-
ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 1ਪਹਿਰਾਬੁਰਜ—2015 | ਜਨਵਰੀ 1
-
-
ਘਰ-ਮਾਲਕ ਨਾਲ ਗੱਲਬਾਤ
ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 1
ਹੇਠਾਂ ਦਿੱਤੀ ਗੱਲਬਾਤ ਸ਼ਾਇਦ ਯਹੋਵਾਹ ਦਾ ਗਵਾਹ ਪ੍ਰਚਾਰ ਦੌਰਾਨ ਕਿਸੇ ਨਾਲ ਕਰੇ। ਫ਼ਰਜ਼ ਕਰੋ ਕਿ ਕਾਮਰਨ ਨਾਂ ਦਾ ਗਵਾਹ ਜੌਨ ਦੇ ਘਰ ਆਇਆ ਹੈ।
ਸਮਝ ਲਈ ‘ਖੋਜ ਕਰਦੇ’ ਰਹੋ
ਕਾਮਰਨ: ਜੌਨ, ਮੈਂ ਜਦੋਂ ਵੀ ਤੁਹਾਡੇ ਕੋਲ ਆਉਂਦਾ ਹਾਂ, ਆਪਣੀ ਬਾਈਬਲ ਬਾਰੇ ਵਧੀਆ ਗੱਲਬਾਤ ਹੁੰਦੀ ਹੈ।a ਪਿਛਲੀ ਵਾਰੀ ਤੁਸੀਂ ਮੈਨੂੰ ਰੱਬ ਦੇ ਰਾਜ ਬਾਰੇ ਸਵਾਲ ਪੁੱਛਿਆ ਸੀ। ਤੁਸੀਂ ਪੁੱਛਿਆ ਸੀ ਕਿ ਯਹੋਵਾਹ ਦੇ ਗਵਾਹ ਕਿਉਂ ਵਿਸ਼ਵਾਸ ਕਰਦੇ ਹਨ ਕਿ ਰੱਬ ਦਾ ਰਾਜ 1914 ਵਿਚ ਸ਼ੁਰੂ ਹੋਇਆ ਸੀ।
ਜੌਨ: ਹਾਂ, ਮੈਂ ਤੁਹਾਡਾ ਇਕ ਪ੍ਰਕਾਸ਼ਨ ਪੜ੍ਹ ਰਿਹਾ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਰੱਬ ਦਾ ਰਾਜ 1914 ਵਿਚ ਸ਼ੁਰੂ ਹੋਇਆ ਸੀ। ਇਸ ਕਰਕੇ ਮੇਰੀ ਦਿਲਚਸਪੀ ਜਾਗੀ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਜੋ ਵੀ ਵਿਸ਼ਵਾਸ ਕਰਦੇ ਹੋ ਉਹ ਬਾਈਬਲ ʼਤੇ ਆਧਾਰਿਤ ਹਨ।
ਕਾਮਰਨ: ਬਿਲਕੁਲ।
ਜੌਨ: ਮੈਂ ਖ਼ੁਦ ਸਾਰੀ ਬਾਈਬਲ ਪੜ੍ਹੀ ਹੈ। ਪਰ ਮੈਨੂੰ ਯਾਦ ਨਹੀਂ ਕਿ ਕਿਸੇ ਆਇਤ ਵਿਚ 1914 ਦਾ ਜ਼ਿਕਰ ਕੀਤਾ ਗਿਆ ਹੈ। ਸੋ ਮੈਂ ਆਨ-ਲਾਈਨ ਬਾਈਬਲ ਦੇਖੀ ਤੇ “1914” ʼਤੇ ਰਿਸਰਚ ਕੀਤੀ। ਪਰ ਇੰਟਰਨੈੱਟ ʼਤੇ ਬਾਈਬਲ ਵਿਚ ਇਸ ਤਰ੍ਹਾਂ ਦੀ ਕੋਈ ਆਇਤ ਨਹੀਂ ਆਈ।
ਕਾਮਰਨ: ਜੌਨ, ਮੈਂ ਦੋ ਗੱਲਾਂ ਕਰਕੇ ਤੁਹਾਡੀ ਤਾਰੀਫ਼ ਕਰਦਾ ਹਾਂ। ਪਹਿਲੀ ਗੱਲ, ਤੁਸੀਂ ਸਾਰੀ ਬਾਈਬਲ ਪੜ੍ਹੀ ਹੈ। ਤੁਸੀਂ ਸੱਚ-ਮੁੱਚ ਰੱਬ ਦੇ ਬਚਨ ਨੂੰ ਪਿਆਰ ਕਰਦੇ ਹੋ।
ਜੌਨ: ਹਾਂ, ਮੈਨੂੰ ਲੱਗਦਾ ਹੈ ਕਿ ਬਾਈਬਲ ਵਰਗੀ ਹੋਰ ਕੋਈ ਵੀ ਕਿਤਾਬ ਨਹੀਂ ਹੈ।
ਕਾਮਰਨ: ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਦੂਜੀ ਗੱਲ, ਤੁਸੀਂ ਆਪਣੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਉਹੀ ਕੀਤਾ ਜੋ ਬਾਈਬਲ ਸਾਨੂੰ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ: ਸਮਝ ਲਈ ‘ਖੋਜ ਕਰਦੇ’ ਰਹੋ।b ਇਹ ਵਧੀਆ ਗੱਲ ਹੈ ਕਿ ਤੁਸੀਂ ਇੱਦਾਂ ਕਰਨ ਲਈ ਕੋਸ਼ਿਸ਼ ਕਰਦੇ ਹੋ।
ਜੌਨ: ਸ਼ੁਕਰੀਆ। ਮੈਂ ਸਿੱਖਦੇ ਰਹਿਣਾ ਚਾਹੁੰਦਾ ਹਾਂ। ਦਰਅਸਲ ਜਿਹੜੀ ਕਿਤਾਬ ਤੋਂ ਅਸੀਂ ਸਟੱਡੀ ਕਰ ਰਹੇ ਹਾਂ, ਮੈਂ ਉਸ ਤੋਂ ਵੀ ਕੁਝ ਰਿਸਰਚ ਕੀਤੀ ਤੇ ਮੈਨੂੰ ਉਸ ਵਿੱਚੋਂ 1914 ਬਾਰੇ ਕੁਝ ਜਾਣਕਾਰੀ ਮਿਲੀ। ਇਸ ਵਿਚ ਰਾਜੇ ਦੇ ਇਕ ਸੁਪਨੇ ਬਾਰੇ ਦੱਸਿਆ ਗਿਆ ਹੈ। ਉਸ ਨੇ ਇਕ ਵੱਡਾ ਸਾਰਾ ਦਰਖ਼ਤ ਦੇਖਿਆ ਜਿਸ ਨੂੰ ਕੱਟਿਆ ਗਿਆ ਤੇ ਜਿਹੜਾ ਬਾਅਦ ਵਿਚ ਫਿਰ ਵਧਿਆ।
ਕਾਮਰਨ: ਹਾਂ। ਇਹ ਭਵਿੱਖਬਾਣੀ ਦਾਨੀਏਲ ਦੇ ਚੌਥੇ ਅਧਿਆਇ ਵਿਚ ਦਰਜ ਹੈ। ਇਸ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੁਪਨੇ ਬਾਰੇ ਦੱਸਿਆ ਗਿਆ ਹੈ।
ਜੌਨ: ਹਾਂ, ਬਿਲਕੁਲ ਇਹੀ। ਮੈਂ ਭਵਿੱਖਬਾਣੀ ਨੂੰ ਵਾਰ-ਵਾਰ ਪੜ੍ਹਿਆ। ਪਰ ਸੱਚ ਦੱਸਾਂ ਤਾਂ ਮੈਨੂੰ ਅਜੇ ਵੀ ਪਤਾ ਨਹੀਂ ਲੱਗਾ ਕਿ ਰੱਬ ਦੇ ਰਾਜ ਜਾਂ 1914 ਨਾਲ ਇਸ ਦਾ ਕੀ ਸੰਬੰਧ ਹੈ।
ਕਾਮਰਨ: ਜੌਨ, ਦਾਨੀਏਲ ਨੂੰ ਵੀ ਇਸ ਭਵਿੱਖਬਾਣੀ ਦੀ ਪੂਰੀ ਸਮਝ ਨਹੀਂ ਲੱਗੀ ਜਦੋਂ ਉਸ ਨੂੰ ਲਿਖਣ ਲਈ ਕਿਹਾ ਗਿਆ ਸੀ।
ਜੌਨ: ਸੱਚੀਂ?
