ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g17 ਨੰ. 4 ਸਫ਼ੇ 4-5
  • ਜਵਾਬਾਂ ਦੀ ਭਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਵਾਬਾਂ ਦੀ ਭਾਲ
  • ਜਾਗਰੂਕ ਬਣੋ!—2017
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਸੁਖੀ ਭਵਿੱਖ ਜ਼ਰੂਰ ਆਵੇਗਾ!
    ਜਾਗਰੂਕ ਬਣੋ!—2000
ਜਾਗਰੂਕ ਬਣੋ!—2017
g17 ਨੰ. 4 ਸਫ਼ੇ 4-5

ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?

ਜਵਾਬਾਂ ਦੀ ਭਾਲ

ਜੇ ਤੁਸੀਂ ਬਹੁਤ ਸਾਰੀਆਂ ਬੁਰੀਆਂ ਖ਼ਬਰਾਂ ਸੁਣ ਕੇ ਫ਼ਿਕਰਮੰਦ ਹੋ ਗਏ ਹੋ ਜਾਂ ਡਰ ਗਏ ਹੋ, ਤਾਂ ਤੁਸੀਂ ਇਕੱਲੇ ਨਹੀਂ ਹੋ। 2014 ਵਿਚ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਕਿਹਾ ਸੀ ਕਿ ਅਖ਼ਬਾਰਾਂ ਜਾਂ ਟੀ. ਵੀ. ʼਤੇ ਬੁਰੀਆਂ ਖ਼ਬਰਾਂ ਸੁਣਨ ਕਰਕੇ ਬਹੁਤ ਸਾਰੇ ਲੋਕ ਸੋਚਣ ਲੱਗ ਪਏ ਕਿ ‘ਇਸ ਦੁਨੀਆਂ ਨੂੰ ਤਬਾਹੀ ਤੋਂ ਬਚਾਉਣ ਲਈ ਕੋਈ ਵੀ ਕੁਝ ਨਹੀਂ ਕਰ ਸਕਦਾ।’

ਇਹ ਗੱਲ ਕਹਿਣ ਤੋਂ ਬਾਅਦ, ਉਸ ਨੇ ਦੱਸਿਆ ਕਿ ਦੁਨੀਆਂ ਦੇ ਹਾਲਾਤਾਂ ਨੂੰ ਸੁਧਾਰਨ ਲਈ ਕਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਉਸ ਨੇ ਸਰਕਾਰਾਂ ਦੀਆਂ ਕੁਝ ਯੋਜਨਾਵਾਂ ਨੂੰ “ਖ਼ੁਸ਼ ਖ਼ਬਰੀ” ਕਿਹਾ। ਉਸ ਨੇ ਕਿਹਾ ਕਿ ਉਸ ਕੋਲ “ਨਿਰਾਸ਼” ਹੋਣ ਦਾ ਕੋਈ ਵੀ ਕਾਰਨ ਨਹੀਂ ਹੈ ਤੇ ਉਸ ਨੂੰ “ਪੱਕੀ ਉਮੀਦ” ਹੈ। ਉਸ ਦੇ ਕਹਿਣ ਦਾ ਮਤਲਬ ਸੀ ਕਿ ਇਨਸਾਨਾਂ ਵੱਲੋਂ ਬਣਾਈਆਂ ਯੋਜਨਾਵਾਂ ਦੁਨੀਆਂ ਨੂੰ ਤਬਾਹ ਹੋਣ ਤੋਂ ਬਚਾ ਸਕਦੀਆਂ ਹਨ।

