ਮੁਲਾਕਾਤ | ਰਾਕੇਲ ਹਾਲ
ਇਕ ਯਹੂਦੀ ਔਰਤ ਦੱਸਦੀ ਹੈ ਕਿ ਉਸ ਨੇ ਆਪਣੇ ਧਰਮ ਦੀ ਜਾਂਚ ਦੁਬਾਰਾ ਕਿਉਂ ਕੀਤੀ
ਰਾਕੇਲ ਹਾਲ ਦੀ ਮਾਤਾ ਜੀ ਯਹੂਦੀ ਇਜ਼ਰਾਈਲਣ ਸੀ ਅਤੇ ਉਸ ਦਾ ਪਿਤਾ ਜਿਸ ਨੇ ਯਹੂਦੀ ਧਰਮ ਅਪਣਾ ਲਿਆ ਸੀ ਆਸਟ੍ਰੀਆ ਤੋਂ ਸੀ। ਉਸ ਦੇ ਨਾਨਾ-ਨਾਨੀ ਜ਼ਾਇਨਿਸਟ ਸਮੂਹ ਦੀਆਂ ਸਿੱਖਿਆਵਾਂ ਨੂੰ ਮੰਨਦੇ ਸਨ ਅਤੇ 1948 ਵਿਚ ਜਦੋਂ ਇਜ਼ਰਾਈਲ ਆਜ਼ਾਦ ਹੋਇਆ, ਤਾਂ ਉਹ ਉੱਥੇ ਚਲੇ ਗਏ। ਜਾਗਰੂਕ ਬਣੋ! ਨੇ ਰਾਕੇਲ ਨੂੰ ਪੁੱਛਿਆ ਕਿ ਉਸ ਨੇ ਯਹੂਦੀ ਧਰਮ ਦੀ ਜਾਂਚ ਕਿਉਂ ਕੀਤੀ।
ਸਾਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ।
ਮੇਰਾ ਜਨਮ 1979 ਵਿਚ ਅਮਰੀਕਾ ਵਿਚ ਹੋਇਆ। ਜਦੋਂ ਮੈਂ ਤਿੰਨ ਸਾਲਾਂ ਦੀ ਸੀ, ਉਦੋਂ ਮੇਰੇ ਮੰਮੀ-ਡੈਡੀ ਦਾ ਤਲਾਕ ਹੋ ਗਿਆ। ਮੰਮੀ ਜੀ ਨੇ ਮੇਰਾ ਪਾਲਣ-ਪੋਸ਼ਣ ਯਹੂਦੀ ਰਸਮਾਂ ਅਨੁਸਾਰ ਕੀਤਾ ਅਤੇ ਮੈਂ ਯਹੂਦੀ ਸਕੂਲਾਂ (ਯਸ਼ੀਵਾਹ) ਵਿਚ ਪੜ੍ਹਾਈ ਕੀਤੀ। ਜਦੋਂ ਮੈਂ ਸੱਤ ਸਾਲਾਂ ਦੀ ਸੀ, ਤਾਂ ਅਸੀਂ ਇਕ ਸਾਲ ਲਈ ਇਜ਼ਰਾਈਲ ਚਲੇ ਗਏ। ਜਿੱਥੇ ਮੰਮੀ ਜੀ ਕੰਮ ਕਰਦੇ ਸੀ ਉੱਥੇ ਸਕੂਲ ਵੀ ਲੱਗਦਾ ਸੀ ਅਤੇ ਮੈਂ ਉੱਥੇ ਵੀ ਪੜ੍ਹਾਈ ਕੀਤੀ। ਅਜਿਹਿਆਂ ਜਗ੍ਹਾਵਾਂ ਨੂੰ ਕਿਬੁਟਸ ਕਿਹਾ ਜਾਂਦਾ ਹੈ। ਫਿਰ ਮੈਂ ਤੇ ਮੇਰੇ ਮੰਮੀ ਜੀ ਮੈਕਸੀਕੋ ਚਲੇ ਗਏ।
ਭਾਵੇਂ ਸਾਡੇ ਇਲਾਕੇ ਵਿਚ ਯਹੂਦੀਆਂ ਦਾ ਕੋਈ ਸਭਾ-ਘਰ ਨਹੀਂ ਸੀ, ਫਿਰ ਵੀ ਮੈਂ ਸਾਰੇ ਯਹੂਦੀ ਰੀਤ-ਰਿਵਾਜ ਪੂਰੇ ਕਰਦੀ ਸੀ। ਮੈਂ ਸਬਤ ਦੇ ਦਿਨ ਮੋਮਬੱਤੀਆਂ ਲਾਉਂਦੀ ਸੀ, ਯਹੂਦੀ ਤੌਰਾਤ ਪੜ੍ਹਦੀ ਸੀ ਅਤੇ ਪ੍ਰਾਰਥਨਾ ਕਿਤਾਬ (ਸਿਡੁਰ) ਲੈ ਕੇ ਪ੍ਰਾਰਥਨਾ ਕਰਦੀ ਹੁੰਦੀ ਸੀ। ਸਕੂਲ ਵਿਚ ਮੈਂ ਆਪਣੇ ਸਾਥੀਆਂ ਨੂੰ ਅਕਸਰ ਕਹਿੰਦੀ ਹੁੰਦੀ ਸੀ ਕਿ ਮੇਰਾ ਧਰਮ ਹੀ ਸਭ ਤੋਂ ਪੁਰਾਣਾ ਧਰਮ ਹੈ। ਮੈਂ ਕਦੇ ਵੀ ਬਾਈਬਲ ਦਾ ਨਵਾਂ ਨੇਮ ਨਹੀਂ ਸੀ ਪੜ੍ਹਿਆ ਜਿਸ ਵਿਚ ਯਿਸੂ ਮਸੀਹ ਦੀ ਸੇਵਕਾਈ ਅਤੇ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ। ਦਰਅਸਲ ਮੇਰੀ ਮੰਮੀ ਜੀ ਨੇ ਮੈਨੂੰ ਬਾਈਬਲ ਪੜ੍ਹਨ ਤੋਂ ਰੋਕਿਆ ਸੀ ਤਾਂਕਿ ਮੇਰੇ ਮਨ ਵਿਚ ਯਹੂਦੀ ਧਰਮ ਖ਼ਿਲਾਫ਼ ਜ਼ਹਿਰ ਨਾ ਭਰ ਜਾਵੇ।
ਤੁਸੀਂ ਨਵਾਂ ਨੇਮ ਪੜ੍ਹਨ ਦਾ ਫ਼ੈਸਲਾ ਕਿਉਂ ਕੀਤਾ?
ਜਦੋਂ ਮੈਂ 17 ਸਾਲਾਂ ਦੀ ਹੋਈ, ਤਾਂ ਮੈਂ ਆਪਣੀ ਪੜ੍ਹਾਈ ਖ਼ਤਮ ਕਰਨ ਲਈ ਅਮਰੀਕਾ ਵਾਪਸ ਚਲੀ ਗਈ। ਉੱਥੇ ਮੇਰੀ ਜਾਣ-ਪਛਾਣ ਦਾ ਇਕ ਮੁੰਡਾ ਸੀ ਜੋ ਇਕ ਮਸੀਹੀ ਸੀ। ਉਸ ਨੇ ਮੈਨੂੰ ਕਿਹਾ ਕਿ ਯਿਸੂ ਤੋਂ ਬਿਨਾਂ ਮੇਰੀ ਜ਼ਿੰਦਗੀ ਅਧੂਰੀ ਹੋਵੇਗੀ।
ਮੈਂ ਜਵਾਬ ਦਿੱਤਾ: “ਜਿਹੜੇ ਯਿਸੂ ਨੂੰ ਮੰਨਦੇ ਹਨ, ਉਹ ਰੱਬ ਤੋਂ ਦੂਰ ਹੋ ਚੁੱਕੇ ਹਨ।”
ਉਸ ਨੇ ਪੁੱਛਿਆ: “ਤੁਸੀਂ ਕਦੇ ਨਵਾਂ ਨੇਮ ਪੜ੍ਹਿਆ ਹੈ?”
