-
ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 15
ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?
ਫਿਨਲੈਂਡ
ਸਿੱਖਿਆ ਦਿੰਦੇ ਹੋਏ
ਦੇਖ-ਭਾਲ ਕਰਦੇ ਹੋਏ
ਪ੍ਰਚਾਰ ਕਰਦੇ ਹੋਏ
ਸਾਡੇ ਸੰਗਠਨ ਵਿਚ ਪਾਦਰੀ ਨਹੀਂ ਹਨ ਜਿਨ੍ਹਾਂ ਨੂੰ ਤਨਖ਼ਾਹ ਮਿਲਦੀ ਹੈ। ਇਸ ਦੀ ਬਜਾਇ, ਜਿਵੇਂ ਪਹਿਲੀ ਸਦੀ ਵਿਚ ਮਸੀਹੀ ਮੰਡਲੀ ਵਿਚ ਹੁੰਦਾ ਸੀ, ਤਿਵੇਂ ਅੱਜ ਕਾਬਲ ਨਿਗਾਹਬਾਨਾਂ ਨੂੰ “ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ” ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ। (ਰਸੂਲਾਂ ਦੇ ਕੰਮ 20:28) ਬਜ਼ੁਰਗਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ ਅਤੇ ਉਹ ਮੰਡਲੀ ਵਿਚ ਅਗਵਾਈ ਕਰਦੇ ਹਨ ਅਤੇ ਚਰਵਾਹਿਆਂ ਵਾਂਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ। ਉਹ ‘ਇਹ ਕੰਮ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕਰਦੇ ਹਨ; ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੋਸ਼ ਨਾਲ ਕਰਦੇ ਹਨ।’ (1 ਪਤਰਸ 5:1-3) ਬਜ਼ੁਰਗ ਸਾਡੇ ਲਈ ਕਿਹੜੇ ਕੰਮ ਕਰਦੇ ਹਨ?
ਉਹ ਸਾਡੀ ਦੇਖ-ਭਾਲ ਤੇ ਰੱਖਿਆ ਕਰਦੇ ਹਨ। ਬਜ਼ੁਰਗ ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਸਲਾਹ ਦਿੰਦੇ ਹਨ ਅਤੇ ਉਨ੍ਹਾਂ ਦੀ ਬੁਰੇ ਪ੍ਰਭਾਵਾਂ ਤੋਂ ਰੱਖਿਆ ਕਰਦੇ ਹਨ ਤਾਂਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰਹੇ। ਬਜ਼ੁਰਗ ਜਾਣਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਭਾਰੀ ਜ਼ਿੰਮੇਵਾਰੀ ਸੌਂਪੀ ਹੈ, ਇਸ ਲਈ ਉਹ ਪਰਮੇਸ਼ੁਰ ਦੇ ਲੋਕਾਂ ʼਤੇ ਹੁਕਮ ਨਹੀਂ ਚਲਾਉਂਦੇ, ਸਗੋਂ ਉਹ ਹਰ ਕੰਮ ਸਾਡੇ ਭਲੇ ਤੇ ਖ਼ੁਸ਼ੀ ਲਈ ਕਰਦੇ ਹਨ। (2 ਕੁਰਿੰਥੀਆਂ 1:24) ਠੀਕ ਜਿਵੇਂ ਇਕ ਚਰਵਾਹਾ ਹਰ ਇਕ ਭੇਡ ਦੀ ਦੇਖ-ਭਾਲ ਕਰਨ ਲਈ ਮਿਹਨਤ ਕਰਦਾ ਹੈ, ਤਿਵੇਂ ਹੀ ਬਜ਼ੁਰਗ ਮੰਡਲੀ ਵਿਚ ਹਰ ਭੈਣ-ਭਰਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ।—ਕਹਾਉਤਾਂ 27:23.
ਉਹ ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿਖਾਉਂਦੇ ਹਨ। ਬਜ਼ੁਰਗ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਹਰ ਹਫ਼ਤੇ ਮੰਡਲੀ ਵਿਚ ਕੀਤੀਆਂ ਜਾਂਦੀਆਂ ਮੀਟਿੰਗਾਂ ਵਿਚ ਸਾਡੀ ਨਿਹਚਾ ਮਜ਼ਬੂਤ ਹੋਵੇ। (ਰਸੂਲਾਂ ਦੇ ਕੰਮ 15:32) ਇਹ ਵਫ਼ਾਦਾਰ ਬੰਦੇ ਪ੍ਰਚਾਰ ਦੇ ਕੰਮ ਵਿਚ ਵੀ ਅਗਵਾਈ ਕਰਦੇ ਹਨ। ਉਹ ਸਾਡੇ ਨਾਲ ਕੰਮ ਕਰ ਕੇ ਸਾਨੂੰ ਪ੍ਰਚਾਰ ਦੇ ਹਰ ਪਹਿਲੂ ਵਿਚ ਸਿਖਲਾਈ ਦਿੰਦੇ ਹਨ।
ਉਹ ਹਰੇਕ ਦਾ ਹੌਸਲਾ ਵਧਾਉਂਦੇ ਹਨ। ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਉਹ ਸਾਡੀ ਮਦਦ ਕਰਦੇ ਹਨ। ਉਹ ਸਾਡੇ ਘਰ ਆ ਕੇ ਜਾਂ ਕਿੰਗਡਮ ਹਾਲ ਵਿਚ ਸਾਡੇ ਨਾਲ ਬਾਈਬਲ ਦੇ ਹਵਾਲੇ ਸਾਂਝੇ ਕਰ ਕੇ ਸਾਡੀ ਮਦਦ ਕਰਦੇ ਹਨ ਤੇ ਸਾਨੂੰ ਦਿਲਾਸਾ ਦਿੰਦੇ ਹਨ।—ਯਾਕੂਬ 5:14, 15.
ਮੰਡਲੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ, ਜ਼ਿਆਦਾਤਰ ਬਜ਼ੁਰਗ ਨੌਕਰੀਆਂ ਵੀ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਦੇਖ-ਭਾਲ ਵੀ ਕਰਦੇ ਹਨ। ਇਹ ਸਭ ਕੁਝ ਕਰਨ ਲਈ ਸਮੇਂ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਮਿਹਨਤੀ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ।—1 ਥੱਸਲੁਨੀਕੀਆਂ 5:12, 13.
ਮੰਡਲੀ ਵਿਚ ਬਜ਼ੁਰਗ ਕਿਹੜੇ ਕੰਮ ਕਰਦੇ ਹਨ?
ਬਜ਼ੁਰਗ ਸਾਡੇ ਵਿਚ ਨਿੱਜੀ ਤੌਰ ਤੇ ਕਿਵੇਂ ਦਿਲਚਸਪੀ ਦਿਖਾਉਂਦੇ ਹਨ?
-
-
ਸਹਾਇਕ ਸੇਵਕ ਕਿਹੜੇ ਕੰਮ ਕਰਦੇ ਹਨ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 16
ਸਹਾਇਕ ਸੇਵਕ ਕਿਹੜੇ ਕੰਮ ਕਰਦੇ ਹਨ?
ਮਿਆਨਮਾਰ
ਭਾਸ਼ਣ ਦਿੰਦੇ ਹੋਏ
ਪ੍ਰਚਾਰ ਲਈ ਮੀਟਿੰਗ ਕਰਦੇ ਹੋਏ
ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੇ ਹੋਏ
ਬਾਈਬਲ ਮੁਤਾਬਕ ਹਰ ਮੰਡਲੀ ਵਿਚ ‘ਨਿਗਾਹਬਾਨ ਤੇ ਸਹਾਇਕ ਸੇਵਕ’ ਜ਼ਿੰਮੇਵਾਰੀਆਂ ਸੰਭਾਲਦੇ ਹਨ। (ਫ਼ਿਲਿੱਪੀਆਂ 1:1) ਆਮ ਤੌਰ ਤੇ ਹਰ ਮੰਡਲੀ ਵਿਚ ਇਹੋ ਜਿਹੇ ਕਈ ਭਰਾ ਹੁੰਦੇ ਹਨ। ਸਹਾਇਕ ਸੇਵਕ ਸਾਡੇ ਲਈ ਕਿਹੜੇ ਕੰਮ ਕਰਦੇ ਹਨ?
ਉਹ ਬਜ਼ੁਰਗਾਂ ਦੀ ਮਦਦ ਕਰਦੇ ਹਨ। ਹਰ ਉਮਰ ਦੇ ਸਹਾਇਕ ਸੇਵਕਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਉਹ ਭਰੋਸੇਯੋਗ ਤੇ ਮਿਹਨਤੀ ਹੁੰਦੇ ਹਨ। ਉਹ ਮੰਡਲੀ ਵਿਚ ਜ਼ਰੂਰੀ ਕੰਮ ਸੰਭਾਲਦੇ ਹਨ ਤਾਂਕਿ ਬਜ਼ੁਰਗ ਮੰਡਲੀ ਵਿਚ ਸਿੱਖਿਆ ਦੇਣ ਅਤੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀਆਂ ਜ਼ਿੰਮੇਵਾਰੀਆਂ ਨਿਭਾ ਸਕਣ।
ਉਹ ਮੰਡਲੀ ਦੀ ਸੇਵਾ ਕਰਦੇ ਹਨ। ਕੁਝ ਸਹਾਇਕ ਸੇਵਕ ਮੀਟਿੰਗਾਂ ਵਿਚ ਆਉਣ ਵਾਲਿਆਂ ਦਾ ਸੁਆਗਤ ਕਰਦੇ ਹਨ। ਕੁਝ ਸਾਊਂਡ ਸਿਸਟਮ, ਸਾਹਿੱਤ, ਮੰਡਲੀ ਦੇ ਬੈਂਕ ਅਕਾਊਂਟ ਅਤੇ ਪ੍ਰਚਾਰ ਦੇ ਇਲਾਕਿਆਂ ਦੀ ਦੇਖ-ਰੇਖ ਕਰਨ ਦਾ ਕੰਮ ਕਰਦੇ ਹਨ। ਉਹ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਵਿਚ ਵੀ ਮਦਦ ਕਰਦੇ ਹਨ। ਬਜ਼ੁਰਗ ਸ਼ਾਇਦ ਉਨ੍ਹਾਂ ਨੂੰ ਸਿਆਣੇ ਭੈਣਾਂ-ਭਰਾਵਾਂ ਦੀ ਵੀ ਮਦਦ ਕਰਨ ਲਈ ਕਹਿਣ। ਸਹਾਇਕ ਸੇਵਕਾਂ ਨੂੰ ਜਿਹੜੀਆਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਉਹ ਖ਼ੁਸ਼ੀ-ਖ਼ੁਸ਼ੀ ਪੂਰਾ ਕਰਦੇ ਹਨ ਜਿਸ ਕਰਕੇ ਸਾਰੇ ਉਨ੍ਹਾਂ ਦਾ ਆਦਰ ਕਰਦੇ ਹਨ।—1 ਤਿਮੋਥਿਉਸ 3:13.
ਉਹ ਦੂਜਿਆਂ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ। ਸਹਾਇਕ ਸੇਵਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰੀ ਗੁਣਾਂ ਕਰਕੇ ਚੁਣਿਆ ਜਾਂਦਾ ਹੈ। ਉਹ ਮੀਟਿੰਗਾਂ ਵਿਚ ਆਪਣੇ ਭਾਸ਼ਣਾਂ ਦੇ ਜ਼ਰੀਏ ਸਾਡੀ ਨਿਹਚਾ ਮਜ਼ਬੂਤ ਕਰਦੇ ਹਨ। ਉਹ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰ ਕੇ ਸਾਡੇ ਵਿਚ ਜੋਸ਼ ਪੈਦਾ ਕਰਦੇ ਹਨ। ਉਹ ਬਜ਼ੁਰਗਾਂ ਨੂੰ ਸਹਿਯੋਗ ਦੇ ਕੇ ਮੰਡਲੀ ਵਿਚ ਖ਼ੁਸ਼ੀ-ਭਰਿਆ ਮਾਹੌਲ ਅਤੇ ਏਕਤਾ ਬਣਾਈ ਰੱਖਦੇ ਹਨ। (ਅਫ਼ਸੀਆਂ 4:16) ਸਮੇਂ ਦੇ ਬੀਤਣ ਨਾਲ ਉਹ ਵੀ ਸ਼ਾਇਦ ਬਜ਼ੁਰਗਾਂ ਵਜੋਂ ਸੇਵਾ ਕਰਨ ਦੇ ਯੋਗ ਬਣ ਜਾਣ।
ਸਹਾਇਕ ਸੇਵਕ ਕਿਹੋ ਜਿਹੇ ਭਰਾ ਹਨ?
