-
ਭਾਗ 1: ਮਸੀਹੀ ਸਿੱਖਿਆਵਾਂ‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
-
-
ਬਪਤਿਸਮੇ ਦੀ ਤਿਆਰੀ ਕਰਨ ਵਾਲਿਆਂ ਲਈ ਸਵਾਲ
ਭਾਗ 1: ਮਸੀਹੀ ਸਿੱਖਿਆਵਾਂ
ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਸੱਚਾਈ ਬਾਰੇ ਕਾਫ਼ੀ ਕੁਝ ਜਾਣ ਗਏ ਹੋ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖੀਆਂ ਗੱਲਾਂ ਕਰਕੇ ਪਰਮੇਸ਼ੁਰ ਨਾਲ ਤੁਹਾਡਾ ਚੰਗਾ ਰਿਸ਼ਤਾ ਬਣਿਆ ਹੈ। ਨਾਲੇ ਉਸ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਤੁਹਾਨੂੰ ਵਧੀਆ ਭਵਿੱਖ ਅਤੇ ਬਰਕਤਾਂ ਦੀ ਉਮੀਦ ਵੀ ਮਿਲੀ ਹੈ। ਇਹੀ ਨਹੀਂ, ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਤੁਸੀਂ ਹੁਣ ਵੀ ਬਹੁਤ ਸਾਰੀਆਂ ਬਰਕਤਾਂ ਪਾ ਰਹੇ ਹੋ। ਤੁਸੀਂ ਇਹ ਵੀ ਦੇਖਿਆ ਹੈ ਕਿ ਯਹੋਵਾਹ ਪਿਆਰ ਨਾਲ ਆਪਣੇ ਲੋਕਾਂ ਦੀ ਦੇਖ-ਭਾਲ ਕਰ ਰਿਹਾ ਹੈ।—ਜ਼ਕ. 8:23.
ਬਪਤਿਸਮਾ ਲੈਣ ਦੀ ਤਿਆਰੀ ਕਰਦੇ ਹੋਏ ਤੁਹਾਨੂੰ ਮੰਡਲੀ ਦੇ ਬਜ਼ੁਰਗਾਂ ਨਾਲ ਬੁਨਿਆਦੀ ਮਸੀਹੀ ਸਿੱਖਿਆਵਾਂ ʼਤੇ ਚਰਚਾ ਕਰਨ ਨਾਲ ਫ਼ਾਇਦਾ ਹੋਵੇਗਾ। (ਇਬ. 6:1-3) ਯਹੋਵਾਹ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਰਹੋ ਅਤੇ ਉਹ ਜ਼ਰੂਰ ਤੁਹਾਨੂੰ ਬਰਕਤਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਦੇਵੇਗਾ।—ਯੂਹੰ. 17:3.
ਤੁਸੀਂ ਬਪਤਿਸਮਾ ਕਿਉਂ ਲੈਣਾ ਚਾਹੁੰਦੇ ਹੋ?
ਯਹੋਵਾਹ ਕੌਣ ਹੈ?
“ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।”—ਬਿਵ. 4:39.
“ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ, ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।”—ਜ਼ਬੂ. 83:18.
ਤੁਹਾਡੇ ਲਈ ਪਰਮੇਸ਼ੁਰ ਦਾ ਨਾਂ ਲੈਣਾ ਜ਼ਰੂਰੀ ਕਿਉਂ ਹੈ?
“ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।’”—ਮੱਤੀ 6:9.
“ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”—ਰੋਮੀ. 10:13.
ਬਾਈਬਲ ਵਿਚ ਯਹੋਵਾਹ ਬਾਰੇ ਦੱਸਣ ਲਈ ਕਿਹੜੇ ਕੁਝ ਸ਼ਬਦ ਵਰਤੇ ਗਏ ਹਨ?
“ਯਹੋਵਾਹ, ਧਰਤੀ ਦੇ ਬੰਨਿਆਂ ਦਾ ਬਣਾਉਣ ਵਾਲਾ, ਯੁਗਾਂ-ਯੁਗਾਂ ਦਾ ਪਰਮੇਸ਼ੁਰ ਹੈ।”—ਯਸਾ. 40:28.
‘ਸਾਡਾ ਪਿਤਾ ਜਿਹੜਾ ਸਵਰਗ ਵਿਚ ਹੈ।’—ਮੱਤੀ 6:9.
“ਪਰਮੇਸ਼ੁਰ ਪਿਆਰ ਹੈ।”—1 ਯੂਹੰ. 4:8.
ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਕੀ ਦੇ ਸਕਦੇ ਹੋ?
ਤੁਸੀਂ ਯਹੋਵਾਹ ਦੇ ਵਫ਼ਾਦਾਰ ਕਿਉਂ ਰਹਿਣਾ ਚਾਹੁੰਦੇ ਹੋ?
“ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ ਅਤੇ ਮੇਰੇ ਜੀਅ ਨੂੰ ਖ਼ੁਸ਼ ਕਰੀਂ ਤਾਂਕਿ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣੇ ਮਾਰਦਾ ਹੈ।”—ਕਹਾ. 27:11.
ਤੁਸੀਂ ਕਿਸ ਨੂੰ ਪ੍ਰਾਰਥਨਾ ਕਰਦੇ ਹੋ ਅਤੇ ਕਿਸ ਦੇ ਨਾਂ ʼਤੇ ਕਰਦੇ ਹੋ?
“ਮੈਂ [ਯਿਸੂ] ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਕੁਝ ਵੀ ਮੰਗੋਗੇ, ਤਾਂ ਉਹ ਤੁਹਾਨੂੰ ਦੇ ਦੇਵੇਗਾ।”—ਯੂਹੰ. 16:23.
ਤੁਸੀਂ ਕਿਹੜੀਆਂ ਕੁਝ ਚੀਜ਼ਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ?
“ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ। ਸਾਨੂੰ ਅੱਜ ਦੀ ਰੋਟੀ ਅੱਜ ਦੇ, ਅਤੇ ਸਾਡੇ ਪਾਪ ਮਾਫ਼ ਕਰ, ਜਿਵੇਂ ਅਸੀਂ ਉਨ੍ਹਾਂ ਨੂੰ ਮਾਫ਼ ਕੀਤਾ ਹੈ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ ਕੀਤੇ ਹਨ। ਸਾਨੂੰ ਪਰੀਖਿਆ ਵਿਚ ਨਾ ਪੈਣ ਦੇ ਤੇ ਸਾਨੂੰ ਸ਼ੈਤਾਨ ਤੋਂ ਬਚਾ।’”—ਮੱਤੀ 6:9-13.
“ਸਾਨੂੰ ਉਸ ਉੱਤੇ ਭਰੋਸਾ ਹੈ ਕਿ ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”—1 ਯੂਹੰ. 5:14.
ਯਹੋਵਾਹ ਇਕ ਵਿਅਕਤੀ ਦੀ ਪ੍ਰਾਰਥਨਾ ਸ਼ਾਇਦ ਕਿਉਂ ਨਾ ਸੁਣੇ?
