ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ds ਸਫ਼ੇ 4-11
  • ਸੰਦੇਸ਼

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਦੇਸ਼
  • ‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
ds ਸਫ਼ੇ 4-11

ਮਸੀਹੀ ਮਾਪਿਆਂ ਲਈ ਸੰਦੇਸ਼:

ਮਾਪੇ ਹੋਣ ਦੇ ਨਾਤੇ ਤੁਸੀਂ ਆਪਣੇ ਅਨਮੋਲ ਬੱਚਿਆਂ ਦੀ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਿਚ ਮਦਦ ਕਰਨੀ ਚਾਹੁੰਦੇ ਹੋ। ਤੁਸੀਂ ਉਨ੍ਹਾਂ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੇ ਹੋ? ਉਹ ਇਸ ਅਹਿਮ ਕਦਮ ਨੂੰ ਚੁੱਕਣ ਲਈ ਕਦੋਂ ਤਿਆਰ ਹੋਣਗੇ?

ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ: ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’ (ਮੱਤੀ 28:19) ਇਸ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਸਭ ਤੋਂ ਪਹਿਲਾਂ ਯਿਸੂ ਦਾ ਚੇਲਾ ਬਣਨਾ ਚਾਹੀਦਾ ਹੈ ਯਾਨੀ ਉਹ ਨਾ ਸਿਰਫ਼ ਯਿਸੂ ਦੀਆਂ ਸਿੱਖਿਆਵਾਂ ਨੂੰ ਸਮਝੇ, ਸਗੋਂ ਉਨ੍ਹਾਂ ਨੂੰ ਮਨ ਕੇ ਉਨ੍ਹਾਂ ਅਨੁਸਾਰ ਚੱਲੇ ਵੀ। ਬੱਚੇ ਵੀ ਇੱਦਾਂ ਕਰਨ ਦੇ ਕਾਬਲ ਹੁੰਦੇ ਹਨ।

ਆਪਣੇ ਬੱਚਿਆਂ ਲਈ ਇਕ ਵਧੀਆ ਮਿਸਾਲ ਬਣੋ ਅਤੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਦੀਆਂ ਸਿੱਖਿਆਵਾਂ ਬਿਠਾਓ। (ਬਿਵ. 6:6-9) ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਉਨ੍ਹਾਂ ਨੂੰ ਬਾਈਬਲ ਦੀਆਂ ਬੁਨਿਆਦੀ ਸੱਚਾਈਆਂ ਸਿਖਾਓ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਬਾਈਬਲ ਦੇ ਅਸੂਲਾਂ ʼਤੇ ਤਰਕ ਕਰਨਾ ਅਤੇ ਉਨ੍ਹਾਂ ਮੁਤਾਬਕ ਚੱਲਣਾ ਸਿਖਾਓ। ਆਪਣੇ ਬੱਚਿਆਂ ਦੀ ਮਦਦ ਕਰੋ ਤਾਂਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਆਪਣੇ ਸ਼ਬਦਾਂ ਵਿਚ ਸਮਝਾ ਸਕਣ। (1 ਪਤ. 3:15) ਉਹ ਤੁਹਾਡੇ ਤੋਂ ਅਤੇ ਨਿੱਜੀ ਤੇ ਪਰਿਵਾਰਕ ਸਟੱਡੀ ਕਰ ਕੇ ਬਹੁਤ ਕੁਝ ਸਿੱਖ ਸਕਦੇ ਹਨ। ਉਹ ਸਭਾਵਾਂ ਅਤੇ ਚੰਗੇ ਦੋਸਤਾਂ ਤੋਂ ਵੀ ਬਹੁਤ ਕੁਝ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ। ਇਸ ਨਾਲ ਉਨ੍ਹਾਂ ਦੀ ਬਪਤਿਸਮਾ ਲੈਣ ਅਤੇ ਪਰਮੇਸ਼ੁਰ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਵਿਚ ਮਦਦ ਹੋਵੇਗੀ। ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦੀ ਹੱਲਾਸ਼ੇਰੀ ਦਿਓ।

