡੇਹਰੇ ਦੇ ਵਿਹੜੇ ਵਿਚ ਜਾ ਸਕਦਾ ਸੀ ਅਤੇ ਉਹ ਉੱਥੇ ਹੀ ਸੁੱਤਾ ਹੋਵੇਗਾ। ਜ਼ਾਹਰ ਹੈ ਕਿ ਏਲੀ ਵੀ ਵਿਹੜੇ ਵਿਚ ਕਿਤੇ ਨਾ ਕਿਤੇ ਹੀ ਸੁੱਤਾ ਸੀ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ “ਪਰਮੇਸ਼ੁਰ ਦਾ ਸੰਦੂਕ” ਡੇਹਰੇ ਦੇ ਸਥਾਨ ਵਿਚ ਸੀ।
21-27 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 6-8
“ਤੁਹਾਡਾ ਰਾਜਾ ਕੌਣ ਹੈ?”
it-2 163 ਪੈਰਾ 1
ਪਰਮੇਸ਼ੁਰ ਦਾ ਰਾਜ
ਇਨਸਾਨੀ ਰਾਜੇ ਦੀ ਮੰਗ। ਇਜ਼ਰਾਈਲੀ ਹੋਰ ਕੌਮਾਂ ਵਾਂਗ ਆਪਣੇ ਲਈ ਇਕ ਇਨਸਾਨੀ ਰਾਜਾ ਚਾਹੁੰਦੇ ਸਨ। ਇਹ ਮੰਗ ਕਰਕੇ ਉਹ ਸਾਫ਼ ਤੌਰ ਤੇ ਯਹੋਵਾਹ ਨੂੰ ਆਪਣੇ ਰਾਜੇ ਵਜੋਂ ਠੁਕਰਾ ਰਹੇ ਸਨ। (1 ਸਮੂ 8:4-8) ਯਹੋਵਾਹ ਨੇ ਇਕ ਰਾਜ ਕਾਇਮ ਕਰਨ ਦਾ ਵਾਅਦਾ ਕੀਤਾ ਸੀ। ਉਸ ਨੇ ਇਹ ਵਾਅਦਾ ਅਬਰਾਹਾਮ ਤੇ ਯਾਕੂਬ ਨਾਲ ਕੀਤਾ ਸੀ। ਯਾਕੂਬ ਨੇ ਵੀ ਮਰਨ ਵੇਲੇ ਯਹੂਦਾਹ ਬਾਰੇ ਭਵਿੱਖਬਾਣੀ ਕਰਦਿਆਂ ਇਸ ਦਾ ਜ਼ਿਕਰ ਕੀਤਾ ਸੀ। (ਉਤ 49:8-10) ਯਹੋਵਾਹ ਨੇ ਇਸ ਰਾਜ ਦਾ ਜ਼ਿਕਰ ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਥੋੜ੍ਹੀ ਦੇਰ ਬਾਅਦ ਕੀਤਾ ਸੀ। (ਕੂਚ 19:3-6) ਇੱਥੋਂ ਤਕ ਕਿ ਮੂਸਾ ਦੇ ਕਾਨੂੰਨ ਵਿਚ ਵੀ ਯਹੋਵਾਹ ਨੇ ਇਸ ਦਾ ਜ਼ਿਕਰ ਕੀਤਾ ਸੀ। (ਬਿਵ 17:14, 15) ਯਹੋਵਾਹ ਨੇ ਬਿਲਆਮ ਨਬੀ ਰਾਹੀਂ ਜੋ ਸੰਦੇਸ਼ ਸੁਣਾਇਆ, ਉਸ ਵਿਚ ਵੀ ਰਾਜ ਦਾ ਜ਼ਿਕਰ ਕੀਤਾ ਸੀ। (ਗਿਣ 24:2-7, 17) ਨਾਲੇ ਸਮੂਏਲ ਦੀ ਮਾਂ ਹੰਨਾਹ ਨੇ ਵੀ ਪ੍ਰਾਰਥਨਾ ਕਰਦਿਆਂ ਇਹ ਯਕੀਨ ਜ਼ਾਹਰ ਕੀਤਾ ਸੀ ਕਿ ਪਰਮੇਸ਼ੁਰ ਦਾ ਰਾਜ ਆਵੇਗਾ। (1 ਸਮੂ 2:7-10) ਇਹ ਸੱਚ ਹੈ ਕਿ ਯਹੋਵਾਹ ਨੇ ਹਾਲੇ ਤਕ ਇਸ “ਪਵਿੱਤਰ ਭੇਤ” ਯਾਨੀ ਰਾਜ ਲਿਆਉਣ ਦੇ ਵਾਅਦੇ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਸੀ। ਜਿਵੇਂ ਇਹ ਰਾਜ ਕਦੋਂ ਆਵੇਗਾ, ਇਸ ਵਿਚ ਕੌਣ-ਕੌਣ ਹੋਵੇਗਾ ਅਤੇ ਇਹ ਰਾਜ ਸਵਰਗ ʼਤੇ ਹੋਵੇਗਾ ਜਾਂ ਧਰਤੀ ʼਤੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਗੱਲ ਸਾਫ਼ ਹੈ ਕਿ ਇਜ਼ਰਾਈਲੀਆਂ ਨੇ ਇਨਸਾਨੀ ਰਾਜੇ ਦੀ ਮੰਗ ਕਰ ਕੇ ਸਹੀ ਨਹੀਂ ਕੀਤਾ ਸੀ। ਉਨ੍ਹਾਂ ਕੋਲ ਅਜਿਹੀ ਮੰਗ ਕਰਨ ਦਾ ਕੋਈ ਅਧਿਕਾਰ ਨਹੀਂ ਸੀ।
ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ
ਧਿਆਨ ਦਿਓ ਕਿ ਯਹੋਵਾਹ ਨੇ ਕੀ ਜਵਾਬ ਦਿੱਤਾ ਜਦੋਂ ਸਮੂਏਲ ਨੇ ਇਸ ਬਾਰੇ ਉਸ ਨੂੰ ਪ੍ਰਾਰਥਨਾ ਕੀਤੀ: “ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਓਹ ਤੈਨੂੰ ਆਖਣ ਕੰਨ ਲਾ ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗ ਦਿੱਤਾ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ।” ਲੋਕਾਂ ਨੇ ਸਮੂਏਲ ਨੂੰ ਨਹੀਂ, ਸਗੋਂ ਯਹੋਵਾਹ ਨੂੰ ਠੁਕਰਾਇਆ ਸੀ। ਉਨ੍ਹਾਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਕਿੰਨਾ ਨਿਰਾਦਰ ਕੀਤਾ! ਯਹੋਵਾਹ ਨੇ ਆਪਣੇ ਨਬੀ ਰਾਹੀਂ ਇਸਰਾਏਲੀਆਂ ਨੂੰ ਖ਼ਬਰਦਾਰ ਕੀਤਾ ਕਿ ਜੇ ਉਹ ਰਾਜਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਜਦੋਂ ਸਮੂਏਲ ਨੇ ਉਨ੍ਹਾਂ ਨੂੰ ਇਹ ਗੱਲ ਦੱਸੀ, ਤਾਂ ਵੀ ਉਨ੍ਹਾਂ ਨੇ ਜ਼ਿੱਦ ਕੀਤੀ: “ਨਹੀਂ ਸਗੋਂ ਸਾਨੂੰ ਆਪਣੇ ਉੱਤੇ ਪਾਤਸ਼ਾਹ ਲੋੜੀਦਾ ਹੈ।” ਪਰਮੇਸ਼ੁਰ ਦਾ ਕਹਿਣਾ ਮੰਨ ਕੇ ਸਮੂਏਲ ਨੇ ਜਾ ਕੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਨੂੰ ਮਸਹ ਕੀਤਾ।—1 ਸਮੂਏਲ 8:7-19.
ਯਹੋਵਾਹ ਦਾ ਰਾਜ ਹੀ ਸਹੀ ਹੈ!
9 ਇਤਿਹਾਸ ਗਵਾਹ ਹੈ ਕਿ ਯਹੋਵਾਹ ਦੀ ਗੱਲ ਸਹੀ ਸੀ। ਇਸਰਾਏਲ ਉੱਤੇ ਇਨਸਾਨ ਦਾ ਰਾਜ ਹੋਣ ਕਰਕੇ ਕਈ ਮੁਸ਼ਕਲਾਂ ਆਈਆਂ, ਖ਼ਾਸਕਰ ਉਦੋਂ ਜਦੋਂ ਰਾਜਾ ਯਹੋਵਾਹ ਤੋਂ ਮੂੰਹ ਮੋੜ ਲੈਂਦਾ ਸੀ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਦੀਆਂ ਤੋਂ ਯਹੋਵਾਹ ਨੂੰ ਨਾ ਮੰਨਣ ਵਾਲੇ ਇਨਸਾਨਾਂ ਦੀਆਂ ਸਰਕਾਰਾਂ ਚੰਗੇ ਹਾਲਾਤ ਪੈਦਾ ਕਰਨ ਵਿਚ ਕਾਮਯਾਬ ਨਹੀਂ ਹੋਈਆਂ। ਅੱਜ ਕਈ ਨੇਤਾ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਦੇ ਜਤਨ ਕਰਦੇ ਹਨ। ਉਹ ਰੱਬ ਨੂੰ ਦੁਆ ਕਰ ਕੇ ਆਪਣੇ ਜਤਨਾਂ ʼਤੇ ਬਰਕਤ ਮੰਗਦੇ ਹਨ। ਪਰ ਰੱਬ ਉਨ੍ਹਾਂ ਨੂੰ ਬਰਕਤ ਕਿਵੇਂ ਦੇ ਸਕਦਾ ਹੈ ਜੋ ਉਸ ਦੀ ਹਕੂਮਤ ਦੇ ਅਧੀਨ ਨਹੀਂ ਹੋਣਾ ਚਾਹੁੰਦੇ?—ਜ਼ਬੂ. 2:10-12.
