-
ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?ਜਾਗਰੂਕ ਬਣੋ!—2017 | ਨੰ. 4
-
-
ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?
ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?
2017 ਦੇ ਸ਼ੁਰੂ ਵਿਚ ਕੁਝ ਵਿਗਿਆਨੀਆਂ ਨੇ ਬੇਹੱਦ ਨਿਰਾਸ਼ ਕਰਨ ਵਾਲੀ ਘੋਸ਼ਣਾ ਕੀਤੀ। ਜਨਵਰੀ ਵਿਚ ਕੁਝ ਵਿਗਿਆਨੀਆਂ ਨੇ ਘੋਸ਼ਣਾ ਕੀਤੀ ਕਿ ਦੁਨੀਆਂ ਦਾ ਅੰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਆ ਗਿਆ ਹੈ। ਉਨ੍ਹਾਂ ਨੇ ਕਿਆਮਤ ਦੀ ਘੜੀ, ਜੋ ਨਾਸ਼ ਦੇ ਦਿਨ ਨੂੰ ਦਰਸਾਉਂਦੀ ਹੈ, ਨਾਲ ਸਮਝਾਇਆ ਕਿ ਦੁਨੀਆਂ ਤਬਾਹੀ ਦੇ ਕਿੰਨੇ ਨੇੜੇ ਹੈ। ਇਸ ਲਈ ਵਿਗਿਆਨੀਆਂ ਨੇ ਘੜੀ ਨੂੰ 30 ਸਕਿੰਟ ਅੱਗੇ ਕਰ ਦਿੱਤਾ। ਇਸ ਘੜੀ ਦਾ ਸਮਾਂ ਇਸ ਤਰ੍ਹਾਂ ਸੈੱਟ ਕੀਤਾ ਗਿਆ ਕਿ 12 ਵੱਜਣ ਵਿਚ ਸਿਰਫ਼ ਢਾਈ ਮਿੰਟ ਰਹਿੰਦੇ ਹਨ। ਪਿਛਲੇ 60 ਤੋਂ ਜ਼ਿਆਦਾ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਦੁਨੀਆਂ ਦੇ ਨਾਸ਼ ਹੋਣ ਵਿਚ ਇੰਨਾ ਘੱਟ ਸਮਾਂ ਰਿਹਾ ਹੋਵੇ।
2018 ਵਿਚ ਵਿਗਿਆਨੀ ਦੁਬਾਰਾ ਅਨੁਮਾਨ ਲਾਉਣਗੇ ਕਿ ਅਸੀਂ ਅੰਤ ਦੇ ਕਿੰਨੇ ਨੇੜੇ ਹਾਂ। ਕੀ ਕਿਆਮਤ ਦੀ ਘੜੀ ਉਦੋਂ ਵੀ ਦੁਨੀਆਂ ਦੇ ਨਾਸ਼ ਵੱਲ ਇਸ਼ਾਰਾ ਕਰੇਗੀ? ਤੁਸੀਂ ਕੀ ਸੋਚਦੇ ਹੋ? ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ? ਤੁਹਾਨੂੰ ਸ਼ਾਇਦ ਲੱਗੇ ਕਿ ਇਸ ਸਵਾਲ ਦਾ ਜਵਾਬ ਜਾਣਨਾ ਮੁਸ਼ਕਲ ਹੈ। ਦਰਅਸਲ ਇਸ ਮਾਮਲੇ ਬਾਰੇ ਮਾਹਰਾਂ ਦੀ ਵੀ ਵੱਖੋ-ਵੱਖਰੀ ਰਾਇ ਹੈ। ਸਾਰੇ ਲੋਕ ਇਸ ਗੱਲ ʼਤੇ ਯਕੀਨ ਨਹੀਂ ਕਰਦੇ ਕਿ ਦੁਨੀਆਂ ਦਾ ਅੰਤ ਹੋ ਜਾਵੇਗਾ।
ਅਸਲ ਵਿਚ, ਲੱਖਾਂ ਹੀ ਲੋਕ ਸੁਨਹਿਰੇ ਭਵਿੱਖ ਦੀ ਆਸ ਰੱਖਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਇਨਸਾਨਾਂ ਅਤੇ ਧਰਤੀ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ ਅਤੇ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ। ਕੀ ਇਨ੍ਹਾਂ ਸਬੂਤਾਂ ʼਤੇ ਭਰੋਸਾ ਕੀਤਾ ਜਾ ਸਕਦਾ ਹੈ? ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?