ਕਹਾਉਤਾਂ 20:11 ਵਿਚ ਲਿਖਿਆ ਹੈ: “ਬੱਚਾ ਵੀ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ ਕਿ ਉਸ ਦਾ ਤੌਰ-ਤਰੀਕਾ ਪਵਿੱਤਰ ਅਤੇ ਸਹੀ ਹੈ ਜਾਂ ਨਹੀਂ।” ਕਿਹੜੀਆਂ ਕੁਝ ਗੱਲਾਂ ਤੋਂ ਪਤਾ ਲੱਗੇਗਾ ਕਿ ਮੁੰਡਾ ਜਾਂ ਕੁੜੀ ਯਿਸੂ ਮਸੀਹ ਦਾ ਚੇਲਾ ਬਣ ਗਿਆ ਹੈ ਅਤੇ ਬਪਤਿਸਮੇ ਲਈ ਤਿਆਰ ਹੈ?

ਜਿਹੜਾ ਬੱਚਾ ਬਪਤਿਸਮਾ ਲੈਣਾ ਚਾਹੁੰਦਾ ਹੈ, ਉਸ ਨੂੰ ਆਪਣੇ ਮਾਪਿਆਂ ਦੇ ਆਗਿਆਕਾਰ ਰਹਿਣਾ ਚਾਹੀਦਾ ਹੈ। (ਰਸੂ. 5:29; ਕੁਲੁ. 3:20) ਜਦ ਯਿਸੂ 12 ਸਾਲਾਂ ਦਾ ਸੀ, ਤਾਂ ਉਸ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ ਆਪਣੇ “[ਮਾਪਿਆਂ] ਦੇ ਅਧੀਨ ਰਿਹਾ।” (ਲੂਕਾ 2:51) ਹਾਂ, ਇਹ ਸੱਚ ਹੈ ਕਿ ਤੁਹਾਨੂੰ ਆਪਣੇ ਬੱਚੇ ਤੋਂ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਉਸ ਤੋਂ ਕੋਈ ਗ਼ਲਤੀ ਨਹੀਂ ਹੋ ਸਕਦੀ। ਪਰ ਉਹ ਬੱਚਾ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਲਈ ਆਪਣੀ ਪੂਰੀ ਵਾਹ ਲਾਉਂਦਾ ਹੈ ਅਤੇ ਸਾਰੇ ਦੇਖ ਸਕਦੇ ਹਨ ਕਿ ਉਹ ਆਪਣੇ ਮਾਪਿਆਂ ਦੇ ਅਧੀਨ ਰਹਿੰਦਾ ਹੈ।

ਉਸ ਵਿਚ ਬਾਈਬਲ ਦੀਆਂ ਸੱਚਾਈਆਂ ਜਾਣਨ ਦੀ ਵੀ ਚਾਹਤ ਹੋਵੇਗੀ। (ਲੂਕਾ 2:46) ਕੀ ਤੁਹਾਡੇ ਬੱਚੇ ਨੂੰ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਉਨ੍ਹਾਂ ਵਿਚ ਹਿੱਸਾ ਲੈਣਾ ਚੰਗਾ ਲੱਗਦਾ ਹੈ? (ਜ਼ਬੂ. 122:1) ਕੀ ਬਾਕਾਇਦਾ ਬਾਈਬਲ ਪੜ੍ਹਨ ਅਤੇ ਆਪ ਸਟੱਡੀ ਕਰਨ ਵਿਚ ਉਸ ਨੂੰ ਮਜ਼ਾ ਆਉਂਦਾ ਹੈ?​​—ਮੱਤੀ 4:4.

ਜਿਹੜਾ ਬੱਚਾ ਬਪਤਿਸਮਾ ਲੈਣਾ ਚਾਹੁੰਦਾ ਹੈ, ਉਹ ਰਾਜ ਦੇ ਕੰਮਾਂ ਨੂੰ ਪਹਿਲੀ ਥਾਂ ਦੇਣ ਲਈ ਮਿਹਨਤ ਕਰਦਾ ਹੈ। (ਮੱਤੀ 6:33) ਉਹ ਪ੍ਰਚਾਰ ਵਿਚ ਹਿੱਸਾ ਲੈਣ ਦੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਉਹ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਦਾ ਹੈ। ਉਹ ਆਪਣੇ ਟੀਚਰ ਅਤੇ ਨਾਲ ਪੜ੍ਹਨ ਵਾਲਿਆਂ ਨੂੰ ਇਹ ਦੱਸਣ ਤੋਂ ਪਿੱਛੇ ਨਹੀਂ ਹਟਦਾ ਕਿ ਉਹ ਯਹੋਵਾਹ ਦਾ ਗਵਾਹ ਹੈ। ਉਹ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਮਿਲੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਂਦਾ ਹੈ।

