ਮਿਲਫੋਰਡ ਸਾਊਂਡ
ਦੇਸ਼ ਅਤੇ ਲੋਕ
ਨਿਊਜ਼ੀਲੈਂਡ ਦੀ ਸੈਰ
ਲਗਭਗ 800 ਸਾਲ ਪਹਿਲਾਂ ਮਾਉਰੀ ਨਸਲ ਦੇ ਲੋਕਾਂ ਨੇ ਹਜ਼ਾਰਾਂ ਹੀ ਮੀਲਾਂ ਦਾ ਸਮੁੰਦਰੀ ਸਫ਼ਰ ਤੈਅ ਕੀਤਾ ਅਤੇ ਨਿਊਜ਼ੀਲੈਂਡ ਵਿਚ ਆ ਵਸੇ। ਉਹ ਪਹਿਲਾਂ ਪੌਲੀਨੇਸ਼ੀਆ ਦੇ ਗਰਮ ਟਾਪੂਆਂ ਵਿਚ ਰਹਿੰਦੇ ਸਨ ਅਤੇ ਹੁਣ ਉਹ ਜਿਸ ਇਲਾਕੇ ਵਿਚ ਆਏ ਸਨ, ਉਹ ਪੌਲੀਨੇਸ਼ੀਆ ਤੋਂ ਬਿਲਕੁਲ ਵੱਖਰਾ ਸੀ। ਇਸ ਦੇਸ਼ ਵਿਚ ਪਹਾੜ, ਬਰਫ਼ ਦੇ ਪਹਾੜ (ਗਲੇਸ਼ੀਅਰ) ਤੇ ਗਰਮ ਚਸ਼ਮੇ ਹਨ ਅਤੇ ਬਰਫ਼ਬਾਰੀ ਹੁੰਦੀ ਹੈ। ਲਗਭਗ ਪੰਜ ਸਦੀਆਂ ਬਾਅਦ ਇਕ ਹੋਰ ਨਸਲ ਦੇ ਲੋਕ ਇੱਥੇ ਆ ਕੇ ਵੱਸ ਗਏ, ਪਰ ਇਹ ਲੋਕ ਦੂਰ ਯੂਰਪ ਤੋਂ ਆਏ ਸਨ। ਅੱਜ ਬਹੁਤ ਸਾਰੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਐਂਗਲੋ-ਸੈਕਸਨ ਅਤੇ ਪੌਲੀਨੇਸ਼ੀਆ ਦੇ ਰੀਤੀ-ਰਿਵਾਜਾਂ ਬਾਰੇ ਪਤਾ ਹੈ। ਦੇਸ਼ ਦੇ ਲਗਭਗ 90% ਲੋਕ ਸ਼ਹਿਰਾਂ ਵਿਚ ਰਹਿੰਦੇ ਹਨ। ਵੈਲਿੰਗਟਨ ਸ਼ਹਿਰ ਦੀ ਖ਼ਾਸੀਅਤ ਇਹ ਹੈ ਕਿ ਇਹ ਦੁਨੀਆਂ ਦੇ ਕਿਸੇ ਵੀ ਦੇਸ਼ ਦੀ ਰਾਜਧਾਨੀ ਨਾਲੋਂ ਧੁਰ ਦੱਖਣੀ ਕੰਢੇ ʼਤੇ ਸਥਿਤ ਹੈ।
ਉੱਤਰੀ ਟਾਪੂ ਵਿਚ ਗਰਮ ਚਿੱਕੜ ਦੇ ਤਲਾਬ
ਭਾਵੇਂ ਕਿ ਨਿਊਜ਼ੀਲੈਂਡ ਦੁਨੀਆਂ ਦੇ ਇਕ ਪਾਸੇ ਨੂੰ ਹੈ, ਪਰ ਸ਼ਾਨਦਾਰ ਕੁਦਰਤੀ ਨਜ਼ਾਰੇ ਹੋਣ ਕਰਕੇ ਹਰ ਸਾਲ ਤੀਹ ਲੱਖ ਲੋਕ ਇੱਥੇ ਘੁੰਮਣ-ਫਿਰਨ ਆਉਂਦੇ ਹਨ।
