ਦਰਦ ਮਾਈਗ੍ਰੇਨ ਦਾ—ਤੁਸੀਂ ਕਿਵੇਂ ਛੁਟਕਾਰਾ ਪਾ ਸਕਦੇ ਹੋ?
ਦਫ਼ਤਰ ਵਿਚ ਕੰਮ ਕਰਨ ਵਾਲੀ ਜੌਇਸ ਆਪਣੇ ਹੱਥ ਵਿਚ ਫੜੇ ਕਾਗਜ਼-ਪੱਤਰਾਂ ਵੱਲ ਤਕ ਰਹੀ ਹੈ। ਅਚਾਨਕ ਸਫ਼ੇ ਦੇ ਕੁਝ ਹਿੱਸੇ ਉਸ ਨੂੰ ਕੋਰੇ ਕਾਗਜ਼ ਵਾਂਗ ਨਜ਼ਰ ਆਉਣ ਲੱਗ ਪੈਂਦੇ ਹਨ। ਫਿਰ ਉਸ ਦੀਆਂ ਅੱਖਾਂ ਸਾਮ੍ਹਣੇ ਲਿਸ਼ਕਾਰਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਟੇਢੀਆਂ-ਮੇਢੀਆਂ ਲਾਈਨਾਂ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਡੀਜ਼ਾਈਨਾਂ ਵਿਚ ਬਦਲ ਜਾਂਦੀਆਂ ਹਨ। ਮਿੰਟਾਂ-ਸਕਿੰਟਾਂ ਵਿਚ ਹੀ ਜੌਇਸ ਦੀਆਂ ਅੱਖਾਂ ਮੋਹਰੇ ਹਨੇਰਾ ਜਿਹਾ ਛਾ ਜਾਂਦਾ ਹੈ। ਉਹ ਜਲਦੀ ਨਾਲ ਮਾਈਗ੍ਰੇਨ ਦੀ ਇਕ ਛੋਟੀ ਜਿਹੀ ਗੋਲੀ ਖਾ ਲੈਂਦੀ ਹੈ।
ਜੌਇਸ ਮਾਈਗ੍ਰੇਨ ਦੀ ਸ਼ਿਕਾਰ ਹੈ ਜੋ ਆਮ ਸਿਰ ਦਰਦ ਨਾਲੋਂ ਵੱਖਰਾ ਹੁੰਦਾ ਹੈ। ਮਿਸਾਲ ਲਈ, ਕਦੇ-ਕਦਾਈਂ ਹੋਣ ਵਾਲੇ ਆਮ ਸਿਰ ਦਰਦ ਨਾਲੋਂ ਮਾਈਗ੍ਰੇਨ ਵਾਰ-ਵਾਰ ਹੁੰਦਾ ਹੈ। ਇਸ ਤੋਂ ਇਲਾਵਾ, ਜ਼ਬਰਦਸਤ ਪੀੜ ਹੋਣ ਕਰਕੇ ਮਰੀਜ਼ ਆਮ ਕੰਮ-ਧੰਦੇ ਵੀ ਨਹੀਂ ਕਰ ਪਾਉਂਦਾ।
ਮਾਈਗ੍ਰੇਨ ਦੇ ਲੱਛਣ ਕੀ ਹਨ? ਰੋਗੀ ਦੇ ਸਿਰ ਵਿਚ ਹਥੌੜਾ ਜਿਹਾ ਵੱਜਦਾ ਹੈ, ਪਰ ਦਰਦ ਸ਼ਾਇਦ ਸਿਰਫ਼ ਸਿਰ ਦੇ ਅੱਧੇ ਪਾਸੇ ਹੀ ਹੋਵੇ। ਰੋਗੀ ਦਾ ਦਿਲ ਕੱਚਾ-ਕੱਚਾ ਹੁੰਦਾ ਹੈ ਤੇ ਉਸ ਕੋਲੋਂ ਰੋਸ਼ਨੀ ਨਹੀਂ ਸਹਾਰ ਹੁੰਦੀ। ਇਸ ਤਰ੍ਹਾਂ ਦਾ ਹਮਲਾ ਮਰੀਜ਼ ਨੂੰ ਕੁਝ ਘੰਟਿਆਂ ਜਾਂ ਕੁਝ ਦਿਨਾਂ ਤਕ ਆਪਣੇ ਕਬਜ਼ੇ ਵਿਚ ਰੱਖ ਸਕਦਾ ਹੈ।