ਕਾਮਰਨ: ਹਾਂ। ਦਾਨੀਏਲ 12:8 ਵਿਚ ਉਸ ਨੇ ਕਿਹਾ: “ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ।”
ਜੌਨ: ਮੈਨੂੰ ਇਹ ਜਾਣ ਕੇ ਚੰਗਾ ਲੱਗਾ ਕਿ ਸਿਰਫ਼ ਇਕੱਲਾ ਮੈਂ ਹੀ ਨਹੀਂ ਹਾਂ ਜਿਸ ਨੂੰ ਇਸ ਦੀ ਸਮਝ ਨਹੀਂ ਲੱਗੀ।
ਕਾਮਰਨ: ਸੱਚਾਈ ਇਹ ਹੈ ਕਿ ਦਾਨੀਏਲ ਨੂੰ ਇਸ ਕਰਕੇ ਸਮਝ ਨਹੀਂ ਲੱਗੀ ਕਿਉਂਕਿ ਅਜੇ ਰੱਬ ਦਾ ਸਮਾਂ ਨਹੀਂ ਆਇਆ ਸੀ ਕਿ ਇਨਸਾਨਾਂ ਨੂੰ ਦਾਨੀਏਲ ਦੀਆਂ ਭਵਿੱਖਬਾਣੀਆਂ ਦਾ ਮਤਲਬ ਪੂਰੀ ਤਰ੍ਹਾਂ ਸਮਝ ਆਵੇ। ਪਰ ਹੁਣ ਸਾਡੇ ਸਮੇਂ ਵਿਚ ਅਸੀਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਾਂ।
ਜੌਨ: ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?
ਕਾਮਰਨ: ਜ਼ਰਾ ਅਗਲੀ ਆਇਤ ʼਤੇ ਗੌਰ ਕਰੋ। ਦਾਨੀਏਲ 12:9 ਕਹਿੰਦਾ ਹੈ: ‘ਏਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ।’ ਇਸ ਲਈ ਇਨ੍ਹਾਂ ਭਵਿੱਖਬਾਣੀਆਂ ਦੀ ਸਮਝ ਕਾਫ਼ੀ ਸਮੇਂ ਬਾਅਦ “ਓੜਕ ਦੇ ਵੇਲੇ” ਯਾਨੀ ਅੰਤ ਦੇ ਸਮੇਂ ਦੌਰਾਨ ਆਉਣੀ ਸੀ। ਅਸੀਂ ਜਲਦੀ ਹੀ ਆਪਣੀ ਸਟੱਡੀ ਵਿਚ ਉਨ੍ਹਾਂ ਸਾਰੇ ਸਬੂਤਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਅਸੀਂ ਹੁਣ ਉਨ੍ਹਾਂ ਸਮਿਆਂ ਵਿਚ ਜੀ ਰਹੇ ਹਾਂ।c
ਜੌਨ: ਸੋ ਕੀ ਤੁਸੀਂ ਮੈਨੂੰ ਦਾਨੀਏਲ ਦੀ ਭਵਿੱਖਬਾਣੀ ਸਮਝਾ ਸਕਦੇ ਹੋ?
ਕਾਮਰਨ: ਅੱਛਾ ਮੈਂ ਕੋਸ਼ਿਸ਼ ਕਰਦਾਂ।
ਨਬੂਕਦਨੱਸਰ ਦਾ ਸੁਪਨਾ
ਕਾਮਰਨ: ਸ਼ੁਰੂ ਵਿਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਨਬੂਕਦਨੱਸਰ ਨੇ ਇਸ ਸੁਪਨੇ ਵਿਚ ਕੀ ਦੇਖਿਆ ਸੀ। ਫਿਰ ਅਸੀਂ ਇਸ ਦੇ ਮਤਲਬ ਬਾਰੇ ਜਾਣਾਂਗੇ।
ਜੌਨ: ਠੀਕ ਆ।
ਕਾਮਰਨ: ਸੁਪਨੇ ਵਿਚ ਨਬੂਕਦਨੱਸਰ ਨੇ ਇਕ ਵੱਡਾ ਸਾਰਾ ਦਰਖ਼ਤ ਦੇਖਿਆ ਜੋ ਆਕਾਸ਼ ਤਕ ਪਹੁੰਚ ਗਿਆ। ਫਿਰ ਉਸ ਨੇ ਰੱਬ ਦੇ ਦੂਤ ਨੂੰ ਇਹ ਹੁਕਮ ਦਿੰਦਿਆਂ ਸੁਣਿਆ ਕਿ ਦਰਖ਼ਤ ਨੂੰ ਕੱਟ ਦਿੱਤਾ ਜਾਵੇ। ਪਰ ਰੱਬ ਨੇ ਕਿਹਾ ਕਿ ਇਸ ਦੀਆਂ ਜੜ੍ਹਾਂ ਦਾ ਮੁੱਢ ਨਾ ਪੁੱਟਿਆ ਜਾਵੇ। ‘ਸੱਤ ਸਮਿਆਂ’ ਬਾਅਦ ਇਹ ਦਰਖ਼ਤ ਫਿਰ ਵਧੇਗਾ।d ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਨਬੂਕਦਨੱਸਰ ʼਤੇ ਹੋਈ ਸੀ। ਭਾਵੇਂ ਕਿ ਉਹ ਇਕ ਮਸ਼ਹੂਰ ਰਾਜਾ ਸੀ ਜੋ ਉਸ ਦਰਖ਼ਤ ਵਾਂਗ ਸੀ ਜੋ ਆਕਾਸ਼ ਤਕ ਪਹੁੰਚ ਗਿਆ ਸੀ, ਪਰ ਰਾਜੇ ਨੂੰ “ਸੱਤ ਸਮੇ” ਲਈ ਕੱਟਿਆ ਗਿਆ। ਕੀ ਤੁਹਾਨੂੰ ਯਾਦ ਹੈ ਕਿ ਕੀ ਹੋਇਆ ਸੀ?
ਜੌਨ: ਨਹੀਂ, ਮੈਨੂੰ ਯਾਦ ਨਹੀਂ।
ਕਾਮਰਨ: ਕੋਈ ਗੱਲ ਨਹੀਂ। ਬਾਈਬਲ ਦੱਸਦੀ ਹੈ ਕਿ ਨਬੂਕਦਨੱਸਰ ਸੱਤ ਸਾਲਾਂ ਲਈ ਪਾਗਲ ਹੋ ਗਿਆ ਸੀ। ਇਸ ਸਮੇਂ ਦੌਰਾਨ ਉਹ ਰਾਜੇ ਵਜੋਂ ਰਾਜ ਨਹੀਂ ਕਰ ਸਕਿਆ। ਪਰ ਸੱਤ ਸਮੇਂ ਬੀਤਣ ਤੋਂ ਬਾਅਦ ਉਹ ਠੀਕ ਹੋ ਗਿਆ ਤੇ ਦੁਬਾਰਾ ਰਾਜ ਕਰਨ ਲੱਗਾ।e
ਜੌਨ: ਮੈਨੂੰ ਹੁਣ ਤਕ ਤੁਹਾਡੀ ਸਾਰੀ ਗੱਲ ਸਮਝ ਲੱਗ ਗਈ ਹੈ। ਪਰ ਇਨ੍ਹਾਂ ਸਾਰੀਆਂ ਗੱਲਾਂ ਦਾ ਰੱਬ ਦੇ ਰਾਜ ਤੇ 1914 ਨਾਲ ਕੀ ਸੰਬੰਧ ਹੈ?
ਕਾਮਰਨ: ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਇਸ ਭਵਿੱਖਬਾਣੀ ਦੀਆਂ ਦੋ ਪੂਰਤੀਆਂ ਹੋਈਆਂ ਸਨ। ਪਹਿਲੀ ਪੂਰਤੀ ਉਦੋਂ ਹੋਈ ਜਦੋਂ ਨਬੂਕਦਨੱਸਰ ਦੇ ਰਾਜ ਵਿਚ ਰੁਕਾਵਟ ਪਈ। ਦੂਜੀ ਪੂਰਤੀ ਉਦੋਂ ਹੋਈ ਜਦੋਂ ਰੱਬ ਦੇ ਰਾਜ ਵਿਚ ਰੁਕਾਵਟ ਪਈ। ਸੋ ਇਹ ਦੂਜੀ ਪੂਰਤੀ ਰੱਬ ਦੇ ਰਾਜ ਨਾਲ ਸੰਬੰਧਿਤ ਹੈ।
ਜੌਨ: ਤੁਸੀਂ ਕਿਵੇਂ ਜਾਣਦੇ ਹੋ ਕਿ ਭਵਿੱਖਬਾਣੀ ਦੀ ਦੂਜੀ ਪੂਰਤੀ ਰੱਬ ਦੇ ਰਾਜ ਨਾਲ ਸੰਬੰਧ ਰੱਖਦੀ ਹੈ?
ਕਾਮਰਨ: ਪਹਿਲੀ ਗੱਲ, ਸਾਨੂੰ ਇਸ ਬਾਰੇ ਭਵਿੱਖਬਾਣੀ ਤੋਂ ਹੀ ਪਤਾ ਲੱਗਦਾ ਹੈ। ਦਾਨੀਏਲ 4:17 ਮੁਤਾਬਕ ਭਵਿੱਖਬਾਣੀ ਇਸ ਲਈ ਕੀਤੀ ਗਈ “ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ ਉਹ ਨੂੰ ਦਿੰਦਾ ਹੈ।” ਕੀ ਤੁਸੀਂ “ਮਨੁੱਖਾਂ ਦੇ ਰਾਜ” ਸ਼ਬਦਾਂ ʼਤੇ ਧਿਆਨ ਦਿੱਤਾ?