“ਉਸ ਵੇਲੇ ਉਹ ਯਹੋਵਾਹ ਨੂੰ ਮਦਦ ਲਈ ਪੁਕਾਰਨਗੇ, ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦੇਵੇਗਾ . . . ਉਨ੍ਹਾਂ ਦੇ ਬੁਰੇ ਕੰਮਾਂ ਕਰਕੇ।”—ਮੀਕਾ. 3:4.
“ਯਹੋਵਾਹ ਦੀਆਂ ਅੱਖਾਂ ਧਰਮੀਆਂ ਉੱਤੇ ਲੱਗੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਵੱਲ ਲੱਗੇ ਹੋਏ ਹਨ, ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਹੈ।”—1 ਪਤ. 3:12.
ਯਿਸੂ ਮਸੀਹ ਕੌਣ ਹੈ?
“ਸ਼ਮਊਨ ਪਤਰਸ ਨੇ ਜਵਾਬ ਦਿੱਤਾ: ‘ਤੂੰ ਮਸੀਹ ਹੈਂ, ਜੀਉਂਦੇ ਪਰਮੇਸ਼ੁਰ ਦਾ ਪੁੱਤਰ।’”—ਮੱਤੀ 16:16.
ਯਿਸੂ ਧਰਤੀ ʼਤੇ ਕਿਉਂ ਆਇਆ ਸੀ?
“ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”—ਮੱਤੀ 20:28.
“ਮੈਂ [ਯਿਸੂ] ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।”—ਲੂਕਾ 4:43.
ਤੁਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹੋ?
“ਉਹ ਸਾਰਿਆਂ ਦੀ ਖ਼ਾਤਰ ਮਰਿਆ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਹੀਂ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ।”—2 ਕੁਰਿੰ. 5:15.
ਯਿਸੂ ਨੂੰ ਕਿਹੜਾ ਅਧਿਕਾਰ ਦਿੱਤਾ ਗਿਆ ਹੈ?
“ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।”—ਮੱਤੀ 28:18.
“ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ ਅਤੇ ਮਿਹਰਬਾਨ ਹੋ ਕੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ।”—ਫ਼ਿਲਿ. 2:9.
ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਹੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਹੈ ਜਿਸ ਨੂੰ ਯਿਸੂ ਨੇ ਚੁਣਿਆ ਹੈ?
“ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ?”—ਮੱਤੀ 24:45.
ਪਵਿੱਤਰ ਸ਼ਕਤੀ ਕੀ ਹੈ?
“ਦੂਤ ਨੇ ਉਸ ਨੂੰ ਜਵਾਬ ਦਿੱਤਾ: ‘ਪਵਿੱਤਰ ਸ਼ਕਤੀ ਤੇਰੇ ਉੱਤੇ ਆਵੇਗੀ ਅਤੇ ਅੱਤ ਮਹਾਨ ਦੀ ਤਾਕਤ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਪੈਦਾ ਹੋਣ ਵਾਲਾ ਬੱਚਾ ਪਵਿੱਤਰ ਹੋਵੇਗਾ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।’”—ਲੂਕਾ 1:35.
“ਇਸ ਲਈ, ਜੇ ਤੁਸੀਂ ਪਾਪੀ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਸਵਰਗ ਵਿਚ ਰਹਿੰਦਾ ਪਿਤਾ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!”—ਲੂਕਾ 11:13.
ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤੀ ਹੈ?
“ਯਹੋਵਾਹ ਦੇ ਬਚਨ ਨਾਲ ਆਕਾਸ਼ ਬਣਾਏ ਗਏ ਅਤੇ ਉਸ ਦੇ ਸਾਹ ਨਾਲ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ।”—ਜ਼ਬੂ. 33:6.
“ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ . . . ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।”—ਰਸੂ. 1:8.
“ਧਰਮ-ਗ੍ਰੰਥ ਦੀ ਕੋਈ ਵੀ ਭਵਿੱਖਬਾਣੀ ਕਿਸੇ ਇਨਸਾਨ ਦੇ ਆਪਣੇ ਵਿਚਾਰਾਂ ਅਨੁਸਾਰ ਨਹੀਂ ਕੀਤੀ ਜਾਂਦੀ। ਕਿਉਂਕਿ ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।”—2 ਪਤ. 1:20, 21.
ਪਰਮੇਸ਼ੁਰ ਦਾ ਰਾਜ ਕੀ ਹੈ?
“ਉਨ੍ਹਾਂ ਰਾਜਿਆਂ ਦੇ ਦਿਨਾਂ ਵਿਚ ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜੋ ਕਦੇ ਨਾਸ਼ ਨਹੀਂ ਹੋਵੇਗਾ। ਇਹ ਰਾਜ ਹੋਰ ਲੋਕਾਂ ਦੇ ਹੱਥਾਂ ਵਿਚ ਨਹੀਂ ਦਿੱਤਾ ਜਾਵੇਗਾ। ਇਹ ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ, ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।”—ਦਾਨੀ. 2:44.
ਪਰਮੇਸ਼ੁਰ ਦੇ ਰਾਜ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
“ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾ. 21:4.
ਤੁਹਾਨੂੰ ਕਿਵੇਂ ਪਤਾ ਹੈ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਸਾਨੂੰ ਬਰਕਤਾਂ ਦੇਵੇਗਾ?
“ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: ‘ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?’ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘. . . ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ। ਅਤੇ ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।’”—ਮੱਤੀ 24:3, 4, 7, 14.
“ਇਹ ਜਾਣ ਲੈ ਕਿ ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਨਫ਼ਰਤ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ ਅਤੇ ਉਹ ਭਗਤੀ ਦਾ ਦਿਖਾਵਾ ਤਾਂ ਕਰਨਗੇ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਣਗੇ।”—2 ਤਿਮੋ. 3:1-5.
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਲਈ ਅਹਿਮੀਅਤ ਰੱਖਦਾ ਹੈ?
“ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।”—ਮੱਤੀ 6:33.
“ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਤਸੀਹੇ ਦੀ ਸੂਲ਼ੀ ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।’”—ਮੱਤੀ 16:24.
ਸ਼ੈਤਾਨ ਅਤੇ ਦੁਸ਼ਟ ਦੂਤ ਕੌਣ ਹਨ?
“ਤੁਹਾਡਾ ਪਿਉ ਸ਼ੈਤਾਨ ਹੈ। . . . ਉਹ ਸ਼ੁਰੂ ਤੋਂ ਹੀ ਕਾਤਲ ਹੈ।”—ਯੂਹੰ. 8:44.
“ਉਸ ਵੱਡੇ ਅਜਗਰ ਨੂੰ, ਹਾਂ ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ, ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ।”—ਪ੍ਰਕਾ. 12:9.
ਸ਼ੈਤਾਨ ਨੇ ਯਹੋਵਾਹ ਅਤੇ ਉਸ ਦੀ ਭਗਤੀ ਕਰਨ ਵਾਲਿਆਂ ʼਤੇ ਕਿਹੜੇ ਦੋਸ਼ ਲਾਏ ਹਨ?
