ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਹਿਲਾ ਰਾਜ਼: ਆਪਣੇ ਪਰਿਵਾਰ ਨੂੰ ਪਹਿਲ ਦਿਓ
    ਜਾਗਰੂਕ ਬਣੋ!—2010 | ਜਨਵਰੀ
    • ਪਹਿਲਾ ਰਾਜ਼: ਆਪਣੇ ਪਰਿਵਾਰ ਨੂੰ ਪਹਿਲ ਦਿਓ

      “ਤੁਸੀਂ ਕੇਵਲ ਆਪਣਾ ਹੀ ਭਲਾ ਨਾ ਤੱਕੋ, ਸਗੋਂ ਦੂਜਿਆਂ ਦਾ ਵੀ ਧਿਆਨ ਰੱਖੋ।”—ਫ਼ਿਲਿੱਪੀਆਂ 2:4, CL.

      ਇਸ ਦਾ ਕੀ ਮਤਲਬ ਹੈ? ਸੁਖੀ ਵਿਆਹਾਂ ਵਿਚ ਪਤੀ-ਪਤਨੀ ਆਪਣੀਆਂ ਜ਼ਰੂਰਤਾਂ ਨਾਲੋਂ ਆਪਣੇ ਸਾਥੀ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੰਦੇ ਹਨ। ਉਹ ਚੀਜ਼ਾਂ, ਨੌਕਰੀ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਦੂਜੇ ਦਰਜੇ ਤੇ ਰੱਖਦੇ ਹਨ। ਪਤੀ-ਪਤਨੀ ਨਾ ਸਿਰਫ਼ ਬੱਚਿਆਂ ਨਾਲ, ਪਰ ਇਕ-ਦੂਜੇ ਨਾਲ ਵੀ ਕਾਫ਼ੀ ਸਮਾਂ ਬਿਤਾਉਂਦੇ ਹਨ। ਦੋਵੇਂ ਆਪਣੇ ਪਰਿਵਾਰ ਲਈ ਕੁਰਬਾਨੀਆਂ ਕਰਨ ਲਈ ਤਿਆਰ ਹਨ।—ਫ਼ਿਲਿੱਪੀਆਂ 2:4.

      ਇਹ ਜ਼ਰੂਰੀ ਕਿਉਂ ਹੈ? ਬਾਈਬਲ ਪਰਿਵਾਰ ਦੀ ਦੇਖ-ਭਾਲ ਕਰਨ ʼਤੇ ਜ਼ੋਰ ਦਿੰਦੀ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਜਿਹੜਾ ਇਨਸਾਨ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ ਉਹ “ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਹੋ ਸਕਦਾ ਹੈ ਕਿ ਸਮੇਂ ਦੇ ਬੀਤਣ ਨਾਲ ਪਰਿਵਾਰ ਨੂੰ ਦੂਜੇ ਦਰਜੇ ʼਤੇ ਰੱਖਿਆ ਜਾਵੇ। ਮਿਸਾਲ ਲਈ, ਪਰਿਵਾਰਾਂ ਦੇ ਇਕ ਸਲਾਹਕਾਰ ਨੇ ਇਕ ਸੰਮੇਲਨ ਦਾ ਇੰਤਜ਼ਾਮ ਕੀਤਾ ਜਿੱਥੇ ਉਸ ਨੇ ਦੇਖਿਆ ਕਿ ਜ਼ਿਆਦਾਤਰ ਲੋਕ ਪਰਿਵਾਰ ਨਾਲੋਂ ਆਪਣੀ ਨੌਕਰੀ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਹ ਕਹਿੰਦਾ ਹੈ ਕਿ ਲੋਕ ਇਸ ਉਮੀਦ ਨਾਲ ਆਏ ਕਿ ਉਹ ਇਹ ਸਿੱਖਣਗੇ ਕਿ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਕਿੱਦਾਂ ਫਟਾਫਟ ਸੁਲਝਾਇਆ ਜਾ ਸਕਦਾ ਹੈ ਤਾਂਕਿ ਉਹ ਆਪਣੇ ਕੈਰੀਅਰ ਵੱਲ ਜ਼ਿਆਦਾ ਧਿਆਨ ਦੇ ਸਕਣ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਕਹਿਣਾ ਬਹੁਤ ਸੌਖਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਪਹਿਲ ਦਿੰਦੇ ਹਾਂ, ਪਰ ਅਸਲ ਵਿਚ ਇਸ ਤਰ੍ਹਾਂ ਕਰਨਾ ਔਖਾ ਹੈ।

      ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਆਪਣੇ ਪਰਿਵਾਰ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

      ◼ ਜਦ ਮੇਰਾ ਸਾਥੀ ਜਾਂ ਬੱਚਾ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਤਾਂ ਕੀ ਮੈਂ ਜਲਦ ਤੋਂ ਜਲਦ ਉਨ੍ਹਾਂ ਲਈ ਸਮਾਂ ਕੱਢਦਾ ਹਾਂ?

      ◼ ਜਦ ਮੈਂ ਹੋਰਨਾਂ ਨੂੰ ਦੱਸਦਾ ਹਾਂ ਕਿ ਮੈਂ ਕੀ-ਕੀ ਕੀਤਾ ਸੀ, ਤਾਂ ਕੀ ਇਸ ਵਿਚ ਮੇਰੇ ਪਰਿਵਾਰ ਦਾ ਵੀ ਜ਼ਿਕਰ ਆਉਂਦਾ ਹੈ?

      ◼ ਜਦ ਮੇਰੇ ਪਰਿਵਾਰ ਨੂੰ ਮੇਰੀ ਲੋੜ ਹੁੰਦੀ ਹੈ, ਤਾਂ ਕੀ ਮੈਂ ਆਪਣੀ ਨੌਕਰੀ ਜਾਂ ਹੋਰਨਾਂ ਕੰਮਾਂ ਤੋਂ ਸਮਾਂ ਕੱਢਣ ਲਈ ਤਿਆਰ ਹੁੰਦਾ ਹਾਂ?