ਜੌਨ: ਹਾਂ, ਇੱਥੇ ਕਿਹਾ ਗਿਆ ਹੈ ਕਿ “ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ।”
ਕਾਮਰਨ: ਠੀਕ। ਤੁਸੀਂ ਕੀ ਸੋਚਦੇ ਹੋ ਕਿ “ਅੱਤ ਮਹਾਨ” ਕੌਣ ਹੈ?
ਜੌਨ: ਲੱਗਦਾ ਹੈ ਕਿ ਰੱਬ ਬਾਰੇ ਗੱਲ ਕੀਤੀ ਗਈ ਹੈ।
ਕਾਮਰਨ: ਸਹੀ ਕਿਹਾ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਭਵਿੱਖਬਾਣੀ ਸਿਰਫ਼ ਨਬੂਕਦਨੱਸਰ ʼਤੇ ਹੀ ਪੂਰੀ ਨਹੀਂ ਹੋਈ ਸੀ, ਸਗੋਂ ਇਸ ਵਿਚ ‘ਮਨੁੱਖਾਂ ਦਾ ਰਾਜ’ ਵੀ ਸ਼ਾਮਲ ਹੈ ਮਤਲਬ ਇਨਸਾਨਾਂ ʼਤੇ ਰੱਬ ਦਾ ਰਾਜ। ਇਸ ਦੀ ਸਮਝ ਸਾਨੂੰ ਉਦੋਂ ਲੱਗਦੀ ਹੈ ਜਦੋਂ ਅਸੀਂ ਸਾਰੀ ਭਵਿੱਖਬਾਣੀ ਪੜ੍ਹਦੇ ਹਾਂ।
ਜੌਨ: ਤੁਹਾਡੇ ਕਹਿਣ ਦਾ ਕੀ ਮਤਲਬ ਹੈ?
ਕਿਤਾਬ ਦਾ ਮੁੱਖ ਵਿਸ਼ਾ
ਕਾਮਰਨ: ਦਾਨੀਏਲ ਦੀ ਕਿਤਾਬ ਵਿਚ ਵਾਰ-ਵਾਰ ਇਕ ਵਿਸ਼ੇ ʼਤੇ ਗੱਲ ਕੀਤੀ ਗਈ ਹੈ। ਇਸ ਕਿਤਾਬ ਵਿਚ ਰੱਬ ਦੇ ਰਾਜ ਦੇ ਸਥਾਪਿਤ ਹੋਣ ਬਾਰੇ ਵਾਰ-ਵਾਰ ਦੱਸਿਆ ਗਿਆ ਹੈ ਜਿਸ ਦਾ ਰਾਜਾ ਰੱਬ ਦਾ ਪੁੱਤਰ ਯਿਸੂ ਹੈ। ਮਿਸਾਲ ਲਈ, ਆਓ ਅਸੀਂ ਦਾਨੀਏਲ ਦਾ ਦੂਜਾ ਅਧਿਆਇ ਦੇਖੀਏ। ਕੀ ਤੁਸੀਂ ਦਾਨੀਏਲ 2:44 ਪੜ੍ਹ ਸਕਦੇ ਹੋ?
ਜੌਨ: ਹਾਂਜੀ, ਇੱਥੇ ਲਿਖਿਆ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”
ਕਾਮਰਨ: ਸ਼ੁਕਰੀਆ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਆਇਤ ਰੱਬ ਦੇ ਰਾਜ ਬਾਰੇ ਦੱਸਦੀ ਹੈ?
ਜੌਨ: ਹੂੰ . . . ਪਤਾ ਨਹੀਂ।
ਕਾਮਰਨ: ਧਿਆਨ ਦਿਓ ਕਿ ਇੱਥੇ ਦੱਸਿਆ ਗਿਆ ਹੈ ਕਿ ਰਾਜ “ਸਦਾ ਤਾਈਂ ਖੜਾ ਰਹੇਗਾ।” ਇਹ ਰੱਬ ਦੇ ਰਾਜ ਬਾਰੇ ਸੱਚ ਹੈ, ਪਰ ਅਸੀਂ ਇਹ ਕਿਸੇ ਇਨਸਾਨੀ ਸਰਕਾਰ ਜਾਂ ਰਾਜ ਬਾਰੇ ਨਹੀਂ ਕਹਿ ਸਕਦੇ। ਹੈ ਨਾ?
ਜੌਨ: ਹਾਂ।
ਕਾਮਰਨ: ਦਾਨੀਏਲ ਦੀ ਕਿਤਾਬ ਵਿਚ ਇਕ ਹੋਰ ਭਵਿੱਖਬਾਣੀ ਹੈ ਜੋ ਰੱਬ ਦੇ ਰਾਜ ਬਾਰੇ ਦੱਸਦੀ ਹੈ। ਇਹ ਭਵਿੱਖਬਾਣੀ ਦਾਨੀਏਲ 7:13, 14 ਵਿਚ ਦਰਜ ਹੈ। ਭਵਿੱਖ ਵਿਚ ਬਣਨ ਵਾਲੇ ਰਾਜੇ ਬਾਰੇ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ: ‘ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।’ ਕੀ ਇਸ ਭਵਿੱਖਬਾਣੀ ਵਿਚ ਤੁਹਾਨੂੰ ਕੋਈ ਜਾਣੀ-ਪਛਾਣੀ ਗੱਲ ਲੱਗੀ?
ਜੌਨ: ਇਸ ਵਿਚ ਰਾਜ ਬਾਰੇ ਦੱਸਿਆ ਗਿਆ ਹੈ।
ਕਾਮਰਨ: ਬਿਲਕੁਲ ਸਹੀ। ਪਰ ਇੱਥੇ ਕਿਸੇ ਆਮ ਰਾਜ ਬਾਰੇ ਨਹੀਂ ਦੱਸਿਆ ਗਿਆ। ਧਿਆਨ ਦਿਓ ਕਿ ਇਸ ਵਿਚ ਦੱਸਿਆ ਗਿਆ ਹੈ ਕਿ ਰਾਜ ‘ਕੌਮਾਂ ਅਰ ਲੋਕਾਂ ਅਰ ਬੋਲੀਆਂ’ ਉੱਤੇ ਹਕੂਮਤ ਕਰੇਗਾ। ਦੂਜੇ ਸ਼ਬਦਾਂ ਵਿਚ, ਇਹ ਰਾਜ ਪੂਰੀ ਦੁਨੀਆਂ ʼਤੇ ਹਕੂਮਤ ਕਰੇਗਾ।
ਜੌਨ: ਮੈਨੂੰ ਪਤਾ ਨਹੀਂ ਲੱਗਾ ਕਿ ਇਸ ਆਇਤ ਦਾ ਇਹ ਮਤਲਬ ਹੈ, ਪਰ ਤੁਸੀਂ ਠੀਕ ਕਿਹਾ। ਇੱਥੇ ਇਹੀ ਕਿਹਾ ਗਿਆ ਹੈ।
ਕਾਮਰਨ: ਨਾਲੇ ਧਿਆਨ ਦਿਓ ਕਿ ਭਵਿੱਖਬਾਣੀ ਵਿਚ ਹੋਰ ਕੀ ਕਿਹਾ ਗਿਆ ਹੈ: “ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।” ਕੀ ਤੁਸੀਂ ਸਹਿਮਤ ਨਹੀਂ ਹੋ ਕਿ ਇਹ ਭਵਿੱਖਬਾਣੀ ਦਾਨੀਏਲ 2:44 ਦੀ ਭਵਿੱਖਬਾਣੀ ਨਾਲ ਮਿਲਦੀ-ਜੁਲਦੀ ਹੈ ਜੋ ਅਸੀਂ ਹੁਣੇ ਪੜ੍ਹੀ ਸੀ?
ਜੌਨ: ਹਾਂ।
ਕਾਮਰਨ: ਆਓ ਹੁਣ ਤਕ ਚਰਚਾ ਕੀਤੀਆਂ ਗੱਲਾਂ ʼਤੇ ਥੋੜ੍ਹਾ ਵਿਚਾਰ ਕਰੀਏ। ਦਾਨੀਏਲ ਦੀ ਕਿਤਾਬ ਦੇ ਅਧਿਆਇ ਚਾਰ ਦੀ ਭਵਿੱਖਬਾਣੀ ਇਸ ਲਈ ਦਿੱਤੀ ਗਈ ਹੈ ਤਾਂਕਿ ਲੋਕ ਜਾਣ ਸਕਣ ਕਿ “ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ।” ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਭਵਿੱਖਬਾਣੀ ਸਿਰਫ਼ ਨਬੂਕਦਨੱਸਰ ʼਤੇ ਹੀ ਪੂਰੀ ਨਹੀਂ ਹੋਈ ਸੀ, ਸਗੋਂ ਇਸ ਦੀ ਵੱਡੀ ਪੂਰਤੀ ਵੀ ਹੋਈ ਹੈ। ਦਾਨੀਏਲ ਦੀ ਪੂਰੀ ਕਿਤਾਬ ਵਿਚ ਅਸੀਂ ਰੱਬ ਦੇ ਰਾਜ ਦੇ ਸਥਾਪਿਤ ਹੋਣ ਬਾਰੇ ਭਵਿੱਖਬਾਣੀਆਂ ਪੜ੍ਹਦੇ ਹਾਂ ਜਿਸ ਦਾ ਰਾਜਾ ਰੱਬ ਦਾ ਪੁੱਤਰ ਹੈ। ਤਾਂ ਫਿਰ ਕੀ ਤੁਹਾਡੇ ਖ਼ਿਆਲ ਨਾਲ ਇਹ ਕਹਿਣਾ ਸਹੀ ਨਹੀਂ ਲੱਗਦਾ ਹੈ ਕਿ ਦਾਨੀਏਲ ਅਧਿਆਇ ਚਾਰ ਦੀ ਭਵਿੱਖਬਾਣੀ ਵੀ ਰੱਬ ਦੇ ਰਾਜ ਵੱਲ ਇਸ਼ਾਰਾ ਕਰਦੀ ਹੈ?