ਕਈਆਂ ਲੋਕਾਂ ਨੂੰ ਕਿਸੇ-ਨਾ-ਕਿਸੇ ਸਮੇਂ ਤੇ ਟੈਨਸ਼ਨ ਕਰਕੇ ਸਿਰ ਦਰਦ ਹੁੰਦਾ ਹੈ, ਪਰ 10 ਵਿੱਚੋਂ ਸਿਰਫ਼ 1 ਜਣਾ ਮਾਈਗ੍ਰੇਨ ਦਾ ਸ਼ਿਕਾਰ ਹੁੰਦਾ ਹੈ। ਆਦਮੀਆਂ ਨਾਲੋਂ ਔਰਤਾਂ ਨੂੰ ਇਹ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ। ਕਈਆਂ ਲੋਕਾਂ ʼਤੇ ਦੂਜਿਆਂ ਨਾਲੋਂ ਇਸ ਦਾ ਜ਼ਿਆਦਾ ਅਸਰ ਪੈਂਦਾ ਹੈ। ਮਾਈਗ੍ਰੇਨ ਕਰਕੇ ਹਰ ਸਾਲ ਕਾਫ਼ੀ ਲੋਕ ਕੁਝ ਦਿਨਾਂ ਤਕ ਆਪਣੀ ਨੌਕਰੀ ਨਹੀਂ ਕਰ ਪਾਉਂਦੇ। ਨਤੀਜੇ ਵਜੋਂ ਆਮਦਨ ਵੀ ਘੱਟ ਸਕਦੀ ਹੈ ਅਤੇ ਇਸ ਦਾ ਪਰਿਵਾਰ ਤੇ ਸਮਾਜ ʼਤੇ ਵੀ ਮਾੜਾ ਅਸਰ ਪੈ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਵਿਚ 20 ਮੁੱਖ ਬੀਮਾਰੀਆਂ ਹਨ ਜੋ ਲੋਕਾਂ ʼਤੇ ਇੰਨਾ ਮਾੜਾ ਅਸਰ ਪਾਉਂਦੀਆਂ ਹਨ ਕਿ ਉਹ ਕੁਝ ਕਰਨ ਦੇ ਕਾਬਲ ਨਹੀਂ ਰਹਿੰਦੇ। ਇਨ੍ਹਾਂ ਵਿੱਚੋਂ ਮਾਈਗ੍ਰੇਨ ਇਕ ਹੈ।
ਮਾਈਗ੍ਰੇਨ ਦਾ ਦੌਰਾ ਪੈਣ ਤੋਂ ਕੁਝ ਸਮਾਂ ਪਹਿਲਾਂ ਕਈ ਮਰੀਜ਼ਾਂ ਦੇ ਹੱਥ ਠੰਢੇ ਪੈ ਜਾਂਦੇ ਹਨ, ਉਹ ਬਹੁਤ ਥੱਕ ਜਾਂਦੇ ਹਨ, ਉਨ੍ਹਾਂ ਨੂੰ ਭੁੱਖ ਲੱਗਦੀ ਹੈ ਅਤੇ ਉਨ੍ਹਾਂ ਦਾ ਮੂਡ ਵੀ ਬਦਲ ਜਾਂਦਾ ਹੈ। ਸਿਰ ਦਰਦ ਸ਼ੁਰੂ ਹੋਣ ਤੋਂ ਕੁਝ ਪਲ ਪਹਿਲਾਂ ਸ਼ਾਇਦ ਚੱਕਰ ਆਉਂਦੇ ਹਨ, ਕੰਨ ਗੂੰਜਦੇ ਹਨ, ਹੱਥ-ਪੈਰ ਸੌਂ ਜਾਂਦੇ ਹਨ, ਦੋ-ਦੋ ਚੀਜ਼ਾਂ ਦਿਖਾਈ ਦਿੰਦੀਆਂ ਹਨ, ਜ਼ਬਾਨ ਥਥਲਾਉਂਦੀ ਹੈ ਜਾਂ ਮਾਸ-ਪੇਸ਼ੀਆਂ ਢਿੱਲੀਆਂ ਪੈ ਜਾਂਦੀਆਂ ਹਨ।
ਡਾਕਟਰਾਂ ਨੂੰ ਮਾਈਗ੍ਰੇਨ ਦੇ ਕਾਰਨ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੇ। ਪਰ ਉਹ ਮੰਨਦੇ ਹਨ ਕਿ ਇਹ ਸਿਰ ਦੀਆਂ ਨਸਾਂ ਵਿਚ ਨੁਕਸ ਹੋਣ ਕਰਕੇ ਹੁੰਦਾ ਹੈ ਅਤੇ ਇਸ ਦਾ ਸਿਰ ਵਿਚ ਖ਼ੂਨ ਦੀਆਂ ਨਾੜੀਆਂ ਉੱਤੇ ਅਸਰ ਪੈਂਦਾ ਹੈ। ਸਿਰ ਫਟਣ ਦਾ ਕਾਰਨ ਹੋ ਸਕਦਾ ਹੈ ਕਿ ਸੁੰਘੜੀਆਂ ਹੋਈਆਂ ਨਾੜੀਆਂ ਵਿੱਚੋਂ ਖ਼ੂਨ ਮੁਸ਼ਕਲ ਨਾਲ ਲੰਘਦਾ ਹੈ। ਐਮਰਜੈਂਸੀ ਮੈਡੀਸਨ ਨਾਂ ਦਾ ਰਸਾਲਾ ਕਹਿੰਦਾ ਹੈ: “ਮਾਈਗ੍ਰੇਨ ਦੇ ਮਰੀਜ਼ਾਂ ਦਾ ਨਰਵਸ ਸਿਸਟਮ ਜਨਮ ਤੋਂ ਹੀ ਬੜਾ ਨਾਜ਼ੁਕ ਹੁੰਦਾ ਹੈ। ਉਨ੍ਹਾਂ ਦਾ ਸਰੀਰ ਇਨ੍ਹਾਂ ਗੱਲਾਂ ਨੂੰ ਸੌਖਿਆਂ ਹੀ ਨਹੀਂ ਸਹਾਰ ਸਕਦਾ ਜਿਵੇਂ ਕਿ ਉਣੀਂਦਰਾ, ਮੁਸ਼ਕ, ਲੰਬਾ ਸਫ਼ਰ, ਸਮੇਂ ਸਿਰ ਨਾ ਖਾਣਾ-ਪੀਣਾ, ਤਣਾਅ ਅਤੇ ਹਾਰਮੋਨਜ਼ ਦਾ ਘੱਟ-ਵਧ ਹੋਣਾ।” ਮਾਈਗ੍ਰੇਨ ਦੇ ਰੋਗੀਆਂ ਨੂੰ ਅੰਤੜੀਆਂ ਦਾ ਰੋਗ, ਘਬਰਾਹਟ ਅਤੇ ਡਿਪਰੈਸ਼ਨ ਵੀ ਹੋ ਸਕਦਾ ਹੈ।”
ਤੁਸੀਂ ਮਾਈਗ੍ਰੇਨ ਤੋਂ ਕਿੱਦਾਂ ਛੁਟਕਾਰਾ ਪਾ ਸਕਦੇ ਹੋ?