“ਔਰਤ ਨੇ ਸੱਪ ਨੂੰ ਕਿਹਾ: ‘ਅਸੀਂ ਬਾਗ਼ ਦੇ ਦਰਖ਼ਤਾਂ ਦੇ ਫਲ ਖਾ ਸਕਦੇ ਹਾਂ। ਪਰ ਜੋ ਦਰਖ਼ਤ ਬਾਗ਼ ਦੇ ਵਿਚਕਾਰ ਹੈ, ਉਸ ਦੇ ਫਲ ਬਾਰੇ ਪਰਮੇਸ਼ੁਰ ਨੇ ਕਿਹਾ ਹੈ: “ਤੁਸੀਂ ਉਸ ਦਾ ਫਲ ਹਰਗਿਜ਼ ਨਹੀਂ ਖਾਣਾ ਅਤੇ ਨਾ ਹੀ ਉਸ ਨੂੰ ਹੱਥ ਲਾਉਣਾ; ਨਹੀਂ ਤਾਂ, ਤੁਸੀਂ ਮਰ ਜਾਓਗੇ।”’ ਇਹ ਸੁਣ ਕੇ ਸੱਪ ਨੇ ਔਰਤ ਨੂੰ ਕਿਹਾ: ‘ਤੁਸੀਂ ਹਰਗਿਜ਼ ਨਹੀਂ ਮਰੋਗੇ। ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਦਾ ਫਲ ਖਾਧਾ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓਗੇ ਅਤੇ ਤੁਹਾਨੂੰ ਚੰਗੇ-ਬੁਰੇ ਦਾ ਗਿਆਨ ਹੋ ਜਾਵੇਗਾ।’”—ਉਤ. 3:2-5.
“ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: ‘ਖੱਲ ਦੇ ਬਦਲੇ ਖੱਲ। ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ।’”—ਅੱਯੂ. 2:4.
ਤੁਸੀਂ ਸ਼ੈਤਾਨ ਦੁਆਰਾ ਲਾਏ ਦੋਸ਼ਾਂ ਨੂੰ ਕਿਵੇਂ ਗ਼ਲਤ ਸਾਬਤ ਕਰ ਸਕਦੇ ਹੋ?
‘ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰ।’—1 ਇਤਿ. 28:9.
“ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!”—ਅੱਯੂ. 27:5.
ਲੋਕ ਕਿਉਂ ਮਰਦੇ ਹਨ?
“ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”—ਰੋਮੀ. 5:12.
ਮਰੇ ਹੋਏ ਲੋਕ ਕਿਸ ਹਾਲਤ ਵਿਚ ਹਨ?
“ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ, ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ।”—ਉਪ. 9:5.
ਮਰੇ ਹੋਏ ਲੋਕਾਂ ਲਈ ਕੀ ਉਮੀਦ ਹੈ?
“ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂ. 24:15.
ਯਿਸੂ ਨਾਲ ਰਾਜ ਕਰਨ ਲਈ ਕਿੰਨੇ ਲੋਕ ਸਵਰਗ ਜਾਣਗੇ?
“ਮੈਂ ਸੀਓਨ ਪਹਾੜ ਉੱਤੇ ਲੇਲੇ ਨੂੰ ਖੜ੍ਹਾ ਦੇਖਿਆ ਅਤੇ ਉਸ ਦੇ ਨਾਲ 1,44,000 ਜਣੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੱਥਿਆਂ ਉੱਤੇ ਲੇਲੇ ਦਾ ਨਾਂ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ।”—ਪ੍ਰਕਾ. 14:1.
-
-
ਭਾਗ 2: ਮਸੀਹੀ ਜ਼ਿੰਦਗੀ‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
-
-
ਬਪਤਿਸਮੇ ਦੀ ਤਿਆਰੀ ਕਰਨ ਵਾਲਿਆਂ ਲਈ ਸਵਾਲ
ਭਾਗ 2: ਮਸੀਹੀ ਜ਼ਿੰਦਗੀ
ਬਾਈਬਲ ਦੀ ਸਟੱਡੀ ਕਰ ਕੇ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ ਅਤੇ ਤੁਹਾਨੂੰ ਉਸ ਦੇ ਉੱਚੇ ਮਿਆਰਾਂ ʼਤੇ ਖਰੇ ਉਤਰਨ ਲਈ ਕੀ ਕਰਨਾ ਚਾਹੀਦਾ ਹੈ। ਇਸ ਕਰਕੇ ਸ਼ਾਇਦ ਤੁਸੀਂ ਆਪਣੇ ਚਾਲ-ਚਲਣ ਵਿਚ ਕਈ ਸੁਧਾਰ ਕੀਤੇ ਹਨ ਅਤੇ ਜ਼ਿੰਦਗੀ ਪ੍ਰਤੀ ਆਪਣਾ ਨਜ਼ਰੀਆ ਬਦਲਿਆ ਹੈ। ਖ਼ੁਸ਼ੀ ਦੀ ਗੱਲ ਹੈ ਕਿ ਤੁਸੀਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਨ ਦਾ ਆਪਣਾ ਇਰਾਦਾ ਪੱਕਾ ਕਰ ਲਿਆ ਹੈ। ਹੁਣ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਪ੍ਰਚਾਰ ਦੇ ਕੰਮ ਵਿਚ ਹੋਰ ਵੀ ਹਿੱਸਾ ਪਾ ਸਕਦੇ ਹੋ।
ਹੇਠਾਂ ਦਿੱਤੇ ਗਏ ਸਵਾਲਾਂ ਅਤੇ ਆਇਤਾਂ ਉੱਤੇ ਵਿਚਾਰ ਕਰਨ ਨਾਲ ਤੁਹਾਨੂੰ ਯਹੋਵਾਹ ਦੀਆਂ ਧਰਮੀ ਮੰਗਾਂ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿਚ ਬਿਠਾਉਣ ਲਈ ਮਦਦ ਮਿਲੇਗੀ। ਇਨ੍ਹਾਂ ਤੋਂ ਤੁਹਾਨੂੰ ਸਾਫ਼ ਪਤਾ ਲੱਗੇਗਾ ਕਿ ਯਹੋਵਾਹ ਦੇ ਗਵਾਹ ਬਣਨ ਲਈ ਤੁਹਾਨੂੰ ਕਿਹੜੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਸ ਜਾਣਕਾਰੀ ਸਦਕਾ ਤੁਸੀਂ ਦੇਖ ਪਾਓਗੇ ਕਿ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਣੀ ਜ਼ਮੀਰ ਨੂੰ ਸ਼ੁੱਧ ਰੱਖਣਾ ਅਤੇ ਯਹੋਵਾਹ ਦੇ ਨਾਂ ਨੂੰ ਉੱਚਾ ਕਰਨਾ ਕਿੰਨਾ ਜ਼ਰੂਰੀ ਹੈ!—2 ਕੁਰਿੰ. 1:12; 1 ਤਿਮੋ. 1:19; 1 ਪਤ. 3:16, 21.