ਜੌਨ: ਹਾਂ, ਪਰ ਮੈਨੂੰ ਅਜੇ ਵੀ 1914 ਨਾਲ ਇਸ ਦਾ ਸੰਬੰਧ ਨਜ਼ਰ ਨਹੀਂ ਆਇਆ।
“ਸੱਤ ਸਮੇਂ ਬੀਤ ਜਾਣ”
ਕਾਮਰਨ: ਚਲੋ ਦੁਬਾਰਾ ਨਬੂਕਦਨੱਸਰ ਬਾਰੇ ਗੱਲ ਕਰੀਏ। ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਰਾਜਾ ਨਬੂਕਦਨੱਸਰ ਨੂੰ ਦਰਖ਼ਤ ਨਾਲ ਦਰਸਾਇਆ ਗਿਆ ਸੀ। ਉਸ ਦੇ ਰਾਜ ਵਿਚ ਉਦੋਂ ਰੁਕਾਵਟ ਪਈ ਜਦੋਂ ਦਰਖ਼ਤ ਨੂੰ ਕੱਟਿਆ ਗਿਆ ਤੇ ਸੱਤ ਸਮਿਆਂ ਲਈ ਛੱਡਿਆ ਗਿਆ ਯਾਨੀ ਉਹ ਸਮਾਂ ਜਦੋਂ ਰਾਜਾ ਪਾਗਲ ਹੋ ਗਿਆ ਸੀ। ਇਹ ਸੱਤ ਸਮੇਂ ਉਦੋਂ ਖ਼ਤਮ ਹੋਏ ਜਦੋਂ ਨਬੂਕਦਨੱਸਰ ਠੀਕ ਹੋ ਗਿਆ ਤੇ ਉਸ ਨੇ ਦੁਬਾਰਾ ਰਾਜ ਕਰਨਾ ਸ਼ੁਰੂ ਕੀਤਾ। ਭਵਿੱਖਬਾਣੀ ਦੀ ਦੂਜੀ ਪੂਰਤੀ ਵਿਚ ਰੱਬ ਦੇ ਰਾਜ ਵਿਚ ਕੁਝ ਸਮੇਂ ਲਈ ਰੁਕਾਵਟ ਆਈ, ਪਰ ਇਸ ਲਈ ਨਹੀਂ ਕਿ ਰੱਬ ਕਿਸੇ ਵਜ੍ਹਾ ਕਰਕੇ ਰਾਜ ਕਰਨ ਵਿਚ ਅਸਫ਼ਲ ਹੋ ਗਿਆ।
ਜੌਨ: ਤੁਹਾਡੇ ਕਹਿਣ ਦਾ ਕੀ ਮਤਲਬ ਹੈ?
ਕਾਮਰਨ: ਬਾਈਬਲ ਸਮਿਆਂ ਵਿਚ ਜਿਹੜੇ ਇਜ਼ਰਾਈਲੀ ਰਾਜੇ ਯਰੂਸ਼ਲਮ ʼਤੇ ਰਾਜ ਕਰਦੇ ਸਨ, ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ “ਯਹੋਵਾਹ ਦੇ ਸਿੰਘਾਸਣ” ʼਤੇ ਬੈਠੇ ਹੋਏ ਸਨ।f ਉਹ ਰੱਬ ਤੋਂ ਮਿਲੇ ਅਧਿਕਾਰ ਨਾਲ ਯਹੋਵਾਹ ਦੇ ਲੋਕਾਂ ʼਤੇ ਰਾਜ ਕਰਦੇ ਸਨ। ਉਨ੍ਹਾਂ ਰਾਜਿਆਂ ਦੇ ਰਾਜ ਕਰਨ ਦਾ ਮਤਲਬ ਸੀ ਕਿ ਯਹੋਵਾਹ ਲੋਕਾਂ ਉੱਤੇ ਰਾਜ ਕਰ ਰਿਹਾ ਸੀ। ਪਰ ਸਮੇਂ ਦੇ ਬੀਤਣ ਨਾਲ ਬਹੁਤ ਸਾਰੇ ਰਾਜੇ ਅਣਆਗਿਆਕਾਰ ਬਣ ਗਏ ਤੇ ਬਹੁਤ ਸਾਰੇ ਲੋਕਾਂ ਨੇ ਵੀ ਉਨ੍ਹਾਂ ਦੀ ਰੀਸ ਕੀਤੀ। ਇਜ਼ਰਾਈਲੀਆਂ ਦੀ ਅਣਆਗਿਆਕਾਰੀ ਕਰਕੇ ਰੱਬ ਨੇ 607 ਈ. ਪੂ. ਵਿਚ ਬਾਬਲੀਆਂ ਨੂੰ ਇਜ਼ਰਾਈਲੀਆਂ ʼਤੇ ਜਿੱਤ ਪ੍ਰਾਪਤ ਕਰਨ ਦਿੱਤੀ। ਉਸ ਸਮੇਂ ਤੋਂ ਬਾਅਦ ਯਰੂਸ਼ਲਮ ਵਿਚ ਕੋਈ ਵੀ ਰਾਜਾ ਯਹੋਵਾਹ ਵੱਲੋਂ ਚੁਣਿਆ ਨਹੀਂ ਗਿਆ। ਇਸ ਤਰ੍ਹਾਂ ਰੱਬ ਦੇ ਰਾਜ ਵਿਚ ਰੁਕਾਵਟ ਪਈ। ਕੀ ਤੁਹਾਨੂੰ ਸਮਝ ਲੱਗੀ ਜੋ ਮੈਂ ਹੁਣ ਤਕ ਕਿਹਾ?
ਜੌਨ: ਹਾਂਜੀ।
ਕਾਮਰਨ: ਸੋ 607 ਈ. ਪੂ. ਵਿਚ ਸੱਤ ਸਮਿਆਂ ਦੀ ਸ਼ੁਰੂਆਤ ਹੋਈ ਜਾਂ ਉਹ ਸਮਾਂ ਸ਼ੁਰੂ ਹੋਇਆ ਜਦੋਂ ਰੱਬ ਦੀ ਹਕੂਮਤ ਵਿਚ ਰੁਕਾਵਟ ਪਈ। ਸੱਤ ਸਮੇਂ ਖ਼ਤਮ ਹੋਣ ʼਤੇ ਰੱਬ ਨੇ ਆਪਣੀ ਹਕੂਮਤ ਨੂੰ ਦਰਸਾਉਣ ਲਈ ਇਕ ਨਵਾਂ ਰਾਜਾ ਚੁਣਿਆ, ਪਰ ਇਸ ਵਾਰੀ ਉਸ ਨੇ ਸਵਰਗ ਵਿੱਚੋਂ ਕਿਸੇ ਨੂੰ ਚੁਣਿਆ। ਉਦੋਂ ਉਹ ਭਵਿੱਖਬਾਣੀਆਂ ਪੂਰੀਆਂ ਹੋਈਆਂ ਜਿਹੜੀਆਂ ਅਸੀਂ ਦਾਨੀਏਲ ਵਿਚ ਪੜ੍ਹੀਆਂ ਸਨ। ਸੋ ਅਹਿਮ ਸਵਾਲ ਹੈ: ਸੱਤ ਸਮੇਂ ਕਦੋਂ ਖ਼ਤਮ ਹੋਏ? ਇਸ ਦਾ ਜਵਾਬ ਮਿਲ ਜਾਣ ਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ।
ਜੌਨ: ਅੱਛਾ, ਤੁਹਾਡਾ ਮਤਲਬ 1914 ਵਿਚ ਖ਼ਤਮ ਹੋਏ?
ਕਾਮਰਨ: ਬਿਲਕੁਲ। ਤੁਹਾਨੂੰ ਸਮਝ ਲੱਗ ਗਈ।
ਜੌਨ: ਪਰ ਅਸੀਂ ਪੱਕਾ ਕਿਵੇਂ ਕਹਿ ਸਕਦੇ?
