ਅਮੀਰ-ਗ਼ਰੀਬ ਵਿਚ ਵਧ ਰਿਹਾ ਫ਼ਾਸਲਾ
“ਪਿਛਲੇ ਪੰਜ ਦਹਾਕਿਆਂ ਤੋਂ ਸੰਸਾਰ ਭਰ ਵਿਚ ਗ਼ਰੀਬੀ ਘਟਾਉਣ ਵਿਚ ਜਿੰਨੀ ਤਰੱਕੀ ਹੋਈ ਹੈ, ਉੱਨੀ ਪਿਛਲੀਆਂ ਪੰਜ ਸਦੀਆਂ ਵਿਚ ਕਦੇ ਨਹੀਂ ਹੋਈ,” ਸੰਯੁਕਤ ਰਾਸ਼ਟਰ-ਸੰਘ ਵਿਕਾਸ ਪ੍ਰੋਗ੍ਰਾਮ ਦਾ ਯੂ.ਐੱਨ.ਡੀ.ਪੀ. ਟੂਡੇ ਨਾਮਕ ਰਸਾਲਾ ਦੱਸਦਾ ਹੈ। “ਵਿਕਾਸਸ਼ੀਲ ਦੇਸ਼ਾਂ ਨੇ 1960 ਤੋਂ ਲੈ ਕੇ ਹੁਣ ਤਕ ਬੱਚਿਆਂ ਦੀ ਮੌਤ ਦਰ 50 ਪ੍ਰਤਿਸ਼ਤ ਘਟਾਈ ਹੈ, ਇਕ-ਤਿਹਾਈ ਕੁਪੋਸ਼ਣ ਨੂੰ ਘਟਾਇਆ ਹੈ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੀ ਦਰ ਪਹਿਲਾਂ ਨਾਲੋਂ ਇਕ-ਚੌਥਾਈ ਵਧੀ ਹੈ।” ਪਰ ਇਹੀ ਰਸਾਲਾ ਦੱਸਦਾ ਹੈ ਕਿ ਇਸ ਤਰੱਕੀ ਦੇ ਬਾਵਜੂਦ, ਸੰਸਾਰ ਭਰ ਵਿਚ ਗ਼ਰੀਬੀ “ਜਿਉਂ ਦੀ ਤਿਉਂ ਬਰਕਰਾਰ” ਹੈ।
ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਸਮਾਜ ਵਿਚ ਬੇਇਨਸਾਫ਼ੀਆਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਯੂ. ਐੱਨ ਵਿਸ਼ਵ ਖ਼ੁਰਾਕ ਪ੍ਰੋਗ੍ਰਾਮ ਦੀ ਕਾਰਜਕਾਰੀ ਨਿਰਦੇਸ਼ਿਕਾ ਕੈਥਰੀਨ ਬਰਟੀਨੀ ਕਹਿੰਦੀ ਹੈ: “ਪਿਛਲੇ ਸਾਲ ਦੀ ਤੁਲਨਾ ਵਿਚ ਸੰਸਾਰ ਵਿਚ ਅੱਜ ਜ਼ਿਆਦਾ ਲੋਕ ਕੁਪੋਸ਼ਣ ਅਤੇ ਭੁੱਖ ਦੀ ਮਾਰ ਹੇਠ ਹਨ।” ਅਸਲ ਵਿਚ, ਵਿਕਾਸਸ਼ੀਲ ਦੇਸ਼ਾਂ ਵਿਚ ਅੱਜ ਤਕਰੀਬਨ 84 ਕਰੋੜ ਲੋਕ ਭੁੱਖੇ ਰਹਿੰਦੇ ਹਨ ਅਤੇ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲਦਾ ਹੈ। ਲਗਭਗ ਇਕ ਅਰਬ ਪੰਜਾਹ ਕਰੋੜ ਲੋਕ ਇਕ ਦਿਨ ਵਿਚ 43 ਰੁਪਏ ਨਾਲੋਂ ਵੀ ਘੱਟ ਪੈਸਿਆਂ ਨਾਲ ਆਪਣਾ ਗੁਜ਼ਾਰਾ ਤੋਰਦੇ ਹਨ। ਮਨੁੱਖੀ ਅਧਿਕਾਰਾਂ ਦੀ ਯੂ. ਐੱਨ. ਹਾਈ ਕਮਿਸ਼ਨਰ, ਮੈਰੀ ਰੋਬਿਨਸਨ ਚੇਤਾਵਨੀ ਦਿੰਦੀ ਹੈ, “ਅਸੀਂ ਉਸ ਮੁਕਾਮ ਤੇ ਪਹੁੰਚ ਗਏ ਹਾਂ ਜਿੱਥੇ ਸੰਸਾਰ ਨਾ ਸਿਰਫ਼ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਵਿਚ ਵੰਡ ਚੁੱਕਾ ਹੈ, ਸਗੋਂ ਇਹ ਸੰਸਾਰ ਹੱਦੋਂ ਵੱਧ ਵਿਕਸਿਤ ਹੋ ਚੁੱਕੇ ਅਤੇ ਕਦੀ ਵੀ ਵਿਕਸਿਤ ਨਾ ਹੋਣ ਵਾਲੇ ਦੇਸ਼ਾਂ ਵਿਚ ਵੀ ਵੰਡ ਚੁੱਕਾ ਹੈ।”