ਭਾਵੇਂ ਤੁਸੀਂ ਆਪਣੇ ਨਰਵਸ ਸਿਸਟਮ ਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਮਾਈਗ੍ਰੇਨ ਦੇ ਹਮਲਿਆਂ ਤੋਂ ਬਚਣ ਲਈ ਜ਼ਰੂਰ ਕੁਝ ਕਰ ਸਕਦੇ ਹੋ। ਕਈ ਮਰੀਜ਼ ਡਾਇਰੀ ਬਣਾ ਕੇ ਅੰਦਾਜ਼ਾ ਲਗਾ ਸਕੇ ਹਨ ਕਿ ਕਿਹੜੇ ਭੋਜਨਾਂ ਜਾਂ ਕਿਨ੍ਹਾਂ ਹਾਲਾਤਾਂ ਕਰਕੇ ਮਾਈਗ੍ਰੇਨ ਸ਼ੁਰੂ ਹੁੰਦਾ ਹੈ।
ਹਰ ਕਿਸੇ ਲਈ ਮਾਈਗ੍ਰੇਨ ਸ਼ੁਰੂ ਹੋਣ ਦਾ ਕਾਰਨ ਵੱਖਰਾ ਹੁੰਦਾ ਹੈ। ਲੋਰੇਨ ਨੂੰ ਪਤਾ ਚੱਲਿਆ ਕਿ ਉਸ ਦਾ ਮਾਈਗ੍ਰੇਨ ਉਸ ਦੇ ਪੀਰੀਅਡ ਦੇ ਦਿਨਾਂ ਵਿਚ ਸ਼ੁਰੂ ਹੁੰਦਾ ਹੈ। ਉਸ ਨੇ ਕਿਹਾ ਕਿ “ਪੀਰੀਅਡ ਦੇ ਦਿਨਾਂ ਵਿਚ ਜ਼ਿਆਦਾ ਮਿਹਨਤ ਵਾਲਾ ਕੰਮ ਕਰਨ ਨਾਲ, ਜ਼ਿਆਦਾ ਸਰਦੀ ਜਾਂ ਗਰਮੀ ਹੋਣ ਕਰਕੇ, ਜ਼ਿਆਦਾ ਰੌਲ਼ਾ-ਰੱਪਾ ਹੋਣ ਕਰਕੇ ਜਾਂ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਕਰਕੇ ਮੈਨੂੰ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਮੈਂ ਇਨ੍ਹਾਂ ਦਿਨਾਂ ਵਿਚ ਹਰ ਕੰਮ ਸਹਿਜ-ਸੰਭਲ ਕੇ ਕਰਦੀ ਹਾਂ।” 60 ਸਾਲਾਂ ਤੋਂ ਮਾਈਗ੍ਰੇਨ ਦੀ ਸ਼ਿਕਾਰ ਜੌਇਸ ਨੇ ਕਿਹਾ: “ਮੈਂ ਦੇਖਿਆ ਕਿ ਸੰਤਰਿਆਂ, ਅਨਾਨਾਸ ਅਤੇ ਲਾਲ ਵਾਈਨ ਵਰਗੀਆਂ ਚੀਜ਼ਾਂ ਤੋਂ ਮੈਨੂੰ ਫ਼ੌਰਨ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮੈਂ ਇਨ੍ਹਾਂ ਤੋਂ ਪਰਹੇਜ਼ ਕਰਦੀ ਹਾਂ।”