ਕਾਮਰਨ: ਜਦੋਂ ਯਿਸੂ ਮਸੀਹ ਧਰਤੀ ʼਤੇ ਸੀ, ਤਾਂ ਉਸ ਨੇ ਦੱਸਿਆ ਸੀ ਕਿ ਉਦੋਂ ਸੱਤ ਸਮੇਂ ਹਾਲੇ ਖ਼ਤਮ ਨਹੀਂ ਹੋਏ ਸਨ।g ਤਾਂ ਫਿਰ ਇਹ ਸੱਤ ਸਮੇਂ ਕਾਫ਼ੀ ਲੰਬੇ ਸਨ। ਯਿਸੂ ਦੇ ਧਰਤੀ ʼਤੇ ਆਉਣ ਤੋਂ ਕਈ ਸੌ ਸਾਲ ਪਹਿਲਾਂ ਇਹ ਸੱਤ ਸਮੇਂ ਸ਼ੁਰੂ ਹੋਏ ਸਨ ਤੇ ਉਸ ਦੇ ਸਵਰਗ ਚਲੇ ਜਾਣ ਤੋਂ ਬਾਅਦ ਕੁਝ ਸਮੇਂ ਤਕ ਚੱਲਦੇ ਰਹੇ। ਯਾਦ ਹੈ ਕਿ ਦਾਨੀਏਲ ਦੀਆਂ ਭਵਿੱਖਬਾਣੀਆਂ ਦੀ ਸਮਝ “ਓੜਕ ਦੇ ਸਮੇਂ” ਯਾਨੀ ਅੰਤ ਦੇ ਸਮੇਂ ਵਿਚ ਲੱਗਣੀ ਸੀ।h ਦਿਲਚਸਪੀ ਦੀ ਗੱਲ ਹੈ ਕਿ 19ਵੀਂ ਸਦੀ ਦੇ ਅਖ਼ੀਰ ਵਿਚ ਬਾਈਬਲ ਦਾ ਡੂੰਘਾਈ ਨਾਲ ਅਧਿਐਨ ਕਰਨ ਵਾਲੇ ਬਾਈਬਲ ਸਟੂਡੈਂਟਸ ਇਨ੍ਹਾਂ ਅਤੇ ਹੋਰ ਭਵਿੱਖਬਾਣੀਆਂ ਵਿਚ ਬਹੁਤ ਦਿਲਚਸਪੀ ਲੈਣ ਲੱਗ ਪਏ ਸਨ ਤੇ ਉਨ੍ਹਾਂ ਦੀ ਧਿਆਨ ਨਾਲ ਜਾਂਚ ਕਰਨ ਲੱਗੇ। ਉਨ੍ਹਾਂ ਨੂੰ ਸਮਝ ਲੱਗਣ ਲੱਗੀ ਕਿ ਸੱਤ ਸਮਿਆਂ ਦਾ ਅੰਤ 1914 ਵਿਚ ਹੋਵੇਗਾ। ਉਦੋਂ ਤੋਂ ਦੁਨੀਆਂ ਭਰ ਵਿਚ ਹੋਈਆਂ ਵੱਡੀਆਂ-ਵੱਡੀਆਂ ਘਟਨਾਵਾਂ ਨੇ ਇਹ ਗੱਲ ਪੱਕੀ ਕੀਤੀ ਕਿ 1914 ਵਿਚ ਰੱਬ ਦੇ ਰਾਜ ਨੇ ਸਵਰਗ ਵਿਚ ਹਕੂਮਤ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹੀ ਸਾਲ ਸੀ ਜਦੋਂ ਇਸ ਦੁਨੀਆਂ ਦੇ ਆਖ਼ਰੀ ਦਿਨ ਜਾਂ ਅੰਤ ਦੇ ਸਮੇਂ ਸ਼ੁਰੂ ਹੋ ਗਏ। ਮੈਨੂੰ ਪਤਾ ਹੈ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਲਈ ਨਵੀਂ ਹੈ।
ਜੌਨ: ਹਾਂ, ਮੈਂ ਇਸ ਜਾਣਕਾਰੀ ਨੂੰ ਦੁਬਾਰਾ ਪੜ੍ਹਾਂਗਾ ਤਾਂਕਿ ਚੰਗੀ ਤਰ੍ਹਾਂ ਸਮਝ ਸਕਾਂ।
ਕਾਮਰਨ: ਕੋਈ ਗੱਲ ਨਹੀਂ। ਮੈਨੂੰ ਵੀ ਇਨ੍ਹਾਂ ਭਵਿੱਖਬਾਣੀਆਂ ਤੇ ਇਨ੍ਹਾਂ ਦੀ ਪੂਰਤੀ ਨੂੰ ਸਮਝਣ ਵਿਚ ਥੋੜ੍ਹਾ ਸਮਾਂ ਲੱਗਾ ਸੀ। ਪਰ ਮੈਂ ਉਮੀਦ ਕਰਦਾ ਹਾਂ ਕਿ ਇਸ ਚਰਚਾ ਤੋਂ ਤੁਹਾਨੂੰ ਇਹ ਸਮਝਣ ਵਿਚ ਮਦਦ ਮਿਲੀ ਹੋਵੇਗੀ ਕਿ ਯਹੋਵਾਹ ਦੇ ਗਵਾਹ ਰਾਜ ਬਾਰੇ ਜੋ ਵਿਸ਼ਵਾਸ ਕਰਦੇ ਹਨ ਉਹ ਬਾਈਬਲ ʼਤੇ ਆਧਾਰਿਤ ਹਨ।
ਜੌਨ: ਬਿਲਕੁਲ। ਮੈਂ ਹਮੇਸ਼ਾ ਇਸ ਗੱਲੋਂ ਪ੍ਰਭਾਵਿਤ ਹੋਇਆ ਹਾਂ ਕਿ ਤੁਸੀਂ ਆਪਣੇ ਵਿਸ਼ਵਾਸਾਂ ਦਾ ਆਧਾਰ ਬਾਈਬਲ ਨੂੰ ਮੰਨਦੇ ਹੋ।
ਕਾਮਰਨ: ਮੈਂ ਦੇਖ ਸਕਦਾ ਹਾਂ ਕਿ ਤੁਹਾਡੀ ਵੀ ਇਹੀ ਇੱਛਾ ਹੈ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਲਈ ਨਵੀਂ ਹੈ ਜੋ ਇੱਕੋ ਵਾਰ ਸਮਝ ਨਹੀਂ ਆਉਣੀ। ਸ਼ਾਇਦ ਤੁਹਾਡੇ ਮਨ ਵਿਚ ਅਜੇ ਵੀ ਕੁਝ ਸਵਾਲ ਹੋਣ। ਮਿਸਾਲ ਲਈ, ਅਸੀਂ ਇਸ ਨਤੀਜੇ ʼਤੇ ਪਹੁੰਚੇ ਹਾਂ ਕਿ ਸੱਤ ਸਮੇਂ ਰਾਜ ਨਾਲ ਸੰਬੰਧ ਰੱਖਦੇ ਹਨ ਤੇ ਇਹ 607 ਈ. ਪੂ. ਵਿਚ ਸ਼ੁਰੂ ਹੋਏ ਸਨ। ਪਰ ਅਸੀਂ ਪੱਕਾ ਕਿਵੇਂ ਜਾਣਦੇ ਹਾਂ ਕਿ ਸੱਤ ਸਮੇਂ 1914 ਵਿਚ ਖ਼ਤਮ ਹੋਏ ਸਨ?i
ਜੌਨ: ਹਾਂ, ਮੈਂ ਵੀ ਇਹੀ ਸੋਚ ਰਿਹਾ ਸੀ।
ਕਾਮਰਨ: ਬਾਈਬਲ ਖ਼ੁਦ ਸਾਡੀ ਇਹ ਜਾਣਨ ਵਿਚ ਮਦਦ ਕਰਦੀ ਹੈ ਕਿ ਸੱਤ ਸਮੇਂ ਕਿੰਨੇ ਲੰਬੇ ਸਨ। ਕੀ ਤੁਸੀਂ ਅਗਲੀ ਵਾਰ ਇਸ ਵਿਸ਼ੇ ʼਤੇ ਚਰਚਾ ਕਰਨੀ ਚਾਹੋਗੇ?j
ਜੌਨ: ਕਿਉਂ ਨਹੀਂ। ▪ (w14-E 10/01)
ਕੀ ਤੁਸੀਂ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਤਿਆਰ ਹੋਵੇਗਾ।
a ਮੁਫ਼ਤ ਵਿਚ ਬਾਈਬਲ ਸਟੱਡੀ ਪ੍ਰੋਗ੍ਰਾਮ ਦੇ ਜ਼ਰੀਏ ਯਹੋਵਾਹ ਦੇ ਗਵਾਹ ਅਕਸਰ ਲੋਕਾਂ ਨਾਲ ਅਲੱਗ-ਅਲੱਗ ਵਿਸ਼ਿਆਂ ʼਤੇ ਚਰਚਾ ਕਰਦੇ ਹਨ।
c ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਨੌਵਾਂ ਅਧਿਆਇ ਦੇਖੋ।
g ਆਖ਼ਰੀ ਦਿਨਾਂ ਬਾਰੇ ਭਵਿੱਖਬਾਣੀ ਕਰਦਿਆਂ ਯਿਸੂ ਨੇ ਕਿਹਾ: “ਕੌਮਾਂ ਉਦੋਂ ਤਕ ਯਰੂਸ਼ਲਮ [ਜੋ ਯਹੋਵਾਹ ਦੀ ਹਕੂਮਤ ਨੂੰ ਦਰਸਾਉਂਦਾ ਸੀ] ਨੂੰ ਪੈਰਾਂ ਹੇਠ ਮਿੱਧਣਗੀਆਂ ਜਿੰਨਾ ਚਿਰ ਕੌਮਾਂ ਦਾ ਮਿਥਿਆ ਸਮਾਂ ਪੂਰਾ ਨਹੀਂ ਹੋ ਜਾਂਦਾ।” (ਲੂਕਾ 21:24) ਸੋ ਰੱਬ ਦੀ ਹਕੂਮਤ ਵਿਚ ਜੋ ਰੁਕਾਵਟ ਪਈ ਸੀ, ਉਹ ਯਿਸੂ ਦੇ ਸਮੇਂ ਵਿਚ ਵੀ ਸੀ ਤੇ ਆਖ਼ਰੀ ਦਿਨਾਂ ਤਕ ਜਾਰੀ ਰਹਿਣੀ ਸੀ।