ਕਈ ਲੋਕ ਇਸ ਗੱਲ ਨਾਲ ਸਹਿਮਤ ਹਨ। ਮਿਸਾਲ ਲਈ, ਬਹੁਤ ਸਾਰੇ ਲੋਕਾਂ ਨੂੰ ਵਿਗਿਆਨ ʼਤੇ ਭਰੋਸਾ ਹੈ ਅਤੇ ਉਹ ਅਨੁਮਾਨ ਲਾਉਂਦੇ ਹਨ ਕਿ ਤਕਨਾਲੋਜੀ ਵਿਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਦੁਨੀਆਂ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਤਕਨਾਲੋਜੀ ਦੇ ਇਕ ਮਾਹਰ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਸਾਲ 2030 ਵਿਚ “ਤਕਨਾਲੋਜੀ ਅੱਜ ਨਾਲੋਂ ਹਜ਼ਾਰ ਗੁਣਾ ਬਿਹਤਰ ਹੋਵੇਗੀ ਅਤੇ 2045 ਵਿਚ ਲੱਖਾਂ ਗੁਣਾ।” ਉਸ ਨੇ ਅੱਗੇ ਕਿਹਾ: “ਅਸੀਂ ਬਹੁਤ ਵਧੀਆ ਕਰ ਰਹੇ ਹਾਂ। ਭਾਵੇਂ ਅੱਜ ਦੀਆਂ ਮੁਸ਼ਕਲਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈਆਂ ਹਨ, ਪਰ ਇਨ੍ਹਾਂ ਨੂੰ ਹੱਲ ਕਰਨ ਦੀ ਕਾਬਲੀਅਤ ਇਸ ਤੋਂ ਵੀ ਜ਼ਿਆਦਾ ਵਧ ਗਈ ਹੈ।”

ਦੁਨੀਆਂ ਦੇ ਹਾਲਾਤ ਕਿਸ ਹੱਦ ਤਕ ਖ਼ਰਾਬ ਹਨ? ਕੀ ਦੁਨੀਆਂ ਬਸ ਖ਼ਤਮ ਹੀ ਹੋਣ ਵਾਲੀ ਹੈ? ਭਾਵੇਂ ਬਹੁਤ ਸਾਰੇ ਵਿਗਿਆਨੀ ਅਤੇ ਨੇਤਾ ਉਮੀਦ ਦਿੰਦੇ ਹਨ, ਪਰ ਫਿਰ ਵੀ ਬਹੁਤ ਸਾਰੇ ਲੋਕ ਦੁਨੀਆਂ ਦੇ ਭਵਿੱਖ ਨੂੰ ਲੈ ਕੇ ਦੁਚਿੱਤੀ ਵਿਚ ਹਨ। ਕਿਉਂ?

ਪਰਮਾਣੂ ਧਮਾਕਾ

ਸਰਬਨਾਸ਼ ਕਰਨ ਵਾਲੇ ਹਥਿਆਰ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸੰਯੁਕਤ ਰਾਸ਼ਟਰ-ਸੰਘ ਅਤੇ ਹੋਰ ਸੰਗਠਨ ਪ੍ਰਮਾਣੂ ਹਥਿਆਰ ਖ਼ਤਮ ਕਰਨ ਵਿਚ ਨਾਕਾਮਯਾਬ ਰਹੇ ਹਨ। ਇਸ ਦੀ ਬਜਾਇ, ਬਹੁਤ ਸਾਰੇ ਨੇਤਾ ਮਾਰੂ ਹਥਿਆਰਾਂ ʼਤੇ ਰੋਕ ਲਾਉਣ ਲਈ ਬਣਾਏ ਕਾਨੂੰਨਾਂ ਨੂੰ ਐਵੀਂ ਸਮਝਦੇ ਹਨ। ਜਿਨ੍ਹਾਂ ਦੇਸ਼ਾਂ ਕੋਲ ਪਹਿਲਾਂ ਹੀ ਪਰਮਾਣੂ ਹਥਿਆਰ ਹਨ, ਉਹ ਪੁਰਾਣੇ ਬੰਬਾਂ ਨੂੰ ਜ਼ਿਆਦਾ ਘਾਤਕ ਬਣਾਉਣ ਦੇ ਨਾਲ-ਨਾਲ ਹੋਰ ਨਵੇਂ ਖ਼ਤਰਨਾਕ ਬੰਬ ਬਣਾ ਰਹੇ ਹਨ। ਜਿਨ੍ਹਾਂ ਦੇਸ਼ਾਂ ਕੋਲ ਪਹਿਲਾਂ ਖ਼ਤਰਨਾਕ ਹਥਿਆਰ ਨਹੀਂ ਸਨ, ਹੁਣ ਉਨ੍ਹਾਂ ਕੋਲ ਵੀ ਇੰਨੇ ਹਥਿਆਰ ਹਨ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਨ।