ਜਿਨ੍ਹਾਂ ਚੀਜ਼ਾਂ ਕਰਕੇ ਮਾਈਗ੍ਰੇਨ ਹੁੰਦਾ ਹੈ ਉਨ੍ਹਾਂ ਨੂੰ ਪਛਾਣਨਾ ਹਮੇਸ਼ਾ ਸੌਖਾ ਨਹੀਂ ਹੁੰਦਾ ਕਿਉਂਕਿ ਆਮ ਤੌਰ ਤੇ ਮਾਈਗ੍ਰੇਨ ਸ਼ੁਰੂ ਹੋਣ ਦਾ ਇਕ ਕਾਰਨ ਨਹੀਂ, ਸਗੋਂ ਕਈ ਕਾਰਨ ਹੋ ਸਕਦੇ ਹਨ। ਮਿਸਾਲ ਲਈ, ਇਕ ਵਾਰ ਚਾਕਲੇਟ ਖਾਣ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ, ਪਰ ਦੂਸਰੀ ਵਾਰ ਤੁਹਾਨੂੰ ਮਾਈਗ੍ਰੇਨ ਹੋ ਜਾਂਦਾ ਹੈ ਕਿਉਂਕਿ ਚਾਕਲੇਟ ਖਾਣ ਦੇ ਨਾਲ-ਨਾਲ ਮਾਈਗ੍ਰੇਨ ਸ਼ੁਰੂ ਹੋਣ ਦਾ ਹੋਰ ਵੀ ਕਾਰਨ ਹੋ ਸਕਦਾ ਹੈ।
ਜੇ ਤੁਸੀਂ ਉਨ੍ਹਾਂ ਚੀਜ਼ਾਂ ਦੀ ਪਛਾਣ ਨਹੀਂ ਵੀ ਕਰ ਪਾਉਂਦੇ ਜਿਨ੍ਹਾਂ ਕਰਕੇ ਤੁਹਾਨੂੰ ਮਾਈਗ੍ਰੇਨ ਹੁੰਦਾ ਹੈ, ਤਾਂ ਹੋਰ ਵੀ ਤਰੀਕੇ ਹਨ ਜੋ ਮਾਈਗ੍ਰੇਨ ਹੋਣ ਦੇ ਕਾਰਨਾਂ ਨੂੰ ਘਟਾ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਸੱਤੇ ਦਿਨ ਤੁਹਾਨੂੰ ਇੱਕੋ ਸਮੇਂ ਤੇ ਸੌਣਾ ਅਤੇ ਉੱਠਣਾ ਚਾਹੀਦਾ ਹੈ। ਜੇ ਤੁਸੀਂ ਸ਼ਨੀਵਾਰ-ਐਤਵਾਰ ਨੂੰ ਦੇਰ ਨਾਲ ਸੌਣਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਉਸੇ ਸਮੇਂ ਤੇ ਉੱਠ ਜਾਣਾ ਚਾਹੀਦਾ ਹੈ। ਥੋੜ੍ਹੇ ਮਿੰਟਾਂ ਲਈ ਕੋਈ ਕੰਮ-ਕਾਰ ਕਰਨ ਤੋਂ ਬਾਅਦ ਤੁਸੀਂ ਫਿਰ ਤੋਂ ਬਿਸਤਰ ਵਿਚ ਲੇਟ ਸਕਦੇ ਹੋ। ਵਧ-ਘੱਟ ਕੈਫੀਨ ਕਰਕੇ ਵੀ ਮਾਈਗ੍ਰੇਨ ਸ਼ੁਰੂ ਹੋ ਸਕਦਾ ਹੈ, ਇਸ ਲਈ ਰੋਜ਼ ਜ਼ਿਆਦਾ ਤੋਂ ਜ਼ਿਆਦਾ ਦੋ ਕੱਪ ਕਾਫ਼ੀ ਜਾਂ ਦੋ ਕੋਲਾ ਡ੍ਰਿੰਕ ਹੀ ਪੀਓ। ਭੁੱਖੇ ਰਹਿਣ ਨਾਲ ਵੀ ਮਾਈਗ੍ਰੇਨ ਸ਼ੁਰੂ ਹੋ ਸਕਦਾ ਹੈ ਇਸ ਕਰਕੇ ਰੋਟੀ ਸਮੇਂ ਸਿਰ ਖਾਓ। ਅਕਸਰ ਮਾਈਗ੍ਰੇਨ ਦਾ ਕਾਰਨ ਤਣਾਅ ਹੁੰਦਾ ਹੈ ਜਿਸ ਤੋਂ ਬਚਿਆ ਨਹੀਂ ਜਾ ਸਕਦਾ। ਪਰ ਤੁਸੀਂ ਆਪਣੇ ਕੰਮਾਂ ਵਿਚ ਫੇਰ-ਬਦਲ ਕਰ ਕੇ, ਬਾਈਬਲ ਪੜ੍ਹ ਕੇ ਜਾਂ ਸੁਰੀਲਾ ਸੰਗੀਤ ਸੁਣ ਕੇ ਆਰਾਮ ਕਰ ਸਕਦੇ ਹੋ।