ਸਹਾਇਕ ਸੇਵਕ ਮੰਡਲੀ ਵਿਚ ਕਿਹੜੇ ਜ਼ਰੂਰੀ ਕੰਮ ਕਰਦੇ ਹਨ?
-
-
ਸਰਕਟ ਨਿਗਾਹਬਾਨ ਸਾਡੀ ਕਿੱਦਾਂ ਮਦਦ ਕਰਦੇ ਹਨ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 17
ਸਰਕਟ ਨਿਗਾਹਬਾਨ ਸਾਡੀ ਕਿੱਦਾਂ ਮਦਦ ਕਰਦੇ ਹਨ?
ਮਲਾਵੀ
ਪ੍ਰਚਾਰ ਲਈ ਮੀਟਿੰਗ ਕਰਦੇ ਹੋਏ
ਪ੍ਰਚਾਰ ਕਰਦੇ ਹੋਏ
ਬਜ਼ੁਰਗਾਂ ਨਾਲ ਮੀਟਿੰਗ ਕਰਦੇ ਹੋਏ
ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਕਈ ਵਾਰ ਬਰਨਬਾਸ ਅਤੇ ਪੌਲੁਸ ਰਸੂਲ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੋਵੇਂ ਭਰਾ ਸਫ਼ਰੀ ਨਿਗਾਹਬਾਨਾਂ ਵਜੋਂ ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦੇ ਸਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੀ ਬਹੁਤ ਚਿੰਤਾ ਸੀ। ਪੌਲੁਸ ਨੇ ਕਿਹਾ ਕਿ ਉਹ ‘ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰਨਾ’ ਚਾਹੁੰਦਾ ਸੀ। ਉਸ ਨੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਖ਼ੁਸ਼ੀ-ਖ਼ੁਸ਼ੀ ਸੈਂਕੜੇ ਕਿਲੋਮੀਟਰ ਸਫ਼ਰ ਕੀਤਾ। (ਰਸੂਲਾਂ ਦੇ ਕੰਮ 15:36) ਅੱਜ ਵੀ ਸਫ਼ਰੀ ਨਿਗਾਹਬਾਨ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ।
ਉਹ ਸਾਨੂੰ ਹੌਸਲਾ ਦੇਣ ਲਈ ਆਉਂਦੇ ਹਨ। ਹਰ ਸਰਕਟ ਓਵਰਸੀਅਰ ਲਗਭਗ 20 ਮੰਡਲੀਆਂ ਨੂੰ ਵਾਰੀ-ਵਾਰੀ ਮਿਲਣ ਜਾਂਦਾ ਹੈ। ਉਹ ਸਾਲ ਵਿਚ ਦੋ ਵਾਰ ਹਰ ਮੰਡਲੀ ਨਾਲ ਇਕ ਹਫ਼ਤਾ ਬਿਤਾਉਂਦਾ ਹੈ। ਅਸੀਂ ਇਨ੍ਹਾਂ ਭਰਾਵਾਂ ਅਤੇ ਜੇ ਉਹ ਵਿਆਹੇ ਹੋਣ, ਤਾਂ ਉਨ੍ਹਾਂ ਦੀਆਂ ਪਤਨੀਆਂ ਦੇ ਤਜਰਬੇ ਤੋਂ ਬਹੁਤ ਲਾਭ ਉਠਾ ਸਕਦੇ ਹਾਂ। ਉਹ ਛੋਟੇ-ਵੱਡੇ ਸਾਰਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਸਾਡੇ ਨਾਲ ਪ੍ਰਚਾਰ ਵਿਚ ਤੇ ਸਾਡੀਆਂ ਸਟੱਡੀਆਂ ʼਤੇ ਖ਼ੁਸ਼ੀ-ਖ਼ੁਸ਼ੀ ਜਾਣ ਲਈ ਤਿਆਰ ਰਹਿੰਦੇ ਹਨ। ਇਹ ਓਵਰਸੀਅਰ ਮੰਡਲੀ ਦੇ ਬਜ਼ੁਰਗਾਂ ਨਾਲ ਭੈਣਾਂ-ਭਰਾਵਾਂ ਦੇ ਘਰ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ। ਉਹ ਮੀਟਿੰਗਾਂ ਅਤੇ ਅਸੈਂਬਲੀਆਂ ਵਿਚ ਵਧੀਆ ਭਾਸ਼ਣ ਦੇ ਕੇ ਸਾਡੀ ਨਿਹਚਾ ਵਧਾਉਂਦੇ ਹਨ।—ਰਸੂਲਾਂ ਦੇ ਕੰਮ 15:35.
ਉਹ ਸਾਰਿਆਂ ਵਿਚ ਦਿਲਚਸਪੀ ਲੈਂਦੇ ਹਨ। ਸਰਕਟ ਨਿਗਾਹਬਾਨ ਮੰਡਲੀਆਂ ਦੀ ਤਰੱਕੀ ਵਿਚ ਦਿਲਚਸਪੀ ਲੈਂਦੇ ਹਨ। ਉਹ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨਾਲ ਮਿਲ ਕੇ ਦੇਖਦੇ ਹਨ ਕਿ ਮੰਡਲੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ ਅਤੇ ਇਨ੍ਹਾਂ ਭਰਾਵਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਕਿਵੇਂ ਨਿਭਾ ਸਕਦੇ ਹਨ। ਉਹ ਪ੍ਰਚਾਰ ਵਿਚ ਸਫ਼ਲਤਾ ਪਾਉਣ ਲਈ ਪਾਇਨੀਅਰਾਂ ਦੀ ਮਦਦ ਕਰਦੇ ਹਨ। ਨਾਲੇ ਉਹ ਮੰਡਲੀ ਵਿਚ ਆਏ ਨਵੇਂ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਨੇ ਸੱਚਾਈ ਵਿਚ ਕਿੰਨੀ ਤਰੱਕੀ ਕੀਤੀ ਹੈ। ਇਹ ਸਾਰੇ ਭਰਾ ਆਪਾ ਵਾਰ ਕੇ ‘ਸਾਡੇ ਭਲੇ ਲਈ ਕੰਮ ਕਰਦੇ’ ਹਨ। (2 ਕੁਰਿੰਥੀਆਂ 8:23) ਸਾਨੂੰ ਇਨ੍ਹਾਂ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਵਾਂਗ ਪਰਮੇਸ਼ੁਰ ਦੀ ਲਗਨ ਨਾਲ ਸੇਵਾ ਕਰਨੀ ਚਾਹੀਦੀ ਹੈ।—ਇਬਰਾਨੀਆਂ 13:7.
ਸਰਕਟ ਨਿਗਾਹਬਾਨ ਮੰਡਲੀਆਂ ਨੂੰ ਕਿਉਂ ਮਿਲਣ ਜਾਂਦੇ ਹਨ?
ਉਨ੍ਹਾਂ ਦੇ ਆਉਣ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
-
-
ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 18
ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?
ਡਮਿਨੀਕਨ ਗਣਰਾਜ
ਜਪਾਨ
ਹੈਟੀ
ਕੁਦਰਤੀ ਆਫ਼ਤਾਂ ਆਉਣ ਤੇ ਯਹੋਵਾਹ ਦੇ ਗਵਾਹ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਫਟਾਫਟ ਪ੍ਰਬੰਧ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਾਂ। (ਯੂਹੰਨਾ 13:34, 35; 1 ਯੂਹੰਨਾ 3:17, 18) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦੇ ਹਾਂ?
ਅਸੀਂ ਪੈਸਾ ਦਾਨ ਕਰਦੇ ਹਾਂ। ਪਹਿਲੀ ਸਦੀ ਵਿਚ ਜਦੋਂ ਯਹੂਦੀਆ ਵਿਚ ਵੱਡਾ ਕਾਲ਼ ਪਿਆ ਸੀ, ਤਾਂ ਅੰਤਾਕੀਆ ਦੇ ਮਸੀਹੀਆਂ ਨੇ ਲੋੜਵੰਦ ਭਰਾਵਾਂ ਨੂੰ ਪੈਸੇ ਭੇਜੇ ਸਨ। (ਰਸੂਲਾਂ ਦੇ ਕੰਮ 11:27-30) ਇਸੇ ਤਰ੍ਹਾਂ ਅੱਜ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਦੁਨੀਆਂ ਦੇ ਕਿਸੇ ਹਿੱਸੇ ਵਿਚ ਸਾਡੇ ਭਰਾ ਔਖੀ ਘੜੀ ਵਿੱਚੋਂ ਦੀ ਲੰਘ ਰਹੇ ਹਨ, ਤਾਂ ਅਸੀਂ ਆਪਣੀ ਮੰਡਲੀ ਦੇ ਜ਼ਰੀਏ ਉਨ੍ਹਾਂ ਨੂੰ ਪੈਸੇ ਭੇਜਦੇ ਹਾਂ ਤਾਂਕਿ ਉਹ ਲੋੜੀਂਦੀਆਂ ਚੀਜ਼ਾਂ ਖ਼ਰੀਦ ਸਕਣ।—2 ਕੁਰਿੰਥੀਆਂ 8:13-15.
ਅਸੀਂ ਲੋੜੀਂਦੇ ਕੰਮ ਕਰਦੇ ਹਾਂ। ਕੁਦਰਤੀ ਆਫ਼ਤ ਆਉਣ ਤੇ ਬਜ਼ੁਰਗ ਪਤਾ ਕਰਦੇ ਹਨ ਕਿ ਮੰਡਲੀ ਦਾ ਹਰ ਭੈਣ-ਭਰਾ ਸਹੀ-ਸਲਾਮਤ ਹੈ ਜਾਂ ਨਹੀਂ। ਰਿਲੀਫ ਕਮੇਟੀ ਖਾਣ-ਪੀਣ ਦੀਆਂ ਚੀਜ਼ਾਂ, ਸਾਫ਼ ਪਾਣੀ, ਕੱਪੜੇ, ਰਹਿਣ ਲਈ ਜਗ੍ਹਾ ਅਤੇ ਦਵਾਈਆਂ ਦਾ ਪ੍ਰਬੰਧ ਕਰਦੀ ਹੈ। ਬਹੁਤ ਸਾਰੇ ਕਾਰੀਗਰ ਭੈਣ-ਭਰਾ ਆਪਣੇ ਖ਼ਰਚੇ ʼਤੇ ਜਾ ਕੇ ਰਾਹਤ ਕੰਮ ਵਿਚ ਹਿੱਸਾ ਲੈਂਦੇ ਹਨ ਜਾਂ ਨੁਕਸਾਨੇ ਗਏ ਘਰਾਂ ਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਦੇ ਹਨ। ਸਾਡੇ ਸੰਗਠਨ ਵਿਚ ਏਕਤਾ ਹੈ ਅਤੇ ਸਾਨੂੰ ਮਿਲ ਕੇ ਕੰਮ ਕਰਨ ਦਾ ਤਜਰਬਾ ਹੈ, ਇਸ ਕਰਕੇ ਅਸੀਂ ਔਖੇ ਸਮਿਆਂ ਵਿਚ ਜਲਦੀ ਹੀ ਜ਼ਰੂਰੀ ਚੀਜ਼ਾਂ ਅਤੇ ਕੰਮ ਕਰਨ ਲਈ ਭੈਣਾਂ-ਭਰਾਵਾਂ ਨੂੰ ਇਕੱਠਾ ਕਰ ਸਕਦੇ ਹਾਂ। ਹਾਲਾਂਕਿ ਅਸੀਂ ‘ਆਪਣੇ ਮਸੀਹੀ ਭੈਣਾਂ-ਭਰਾਵਾਂ’ ਦੀ ਮਦਦ ਕਰਦੇ ਹਾਂ, ਪਰ ਜੇ ਹੋ ਸਕੇ, ਤਾਂ ਅਸੀਂ ਦੂਜਿਆਂ ਦੀ ਵੀ ਮਦਦ ਕਰਦੇ ਹਾਂ ਚਾਹੇ ਉਨ੍ਹਾਂ ਦਾ ਧਰਮ ਜੋ ਮਰਜ਼ੀ ਹੋਵੇ।—ਗਲਾਤੀਆਂ 6:10.