ਹੁਣ ਤਕ ਤੁਸੀਂ ਜੋ ਸਿੱਖਿਆ ਹੈ, ਉਸ ਕਰਕੇ ਤੁਸੀਂ ਬਿਨਾਂ ਸ਼ੱਕ ਯਹੋਵਾਹ ਦੇ ਰਾਜ ਅਧੀਨ ਰਹਿਣ ਅਤੇ ਉਸ ਦੇ ਸੰਗਠਨ ਦਾ ਹਿੱਸਾ ਬਣਨ ਲਈ ਉਤਸੁਕ ਹੋ। ਤੁਸੀਂ ਹੇਠਾਂ ਦਿੱਤੇ ਸਵਾਲਾਂ ਅਤੇ ਆਇਤਾਂ ʼਤੇ ਚਰਚਾ ਕਰ ਕੇ ਜਾਣ ਪਾਓਗੇ ਕਿ ਤੁਸੀਂ ਯਹੋਵਾਹ ਦੇ ਅਧੀਨ ਕਿਵੇਂ ਰਹਿ ਸਕਦੇ ਹੋ, ਭਾਵੇਂ ਇਹ ਮੰਡਲੀ, ਪਰਿਵਾਰ ਜਾਂ ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹਿਣ ਦੀ ਗੱਲ ਕਿਉਂ ਨਾ ਹੋਵੇ। ਯਹੋਵਾਹ ਨੇ ਸਾਨੂੰ ਸਿੱਖਿਆ ਦੇਣ ਅਤੇ ਸਾਡੀ ਨਿਹਚਾ ਮਜ਼ਬੂਤ ਕਰਨ ਦੇ ਪ੍ਰਬੰਧ ਵੀ ਕੀਤੇ ਹਨ, ਜਿਵੇਂ ਕਿ ਮੰਡਲੀ ਦੀਆਂ ਸਭਾਵਾਂ। ਤੁਸੀਂ ਆਪਣੇ ਹਾਲਾਤਾਂ ਮੁਤਾਬਕ ਸਭਾਵਾਂ ਵਿਚ ਹਾਜ਼ਰ ਹੋ ਸਕਦੇ ਅਤੇ ਹਿੱਸਾ ਲੈ ਸਕਦੇ ਹੋ। ਯਕੀਨਨ, ਇਨ੍ਹਾਂ ਪ੍ਰਬੰਧਾਂ ਲਈ ਤੁਹਾਡੀ ਕਦਰ ਹੋਰ ਵੀ ਵਧੇਗੀ।
ਇਸ ਦੇ ਨਾਲ-ਨਾਲ, ਇਸ ਭਾਗ ਵਿਚ ਪ੍ਰਚਾਰ ਦੇ ਕੰਮ ਵਿਚ ਬਾਕਾਇਦਾ ਹਿੱਸਾ ਲੈਣ ਦੀ ਅਹਿਮੀਅਤ ਬਾਰੇ ਦੱਸਿਆ ਗਿਆ ਹੈ। ਪ੍ਰਚਾਰ ਰਾਹੀਂ ਲੋਕਾਂ ਨੂੰ ਯਹੋਵਾਹ ਬਾਰੇ ਦੱਸਣਾ ਜ਼ਰੂਰੀ ਹੈ। ਨਾਲੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਉਹ ਇਨਸਾਨਾਂ ਲਈ ਕੀ ਕਰ ਰਿਹਾ ਹੈ। (ਮੱਤੀ 24:14; 28:19, 20) ਇਸ ਗੱਲ ʼਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਤੁਹਾਡੇ ਲਈ ਇਕ ਗੰਭੀਰ ਫ਼ੈਸਲਾ ਹੈ। ਯਕੀਨ ਰੱਖੋ ਕਿ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਤੁਸੀਂ ਜੋ ਕਦਮ ਚੁੱਕਿਆ ਹੈ, ਉਸ ਤੋਂ ਉਹ ਬੇਹੱਦ ਖ਼ੁਸ਼ ਹੈ।
ਬਾਈਬਲ ਵਿਚ ਵਿਆਹ ਬਾਰੇ ਕਿਹੜਾ ਮਿਆਰ ਦਿੱਤਾ ਗਿਆ ਹੈ? ਬਾਈਬਲ ਅਨੁਸਾਰ ਤਲਾਕ ਲੈਣ ਦਾ ਇੱਕੋ-ਇਕ ਆਧਾਰ ਕਿਹੜਾ ਹੈ?
“ਕੀ ਤੁਸੀਂ ਨਹੀਂ ਪੜ੍ਹਿਆ ਕਿ ਜਿਸ ਨੇ ਇਨਸਾਨਾਂ ਨੂੰ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਔਰਤ ਬਣਾਇਆ ਸੀ ਅਤੇ ਕਿਹਾ ਸੀ: ‘ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’? ਇਸ ਲਈ ਉਹ ਦੋ ਨਹੀਂ, ਸਗੋਂ ਇਕ ਸਰੀਰ ਹਨ। ਇਸ ਕਰਕੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ। . . . ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”—ਮੱਤੀ 19:4-6, 9.
ਪਤੀ-ਪਤਨੀ ਵਜੋਂ ਇਕੱਠੇ ਰਹਿਣ ਵਾਲਿਆਂ ਲਈ ਸਰਕਾਰ ਦੇ ਕਾਨੂੰਨਾਂ ਮੁਤਾਬਕ ਵਿਆਹ ਕਰਾਉਣਾ ਕਿਉਂ ਜ਼ਰੂਰੀ ਹੈ? ਜੇ ਤੁਸੀਂ ਵਿਆਹੇ ਹੋ, ਤਾਂ ਕੀ ਤੁਹਾਡਾ ਵਿਆਹ ਕਾਨੂੰਨੀ ਤੌਰ ਤੇ ਜਾਇਜ਼ ਹੈ?
ਪਰਿਵਾਰ ਵਿਚ ਤੁਹਾਡੀ ਕੀ ਭੂਮਿਕਾ ਹੈ?
“ਹੇ ਮੇਰੇ ਪੁੱਤਰ, ਆਪਣੇ ਪਿਤਾ ਦੀ ਤਾੜਨਾ ਕਬੂਲ ਕਰ ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡੀਂ।”—ਕਹਾ. 1:8.
“ਪਤੀ ਆਪਣੀ ਪਤਨੀ ਦਾ ਸਿਰ ਹੈ, ਠੀਕ ਜਿਵੇਂ ਮਸੀਹ ਆਪਣੇ ਸਰੀਰ ਯਾਨੀ ਮੰਡਲੀ ਦਾ . . . ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ, ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ।”—ਅਫ਼. 5:23, 25.
“ਹੇ ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।”—ਅਫ਼. 6:4.
“ਬੱਚਿਓ, ਹਰ ਗੱਲ ਵਿਚ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ, ਕਿਉਂਕਿ ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ।”—ਕੁਲੁ. 3:20.
“ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ।”—1 ਪਤ. 3:1.
ਸਾਨੂੰ ਜ਼ਿੰਦਗੀ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?
“[ਪਰਮੇਸ਼ੁਰ] ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ। ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।”—ਰਸੂ. 17:25, 28.