ਮਾਈਗ੍ਰੇਨ ਦੇ ਤਰ੍ਹਾਂ-ਤਰ੍ਹਾਂ ਦੇ ਇਲਾਜ
ਮਾਈਗ੍ਰੇਨ ਦੇ ਤਰ੍ਹਾਂ-ਤਰ੍ਹਾਂ ਦੇ ਇਲਾਜ ਹਨ।a ਮਿਸਾਲ ਲਈ, ਸੌਣਾ ਸਭ ਤੋਂ ਵਧੀਆ ਇਲਾਜ ਮੰਨਿਆ ਜਾਂਦਾ ਹੈ। ਦਰਦ ਦੀਆਂ ਗੋਲੀਆਂ ਨੀਂਦ ਪੂਰੀ ਕਰਨ ਵਿਚ ਸ਼ਾਇਦ ਤੁਹਾਡੀ ਮਦਦ ਕਰ ਸਕਦੀਆਂ ਹਨ।
ਮਾਈਗ੍ਰੇਨ ਦੇ ਖ਼ਾਸ ਇਲਾਜ ਲਈ 1993 ਵਿਚ ਤਿਆਰ ਕੀਤੀਆਂ ਨਵੀਆਂ ਦਵਾਈਆਂ ਦੇ ਇਕ ਗਰੁੱਪ ਵਿਚ ਟ੍ਰਿਪਟਨ ਨਾਂ ਦੀ ਦਵਾਈ ਉਪਲਬਧ ਹੋਈ। ਦ ਮੈਡੀਕਲ ਜਰਨਲ ਆਫ਼ ਆਸਟ੍ਰੇਲੀਆ ਨੇ ਟ੍ਰਿਪਟਨ ਦਵਾਈਆਂ ਬਾਰੇ ਕਿਹਾ ਕਿ ‘ਇਲਾਜ ਦੇ ਸੰਬੰਧ ਵਿਚ ਇਸ ਨੂੰ ਵੱਡੀ ਤਰੱਕੀ’ ਮੰਨਿਆ ਜਾਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ‘ਇਨਫ਼ੈਕਸ਼ਨ ਰੋਕਣ ਲਈ ਜਿੰਨੀ ਫ਼ਾਇਦੇਮੰਦ ਪੈਨਸਲੀਨ ਦਵਾਈ ਹੈ ਉੱਨੀ ਹੀ ਮਾਈਗ੍ਰੇਨ ਅਤੇ ਕਲੱਸਟਰ ਸਿਰ-ਦਰਦ ਰੋਕਣ ਲਈ ਟ੍ਰਿਪਟਨ ਦਵਾਈ ਹੈ।’
ਮਾਈਗ੍ਰੇਨ ਕੋਈ ਜਾਨ-ਲੇਵਾ ਬੀਮਾਰੀ ਨਹੀਂ ਹੈ। ਇਹ ਸੱਚ ਹੈ ਕਿ ਮਾਈਗ੍ਰੇਨ ਦਾ ਇਲਾਜ ਲੋਕਾਂ ਦੀਆਂ ਜਾਨਾਂ ਨਹੀਂ ਬਚਾਉਂਦਾ। ਪਰ ਟ੍ਰਿਪਟਨ ਦਵਾਈਆਂ ਕਰਕੇ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਰਾਹਤ ਮਿਲੀ ਹੈ। ਫਿਰ ਵੀ ਮਰੀਜ਼ਾਂ ਨੂੰ ਇਸ ਲੇਖ ਵਿਚ ਦਿੱਤੇ ਗਏ ਸੁਝਾਅ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ। ਕਈਆਂ ਨੇ ਤਾਂ ਟ੍ਰਿਪਟਨ ਦਵਾਈਆਂ ਨੂੰ ਚਮਤਕਾਰੀ ਦਵਾਈਆਂ ਕਿਹਾ ਹੈ।