ਬਾਈਬਲ ਤੋਂ ਅਸੀਂ ਲੋਕਾਂ ਨੂੰ ਦਿਲਾਸਾ ਦਿੰਦੇ ਹਾਂ। ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਖ਼ਾਸ ਕਰਕੇ ਦਿਲਾਸੇ ਦੀ ਲੋੜ ਹੁੰਦੀ ਹੈ। ਇਨ੍ਹਾਂ ਮੌਕਿਆਂ ਤੇ ਸਾਨੂੰ ਯਹੋਵਾਹ ਤੋਂ ਤਾਕਤ ਮਿਲਦੀ ਹੈ ਜੋ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3, 4) ਨਿਰਾਸ਼ ਲੋਕਾਂ ਨੂੰ ਅਸੀਂ ਖ਼ੁਸ਼ੀ ਨਾਲ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਦੇ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਸਾਰੀਆਂ ਆਫ਼ਤਾਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਾਰਨ ਅਸੀਂ ਦੁੱਖ-ਤਕਲੀਫ਼ਾਂ ਸਹਿੰਦੇ ਹਾਂ।—ਪ੍ਰਕਾਸ਼ ਦੀ ਕਿਤਾਬ 21:4.
ਆਫ਼ਤਾਂ ਆਉਣ ਤੇ ਯਹੋਵਾਹ ਦੇ ਗਵਾਹ ਫਟਾਫਟ ਮਦਦ ਕਰਨ ਲਈ ਪ੍ਰਬੰਧ ਕਿੱਦਾਂ ਕਰ ਲੈਂਦੇ ਹਨ?
ਅਸੀਂ ਆਫ਼ਤਾਂ ਵਿੱਚੋਂ ਬਚੇ ਲੋਕਾਂ ਨੂੰ ਬਾਈਬਲ ਤੋਂ ਕਿਹੜਾ ਦਿਲਾਸਾ ਦੇ ਸਕਦੇ ਹਾਂ?
-
-
ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 19
ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?
ਸਾਨੂੰ ਸਾਰਿਆਂ ਨੂੰ “ਭੋਜਨ” ਤੋਂ ਫ਼ਾਇਦਾ ਹੁੰਦਾ ਹੈ
ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਆਪਣੇ ਚਾਰ ਚੇਲਿਆਂ, ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਆਸ ਨਾਲ ਗੱਲਬਾਤ ਕੀਤੀ ਸੀ। ਯੁਗ ਦੇ ਆਖ਼ਰੀ ਸਮੇਂ ਵਿਚ ਆਪਣੀ ਮੌਜੂਦਗੀ ਦੀ ਨਿਸ਼ਾਨੀ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਇਕ ਜ਼ਰੂਰੀ ਸਵਾਲ ਪੁੱਛਿਆ: “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ ਤਾਂਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਭੋਜਨ ਦੇਵੇ?” (ਮੱਤੀ 24:3, 45; ਮਰਕੁਸ 13:3, 4) ਯਿਸੂ ਆਪਣੇ ਚੇਲਿਆਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਉਨ੍ਹਾਂ ਦੇ “ਮਾਲਕ” ਵਜੋਂ ਉਹ ਉਨ੍ਹਾਂ ਲੋਕਾਂ ਨੂੰ ਨਿਯੁਕਤ ਕਰੇਗਾ ਜੋ ਆਖ਼ਰੀ ਸਮੇਂ ਵਿਚ ਉਸ ਦੇ ਚੇਲਿਆਂ ਨੂੰ “ਭੋਜਨ” ਯਾਨੀ ਪਰਮੇਸ਼ੁਰ ਦਾ ਗਿਆਨ ਲਗਾਤਾਰ ਦਿੰਦੇ ਰਹਿਣਗੇ। ਉਹ ਕੌਣ ਹਨ?
ਉਹ ਯਿਸੂ ਮਸੀਹ ਦੇ ਚੇਲਿਆਂ ਦਾ ਛੋਟਾ ਜਿਹਾ ਗਰੁੱਪ ਹੈ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ। ਇਹ “ਨੌਕਰ” ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਜੋਂ ਜਾਣਿਆ ਜਾਂਦਾ ਹੈ। ਭਰਾਵਾਂ ਦਾ ਇਹ ਗਰੁੱਪ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ। ਸਾਨੂੰ “ਸਹੀ ਸਮੇਂ ਤੇ ਲੋੜੀਂਦਾ ਭੋਜਨ” ਸਿਰਫ਼ ਇਸ ਨੌਕਰ ਤੋਂ ਹੀ ਮਿਲੇਗਾ, ਹੋਰ ਕਿਸੇ ਤੋਂ ਨਹੀਂ।—ਲੂਕਾ 12:42.
ਇਹ ਨੌਕਰ ਪਰਮੇਸ਼ੁਰ ਦੇ ਘਰ ਦੀ ਦੇਖ-ਰੇਖ ਕਰਦਾ ਹੈ। (1 ਤਿਮੋਥਿਉਸ 3:15) ਯਿਸੂ ਨੇ ਇਸ ਨੌਕਰ ਨੂੰ ਧਰਤੀ ʼਤੇ ਯਹੋਵਾਹ ਦੇ ਸੰਗਠਨ ਦੀ ਦੇਖ-ਰੇਖ ਕਰਨ ਦੀ ਭਾਰੀ ਜ਼ਿੰਮੇਵਾਰੀ ਦਿੱਤੀ ਹੈ। ਇਹ ਨੌਕਰ ਹੈੱਡ-ਕੁਆਰਟਰ, ਬ੍ਰਾਂਚ ਆਫ਼ਿਸਾਂ, ਅਸੈਂਬਲੀ ਹਾਲਾਂ ਵਗੈਰਾ ਦੀ ਦੇਖ-ਭਾਲ ਕਰਦਾ ਹੈ, ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਹੈ ਅਤੇ ਸਾਨੂੰ ਮੰਡਲੀਆਂ ਵਿਚ ਸਿੱਖਿਆ ਦਿੰਦਾ ਹੈ। ਇਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਪ੍ਰਚਾਰ ਵਿਚ ਵਰਤੇ ਜਾਂਦੇ ਪ੍ਰਕਾਸ਼ਨਾਂ ਅਤੇ ਸਾਡੀਆਂ ਮੀਟਿੰਗਾਂ ਤੇ ਅਸੈਂਬਲੀਆਂ ਰਾਹੀਂ ਸਹੀ ਸਮੇਂ ਤੇ ਪਰਮੇਸ਼ੁਰ ਦਾ ਗਿਆਨ ਦਿੰਦਾ ਹੈ।
ਇਹ ਨੌਕਰ ਵਫ਼ਾਦਾਰ ਕਿਵੇਂ ਹੈ? ਇਹ ਬਾਈਬਲ ਦੀਆਂ ਸੱਚਾਈਆਂ ਨੂੰ ਸਹੀ-ਸਹੀ ਦੱਸਦਾ ਹੈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਇਹ ਸਮਝਦਾਰ ਕਿਵੇਂ ਹੈ? ਇਹ ਧਰਤੀ ਉੱਤੇ ਮਸੀਹ ਦੀ ਸਾਰੀ ਮਲਕੀਅਤ ਦੀ ਧਿਆਨ ਨਾਲ ਦੇਖ-ਭਾਲ ਕਰਦਾ ਹੈ। (ਰਸੂਲਾਂ ਦੇ ਕੰਮ 10:42) ਨੌਕਰ ਦੇ ਇਸ ਕੰਮ ʼਤੇ ਯਹੋਵਾਹ ਦੀ ਬਰਕਤ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਦੇ ਗਵਾਹ ਬਣ ਰਹੇ ਹਨ ਅਤੇ ਗਿਆਨ ਦੇਣ ਦੇ ਪ੍ਰਬੰਧਾਂ ਵਿਚ ਵੀ ਵਾਧਾ ਹੋ ਰਿਹਾ ਹੈ।—ਯਸਾਯਾਹ 60:22; 65:13.
ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ?
ਇਹ ਨੌਕਰ ਵਫ਼ਾਦਾਰ ਅਤੇ ਸਮਝਦਾਰ ਕਿਵੇਂ ਹੈ?
-
-
ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 20
ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?