ਹੀਰੇ-ਮੋਤੀ
ਬਪਤਿਸਮਾ ਕਿਉਂ ਲਈਏ?
13 ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈਣ ਤੋਂ ਪਹਿਲਾਂ ਗ਼ਲਤ ਰਾਹ ਤੋਂ ਮੁੜਨਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਮਸੀਹ ਯਿਸੂ ਦੀ ਪੈੜ ਤੇ ਚੱਲਣ ਦਾ ਦਿਲੋਂ ਫ਼ੈਸਲਾ ਕਰਦੇ ਹਨ, ਉਹ ਆਪਣੀ ਮਰਜ਼ੀ ਨਾਲ ਗ਼ਲਤ ਰਾਹ ਨੂੰ ਛੱਡਦੇ ਹਨ ਅਤੇ ਉਹੀ ਕਰਨ ਦਾ ਫ਼ੈਸਲਾ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ। ਬਾਈਬਲ ਵਿਚ, ਗ਼ਲਤ ਰਾਹ ਤੋਂ ਮੁੜਨ ਨਾਲ ਸੰਬੰਧਿਤ ਇਬਰਾਨੀ ਅਤੇ ਯੂਨਾਨੀ ਕ੍ਰਿਆਵਾਂ ਦਾ ਭਾਵ ਹੈ ਵਾਪਸ ਆਉਣਾ। ਇਸ ਦਾ ਮਤਲਬ ਹੈ ਆਪਣੇ ਪੁਰਾਣੇ ਰਾਹ ਨੂੰ ਛੱਡ ਕੇ ਪਰਮੇਸ਼ੁਰ ਵੱਲ ਮੁੜਨਾ। (1 ਰਾਜਿਆਂ 8:33, 34) ਗ਼ਲਤ ਰਾਹ ਤੋਂ ਮੁੜਨ ਦੇ ਨਾਲ-ਨਾਲ ‘ਤੋਬਾ ਦੇ ਲਾਇਕ ਕੰਮ ਕਰਨੇ’ ਵੀ ਜ਼ਰੂਰੀ ਹਨ। (ਰਸੂਲਾਂ ਦੇ ਕਰਤੱਬ 26:20) ਇਸ ਲਈ ਜ਼ਰੂਰੀ ਹੈ ਕਿ ਅਸੀਂ ਝੂਠੀ ਉਪਾਸਨਾ ਨੂੰ ਛੱਡੀਏ, ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲੀਏ ਅਤੇ ਸਿਰਫ਼ ਯਹੋਵਾਹ ਦੀ ਹੀ ਉਪਾਸਨਾ ਕਰੀਏ। (ਬਿਵਸਥਾ ਸਾਰ 30:2, 8-10; 1 ਸਮੂਏਲ 7:3) ਗ਼ਲਤ ਰਾਹ ਤੋਂ ਮੁੜਨ ਨਾਲ ਸਾਡੀ ਸੋਚਣੀ, ਮਕਸਦ ਅਤੇ ਸ਼ਖ਼ਸੀਅਤ ਬਦਲ ਜਾਂਦੇ ਹਨ। (ਹਿਜ਼ਕੀਏਲ 18:31) ਜਦੋਂ ਅਸੀਂ ਮਾੜੇ ਗੁਣਾਂ ਦੀ ਬਜਾਇ ਨਵੀਂ ਸ਼ਖ਼ਸੀਅਤ ਨੂੰ ਪਹਿਨ ਲੈਂਦੇ ਹਾਂ, ਤਾਂ ਅਸੀਂ ‘ਮੁੜ’ ਆਉਂਦੇ ਹਾਂ।—ਰਸੂਲਾਂ ਦੇ ਕਰਤੱਬ 3:19; ਅਫ਼ਸੀਆਂ 4:20-24; ਕੁਲੁੱਸੀਆਂ 3:5-14.