-
-
ਜਵਾਬਾਂ ਦੀ ਭਾਲਜਾਗਰੂਕ ਬਣੋ!—2017 | ਨੰ. 4
-
-
ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?
ਜਵਾਬਾਂ ਦੀ ਭਾਲ
ਜੇ ਤੁਸੀਂ ਬਹੁਤ ਸਾਰੀਆਂ ਬੁਰੀਆਂ ਖ਼ਬਰਾਂ ਸੁਣ ਕੇ ਫ਼ਿਕਰਮੰਦ ਹੋ ਗਏ ਹੋ ਜਾਂ ਡਰ ਗਏ ਹੋ, ਤਾਂ ਤੁਸੀਂ ਇਕੱਲੇ ਨਹੀਂ ਹੋ। 2014 ਵਿਚ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਕਿਹਾ ਸੀ ਕਿ ਅਖ਼ਬਾਰਾਂ ਜਾਂ ਟੀ. ਵੀ. ʼਤੇ ਬੁਰੀਆਂ ਖ਼ਬਰਾਂ ਸੁਣਨ ਕਰਕੇ ਬਹੁਤ ਸਾਰੇ ਲੋਕ ਸੋਚਣ ਲੱਗ ਪਏ ਕਿ ‘ਇਸ ਦੁਨੀਆਂ ਨੂੰ ਤਬਾਹੀ ਤੋਂ ਬਚਾਉਣ ਲਈ ਕੋਈ ਵੀ ਕੁਝ ਨਹੀਂ ਕਰ ਸਕਦਾ।’
ਇਹ ਗੱਲ ਕਹਿਣ ਤੋਂ ਬਾਅਦ, ਉਸ ਨੇ ਦੱਸਿਆ ਕਿ ਦੁਨੀਆਂ ਦੇ ਹਾਲਾਤਾਂ ਨੂੰ ਸੁਧਾਰਨ ਲਈ ਕਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਉਸ ਨੇ ਸਰਕਾਰਾਂ ਦੀਆਂ ਕੁਝ ਯੋਜਨਾਵਾਂ ਨੂੰ “ਖ਼ੁਸ਼ ਖ਼ਬਰੀ” ਕਿਹਾ। ਉਸ ਨੇ ਕਿਹਾ ਕਿ ਉਸ ਕੋਲ “ਨਿਰਾਸ਼” ਹੋਣ ਦਾ ਕੋਈ ਵੀ ਕਾਰਨ ਨਹੀਂ ਹੈ ਤੇ ਉਸ ਨੂੰ “ਪੱਕੀ ਉਮੀਦ” ਹੈ। ਉਸ ਦੇ ਕਹਿਣ ਦਾ ਮਤਲਬ ਸੀ ਕਿ ਇਨਸਾਨਾਂ ਵੱਲੋਂ ਬਣਾਈਆਂ ਯੋਜਨਾਵਾਂ ਦੁਨੀਆਂ ਨੂੰ ਤਬਾਹ ਹੋਣ ਤੋਂ ਬਚਾ ਸਕਦੀਆਂ ਹਨ।
ਕਈ ਲੋਕ ਇਸ ਗੱਲ ਨਾਲ ਸਹਿਮਤ ਹਨ। ਮਿਸਾਲ ਲਈ, ਬਹੁਤ ਸਾਰੇ ਲੋਕਾਂ ਨੂੰ ਵਿਗਿਆਨ ʼਤੇ ਭਰੋਸਾ ਹੈ ਅਤੇ ਉਹ ਅਨੁਮਾਨ ਲਾਉਂਦੇ ਹਨ ਕਿ ਤਕਨਾਲੋਜੀ ਵਿਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਦੁਨੀਆਂ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਤਕਨਾਲੋਜੀ ਦੇ ਇਕ ਮਾਹਰ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਸਾਲ 2030 ਵਿਚ “ਤਕਨਾਲੋਜੀ ਅੱਜ ਨਾਲੋਂ ਹਜ਼ਾਰ ਗੁਣਾ ਬਿਹਤਰ ਹੋਵੇਗੀ ਅਤੇ 2045 ਵਿਚ ਲੱਖਾਂ ਗੁਣਾ।” ਉਸ ਨੇ ਅੱਗੇ ਕਿਹਾ: “ਅਸੀਂ ਬਹੁਤ ਵਧੀਆ ਕਰ ਰਹੇ ਹਾਂ। ਭਾਵੇਂ ਅੱਜ ਦੀਆਂ ਮੁਸ਼ਕਲਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈਆਂ ਹਨ, ਪਰ ਇਨ੍ਹਾਂ ਨੂੰ ਹੱਲ ਕਰਨ ਦੀ ਕਾਬਲੀਅਤ ਇਸ ਤੋਂ ਵੀ ਜ਼ਿਆਦਾ ਵਧ ਗਈ ਹੈ।”
ਦੁਨੀਆਂ ਦੇ ਹਾਲਾਤ ਕਿਸ ਹੱਦ ਤਕ ਖ਼ਰਾਬ ਹਨ? ਕੀ ਦੁਨੀਆਂ ਬਸ ਖ਼ਤਮ ਹੀ ਹੋਣ ਵਾਲੀ ਹੈ? ਭਾਵੇਂ ਬਹੁਤ ਸਾਰੇ ਵਿਗਿਆਨੀ ਅਤੇ ਨੇਤਾ ਉਮੀਦ ਦਿੰਦੇ ਹਨ, ਪਰ ਫਿਰ ਵੀ ਬਹੁਤ ਸਾਰੇ ਲੋਕ ਦੁਨੀਆਂ ਦੇ ਭਵਿੱਖ ਨੂੰ ਲੈ ਕੇ ਦੁਚਿੱਤੀ ਵਿਚ ਹਨ। ਕਿਉਂ?
ਸਰਬਨਾਸ਼ ਕਰਨ ਵਾਲੇ ਹਥਿਆਰ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸੰਯੁਕਤ ਰਾਸ਼ਟਰ-ਸੰਘ ਅਤੇ ਹੋਰ ਸੰਗਠਨ ਪ੍ਰਮਾਣੂ ਹਥਿਆਰ ਖ਼ਤਮ ਕਰਨ ਵਿਚ ਨਾਕਾਮਯਾਬ ਰਹੇ ਹਨ। ਇਸ ਦੀ ਬਜਾਇ, ਬਹੁਤ ਸਾਰੇ ਨੇਤਾ ਮਾਰੂ ਹਥਿਆਰਾਂ ʼਤੇ ਰੋਕ ਲਾਉਣ ਲਈ ਬਣਾਏ ਕਾਨੂੰਨਾਂ ਨੂੰ ਐਵੀਂ ਸਮਝਦੇ ਹਨ। ਜਿਨ੍ਹਾਂ ਦੇਸ਼ਾਂ ਕੋਲ ਪਹਿਲਾਂ ਹੀ ਪਰਮਾਣੂ ਹਥਿਆਰ ਹਨ, ਉਹ ਪੁਰਾਣੇ ਬੰਬਾਂ ਨੂੰ ਜ਼ਿਆਦਾ ਘਾਤਕ ਬਣਾਉਣ ਦੇ ਨਾਲ-ਨਾਲ ਹੋਰ ਨਵੇਂ ਖ਼ਤਰਨਾਕ ਬੰਬ ਬਣਾ ਰਹੇ ਹਨ। ਜਿਨ੍ਹਾਂ ਦੇਸ਼ਾਂ ਕੋਲ ਪਹਿਲਾਂ ਖ਼ਤਰਨਾਕ ਹਥਿਆਰ ਨਹੀਂ ਸਨ, ਹੁਣ ਉਨ੍ਹਾਂ ਕੋਲ ਵੀ ਇੰਨੇ ਹਥਿਆਰ ਹਨ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਨ।