ਮੈਂ ਕਿਹਾ: “ਨਹੀਂ।”
ਉਸ ਨੇ ਮੈਨੂੰ ਕਿਹਾ: “ਤਾਂ ਫਿਰ ਉਸ ਚੀਜ਼ ਬਾਰੇ ਰਾਇ ਦੇਣੀ ਬੇਵਕੂਫ਼ੀ ਨਹੀਂ ਜਿਸ ਬਾਰੇ ਤੁਸੀਂ ਜਾਣਦੇ ਹੀ ਨਹੀਂ?”
ਉਸ ਦੀਆਂ ਗੱਲਾਂ ਨੇ ਮੇਰੇ ਦਿਲ ʼਤੇ ਅਸਰ ਪਾਇਆ ਕਿਉਂਕਿ ਮੈਂ ਹਮੇਸ਼ਾ ਮੰਨਦੀ ਹੁੰਦੀ ਸੀ ਕਿ ਕਿਸੇ ਗੱਲ ਬਾਰੇ ਉਦੋਂ ਤਕ ਆਪਣੇ ਵਿਚਾਰ ਨਹੀਂ ਦੇਣੇ ਚਾਹੀਦੇ ਜਦੋਂ ਤਕ ਸਾਨੂੰ ਪੂਰੀ ਗੱਲ ਦਾ ਪਤਾ ਨਾ ਹੋਵੇ। ਉਸ ਦੀਆਂ ਗੱਲਾਂ ਕਰਕੇ ਮੈਂ ਉਸ ਦੀ ਬਾਈਬਲ ਘਰ ਲੈ ਗਈ ਅਤੇ ਨਵਾਂ ਨੇਮ ਪੜ੍ਹਨਾ ਸ਼ੁਰੂ ਕੀਤਾ।
ਜੋ ਤੁਸੀਂ ਪੜ੍ਹਿਆ ਉਸ ਦਾ ਤੁਹਾਡੇ ʼਤੇ ਕੀ ਅਸਰ ਪਿਆ?
ਮੈਂ ਬਹੁਤ ਹੈਰਾਨ ਹੋਈ ਜਦੋਂ ਮੈਂ ਸਿੱਖਿਆ ਕਿ ਨਵੇਂ ਨੇਮ ਦੇ ਲਿਖਾਰੀ ਯਹੂਦੀ ਸਨ। ਨਾਲੇ ਜਿੰਨਾ ਜ਼ਿਆਦਾ ਮੈਂ ਪੜ੍ਹਦੀ ਗਈ ਉੱਨਾ ਹੀ ਮੈਨੂੰ ਪਤਾ ਲੱਗਾ ਕਿ ਯਿਸੂ ਇਕ ਦਿਆਲੂ ਅਤੇ ਨਿਮਰ ਯਹੂਦੀ ਸੀ ਜੋ ਲੋਕਾਂ ਦਾ ਫ਼ਾਇਦਾ ਨਹੀਂ ਸੀ ਉਠਾਉਂਦਾ, ਸਗੋਂ ਉਨ੍ਹਾਂ ਦਾ ਭਲਾ ਚਾਹੁੰਦਾ ਸੀ। ਮੈਂ ਲਾਇਬ੍ਰੇਰੀ ਵਿਚ ਜਾ ਕੇ ਉਸ ਬਾਰੇ ਹੋਰ ਕਿਤਾਬਾਂ ਵੀ ਲਈਆਂ। ਪਰ ਇਨ੍ਹਾਂ ਕਿਤਾਬਾਂ ਵਿੱਚੋਂ ਕਿਸੇ ਵੀ ਕਿਤਾਬ ਨੇ ਮੈਨੂੰ ਯਕੀਨ ਨਹੀਂ ਦਿਵਾਇਆ ਕਿ ਉਹ ਮਸੀਹ ਸੀ। ਕਈ ਕਿਤਾਬਾਂ ਵਿਚ ਉਸ ਨੂੰ ਰੱਬ ਵੀ ਕਿਹਾ ਗਿਆ। ਜਦੋਂ ਮੈਂ ਪੜ੍ਹਿਆ, ਤਾਂ ਮੈਂ ਸੋਚਿਆ ਕਿ ਜੇ ਯਿਸੂ ਰੱਬ ਹੈ, ਤਾਂ ਉਹ ਕਿਸ ਨੂੰ ਪ੍ਰਾਰਥਨਾ ਕਰਦਾ ਸੀ? ਆਪਣੇ ਆਪ ਨੂੰ? ਇਹ ਗੱਲ ਮੇਰੇ ਪੱਲੇ ਨਹੀਂ ਪਈ। ਇਕ ਹੋਰ ਗੱਲ ਵੀ ਸੀ ਕਿ ਯਿਸੂ ਮਰਿਆ ਸੀ, ਪਰ ਬਾਈਬਲ ਕਹਿੰਦੀ ਹੈ ਕਿ ਰੱਬ ਕਦੇ ਨਹੀਂ ਮਰਦਾ।a
ਤੁਹਾਨੂੰ ਉਨ੍ਹਾਂ ਗੱਲਾਂ ਦੇ ਜਵਾਬ ਕਿਵੇਂ ਮਿਲੇ?