ਉਹ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਗ਼ਲਤ ਸੰਗਤ ਤੋਂ ਦੂਰ ਰਹਿੰਦਾ ਹੈ। (ਕਹਾ. 13:20; 1 ਕੁਰਿੰ. 15:33) ਉਹ ਸੰਗੀਤ, ਟੀ. ਵੀ. ਪ੍ਰੋਗ੍ਰਾਮਾਂ, ਵੀਡੀਓ ਗੇਮਾਂ ਅਤੇ ਇੰਟਰਨੈੱਟ ਦੀ ਵਰਤੋਂ ਸੰਬੰਧੀ ਆਪਣੇ ਫ਼ੈਸਲਿਆਂ ਰਾਹੀਂ ਇਸ ਗੱਲ ਦਾ ਸਬੂਤ ਦਿੰਦਾ ਹੈ।

ਕਈ ਮਾਪਿਆਂ ਦੀ ਮਿਹਨਤ ਰੰਗ ਲਿਆਈ ਹੈ ਜਿਸ ਸਦਕਾ ਉਨ੍ਹਾਂ ਦੇ ਬੱਚਿਆਂ ਨੇ ਸੱਚਾਈ ਨੂੰ ਆਪਣਾ ਬਣਾਇਆ ਹੈ ਤੇ ਛੋਟੀ ਉਮਰ ਵਿਚ ਬਪਤਿਸਮਾ ਲੈਣ ਦੇ ਕਾਬਲ ਬਣੇ ਹਨ। ਮਾਪਿਓ, ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਵਿਚ ਮਦਦ ਦਿੰਦੇ ਰਹੋ। ਯਕੀਨ ਰੱਖੋ, ਯਹੋਵਾਹ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ!

ਬਪਤਿਸਮਾ-ਰਹਿਤ ਪ੍ਰਚਾਰਕਾਂ ਲਈ ਸੰਦੇਸ਼:

ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਇਕ ਵੱਡਾ ਸਨਮਾਨ ਹੈ! ਤੁਸੀਂ ਸੱਚਾਈ ਵਿਚ ਕਾਫ਼ੀ ਤਰੱਕੀ ਕਰ ਚੁੱਕੇ ਹੋ ਜਿਸ ਲਈ ਅਸੀਂ ਤੁਹਾਨੂੰ ਸ਼ਾਬਾਸ਼ੀ ਦਿੰਦੇ ਹਾਂ! ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਪਰਮੇਸ਼ੁਰ ਬਾਰੇ ਸੱਚਾ ਗਿਆਨ ਲਿਆ ਹੈ ਅਤੇ ਉਸ ਦੇ ਵਾਅਦਿਆਂ ਵਿਚ ਨਿਹਚਾ ਕੀਤੀ ਹੈ।​​—ਯੂਹੰ. 17:3; ਇਬ. 11:6.