ਸਾਨੂੰ ਕਿਸੇ ਨੂੰ, ਇੱਥੋਂ ਤਕ ਕਿ ਅਣਜੰਮੇ ਬੱਚੇ ਨੂੰ ਵੀ ਜਾਨੋਂ ਕਿਉਂ ਨਹੀਂ ਮਾਰਨਾ ਚਾਹੀਦਾ?
“ਜੇ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਉਨ੍ਹਾਂ ਕਰਕੇ ਕੋਈ ਗਰਭਵਤੀ ਔਰਤ ਜ਼ਖ਼ਮੀ ਹੋ ਜਾਂਦੀ ਹੈ . . . ਜੇ ਮਾਂ ਜਾਂ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਜਾਨ ਦੇ ਬਦਲੇ ਜਾਨ ਲਈ ਜਾਵੇ।”—ਕੂਚ 21:22, 23.
“ਤੇਰੀਆਂ ਅੱਖਾਂ ਨੇ ਮੇਰੇ ਭਰੂਣ ਨੂੰ ਦੇਖਿਆ; ਮੇਰੇ ਸਾਰੇ ਅੰਗ ਬਣਨ ਤੋਂ ਪਹਿਲਾਂ ਇਨ੍ਹਾਂ ਬਾਰੇ ਤੇਰੀ ਕਿਤਾਬ ਵਿਚ ਲਿਖਿਆ ਗਿਆ ਅਤੇ ਇਨ੍ਹਾਂ ਦੇ ਬਣਨ ਦੇ ਦਿਨਾਂ ਦਾ ਹਿਸਾਬ ਵੀ।”—ਜ਼ਬੂ. 139:16.
‘ਯਹੋਵਾਹ ਨੂੰ ਨਫ਼ਰਤ ਹੈ, ਨਿਰਦੋਸ਼ਾਂ ਦਾ ਖ਼ੂਨ ਵਹਾਉਣ ਵਾਲੇ ਹੱਥਾਂ ਤੋਂ।’—ਕਹਾ. 6:16, 17.
ਪਰਮੇਸ਼ੁਰ ਨੇ ਖ਼ੂਨ ਬਾਰੇ ਕੀ ਹੁਕਮ ਦਿੱਤਾ ਹੈ?
‘ਤੁਸੀਂ ਖ਼ੂਨ ਤੋਂ ਅਤੇ ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਦੂਰ ਰਹੋ।’—ਰਸੂ. 15:29.
ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ?
“ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”—ਯੂਹੰ. 13:34, 35.
ਜੇ ਕਿਸੇ ਨੂੰ ਛੂਤ ਦੀ ਜਾਨਲੇਵਾ ਬੀਮਾਰੀ ਹੈ, ਤਾਂ ਉਸ ਨੂੰ ਇਹ ਬੀਮਾਰੀ ਫੈਲਾਉਣ ਤੋਂ ਬਚਣ ਲਈ: (ੳ) ਦੂਸਰਿਆਂ ਨੂੰ ਜੱਫੀ ਪਾ ਕੇ ਜਾਂ ਉਨ੍ਹਾਂ ਨੂੰ ਚੁੰਮ ਕੇ ਕਿਉਂ ਨਹੀਂ ਮਿਲਣਾ ਚਾਹੀਦਾ? (ਅ) ਉਸ ਨੂੰ ਨਾਰਾਜ਼ ਕਿਉਂ ਨਹੀਂ ਹੋਣਾ ਚਾਹੀਦਾ ਜੇ ਉਸ ਨੂੰ ਕੋਈ ਆਪਣੇ ਘਰ ਚਾਹ-ਪਾਣੀ ʼਤੇ ਨਹੀਂ ਸੱਦਦਾ? (ੲ) ਜੇ ਕਿਸੇ ਵਿਅਕਤੀ ਨੂੰ ਪਹਿਲਾਂ ਛੂਤ ਦੀ ਬੀਮਾਰੀ ਲੱਗਣ ਦਾ ਖ਼ਤਰਾ ਰਿਹਾ ਹੋਵੇ, ਤਾਂ ਉਸ ਨੂੰ ਵਿਆਹ ਕਰਾਉਣ ਬਾਰੇ ਸੋਚਣ ਤੋਂ ਪਹਿਲਾਂ ਆਪਣੇ ਖ਼ੂਨ ਦੀ ਜਾਂਚ ਕਿਉਂ ਕਰਾਉਣੀ ਚਾਹੀਦੀ ਹੈ? (ਸ) ਉਸ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਹੀ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਨੂੰ ਆਪਣੀ ਛੂਤ ਦੀ ਬੀਮਾਰੀ ਬਾਰੇ ਕਿਉਂ ਦੱਸਣਾ ਚਾਹੀਦਾ ਹੈ?
“ਇਕ-ਦੂਜੇ ਨੂੰ ਪਿਆਰ ਕਰਨ ਤੋਂ ਸਿਵਾਇ ਹੋਰ ਕਿਸੇ ਵੀ ਗੱਲ ਵਿਚ ਇਕ-ਦੂਜੇ ਦੇ ਕਰਜ਼ਦਾਰ ਨਾ ਬਣੋ। . . . ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ, ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’ ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ।”—ਰੋਮੀ. 13:8-10.
“ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿ. 2:4.
ਯਹੋਵਾਹ ਸਾਡੇ ਤੋਂ ਇਹ ਉਮੀਦ ਕਿਉਂ ਕਰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ?
“ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”—ਕੁਲੁ. 3:13.
ਜੇ ਕੋਈ ਭੈਣ ਜਾਂ ਭਰਾ ਤੁਹਾਡੇ ਨਾਲ ਠੱਗੀ ਮਾਰਦਾ ਹੈ ਜਾਂ ਤੁਹਾਡੀ ਬਦਨਾਮੀ ਕਰਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
“ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ। ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ। ਪਰ ਜੇ ਉਹ ਤੇਰੀ ਗੱਲ ਨਹੀਂ ਸੁਣਦਾ, ਤਾਂ ਆਪਣੇ ਨਾਲ ਇਕ ਜਾਂ ਦੋ ਜਣਿਆਂ ਨੂੰ ਲੈ ਜਾ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਹਰ ਮਸਲੇ ਦਾ ਫ਼ੈਸਲਾ ਕੀਤਾ ਜਾਵੇ। ਜੇ ਉਹ ਉਨ੍ਹਾਂ ਦੀ ਵੀ ਗੱਲ ਨਹੀਂ ਸੁਣਦਾ, ਤਾਂ ਮੰਡਲੀ ਨਾਲ ਗੱਲ ਕਰ। ਜੇ ਉਹ ਮੰਡਲੀ ਦੀ ਵੀ ਗੱਲ ਨਹੀਂ ਸੁਣਦਾ, ਤਾਂ ਉਹ ਤੇਰੀ ਨਜ਼ਰ ਵਿਚ ਦੁਨਿਆਵੀ ਲੋਕਾਂ ਵਰਗਾ ਜਾਂ ਟੈਕਸ ਵਸੂਲਣ ਵਾਲਿਆਂ ਵਰਗਾ ਹੋਵੇ।”—ਮੱਤੀ 18:15-17.
ਯਹੋਵਾਹ ਹੇਠਾਂ ਲਿਖੇ ਪਾਪਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ?