ਸੱਚਾਈ ਆਪਣੇ ਆਪ ਦਾ ਖੰਡਨ ਨਹੀਂ ਕਰਦੀ ਅਤੇ ਮੈਂ ਠਾਣ ਲਿਆ ਸੀ ਕਿ ਮੈਂ ਸੱਚਾਈ ਜਾਣ ਕੇ ਹੀ ਰਹਾਂਗੀ। ਇਸ ਲਈ ਮੈਂ ਰੱਬ ਨੂੰ ਰੋ-ਰੋ ਕੇ ਦਿਲੋਂ ਦੁਆ ਕੀਤੀ। ਪਰ ਇਸ ਵਾਰ ਮੈਂ ਆਪਣੀ ਸਿਡੁਰ ਤੋਂ ਬਿਨਾਂ ਪ੍ਰਾਰਥਨਾ ਕੀਤੀ। ਜਦੋਂ ਹੀ ਮੈਂ ਪ੍ਰਾਰਥਨਾ ਖ਼ਤਮ ਕੀਤੀ ਕਿਸੇ ਨੇ ਮੇਰਾ ਦਰਵਾਜ਼ਾ ਖੜਕਾਇਆ। ਦਰਵਾਜ਼ੇ ʼਤੇ ਯਹੋਵਾਹ ਦੇ ਦੋ ਗਵਾਹ ਸਨ ਜਿਨ੍ਹਾਂ ਨੇ ਮੈਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਦਿੱਤਾ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ। ਇਸ ਬਰੋਸ਼ਰ ਅਤੇ ਗਵਾਹਾਂ ਨਾਲ ਹੁੰਦੀਆਂ ਗੱਲਾਂ-ਬਾਤਾਂ ਨੇ ਮੈਨੂੰ ਭਰੋਸਾ ਦਿਲਾਇਆ ਕਿ ਇਨ੍ਹਾਂ ਦੇ ਵਿਸ਼ਵਾਸ ਬਾਈਬਲ ਉੱਤੇ ਆਧਾਰਿਤ ਹਨ। ਮਿਸਾਲ ਲਈ, ਗਵਾਹ ਯਿਸੂ ਨੂੰ ਤ੍ਰਿਏਕ ਦਾ ਹਿੱਸਾ ਨਹੀਂ, ਸਗੋਂ “ਪਰਮੇਸ਼ੁਰ ਦਾ ਪੁੱਤਰ”b ਮੰਨਦੇ ਹਨ। ਨਾਲੇ ਇਹ ਵੀ ਮੰਨਦੇ ਹਨ ਕਿ ਉਸ ਨੂੰ “ਪਰਮੇਸ਼ੁਰ ਨੇ ਸ੍ਰਿਸ਼ਟੀ ਵਿਚ ਸਭ ਤੋਂ ਪਹਿਲਾਂ ਬਣਾਇਆ ਸੀ।”c
ਇਸ ਤੋਂ ਬਾਅਦ ਮੈਂ ਮੈਕਸੀਕੋ ਵਾਪਸ ਚਲੀ ਗਈ ਜਿੱਥੇ ਮੈਂ ਗਵਾਹਾਂ ਨਾਲ ਮਸੀਹ ਸੰਬੰਧੀ ਭਵਿੱਖਬਾਣੀਆਂ ਦੀ ਸਟੱਡੀ ਕਰਦੀ ਰਹੀ। ਮੈਂ ਬਹੁਤ ਹੈਰਾਨ ਹੋਈ ਕਿ ਉਸ ਬਾਰੇ ਕਿੰਨੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ! ਫਿਰ ਵੀ ਮੈਨੂੰ ਕੁਝ ਗੱਲਾਂ ਦਾ ਸ਼ੱਕ ਸੀ। ਮੈਂ ਸੋਚਦੀ ਸੀ: ‘ਕੀ ਯਿਸੂ ਹੀ ਉਹ ਇਨਸਾਨ ਸੀ ਜਿਸ ʼਤੇ ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ?’ ਅਤੇ ‘ਕੀ ਉਹ ਇਕ ਚਲਾਕ ਐਕਟਰ ਤਾਂ ਨਹੀਂ ਸੀ ਜੋ ਸਿਰਫ਼ ਰੋਲ ਨਿਭਾ ਰਿਹਾ ਸੀ?’