ਪਹਿਲੀ ਸਦੀ ਦੀ ਪ੍ਰਬੰਧਕ ਸਭਾ
ਪ੍ਰਬੰਧਕ ਸਭਾ ਦੀ ਚਿੱਠੀ ਪੜ੍ਹਦੇ ਹੋਏ
ਪਹਿਲੀ ਸਦੀ ਵਿਚ “ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ” ਦਾ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰਦਾ ਸੀ ਤੇ ਸਾਰੇ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਲਈ ਅਹਿਮ ਫ਼ੈਸਲੇ ਕਰਦਾ ਸੀ। (ਰਸੂਲਾਂ ਦੇ ਕੰਮ 15:2) ਇਸ ਪ੍ਰਬੰਧਕ ਸਭਾ ਦੇ ਮੈਂਬਰ ਧਰਮ-ਗ੍ਰੰਥ ਦੇ ਹਵਾਲਿਆਂ ਉੱਤੇ ਚਰਚਾ ਕਰ ਕੇ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਸਹਿਮਤੀ ਨਾਲ ਫ਼ੈਸਲੇ ਕਰਦੇ ਸਨ। (ਰਸੂਲਾਂ ਦੇ ਕੰਮ 15:25) ਅੱਜ ਵੀ ਇਸੇ ਤਰ੍ਹਾਂ ਕੀਤਾ ਜਾਂਦਾ ਹੈ।
ਇਸ ਨੂੰ ਪਰਮੇਸ਼ੁਰ ਆਪਣੀ ਇੱਛਾ ਪੂਰੀ ਕਰਨ ਲਈ ਵਰਤਦਾ ਹੈ। ਜਿਹੜੇ ਭਰਾ ਪ੍ਰਬੰਧਕ ਸਭਾ ਵਜੋਂ ਸੇਵਾ ਕਰਦੇ ਹਨ, ਉਹ ਪਰਮੇਸ਼ੁਰ ਦੇ ਬਚਨ ਵਿਚ ਗਹਿਰੀ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਕੋਲ ਪ੍ਰਚਾਰ ਕੰਮ ਸੰਬੰਧੀ ਫ਼ੈਸਲੇ ਕਰਨ ਤੇ ਪਰਮੇਸ਼ੁਰ ਦੀ ਸੇਵਾ ਨਾਲ ਸੰਬੰਧਿਤ ਮਾਮਲਿਆਂ ਨੂੰ ਨਜਿੱਠਣ ਦਾ ਕਾਫ਼ੀ ਤਜਰਬਾ ਹੈ। ਪ੍ਰਬੰਧਕ ਸਭਾ ਦੇ ਮੈਂਬਰ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਦੀਆਂ ਲੋੜਾਂ ਬਾਰੇ ਗੱਲਬਾਤ ਕਰਨ ਲਈ ਹਰ ਹਫ਼ਤੇ ਮੀਟਿੰਗ ਕਰਦੇ ਹਨ। ਨਾਲੇ ਉਹ ਪਹਿਲੀ ਸਦੀ ਦੀ ਤਰ੍ਹਾਂ ਚਿੱਠੀਆਂ, ਸਰਕਟ ਨਿਗਾਹਬਾਨਾਂ ਅਤੇ ਹੋਰਨਾਂ ਦੇ ਜ਼ਰੀਏ ਬਾਈਬਲ ਤੋਂ ਹਿਦਾਇਤਾਂ ਦਿੰਦੇ ਹਨ। ਇਸ ਕਾਰਨ ਪਰਮੇਸ਼ੁਰ ਦੇ ਲੋਕਾਂ ਦੀ ਇੱਕੋ ਸੋਚ ਹੁੰਦੀ ਹੈ ਅਤੇ ਉਨ੍ਹਾਂ ਦੀ ਏਕਤਾ ਵਧਦੀ ਹੈ। (ਰਸੂਲਾਂ ਦੇ ਕੰਮ 16:4, 5) ਪ੍ਰਬੰਧਕ ਸਭਾ ਧਿਆਨ ਰੱਖਦੀ ਹੈ ਕਿ ਸਾਨੂੰ ਪਰਮੇਸ਼ੁਰ ਦਾ ਜੋ ਵੀ ਗਿਆਨ ਦਿੱਤਾ ਜਾਂਦਾ ਹੈ ਉਹ ਸਹੀ ਹੋਵੇ। ਇਸ ਦੇ ਨਾਲ-ਨਾਲ ਉਹ ਸਾਰਿਆਂ ਨੂੰ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੰਦੀ ਹੈ। ਨਾਲੇ ਉਹ ਭਰਾਵਾਂ ਨੂੰ ਜ਼ਿੰਮੇਵਾਰੀ ਦੇ ਅਹੁਦੇ ʼਤੇ ਨਿਯੁਕਤ ਕਰਨ ਦੇ ਕੰਮ ਦੀ ਦੇਖ-ਰੇਖ ਕਰਦੀ ਹੈ।
ਇਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੀ ਹੈ। ਪ੍ਰਬੰਧਕ ਸਭਾ ਸਾਰੇ ਜਹਾਨ ਦੇ ਮਾਲਕ ਯਹੋਵਾਹ ਪਰਮੇਸ਼ੁਰ ਅਤੇ ਮੰਡਲੀ ਦੇ ਮੁਖੀ ਯਿਸੂ ਤੋਂ ਸੇਧ ਲੈਂਦੀ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:23) ਪ੍ਰਬੰਧਕ ਸਭਾ ਦੇ ਮੈਂਬਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਆਗੂ ਨਹੀਂ ਸਮਝਦੇ। ਉਹ ਬਾਕੀ ਚੁਣੇ ਹੋਏ ਮਸੀਹੀਆਂ ਦੇ ਨਾਲ “ਲੇਲੇ [ਯਿਸੂ] ਦੇ ਪਿੱਛੇ-ਪਿੱਛੇ ਜਾਂਦੇ ਹਨ।” (ਪ੍ਰਕਾਸ਼ ਦੀ ਕਿਤਾਬ 14:4) ਪ੍ਰਬੰਧਕ ਸਭਾ ਇਸ ਗੱਲ ਦੀ ਕਦਰ ਕਰਦੀ ਹੈ ਕਿ ਅਸੀਂ ਉਸ ਲਈ ਪ੍ਰਾਰਥਨਾਵਾਂ ਕਰਦੇ ਹਾਂ।
ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਕੌਣ ਸਨ?
ਅੱਜ ਪ੍ਰਬੰਧਕ ਸਭਾ ਕਿਸੇ ਗੱਲ ਬਾਰੇ ਪਰਮੇਸ਼ੁਰ ਦੇ ਵਿਚਾਰ ਜਾਣਨ ਦੀ ਕਿਵੇਂ ਕੋਸ਼ਿਸ਼ ਕਰਦੀ ਹੈ?
-
-
ਬੈਥਲ ਕੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 21
ਬੈਥਲ ਕੀ ਹੈ?
ਅਮਰੀਕਾ ਵਿਚ ਤਸਵੀਰਾਂ ਤਿਆਰ ਕਰਨ ਵਾਲਾ ਵਿਭਾਗ
ਜਰਮਨੀ
ਕੀਨੀਆ
ਕੋਲੰਬੀਆ
ਇਬਰਾਨੀ ਭਾਸ਼ਾ ਵਿਚ ਬੈਥਲ ਦਾ ਮਤਲਬ ਹੈ ‘ਪਰਮੇਸ਼ੁਰ ਦਾ ਘਰ।’ (ਉਤਪਤ 28:17, 19) ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਬਣਾਈਆਂ ਗਈਆਂ ਉਨ੍ਹਾਂ ਇਮਾਰਤਾਂ ਨੂੰ ਬੈਥਲ ਕਿਹਾ ਜਾਂਦਾ ਹੈ ਜਿੱਥੋਂ ਸਾਨੂੰ ਪ੍ਰਚਾਰ ਦੇ ਕੰਮ ਲਈ ਸੇਧ ਅਤੇ ਮਦਦ ਮਿਲਦੀ ਹੈ। ਪ੍ਰਬੰਧਕ ਸਭਾ ਅਮਰੀਕਾ ਦੇ ਨਿਊਯਾਰਕ ਰਾਜ ਵਿਚ ਵਰਲਡ ਹੈੱਡ-ਕੁਆਰਟਰ ਵਿਚ ਕੰਮ ਕਰਦੀ ਹੈ ਅਤੇ ਉੱਥੋਂ ਬਹੁਤ ਸਾਰੇ ਦੇਸ਼ਾਂ ਵਿਚ ਬ੍ਰਾਂਚ ਆਫ਼ਿਸਾਂ ਵਿਚ ਕੀਤੇ ਜਾਂਦੇ ਕੰਮ ʼਤੇ ਨਿਗਰਾਨੀ ਰੱਖਦੀ ਹੈ। ਇਨ੍ਹਾਂ ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਨ ਵਾਲਿਆਂ ਨੂੰ ਬੈਥਲ ਪਰਿਵਾਰ ਕਿਹਾ ਜਾਂਦਾ ਹੈ। ਇਹ ਸਾਰੇ ਇਕ ਪਰਿਵਾਰ ਵਾਂਗ ਇਕੱਠੇ ਰਹਿੰਦੇ, ਇਕੱਠੇ ਕੰਮ ਕਰਦੇ, ਇਕੱਠੇ ਖਾਂਦੇ-ਪੀਂਦੇ ਅਤੇ ਇਕੱਠੇ ਬਾਈਬਲ ਦੀ ਸਟੱਡੀ ਕਰਦੇ ਹਨ।—ਜ਼ਬੂਰਾਂ ਦੀ ਪੋਥੀ 133:1.
ਇਕ ਅਨੋਖੀ ਜਗ੍ਹਾ ਜਿੱਥੇ ਪਰਿਵਾਰ ਦੇ ਮੈਂਬਰ ਆਪਾ ਵਾਰ ਕੇ ਸੇਵਾ ਕਰਦੇ ਹਨ। ਹਰ ਬੈਥਲ ਵਿਚ ਮਸੀਹੀ ਭੈਣ-ਭਰਾ ਲਗਨ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ ਅਤੇ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੇ ਰਾਜ ਸੰਬੰਧੀ ਕੰਮਾਂ ਵਿਚ ਲਾਉਂਦੇ ਹਨ। (ਮੱਤੀ 6:33) ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲਦੀ, ਪਰ ਰਹਿਣ ਲਈ ਕਮਰਾ ਤੇ ਖਾਣਾ ਮਿਲਦਾ ਹੈ ਅਤੇ ਕੁਝ ਨਿੱਜੀ ਖ਼ਰਚਿਆਂ ਲਈ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ। ਬੈਥਲ ਵਿਚ ਸਾਰਿਆਂ ਨੂੰ ਕੋਈ-ਨਾ-ਕੋਈ ਕੰਮ ਦਿੱਤਾ ਜਾਂਦਾ ਹੈ। ਕਈ ਆਫ਼ਿਸਾਂ ਵਿਚ ਜਾਂ ਰਸੋਈ ਜਾਂ ਡਾਇਨਿੰਗ ਹਾਲ ਜਾਂ ਪ੍ਰਿੰਟਰੀ ਵਿਚ ਕੰਮ ਕਰਦੇ ਹਨ। ਦੂਸਰੇ ਕਮਰੇ ਸਾਫ਼ ਕਰਨ ਜਾਂ ਕੱਪੜੇ ਧੋਣ ਜਾਂ ਚੀਜ਼ਾਂ ਵਗੈਰਾ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ।
ਉਹ ਜਗ੍ਹਾ ਜਿੱਥੇ ਪ੍ਰਚਾਰ ਸੰਬੰਧੀ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਹਰ ਬੈਥਲ ਦਾ ਮੁੱਖ ਮਕਸਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿੱਖਣ ਦਾ ਮੌਕਾ ਦਿੱਤਾ ਜਾਵੇ। ਇਹ ਬਰੋਸ਼ਰ ਇਸੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਨੂੰ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਲਿਖਿਆ ਗਿਆ ਸੀ। ਫਿਰ ਇਸ ਨੂੰ ਕੰਪਿਊਟਰ ਰਾਹੀਂ ਦੁਨੀਆਂ ਭਰ ਵਿਚ ਘੱਲਿਆ ਗਿਆ ਤਾਂਕਿ ਟ੍ਰਾਂਸਲੇਸ਼ਨ ਟੀਮਾਂ ਇਸ ਦਾ ਸੈਂਕੜੇ ਭਾਸ਼ਾਵਾਂ ਵਿਚ ਅਨੁਵਾਦ ਕਰਨ। ਇਸ ਤੋਂ ਬਾਅਦ ਇਸ ਨੂੰ ਕਈ ਬੈਥਲ ਘਰਾਂ ਵਿਚ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਪ੍ਰਿਟਿੰਗ ਪ੍ਰੈੱਸਾਂ ʼਤੇ ਛਾਪ ਕੇ 1,10,000 ਤੋਂ ਜ਼ਿਆਦਾ ਮੰਡਲੀਆਂ ਨੂੰ ਭੇਜਿਆ ਗਿਆ। ਇਹ ਸਾਰੇ ਕੰਮ ਕਰ ਕੇ ਬੈਥਲ ਪਰਿਵਾਰ ਦੇ ਮੈਂਬਰ ਸਭ ਤੋਂ ਜ਼ਰੂਰੀ ਕੰਮ ਦਾ ਸਮਰਥਨ ਕਰ ਰਹੇ ਹਨ—ਉਹ ਹੈ ਖ਼ੁਸ਼ ਖ਼ਬਰੀ ਦਾ ਪ੍ਰਚਾਰ।—ਮਰਕੁਸ 13:10.
ਬੈਥਲ ਵਿਚ ਕੌਣ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ?
ਹਰ ਬੈਥਲ ਵਿਚ ਕੀਤੇ ਜਾਂਦੇ ਕੰਮਾਂ ਦੁਆਰਾ ਕਿਹੜੇ ਜ਼ਰੂਰੀ ਕੰਮ ਦਾ ਸਮਰਥਨ ਕੀਤਾ ਜਾਂਦਾ ਹੈ?
-
-
ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 22
ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?