j ਇਸ ਲੜੀ ਦੇ ਅਗਲੇ ਲੇਖ ਵਿਚ ਅਸੀਂ ਉਨ੍ਹਾਂ ਆਇਤਾਂ ʼਤੇ ਗੌਰ ਕਰਾਂਗੇ ਜੋ ਇਸ ਗੱਲ ʼਤੇ ਚਾਨਣਾ ਪਾਉਂਦੀਆਂ ਹਨ ਕਿ ਸੱਤ ਸਮੇਂ ਕਿੰਨੇ ਲੰਬੇ ਸਨ।
-
-
ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 2ਪਹਿਰਾਬੁਰਜ—2015 | ਅਪ੍ਰੈਲ 1
-
-
ਘਰ-ਮਾਲਕ ਨਾਲ ਗੱਲਬਾਤ
ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 2
ਹੇਠਾਂ ਦਿੱਤੀ ਗੱਲਬਾਤ ਸ਼ਾਇਦ ਯਹੋਵਾਹ ਦਾ ਗਵਾਹ ਪ੍ਰਚਾਰ ਦੌਰਾਨ ਕਿਸੇ ਨਾਲ ਕਰੇ। ਫ਼ਰਜ਼ ਕਰੋ ਕਿ ਜੌਨ ਨਾਂ ਦਾ ਗਵਾਹ ਕਾਮਰਨ ਦੇ ਘਰ ਦੁਬਾਰਾ ਮਿਲਣ ਆਇਆ ਹੈ।
ਨਬੂਕਦਨੱਸਰ ਦਾ ਸੁਪਨਾ—ਪਹਿਲਾਂ ਜੋ ਸਿੱਖਿਆ
ਕਾਮਰਨ: ਜੌਨ, ਤੁਹਾਨੂੰ ਦੁਬਾਰਾ ਮਿਲ ਕੇ ਮੈਨੂੰ ਖ਼ੁਸ਼ੀ ਹੋਈ। ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਹਰ ਹਫ਼ਤੇ ਬਾਈਬਲ ਸਟੱਡੀ ਕਰਦੇ ਹਾਂ।a ਕੀ ਹਾਲ ਹੈ?
ਜੌਨ: ਮੈਂ ਠੀਕ ਹਾਂ।
ਕਾਮਰਨ: ਜਦੋਂ ਮੈਂ ਪਿਛਲੀ ਵਾਰ ਆਇਆ ਸੀ, ਤਾਂ ਅਸੀਂ ਦੇਖਿਆ ਸੀ ਕਿ ਯਹੋਵਾਹ ਦੇ ਗਵਾਹ ਇਹ ਕਿਉਂ ਮੰਨਦੇ ਹਨ ਕਿ ਰੱਬ ਦਾ ਰਾਜ 1914 ਵਿਚ ਸ਼ੁਰੂ ਹੋਇਆ ਸੀ।b ਨਾਲੇ ਅਸੀਂ ਇਹ ਵੀ ਦੇਖਿਆ ਸੀ ਕਿ ਦਾਨੀਏਲ ਦੇ ਚੌਥੇ ਅਧਿਆਇ ਵਿਚ ਦਿੱਤੀ ਭਵਿੱਖਬਾਣੀ ਵਿਚ ਇਸ ਦਾ ਖ਼ਾਸ ਸਬੂਤ ਮਿਲਦਾ ਹੈ। ਕੀ ਤੁਹਾਨੂੰ ਯਾਦ ਹੈ ਕਿ ਉੱਥੇ ਕੀ ਲਿਖਿਆ ਹੈ?
ਜੌਨ: ਇਸ ਵਿਚ ਰਾਜੇ ਨਬੂਕਦਨੱਸਰ ਦੇ ਸੁਪਨੇ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਉਸ ਨੇ ਇਕ ਬਹੁਤ ਵੱਡਾ ਦਰਖ਼ਤ ਦੇਖਿਆ ਸੀ।
ਕਾਮਰਨ: ਹਾਂ, ਬਿਲਕੁਲ ਸਹੀ ਕਿਹਾ। ਨਬੂਕਦਨੱਸਰ ਨੇ ਆਪਣੇ ਸੁਪਨੇ ਵਿਚ ਇਕ ਬਹੁਤ ਵੱਡਾ ਦਰਖ਼ਤ ਦੇਖਿਆ ਜੋ ਆਕਾਸ਼ ਤਕ ਪਹੁੰਚ ਗਿਆ ਸੀ। ਉਸ ਨੇ ਰੱਬ ਦੇ ਦੂਤ ਨੂੰ ਇਹ ਹੁਕਮ ਦਿੰਦਿਆਂ ਸੁਣਿਆ ਕਿ ਦਰਖ਼ਤ ਨੂੰ ਕੱਟ ਦਿੱਤਾ ਜਾਵੇ, ਪਰ ਇਸ ਦੀਆਂ ਜੜ੍ਹਾਂ ਦਾ ਮੁੱਢ ਨਾ ਪੁੱਟਿਆ ਜਾਵੇ। ‘ਸੱਤ ਸਮਿਆਂ’ ਬਾਅਦ ਇਹ ਦਰਖ਼ਤ ਫਿਰ ਵਧੇਗਾ।c ਅਸੀਂ ਇਹ ਵੀ ਦੇਖਿਆ ਸੀ ਕਿ ਇਸ ਭਵਿੱਖਬਾਣੀ ਦੀਆਂ ਦੋ ਪੂਰਤੀਆਂ ਹਨ। ਕੀ ਤੁਹਾਨੂੰ ਯਾਦ ਹੈ ਕਿ ਪਹਿਲੀ ਪੂਰਤੀ ਕੀ ਸੀ?
ਜੌਨ: ਨਬੂਕਦਨੱਸਰ ਨੂੰ ਕੁਝ ਹੋ ਗਿਆ ਸੀ, ਹੈਨਾ? ਉਹ ਸੱਤ ਸਾਲਾਂ ਲਈ ਪਾਗਲ ਹੋ ਗਿਆ ਸੀ।
ਕਾਮਰਨ: ਬਿਲਕੁਲ ਠੀਕ। ਨਬੂਕਦਨੱਸਰ ਥੋੜ੍ਹੇ ਸਮੇਂ ਲਈ ਪਾਗਲ ਹੋ ਗਿਆ ਸੀ ਜਿਸ ਕਰਕੇ ਉਸ ਦੇ ਰਾਜ ਵਿਚ ਰੁਕਾਵਟ ਪੈ ਗਈ। ਉਸੇ ਤਰ੍ਹਾਂ ਭਵਿੱਖਬਾਣੀ ਦੀ ਦੂਜੀ ਪੂਰਤੀ ਵਿਚ ਰੱਬ ਦੇ ਰਾਜ ਵਿਚ ਸੱਤ ਸਮਿਆਂ ਲਈ ਰੁਕਾਵਟ ਪੈਣੀ ਸੀ। ਜਿੱਦਾਂ ਅਸੀਂ ਦੇਖਿਆ ਸੀ ਕਿ ਇਹ ਸੱਤ ਸਮੇਂ ਉਦੋਂ ਸ਼ੁਰੂ ਹੋਏ ਸਨ ਜਦੋਂ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਹੋਈ ਸੀ। ਉਸ ਸਮੇਂ ਤੋਂ ਬਾਅਦ ਧਰਤੀ ʼਤੇ ਰੱਬ ਦੇ ਲੋਕਾਂ ʼਤੇ ਰਾਜ ਕਰਨ ਲਈ ਕੋਈ ਵੀ ਰਾਜਾ ਯਹੋਵਾਹ ਵੱਲੋਂ ਨਹੀਂ ਚੁਣਿਆ ਗਿਆ। ਪਰ ਸੱਤ ਸਮੇਂ ਖ਼ਤਮ ਹੋਣ ਤੋਂ ਬਾਅਦ ਰੱਬ ਨੇ ਇਕ ਨਵਾਂ ਰਾਜਾ ਚੁਣਨਾ ਸੀ ਜਿਸ ਨੇ ਸਵਰਗ ਤੋਂ ਉਸ ਦੇ ਲੋਕਾਂ ʼਤੇ ਰਾਜ ਕਰਨਾ ਸੀ ਯਾਨੀ ਸੱਤ ਸਮੇਂ ਖ਼ਤਮ ਹੋਣ ʼਤੇ ਰੱਬ ਦਾ ਰਾਜ ਸ਼ੁਰੂ ਹੋਣਾ ਸੀ। ਸੋ ਅਸੀਂ ਦੇਖਿਆ ਸੀ ਕਿ ਸੱਤ ਸਮੇਂ ਕਦੋਂ ਸ਼ੁਰੂ ਹੋਏ। ਇਸ ਲਈ ਜੇ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਸੱਤ ਸਮੇਂ ਕਿੰਨੇ ਲੰਬੇ ਸਨ, ਤਾਂ ਅਸੀਂ ਜਾਣ ਸਕਾਂਗੇ ਕਿ ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ। ਮੈਂ ਜੋ ਦੱਸਿਆ ਕੀ ਤੁਹਾਨੂੰ ਪਤਾ ਲੱਗਾ?