ਕਿਹੜੀ ਗੱਲ ਨੇ ਤੁਹਾਨੂੰ ਕਾਇਲ ਕੀਤਾ?
ਗਵਾਹਾਂ ਨੇ ਮੈਨੂੰ ਭਵਿੱਖਬਾਣੀਆਂ ਦਿਖਾਈਆਂ ਜਿਸ ਤੋਂ ਪਤਾ ਲੱਗਾ ਕਿ ਕੋਈ ਫ਼ਰੇਬੀ ਇਨਸਾਨ ਇਨ੍ਹਾਂ ਨੂੰ ਆਪਣੇ ਆਪ ʼਤੇ ਪੂਰੀਆਂ ਨਹੀਂ ਕਰਵਾ ਸਕਦਾ ਸੀ। ਮਿਸਾਲ ਲਈ, 700 ਤੋਂ ਜ਼ਿਆਦਾ ਸਾਲ ਪਹਿਲਾਂ ਮੀਕਾਹ ਨਬੀ ਨੇ ਕਿਹਾ ਸੀ ਕਿ ਮਸੀਹ ਦਾ ਜਨਮ ਯਹੂਦੀਆ ਦੇ ਬੈਤਲਹਮ ਸ਼ਹਿਰ ਵਿਚ ਹੋਵੇਗਾ।d ਆਪਣੇ ਜਨਮ-ਸਥਾਨ ਬਾਰੇ ਕੌਣ ਦੱਸ ਸਕਦਾ ਹੈ? ਯਸਾਯਾਹ ਨਬੀ ਨੇ ਲਿਖਿਆ ਕਿ ਮਸੀਹ ਅਪਰਾਧੀ ਦੇ ਤੌਰ ਤੇ ਮਾਰਿਆ ਜਾਵੇਗਾ, ਪਰ ਉਸ ਨੂੰ ਅਮੀਰਾਂ ਨਾਲ ਦਫ਼ਨਾਇਆ ਜਾਵੇਗਾ।e ਇਹ ਸਾਰੀਆਂ ਭਵਿੱਖਬਾਣੀਆਂ ਯਿਸੂ ਵਿਚ ਹੀ ਪੂਰੀਆਂ ਹੋਈਆਂ ਸਨ।
ਅਖ਼ੀਰ ਵਿਚ ਯਿਸੂ ਦੀ ਵੰਸ਼ਾਵਲੀ ਨੇ ਵੀ ਮੈਨੂੰ ਕਾਇਲ ਕੀਤਾ। ਬਾਈਬਲ ਕਹਿੰਦੀ ਹੈ ਕਿ ਮਸੀਹ ਨੇ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਆਉਣਾ ਸੀ।f ਪੁਰਾਣੇ ਸਮੇਂ ਦੇ ਯਹੂਦੀ ਪੀੜ੍ਹੀਆਂ ਦਾ ਰਿਕਾਰਡ ਰੱਖਦੇ ਹੁੰਦੇ ਸਨ। ਜੇ ਯਿਸੂ ਦਾਊਦ ਦੀ ਪੀੜ੍ਹੀ ਵਿੱਚੋਂ ਨਾ ਹੁੰਦਾ, ਤਾਂ ਉਸ ਦੇ ਦੁਸ਼ਮਣਾਂ ਨੇ ਕੋਠੇ ਚੜ੍ਹ ਕੇ ਰੌਲ਼ਾ ਪਾਉਣਾ ਸੀ! ਪਰ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਸੀ ਕਿਉਂਕਿ ਉਹ ਸਬੂਤਾਂ ਨੂੰ ਝੁਠਲਾ ਨਹੀਂ ਸੀ ਸਕਦੇ। ਭੀੜਾਂ ਨੇ ਵੀ ਉਸ ਨੂੰ ‘ਦਾਊਦ ਦਾ ਪੁੱਤਰ’ ਕਿਹਾ।g