      ਜੇ ਤੁਸੀਂ ਇਨ੍ਹਾਂ ਸਵਾਲਾਂ ਦਾ ਹਾਂ ਵਿਚ ਜਵਾਬ ਦਿੱਤਾ, ਤਾਂ ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਆਪਣੇ ਪਰਿਵਾਰ ਨੂੰ ਪਹਿਲ ਦੇ ਰਹੇ ਹੋ। ਲੇਕਿਨ ਜੇ ਤੁਸੀਂ ਆਪਣੇ ਪਰਿਵਾਰ ਨੂੰ ਇਸ ਬਾਰੇ ਪੁੱਛੋ, ਤਾਂ ਉਹ ਕੀ ਕਹਿਣਗੇ? ਅਸਲੀਅਤ ਜਾਣਨ ਲਈ ਉਨ੍ਹਾਂ ਦੀ ਵੀ ਰਾਇ ਲੈਣੀ ਜ਼ਰੂਰੀ ਹੈ। ਇਹ ਅਸੂਲ ਅਗਲੇ ਸਫ਼ਿਆਂ ʼਤੇ ਕਹੀਆਂ ਗੱਲਾਂ ʼਤੇ ਵੀ ਲਾਗੂ ਹੁੰਦਾ ਹੈ।

      ਪੱਕਾ ਫ਼ੈਸਲਾ ਕਰੋ। ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਪਰਿਵਾਰ ਨੂੰ ਪਹਿਲ ਦੇ ਰਹੇ ਹੋ? ਇਕ-ਦੋ ਗੱਲਾਂ ਬਾਰੇ ਸੋਚੋ। (ਮਿਸਾਲ ਲਈ, ਉਨ੍ਹਾਂ ਕੰਮਾਂ ਬਾਰੇ ਸੋਚੋ ਜਿਨ੍ਹਾਂ ਤੋਂ ਤੁਸੀਂ ਸਮਾਂ ਕੱਢ ਕੇ ਆਪਣੇ ਸਾਥੀ ਤੇ ਬੱਚਿਆਂ ਨਾਲ ਗੁਜ਼ਾਰ ਸਕਦੇ ਹੋ।)

      ਕਿਉਂ ਨਾ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕਰੋ? ਜਦ ਪਰਿਵਾਰ ਦਾ ਇਕ ਜੀਅ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੂਜੇ ਵੀ ਕੋਸ਼ਿਸ਼ ਕਰਨ ਲਈ ਤਿਆਰ ਹੋ ਜਾਂਦੇ ਹਨ। (g09 10)

      [ਸਫ਼ਾ 3 ਉੱਤੇ ਤਸਵੀਰ]

      ਜਿੱਤਣ ਵਾਲਾ ਮਾਂ-ਬਾਪ ਆਪਣੇ ਸਾਥੀ ਤੇ ਬੱਚਿਆਂ ਨੂੰ ਪਹਿਲ ਦਿੰਦਾ ਹੈ

  • ਦੂਜਾ ਰਾਜ਼: ਸਾਥ ਨਿਭਾਓ
    ਜਾਗਰੂਕ ਬਣੋ!—2010 | ਜਨਵਰੀ
    • ਦੂਜਾ ਰਾਜ਼: ਸਾਥ ਨਿਭਾਓ

      “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:6.

      ਇਸ ਦਾ ਕੀ ਮਤਲਬ ਹੈ? ਸੁਖੀ ਜੋੜੇ ਮੰਨਦੇ ਹਨ ਕਿ ਵਿਆਹ ਦਾ ਬੰਧਨ ਉਮਰ ਭਰ ਲਈ ਹੈ। ਜਦ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ, ਤਾਂ ਸਾਥ ਛੱਡਣ ਦੀ ਬਜਾਇ ਉਹ ਮੁਸ਼ਕਲ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜਦ ਪਤੀ-ਪਤਨੀ ਇਕ ਦੂਸਰੇ ਦਾ ਸਾਥ ਨਿਭਾਉਂਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਉਹ ਇਕ-ਦੂਜੇ ਦੇ ਵਫ਼ਾਦਾਰ ਰਹਿਣਗੇ।

      ਇਹ ਜ਼ਰੂਰੀ ਕਿਉਂ ਹੈ? ਸਾਥ ਨਿਭਾਉਣਾ ਉਹ ਧਾਗਾ ਹੈ ਜੋ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਪਰ ਕਈ ਮੁਸ਼ਕਲਾਂ ਖੜ੍ਹੀਆਂ ਹੋਣ ਤੋਂ ਬਾਅਦ ਪਤੀ-ਪਤਨੀ ਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਨੂੰ ਰੱਸੇ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਮਰਦੇ ਦਮ ਤਕ ਸਾਥ ਨਿਭਾਉਣ ਦੀਆਂ ਕਸਮਾਂ ਉਨ੍ਹਾਂ ਨੂੰ ਸ਼ਾਇਦ ਇਕ ਫੰਦਾ ਲੱਗੇ ਜਿਸ ਵਿੱਚੋਂ ਉਹ ਨਿਕਲਣਾ ਚਾਹੁਣ। ਹੋ ਸਕਦਾ ਹੈ ਕਿ ਉਹ ਇਕ-ਦੂਜੇ ਨਾਲ ਇਕੱਠੇ ਤਾਂ ਰਹਿਣ, ਪਰ ਉਨ੍ਹਾਂ ਦੇ ਦਿਲ ਇਕ-ਦੂਜੇ ਤੋਂ ਦੂਰ ਹੋਣ। ਇਸ ਕਰਕੇ ਦਿਲ ਖੋਲ੍ਹ ਕੇ ਜ਼ਰੂਰੀ ਗੱਲਾਂ ਕਰਨ ਦੀ ਬਜਾਇ ਉਹ ਚੁੱਪ ਵੱਟ ਲੈਂਦੇ ਹਨ।

      ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਆਪਣੇ ਸਾਥੀ ਦਾ ਕਿੰਨਾ ਕੁ ਸਾਥ ਨਿਭਾਉਂਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

      ◼ ਜਦ ਸਾਡੀ ਕੋਈ ਅਣਬਣ ਹੋ ਜਾਂਦੀ ਹੈ, ਤਾਂ ਕੀ ਮੈਂ ਸੋਚਦਾ ਹਾਂ ਕਿ ਕਾਸ਼ ਮੈਂ ਇਸ ਨਾਲ ਵਿਆਹ ਨਾ ਕੀਤਾ ਹੁੰਦਾ?

      ◼ ਕੀ ਮੈਂ ਆਪਣੇ ਸਾਥੀ ਦੇ ਨਹੀਂ, ਬਲਕਿ ਕਿਸੇ ਹੋਰ ਦੇ ਸੁਪਨੇ ਦੇਖਦਾ ਹਾਂ?

      ◼ ਕੀ ਮੈਂ ਆਪਣੇ ਸਾਥੀ ਨੂੰ ਕਦੇ ਕਹਿੰਦਾ ਹਾਂ: “ਮੈਂ ਤੈਨੂੰ ਛੱਡ ਕੇ ਚੱਲਾ” ਜਾਂ “ਮੈਂ ਕਿਸੇ ਹੋਰ ਨੂੰ ਲੱਭਾਂਗਾ ਜੋ ਮੇਰੀ ਕਦਰ ਕਰਦਾ ਹੈ”?