ਭਾਵੇਂ ਦੇਸ਼ਾਂ ਵਿਚ ਯੁੱਧ ਨਹੀਂ ਚੱਲ ਰਿਹਾ ਤੇ ਕਹਿਣ ਨੂੰ “ਸ਼ਾਂਤੀ” ਵੀ ਹੈ, ਪਰ ਫਿਰ ਵੀ ਦੇਸ਼ ਬਿਨਾਂ ਝਿਜਕੇ ਪਰਮਾਣੂ ਹਥਿਆਰ ਇਸਤੇਮਾਲ ਕਰਨ ਲਈ ਤਿਆਰ ਹਨ। ਇਸ ਕਰਕੇ ਦੁਨੀਆਂ ʼਤੇ ਯੁੱਧ ਦਾ ਖ਼ਤਰਾ ਬਣਿਆ ਹੋਇਆ ਹੈ। ਇਕ ਵਿਗਿਆਨਕ ਰਸਾਲੇ ਵਿਚ ਚੇਤਾਵਨੀ ਦਿੱਤੀ ਗਈ ਕਿ ਸਭ ਤੋਂ ਵੱਡਾ ਖ਼ਤਰਾ “ਉਨ੍ਹਾਂ ਮਸ਼ੀਨਾਂ ਤੋਂ ਹੈ ਜੋ ਆਪਣੇ ਆਪ ਦੁਸ਼ਮਣਾਂ ਦੀਆਂ ਥਾਵਾਂ ਲੱਭ ਕੇ ਹਮਲਾ ਕਰ ਸਕਦੀਆਂ ਹਨ।”

ਇਕ ਆਦਮੀ ਹਸਪਤਾਲ ਵਿਚ

ਸਿਹਤ ਨੂੰ ਖ਼ਤਰਾ। ਵਿਗਿਆਨ ਸਾਨੂੰ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਕਰ ਸਕਦਾ। ਹਾਈ ਬਲੱਡ ਪ੍ਰੈਸ਼ਰ, ਮੋਟਾਪੇ, ਹਵਾ ਦੇ ਪ੍ਰਦੂਸ਼ਣ, ਦਵਾਈਆਂ ਦੇ ਗ਼ਲਤ ਇਸਤੇਮਾਲ ਕਰਕੇ ਬੀਮਾਰੀਆਂ ਲੱਗਣ ਦਾ ਖ਼ਤਰਾ ਦਿਨ-ਬਦਿਨ ਵੱਧ ਰਿਹਾ ਹੈ। ਬਹੁਤ ਸਾਰੇ ਲੋਕ ਨਾ-ਫੈਲਣ ਵਾਲੀਆਂ ਬੀਮਾਰੀਆਂ ਨਾਲ ਮਰ ਰਹੇ ਹਨ, ਜਿਵੇਂ ਕੈਂਸਰ, ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ। ਇੱਦਾਂ ਦੀਆਂ ਵੀ ਬੀਮਾਰੀਆਂ ਹਨ ਜਿਨ੍ਹਾਂ ਕਰਕੇ ਬਹੁਤ ਸਾਰੇ ਲੋਕ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਰਹਿੰਦੇ, ਜਿਵੇਂ ਦਿਮਾਗ਼ੀ ਬੀਮਾਰੀਆਂ। ਹਾਲ ਹੀ ਦੇ ਸਾਲਾਂ ਵਿਚ ਈਬੋਲਾ ਅਤੇ ਜ਼ੀਕਾ ਵਰਗੀਆਂ ਖ਼ਤਰਨਾਕ ਮਹਾਂਮਾਰੀਆਂ ਫੈਲੀਆਂ ਹਨ। ਮੁੱਖ ਗੱਲ: ਬੀਮਾਰੀਆਂ ਤੋਂ ਛੁਟਕਾਰਾ ਪਾਉਣਾ ਇਨਸਾਨ ਦੇ ਵੱਸੋਂ ਬਾਹਰ ਹੋ ਚੁੱਕਾ ਹੈ ਅਤੇ ਇਨ੍ਹਾਂ ਦੇ ਖ਼ਤਮ ਹੋਣ ਦੀ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ!