ਸੋਲਮਨ ਦੀਪ-ਸਮੂਹ
ਕੈਨੇਡਾ
ਦੱਖਣੀ ਅਫ਼ਰੀਕਾ
ਬੈਥਲ ਪਰਿਵਾਰ ਦੇ ਮੈਂਬਰ ਇਕ ਜਾਂ ਜ਼ਿਆਦਾ ਦੇਸ਼ਾਂ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਨੂੰ ਸਹਾਇਤਾ ਦੇਣ ਲਈ ਵੱਖੋ-ਵੱਖਰੇ ਵਿਭਾਗਾਂ ਵਿਚ ਕੰਮ ਕਰਦੇ ਹਨ। ਕੁਝ ਭੈਣ-ਭਰਾ ਤਰਜਮੇ ਦਾ ਕੰਮ ਕਰਦੇ ਹਨ, ਕੁਝ ਰਸਾਲੇ ਛਾਪਦੇ ਹਨ, ਕੁਝ ਕਿਤਾਬਾਂ ਨੂੰ ਜਿਲਦਾਂ ਬੰਨ੍ਹਦੇ ਹਨ, ਕੁਝ ਸਾਹਿੱਤ ਦੀ ਸਾਂਭ-ਸੰਭਾਲ ਕਰਦੇ ਹਨ ਜਾਂ ਆਡੀਓ/ਵਿਡਿਓ ਰਿਕਾਰਡਿੰਗ ਕਰਦੇ ਹਨ ਜਾਂ ਬ੍ਰਾਂਚ ਅਧੀਨ ਆਉਂਦੇ ਇਲਾਕਿਆਂ ਲਈ ਹੋਰ ਕਈ ਕੰਮ ਕਰਦੇ ਹਨ।
ਬ੍ਰਾਂਚ ਕਮੇਟੀ ਸਾਰੇ ਕੰਮ ਦੀ ਨਿਗਰਾਨੀ ਕਰਦੀ ਹੈ। ਪ੍ਰਬੰਧਕ ਸਭਾ ਹਰ ਬ੍ਰਾਂਚ ਆਫ਼ਿਸ ਦੇ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਬ੍ਰਾਂਚ ਕਮੇਟੀ ਨੂੰ ਸੌਂਪਦੀ ਹੈ। ਬ੍ਰਾਂਚ ਕਮੇਟੀ ਵਿਚ ਤਿੰਨ ਜਾਂ ਇਸ ਤੋਂ ਜ਼ਿਆਦਾ ਤਜਰਬੇਕਾਰ ਬਜ਼ੁਰਗ ਹੁੰਦੇ ਹਨ। ਬ੍ਰਾਂਚ ਕਮੇਟੀ ਆਪਣੀ ਨਿਗਰਾਨੀ ਅਧੀਨ ਆਉਂਦੇ ਹਰ ਦੇਸ਼ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਬਾਰੇ ਅਤੇ ਕਿਸੇ ਸੰਭਾਵੀ ਮੁਸ਼ਕਲ ਬਾਰੇ ਪ੍ਰਬੰਧਕ ਸਭਾ ਨੂੰ ਰਿਪੋਰਟ ਘੱਲਦੀ ਹੈ। ਇਨ੍ਹਾਂ ਰਿਪੋਰਟਾਂ ਦੀ ਮਦਦ ਨਾਲ ਪ੍ਰਬੰਧਕ ਸਭਾ ਫ਼ੈਸਲਾ ਕਰ ਸਕਦੀ ਹੈ ਕਿ ਭਵਿੱਖ ਵਿਚ ਪ੍ਰਕਾਸ਼ਨਾਂ, ਮੀਟਿੰਗਾਂ ਅਤੇ ਅਸੈਂਬਲੀਆਂ ਵਿਚ ਕਿਹੜੇ-ਕਿਹੜੇ ਵਿਸ਼ਿਆਂ ਉੱਤੇ ਚਰਚਾ ਕਰਨ ਦੀ ਲੋੜ ਹੈ। ਪ੍ਰਬੰਧਕ ਸਭਾ ਭਰਾਵਾਂ ਨੂੰ ਬ੍ਰਾਂਚਾਂ ਦਾ ਦੌਰਾ ਕਰਨ ਲਈ ਬਾਕਾਇਦਾ ਘੱਲਦੀ ਹੈ। ਇਹ ਭਰਾ ਬ੍ਰਾਂਚ ਕਮੇਟੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਸੇਧ ਦਿੰਦੇ ਹਨ। (ਕਹਾਉਤਾਂ 11:14) ਬ੍ਰਾਂਚ ਦੇ ਅਧੀਨ ਆਉਂਦੇ ਇਲਾਕਿਆਂ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਇਕ ਖ਼ਾਸ ਪ੍ਰੋਗ੍ਰਾਮ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਜਿਸ ਵਿਚ ਹੈੱਡਕੁਆਰਟਰ ਤੋਂ ਆਇਆ ਭਰਾ ਇਕ ਭਾਸ਼ਣ ਦਿੰਦਾ ਹੈ।
ਬ੍ਰਾਂਚ ਆਫ਼ਿਸ ਮੰਡਲੀਆਂ ਦੀ ਮਦਦ ਕਰਦਾ ਹੈ। ਬ੍ਰਾਂਚ ਆਫ਼ਿਸ ਵਿਚ ਜ਼ਿੰਮੇਵਾਰ ਭਰਾ ਨਵੀਆਂ ਮੰਡਲੀਆਂ ਬਣਾਉਣ ਦੀ ਮਨਜ਼ੂਰੀ ਦਿੰਦੇ ਹਨ। ਬ੍ਰਾਂਚ ਆਫ਼ਿਸ ਦੇ ਭਰਾ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ਦੇ ਕੰਮ ਦੀ ਦੇਖ-ਰੇਖ ਵੀ ਕਰਦੇ ਹਨ ਜੋ ਬ੍ਰਾਂਚ ਅਧੀਨ ਆਉਂਦੇ ਇਲਾਕੇ ਵਿਚ ਸੇਵਾ ਕਰਦੇ ਹਨ। ਉਹ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਦਾ ਵੀ ਇੰਤਜ਼ਾਮ ਕਰਦੇ ਹਨ। ਨਾਲੇ ਉਹ ਨਵੇਂ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਮੰਡਲੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਾਹਿੱਤ ਭੇਜਣ ਦਾ ਪ੍ਰਬੰਧ ਕਰਦੇ ਹਨ। ਬ੍ਰਾਂਚ ਆਫ਼ਿਸ ਵਿਚ ਜੋ ਵੀ ਕੀਤਾ ਜਾਂਦਾ ਹੈ, ਉਸ ਸਦਕਾ ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ।—1 ਕੁਰਿੰਥੀਆਂ 14:33, 40.
ਬ੍ਰਾਂਚ ਕਮੇਟੀਆਂ ਪ੍ਰਬੰਧਕ ਸਭਾ ਦੀ ਕਿਵੇਂ ਮਦਦ ਕਰਦੀਆਂ ਹਨ?
ਬ੍ਰਾਂਚ ਆਫ਼ਿਸ ਵਿਚ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ?
-
-
ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 23
ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ?
ਅਮਰੀਕਾ ਵਿਚ ਲੇਖ ਵਿਭਾਗ
ਦੱਖਣੀ ਕੋਰੀਆ
ਆਰਮੀਨੀਆ
ਬੁਰੁੰਡੀ
ਸ੍ਰੀ ਲੰਕਾ
ਅਸੀਂ ਪੂਰੀ ਵਾਹ ਲਾ ਕੇ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨੂੰ “ਖ਼ੁਸ਼ ਖ਼ਬਰੀ” ਸੁਣਾਉਂਦੇ ਹਾਂ। ਇਸ ਲਈ ਅਸੀਂ ਤਕਰੀਬਨ 750 ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਦੇ ਹਾਂ। (ਪ੍ਰਕਾਸ਼ ਦੀ ਕਿਤਾਬ 14:6) ਅਸੀਂ ਇਹ ਔਖਾ ਕੰਮ ਕਿਵੇਂ ਕਰਦੇ ਹਾਂ? ਇਹ ਕੰਮ ਦੁਨੀਆਂ ਭਰ ਵਿਚ ਲੇਖਕਾਂ ਅਤੇ ਅਨੁਵਾਦਕਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ ਜੋ ਸਾਰੇ ਯਹੋਵਾਹ ਦੇ ਗਵਾਹ ਹਨ।
ਲੇਖ ਪਹਿਲਾਂ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਹਨ। ਵਰਲਡ ਹੈੱਡ-ਕੁਆਰਟਰ ਵਿਚ ਲੇਖ ਵਿਭਾਗ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਕੰਮ ਕਰਦਾ ਹੈ। ਇਹ ਵਿਭਾਗ ਹੈੱਡ-ਕੁਆਰਟਰ ਅਤੇ ਕੁਝ ਬ੍ਰਾਂਚ ਆਫ਼ਿਸਾਂ ਵਿਚ ਸੇਵਾ ਕਰ ਰਹੇ ਲੇਖਕਾਂ ਨੂੰ ਲੇਖ ਵਗੈਰਾ ਲਿਖਣ ਦਾ ਕੰਮ ਦਿੰਦਾ ਹੈ। ਵੱਖੋ-ਵੱਖਰੇ ਦੇਸ਼ਾਂ ਵਿਚ ਲੇਖਕ ਹੋਣ ਕਰਕੇ ਹਰ ਤਰ੍ਹਾਂ ਦੇ ਲੋਕਾਂ ਲਈ ਲੇਖ ਲਿਖੇ ਜਾਂਦੇ ਹਨ।
ਅੰਗ੍ਰੇਜ਼ੀ ਵਿਚ ਲਿਖੇ ਲੇਖ ਅਨੁਵਾਦਕਾਂ ਨੂੰ ਭੇਜੇ ਜਾਂਦੇ ਹਨ। ਲੇਖਾਂ ਵਿਚ ਜ਼ਰੂਰੀ ਤਬਦੀਲੀਆਂ ਕਰ ਕੇ ਇਨ੍ਹਾਂ ਨੂੰ ਕੰਪਿਊਟਰ ਰਾਹੀਂ ਦੁਨੀਆਂ ਭਰ ਦੇ ਅਨੁਵਾਦਕਾਂ ਦੀਆਂ ਟੀਮਾਂ ਨੂੰ ਭੇਜਿਆ ਜਾਂਦਾ ਹੈ। ਅਨੁਵਾਦਕ ਇਨ੍ਹਾਂ ਦਾ ਬੜੇ ਧਿਆਨ ਨਾਲ ਅਨੁਵਾਦ ਕਰਦੇ ਹਨ। ਅਨੁਵਾਦਕ ਸੋਹਣੇ ਤੇ ਸਹੀ ਸ਼ਬਦ ਚੁਣਦੇ ਹਨ ਜੋ ਉਨ੍ਹਾਂ ਦੀ ਭਾਸ਼ਾ ਵਿਚ ਅੰਗ੍ਰੇਜ਼ੀ ਲਫ਼ਜ਼ਾਂ ਦਾ ਪੂਰਾ ਮਤਲਬ ਦਿੰਦੇ ਹਨ।—ਉਪਦੇਸ਼ਕ ਦੀ ਪੋਥੀ 12:10.
ਕੰਪਿਊਟਰ ਦੀ ਮਦਦ ਨਾਲ ਕੰਮ ਤੇਜ਼ੀ ਨਾਲ ਹੁੰਦਾ ਹੈ। ਕੰਪਿਊਟਰ ਲੇਖਕਾਂ ਅਤੇ ਅਨੁਵਾਦਕਾਂ ਦੀ ਜਗ੍ਹਾ ਨਹੀਂ ਲੈ ਸਕਦੇ। ਪਰ ਕੰਪਿਊਟਰ ਵਿਚ ਡਿਕਸ਼ਨਰੀਆਂ ਅਤੇ ਰਿਸਰਚ ਕਰਨ ਦੇ ਸਾਧਨਾਂ ਕਰਕੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਵਿਚ ਮਦਦ ਮਿਲਦੀ ਹੈ। ਯਹੋਵਾਹ ਦੇ ਗਵਾਹਾਂ ਨੇ ਮੈੱਪਸ (ਮਲਟੀਲੈਂਗੂਏਜ ਇਲੈਕਟ੍ਰਾਨਿਕ ਪਬਲਿਸ਼ਿੰਗ ਸਿਸਟਮ) ਨਾਂ ਦਾ ਪ੍ਰੋਗ੍ਰਾਮ ਤਿਆਰ ਕੀਤਾ ਹੈ। ਇਸ ਪ੍ਰੋਗ੍ਰਾਮ ਦੀ ਮਦਦ ਨਾਲ ਸੈਂਕੜੇ ਭਾਸ਼ਾਵਾਂ ਵਿਚ ਜਾਣਕਾਰੀ ਨੂੰ ਕੰਪਿਊਟਰ ʼਤੇ ਟਾਈਪ ਕੀਤਾ ਜਾ ਸਕਦਾ ਹੈ, ਇਸ ਨਾਲ ਤਸਵੀਰਾਂ ਜੋੜੀਆਂ ਜਾ ਸਕਦੀਆਂ ਹਨ ਅਤੇ ਇਸ ਨੂੰ ਛਾਪਣ ਲਈ ਤਿਆਰ ਕੀਤਾ ਜਾ ਸਕਦਾ ਹੈ।
ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਨ ਲਈ ਇੰਨੀ ਮਿਹਨਤ ਕਿਉਂ ਕਰਦੇ ਹਾਂ, ਉਨ੍ਹਾਂ ਭਾਸ਼ਾਵਾਂ ਵਿਚ ਵੀ ਜੋ ਸਿਰਫ਼ ਕੁਝ ਹਜ਼ਾਰ ਲੋਕ ਬੋਲਦੇ ਹਨ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”—1 ਤਿਮੋਥਿਉਸ 2:3, 4.