      ਪੱਕਾ ਫ਼ੈਸਲਾ ਕਰੋ। ਸਾਥ ਨਿਭਾਉਣ ਦੇ ਇਰਾਦੇ ਨੂੰ ਪੱਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? (ਕੁਝ ਸੁਝਾਅ: ਆਪਣੇ ਸਾਥੀ ਨੂੰ ਪ੍ਰੇਮ-ਪੱਤਰ ਲਿਖੋ, ਕੰਮ ਤੇ ਆਪਣੇ ਸਾਥੀ ਦੀ ਤਸਵੀਰ ਰੱਖੋ ਜਾਂ ਕੰਮ ਤੋਂ ਰੋਜ਼ ਆਪਣੇ ਸਾਥੀ ਨੂੰ ਫ਼ੋਨ ਕਰੋ।)

      ਸਾਥ ਨਿਭਾਉਣ ਦੇ ਇਰਾਦੇ ਨੂੰ ਪੱਕਾ ਕਰਨ ਲਈ ਕਿਉਂ ਨਾ ਹੋਰ ਸੁਝਾਅ ਸੋਚੋ ਅਤੇ ਆਪਣੇ ਸਾਥੀ ਨੂੰ ਪੁੱਛੋ ਕਿ ਉਸ ਨੂੰ ਸਭ ਤੋਂ ਚੰਗਾ ਕਿਹੜਾ ਲੱਗਦਾ ਹੈ? (g09 10)

      [ਸਫ਼ਾ 4 ਉੱਤੇ ਤਸਵੀਰ]

      ਇਕ ਜੰਗਲੇ ਦੀ ਤਰ੍ਹਾਂ ਸਾਥ ਨਿਭਾਉਣਾ ਤੁਹਾਡੇ ਰਿਸ਼ਤੇ ਨੂੰ ਬਚਾ ਸਕਦਾ ਹੈ

      [ਕ੍ਰੈਡਿਟ ਲਾਈਨ]

      © Corbis/age fotostock

  • ਤੀਜਾ ਰਾਜ਼: ਮਿਲ ਕੇ ਕੰਮ ਕਰੋ
    ਜਾਗਰੂਕ ਬਣੋ!—2010 | ਜਨਵਰੀ
    • ਤੀਜਾ ਰਾਜ਼: ਮਿਲ ਕੇ ਕੰਮ ਕਰੋ

      “ਇੱਕ ਨਾਲੋਂ ਦੋ ਚੰਗੇ ਹਨ . . . ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”—ਉਪਦੇਸ਼ਕ ਦੀ ਪੋਥੀ 4:9, 10.

      ਇਸ ਦਾ ਕੀ ਮਤਲਬ ਹੈ? ਸੁਖੀ ਜੋੜੇ ਪਰਮੇਸ਼ੁਰ ਦਾ ਇਹ ਕਹਿਣਾ ਮੰਨਦੇ ਹਨ ਕਿ ਪਤੀ ਪਤਨੀ ਦਾ ਸਿਰ ਹੈ। (ਅਫ਼ਸੀਆਂ 5:22-24) ਉਹ ਸਭ ਕੁਝ ਸਾਂਝਾ ਸਮਝਦੇ ਹਨ ਨਾ ਕਿ “ਤੇਰਾ” ਜਾਂ “ਮੇਰਾ।” ਪਤੀ-ਪਤਨੀ ਆਪੋ-ਆਪਣੀ ਮਰਜ਼ੀ ਨਹੀਂ ਕਰਦੇ, ਪਰ ਮਿਲ ਕੇ ਕੰਮ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਉਹ “ਇੱਕ ਸਰੀਰ” ਹਨ ਮਤਲਬ ਕਿ ਉਨ੍ਹਾਂ ਦਾ ਰਿਸ਼ਤਾ ਨਜ਼ਦੀਕ ਅਤੇ ਉਮਰ ਭਰ ਦਾ ਹੈ।—ਉਤਪਤ 2:24.

      ਇਹ ਜ਼ਰੂਰੀ ਕਿਉਂ ਹੈ? ਜੇ ਤੁਸੀਂ ਮਿਲ ਕੇ ਕੰਮ ਨਾ ਕਰੋ, ਤਾਂ ਰਾਈ ਦਾ ਪਹਾੜ ਖੜ੍ਹਾ ਹੋ ਸਕਦਾ ਹੈ। ਇਸ ਤਰ੍ਹਾਂ ਮੁਸ਼ਕਲ ਸੁਲਝਾਉਣ ਦੀ ਬਜਾਇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਸਕਦੀ ਹੈ। ਇਸ ਦੇ ਉਲਟ ਜੇ ਤੁਸੀਂ ਮਿਲ ਕੇ ਕੰਮ ਕਰੋ, ਤਾਂ ਤੁਸੀਂ ਉਸ ਕਪਤਾਨ ਤੇ ਪਾਇਲਟ ਵਰਗੇ ਹੋਵੋਗੇ ਜੋ ਹਵਾਈ ਜਹਾਜ਼ ਚਲਾਉਣ ਲਈ ਮਿਲ ਕੇ ਕੰਮ ਕਰਦੇ ਹਨ ਨਾ ਕਿ ਇਕ-ਦੂਜੇ ਦੇ ਖ਼ਿਲਾਫ਼। ਜਦ ਤੁਸੀਂ ਕਿਸੇ ਗੱਲ ਵਿਚ ਸਹਿਮਤ ਨਹੀਂ ਹੁੰਦੇ, ਤਾਂ ਇਕ-ਦੂਜੇ ਵਿਚ ਕਸੂਰ ਕੱਢਣ ਤੇ ਝਗੜਨ ਦੀ ਬਜਾਇ ਤੁਸੀਂ ਮੁਸ਼ਕਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹੋ।

      ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਮਿਲ ਕੇ ਕਿੰਨਾ ਕੁ ਕੰਮ ਕਰਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

      ◼ ਕੀ ਮੈਂ ਆਪਣੇ ਕਮਾਏ ਹੋਏ ਪੈਸੇ “ਆਪਣੇ ਹੀ” ਸਮਝਦਾ ਹਾਂ?

      ◼ ਕੀ ਮੈਂ ਆਪਣੇ ਸਾਥੀ ਦੇ ਰਿਸ਼ਤੇਦਾਰਾਂ ਤੋਂ ਦੂਰ ਹੀ ਰਹਿੰਦਾ ਹਾਂ ਭਾਵੇਂ ਮੇਰੇ ਸਾਥੀ ਦੀ ਉਨ੍ਹਾਂ ਨਾਲ ਚੰਗੀ ਬਣਦੀ ਹੈ?

      ◼ ਕੀ ਮੈਨੂੰ ਆਪਣੇ ਸਾਥੀ ਤੋਂ ਦੂਰ ਰਹਿ ਕੇ ਹੀ ਚੈਨ ਆਉਂਦੀ ਹੈ?