ਭਾਵੇਂ ਦੇਸ਼ਾਂ ਵਿਚ ਯੁੱਧ ਨਹੀਂ ਚੱਲ ਰਿਹਾ ਤੇ ਕਹਿਣ ਨੂੰ “ਸ਼ਾਂਤੀ” ਵੀ ਹੈ, ਪਰ ਫਿਰ ਵੀ ਦੇਸ਼ ਬਿਨਾਂ ਝਿਜਕੇ ਪਰਮਾਣੂ ਹਥਿਆਰ ਇਸਤੇਮਾਲ ਕਰਨ ਲਈ ਤਿਆਰ ਹਨ। ਇਸ ਕਰਕੇ ਦੁਨੀਆਂ ʼਤੇ ਯੁੱਧ ਦਾ ਖ਼ਤਰਾ ਬਣਿਆ ਹੋਇਆ ਹੈ। ਇਕ ਵਿਗਿਆਨਕ ਰਸਾਲੇ ਵਿਚ ਚੇਤਾਵਨੀ ਦਿੱਤੀ ਗਈ ਕਿ ਸਭ ਤੋਂ ਵੱਡਾ ਖ਼ਤਰਾ “ਉਨ੍ਹਾਂ ਮਸ਼ੀਨਾਂ ਤੋਂ ਹੈ ਜੋ ਆਪਣੇ ਆਪ ਦੁਸ਼ਮਣਾਂ ਦੀਆਂ ਥਾਵਾਂ ਲੱਭ ਕੇ ਹਮਲਾ ਕਰ ਸਕਦੀਆਂ ਹਨ।”
ਸਿਹਤ ਨੂੰ ਖ਼ਤਰਾ। ਵਿਗਿਆਨ ਸਾਨੂੰ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਕਰ ਸਕਦਾ। ਹਾਈ ਬਲੱਡ ਪ੍ਰੈਸ਼ਰ, ਮੋਟਾਪੇ, ਹਵਾ ਦੇ ਪ੍ਰਦੂਸ਼ਣ, ਦਵਾਈਆਂ ਦੇ ਗ਼ਲਤ ਇਸਤੇਮਾਲ ਕਰਕੇ ਬੀਮਾਰੀਆਂ ਲੱਗਣ ਦਾ ਖ਼ਤਰਾ ਦਿਨ-ਬਦਿਨ ਵੱਧ ਰਿਹਾ ਹੈ। ਬਹੁਤ ਸਾਰੇ ਲੋਕ ਨਾ-ਫੈਲਣ ਵਾਲੀਆਂ ਬੀਮਾਰੀਆਂ ਨਾਲ ਮਰ ਰਹੇ ਹਨ, ਜਿਵੇਂ ਕੈਂਸਰ, ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ। ਇੱਦਾਂ ਦੀਆਂ ਵੀ ਬੀਮਾਰੀਆਂ ਹਨ ਜਿਨ੍ਹਾਂ ਕਰਕੇ ਬਹੁਤ ਸਾਰੇ ਲੋਕ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਰਹਿੰਦੇ, ਜਿਵੇਂ ਦਿਮਾਗ਼ੀ ਬੀਮਾਰੀਆਂ। ਹਾਲ ਹੀ ਦੇ ਸਾਲਾਂ ਵਿਚ ਈਬੋਲਾ ਅਤੇ ਜ਼ੀਕਾ ਵਰਗੀਆਂ ਖ਼ਤਰਨਾਕ ਮਹਾਂਮਾਰੀਆਂ ਫੈਲੀਆਂ ਹਨ। ਮੁੱਖ ਗੱਲ: ਬੀਮਾਰੀਆਂ ਤੋਂ ਛੁਟਕਾਰਾ ਪਾਉਣਾ ਇਨਸਾਨ ਦੇ ਵੱਸੋਂ ਬਾਹਰ ਹੋ ਚੁੱਕਾ ਹੈ ਅਤੇ ਇਨ੍ਹਾਂ ਦੇ ਖ਼ਤਮ ਹੋਣ ਦੀ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ!