ਪ੍ਰਕਾਸ਼ਨ ਕਿਵੇਂ ਤਿਆਰ ਕੀਤੇ ਜਾਂਦੇ ਹਨ?
ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਆਪਣੇ ਪ੍ਰਕਾਸ਼ਨਾਂ ਦਾ ਅਨੁਵਾਦ ਕਿਉਂ ਕਰਦੇ ਹਾਂ?
-
-
ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 24
ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?
ਨੇਪਾਲ
ਟੋਗੋ
ਬ੍ਰਿਟੇਨ
ਸਾਡਾ ਸੰਗਠਨ ਹਰ ਸਾਲ ਕਰੋੜਾਂ ਹੀ ਬਾਈਬਲਾਂ ਅਤੇ ਹੋਰ ਪ੍ਰਕਾਸ਼ਨ ਛਾਪਦਾ ਤੇ ਮੁਫ਼ਤ ਵਿਚ ਵੰਡਦਾ ਹੈ। ਅਸੀਂ ਕਿੰਗਡਮ ਹਾਲ ਤੇ ਬ੍ਰਾਂਚ ਆਫ਼ਿਸ ਬਣਾਉਂਦੇ ਹਾਂ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਾਂ। ਨਾਲੇ ਅਸੀਂ ਹਜ਼ਾਰਾਂ ਹੀ ਮਿਸ਼ਨਰੀਆਂ ਤੇ ਬੈਥਲ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਾਂ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਾਂ। ਤਾਂ ਫਿਰ, ਸ਼ਾਇਦ ਤੁਸੀਂ ਪੁੱਛੋ, ‘ਇਨ੍ਹਾਂ ਸਭ ਕੰਮਾਂ ਲਈ ਪੈਸਾ ਕਿੱਥੋਂ ਆਉਂਦਾ ਹੈ?’
ਅਸੀਂ ਚੰਦਾ ਨਹੀਂ ਮੰਗਦੇ ਹਾਂ। ਭਾਵੇਂ ਕਿ ਪ੍ਰਚਾਰ ਦੇ ਕੰਮ ʼਤੇ ਬਹੁਤ ਖ਼ਰਚਾ ਹੁੰਦਾ ਹੈ, ਫਿਰ ਵੀ ਅਸੀਂ ਕਿਸੇ ਕੋਲੋਂ ਪੈਸੇ ਦੀ ਮੰਗ ਨਹੀਂ ਕਰਦੇ। ਤਕਰੀਬਨ ਇਕ ਸਦੀ ਪਹਿਲਾਂ ਪਹਿਰਾਬੁਰਜ ਰਸਾਲੇ ਦੇ ਦੂਜੇ ਅੰਕ ਵਿਚ ਕਿਹਾ ਗਿਆ ਸੀ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰ ਰਿਹਾ ਹੈ ਅਤੇ ਅਸੀਂ ਕਦੇ “ਭੀਖ ਨਹੀਂ ਮੰਗਾਂਗੇ ਤੇ ਨਾ ਹੀ ਮਦਦ ਲਈ ਇਨਸਾਨਾਂ ਅੱਗੇ ਹੱਥ ਅੱਡਾਂਗੇ।” ਅੱਜ ਤਕ ਇਸ ਤਰ੍ਹਾਂ ਕਰਨ ਦੀ ਨੌਬਤ ਨਹੀਂ ਆਈ!—ਮੱਤੀ 10:8.
ਸਾਡੇ ਕੰਮਾਂ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਦਾਨ ਦਿੰਦੇ ਹਨ ਕਿਉਂਕਿ ਉਹ ਸਾਡੇ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦੀ ਕਦਰ ਕਰਦੇ ਹਨ। ਨਾਲੇ ਦੁਨੀਆਂ ਭਰ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਗਵਾਹ ਖ਼ੁਦ ਵੀ ਆਪਣਾ ਸਮਾਂ, ਤਾਕਤ, ਪੈਸਾ ਅਤੇ ਹੋਰ ਚੀਜ਼ਾਂ ਖ਼ੁਸ਼ੀ-ਖ਼ੁਸ਼ੀ ਇਸਤੇਮਾਲ ਕਰਦੇ ਹਨ। (1 ਇਤਹਾਸ 29:9) ਕਿੰਗਡਮ ਹਾਲ ਅਤੇ ਸੰਮੇਲਨਾਂ ਵਿਚ ਦਾਨ-ਪੇਟੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕੋਈ ਵੀ ਆਪਣੀ ਮਰਜ਼ੀ ਨਾਲ ਦਾਨ ਪਾ ਸਕਦਾ ਹੈ। ਜਾਂ ਸਾਡੀ ਵੈੱਬਸਾਈਟ jw.org ਦੇ ਜ਼ਰੀਏ ਵੀ ਦਾਨ ਦਿੱਤਾ ਜਾ ਸਕਦਾ ਹੈ। ਜਿਵੇਂ ਪਹਿਲੀ ਸਦੀ ਵਿਚ ਇਕ ਗ਼ਰੀਬ ਵਿਧਵਾ ਨੇ ਮੰਦਰ ਦੀ ਦਾਨ-ਪੇਟੀ ਵਿਚ ਦੋ ਛੋਟੇ ਜਿਹੇ ਸਿੱਕੇ ਪਾਏ ਸਨ ਜਿਸ ਦੀ ਯਿਸੂ ਨੇ ਤਾਰੀਫ਼ ਕੀਤੀ ਸੀ, ਉਸੇ ਤਰ੍ਹਾਂ ਅੱਜ ਜ਼ਿਆਦਾਤਰ ਦਾਨ ਉਨ੍ਹਾਂ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ ਜੋ ਅਮੀਰ ਨਹੀਂ ਹਨ। (ਲੂਕਾ 21:1-4) ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਨਿਯਮਿਤ ਤੌਰ ਤੇ ਦਾਨ ਕਰਨ ਲਈ “ਕੁਝ ਪੈਸੇ ਵੱਖਰੇ ਰੱਖ” ਸਕਦਾ ਹੈ ਜਿਵੇਂ “ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ।”—1 ਕੁਰਿੰਥੀਆਂ 16:2; 2 ਕੁਰਿੰਥੀਆਂ 9:7.
ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਲੋਕਾਂ ਦੇ ਦਿਲਾਂ ਨੂੰ ਪ੍ਰੇਰਦਾ ਰਹੇਗਾ ਜੋ ‘ਆਪਣੇ ਮਾਲ ਨਾਲ ਉਸ ਦੀ ਮਹਿਮਾ ਕਰਨੀ’ ਅਤੇ ਪ੍ਰਚਾਰ ਦੇ ਕੰਮ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂਕਿ ਉਸ ਦੀ ਇੱਛਾ ਪੂਰੀ ਹੋਵੇ।—ਕਹਾਉਤਾਂ 3:9.
ਸਾਡਾ ਸੰਗਠਨ ਦੂਜਿਆਂ ਧਰਮਾਂ ਨਾਲੋਂ ਕਿਸ ਗੱਲੋਂ ਵੱਖਰਾ ਹੈ?
ਦਾਨ ਕੀਤੇ ਗਏ ਪੈਸੇ ਨੂੰ ਕਿੱਦਾਂ ਵਰਤਿਆ ਜਾਂਦਾ ਹੈ?
-
-
ਕਿੰਗਡਮ ਹਾਲ ਕਿਉਂ ਅਤੇ ਕਿੱਦਾਂ ਬਣਾਏ ਜਾਂਦੇ ਹਨ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 25
ਕਿੰਗਡਮ ਹਾਲ ਕਿਉਂ ਅਤੇ ਕਿੱਦਾਂ ਬਣਾਏ ਜਾਂਦੇ ਹਨ?
ਬੋਲੀਵੀਆ
ਨਾਈਜੀਰੀਆ, ਪਹਿਲਾਂ ਤੇ ਬਾਅਦ ਵਿਚ
ਤਾਹੀਟੀ
ਕਿੰਗਡਮ ਹਾਲ ਵਿਚ ਪਰਮੇਸ਼ੁਰ ਦੇ ਰਾਜ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਸੀ।—ਲੂਕਾ 8:1.
ਕਿੰਗਡਮ ਹਾਲ ਵਿਚ ਸੱਚੀ ਭਗਤੀ ਕੀਤੀ ਜਾਂਦੀ ਹੈ। ਇੱਥੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਜਾਂਦਾ ਹੈ। (ਮੱਤੀ 24:14) ਕਿੰਗਡਮ ਹਾਲ ਵੱਖੋ-ਵੱਖਰੇ ਸਾਈਜ਼ ਅਤੇ ਡੀਜ਼ਾਈਨ ਦੇ ਹੁੰਦੇ ਹਨ, ਪਰ ਸਾਰੇ ਕਿੰਗਡਮ ਹਾਲ ਸਾਦੇ ਹੁੰਦੇ ਹਨ। ਕਈ ਕਿੰਗਡਮ ਹਾਲ ਇਕ ਤੋਂ ਜ਼ਿਆਦਾ ਮੰਡਲੀਆਂ ਦੁਆਰਾ ਵਰਤੇ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਅਸੀਂ ਹਜ਼ਾਰਾਂ ਹੀ (ਇਕ ਦਿਨ ਵਿਚ ਤਕਰੀਬਨ ਪੰਜ) ਨਵੇਂ ਕਿੰਗਡਮ ਹਾਲ ਬਣਾਏ ਹਨ ਕਿਉਂਕਿ ਮੰਡਲੀਆਂ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ। ਇੰਨੇ ਸਾਰੇ ਕਿੰਗਡਮ ਹਾਲ ਬਣਾਉਣੇ ਕਿੱਦਾਂ ਸੰਭਵ ਹਨ?—ਮੱਤੀ 19:26.