      ਪੱਕਾ ਫ਼ੈਸਲਾ ਕਰੋ। ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਸਾਥੀ ਨਾਲ ਮਿਲ ਕੇ ਕੰਮ ਕਰਦੇ ਹੋ? ਇਕ-ਦੋ ਗੱਲਾਂ ਬਾਰੇ ਸੋਚੋ।

      ਕਿਉਂ ਨਾ ਆਪਣੇ ਸਾਥੀ ਦੀ ਵੀ ਰਾਇ ਲਓ? (g09 10)

      [ਸਫ਼ਾ 5 ਉੱਤੇ ਤਸਵੀਰ]

      ਮਿਲ ਕੇ ਕੰਮ ਕਰਨ ਦਾ ਮਤਲਬ ਹੈ ਕਿ ਤੁਸੀਂ ਇਸ ਕਪਤਾਨ ਤੇ ਪਾਇਲਟ ਵਰਗੇ ਹੋਵੋਗੇ

  • ਚੌਥਾ ਰਾਜ਼: ਆਦਰ ਕਰੋ
    ਜਾਗਰੂਕ ਬਣੋ!—2010 | ਜਨਵਰੀ
    • ਚੌਥਾ ਰਾਜ਼: ਆਦਰ ਕਰੋ

      ‘ਸਭ ਰੌਲਾ ਅਤੇ ਦੁਰਬਚਨ ਤੁਹਾਥੋਂ ਦੂਰ ਹੋਵੇ।’—ਅਫ਼ਸੀਆਂ 4:31.

      ਇਸ ਦਾ ਕੀ ਮਤਲਬ ਹੈ? ਦੋਵੇਂ ਦੁਖੀ ਤੇ ਸੁਖੀ ਪਰਿਵਾਰਾਂ ਵਿਚ ਅਣਬਣ ਹੁੰਦੀ ਹੈ। ਪਰ ਸੁਖੀ ਪਰਿਵਾਰ ਤਾਅਨੇ ਮਾਰਨ, ਬੇਇੱਜ਼ਤੀ ਕਰਨ ਤੇ ਗਾਲਾਂ ਕੱਢਣ ਤੋਂ ਬਿਨਾਂ ਠੰਢੇ ਦਿਮਾਗ਼ ਨਾਲ ਗੱਲ ਕਰਦੇ ਹਨ। ਪਰਿਵਾਰ ਦੇ ਜੀਅ ਇਕ-ਦੂਜੇ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਨ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨਾਲ ਪੇਸ਼ ਆਉਣ।—ਮੱਤੀ 7:12.

      ਇਹ ਜ਼ਰੂਰੀ ਕਿਉਂ ਹੈ? ਸਾਡੇ ਸ਼ਬਦ ਹਥਿਆਰ ਬਣ ਕੇ ਬਹੁਤ ਨੁਕਸਾਨ ਕਰ ਸਕਦੇ ਹਨ। ਬਾਈਬਲ ਦੀ ਇਕ ਕਹਾਵਤ ਮੁਤਾਬਕ “ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।” (ਕਹਾਉਤਾਂ 21:19) ਇਹੀ ਗੱਲ ਇਕ ਝਗੜਾਲੂ ਆਦਮੀ ਬਾਰੇ ਵੀ ਕਹੀ ਜਾ ਸਕਦੀ ਹੈ। ਮਾਪਿਆਂ ਨੂੰ ਬਾਈਬਲ ਸਲਾਹ ਦਿੰਦੀ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21) ਜੇ ਬੱਚਿਆਂ ਵਿਚ ਹਮੇਸ਼ਾ ਨੁਕਸ ਕੱਢਿਆ ਜਾਵੇ, ਤਾਂ ਉਹ ਸ਼ਾਇਦ ਸੋਚਣਗੇ ਕਿ ਉਹ ਆਪਣੇ ਮਾਪਿਆਂ ਨੂੰ ਕਦੀ ਖ਼ੁਸ਼ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਉਹ ਹਿੰਮਤ ਹਾਰ ਜਾਣ।

      ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਹਾਡੇ ਪਰਿਵਾਰ ਵਿਚ ਇਕ-ਦੂਜੇ ਦਾ ਕਿੰਨਾ ਕੁ ਆਦਰ ਕੀਤਾ ਜਾਂਦਾ ਹੈ ਹੇਠਲੇ ਸਵਾਲਾਂ ਦੇ ਜਵਾਬ ਦਿਓ।

      ◼ ਸਾਡੇ ਪਰਿਵਾਰ ਵਿਚ ਜਦ ਝਗੜਾ ਹੁੰਦਾ ਹੈ, ਤਾਂ ਕੀ ਇਕ ਜਣਾ ਅਕਸਰ ਗੁੱਸੇ ਹੋ ਕੇ ਉੱਠ ਕੇ ਚਲਾ ਜਾਂਦਾ ਹੈ?

      ◼ ਜਦ ਮੈਂ ਆਪਣੇ ਸਾਥੀ ਜਾਂ ਬੱਚਿਆਂ ਨਾਲ ਗੱਲ ਕਰਦਾ ਹਾਂ, ਤਾਂ ਕੀ ਮੈਂ “ਬੇਵਕੂਫ਼” ਅਤੇ “ਮੂਰਖ” ਵਰਗੇ ਸ਼ਬਦ ਵਰਤਦਾ ਹਾਂ?

      ◼ ਕੀ ਮੈਂ ਅਜਿਹੇ ਘਰ ਵਿਚ ਵੱਡਾ ਹੋਇਆ ਹਾਂ ਜਿੱਥੇ ਗਾਲਾਂ ਕੱਢਣੀਆਂ ਆਮ ਸਨ?

      ਪੱਕਾ ਫ਼ੈਸਲਾ ਕਰੋ। ਤੁਸੀਂ ਆਪਣੀ ਬੋਲੀ ਵਿਚ ਦੂਸਰਿਆਂ ਦਾ ਆਦਰ ਕਿਵੇਂ ਕਰ ਸਕਦੇ ਹੋ? ਇਕ-ਦੋ ਗੱਲਾਂ ਬਾਰੇ ਸੋਚੋ। (ਸੁਝਾਅ: ਦੂਸਰੇ ਨੂੰ ਉਲਾਹਮਾ ਦੇਣ ਦੀ ਬਜਾਇ ਇਹ ਦੱਸੋ ਕਿ ਤੁਹਾਨੂੰ ਕਿੱਦਾਂ ਲੱਗਦਾ ਹੈ। ਮਿਸਾਲ ਲਈ, ਇਹ ਕਹਿਣ ਦੀ ਬਜਾਇ ਕਿ “ਤੂੰ ਹਮੇਸ਼ਾ . . . ” ਇੱਦਾਂ ਕਹੋ ਕਿ “ਮੈਨੂੰ ਦੁੱਖ ਲੱਗਦਾ ਹੈ ਜਦ ਤੁਸੀਂ . . .।”)