ਯਿਸੂ ਦੀ ਮੌਤ ਤੋਂ 37 ਸਾਲ ਬਾਅਦ ਯਾਨੀ 70 ਈਸਵੀ ਵਿਚ ਰੋਮੀ ਫ਼ੌਜ ਨੇ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਵੰਸ਼ਾਵਲੀ ਦੇ ਰਿਕਾਰਡ ਗੁਆਚ ਗਏ ਜਾਂ ਤਬਾਹ ਹੋ ਗਏ। ਇਸ ਕਰਕੇ ਮਸੀਹ ਲਈ 70 ਈਸਵੀ ਤੋਂ ਪਹਿਲਾਂ ਆਉਣਾ ਜ਼ਰੂਰੀ ਸੀ ਤਾਂਕਿ ਵੰਸ਼ਾਵਲੀ ਦੇ ਆਧਾਰ ʼਤੇ ਉਸ ਦੀ ਪਛਾਣ ਹੋ ਸਕੇ।
ਇਸ ਦਾ ਤੁਹਾਡੇ ʼਤੇ ਕੀ ਅਸਰ ਪਿਆ?
ਬਿਵਸਥਾ ਸਾਰ 18:18, 19 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਇਜ਼ਰਾਈਲ ਵਿਚ ਮੂਸਾ ਵਰਗਾ ਨਬੀ ਖੜ੍ਹਾ ਕਰੇਗਾ। ਪਰਮੇਸ਼ੁਰ ਨੇ ਕਿਹਾ ਕਿ ਜਿਹੜਾ “ਮੇਰੇ ਸ਼ਬਦ ਨਾ ਸੁਣੇਗਾ ਜੋ ਉਹ ਮੇਰੇ ਨਾਮ ਉੱਤੇ ਬੋਲੇਗਾ ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ।” ਪੂਰੀ ਦੀ ਪੂਰੀ ਬਾਈਬਲ ਦੀ ਡੂੰਘੀ ਸਟੱਡੀ ਕਰ ਕੇ ਮੈਨੂੰ ਯਕੀਨ ਹੋ ਗਿਆ ਕਿ ਭਵਿੱਖਬਾਣੀਆਂ ਵਿਚ ਦੱਸਿਆ ਨਬੀ ਯਿਸੂ ਨਾਸਰੀ ਹੀ ਸੀ। (g13 05-E)
a ਹਬੱਕੂਕ 1:12, NW.
f ਯਸਾਯਾਹ 9:6, 7; ਲੂਕਾ 1:30-32. ਮੱਤੀ ਦੇ ਪਹਿਲੇ ਅਧਿਆਇ ਵਿਚ ਯਿਸੂ ਦੇ ਦਾਦਕਿਆਂ ਦੀ ਵੰਸ਼ਾਵਲੀ ਬਾਰੇ ਲਿਖਿਆ ਗਿਆ ਹੈ ਅਤੇ ਲੂਕਾ ਦੇ ਤੀਜੇ ਅਧਿਆਇ ਵਿਚ ਉਸ ਦੇ ਨਾਨਕਿਆਂ ਦੀ ਵੰਸ਼ਾਵਲੀ ਬਾਰੇ ਲਿਖਿਆ ਗਿਆ ਹੈ।