ਸੰਸਾਰ ਉੱਤੇ ਨਜ਼ਰ
ਇਜ਼ਰਾਈਲ
ਹਾਆਰੇਟਸ ਅਖ਼ਬਾਰ ਰਿਪੋਰਟ ਕਰਦੀ ਹੈ ਕਿ ਉਹ ਬੱਚੇ ਹੁਣ ਸਿਹਤ ਅਧਿਕਾਰੀਆਂ ਉੱਤੇ ਮੁਕੱਦਮਾ ਦਾਇਰ ਨਹੀਂ ਕਰ ਸਕਦੇ ਜਿਨ੍ਹਾਂ ਦੇ “ਜਮਾਂਦਰੂ ਨੁਕਸਾਂ” ਬਾਰੇ ਕੁੱਖ ਵਿਚ ਪਤਾ ਲੱਗ ਸਕਦਾ ਸੀ। ਪਰ ਮਾਪੇ ਮੁਕੱਦਮਾ ਦਾਇਰ ਕਰ ਸਕਦੇ ਹਨ ਤਾਂਕਿ ਉਹ “ਅਪਾਹਜ ਬੱਚੇ ਦੇ ਪਾਲਣ-ਪੋਸ਼ਣ ਦੇ ਵਾਧੂ ਖ਼ਰਚੇ ਅਤੇ ਉਸ ਦੀ ਬਾਕੀ ਦੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ” ਅਧਿਕਾਰੀਆਂ ਤੋਂ ਮੁਆਵਜ਼ਾ ਲੈ ਸਕਣ।
ਆਸਟ੍ਰੇਲੀਆ
ਆਸਟ੍ਰੇਲੀਆ ਵਿਚ 10 ਵਿੱਚੋਂ 8 ਜੋੜੇ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹਨ।
ਗ੍ਰੀਸ
ਗ੍ਰੀਸ ਦੇ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 2010 ਦੇ ਪਹਿਲੇ ਪੰਜ ਮਹੀਨਿਆਂ ਨਾਲੋਂ 2011 ਦੇ ਪਹਿਲੇ ਪੰਜ ਮਹੀਨਿਆਂ ਵਿਚ ਗ੍ਰੀਸ ਵਿਚ ਆਤਮ-ਹੱਤਿਆ ਕਰਨ ਵਾਲਿਆਂ ਦੀ ਗਿਣਤੀ 40% ਵਧ ਗਈ ਹੈ। ਇਹ ਗਿਣਤੀ ਉਦੋਂ ਵਧੀ ਜਦੋਂ 2011 ਵਿਚ ਆਰਥਿਕ ਤੰਗੀ ਸ਼ੁਰੂ ਹੋਈ।
ਅਮਰੀਕਾ
ਕੁਦਰਤੀ ਸੋਮਿਆਂ ਨੂੰ ਬਚਾਉਣ ਵਾਲੀ ਕੌਂਸਲ ਦੇ ਮੁਤਾਬਕ ਅਮਰੀਕਾ ਭਰ ਵਿਚ 40% ਖਾਣਾ ਫ਼ਜ਼ੂਲ ਜਾਂਦਾ ਹੈ। ਮਿਸਾਲ ਲਈ, ਅੰਦਾਜ਼ਾ ਲਾਇਆ ਗਿਆ ਹੈ ਕਿ 7% ਫ਼ਸਲਾਂ ਵੱਢੀਆਂ ਹੀ ਨਹੀਂ ਜਾਂਦੀਆਂ, ਰੈਸਟੋਰੈਂਟਾਂ ਤੇ ਕੈਫੇਟੇਰੀਆ ਵਿਚ ਪਰੋਸਿਆ ਜਾਂਦਾ 17% ਖਾਣਾ ਖਾਧਾ ਹੀ ਨਹੀਂ ਜਾਂਦਾ ਅਤੇ ਪਰਿਵਾਰ ਖ਼ਰੀਦੇ ਗਏ ਖਾਣੇ ਵਿੱਚੋਂ 25% ਖਾਣਾ ਸੁੱਟ ਦਿੰਦੇ ਹਨ।
ਮੈਡਾਗਾਸਕਰ
ਹਾਲ ਹੀ ਵਿਚ ਦੁਨੀਆਂ ਦਾ ਸਭ ਤੋਂ ਛੋਟਾ ਗਿਰਗਿਟ ਮੈਡਾਗਾਸਕਰ ਵਿਚ ਮਿਲਿਆ ਸੀ। ਇਹ ਨਿੱਕੀਆਂ ਜਿਹੀਆਂ ਭੂਰੇ ਰੰਗ ਦੀਆਂ ਕਿਰਲੀਆਂ ਸਿਰਫ਼ 1.1 ਇੰਚ ਲੰਬੀਆਂ ਹੁੰਦੀਆਂ ਹਨ ਅਤੇ ਇਨਸਾਨ ਦੀ ਉਂਗਲ ਦੇ ਨਹੁੰ ʼਤੇ ਬੈਠ ਸਕਦੀਆਂ ਹਨ। ਇਸ ਜਾਨਵਰ ਦੀ ਰਹਿਣ ਦੀ ਜਗ੍ਹਾ ਨੂੰ ਖ਼ਤਰਾ ਹੋਣ ਕਰਕੇ ਇਸ ਦੀ ਹੋਂਦ ਮਿਟ ਸਕਦੀ ਹੈ। (g13 02-E)