      ਕਿਉਂ ਨਾ ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ? ਤਿੰਨ ਮਹੀਨਿਆਂ ਬਾਅਦ ਉਸ ਨੂੰ ਪੁੱਛੋ ਜੇ ਉਸ ਨੇ ਤੁਹਾਡੇ ਵਿਚ ਕੋਈ ਤਬਦੀਲੀ ਦੇਖੀ ਹੈ।

      ਇਸ ਬਾਰੇ ਸੋਚੋ ਕਿ ਗਾਲਾਂ ਕੱਢਣ ਤੋਂ ਬਿਨਾਂ ਤੁਸੀਂ ਆਪਣੇ ਬੱਚਿਆਂ ਨਾਲ ਕਿੱਦਾਂ ਗੱਲ ਕਰ ਸਕਦੇ ਹੋ।

      ਕਿਉਂ ਨਾ ਆਪਣੇ ਬੱਚਿਆਂ ਤੋਂ ਉਨ੍ਹਾਂ ਸਮਿਆਂ ਲਈ ਮਾਫ਼ੀ ਮੰਗੋ ਜਦ ਤੁਸੀਂ ਉਨ੍ਹਾਂ ਨਾਲ ਰੁੱਖੇ ਹੋ ਕੇ ਬੋਲੇ ਸੀ? (g09 10)

      [ਸਫ਼ਾ 6 ਉੱਤੇ ਤਸਵੀਰ]

      ਜਿਵੇਂ ਸਮੁੰਦਰ ਦੀਆਂ ਲਹਿਰਾਂ ਪੱਥਰ ਨਾਲ ਟਕਰਾ ਕੇ ਉਸ ਨੂੰ ਖੋਰ ਦਿੰਦੀਆਂ ਹਨ, ਤਿਵੇਂ ਹੀ ਕੌੜੇ ਸ਼ਬਦ ਪਰਿਵਾਰ ਨੂੰ ਕਮਜ਼ੋਰ ਕਰ ਸਕਦੇ ਹਨ

  • ਪੰਜਵਾਂ ਰਾਜ਼: ਸਮਝਦਾਰੀ ਵਰਤੋ
    ਜਾਗਰੂਕ ਬਣੋ!—2010 | ਜਨਵਰੀ
    • ਪੰਜਵਾਂ ਰਾਜ਼: ਸਮਝਦਾਰੀ ਵਰਤੋ

      “ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ।”—ਕਹਾਉਤਾਂ 24:3.

      ਇਸ ਦਾ ਕੀ ਮਤਲਬ ਹੈ? ਸੁਖੀ ਪਰਿਵਾਰਾਂ ਵਿਚ ਪਤੀ-ਪਤਨੀ ਇਕ-ਦੂਜੇ ਦੀਆਂ ਗ਼ਲਤੀਆਂ ਮਾਫ਼ ਕਰ ਦਿੰਦੇ ਹਨ। (ਰੋਮੀਆਂ 3:23) ਆਪਣੇ ਬੱਚਿਆਂ ਨਾਲ ਉਹ ਨਾ ਹੀ ਜ਼ਿਆਦਾ ਸਖ਼ਤ ਹੁੰਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਜ਼ਿਆਦਾ ਖੁੱਲ੍ਹ ਦਿੰਦੇ ਹਨ। ਮਾਪੇ ਘਰ ਦੇ ਅਸੂਲ ਤਾਂ ਬਣਾਉਂਦੇ ਹਨ, ਪਰ ਜ਼ਿਆਦਾ ਨਹੀਂ। ਜ਼ਰੂਰਤ ਪੈਣ ਤੇ ਉਹ ਹਮੇਸ਼ਾ ‘ਜੋਗ ਸਜ਼ਾ’ ਦਿੰਦੇ ਹਨ।—ਯਿਰਮਿਯਾਹ 30:11, CL.

      ਇਹ ਜ਼ਰੂਰੀ ਕਿਉਂ ਹੈ? ਬਾਈਬਲ ਕਹਿੰਦੀ ਹੈ ਕਿ ‘ਜਿਹੜੀ ਬੁੱਧ ਉੱਪਰੋਂ ਹੈ ਉਹ ਸ਼ੀਲ ਸੁਭਾਉ ਹੈ।’ (ਯਾਕੂਬ 3:17) ਪਰਮੇਸ਼ੁਰ ਜਾਣਦਾ ਹੈ ਕਿ ਪਾਪੀ ਹੋਣ ਕਰਕੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਸੋ ਪਤੀ-ਪਤਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵੀ ਗ਼ਲਤੀਆਂ ਕਰਨਗੇ। ਛੋਟੀਆਂ-ਛੋਟੀਆਂ ਗੱਲਾਂ ਵਿਚ ਗ਼ਲਤੀ ਕੱਢਣ ਨਾਲ ਗਿਲੇ-ਸ਼ਿਕਵੇ ਵਧਦੇ ਹਨ, ਘਟਦੇ ਨਹੀਂ। ਸਾਡੇ ਲਈ ਇਹ ਕਬੂਲ ਕਰਨਾ ਚੰਗਾ ਹੋਵੇਗਾ ਕਿ “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।”—ਯਾਕੂਬ 3:2.

      ਜਿਹੜੇ ਮਾਪੇ ਸਫ਼ਲ ਹੁੰਦੇ ਹਨ, ਉਹ ਆਪਣੇ ਬੱਚਿਆਂ ਨਾਲ ਸਮਝਦਾਰੀ ਨਾਲ ਪੇਸ਼ ਆਉਂਦੇ ਹਨ। ਤਾੜਨਾ ਦਿੰਦੇ ਸਮੇਂ ਉਹ ਜ਼ਿਆਦਾ ਸਖ਼ਤ ਨਹੀਂ ਹੁੰਦੇ ਤੇ ਨਾ ਹੀ ਉਹ “ਕਰੜੇ ਸੁਭਾਉ” ਵਾਲੇ ਹਨ। (1 ਪਤਰਸ 2:18) ਜੇ ਉਨ੍ਹਾਂ ਦੇ ਬੱਚੇ ਆਪਣੇ ਆਪ ਨੂੰ ਜ਼ਿੰਮੇਵਾਰ ਸਾਬਤ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਹੋਰ ਖੁੱਲ੍ਹ ਦਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਆਪਣੀ ਮੁੱਠੀ ਵਿਚ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਮਾਪਿਆਂ ਲਈ ਆਪਣੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਕੰਟ੍ਰੋਲ ਵਿਚ ਰੱਖਣਾ ਆਪਣੀ ਮੁੱਠੀ ਵਿਚ ਰੇਤ ਫੜਨ ਦੇ ਬਰਾਬਰ ਹੈ। ਤੁਸੀਂ ਜਿੰਨਾ ਜ਼ਿਆਦਾ ਇਸ ਨੂੰ ਘੁੱਟ ਕੇ ਫੜਨ ਦੀ ਕੋਸ਼ਿਸ਼ ਕਰੋਗੇ ਉਹ ਉੱਨਾ ਹੀ ਤੁਹਾਡੇ ਹੱਥ ਵਿੱਚੋਂ ਨਿਕਲ ਜਾਵੇਗਾ।

      ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਕਿੰਨੀ ਕੁ ਸਮਝਦਾਰੀ ਵਰਤਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

      ◼ ਤੁਸੀਂ ਪਿੱਛਲੀ ਵਾਰ ਆਪਣੇ ਸਾਥੀ ਦੀ ਸਿਫ਼ਤ ਕਦੋਂ ਕੀਤੀ ਸੀ?