ਹੋ ਸਕਦਾ ਹੈ ਕਿ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਧਰਮ ਨੂੰ ਮੰਨਦੇ ਸੀ ਜਾਂ ਕਿਸੇ ਵੀ ਧਰਮ ਨੂੰ ਨਹੀਂ ਸੀ ਮੰਨਦੇ। ਸ਼ਾਇਦ ਤੁਸੀਂ ਅਜਿਹੇ ਕੰਮ ਕਰਦੇ ਸੀ ਜੋ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹਨ। ਪਰ ਤੁਸੀਂ ਬੀਤੇ ਸਮੇਂ ਵਿਚ ਕੀਤੇ ਗ਼ਲਤ ਕੰਮਾਂ ਲਈ ਅਫ਼ਸੋਸ ਦਿਖਾਉਂਦੇ ਹੋਏ ਤੋਬਾ ਕੀਤੀ ਅਤੇ ਦੁਬਾਰਾ ਉਹ ਕੰਮ ਨਾ ਕਰਨ ਦਾ ਇਰਾਦਾ ਕੀਤਾ ਹੈ। ਇਸ ਤਰ੍ਹਾਂ ਤੁਸੀਂ ਆਪਣੀ ਨਿਹਚਾ ਦਾ ਸਬੂਤ ਦਿੱਤਾ ਹੈ। ਇਸ ਦੇ ਨਾਲ-ਨਾਲ ਤੁਸੀਂ ਬੁਰੇ ਕੰਮਾਂ ਨੂੰ ਛੱਡ ਕੇ ਪਰਮੇਸ਼ੁਰ ਨੂੰ ਭਾਉਣ ਵਾਲੇ ਚੰਗੇ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ ਹੈ।​​—ਰਸੂ. 3:19.

ਇਹ ਵੀ ਹੋ ਸਕਦਾ ਹੈ ਕਿ ਤੁਸੀਂ ਵੀ “ਬਚਪਨ ਤੋਂ” ਪਵਿੱਤਰ ਲਿਖਤਾਂ ਨੂੰ ਜਾਣਦੇ ਹੋਵੋ। ਮਾਪਿਆਂ ਤੋਂ ਮਿਲੀ ਸਿਖਲਾਈ ਕਾਰਨ ਤੁਸੀਂ ਦੁਨੀਆਂ ਦੇ ਲੋਕਾਂ ਦਾ ਚਾਲ-ਚਲਣ ਨਹੀਂ ਅਪਣਾਇਆ ਤੇ ਨਾ ਹੀ ਕੋਈ ਵੱਡਾ ਪਾਪ ਕੀਤਾ। (2 ਤਿਮੋ. 3:15) ਤੁਸੀਂ ਸਿੱਖਿਆ ਹੈ ਕਿ ਆਪਣੇ ਦੋਸਤਾਂ ਦੇ ਦਬਾਅ ਜਾਂ ਕਿਸੇ ਬਹਿਕਾਵੇ ਵਿਚ ਆ ਕੇ ਯਹੋਵਾਹ ਨੂੰ ਨਾਰਾਜ਼ ਕਰਨ ਵਾਲੇ ਕੰਮਾਂ ਤੋਂ ਕਿਵੇਂ ਦੂਰ ਰਹਿਣਾ ਹੈ। ਸੱਚੀ ਭਗਤੀ ਵਿਚ ਲੱਗੇ ਰਹਿ ਕੇ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਤੁਸੀਂ ਪੱਕੀ ਨਿਹਚਾ ਦਿਖਾਈ ਹੈ। ਤੁਹਾਨੂੰ ਪ੍ਰਚਾਰ ਲਈ ਵਧੀਆ ਸਿਖਲਾਈ ਦਿੱਤੀ ਗਈ ਹੈ। ਹੁਣ ਤੁਸੀਂ ਬਪਤਿਸਮਾ-ਰਹਿਤ ਪ੍ਰਚਾਰਕ ਵਜੋਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ।

ਹੋ ਸਕਦਾ ਕਿ ਤੁਸੀਂ ਬਚਪਨ ਵਿਚ ਜਾਂ ਫਿਰ ਵੱਡੇ ਹੋ ਕੇ ਯਹੋਵਾਹ ਬਾਰੇ ਗਿਆਨ ਲਿਆ ਹੈ, ਪਰ ਹੁਣ ਸ਼ਾਇਦ ਤੁਸੀਂ ਹੋਰ ਤਰੱਕੀ ਕਰਨ ਲਈ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ। ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਲਈ ਤੁਸੀਂ ਪ੍ਰਾਰਥਨਾ ਵਿਚ ਉਸ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਹਮੇਸ਼ਾ ਉਸ ਦੀ ਹੀ ਭਗਤੀ ਕਰੋਗੇ। (ਮੱਤੀ 16:24) ਇਸ ਵਾਅਦੇ ਦਾ ਸਬੂਤ ਉਦੋਂ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਪਾਣੀ ਵਿਚ ਗੋਤਾ ਲੈ ਕੇ ਬਪਤਿਸਮਾ ਲੈਂਦੇ ਹੋ। (ਮੱਤੀ 28:19, 20) ਸਮਰਪਣ ਅਤੇ ਬਪਤਿਸਮੇ ਰਾਹੀਂ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਓਗੇ। ਇਹ ਕਿੰਨਾ ਵੱਡਾ ਸਨਮਾਨ ਹੈ!

ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਜਾਣ ਚੁੱਕੇ ਹੋ ਕਿ ਇਹ ਰਾਹ ਚੁਣਨ ਨਾਲ ਤੁਹਾਨੂੰ ਸ਼ਾਇਦ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ। ਤੁਹਾਨੂੰ ਯਾਦ ਹੋਣਾ ਕਿ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ “ਪਵਿੱਤਰ ਸ਼ਕਤੀ ਨੇ ਯਿਸੂ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ ਜਿੱਥੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।” (ਮੱਤੀ 4:1) ਮਸੀਹ ਦੇ ਚੇਲੇ ਹੋਣ ਕਰਕੇ ਬਪਤਿਸਮਾ ਲੈਣ ਤੋਂ ਬਾਅਦ ਤੁਹਾਡੇ ʼਤੇ ਵੀ ਪਰੀਖਿਆਵਾਂ ਆ ਸਕਦੀਆਂ ਹਨ। (ਯੂਹੰ. 15:20) ਇਹ ਕਈ ਤਰੀਕਿਆਂ ਨਾਲ ਆਉਣਗੀਆਂ। ਸ਼ਾਇਦ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਨੂੰ ਸਤਾਉਣ। (ਮੱਤੀ 10:36) ਸ਼ਾਇਦ ਤੁਹਾਡੇ ਨਾਲ ਪੜ੍ਹਨ ਵਾਲੇ, ਕੰਮ ਕਰਨ ਵਾਲੇ ਜਾਂ ਤੁਹਾਡੇ ਪੁਰਾਣੇ ਦੋਸਤ-ਮਿੱਤਰ ਤੁਹਾਡਾ ਮਖੌਲ ਉਡਾਉਣ। ਪਰ ਤੁਹਾਨੂੰ ਮਰਕੁਸ 10:29, 30 ਵਿਚ ਦਰਜ ਯਿਸੂ ਦੇ ਇਹ ਲਫ਼ਜ਼ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਿਸ ਨੇ ਵੀ ਮੇਰੀ ਖ਼ਾਤਰ ਅਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਜਾਂ ਪਿਉ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, ਉਹ ਹੁਣ ਇਹ ਸਭ 100 ਗੁਣਾ ਪਾਵੇਗਾ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਤੇ ਖੇਤ, ਪਰ ਅਤਿਆਚਾਰਾਂ ਨਾਲ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ।” ਸੋ ਯਹੋਵਾਹ ਦੇ ਨੇੜੇ ਰਹਿਣ ਲਈ ਅਤੇ ਉਸ ਦੇ ਉੱਚੇ ਮਿਆਰਾਂ ਮੁਤਾਬਕ ਚੱਲਣ ਲਈ ਮਿਹਨਤ ਕਰਦੇ ਰਹੋ।

ਜੇ ਤੁਸੀਂ ਬਪਤਿਸਮਾ ਲੈਣ ਦੀ ਇੱਛਾ ਰੱਖਦੇ ਹੋ, ਤਾਂ ਤੁਹਾਨੂੰ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਪੁਸਤਿਕਾ ਵਿਚ ਦਿੱਤੇ ਸਵਾਲ ਵਰਤ ਕੇ ਬਜ਼ੁਰਗ ਤੁਹਾਡੇ ਨਾਲ ਚਰਚਾ ਕਰ ਕੇ ਪਤਾ ਲਗਾ ਸਕਣਗੇ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਜਾਂ ਨਹੀਂ। ਤੁਸੀਂ ਪਹਿਲਾਂ ਤੋਂ ਹੀ ਇਨ੍ਹਾਂ ਸਵਾਲਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਸਕਦੇ ਹੋ।