ਅਮੀਰ-ਗ਼ਰੀਬ ਵਿਚਲੇ ਫ਼ਾਸਲੇ ਨੂੰ ਘਟਾਉਣ ਲਈ ਅੱਜ ਦੇ ਇਸ ਛੇ ਅਰਬ ਆਬਾਦੀ ਵਾਲੇ ਸੰਸਾਰ ਨੂੰ ਕਿੰਨਾ ਪੈਸਾ ਖ਼ਰਚ ਕਰਨਾ ਪਵੇਗਾ? ਇੰਨਾ ਖ਼ਰਚਾ ਨਹੀਂ ਆਵੇਗਾ ਜਿੰਨਾ ਅਸੀਂ ਸੋਚਦੇ ਹਾਂ। ਯੂ. ਐੱਨ. ਅੰਦਾਜ਼ਾ ਲਗਾਉਂਦਾ ਹੈ ਕਿ ਸੰਸਾਰ ਭਰ ਵਿਚ ਇਕ ਸਾਲ ਵਿਚ ਘੱਟੋ-ਘੱਟ 387 ਅਰਬ ਰੁਪਏ (64 ਰੁਪਏ ਪ੍ਰਤੀ ਵਿਅਕਤੀ) ਸਾਫ਼-ਸਫ਼ਾਈ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਤੇ ਖ਼ਰਚ ਆਉਣਗੇ ਅਤੇ ਘੱਟੋ-ਘੱਟ 559 ਅਰਬ ਰੁਪਏ (ਪ੍ਰਤੀ ਵਿਅਕਤੀ 86 ਰੁਪਏ) ਧਰਤੀ ਉੱਤੇ ਸਾਰਿਆਂ ਲਈ ਸਿਹਤ ਅਤੇ ਖ਼ੁਰਾਕ ਵਰਗੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੇ ਖ਼ਰਚ ਹੋਣਗੇ। ਭਾਵੇਂ ਕਿ ਸੋਚਣ ਤੇ ਇਹ ਰਕਮ ਬਹੁਤ ਵੱਡੀ ਲੱਗਦੀ ਹੈ, ਪਰ ਜੇ ਇਸ ਰਕਮ ਦੀ ਤੁਲਨਾ ਉਸ ਰਕਮ ਨਾਲ ਕੀਤੀ ਜਾਵੇ ਜੋ ਸੰਸਾਰ ਦੂਜੀਆਂ ਚੀਜ਼ਾਂ ਤੇ ਖ਼ਰਚ ਕਰਦਾ ਹੈ, ਤਾਂ ਇਹ ਬਹੁਤ ਥੋੜ੍ਹੀ ਹੈ। ਮਿਸਾਲ ਲਈ ਹਾਲ ਹੀ ਦੇ ਸਾਲ ਵਿਚ ਸੰਸਾਰ ਨੇ ਇਸ਼ਤਿਹਾਰਬਾਜ਼ੀ ਉੱਤੇ 18,705 ਅਰਬ ਰੁਪਏ (ਪ੍ਰਤੀ ਵਿਅਕਤੀ 3,010 ਰੁਪਏ) ਖ਼ਰਚ ਕੀਤੇ ਅਤੇ ਫ਼ੌਜੀ ਕੰਮਾਂ ਉੱਤੇ 33,540 ਅਰਬ ਰੁਪਏ (ਪ੍ਰਤੀ ਵਿਅਕਤੀ 5,590 ਰੁਪਏ) ਖ਼ਰਚ ਕੀਤੇ। ਸਪੱਸ਼ਟ ਹੈ ਕਿ ਅਮੀਰ-ਗ਼ਰੀਬ ਵਿਚ ਵੱਧ ਰਹੇ ਫ਼ਾਸਲੇ ਨੂੰ ਘੱਟ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ, ਬਲਕਿ ਲੋੜ ਇਸ ਗੱਲ ਦੀ ਹੈ ਕਿ ਪਹਿਲਾਂ ਅਸੀਂ ਸਹੀ ਚੀਜ਼ਾਂ ਤੇ ਪੈਸਾ ਖ਼ਰਚ ਕਰੀਏ।