      ◼ ਤੁਸੀਂ ਪਿੱਛਲੀ ਵਾਰ ਆਪਣੇ ਸਾਥੀ ਵਿਚ ਨੁਕਸ ਕਦੋਂ ਕੱਢਿਆ ਸੀ?

      ਪੱਕਾ ਫ਼ੈਸਲਾ ਕਰੋ। ਜੇ ਤੁਹਾਡੇ ਲਈ ਪਹਿਲੇ ਸਵਾਲ ਦਾ ਜਵਾਬ ਦੇਣਾ ਔਖਾ ਸੀ, ਪਰ ਦੂਜੇ ਸਵਾਲ ਦਾ ਜਵਾਬ ਦੇਣਾ ਸੌਖਾ ਸੀ, ਤਾਂ ਸੋਚੋ ਕਿ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ।

      ਕਿਉਂ ਨਾ ਆਪਣੇ ਸਾਥੀ ਨਾਲ ਗੱਲ ਕਰੋ ਅਤੇ ਸੋਚੋ ਕਿ ਇਸ ਦੇ ਸੰਬੰਧ ਵਿਚ ਤੁਸੀਂ ਕੀ ਫ਼ੈਸਲਾ ਕਰ ਸਕਦੇ ਹੋ?

      ਜਿਉਂ-ਜਿਉਂ ਤੁਹਾਡੇ ਨੌਜਵਾਨ ਬੱਚੇ ਹੋਰ ਜ਼ਿੰਮੇਵਾਰੀਆਂ ਚੁੱਕਣੀਆਂ ਸਿੱਖਦੇ ਹਨ ਕਿਉਂ ਨਾ ਸੋਚੋ ਕਿ ਤੁਸੀਂ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਵਿਚ ਖੁੱਲ੍ਹ ਦੇ ਸਕਦੇ ਹੋ?

      ਕਿਉਂ ਨਾ ਆਪਣੇ ਬੱਚੇ ਨਾਲ ਵੱਖ-ਵੱਖ ਵਿਸ਼ਿਆਂ ʼਤੇ ਖੁੱਲ੍ਹ ਕੇ ਗੱਲ ਕਰੋ? ਮਿਸਾਲ ਲਈ, ਉਹ ਕਿੰਨੀ ਕੁ ਦੇਰ ਤਕ ਘਰੋਂ ਬਾਹਰ ਰਹਿ ਸਕਦਾ ਹੈ? (g09 10)

      [ਸਫ਼ਾ 7 ਉੱਤੇ ਤਸਵੀਰ]

      ਗੱਡੀ ਚਲਾਉਣ ਵਾਲੇ ਵਾਂਗ ਸਮਝਦਾਰ ਵਿਅਕਤੀ ਆਪਣਾ ਹੀ ਹੱਕ ਨਹੀਂ ਜਤਾਉਂਦਾ

  • ਛੇਵਾਂ ਰਾਜ਼: ਮਾਫ਼ ਕਰੋ
    ਜਾਗਰੂਕ ਬਣੋ!—2010 | ਜਨਵਰੀ
    • ਛੇਵਾਂ ਰਾਜ਼: ਮਾਫ਼ ਕਰੋ

      ‘ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ।’—ਕੁਲੁੱਸੀਆਂ 3:13.

      ਇਸ ਦਾ ਕੀ ਮਤਲਬ ਹੈ? ਸੁਖੀ ਜੋੜੇ ਬੀਤੀਆਂ ਗੱਲਾਂ ਤੋਂ ਸਿੱਖਦੇ ਤਾਂ ਜ਼ਰੂਰ ਹਨ, ਪਰ ਉਹ ਪੁਰਾਣੇ ਗਿਲੇ-ਸ਼ਿਕਵੇ ਰੱਖ ਕੇ ਅਜਿਹੇ ਤਾਅਨੇ ਨਹੀਂ ਮਾਰਦੇ ਜਿਵੇਂ ਕਿ “ਤੁਸੀਂ ਹਮੇਸ਼ਾ ਦੇਰ ਕਰ ਦਿੰਦੀ ਹੋ” ਜਾਂ “ਤੁਸੀਂ ਕਦੇ ਵੀ ਮੇਰੀ ਗੱਲ ਨਹੀਂ ਸੁਣਦੇ।” ਦੋਵੇਂ ਪਤੀ-ਪਤਨੀ ਨੂੰ ਪਤਾ ਹੈ ਕਿ “ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ . . . ਸ਼ਾਨ ਹੈ।”—ਕਹਾਉਤਾਂ 19:11.

      ਇਹ ਜ਼ਰੂਰੀ ਕਿਉਂ ਹੈ? ਪਰਮੇਸ਼ੁਰ “ਮਾਫ਼ ਕਰਨ ਵਾਲਾ” ਹੈ, ਪਰ ਇਨਸਾਨ ਹਮੇਸ਼ਾ ਮਾਫ਼ ਨਹੀਂ ਕਰਦੇ। (ਜ਼ਬੂਰਾਂ ਦੀ ਪੋਥੀ 86:5, CL) ਜਦ ਪੁਰਾਣੇ ਝਗੜੇ ਸੁਲਝਾਏ ਨਹੀਂ ਜਾਂਦੇ, ਤਾਂ ਗਿਲੇ-ਸ਼ਿਕਵੇ ਵਧਦੇ ਹਨ ਅਤੇ ਮਾਫ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਤੀ-ਪਤਨੀ ਸ਼ਾਇਦ ਆਪਣੇ ਦਿਲ ਦੀ ਗੱਲ ਨਾ ਦੱਸਣ ਅਤੇ ਇਕ-ਦੂਜੇ ਦੀਆਂ ਜਜ਼ਬਾਤਾਂ ਦੀ ਪਰਵਾਹ ਨਾ ਕਰਨ। ਇਸ ਕਰਕੇ ਦੋਵੇਂ ਇਕ ਅਜਿਹੇ ਵਿਆਹ ਵਿਚ ਬੱਝੇ ਹੁੰਦੇ ਹਨ ਜਿੱਥੇ ਪਿਆਰ ਦੀ ਇਕ ਵੀ ਬੂੰਦ ਨਹੀਂ ਹੁੰਦੀ।