ਪ੍ਰਦੂਸ਼ਣ ਕਰਕੇ ਹਵਾ ਅਤੇ ਪਾਣੀ ਦੂਸ਼ਿਤ

ਕੁਦਰਤ ʼਤੇ ਇਨਸਾਨਾਂ ਦੇ ਹਮਲੇ। ਫੈਕਟਰੀਆਂ ਦੇ ਪ੍ਰਦੂਸ਼ਣ ਕਰਕੇ ਧਰਤੀ ਦਾ ਵਾਤਾਵਰਣ ਖ਼ਰਾਬ ਹੋ ਰਿਹਾ ਹੈ। ਹਰ ਸਾਲ ਲੱਖਾਂ ਹੀ ਲੋਕ ਦੂਸ਼ਿਤ ਹਵਾ ਕਰਕੇ ਮਰ ਜਾਂਦੇ ਹਨ।

ਲੋਕ ਅਤੇ ਸਰਕਾਰੀ ਏਜੰਸੀਆਂ ਗੰਦ-ਮੰਦ, ਹਸਪਤਾਲਾਂ ਤੇ ਖੇਤੀ-ਬਾੜੀ ਦਾ ਕੂੜਾ, ਪਲਾਸਟਿਕ ਅਤੇ ਹੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਸਮੁੰਦਰਾਂ ਵਿਚ ਸੁੱਟ ਦਿੰਦੇ ਹਨ। ਇਕ ਵਿਸ਼ਵ-ਕੋਸ਼ ਕਹਿੰਦਾ ਹੈ: “ਇਨ੍ਹਾਂ ਜ਼ਹਿਰੀਲੇ ਪਦਾਰਥਾਂ ਕਰਕੇ ਪਾਣੀ ਵਿਚ ਰਹਿਣ ਵਾਲੇ ਜਾਨਵਰਾਂ, ਪੇੜ-ਪੌਦਿਆਂ ਅਤੇ ਮੱਛੀ, ਝੀਂਗਾ ਵਗੈਰਾ ਖਾਣ ਵਾਲੇ ਇਨਸਾਨਾਂ ʼਤੇ ਬਹੁਤ ਮਾੜਾ ਅਸਰ ਪੈਂਦਾ ਹੈ।”

ਸਾਫ਼ ਪਾਣੀ ਦੀ ਕਿੱਲਤ ਲਗਾਤਾਰ ਵਧਦੀ ਜਾ ਰਹੀ ਹੈ। ਬ੍ਰਿਟੇਨ ਵਿਚ ਰਹਿਣ ਵਾਲੇ ਇਕ ਵਿਗਿਆਨੀ ਨੇ ਚੇਤਾਵਨੀ ਦਿੱਤੀ: “ਪਾਣੀ ਦੀ ਕਿੱਲਤ ਦਾ ਸਾਮ੍ਹਣਾ ਸਾਰੀ ਦੁਨੀਆਂ ਨੂੰ ਕਰਨਾ ਪਵੇਗਾ।” ਨੇਤਾ ਇਸ ਗੱਲ ਨਾਲ ਸਹਿਮਤ ਹਨ ਕਿ ਪਾਣੀ ਦੀ ਕਮੀ ਪਿੱਛੇ ਮਨੁੱਖਾਂ ਦਾ ਹੱਥ ਹੈ ਅਤੇ ਇਹ ਇਕ ਗੰਭੀਰ ਸਮੱਸਿਆ ਹੈ।