ਇਹ ਦਾਨ ਕੀਤੇ ਗਏ ਪੈਸੇ ਨਾਲ ਬਣਾਏ ਜਾਂਦੇ ਹਨ। ਇਸ ਵਿਚ ਪਾਇਆ ਗਿਆ ਸਾਰਾ ਦਾਨ ਬ੍ਰਾਂਚ ਆਫ਼ਿਸ ਨੂੰ ਭੇਜਿਆ ਜਾਂਦਾ ਹੈ ਤਾਂਕਿ ਉਹ ਪੈਸੇ ਉਨ੍ਹਾਂ ਮੰਡਲੀਆਂ ਨੂੰ ਦਿੱਤੇ ਜਾ ਸਕਣ ਜਿਨ੍ਹਾਂ ਨੂੰ ਕਿੰਗਡਮ ਹਾਲ ਬਣਾਉਣ ਜਾਂ ਇਸ ਦੀ ਮੁਰੰਮਤ ਕਰਨ ਦੀ ਲੋੜ ਹੈ।
ਵੱਖੋ-ਵੱਖਰੇ ਪਿਛੋਕੜਾਂ ਦੇ ਵਲੰਟੀਅਰ ਬਿਨਾਂ ਪੈਸਾ ਲਏ ਕਿੰਗਡਮ ਹਾਲ ਬਣਾਉਂਦੇ ਹਨ। ਕਈ ਦੇਸ਼ਾਂ ਵਿਚ ਕਿੰਗਡਮ ਹਾਲ ਉਸਾਰੀ ਗਰੁੱਪ ਬਣਾਏ ਗਏ ਹਨ। ਉਸਾਰੀ ਦਾ ਕੰਮ ਕਰਨ ਵਾਲੀਆਂ ਟੀਮਾਂ ਅਤੇ ਹੋਰ ਵਲੰਟੀਅਰ ਦੇਸ਼ ਦੀਆਂ ਵੱਖ-ਵੱਖ ਮੰਡਲੀਆਂ, ਇੱਥੋਂ ਤਕ ਕਿ ਦੂਰ-ਦੁਰਾਡੇ ਇਲਾਕਿਆਂ ਦੀਆਂ ਮੰਡਲੀਆਂ ਵਿਚ ਵੀ ਜਾਂਦੇ ਹਨ ਤਾਂਕਿ ਉਹ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਵਿਚ ਮਦਦ ਕਰ ਸਕਣ। ਹੋਰ ਦੇਸ਼ਾਂ ਵਿਚ ਕਾਬਲ ਭਰਾਵਾਂ ਨੂੰ ਭੇਜਿਆ ਜਾਂਦਾ ਹੈ ਜੋ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਕਿੰਗਡਮ ਹਾਲ ਦੀ ਉਸਾਰੀ ਜਾਂ ਮੁਰੰਮਤ ਦੇ ਕੰਮ ਦੀ ਦੇਖ-ਰੇਖ ਕਰਦੇ ਹਨ। ਹਾਲਾਂਕਿ ਕਈ ਕਾਰੀਗਰ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਇਸ ਕੰਮ ਵਿਚ ਮਦਦ ਕਰਦੇ ਹਨ, ਪਰ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ ਜ਼ਿਆਦਾਤਰ ਉੱਥੋਂ ਦੀ ਮੰਡਲੀ ਦੇ ਭੈਣ-ਭਰਾ ਹੁੰਦੇ ਹਨ। ਇਹ ਸਾਰਾ ਕੰਮ ਯਹੋਵਾਹ ਦੀ ਪਵਿੱਤਰ ਸ਼ਕਤੀ ਅਤੇ ਉਸ ਦੇ ਲੋਕਾਂ ਦੀ ਜੀ-ਜਾਨ ਨਾਲ ਕੀਤੀ ਮਿਹਨਤ ਸਦਕਾ ਪੂਰਾ ਕੀਤਾ ਜਾਂਦਾ ਹੈ।—ਜ਼ਬੂਰਾਂ ਦੀ ਪੋਥੀ 127:1; ਕੁਲੁੱਸੀਆਂ 3:23.
ਦੁਨੀਆਂ ਭਰ ਵਿਚ ਕਿੰਗਡਮ ਹਾਲ ਕਿਵੇਂ ਬਣਾਏ ਜਾਂਦੇ ਹਨ?
-
-
ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 26
ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?
ਏਸਟੋਨੀਆ
ਜ਼ਿਮਬਾਬਵੇ
ਮੰਗੋਲੀਆ
ਪੋਰਟੋ ਰੀਕੋ
ਯਹੋਵਾਹ ਦੇ ਗਵਾਹਾਂ ਦੇ ਹਰ ਕਿੰਗਡਮ ਹਾਲ ਉੱਤੇ ਪਰਮੇਸ਼ੁਰ ਦਾ ਪਵਿੱਤਰ ਨਾਂ ਲਿਖਿਆ ਹੁੰਦਾ ਹੈ। ਇਸ ਲਈ ਅਸੀਂ ਸਮਝਦੇ ਹਾਂ ਕਿ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣਾ ਅਤੇ ਇਸ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ ਤਾਂਕਿ ਇਹ ਦੇਖਣ ਨੂੰ ਸੋਹਣਾ ਲੱਗੇ। ਇਸ ਕੰਮ ਵਿਚ ਹਿੱਸਾ ਲੈਣਾ ਇਕ ਵੱਡਾ ਸਨਮਾਨ ਹੈ ਤੇ ਇਹ ਸਾਡੀ ਪਵਿੱਤਰ ਭਗਤੀ ਦਾ ਇਕ ਜ਼ਰੂਰੀ ਹਿੱਸਾ ਹੈ। ਇਸ ਵਿਚ ਸਾਰੇ ਹੀ ਆਪਣਾ ਯੋਗਦਾਨ ਪਾ ਸਕਦੇ ਹਨ।
ਮੀਟਿੰਗ ਤੋਂ ਬਾਅਦ ਸਾਫ਼-ਸਫ਼ਾਈ ਕਰਨ ਵਿਚ ਮਦਦ ਕਰੋ। ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣ ਲਈ ਭੈਣ-ਭਰਾ ਹਰ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਖ਼ੁਸ਼ੀ-ਖ਼ੁਸ਼ੀ ਸਫ਼ਾਈ ਕਰਦੇ ਹਨ। ਹਫ਼ਤੇ ਵਿਚ ਇਕ ਵਾਰ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ। ਸਫ਼ਾਈ ਦੇ ਕੰਮ ਦੀ ਨਿਗਰਾਨੀ ਕਰਨ ਵਾਲਾ ਬਜ਼ੁਰਗ ਜਾਂ ਸਹਾਇਕ ਸੇਵਕ ਆਮ ਤੌਰ ਤੇ ਲਿਸਟ ਤੋਂ ਦੇਖਦਾ ਹੈ ਕਿ ਕਿਹੜੇ-ਕਿਹੜੇ ਕੰਮ ਕਰਨ ਦੀ ਲੋੜ ਹੈ। ਇਸ ਲੋੜ ਅਨੁਸਾਰ ਭੈਣ-ਭਰਾ ਝਾੜੂ ਫੇਰਨ, ਪੋਚਾ ਲਾਉਣ, ਵੈਕਿਊਮ ਕਰਨ, ਧੂੜ-ਮਿੱਟੀ ਪੂੰਝਣ, ਕੁਰਸੀਆਂ ਸਿੱਧੀਆਂ ਕਰਨ, ਗੁਸਲਖ਼ਾਨੇ ਸਾਫ਼ ਕਰਨ, ਖਿੜਕੀਆਂ ਅਤੇ ਸ਼ੀਸ਼ੇ ਸਾਫ਼ ਕਰਨ, ਕੂੜਾ-ਕਰਕਟ ਬਾਹਰ ਸੁੱਟਣ ਅਤੇ ਹਾਲ ਦੇ ਆਲੇ-ਦੁਆਲੇ ਜਾਂ ਵਿਹੜੇ ਦੀ ਸਫ਼ਾਈ ਕਰਨ ਵਿਚ ਮਦਦ ਕਰਦੇ ਹਨ। ਸਾਲ ਵਿਚ ਇਕ ਵਾਰ ਹਾਲ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਲਈ ਇਕ ਦਿਨ ਰੱਖਿਆ ਜਾਂਦਾ ਹੈ। ਨਿਆਣਿਆਂ ਨੂੰ ਸਫ਼ਾਈ ਦਾ ਕੋਈ ਕੰਮ ਦੇਣ ਨਾਲ ਤੁਸੀਂ ਉਨ੍ਹਾਂ ਨੂੰ ਕਿੰਗਡਮ ਹਾਲ ਦੀ ਕਦਰ ਕਰਨੀ ਸਿਖਾਉਂਦੇ ਹੋ।—ਉਪਦੇਸ਼ਕ ਦੀ ਪੋਥੀ 5:1.
ਮੁਰੰਮਤ ਕਰਨ ਵਿਚ ਹੱਥ ਵਟਾਓ। ਹਰ ਸਾਲ ਕਿੰਗਡਮ ਹਾਲ ਦੀ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ਦੇ ਆਧਾਰ ʼਤੇ ਸਮੇਂ-ਸਮੇਂ ਤੇ ਮੁਰੰਮਤ ਕੀਤੀ ਜਾਂਦੀ ਹੈ ਤਾਂਕਿ ਹਾਲ ਚੰਗੀ ਹਾਲਤ ਵਿਚ ਰਹੇ ਅਤੇ ਜ਼ਿਆਦਾ ਪੈਸਾ ਖ਼ਰਚਣ ਦੀ ਲੋੜ ਨਾ ਪਵੇ। (2 ਇਤਹਾਸ 24:13; 34:10) ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਤੇ ਚੰਗੀ ਹਾਲਤ ਵਿਚ ਰੱਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਇੱਥੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਇਸ ਕੰਮ ਵਿਚ ਹਿੱਸਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਆਪਣੇ ਕਿੰਗਡਮ ਹਾਲ ਦੀ ਕਦਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 122:1) ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਉੱਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ।—2 ਕੁਰਿੰਥੀਆਂ 6:3.
ਸਾਨੂੰ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਲਾਪਰਵਾਹੀ ਕਿਉਂ ਨਹੀਂ ਵਰਤਣੀ ਚਾਹੀਦੀ?
ਕਿੰਗਡਮ ਹਾਲ ਨੂੰ ਸਾਫ਼ ਰੱਖਣ ਲਈ ਕਿਹੜੇ ਇੰਤਜ਼ਾਮ ਕੀਤੇ ਜਾਂਦੇ ਹਨ?
-
-
ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 27
ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?