      ਇਸ ਤਰ੍ਹਾਂ ਕਰ ਕੇ ਦੇਖੋ। ਉਹ ਪੁਰਾਣੀਆਂ ਫੋਟੋਆਂ ਦੇਖੋ ਜੋ ਤੁਹਾਡੇ ਵਿਆਹ ਤੋਂ ਥੋੜ੍ਹੇ ਚਿਰ ਪਹਿਲਾਂ ਜਾਂ ਥੋੜ੍ਹੇ ਚਿਰ ਬਾਅਦ ਖਿੱਚੀਆਂ ਗਈਆਂ ਸਨ। ਉਸ ਪਿਆਰ ਨੂੰ ਫਿਰ ਤੋਂ ਜਗਾਉਣ ਦੀ ਕੋਸ਼ਿਸ਼ ਕਰੋ ਜੋ ਮੁਸ਼ਕਲਾਂ ਆਉਣ ਤੋਂ ਪਹਿਲਾਂ ਤੁਹਾਡੇ ਦੋਹਾਂ ਵਿਚ ਹੁੰਦਾ ਸੀ। ਫਿਰ ਆਪਣੇ ਸਾਥੀ ਦੇ ਉਹ ਗੁਣ ਯਾਦ ਕਰੋ ਜਿਨ੍ਹਾਂ ਕਰਕੇ ਉਹ ਪਹਿਲਾਂ ਤੁਹਾਨੂੰ ਪਸੰਦ ਆਇਆ ਸੀ।

      ◼ ਹੁਣ ਤੁਹਾਨੂੰ ਆਪਣੇ ਸਾਥੀ ਦੇ ਕਿਹੜੇ ਗੁਣ ਪਸੰਦ ਹਨ?

      ◼ ਜੇ ਤੁਸੀਂ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋਵੋ, ਤਾਂ ਤੁਹਾਡੇ ਬੱਚਿਆਂ ʼਤੇ ਕਿਹੜਾ ਚੰਗਾ ਅਸਰ ਪੈ ਸਕਦਾ ਹੈ?

      ਪੱਕਾ ਫ਼ੈਸਲਾ ਕਰੋ। ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਸਾਥੀ ਨੂੰ ਮਾਫ਼ ਕਰਦੇ ਹੋ? ਇਕ-ਦੋ ਗੱਲਾਂ ਸੋਚੋ। ਜਦ ਤੁਹਾਡੀ ਅਣਬਣ ਹੁੰਦੀ ਹੈ, ਤਾਂ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ।

      ਕਿਉਂ ਨਾ ਆਪਣੇ ਸਾਥੀ ਦੇ ਉਨ੍ਹਾਂ ਗੁਣਾਂ ਦੀ ਸਿਫ਼ਤ ਕਰੋ ਜੋ ਤੁਹਾਨੂੰ ਪਸੰਦ ਹਨ?—ਕਹਾਉਤਾਂ 31:28, 29.

      ਇਸ ਬਾਰੇ ਸੋਚੋ ਕਿ ਤੁਸੀਂ ਕਿਨ੍ਹਾਂ ਮੌਕਿਆਂ ʼਤੇ ਆਪਣੇ ਬੱਚਿਆਂ ਨੂੰ ਮਾਫ਼ ਕਰ ਸਕਦੇ ਹੋ।

      ਕਿਉਂ ਨਾ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕਰੋ ਕਿ ਇਕ-ਦੂਜੇ ਨੂੰ ਮਾਫ਼ ਕਰਨ ਦੇ ਕੀ ਫ਼ਾਇਦੇ ਹਨ? (g09 10)

      [ਸਫ਼ਾ 8 ਉੱਤੇ ਤਸਵੀਰ]

      ਮਾਫ਼ ਕਰਨ ਨਾਲ ਕਰਜ਼ਾ ਲਹਿ ਜਾਂਦਾ ਹੈ। ਅਸੀਂ ਇਸ ਨੂੰ ਵਾਪਸ ਲੈਣ ਦੀ ਕੋਸ਼ਿਸ਼ ਨਹੀਂ ਕਰਦੇ

  • ਸੱਤਵਾਂ ਰਾਜ਼: ਪੱਕੀ ਨੀਂਹ ਧਰੋ
    ਜਾਗਰੂਕ ਬਣੋ!—2010 | ਜਨਵਰੀ
    • ਸੱਤਵਾਂ ਰਾਜ਼: ਪੱਕੀ ਨੀਂਹ ਧਰੋ

      ਇਸ ਦਾ ਕੀ ਮਤਲਬ ਹੈ? ਸੁਖੀ ਪਰਿਵਾਰ ਆਪਣੇ ਆਪ ਹੀ ਮਜ਼ਬੂਤ ਨਹੀਂ ਰਹਿੰਦੇ। ਜਿਸ ਤਰ੍ਹਾਂ ਇਕ ਘਰ ਪੱਕੀ ਨੀਂਹ ਤੋਂ ਬਿਨਾਂ ਕਈ ਦਹਾਕਿਆਂ ਲਈ ਆਪਣੇ ਆਪ ਹੀ ਖੜ੍ਹਾ ਨਹੀਂ ਰਹਿੰਦਾ ਉਸੇ ਤਰ੍ਹਾਂ ਇਕ ਪਰਿਵਾਰ ਦੀ ਵੀ ਪੱਕੀ ਨੀਂਹ ਹੋਣੀ ਜ਼ਰੂਰੀ ਹੈ। ਸੁਖੀ ਪਰਿਵਾਰ ਅਜਿਹੀ ਸਲਾਹ ʼਤੇ ਟਿਕੇ ਹਨ ਜੋ ਉਨ੍ਹਾਂ ਨੂੰ ਮਜ਼ਬੂਤ ਬਣਾਉਂਦੀ ਹੈ।