ਜੌਨ: ਹਾਂਜੀ, ਪਿਛਲੀ ਵਾਰੀ ਦੱਸੀਆਂ ਗੱਲਾਂ ਨੂੰ ਦੁਹਰਾ ਕੇ ਮੈਨੂੰ ਯਾਦ ਆ ਗਿਆ ਕਿ ਅਸੀਂ ਕੀ ਗੱਲ ਕੀਤੀ ਸੀ।
ਕਾਮਰਨ: ਠੀਕ ਹੈ। ਤਾਂ ਫਿਰ ਚਲੋ ਆਪਾਂ ਅੱਗੇ ਦੇਖਦੇ ਹਾਂ ਕਿ ਸੱਤ ਸਮੇਂ ਕਿੰਨੇ ਲੰਬੇ ਸਨ। ਮੈਂ ਵੀ ਇਸ ਵਿਸ਼ੇ ਨੂੰ ਦੁਬਾਰਾ ਪੜ੍ਹਿਆ ਹੈ ਤਾਂਕਿ ਮੈਂ ਆਪਣੇ ਆਪ ਨੂੰ ਇਸ ਦੀਆਂ ਮੁੱਖ ਗੱਲਾਂ ਯਾਦ ਕਰਵਾ ਸਕਾਂ। ਜਿੰਨੀ ਚੰਗੀ ਤਰ੍ਹਾਂ ਹੋ ਸਕੇ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ।
ਜੌਨ: ਅੱਛਾ।
ਸੱਤ ਸਮਿਆਂ ਦਾ ਅੰਤ—ਆਖ਼ਰੀ ਦਿਨਾਂ ਦੀ ਸ਼ੁਰੂਆਤ
ਕਾਮਰਨ: ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਨਬੂਕਦਨੱਸਰ ਸ਼ਾਮਲ ਸੀ ਤੇ ਸੱਤ ਸਮੇਂ ਸੱਤ ਸਾਲ ਸਨ। ਪਰ ਭਵਿੱਖਬਾਣੀ ਦੀ ਦੂਜੀ ਪੂਰਤੀ ਵਿਚ ਸੱਤ ਸਮੇਂ ਸੱਤ ਸਾਲਾਂ ਤੋਂ ਕਿਤੇ ਜ਼ਿਆਦਾ ਲੰਬਾ ਸਮਾਂ ਸੀ।
ਜੌਨ: ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?
ਕਾਮਰਨ: ਪਹਿਲਾ ਕਾਰਨ, ਯਾਦ ਕਰੋ ਕਿ ਸੱਤ ਸਮੇਂ ਉਦੋਂ ਸ਼ੁਰੂ ਹੋਏ ਜਦੋਂ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਹੋਈ ਸੀ। ਜੇ ਅਸੀਂ 607 ਈ. ਪੂ. ਤੋਂ ਸੱਤ ਸਾਲ ਗਿਣਨੇ ਸ਼ੁਰੂ ਕਰੀਏ, ਤਾਂ ਇਹ ਸਾਨੂੰ 600 ਈ. ਪੂ. ਵਿਚ ਲੈ ਜਾਵੇਗਾ। ਪਰ ਰੱਬ ਦੇ ਰਾਜ ਸੰਬੰਧੀ ਉਸ ਸਾਲ ਕੋਈ ਵੀ ਅਹਿਮ ਘਟਨਾ ਨਹੀਂ ਹੋਈ ਸੀ। ਨਾਲੇ ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਸਦੀਆਂ ਪਹਿਲਾਂ ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਦੱਸਿਆ ਕਿ ਸੱਤ ਸਮੇਂ ਅਜੇ ਖ਼ਤਮ ਨਹੀਂ ਹੋਏ ਸਨ।
ਜੌਨ: ਓ ਹਾਂ! ਹੁਣ ਮੈਨੂੰ ਯਾਦ ਆਇਆ।
ਕਾਮਰਨ: ਸੋ ਇਸ ਦਾ ਮਤਲਬ ਹੈ ਕਿ ਸੱਤ ਸਮੇਂ ਜ਼ਿਆਦਾ ਲੰਬੇ ਹੋਣੇ ਸਨ।
ਜੌਨ: ਕਿੰਨੇ ਲੰਬੇ?
ਕਾਮਰਨ: ਪ੍ਰਕਾਸ਼ ਦੀ ਕਿਤਾਬ ਜੋ ਦਾਨੀਏਲ ਦੀ ਕਿਤਾਬ ਨਾਲ ਮੇਲ ਖਾਂਦੀ ਹੈ, ਸਾਡੀ ਇਹ ਜਾਣਨ ਵਿਚ ਮਦਦ ਕਰਦੀ ਹੈ ਕਿ ਅਸਲ ਵਿਚ ਸੱਤ ਸਮੇਂ ਕਿੰਨੇ ਲੰਬੇ ਹਨ? ਇਹ ਦੱਸਦੀ ਹੈ ਕਿ ਸਾਢੇ ਤਿੰਨ ਸਮੇਂ 1,260 ਦਿਨਾਂ ਦੇ ਬਰਾਬਰ ਹਨ।d ਸੋ ਜੇ ਸਾਢੇ ਤਿੰਨ ਸਮੇਂ ਦਾ ਦੁਗਣਾ ਕੀਤਾ ਜਾਵੇ, ਤਾਂ ਸੱਤ ਸਮੇਂ ਬਣਦੇ ਹਨ। ਇਸ ਤਰ੍ਹਾਂ 1,260 ਦਿਨਾਂ ਦਾ ਦੁਗਣਾ 2,520 ਦਿਨ ਹਨ। ਕੀ ਤੁਸੀਂ ਸਮਝੇ ਜੋ ਮੈਂ ਹੁਣ ਤਕ ਦੱਸਿਆ?
ਜੌਨ: ਹਾਂ, ਮੈਂ ਸਮਝ ਗਿਆ, ਪਰ ਮੈਨੂੰ ਪਤਾ ਨਹੀਂ ਲੱਗਾ ਕਿ ਇਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਦਾ ਰਾਜ 1914 ਵਿਚ ਸ਼ੁਰੂ ਹੋਇਆ ਸੀ।
ਕਾਮਰਨ: ਠੀਕ ਹੈ, ਚਲੋ ਆਪਾਂ ਦੇਖੀਏ ਕਿ ਇਨ੍ਹਾਂ ਦੋਨਾਂ ਗੱਲਾਂ ਦਾ ਆਪਸ ਵਿਚ ਕੀ ਸੰਬੰਧ ਹੈ। ਬਾਈਬਲ ਦੀ ਭਵਿੱਖਬਾਣੀ ਵਿਚ ਕਈ ਵਾਰ ਇਕ ਦਿਨ ਨੂੰ ਇਕ ਸਾਲ ਨਾਲ ਦਰਸਾਇਆ ਜਾਂਦਾ ਹੈ।e ਜੇ ਅਸੀਂ ਇਕ ਦਿਨ ਨੂੰ ਇਕ ਸਾਲ ਮੰਨੀਏ, ਤਾਂ ਸੱਤ ਸਮੇਂ 2,520 ਸਾਲਾਂ ਦੇ ਬਰਾਬਰ ਬਣਦੇ ਹਨ। ਜੇ ਅਸੀਂ 607 ਈ. ਪੂ. ਤੋਂ ਅੱਗੇ ਨੂੰ ਗਿਣਨਾ ਸ਼ੁਰੂ ਕਰੀਏ, ਤਾਂ 2,520 ਸਾਲ ਸਾਨੂੰ 1914 ਤਕ ਲੈ ਜਾਂਦੇ ਹਨ।f ਸੋ ਇਸ ਤਰ੍ਹਾਂ ਅਸੀਂ 1914 ਤਕ ਪਹੁੰਚਦੇ ਹਾਂ ਜਦੋਂ ਸੱਤ ਸਮੇਂ ਖ਼ਤਮ ਹੋਏ ਤੇ ਰੱਬ ਦੇ ਰਾਜ ਵਿਚ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ। ਸੋਚਣ ਵਾਲੀ ਗੱਲ ਹੈ ਕਿ 1914 ਤੋਂ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਜੋ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਹਨ।
ਜੌਨ: ਉਹ ਕਿਹੜੀਆਂ ਘਟਨਾਵਾਂ ਹਨ?