ਕੁਦਰਤ ʼਤੇ ਇਨਸਾਨਾਂ ਦੇ ਹਮਲੇ। ਫੈਕਟਰੀਆਂ ਦੇ ਪ੍ਰਦੂਸ਼ਣ ਕਰਕੇ ਧਰਤੀ ਦਾ ਵਾਤਾਵਰਣ ਖ਼ਰਾਬ ਹੋ ਰਿਹਾ ਹੈ। ਹਰ ਸਾਲ ਲੱਖਾਂ ਹੀ ਲੋਕ ਦੂਸ਼ਿਤ ਹਵਾ ਕਰਕੇ ਮਰ ਜਾਂਦੇ ਹਨ।
ਲੋਕ ਅਤੇ ਸਰਕਾਰੀ ਏਜੰਸੀਆਂ ਗੰਦ-ਮੰਦ, ਹਸਪਤਾਲਾਂ ਤੇ ਖੇਤੀ-ਬਾੜੀ ਦਾ ਕੂੜਾ, ਪਲਾਸਟਿਕ ਅਤੇ ਹੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਸਮੁੰਦਰਾਂ ਵਿਚ ਸੁੱਟ ਦਿੰਦੇ ਹਨ। ਇਕ ਵਿਸ਼ਵ-ਕੋਸ਼ ਕਹਿੰਦਾ ਹੈ: “ਇਨ੍ਹਾਂ ਜ਼ਹਿਰੀਲੇ ਪਦਾਰਥਾਂ ਕਰਕੇ ਪਾਣੀ ਵਿਚ ਰਹਿਣ ਵਾਲੇ ਜਾਨਵਰਾਂ, ਪੇੜ-ਪੌਦਿਆਂ ਅਤੇ ਮੱਛੀ, ਝੀਂਗਾ ਵਗੈਰਾ ਖਾਣ ਵਾਲੇ ਇਨਸਾਨਾਂ ʼਤੇ ਬਹੁਤ ਮਾੜਾ ਅਸਰ ਪੈਂਦਾ ਹੈ।”
ਸਾਫ਼ ਪਾਣੀ ਦੀ ਕਿੱਲਤ ਲਗਾਤਾਰ ਵਧਦੀ ਜਾ ਰਹੀ ਹੈ। ਬ੍ਰਿਟੇਨ ਵਿਚ ਰਹਿਣ ਵਾਲੇ ਇਕ ਵਿਗਿਆਨੀ ਨੇ ਚੇਤਾਵਨੀ ਦਿੱਤੀ: “ਪਾਣੀ ਦੀ ਕਿੱਲਤ ਦਾ ਸਾਮ੍ਹਣਾ ਸਾਰੀ ਦੁਨੀਆਂ ਨੂੰ ਕਰਨਾ ਪਵੇਗਾ।” ਨੇਤਾ ਇਸ ਗੱਲ ਨਾਲ ਸਹਿਮਤ ਹਨ ਕਿ ਪਾਣੀ ਦੀ ਕਮੀ ਪਿੱਛੇ ਮਨੁੱਖਾਂ ਦਾ ਹੱਥ ਹੈ ਅਤੇ ਇਹ ਇਕ ਗੰਭੀਰ ਸਮੱਸਿਆ ਹੈ।
ਇਨਸਾਨਾਂ ʼਤੇ ਕੁਦਰਤ ਦੇ ਹਮਲੇ। ਤੇਜ਼ ਤੂਫ਼ਾਨ, ਹੜ੍ਹ ਅਤੇ ਭੁਚਾਲ਼ ਆਉਣ ਕਰਕੇ ਜ਼ਮੀਨ ਹੇਠਾਂ ਖਿਸਕ ਜਾਂਦੀ ਹੈ ਅਤੇ ਹੋਰ ਕਈ ਤਰੀਕਿਆਂ ਨਾਲ ਤਬਾਹੀ ਹੁੰਦੀ ਹੈ। ਪਹਿਲਾਂ ਕਦੇ ਵੀ ਇਨ੍ਹਾਂ ਕੁਦਰਤੀ ਆਫ਼ਤਾਂ ਕਰਕੇ ਨਾ ਤਾਂ ਇੰਨੇ ਲੋਕ ਮਾਰੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਇੰਨਾ ਨੁਕਸਾਨ ਹੋਇਆ। ਪੁਲਾੜ ਏਜੰਸੀ ਨਾਸਾ ਦੁਆਰਾ ਕੀਤੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿਚ “ਖ਼ਤਰਨਾਕ ਤੂਫ਼ਾਨ, ਹੱਦੋਂ ਵੱਧ ਗਰਮੀ, ਹੜ੍ਹ ਅਤੇ ਸੋਕਾ ਪੈਣ” ਦੀ ਸੰਭਾਵਨਾ ਵਧ ਗਈ ਹੈ। ਕੀ ਕੁਦਰਤ ਇਨਸਾਨਾਂ ਦਾ ਨਾਸ਼ ਕਰ ਦੇਵੇਗੀ?