      ਇਹ ਜ਼ਰੂਰੀ ਕਿਉਂ ਹੈ? ਕਿਤਾਬਾਂ, ਰਸਾਲਿਆਂ ਤੇ ਟੀ.ਵੀ. ਪ੍ਰੋਗ੍ਰਾਮਾਂ ਵਿਚ ਪਰਿਵਾਰਾਂ ਨੂੰ ਬਹੁਤ ਸਾਰੀ ਸਲਾਹ ਦਿੱਤੀ ਜਾਂਦੀ ਹੈ। ਜਦ ਮੁਸ਼ਕਲਾਂ ਪੈਦਾ ਹੁੰਦੀਆਂ ਹਨ, ਤਾਂ ਕਈ ਸਲਾਹਕਾਰ ਜੋੜਿਆਂ ਨੂੰ ਇਕੱਠੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਨ, ਪਰ ਦੂਜੇ ਉਨ੍ਹਾਂ ਨੂੰ ਅਲੱਗ ਹੋਣ ਲਈ ਕਹਿੰਦੇ ਹਨ। ਮਾਹਰ ਵੀ ਇਸ ਬਾਰੇ ਆਪਣੀ ਸਲਾਹ ਬਦਲਦੇ ਰਹਿੰਦੇ ਹਨ। ਉਸ ਡਾਕਟਰ ਦੀ ਮਿਸਾਲ ਲੈ ਲਓ ਜੋ ਨੌਜਵਾਨਾਂ ਦੀਆਂ ਮੁਸ਼ਕਲਾਂ ਬਾਰੇ ਸਲਾਹ ਦੇਣ ਲਈ ਮੰਨੀ-ਪ੍ਰਮੰਨੀ ਹੈ। ਉਸ ਨੇ 1994 ਵਿਚ ਆਪਣੇ ਕੈਰੀਅਰ ਦੇ ਸ਼ੁਰੂ ਬਾਰੇ ਗੱਲ ਕਰਦੀ ਹੋਈ ਲਿਖਿਆ: “ਮੈਂ ਸੋਚਦੀ ਹੁੰਦੀ ਸੀ ਕਿ ਬੱਚਿਆਂ ਲਈ ਬਿਹਤਰ ਸੀ ਕਿ ਉਨ੍ਹਾਂ ਦੇ ਮਾਪੇ ਜੁਦਾ ਹੋ ਕੇ ਖ਼ੁਸ਼ ਰਹਿਣ ਨਾ ਕਿ ਇਕੱਠੇ ਰਹਿ ਕੇ ਦੁਖੀ ਹੋਣ। ਮੈਨੂੰ ਲੱਗਦਾ ਸੀ ਕਿ ਮੁਸੀਬਤ ਭਰੇ ਘਰ ਵਿਚ ਰਹਿਣ ਨਾਲੋਂ ਬੱਚਿਆਂ ਲਈ ਇਹ ਬਿਹਤਰ ਸੀ ਕਿ ਉਨ੍ਹਾਂ ਦੇ ਮਾਪੇ ਤਲਾਕ ਲੈ ਲੈਣ।” ਪਰ ਦੋ ਦਹਾਕਿਆਂ ਦੇ ਤਜਰਬੇ ਤੋਂ ਬਾਅਦ ਉਸ ਨੇ ਆਪਣੇ ਖ਼ਿਆਲ ਬਦਲ ਲਏ ਹਨ। ਉਹ ਦੱਸਦੀ ਹੈ ਕਿ “ਤਲਾਕ ਬੱਚਿਆਂ ਨੂੰ ਚਕਨਾਚੂਰ ਕਰ ਦਿੰਦਾ ਹੈ।”

      ਭਾਵੇਂ ਲੋਕਾਂ ਦੀ ਸਲਾਹ ਬਦਲਦੀ ਰਹਿੰਦੀ ਹੈ, ਪਰ ਸਭ ਤੋਂ ਵਧੀਆ ਸਲਾਹ ਹਮੇਸ਼ਾ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਪਾਏ ਜਾਂਦੇ ਅਸੂਲਾਂ ʼਤੇ ਆਧਾਰਿਤ ਹੁੰਦੀ ਹੈ। ਇਸ ਲੇਖਾਂ ਦੀ ਲੜੀ ਨੂੰ ਪੜ੍ਹਦੇ ਵੇਲੇ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਸਫ਼ੇ 3-8 ਉੱਤੇ ਵਿਸ਼ੇ ਦੇ ਨਾਲ-ਨਾਲ ਬਾਈਬਲ ਦਾ ਇਕ ਅਸੂਲ ਵੀ ਦਿੱਤਾ ਗਿਆ ਹੈ। ਅਜਿਹੇ ਅਸੂਲਾਂ ਨੂੰ ਲਾਗੂ ਕਰ ਕੇ ਕਈ ਪਰਿਵਾਰ ਸੁਖੀ ਬਣੇ ਹਨ। ਹੋਰਨਾਂ ਪਰਿਵਾਰਾਂ ਵਾਂਗ ਸੁਖੀ ਪਰਿਵਾਰਾਂ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ। ਫ਼ਰਕ ਇੰਨਾ ਹੈ ਕਿ ਉਨ੍ਹਾਂ ਦੇ ਵਿਆਹ ਤੇ ਪਰਿਵਾਰ ਬਾਈਬਲ ਦੀ ਸਲਾਹ ʼਤੇ ਟਿਕੇ ਹੋਏ ਹਨ ਜਿਸ ਕਰਕੇ ਉਹ ਮਜ਼ਬੂਤ ਹਨ। ਅਸੀਂ ਬਾਈਬਲ ਦੀ ਸਲਾਹ ਤੋਂ ਇਹੀ ਉਮੀਦ ਰੱਖਦੇ ਹਾਂ ਕਿਉਂਕਿ ਇਹ ਯਹੋਵਾਹ ਪਰਮੇਸ਼ੁਰ ਤੋਂ ਹੈ ਜੋ ਪਰਿਵਾਰ ਦੀ ਸ਼ੁਰੂਆਤ ਕਰਨ ਵਾਲਾ ਹੈ।—2 ਤਿਮੋਥਿਉਸ 3:16, 17.

      ਇਸ ਤਰ੍ਹਾਂ ਕਰ ਕੇ ਦੇਖੋ। ਬਾਈਬਲ ਦੇ ਉਨ੍ਹਾਂ ਹਵਾਲਿਆਂ ਦੀ ਲਿਸਟ ਬਣਾਓ ਜੋ ਸਫ਼ੇ 3-8 ਉੱਤੇ ਦਿੱਤੇ ਗਏ ਹਨ। ਬਾਈਬਲ ਦੇ ਹੋਰ ਹਵਾਲੇ ਵੀ ਲਿਖੋ ਜਿਨ੍ਹਾਂ ਰਾਹੀਂ ਤੁਹਾਡੀ ਮਦਦ ਹੋਈ ਹੈ। ਇਸ ਲਿਸਟ ਨੂੰ ਆਪਣੇ ਕੋਲ ਰੱਖੋ ਤੇ ਲੋੜ ਪੈਣ ਤੇ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ।

      ਪੱਕਾ ਫ਼ੈਸਲਾ ਕਰੋ। ਠਾਣ ਲਓ ਕਿ ਤੁਸੀਂ ਆਪਣੇ ਪਰਿਵਾਰ ਵਿਚ ਬਾਈਬਲ ਦੇ ਅਸੂਲ ਲਾਗੂ ਕਰੋਗੇ। (g09 10)

      [ਸਫ਼ਾ 8, 9 ਉੱਤੇ ਤਸਵੀਰ]

      ਜੇ ਤੁਹਾਡਾ ਪਰਿਵਾਰ ਬਾਈਬਲ ਦੀ ਸਲਾਹ ʼਤੇ ਟਿਕਿਆ ਰਹੇਗਾ, ਤਾਂ ਤੁਸੀਂ ਮੁਸੀਬਤ ਦਾ ਹਰ ਤੂਫ਼ਾਨ ਝੱਲ ਸਕੋਗੇ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