▪ ਹਰਾਮਕਾਰੀ
▪ ਮੂਰਤੀ-ਪੂਜਾ
▪ ਸਮਲਿੰਗੀ ਸੰਬੰਧ
▪ ਚੋਰੀ
▪ ਜੂਆ
▪ ਸ਼ਰਾਬੀ ਹੋਣ ਬਾਰੇ
“ਧੋਖਾ ਨਾ ਖਾਓ। ਹਰਾਮਕਾਰ, ਮੂਰਤੀ-ਪੂਜਕ, ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ, ਜਨਾਨੜੇ, ਮੁੰਡੇਬਾਜ਼, ਚੋਰ, ਲੋਭੀ, ਸ਼ਰਾਬੀ, ਗਾਲ਼ਾਂ ਕੱਢਣ ਵਾਲੇ ਤੇ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।”—1 ਕੁਰਿੰ. 6:9, 10.
ਹਰਾਮਕਾਰੀ ਅਤੇ ਹੋਰ ਸਾਰੇ ਨਾਜਾਇਜ਼ ਸਰੀਰਕ ਸੰਬੰਧਾਂ ਬਾਰੇ ਤੁਹਾਨੂੰ ਕੀ ਇਰਾਦਾ ਕਰਨਾ ਚਾਹੀਦਾ ਹੈ?
“ਹਰਾਮਕਾਰੀ ਤੋਂ ਭੱਜੋ।”—1 ਕੁਰਿੰ. 6:18.
ਸਾਨੂੰ ਨਸ਼ੇ ਲਈ ਦਵਾਈਆਂ ਦੀ ਗ਼ਲਤ ਵਰਤੋਂ ਕਰਨ ਅਤੇ ਹੋਰ ਨਸ਼ਿਆਂ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ?
“ਤੁਸੀਂ ਆਪਣੇ ਸਰੀਰ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਨਾਲੇ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ। ਨਾਲੇ ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।”—ਰੋਮੀ. 12:1, 2.
ਪਰਮੇਸ਼ੁਰ ਸਾਨੂੰ ਜਾਦੂਗਰੀ ਨਾਲ ਸੰਬੰਧਿਤ ਕਿਹੜੇ ਕੰਮਾਂ ਤੋਂ ਮਨ੍ਹਾ ਕਰਦਾ ਹੈ?
“ਤੁਹਾਡੇ ਵਿੱਚੋਂ ਕੋਈ ਵੀ . . . ਫਾਲ ਨਾ ਪਾਵੇ, ਜਾਦੂਗਰੀ ਨਾ ਕਰੇ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ ਜਾਂ ਜਾਦੂ-ਟੂਣਾ ਨਾ ਕਰੇ ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ।”—ਬਿਵ. 18:10, 11.
ਜੇ ਕੋਈ ਮਸੀਹੀ ਗੰਭੀਰ ਪਾਪ ਕਰ ਬੈਠਦਾ ਹੈ ਅਤੇ ਦੁਬਾਰਾ ਤੋਂ ਯਹੋਵਾਹ ਦੀ ਮਿਹਰ ਪਾਉਣੀ ਚਾਹੁੰਦਾ ਹੈ, ਤਾਂ ਉਸ ਨੂੰ ਜਲਦੀ ਹੀ ਕੀ ਕਰਨਾ ਚਾਹੀਦਾ ਹੈ?
“ਮੈਂ ਤੇਰੇ ਸਾਮ੍ਹਣੇ ਆਪਣਾ ਪਾਪ ਕਬੂਲ ਕਰ ਲਿਆ; ਮੈਂ ਆਪਣੀ ਗ਼ਲਤੀ ʼਤੇ ਪਰਦਾ ਨਹੀਂ ਪਾਇਆ। ਮੈਂ ਕਿਹਾ: ‘ਮੈਂ ਯਹੋਵਾਹ ਸਾਮ੍ਹਣੇ ਆਪਣੇ ਅਪਰਾਧਾਂ ਦਾ ਇਕਰਾਰ ਕਰਾਂਗਾ।’”—ਜ਼ਬੂ. 32:5.
“ਕੀ ਤੁਹਾਡੇ ਵਿੱਚੋਂ ਕੋਈ ਬੀਮਾਰ ਹੈ? ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਬਜ਼ੁਰਗ ਉਸ ਲਈ ਪ੍ਰਾਰਥਨਾ ਕਰਨ ਅਤੇ ਯਹੋਵਾਹ ਦੇ ਨਾਂ ʼਤੇ ਉਸ ਦੇ ਸਿਰ ਉੱਤੇ ਤੇਲ ਝੱਸਣ। ਨਿਹਚਾ ਨਾਲ ਕੀਤੀ ਪ੍ਰਾਰਥਨਾ ਉਸ ਬੀਮਾਰ ਨੂੰ ਠੀਕ ਕਰ ਦੇਵੇਗੀ ਅਤੇ ਯਹੋਵਾਹ ਉਸ ਨੂੰ ਤਕੜਾ ਕਰੇਗਾ। ਨਾਲੇ ਜੇ ਉਸ ਨੇ ਪਾਪ ਕੀਤੇ ਹਨ, ਤਾਂ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।”—ਯਾਕੂ. 5:14, 15.
ਜੇ ਤੁਹਾਨੂੰ ਪਤਾ ਹੈ ਕਿ ਕਿਸੇ ਮਸੀਹੀ ਨੇ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
“ਜੇ ਕੋਈ ਇਨਸਾਨ ਕਿਸੇ ਨੂੰ ਪਾਪ ਕਰਦੇ ਹੋਏ ਦੇਖਦਾ ਹੈ ਜਾਂ ਉਸ ਨੂੰ ਕਿਸੇ ਪਾਪ ਦਾ ਪਤਾ ਲੱਗਦਾ ਹੈ, ਤਾਂ ਉਹ ਉਸ ਪਾਪ ਦਾ ਗਵਾਹ ਬਣ ਜਾਂਦਾ ਹੈ। ਜੇ ਉਹ ਅਪਰਾਧੀ ਦੇ ਖ਼ਿਲਾਫ਼ ਗਵਾਹੀ ਦੇਣ ਦਾ ਜਨਤਕ ਐਲਾਨ ਸੁਣਦਾ ਹੈ, ਪਰ ਗਵਾਹੀ ਨਹੀਂ ਦਿੰਦਾ, ਤਾਂ ਇਹ ਪਾਪ ਹੈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।”—ਲੇਵੀ. 5:1.
ਜੇ ਘੋਸ਼ਣਾ ਕੀਤੀ ਜਾਂਦੀ ਹੈ ਕਿ ਕੋਈ ਵਿਅਕਤੀ ਹੁਣ ਯਹੋਵਾਹ ਦਾ ਗਵਾਹ ਨਹੀਂ ਹੈ, ਤਾਂ ਸਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
“ਜੇ ਕੋਈ ਭਰਾ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ ਜਾਂ ਸ਼ਰਾਬੀ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ, ਤਾਂ ਤੁਸੀਂ ਉਸ ਨਾਲ ਸੰਗਤ ਕਰਨੀ ਛੱਡ ਦਿਓ, ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।”—1 ਕੁਰਿੰ. 5:11.