ਪਰ ਇਹ ਗੱਲ ਵੀ ਨਾ ਭੁੱਲੋ ਕਿ ਦਵਾਈਆਂ ਦੇ ਫ਼ਾਇਦੇ ਅਤੇ ਨੁਕਸਾਨ ਵੀ ਹੁੰਦੇ ਹਨ। ਟ੍ਰਿਪਟਨ ਦਵਾਈਆਂ ਬਾਰੇ ਕੀ? ਪਹਿਲਾਂ ਇਹ ਕਿ ਟ੍ਰਿਪਟਨ ਦੀ ਹਰ ਗੋਲੀ ਮਹਿੰਗੀ ਪੈਂਦੀ ਹੈ। ਇਸ ਕਰਕੇ ਡਾਕਟਰ ਇਹ ਦਵਾਈ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੰਦੇ ਹਨ ਜਿਨ੍ਹਾਂ ਨੂੰ ਹੱਦੋਂ ਵੱਧ ਮਾਈਗ੍ਰੇਨ ਹੁੰਦਾ ਹੈ। ਇਹ ਵੀ ਧਿਆਨ ਵਿਚ ਰੱਖਣ ਵਾਲੀ ਗੱਲ ਹੈ ਕਿ ਟ੍ਰਿਪਟਨ ਦਵਾਈ ਸਾਰਿਆਂ ਨੂੰ ਠੀਕ ਨਹੀਂ ਬਹਿੰਦੀ ਅਤੇ ਪਹਿਲਾਂ ਹੀ ਮਾੜੀ ਸਿਹਤ ਹੋਣ ਕਰਕੇ ਕਈਆਂ ਲਈ ਇਹ ਦਵਾਈ ਲੈਣੀ ਠੀਕ ਵੀ ਨਾ ਹੋਵੇ। ਭਾਵੇਂ ਕਿ ਡਾਕਟਰ ਮਾਈਗ੍ਰੇਨ ਨੂੰ ਜੜ੍ਹੋਂ ਖ਼ਤਮ ਨਹੀਂ ਕਰ ਸਕਦੇ, ਫਿਰ ਵੀ ਐਮਰਜੈਂਸੀ ਮੈਡੀਸਨ ਰਸਾਲਾ ਇਸ ਸਿੱਟੇ ʼਤੇ ਪਹੁੰਚਿਆ ਹੈ: “ਹੁਣ ਮਾਈਗ੍ਰੇਨ ਨੂੰ ਰੋਕਣ ਲਈ ਨਵੀਆਂ-ਨਵੀਆਂ ਦਵਾਈਆਂ ਮਿਲਣ ਕਰਕੇ ਮਰੀਜ਼ਾਂ ਨੂੰ ਦਰਦ ਸਹਿੰਦੇ ਰਹਿਣ ਦੀ ਲੋੜ ਨਹੀਂ ਹੈ।” (g11-E 01)
[ਫੁਟਨੋਟ]
a ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੋ ਜਿਹਾ ਇਲਾਜ ਕਰਾਉਣਾ ਚਾਹੀਦਾ ਹੈ। ਹਰੇਕ ਨੂੰ ਸੋਚ-ਸਮਝ ਕੇ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਹੜਾ ਇਲਾਜ ਕਰਾਉਣਾ ਚਾਹੁੰਦਾ ਹੈ।
[ਸਫ਼ਾ 25 ਉੱਤੇ ਤਸਵੀਰ]
ਕਈ ਮਰੀਜ਼ ਡਾਇਰੀ ਬਣਾ ਕੇ ਅੰਦਾਜ਼ਾ ਲਗਾ ਸਕੇ ਹਨ ਕਿ ਕਿਹੜੇ ਭੋਜਨਾਂ ਜਾਂ ਕਿਨ੍ਹਾਂ ਹਾਲਾਤਾਂ ਕਰਕੇ ਮਾਈਗ੍ਰੇਨ ਸ਼ੁਰੂ ਹੁੰਦਾ ਹੈ
[ਸਫ਼ਾ 25 ਉੱਤੇ ਤਸਵੀਰ]
ਸੁਰੀਲਾ ਸੰਗੀਤ ਸੁਣਨ ਨਾਲ ਤਣਾਅ ਘੱਟ ਸਕਦਾ ਹੈ ਅਤੇ ਮਾਈਗ੍ਰੇਨ ਤੋਂ ਆਰਾਮ ਮਿਲ ਸਕਦਾ ਹੈ
[ਸਫ਼ਾ 25 ਉੱਤੇ ਤਸਵੀਰ]
ਡਾਕਟਰ ਕੁਝ ਹੱਦ ਤਕ ਮਾਈਗ੍ਰੇਨ ਦਾ ਇਲਾਜ ਕਰ ਸਕਦੇ ਹਨ