28 ਫਰਵਰੀ–6 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 9-11
“ਸ਼ਾਊਲ ਪਹਿਲਾਂ ਨਿਮਰ ਸੀ”
ਆਪਣੀਆਂ ਹੱਦਾਂ ਨੂੰ ਪਛਾਣਦੇ ਹੋਏ ਨਿਮਰਤਾ ਨਾਲ ਆਪਣੇ ਪਰਮੇਸ਼ੁਰ ਨਾਲ ਚੱਲੋ
11 ਜ਼ਰਾ ਰਾਜਾ ਸ਼ਾਊਲ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਜਵਾਨ ਸੀ, ਤਾਂ ਉਹ ਆਪਣੀਆਂ ਹੱਦਾਂ ਜਾਣਦਾ ਸੀ ਅਤੇ ਹੋਰ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਝਿਜਕਦਾ ਸੀ। (1 ਸਮੂ. 9:21; 10:20-22) ਪਰ ਸਮੇਂ ਦੇ ਬੀਤਣ ਨਾਲ ਸ਼ਾਊਲ ਘਮੰਡੀ ਬਣ ਗਿਆ ਅਤੇ ਉਸ ਨੇ ਉਹ ਕੰਮ ਕੀਤਾ ਜਿਸ ਨੂੰ ਕਰਨ ਦਾ ਉਸ ਕੋਲ ਹੱਕ ਨਹੀਂ ਸੀ। ਉਸ ਨੇ ਰਾਜਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਇਹ ਔਗੁਣ ਜ਼ਾਹਰ ਕੀਤਾ। ਇਕ ਵਾਰ ਉਹ ਸਮੂਏਲ ਨਬੀ ਦੀ ਉਡੀਕ ਕਰਦਿਆਂ ਆਪਣਾ ਧੀਰਜ ਗੁਆ ਬੈਠਾ। ਬਲ਼ੀ ਚੜ੍ਹਾਉਣ ਦਾ ਇੰਤਜ਼ਾਮ ਕਰਨ ਲਈ ਯਹੋਵਾਹ ʼਤੇ ਭਰੋਸਾ ਕਰਨ ਦੀ ਬਜਾਇ ਸ਼ਾਊਲ ਨੇ ਆਪ ਹੀ ਹੋਮ-ਬਲ਼ੀ ਚੜ੍ਹਾ ਦਿੱਤੀ ਜਿਸ ਦਾ ਉਸ ਨੂੰ ਹੱਕ ਨਹੀਂ ਸੀ। ਨਤੀਜੇ ਵਜੋਂ, ਸ਼ਾਊਲ ਨੇ ਯਹੋਵਾਹ ਦੀ ਮਿਹਰ ਗੁਆ ਲਈ ਅਤੇ ਫਿਰ ਉਹ ਆਪਣੀ ਰਾਜ-ਗੱਦੀ ਗੁਆ ਬੈਠਾ। (1 ਸਮੂ. 13:8-14) ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਇਸ ਚੇਤਾਵਨੀ ਦੇਣ ਵਾਲੀ ਮਿਸਾਲ ਤੋਂ ਸਿੱਖੀਏ ਅਤੇ ਉਹ ਕੰਮ ਕਰਨ ਤੋਂ ਪਰਹੇਜ਼ ਕਰੀਏ ਜਿਸ ਨੂੰ ਕਰਨ ਦਾ ਸਾਡੇ ਕੋਲ ਅਧਿਕਾਰ ਨਹੀਂ ਹੈ।
ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ?