“ਜੇ ਕੋਈ ਤੁਹਾਡੇ ਕੋਲ ਆਉਂਦਾ ਹੈ ਅਤੇ ਇਹ ਸਿੱਖਿਆ ਨਹੀਂ ਦਿੰਦਾ, ਤਾਂ ਉਸ ਨੂੰ ਨਾ ਆਪਣੇ ਘਰ ਵਾੜੋ ਅਤੇ ਨਾ ਹੀ ਉਸ ਨੂੰ ਨਮਸਕਾਰ ਕਰੋ।”—2 ਯੂਹੰ. 10.
ਤੁਹਾਨੂੰ ਉਨ੍ਹਾਂ ਨਾਲ ਹੀ ਪੱਕੀ ਦੋਸਤੀ ਕਿਉਂ ਕਰਨੀ ਚਾਹੀਦੀ ਹੈ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ?
“ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ, ਪਰ ਮੂਰਖਾਂ ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।”—ਕਹਾ. 13:20.
“ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”—1 ਕੁਰਿੰ. 15:33.
ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈਂਦੇ?
“ਉਹ ਦੁਨੀਆਂ ਦੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਦਾ ਨਹੀਂ ਹਾਂ।”—ਯੂਹੰ. 17:16.
ਤੁਹਾਨੂੰ ਸਰਕਾਰ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ?
“ਹਰ ਇਨਸਾਨ ਉੱਚ ਅਧਿਕਾਰੀਆਂ ਦੇ ਅਧੀਨ ਰਹੇ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ; ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ʼਤੇ ਰੱਖਿਆ ਹੈ।”—ਰੋਮੀ. 13:1.
ਜੇ ਇਨਸਾਨਾਂ ਦੇ ਕਾਨੂੰਨ ਅਤੇ ਪਰਮੇਸ਼ੁਰ ਦੇ ਕਾਨੂੰਨ ਮੇਲ ਨਹੀਂ ਖਾਂਦੇ, ਤਾਂ ਤੁਸੀਂ ਕੀ ਕਰੋਗੇ?
“ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।”—ਰਸੂ. 5:29.
ਨੌਕਰੀ ਦੀ ਚੋਣ ਕਰਦਿਆਂ ਕਿਹੜੀਆਂ ਆਇਤਾਂ ਦੁਨੀਆਂ ਤੋਂ ਅਲੱਗ ਰਹਿਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ?
“ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।”—ਮੀਕਾ. 4:3.
“ਹੇ ਮੇਰੇ ਲੋਕੋ, ਜੇ ਤੁਸੀਂ ਉਸ [ਮਹਾਂ ਬਾਬਲ] ਦੇ ਪਾਪਾਂ ਦੇ ਹਿੱਸੇਦਾਰ ਨਹੀਂ ਬਣਨਾ ਚਾਹੁੰਦੇ ਅਤੇ ਨਹੀਂ ਚਾਹੁੰਦੇ ਕਿ ਉਸ ਉੱਤੇ ਆਈਆਂ ਆਫ਼ਤਾਂ ਤੁਹਾਡੇ ਉੱਤੇ ਆਉਣ, ਤਾਂ ਉਸ ਵਿੱਚੋਂ ਨਿਕਲ ਆਓ।”—ਪ੍ਰਕਾ. 18:4.
ਤੁਹਾਨੂੰ ਕਿਹੋ ਜਿਹਾ ਮਨੋਰੰਜਨ ਕਰਨਾ ਚਾਹੀਦਾ ਹੈ ਤੇ ਕਿਹੋ ਜਿਹਾ ਨਹੀਂ?
“ਯਹੋਵਾਹ . . . ਹਿੰਸਾ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।”—ਜ਼ਬੂ. 11:5.
“ਬੁਰਾਈ ਨਾਲ ਸਖ਼ਤ ਨਫ਼ਰਤ ਕਰੋ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ।”—ਰੋਮੀ. 12:9.
“ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।”—ਫ਼ਿਲਿ. 4:8.
ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਨਾਲ ਰਲ਼ ਕੇ ਭਗਤੀ ਕਿਉਂ ਨਹੀਂ ਕਰਦੇ?
“ਇਹ ਨਹੀਂ ਹੋ ਸਕਦਾ ਕਿ . . . ਤੁਸੀਂ ‘ਯਹੋਵਾਹ ਦੇ ਮੇਜ਼’ ਤੋਂ ਵੀ ਖਾਓ ਅਤੇ ਦੁਸ਼ਟ ਦੂਤਾਂ ਦੇ ਮੇਜ਼ ਤੋਂ ਵੀ ਖਾਓ।”—1 ਕੁਰਿੰ. 10:21.
“‘ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ ਕਹਿੰਦਾ ਹੈ, ‘ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ’; ‘ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ।’”—2 ਕੁਰਿੰ. 6:17.
ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰਨਗੇ ਕਿ ਤੁਹਾਨੂੰ ਕੋਈ ਦਿਨ-ਤਿਉਹਾਰ ਮਨਾਉਣਾ ਚਾਹੀਦਾ ਹੈ ਜਾਂ ਨਹੀਂ?
“ਉਹ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਰਲ਼-ਮਿਲ ਗਏ ਅਤੇ ਉਨ੍ਹਾਂ ਦੇ ਤੌਰ-ਤਰੀਕੇ ਅਪਣਾ ਲਏ। ਉਹ ਉਨ੍ਹਾਂ ਦੇ ਬੁੱਤਾਂ ਦੀ ਪੂਜਾ ਕਰਦੇ ਰਹੇ ਜੋ ਉਨ੍ਹਾਂ ਲਈ ਫੰਦਾ ਬਣ ਗਏ।”—ਜ਼ਬੂ. 106:35, 36.
“ਮਰੇ ਹੋਏ ਕੁਝ ਵੀ ਨਹੀਂ ਜਾਣਦੇ।”—ਉਪ. 9:5.
“ਉਹ ਦੁਨੀਆਂ ਦੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਦਾ ਨਹੀਂ ਹਾਂ।”—ਯੂਹੰ. 17:16.
“ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ। ਉਸ ਵੇਲੇ ਤੁਸੀਂ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀ ਲਾਲਸਾ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।”—1 ਪਤ. 4:3.
ਬਾਈਬਲ ਦੀਆਂ ਮਿਸਾਲਾਂ ਤੁਹਾਡੀ ਇਹ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਕਰ ਸਕਦੀਆਂ ਹਨ ਕਿ ਤੁਹਾਨੂੰ ਜਨਮ-ਦਿਨ ਮਨਾਉਣਾ ਚਾਹੀਦਾ ਹੈ ਕਿ ਨਹੀਂ?