ਤੁਸੀਂ ਹੋਰ ਵੀ ਜਾਨਲੇਵਾ ਖ਼ਤਰਿਆਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਕਰਕੇ ਸਾਡੀ ਜ਼ਿੰਦਗੀ ਖ਼ਤਰੇ ਵਿਚ ਹੈ। ਪਰ ਅੱਜ ਹੋ ਰਹੀਆਂ ਬੁਰੀਆਂ ਘਟਨਾਵਾਂ ਤੋਂ ਤੁਸੀਂ ਪਤਾ ਨਹੀਂ ਲਗਾ ਸਕਦੇ ਕਿ ਭਵਿੱਖ ਵਿਚ ਕੀ ਹੋਵੇਗਾ। ਕਈ ਲੋਕ ਨੇਤਾ ਅਤੇ ਵਿਗਿਆਨੀਆਂ ਦੀਆਂ ਗੱਲਾਂ ਸੁਣ ਕੇ ਵੀ ਇਸੇ ਤਰ੍ਹਾਂ ਹੀ ਸੋਚਦੇ ਹਨ। ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਬਹੁਤ ਸਾਰੇ ਲੋਕਾਂ ਨੇ ਜਾਣਿਆ ਹੈ ਕਿ ਦੁਨੀਆਂ ਦੇ ਹਾਲਾਤ ਬੁਰੇ ਕਿਉਂ ਹਨ ਅਤੇ ਭਵਿੱਖ ਵਿਚ ਕੀ ਹੋਵੇਗਾ। ਇਨ੍ਹਾਂ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
-
-
ਬਾਈਬਲ ਕੀ ਕਹਿੰਦੀ ਹੈ?ਜਾਗਰੂਕ ਬਣੋ!—2017 | ਨੰ. 4
-
-
ਕਿਆਮਤ ਦੀ ਘੜੀ ਦੁਆਰਾ ਲਾਏ ਅੰਦਾਜ਼ੇ ਕਦੇ ਪੂਰੇ ਨਹੀਂ ਹੋਣਗੇ ਕਿਉਂਕਿ ਰੱਬ ਨੇ ਇਨਸਾਨਾਂ ਅਤੇ ਧਰਤੀ ਲਈ ਸੁਨਹਿਰੇ ਭਵਿੱਖ ਦਾ ਵਾਅਦਾ ਕੀਤਾ ਹੈ
ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?
ਬਾਈਬਲ ਕੀ ਕਹਿੰਦੀ ਹੈ?
ਬਾਈਬਲ ਵਿਚ ਸਦੀਆਂ ਪਹਿਲਾਂ ਹੀ ਦੁਨੀਆਂ ਦੀ ਇਸ ਮਾੜੀ ਹਾਲਤ ਬਾਰੇ ਦੱਸਿਆ ਗਿਆ ਸੀ। ਨਾਲੇ ਇਨਸਾਨਾਂ ਦੇ ਚੰਗੇ ਭਵਿੱਖ ਬਾਰੇ ਵੀ ਪਹਿਲਾਂ ਹੀ ਇਸ ਵਿਚ ਦੱਸਿਆ ਗਿਆ ਸੀ। ਬਾਈਬਲ ਵਿਚ ਦਰਜ ਬਹੁਤ ਸਾਰੀਆਂ ਭਵਿੱਖਬਾਣੀਆਂ ਐਨ ਉਸੇ ਤਰ੍ਹਾਂ ਪੂਰੀਆਂ ਹੋ ਚੁੱਕੀਆਂ ਹਨ ਜਿਸ ਤਰ੍ਹਾਂ ਲਿਖੀਆਂ ਗਈਆਂ ਸਨ, ਇਸ ਲਈ ਸਾਨੂੰ ਬਾਈਬਲ ਵਿਚ ਦੱਸੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਮਿਸਾਲ ਲਈ, ਹੇਠ ਲਿਖੀਆਂ ਬਾਈਬਲ ਦੀਆਂ ਭਵਿੱਖਬਾਣੀਆਂ ʼਤੇ ਗੌਰ ਕਰੋ:
“ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।”—ਮੱਤੀ 24:7.
“ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”—2 ਤਿਮੋਥਿਉਸ 3:1-4.
ਇਨ੍ਹਾਂ ਭਵਿੱਖਬਾਣੀਆਂ ਕਰਕੇ ਕਈ ਲੋਕ ਸ਼ਾਇਦ ਸੋਚਣ ਕਿ ਦੁਨੀਆਂ ਤੇਜ਼ੀ ਨਾਲ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ। ਦਰਅਸਲ, ਇਹ ਇਨਸਾਨਾਂ ਦੇ ਹੱਥ-ਵੱਸ ਨਹੀਂ ਕਿ ਉਹ ਦੁਨੀਆਂ ਨੂੰ ਬਚਾ ਸਕਣ। ਬਾਈਬਲ ਕਹਿੰਦੀ ਹੈ ਕਿ ਇਨਸਾਨਾਂ ਕੋਲ ਨਾ ਤਾਂ ਇੰਨੀ ਬੁੱਧ ਹੈ ਤੇ ਨਾ ਹੀ ਇੰਨੀ ਸ਼ਕਤੀ ਕਿ ਉਹ ਦੁਨੀਆਂ ਦੇ ਹਾਲਾਤ ਪੂਰੀ ਤਰ੍ਹਾਂ ਠੀਕ ਕਰ ਸਕਣ। ਬਾਈਬਲ ਵਿਚ ਥੱਲੇ ਦੱਸੀਆਂ ਆਇਤਾਂ ਵਿਚ ਇਹੀ ਗੱਲ ਦੱਸੀ ਗਈ ਹੈ:
“ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।”—ਕਹਾਉਤਾਂ 14:12.
“ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.
‘ਮਨੁੱਖ ਦੇ ਵੱਸ ਨਹੀਂ ਕਿ ਉਹ ਆਪਣੇ ਕਦਮਾਂ ਨੂੰ ਕਾਇਮ ਕਰੇ।’—ਯਿਰਮਿਯਾਹ 10:23.
ਜੇ ਇਨਸਾਨ ਇਸੇ ਤਰ੍ਹਾਂ ਆਪਣੀ ਮਨ-ਮਰਜ਼ੀ ਕਰਦੇ ਰਹੇ, ਤਾਂ ਛੇਤੀ ਹੀ ਦੁਨੀਆਂ ਤਬਾਹ ਹੋ ਸਕਦੀ ਹੈ। ਪਰ ਇੱਦਾਂ ਨਹੀਂ ਹੋਵੇਗਾ! ਕਿਉਂ? ਕਿਉਂਕਿ ਬਾਈਬਲ ਦੱਸਦੀ ਹੈ:
ਰੱਬ ਨੇ “ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।”—ਜ਼ਬੂਰਾਂ ਦੀ ਪੋਥੀ 104:5.
“ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ।”—ਉਪਦੇਸ਼ਕ ਦੀ ਪੋਥੀ 1:4.
“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.
“ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ” ਹੋਵੇਗਾ।—ਜ਼ਬੂਰਾਂ ਦੀ ਪੋਥੀ 72:16.
ਬਾਈਬਲ ਦੀਆਂ ਇਨ੍ਹਾਂ ਗੱਲਾਂ ਤੋਂ ਸਾਨੂੰ ਸਹੀ-ਸਹੀ ਜਵਾਬ ਮਿਲਦੇ ਹਨ। ਪ੍ਰਦੂਸ਼ਣ, ਖਾਣ-ਪੀਣ ਦੀ ਕਮੀ ਅਤੇ ਮਹਾਂਮਾਰੀ ਕਰਕੇ ਇਨਸਾਨ ਨਹੀਂ ਮਰਨਗੇ। ਪਰਮਾਣੂ ਯੁੱਧਾਂ ਨਾਲ ਦੁਨੀਆਂ ਦਾ ਨਾਸ਼ ਨਹੀਂ ਹੋਵੇਗਾ। ਕਿਉਂ? ਕਿਉਂਕਿ ਧਰਤੀ ਦਾ ਭਵਿੱਖ ਰੱਬ ਦੇ ਹੱਥਾਂ ਵਿਚ ਹੈ। ਮੰਨਿਆ ਕਿ ਰੱਬ ਨੇ ਇਨਸਾਨਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਆਪਣੇ ਫ਼ੈਸਲੇ ਆਪ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਦੇ ਨਤੀਜੇ ਭੁਗਤਣੇ ਪੈਂਦੇ ਹਨ। (ਗਲਾਤੀਆਂ 6:7) ਦੁਨੀਆਂ ਉਸ ਗੱਡੀ ਵਾਂਗ ਨਹੀਂ ਹੈ ਜਿਸ ਦੀਆਂ ਬ੍ਰੇਕਾਂ ਫੇਲ੍ਹ ਹੋ ਚੁੱਕੀਆਂ ਹਨ ਅਤੇ ਜੋ ਤਬਾਹੀ ਵੱਲ ਵੱਧ ਰਹੀ ਹੈ। ਰੱਬ ਇਨਸਾਨ ਨੂੰ ਇਕ ਹੱਦ ਤੋਂ ਜ਼ਿਆਦਾ ਆਪਣਾ ਨੁਕਸਾਨ ਨਹੀਂ ਕਰਨ ਦੇਵੇਗਾ।—ਜ਼ਬੂਰਾਂ ਦੀ ਪੋਥੀ 83:18; ਇਬਰਾਨੀਆਂ 4:13.