8 ਇਜ਼ਰਾਈਲ ਦੇ ਰਾਜੇ ਸ਼ਾਊਲ ਦੀ ਮਿਸਾਲ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ ਕਿ ਸਾਡੀਆਂ ਸੁਆਰਥੀ ਇੱਛਾਵਾਂ ਸਾਨੂੰ ਹੌਲੀ-ਹੌਲੀ ਖ਼ੁਦਗਰਜ਼ ਬਣਾ ਸਕਦੀਆਂ ਹਨ। ਜਦ ਸ਼ਾਊਲ ਨੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਹ ਬਹੁਤ ਨਿਮਰ ਸੀ ਅਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਨਹੀਂ ਸੀ ਸਮਝਦਾ। (1 ਸਮੂ. 9:21) ਇਕ ਵਾਰ ਇਜ਼ਰਾਈਲੀਆਂ ਨੇ ਕਿਹਾ ਕਿ ਉਹ ਚੰਗਾ ਰਾਜਾ ਨਹੀਂ ਸੀ, ਪਰ ਫਿਰ ਵੀ ਉਹ ਚੁੱਪ ਰਿਹਾ। ਭਾਵੇਂ ਕਿ ਪਰਮੇਸ਼ੁਰ ਨੇ ਉਸ ਨੂੰ ਰਾਜੇ ਵਜੋਂ ਚੁਣਿਆ ਸੀ ਅਤੇ ਸ਼ਾਊਲ ਕੋਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਸੀ, ਫਿਰ ਵੀ ਉਸ ਨੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ। (1 ਸਮੂ. 10:27) ਇਕ ਹੋਰ ਮੌਕੇ ʼਤੇ ਰਾਜਾ ਸ਼ਾਊਲ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹੋਏ ਲੜਾਈ ਵਿਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਅਤੇ ਅੰਮੋਨੀਆਂ ਨੂੰ ਹਰਾ ਦਿੱਤਾ। ਬਾਅਦ ਵਿਚ ਉਸ ਨੇ ਬੜੀ ਨਿਮਰਤਾ ਨਾਲ ਇਸ ਜਿੱਤ ਦਾ ਸਿਹਰਾ ਯਹੋਵਾਹ ਨੂੰ ਦਿੱਤਾ।—1 ਸਮੂ. 11:6, 11-13.
w95 12/15 10 ਪੈਰਾ 1
ਅੰਮੋਨੀਆਂ ਨੇ ਦਇਆ ਦਾ ਬਦਲਾ ਦੁਸ਼ਮਣੀ ਨਾਲ ਦਿੱਤਾ
ਇਕ ਵਾਰ ਫਿਰ ਅੰਮੋਨੀਆਂ ਨੇ ਯਹੋਵਾਹ ਦੀ ਦਇਆ ਦਾ ਬਦਲਾ ਦੁਸ਼ਮਣੀ ਨਾਲ ਦਿੱਤਾ। ਯਹੋਵਾਹ ਨੇ ਇਸ ਧਮਕੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। “ਜਦੋਂ ਸ਼ਾਊਲ ਨੇ [ਨਾਹਾਸ਼ ਦੀਆਂ] ਇਹ ਗੱਲਾਂ ਸੁਣੀਆਂ, ਤਾਂ ਪਰਮੇਸ਼ੁਰ ਦੀ ਸ਼ਕਤੀ ਉਸ ʼਤੇ ਆਈ ਅਤੇ ਉਹ ਗੁੱਸੇ ਨਾਲ ਅੱਗ-ਬਬੂਲਾ ਹੋ ਗਿਆ।” ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਸ਼ਾਊਲ ਨੇ 3,30,000 ਫ਼ੌਜੀ ਇਕੱਠੇ ਕੀਤੇ ਜਿਨ੍ਹਾਂ ਨੇ ਅੰਮੋਨੀਆਂ ਨੂੰ ਇੱਦਾਂ ਤਿੱਤਰ-ਬਿੱਤਰ ਕੀਤਾ ਕਿ “ਹਰ ਕਿਸੇ ਨੂੰ ਇਕੱਲੇ ਭੱਜਣਾ ਪਿਆ।”—1 ਸਮੂਏਲ 11:6, 11.
ਹੀਰੇ-ਮੋਤੀ
ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
9:9—ਇਸ ਵਾਕ ਦਾ ਕੀ ਮਤਲਬ ਹੈ ਕਿ “ਉਹ ਜਿਹੜਾ ਹੁਣ ਨਬੀ ਸਦਾਉਂਦਾ ਹੈ ਪਿੱਛੇ ਉਹ ਨੂੰ ਦਰਸ਼ੀ ਆਖਦੇ ਸਨ”? ਸਮੂਏਲ ਤੇ ਇਸਰਾਏਲੀ ਰਾਜਿਆਂ ਦੇ ਦਿਨਾਂ ਵਿਚ ਨਬੀ ਅੱਗੇ ਨਾਲੋਂ ਜ਼ਿਆਦਾ ਜ਼ਿੰਮੇਵਾਰੀਆਂ ਨਿਭਾਉਣ ਲੱਗੇ ਸਨ, ਸ਼ਾਇਦ ਇਸ ਲਈ “ਦਰਸ਼ੀ” ਸ਼ਬਦ ਨੂੰ “ਨਬੀ” ਸ਼ਬਦ ਨਾਲ ਵਟਾਇਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਸਮੂਏਲ ਸਾਰਿਆਂ ਨਬੀਆਂ ਤੋਂ ਪਹਿਲਾ ਨਬੀ ਸੀ।—ਰਸੂਲਾਂ ਦੇ ਕਰਤੱਬ 3:24.