ਸਿਲਵਰ ਫਰਨ ਨਾਂ ਦਾ ਦਰਖ਼ਤ 30 ਫੁੱਟ (10 ਮੀਟਰ) ਤੋਂ ਜ਼ਿਆਦਾ ਲੰਬਾ ਹੋ ਸਕਦਾ ਹੈ
1948 ਤਕ ਮੰਨਿਆ ਜਾਣ ਲੱਗਾ ਸੀ ਕਿ ਤਾਕਾਹੇ ਨਾਂ ਦਾ ਨਾ ਉੱਡਣ ਵਾਲਾ ਪੰਛੀ ਲੁਪਤ ਹੋ ਗਿਆ ਹੈ
ਨਿਊਜ਼ੀਲੈਂਡ ਵਿਚ ਵੰਨ-ਸੁਵੰਨੇ ਜੰਗਲੀ ਜੀਵ-ਜੰਤੂ ਵੀ ਹਨ। ਇੱਥੇ ਕਾਫ਼ੀ ਕਿਸਮ ਦੇ ਪੰਛੀ ਹਨ ਜੋ ਉੱਡ ਨਹੀਂ ਸਕਦੇ। ਪੂਰੀ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਇੱਦਾਂ ਦੇ ਪੰਛੀ ਇੱਥੇ ਹੀ ਪਾਏ ਜਾਂਦੇ ਹਨ। ਇੱਥੇ ਤੂਆਤਾਰਾ ਨਾਂ ਦਾ ਰੀਂਗਣ ਵਾਲਾ ਜੀਵ ਵੀ ਪਾਇਆ ਜਾਂਦਾ ਹੈ ਜੋ ਕਿਰਲੀ ਵਰਗਾ ਹੁੰਦਾ ਹੈ ਅਤੇ 100 ਤੋਂ ਜ਼ਿਆਦਾ ਸਾਲ ਜੀਉਂਦਾ ਰਹਿ ਸਕਦਾ ਹੈ। ਉੱਥੇ ਦੇ ਥਣਧਾਰੀ ਜੀਵਾਂ ਵਿਚ ਸਿਰਫ਼ ਚਮਗਿੱਦੜਾਂ ਦੀਆਂ ਕੁਝ ਕਿਸਮਾਂ ਹਨ ਅਤੇ ਕੁਝ ਪਾਣੀ ਵਿਚ ਰਹਿਣ ਵਾਲੇ ਵੱਡੇ ਥਣਧਾਰੀ ਜੀਵ ਹਨ, ਜਿਵੇਂ ਵ੍ਹੇਲ ਅਤੇ ਡਾਲਫਿਨ।
ਨਿਊਜ਼ੀਲੈਂਡ ਵਿਚ ਯਹੋਵਾਹ ਦੇ ਗਵਾਹ ਲਗਭਗ 120 ਸਾਲਾਂ ਤੋਂ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਹ 19 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਬਾਰੇ ਸਿਖਾਉਂਦੇ ਹਨ। ਇਨ੍ਹਾਂ ਵਿਚ ਪੌਲੀਨੇਸ਼ੀਆਈ ਭਾਸ਼ਾਵਾਂ ਸ਼ਾਮਲ ਹਨ, ਜਿਵੇਂ ਨੀਊਅਨ, ਰਾਰੋਟੋਂਗਨ, ਸਾਮੋਆ ਤੇ ਤੋਂਗਨ।
ਮਾਉਰੀ ਲੋਕੀਂ ਆਪਣੇ ਦੇਸ਼ ਦੇ ਰਿਵਾਇਤੀ ਕੱਪੜੇ ਪਾ ਕੇ ਨੱਚਦੇ ਹੋਏ