ਤੇਜ਼ ਤੂਫ਼ਾਨ

ਇਨਸਾਨਾਂ ʼਤੇ ਕੁਦਰਤ ਦੇ ਹਮਲੇ। ਤੇਜ਼ ਤੂਫ਼ਾਨ, ਹੜ੍ਹ ਅਤੇ ਭੁਚਾਲ਼ ਆਉਣ ਕਰਕੇ ਜ਼ਮੀਨ ਹੇਠਾਂ ਖਿਸਕ ਜਾਂਦੀ ਹੈ ਅਤੇ ਹੋਰ ਕਈ ਤਰੀਕਿਆਂ ਨਾਲ ਤਬਾਹੀ ਹੁੰਦੀ ਹੈ। ਪਹਿਲਾਂ ਕਦੇ ਵੀ ਇਨ੍ਹਾਂ ਕੁਦਰਤੀ ਆਫ਼ਤਾਂ ਕਰਕੇ ਨਾ ਤਾਂ ਇੰਨੇ ਲੋਕ ਮਾਰੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਇੰਨਾ ਨੁਕਸਾਨ ਹੋਇਆ। ਪੁਲਾੜ ਏਜੰਸੀ ਨਾਸਾ ਦੁਆਰਾ ਕੀਤੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿਚ “ਖ਼ਤਰਨਾਕ ਤੂਫ਼ਾਨ, ਹੱਦੋਂ ਵੱਧ ਗਰਮੀ, ਹੜ੍ਹ ਅਤੇ ਸੋਕਾ ਪੈਣ” ਦੀ ਸੰਭਾਵਨਾ ਵਧ ਗਈ ਹੈ। ਕੀ ਕੁਦਰਤ ਇਨਸਾਨਾਂ ਦਾ ਨਾਸ਼ ਕਰ ਦੇਵੇਗੀ?

ਤੁਸੀਂ ਹੋਰ ਵੀ ਜਾਨਲੇਵਾ ਖ਼ਤਰਿਆਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਕਰਕੇ ਸਾਡੀ ਜ਼ਿੰਦਗੀ ਖ਼ਤਰੇ ਵਿਚ ਹੈ। ਪਰ ਅੱਜ ਹੋ ਰਹੀਆਂ ਬੁਰੀਆਂ ਘਟਨਾਵਾਂ ਤੋਂ ਤੁਸੀਂ ਪਤਾ ਨਹੀਂ ਲਗਾ ਸਕਦੇ ਕਿ ਭਵਿੱਖ ਵਿਚ ਕੀ ਹੋਵੇਗਾ। ਕਈ ਲੋਕ ਨੇਤਾ ਅਤੇ ਵਿਗਿਆਨੀਆਂ ਦੀਆਂ ਗੱਲਾਂ ਸੁਣ ਕੇ ਵੀ ਇਸੇ ਤਰ੍ਹਾਂ ਹੀ ਸੋਚਦੇ ਹਨ। ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਬਹੁਤ ਸਾਰੇ ਲੋਕਾਂ ਨੇ ਜਾਣਿਆ ਹੈ ਕਿ ਦੁਨੀਆਂ ਦੇ ਹਾਲਾਤ ਬੁਰੇ ਕਿਉਂ ਹਨ ਅਤੇ ਭਵਿੱਖ ਵਿਚ ਕੀ ਹੋਵੇਗਾ। ਇਨ੍ਹਾਂ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