ਇੰਨਾ ਹੀ ਨਹੀਂ, ਉਹ ਧਰਤੀ ʼਤੇ ਭਰਪੂਰ “ਸ਼ਾਤੀ” ਵੀ ਲਿਆਵੇਗਾ। (ਜ਼ਬੂਰਾਂ ਦੀ ਪੋਥੀ 37:11, ERV) ਇਸ ਲੇਖ ਵਿਚ ਦੱਸੀਆਂ ਗੱਲਾਂ ਚੰਗੇ ਭਵਿੱਖ ਦੀ ਸਿਰਫ਼ ਇਕ ਛੋਟੀ ਜਿਹੀ ਹੀ ਝਲਕ ਸਨ। ਲੱਖਾਂ ਹੀ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦਾ ਅਧਿਐਨ ਕਰ ਕੇ ਸਿੱਖਿਆ ਹੈ ਕਿ ਸਾਡਾ ਭਵਿੱਖ ਸੁਨਹਿਰਾ ਹੋਵੇਗਾ।
ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਹਨ ਜਿਸ ਵਿਚ ਹਰ ਉਮਰ ਅਤੇ ਪਿਛੋਕੜ ਦੇ ਲੋਕ ਸ਼ਾਮਲ ਹਨ। ਉਹ ਸਿਰਫ਼ ਇੱਕੋ-ਇਕ ਸੱਚੇ ਰੱਬ ਦੀ ਭਗਤੀ ਕਰਦੇ ਹਨ ਜਿਸ ਦਾ ਨਾਂ ਬਾਈਬਲ ਵਿਚ ਯਹੋਵਾਹ ਦੱਸਿਆ ਗਿਆ ਹੈ। ਉਹ ਭਵਿੱਖ ਬਾਰੇ ਸੋਚ ਕੇ ਨਹੀਂ ਡਰਦੇ ਕਿਉਂਕਿ ਬਾਈਬਲ ਕਹਿੰਦੀ ਹੈ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,— ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,— ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,— ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।”—ਯਸਾਯਾਹ 45:18.
ਇਸ ਲੇਖ ਵਿਚ ਇਨਸਾਨਾਂ ਅਤੇ ਧਰਤੀ ਦੇ ਭਵਿੱਖ ਬਾਰੇ ਬਾਈਬਲ ਦੀਆਂ ਕੁਝ ਗੱਲਾਂ ਬਾਰੇ ਦੱਸਿਆ ਗਿਆ ਸੀ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦਾ ਪਾਠ 5 ਦੇਖੋ। ਤੁਸੀਂ ਇਹ ਬਰੋਸ਼ਰ www.jw.org/pa ʼਤੇ ਵੀ ਪੜ੍ਹ ਸਕਦੇ ਹੋ
ਤੁਸੀਂ www.jw.org/pa ʼਤੇ ਰੱਬ ਨੇ ਧਰਤੀ ਕਿਉਂ ਬਣਾਈ? ਨਾਂ ਦਾ ਵੀਡੀਓ ਵੀ ਦੇਖ ਸਕਦੇ ਹੋ। (“ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ)
-