ਇਜ਼ਰਾਈਲ
ਚੈੱਕ ਗਣਰਾਜ
ਬੇਨਿਨ
ਕੇਮਨ ਦੀਪ-ਸਮੂਹ
ਕੀ ਤੁਸੀਂ ਬਾਈਬਲ ਬਾਰੇ ਆਪਣਾ ਗਿਆਨ ਵਧਾਉਣ ਲਈ ਕੁਝ ਰਿਸਰਚ ਕਰਨੀ ਚਾਹੁੰਦੇ ਹੋ? ਕੀ ਬਾਈਬਲ ਦੇ ਕਿਸੇ ਹਵਾਲੇ, ਉਸ ਵਿਚ ਜ਼ਿਕਰ ਕੀਤੇ ਗਏ ਕਿਸੇ ਇਨਸਾਨ, ਜਗ੍ਹਾ ਜਾਂ ਚੀਜ਼ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜਾਂ ਕੀ ਤੁਸੀਂ ਸੋਚਿਆ ਹੈ ਕਿ ਬਾਈਬਲ ਕਿਸੇ ਪਰੇਸ਼ਾਨੀ ਨੂੰ ਦੂਰ ਕਰਨ ਵਿਚ ਕਿੱਦਾਂ ਤੁਹਾਡੀ ਮਦਦ ਕਰ ਸਕਦੀ ਹੈ? ਜੇ ਹਾਂ, ਤਾਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਰਤੋ।
ਰਿਸਰਚ ਕਰਨ ਲਈ ਲਾਇਬ੍ਰੇਰੀ ਵਿਚ ਕਈ ਪ੍ਰਕਾਸ਼ਨ ਹਨ। ਤੁਹਾਡੇ ਕੋਲ ਸ਼ਾਇਦ ਆਪਣੀ ਭਾਸ਼ਾ ਵਿਚ ਯਹੋਵਾਹ ਦੇ ਗਵਾਹਾਂ ਦੇ ਸਾਰੇ ਪ੍ਰਕਾਸ਼ਨ ਨਾ ਹੋਣ। ਪਰ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਤਕਰੀਬਨ ਸਾਰੇ ਪ੍ਰਕਾਸ਼ਨ ਹੁੰਦੇ ਹਨ। ਇਸ ਵਿਚ ਸ਼ਾਇਦ ਬਾਈਬਲ ਦੇ ਵੱਖੋ-ਵੱਖਰੇ ਅਨੁਵਾਦ, ਇਕ ਚੰਗੀ ਡਿਕਸ਼ਨਰੀ ਅਤੇ ਰਿਸਰਚ ਕਰਨ ਲਈ ਹੋਰ ਕਈ ਵਧੀਆ ਕਿਤਾਬਾਂ ਵਗੈਰਾ ਹੋਣ। ਤੁਸੀਂ ਮੀਟਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਲਾਇਬ੍ਰੇਰੀ ਵਿਚ ਪ੍ਰਕਾਸ਼ਨ ਵਰਤ ਸਕਦੇ ਹੋ। ਜੇ ਉੱਥੇ ਕੰਪਿਊਟਰ ਹੈ, ਤਾਂ ਤੁਸੀਂ ਇਸ ਉੱਤੇ ਵਾਚਟਾਵਰ ਲਾਇਬ੍ਰੇਰੀ ਦੇਖ ਸਕਦੇ ਹੋ। ਇਹ ਕੰਪਿਊਟਰ ਪ੍ਰੋਗ੍ਰਾਮ ਹੈ ਜਿਸ ਵਿਚ ਸਾਡੇ ਬਹੁਤ ਸਾਰੇ ਪ੍ਰਕਾਸ਼ਨ ਹਨ। ਇਸ ਪ੍ਰੋਗ੍ਰਾਮ ਨਾਲ ਅਸੀਂ ਸੌਖਿਆਂ ਹੀ ਕਿਸੇ ਵਿਸ਼ੇ, ਸ਼ਬਦ ਜਾਂ ਹਵਾਲੇ ਦੀ ਰਿਸਰਚ ਕਰ ਸਕਦੇ ਹਾਂ।
ਕਿੰਗਡਮ ਹਾਲ ਦੀ ਲਾਇਬ੍ਰੇਰੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦੇ ਵਿਦਿਆਰਥੀਆਂ ਲਈ ਫ਼ਾਇਦੇਮੰਦ ਹੈ। ਤੁਸੀਂ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਰਤ ਕੇ ਆਪਣੀ ਟਾਕ ਦੀ ਤਿਆਰੀ ਕਰ ਸਕਦੇ ਹੋ। ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਦਾ ਓਵਰਸੀਅਰ ਲਾਇਬ੍ਰੇਰੀ ਦੀ ਦੇਖ-ਭਾਲ ਕਰਦਾ ਹੈ। ਉਹ ਧਿਆਨ ਰੱਖਦਾ ਹੈ ਕਿ ਸਾਰੇ ਨਵੇਂ ਪ੍ਰਕਾਸ਼ਨ ਲਾਇਬ੍ਰੇਰੀ ਵਿਚ ਹਨ ਅਤੇ ਸਹੀ ਤਰੀਕੇ ਨਾਲ ਰੱਖੇ ਗਏ ਹਨ। ਇਹ ਭਰਾ ਜਾਂ ਤੁਹਾਡੇ ਨਾਲ ਸਟੱਡੀ ਕਰਨ ਵਾਲਾ ਗਵਾਹ ਤੁਹਾਨੂੰ ਦਿਖਾ ਸਕਦਾ ਹੈ ਕਿ ਜੋ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਉਹ ਤੁਸੀਂ ਕਿੱਦਾਂ ਲੱਭ ਸਕਦੇ ਹੋ। ਪਰ ਕੋਈ ਵੀ ਕਿਤਾਬ ਕਿੰਗਡਮ ਹਾਲ ਤੋਂ ਬਾਹਰ ਨਹੀਂ ਲਿਜਾਈ ਜਾਣੀ ਚਾਹੀਦੀ ਅਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਕਿਤਾਬਾਂ ਨੂੰ ਸੰਭਾਲ ਕੇ ਵਰਤਿਆ ਜਾਵੇ ਅਤੇ ਉਨ੍ਹਾਂ ʼਤੇ ਕੋਈ ਨਿਸ਼ਾਨ ਨਾ ਲਾਇਆ ਜਾਵੇ।
ਬਾਈਬਲ ਵਿਚ ਸਮਝਾਇਆ ਜਾਂਦਾ ਹੈ ਕਿ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਨ ਲਈ ਇਸ ਦੀ “ਗੁਪਤ ਧਨ ਵਾਂਙੁ” ਖੋਜ ਕਰਨ ਦੀ ਲੋੜ ਹੈ। (ਕਹਾਉਤਾਂ 2:1-5) ਇਸ ਗਿਆਨ ਦੀ ਖੋਜ ਕਰਨ ਲਈ ਕਿੰਗਡਮ ਹਾਲ ਦੀ ਲਾਇਬ੍ਰੇਰੀ ਤੁਹਾਡੀ ਮਦਦ ਕਰ ਸਕਦੀ ਹੈ।
ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਰਿਸਰਚ ਕਰਨ ਲਈ ਕਿਹੜੇ ਪ੍ਰਕਾਸ਼ਨ ਵਗੈਰਾ ਹੁੰਦੇ ਹਨ?
ਲਾਇਬ੍ਰੇਰੀ ਦਾ ਪੂਰਾ ਲਾਭ ਲੈਣ ਲਈ ਕੌਣ ਤੁਹਾਡੀ ਮਦਦ ਕਰ ਸਕਦਾ ਹੈ?
-
-
ਸਾਡੀ ਵੈੱਬਸਾਈਟ ʼਤੇ ਕੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 28
ਸਾਡੀ ਵੈੱਬਸਾਈਟ ʼਤੇ ਕੀ ਹੈ?
ਫਰਾਂਸ
ਪੋਲੈਂਡ
ਰੂਸ
ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿਚ ਹੈ ਵਡਿਆਈ ਕਰਨ।” (ਮੱਤੀ 5:16) ਇਸ ਤਰ੍ਹਾਂ ਕਰਨ ਲਈ ਅਸੀਂ ਇੰਟਰਨੈੱਟ ਵਰਗੀ ਆਧੁਨਿਕ ਤਕਨਾਲੋਜੀ ਦਾ ਪੂਰਾ ਲਾਭ ਉਠਾਉਂਦੇ ਹਾਂ। ਸਾਡੀ ਵੈੱਬਸਾਈਟ ਦਾ ਨਾਂ jw.org ਹੈ। ਇਸ ʼਤੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਾਈਟ ʼਤੇ ਕਿਹੜੀ ਖ਼ਾਸ ਜਾਣਕਾਰੀ ਉਪਲਬਧ ਹੈ?
ਆਮ ਪੁੱਛੇ ਜਾਂਦੇ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ। ਇਸ ਵੈੱਬਸਾਈਟ ʼਤੇ ਤੁਸੀਂ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਪਾ ਸਕਦੇ ਹੋ ਜੋ ਲੋਕ ਆਮ ਪੁੱਛਦੇ ਹਨ। ਮਿਸਾਲ ਲਈ, ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਅਤੇ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਨਾਂ ਦੇ ਪਰਚੇ ਸਾਡੀ ਵੈੱਬਸਾਈਟ ʼਤੇ 600 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਇਸ ʼਤੇ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦਾ ਨਵੀਂ ਦੁਨੀਆਂ ਅਨੁਵਾਦ ਵੀ ਦਿੱਤਾ ਗਿਆ ਹੈ। ਨਾਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਅਤੇ ਹਾਲ ਹੀ ਦੇ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਅਤੇ ਹੋਰ ਕਈ ਬਾਈਬਲ-ਆਧਾਰਿਤ ਪ੍ਰਕਾਸ਼ਨ ਵੀ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਕਾਸ਼ਨਾਂ ਨੂੰ ਵੈੱਬਸਾਈਟ ʼਤੇ ਪੜ੍ਹਿਆ ਜਾਂ ਸੁਣਿਆ ਜਾ ਸਕਦਾ ਹੈ ਜਾਂ ਫਿਰ ਇਨ੍ਹਾਂ ਨੂੰ MP3, PDF ਜਾਂ EPUB ਫ਼ਾਈਲਾਂ ਵਜੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਉਸ ਦੀ ਭਾਸ਼ਾ ਵਿਚ ਕੁਝ ਸਫ਼ੇ ਪ੍ਰਿੰਟ ਕਰ ਕੇ ਦਿਖਾ ਸਕਦੇ ਹੋ! ਅਨੇਕ ਸੈਨਤ ਭਾਸ਼ਾਵਾਂ ਵਿਚ ਪ੍ਰਕਾਸ਼ਨ ਵਿਡਿਓ ʼਤੇ ਵੀ ਉਪਲਬਧ ਹਨ। ਤੁਸੀਂ ਬਾਈਬਲ-ਆਧਾਰਿਤ ਆਡੀਓ ਬਾਈਬਲ ਅਤੇ ਸੰਗੀਤ ਵੀ ਡਾਊਨਲੋਡ ਕਰ ਸਕਦੇ ਹੋ।
ਯਹੋਵਾਹ ਦੇ ਗਵਾਹਾਂ ਬਾਰੇ ਸਹੀ ਜਾਣਕਾਰੀ। ਇਸ ਵੈੱਬਸਾਈਟ ʼਤੇ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਾਡੇ ਕੰਮ ਬਾਰੇ ਤਾਜ਼ੀਆਂ ਖ਼ਬਰਾਂ ਅਤੇ ਵਿਡਿਓ, ਯਹੋਵਾਹ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਅਤੇ ਕੁਦਰਤੀ ਆਫ਼ਤਾਂ ਤੋਂ ਬਾਅਦ ਸਾਡੇ ਰਾਹਤ ਪਹੁੰਚਾਉਣ ਦੇ ਕੰਮਾਂ ਬਾਰੇ ਵੀ ਜਾਣਕਾਰੀ ਉਪਲਬਧ ਹੈ। ਵੈੱਬਸਾਈਟ ʼਤੇ ਤੁਸੀਂ ਸਾਡੇ ਆਉਣ ਵਾਲੇ ਜ਼ਿਲ੍ਹਾ ਸੰਮੇਲਨ ਦੀਆਂ ਤਾਰੀਖ਼ਾਂ ਅਤੇ ਸਾਡੇ ਬ੍ਰਾਂਚ ਆਫ਼ਿਸਾਂ ਦੇ ਪਤੇ ਵੀ ਦੇਖ ਸਕਦੇ ਹੋ।
ਅਸੀਂ ਆਪਣੀ ਵੈੱਬਸਾਈਟ ਇਸਤੇਮਾਲ ਕਰ ਕੇ ਧਰਤੀ ਦੇ ਕੋਨੇ-ਕੋਨੇ ਵਿਚ ਸੱਚਾਈ ਦਾ ਚਾਨਣ ਚਮਕਾ ਰਹੇ ਹਾਂ। ਦੁਨੀਆਂ ਦੇ ਹਰ ਮਹਾਂਦੀਪ, ਇੱਥੋਂ ਤਕ ਕਿ ਦੁਨੀਆਂ ਦੇ ਸਭ ਤੋਂ ਬਰਫ਼ੀਲੇ ਐਂਟਾਰਕਟਿਕਾ ਮਹਾਂਦੀਪ ਦੇ ਲੋਕਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਕਿ ਧਰਤੀ ਦੇ ਹਰ ਹਿੱਸੇ ਵਿਚ “ਯਹੋਵਾਹ ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ” ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ।—2 ਥੱਸਲੁਨੀਕੀਆਂ 3:1.
jw.org ਵੈੱਬਸਾਈਟ ਬਾਈਬਲ ਵਿਚ ਦੱਸੀ ਸੱਚਾਈ ਬਾਰੇ ਜਾਣਨ ਵਿਚ ਲੋਕਾਂ ਦੀ ਕਿਵੇਂ ਮਦਦ ਕਰ ਰਹੀ ਹੈ?
ਤੁਸੀਂ ਸਾਡੀ ਵੈੱਬਸਾਈਟ ਤੋਂ ਕਿਹੜੀ ਜਾਣਕਾਰੀ ਲੈਣੀ ਚਾਹੁੰਦੇ ਹੋ?
-