“ਤੀਸਰੇ ਦਿਨ ਫ਼ਿਰਊਨ ਦਾ ਜਨਮ-ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਦਾਅਵਤ ਦਿੱਤੀ। ਉਸ ਨੇ ਮੁੱਖ ਸਾਕੀ ਅਤੇ ਮੁੱਖ ਰਸੋਈਏ ਨੂੰ ਕੈਦ ਵਿੱਚੋਂ ਰਿਹਾ ਕੀਤਾ ਅਤੇ ਆਪਣੇ ਅਧਿਕਾਰੀਆਂ ਸਾਮ੍ਹਣੇ ਲਿਆਂਦਾ। ਉਸ ਨੇ ਮੁੱਖ ਸਾਕੀ ਨੂੰ ਉਸ ਦਾ ਅਹੁਦਾ ਵਾਪਸ ਦੇ ਦਿੱਤਾ . . . ਪਰ ਫਿਰਊਨ ਨੇ ਮੁੱਖ ਰਸੋਈਏ ਨੂੰ ਸੂਲ਼ੀ ʼਤੇ ਟੰਗ ਦਿੱਤਾ।”—ਉਤ. 40:20-22.
“ਜਦ ਹੇਰੋਦੇਸ ਆਪਣਾ ਜਨਮ-ਦਿਨ ਮਨਾ ਰਿਹਾ ਸੀ, ਤਾਂ ਉਸ ਮੌਕੇ ਹੇਰੋਦਿਆਸ ਦੀ ਧੀ ਨੇ ਮਹਿਮਾਨਾਂ ਅੱਗੇ ਨੱਚ ਕੇ ਹੇਰੋਦੇਸ ਨੂੰ ਇੰਨਾ ਖ਼ੁਸ਼ ਕੀਤਾ ਕਿ ਉਸ ਨੇ ਸਹੁੰ ਖਾ ਕੇ ਵਾਅਦਾ ਕੀਤਾ ਕਿ ਉਹ ਜੋ ਵੀ ਮੰਗੇਗੀ, ਉਹ ਉਸ ਨੂੰ ਦੇਵੇਗਾ। ਫਿਰ ਉਸ ਕੁੜੀ ਨੇ ਆਪਣੀ ਮਾਂ ਦੀ ਚੁੱਕ ਵਿਚ ਆ ਕੇ ਕਿਹਾ: ‘ਮੈਨੂੰ ਥਾਲ਼ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।’ ਇਸ ਲਈ ਰਾਜੇ ਨੇ ਕਿਸੇ ਨੂੰ ਘੱਲ ਕੇ ਜੇਲ੍ਹ ਵਿਚ ਯੂਹੰਨਾ ਦਾ ਸਿਰ ਵਢਵਾ ਦਿੱਤਾ।”—ਮੱਤੀ 14:6-8, 10.
ਤੁਹਾਨੂੰ ਬਜ਼ੁਰਗਾਂ ਦੀਆਂ ਹਿਦਾਇਤਾਂ ਕਿਉਂ ਮੰਨਣੀਆਂ ਚਾਹੀਦੀਆਂ ਹਨ?
“ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ ਕਿਉਂਕਿ ਉਹ ਤੁਹਾਡਾ ਧਿਆਨ ਰੱਖਦੇ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੀ ਇਸ ਜ਼ਿੰਮੇਵਾਰੀ ਦਾ ਹਿਸਾਬ ਦੇਣਾ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਉਹ ਆਪਣਾ ਕੰਮ ਖ਼ੁਸ਼ੀ-ਖ਼ੁਸ਼ੀ ਕਰਨਗੇ, ਨਾ ਕਿ ਹਉਕੇ ਭਰ-ਭਰ ਕੇ ਕਿਉਂਕਿ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ।”—ਇਬ. 13:17.
ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਇਹ ਕਿਉਂ ਜ਼ਰੂਰੀ ਹੈ ਕਿ ਤੁਸੀਂ ਬਾਕਾਇਦਾ ਬਾਈਬਲ ਪੜ੍ਹਨ ਤੇ ਅਧਿਐਨ ਕਰਨ ਲਈ ਅਲੱਗ ਸਮਾਂ ਰੱਖੋ?
“ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ। ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾ ਜੋ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਕਦੇ ਨਹੀਂ ਮੁਰਝਾਉਂਦੇ। ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।”—ਜ਼ਬੂ. 1:2, 3.
ਤੁਹਾਨੂੰ ਸਭਾਵਾਂ ਵਿਚ ਹਾਜ਼ਰ ਹੋਣਾ ਤੇ ਇਨ੍ਹਾਂ ਵਿਚ ਹਿੱਸਾ ਲੈਣਾ ਕਿਉਂ ਚੰਗਾ ਲੱਗਦਾ ਹੈ?
“ਮੈਂ ਆਪਣੇ ਭਰਾਵਾਂ ਨੂੰ ਤੇਰੇ ਨਾਂ ਬਾਰੇ ਦੱਸਾਂਗਾ; ਮੈਂ ਮੰਡਲੀ ਵਿਚ ਤੇਰੀ ਮਹਿਮਾ ਕਰਾਂਗਾ।”—ਜ਼ਬੂ. 22:22.
“ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕੀਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ। ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਤੁਸੀਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੋ।”—ਇਬ. 10:24, 25.
ਯਿਸੂ ਨੇ ਸਾਨੂੰ ਕਿਹੜਾ ਸਭ ਤੋਂ ਜ਼ਰੂਰੀ ਕੰਮ ਦਿੱਤਾ ਹੈ?
“ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।”—ਮੱਤੀ 28:19, 20.
ਰਾਜ ਦੇ ਕੰਮਾਂ ਲਈ ਦਾਨ ਦੇਣ ਜਾਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਮਾਮਲੇ ਵਿਚ ਯਹੋਵਾਹ ਕਿਹੋ ਜਿਹੇ ਰਵੱਈਏ ਤੋਂ ਖ਼ੁਸ਼ ਹੁੰਦਾ ਹੈ?
“ਆਪਣੀਆਂ ਕੀਮਤੀ ਚੀਜ਼ਾਂ ਨਾਲ . . . ਯਹੋਵਾਹ ਦਾ ਆਦਰ ਕਰ।”—ਕਹਾ. 3:9.
“ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰ. 9:7.
ਮਸੀਹੀਆਂ ਨੂੰ ਕਿਹੜੀਆਂ ਮੁਸ਼ਕਲਾਂ ਆਉਣਗੀਆਂ?
“ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ। ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ʼਤੇ ਅਤਿਆਚਾਰ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ। ਆਨੰਦ ਮਨਾਓ ਤੇ ਖ਼ੁਸ਼ ਹੋਵੋ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।”—ਮੱਤੀ 5:10-12.
ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈਣਾ ਇਕ ਖ਼ਾਸ ਸਨਮਾਨ ਕਿਉਂ ਹੈ?
“ਤੇਰੇ ਸੰਦੇਸ਼ ਨੇ ਮੈਨੂੰ ਖ਼ੁਸ਼ੀ ਦਿੱਤੀ ਅਤੇ ਮੇਰਾ ਦਿਲ ਬਾਗ਼-ਬਾਗ਼ ਹੋ ਗਿਆ ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਮੈਂ ਤੇਰੇ ਨਾਂ ਤੋਂ ਜਾਣਿਆ ਜਾਂਦਾ ਹਾਂ।”—ਯਿਰ. 15:16.
-