ਬਜ਼ੁਰਗਾਂ ਨਾਲ ਚਰਚਾ ਕਰਨ ਤੋਂ ਪਹਿਲਾਂ ਬਾਈਬਲ ਦੇ ਹਵਾਲਿਆਂ ਨੂੰ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ। ਤੁਸੀਂ ਇਸ ਪੁਸਤਿਕਾ ਵਿਚ ਜਾਂ ਕਾਗਜ਼ ਉੱਤੇ ਨੋਟਸ ਲਿਖ ਸਕਦੇ ਹੋ। ਬਜ਼ੁਰਗਾਂ ਦੇ ਨਾਲ ਚਰਚਾ ਕਰਨ ਵੇਲੇ ਤੁਸੀਂ ਆਪਣੀ ਪੁਸਤਿਕਾ ਅਤੇ ਆਪਣੇ ਨੋਟਸ ਵੀ ਵਰਤ ਸਕਦੇ ਹੋ। ਜੇ ਤੁਹਾਨੂੰ ਕੋਈ ਸਵਾਲ ਸਮਝ ਨਹੀਂ ਆਉਂਦਾ, ਤਾਂ ਤੁਸੀਂ ਉਸ ਤੋਂ ਮਦਦ ਮੰਗ ਸਕਦੇ ਹੋ ਜੋ ਤੁਹਾਨੂੰ ਸਟੱਡੀ ਕਰਾ ਰਿਹਾ ਹੈ ਜਾਂ ਫਿਰ ਤੁਸੀਂ ਬਜ਼ੁਰਗਾਂ ਤੋਂ ਮਦਦ ਮੰਗ ਸਕਦੇ ਹੋ।

ਇਹ ਨਾ ਸੋਚੋ ਕਿ ਚਰਚਾ ਦੌਰਾਨ ਤੁਹਾਨੂੰ ਸਵਾਲਾਂ ਦੇ ਲੰਬੇ-ਚੌੜੇ ਜਵਾਬ ਦੇਣੇ ਪੈਣਗੇ। ਆਪਣੇ ਸ਼ਬਦਾਂ ਵਿਚ ਦਿੱਤੇ ਛੋਟੇ-ਛੋਟੇ ਜਵਾਬ ਵਧੀਆ ਹੁੰਦੇ ਹਨ। ਚੰਗਾ ਹੋਵੇਗਾ ਜੇ ਤੁਸੀਂ ਸਵਾਲਾਂ ਦੇ ਜਵਾਬ ਦੇਣ ਵੇਲੇ ਬਾਈਬਲ ਦੀਆਂ ਕੁਝ ਆਇਤਾਂ ਵਰਤੋ ਜਿਨ੍ਹਾਂ ਤੋਂ ਇਹ ਜ਼ਾਹਰ ਹੋਵੇਗਾ ਕਿ ਤੁਹਾਡੇ ਜਵਾਬ ਬਾਈਬਲ ਵਿੱਚੋਂ ਹਨ।

ਜੇ ਤੁਹਾਨੂੰ ਅਜੇ ਵੀ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਮਝ ਨਹੀਂ ਆਈਆਂ, ਤਾਂ ਬਜ਼ੁਰਗ ਤੁਹਾਡੀ ਮਦਦ ਕਰਨ ਦਾ ਇੰਤਜ਼ਾਮ ਕਰਨਗੇ ਤਾਂਕਿ ਤੁਸੀਂ ਆਪਣੇ ਸ਼ਬਦਾਂ ਵਿਚ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਹੀ-ਸਹੀ ਸਮਝਾ ਸਕੋ ਅਤੇ ਅੱਗੇ ਚੱਲ ਕੇ ਬਪਤਿਸਮਾ ਲੈਣ ਦੇ ਯੋਗ ਬਣ ਸਕੋ।

[ਮੰਡਲੀ ਦੇ ਬਜ਼ੁਰਗਾਂ ਲਈ ਸੂਚਨਾ: ਬਪਤਿਸਮੇ ਦੇ ਉਮੀਦਵਾਰਾਂ ਨਾਲ ਚਰਚਾ ਕਰਨ ਬਾਰੇ ਹਿਦਾਇਤਾਂ ਸਫ਼ੇ 54-59 ʼਤੇ ਦਿੱਤੀਆਂ ਗਈਆਂ ਹਨ।]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