ਕਾਮਰਨ: ਆਓ ਆਪਾਂ ਦੇਖੀਏ ਕਿ ਯਿਸੂ ਨੇ ਮੱਤੀ 24:7 ਵਿਚ ਕਿਹੜੀਆਂ ਘਟਨਾਵਾਂ ਬਾਰੇ ਦੱਸਿਆ ਹੈ। ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰਨਾ ਸੀ, ਉਸ ਸਮੇਂ ਬਾਰੇ ਉਸ ਨੇ ਕਿਹਾ: “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।” ਤੁਸੀਂ ਧਿਆਨ ਦਿੱਤਾ, ਯਿਸੂ ਨੇ ਕਿਹਾ ਸੀ ਕਿ ਉਸ ਵੇਲੇ ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ। ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੀ ਸਦੀ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹਨ, ਹੈ ਨਾ?
ਜੌਨ: ਹਾਂ।
ਕਾਮਰਨ: ਇਸ ਆਇਤ ਵਿਚ ਯਿਸੂ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਉਹ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰੇਗਾ, ਤਾਂ ਉਸ ਵੇਲੇ ਲੜਾਈਆਂ ਹੋਣਗੀਆਂ। ਨਾਲੇ ਬਾਈਬਲ ਵਿਚ ਪ੍ਰਕਾਸ਼ ਦੀ ਕਿਤਾਬ ਦੱਸਦੀ ਹੈ ਕਿ ਇਹ ਲੜਾਈਆਂ ਸਿਰਫ਼ ਛੋਟੇ ਪੱਧਰ ʼਤੇ ਹੀ ਨਹੀਂ ਹੋਣਗੀਆਂ, ਸਗੋਂ ਇਹ ਪੂਰੇ ਸੰਸਾਰ ਵਿਚ ਹੋਣਗੀਆਂ।g ਕੀ ਤੁਹਾਨੂੰ ਯਾਦ ਹੈ ਕਿ ਪਹਿਲਾਂ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ?
ਜੌਨ: 1914 ਵਿਚ ਯਾਨੀ ਉਸੇ ਸਾਲ ਜਦੋਂ ਯਿਸੂ ਨੇ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ! ਮੈਂ ਤਾਂ ਕਦੇ ਇੱਦਾਂ ਸੋਚਿਆ ਹੀ ਨਹੀਂ ਸੀ।
ਕਾਮਰਨ: ਜਦੋਂ ਅਸੀਂ ਸੱਤ ਸਮਿਆਂ ਤੇ ਆਖ਼ਰੀ ਦਿਨਾਂ ਬਾਰੇ ਕੀਤੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਸੰਬੰਧ ਆਪਸ ਵਿਚ ਜੋੜਦੇ ਹਾਂ, ਤਾਂ ਸਾਨੂੰ ਇਨ੍ਹਾਂ ਦਾ ਮਤਲਬ ਸਮਝ ਆਉਂਦਾ ਹੈ। ਯਹੋਵਾਹ ਦੇ ਗਵਾਹਾਂ ਨੂੰ ਭਰੋਸਾ ਹੈ ਕਿ ਯਿਸੂ ਨੇ 1914 ਵਿਚ ਰੱਬ ਦੇ ਰਾਜ ਵਿਚ ਰਾਜੇ ਵਜੋਂ ਹਕੂਮਤ ਕਰਨੀ ਸ਼ੁਰੂ ਕੀਤੀ ਸੀ ਤੇ ਉਸੇ ਸਾਲ ਹੀ ਆਖ਼ਰੀ ਦਿਨ ਸ਼ੁਰੂ ਹੋਏ ਸਨ।h
ਜੌਨ: ਮੈਂ ਅਜੇ ਵੀ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਕਾਮਰਨ: ਕੋਈ ਗੱਲ ਨਹੀਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਵੀ ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਕਾਫ਼ੀ ਸਮਾਂ ਲੱਗਾ ਸੀ। ਪਰ ਮੈਂ ਉਮੀਦ ਕਰਦਾ ਹਾਂ ਕਿ ਘੱਟੋ-ਘੱਟ ਇਸ ਗੱਲਬਾਤ ਨੇ ਤੁਹਾਡੀ ਇਹ ਸਮਝਣ ਵਿਚ ਮਦਦ ਕੀਤੀ ਹੋਣੀ ਕਿ ਭਾਵੇਂ ਕਿ 1914 ਦਾ ਜ਼ਿਕਰ ਬਾਈਬਲ ਵਿਚ ਸਿੱਧੇ ਤੌਰ ʼਤੇ ਨਹੀਂ ਕੀਤਾ ਗਿਆ, ਪਰ ਯਹੋਵਾਹ ਦੇ ਗਵਾਹ ਇਸ ਸਾਲ ਬਾਰੇ ਜੋ ਵੀ ਵਿਸ਼ਵਾਸ ਕਰਦੇ ਹਨ, ਉਹ ਬਾਈਬਲ ʼਤੇ ਆਧਾਰਿਤ ਹਨ।
ਜੌਨ: ਮੈਨੂੰ ਬਹੁਤ ਵਧੀਆ ਲੱਗਦਾ ਕਿ ਤੁਸੀਂ ਆਪਣੇ ਵੱਲੋਂ ਗੱਲਾਂ ਕਰਨ ਦੀ ਬਜਾਇ ਬਾਈਬਲ ਵਿੱਚੋਂ ਸਮਝਾਉਂਦੇ ਹੋ। ਪਰ ਮੈਨੂੰ ਇਹ ਗੱਲ ਸਮਝ ਨਹੀਂ ਲੱਗੀ ਕਿ ਰੱਬ ਨੇ ਬਾਈਬਲ ਵਿਚ ਸਾਫ਼ ਤੌਰ ਤੇ ਕਿਉਂ ਨਹੀਂ ਲਿਖਵਾ ਦਿੱਤਾ ਕਿ 1914 ਵਿਚ ਯਿਸੂ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰੇਗਾ?
ਕਾਮਰਨ: ਜੌਨ, ਇਹ ਬਹੁਤ ਹੀ ਵਧੀਆ ਸਵਾਲ ਹੈ। ਦਰਅਸਲ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਬਾਈਬਲ ਵਿਚ ਸਾਫ਼ ਤੌਰ ʼਤੇ ਨਹੀਂ ਦੱਸਿਆ ਗਿਆ। ਤਾਂ ਫਿਰ ਰੱਬ ਨੇ ਇਸ ਤਰ੍ਹਾਂ ਬਾਈਬਲ ਲਿਖਵਾਈ ਹੀ ਕਿਉਂ ਜਿਸ ਨੂੰ ਸਮਝਣ ਲਈ ਮਿਹਨਤ ਕਰਨੀ ਪਵੇ? ਅਸੀਂ ਇਸ ਬਾਰੇ ਅਗਲੀ ਵਾਰ ਗੱਲ ਕਰ ਸਕਦੇ ਹਾਂ।
ਜੌਨ: ਠੀਕ ਹੈ। (w14-E 11/01)
ਕੀ ਤੁਸੀਂ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਦੇ ਕਿਸੇ ਗਵਾਹ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਤਿਆਰ ਹੋਵੇਗਾ।
a ਮੁਫ਼ਤ ਵਿਚ ਬਾਈਬਲ ਸਟੱਡੀ ਪ੍ਰੋਗ੍ਰਾਮ ਦੇ ਜ਼ਰੀਏ ਯਹੋਵਾਹ ਦੇ ਗਵਾਹ ਅਕਸਰ ਲੋਕਾਂ ਨਾਲ ਅਲੱਗ-ਅਲੱਗ ਵਿਸ਼ਿਆਂ ʼਤੇ ਚਰਚਾ ਕਰਦੇ ਹਨ।
b ਜਨਵਰੀ-ਮਾਰਚ 2015 ਦੇ ਪਹਿਰਾਬੁਰਜ ਵਿਚ “ਘਰ-ਮਾਲਕ ਨਾਲ ਗੱਲਬਾਤ—ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 1” ਨਾਂ ਦਾ ਲੇਖ ਦੇਖੋ।
c ਦਾਨੀਏਲ 4:23-25 ਦੇਖੋ।
d ਪ੍ਰਕਾਸ਼ ਦੀ ਕਿਤਾਬ 12:6, 14 ʼਤੇ ਫੁਟਨੋਟ ਦੇਖੋ।
e ਗਿਣਤੀ 14:34; ਹਿਜ਼ਕੀਏਲ 4:6 ਦੇਖੋ।
f “ਨਬੂਕਦਨੱਸਰ ਦਾ ਦਰਖ਼ਤ ਵਾਲਾ ਸੁਪਨਾ” ਦਾ ਚਾਰਟ ਦੇਖੋ।
g ਪ੍ਰਕਾਸ਼ ਦੀ ਕਿਤਾਬ 6:4 ਦੇਖੋ।
h ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 9ਵਾਂ ਅਧਿਆਇ ਦੇਖੋ। ਤੁਸੀਂ ਇਹ ਕਿਤਾਬ www.jw.org/pa ʼਤੇ ਵੀ ਪੜ੍ਹ ਸਕਦੇ ਹੋ।
-