ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
    • ਅਸਤਰ

      ਪਾਠ 15

      ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ

      1-3. (ੳ) ਆਪਣੇ ਪਤੀ ਨੂੰ ਮਿਲਣ ਜਾ ਰਹੀ ਅਸਤਰ ਨੂੰ ਡਰ ਕਿਉਂ ਲੱਗ ਰਿਹਾ ਸੀ? (ਅ) ਅਸਤਰ ਬਾਰੇ ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?

      ਅਸਤਰ ਮਹਿਲ ਦੇ ਵਿਹੜੇ ਵੱਲ ਨੂੰ ਜਾਂਦਿਆਂ ਆਪਣੀ ਘਬਰਾਹਟ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਲਈ ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੈ। ਸ਼ੂਸ਼ਨ ਸ਼ਹਿਰ ਵਿਚ ਇਸ ਮਹਿਲ ਦੀ ਇਕ-ਇਕ ਚੀਜ਼ ਦੇਖ ਕੇ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਹਨ: ਕੰਧਾਂ ʼਤੇ ਬਣੇ ਖੰਭਾਂ ਵਾਲੇ ਸਾਨ੍ਹ, ਤੀਰਅੰਦਾਜ਼ਾਂ ਤੇ ਸ਼ੇਰਾਂ ਦੀਆਂ ਰੰਗ-ਬਰੰਗੀਆਂ ਮੂਰਤੀਆਂ, ਨਕਾਸ਼ੇ ਗਏ ਥੰਮ੍ਹ ਅਤੇ ਵੱਡੇ-ਵੱਡੇ ਬੁੱਤ। ਇਹ ਮਹਿਲ ਬਰਫ਼ ਨਾਲ ਢਕੀਆਂ ਜ਼ਾਗਰੋਸ ਪਹਾੜੀਆਂ ਦੇ ਨੇੜੇ ਉੱਚੀ ਜਗ੍ਹਾ ʼਤੇ ਬਣਾਇਆ ਗਿਆ ਹੈ ਅਤੇ ਇੱਥੋਂ ਕੋਅਸਪੀਸ ਨਦੀ ਦਾ ਨਜ਼ਾਰਾ ਵੀ ਦੇਖਿਆ ਜਾ ਸਕਦਾ ਹੈ। ਮਹਿਲ ਵਿਚ ਪੈਰ ਰੱਖਣ ਵਾਲੇ ਹਰ ਇਨਸਾਨ ਨੂੰ ਇਸ ਦੀ ਸ਼ਾਨ-ਬਾਨ ਦੇਖ ਕੇ ਅਹਿਸਾਸ ਹੁੰਦਾ ਹੈ ਕਿ ਉਹ ਆਦਮੀ ਕਿੰਨਾ ਤਾਕਤਵਰ ਹੈ ਜਿਸ ਨੂੰ ਅਸਤਰ ਮਿਲਣ ਜਾ ਰਹੀ ਹੈ। ਉਹ ਆਪਣੇ ਆਪ ਨੂੰ “ਸ਼ਹਿਨਸ਼ਾਹ” ਕਹਿੰਦਾ ਹੈ। ਇਹ ਸ਼ਹਿਨਸ਼ਾਹ ਅਸਤਰ ਦਾ ਪਤੀ ਹੈ।

      2 ਕੋਈ ਵੀ ਵਫ਼ਾਦਾਰ ਯਹੂਦੀ ਕੁੜੀ ਸ਼ਾਇਦ ਅਹਸ਼ਵੇਰੋਸ਼ ਵਰਗਾ ਪਤੀ ਨਹੀਂ ਚਾਹੇਗੀ!a ਉਹ ਅਬਰਾਹਾਮ ਵਰਗੇ ਆਦਮੀਆਂ ਦੀਆਂ ਮਿਸਾਲਾਂ ਦੀ ਰੀਸ ਨਹੀਂ ਕਰਦਾ ਜਿਸ ਨੇ ਨਿਮਰਤਾ ਨਾਲ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਪਤਨੀ ਸਾਰਾਹ ਦੀ ਗੱਲ ਸੁਣੀ ਸੀ। (ਉਤ. 21:12) ਰਾਜਾ ਅਹਸ਼ਵੇਰੋਸ਼ ਅਸਤਰ ਦੇ ਪਰਮੇਸ਼ੁਰ ਯਹੋਵਾਹ ਬਾਰੇ ਜਾਂ ਉਸ ਦੇ ਕਾਨੂੰਨਾਂ ਬਾਰੇ ਥੋੜ੍ਹਾ-ਬਹੁਤਾ ਜਾਂ ਕੁਝ ਵੀ ਨਹੀਂ ਜਾਣਦਾ ਹੈ, ਪਰ ਉਹ ਫ਼ਾਰਸੀ ਕਾਨੂੰਨਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਇਨ੍ਹਾਂ ਵਿੱਚੋਂ ਇਕ ਕਾਨੂੰਨ ਅਸਤਰ ਤੋੜਨ ਜਾ ਰਹੀ ਹੈ। ਉਹ ਕੀ ਹੈ? ਉਸ ਕਾਨੂੰਨ ਮੁਤਾਬਕ ਜੇ ਕੋਈ ਬਿਨਾਂ ਬੁਲਾਏ ਫ਼ਾਰਸੀ ਰਾਜੇ ਸਾਮ੍ਹਣੇ ਪੇਸ਼ ਹੁੰਦਾ ਹੈ, ਤਾਂ ਰਾਜਾ ਉਸ ਨੂੰ ਸਜ਼ਾ-ਏ-ਮੌਤ ਦੇ ਸਕਦਾ ਹੈ। ਅਸਤਰ ਬਿਨਾਂ ਬੁਲਾਏ ਉਸ ਅੱਗੇ ਪੇਸ਼ ਹੋਣ ਜਾ ਰਹੀ ਹੈ। ਰਾਜਾ ਆਪਣੇ ਸਿੰਘਾਸਣ ਤੋਂ ਅਸਤਰ ਨੂੰ ਅੰਦਰਲੇ ਵਿਹੜੇ ਵਿਚ ਆਉਂਦੀ ਨੂੰ ਦੇਖ ਸਕਦਾ ਹੈ। ਅਸਤਰ ਨੂੰ ਲੱਗ ਰਿਹਾ ਹੈ ਕਿ ਉਸ ਦੇ ਕਦਮ ਮੌਤ ਵੱਲ ਵਧ ਰਹੇ ਹਨ।​—⁠ਅਸਤਰ 4:11; 5:1 ਪੜ੍ਹੋ।

      3 ਅਸਤਰ ਨੇ ਇੰਨਾ ਵੱਡਾ ਖ਼ਤਰਾ ਮੁੱਲ ਕਿਉਂ ਲਿਆ? ਅਸੀਂ ਇਸ ਬੇਮਿਸਾਲ ਔਰਤ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਪਹਿਲਾਂ ਦੇਖੀਏ ਕਿ ਅਸਤਰ ਫ਼ਾਰਸ ਦੇਸ਼ ਦੀ ਰਾਣੀ ਕਿੱਦਾਂ ਬਣੀ।

      ਅਸਤਰ ਦਾ ਪਰਿਵਾਰ

      4. ਅਸਤਰ ਦਾ ਪਿਛੋਕੜ ਕੀ ਸੀ ਤੇ ਮਾਰਦਕਈ ਨੇ ਉਸ ਦੀ ਪਰਵਰਿਸ਼ ਕਿਉਂ ਕੀਤੀ ਸੀ?

      4 ਅਸਤਰ ਯਤੀਮ ਸੀ। ਅਸੀਂ ਉਸ ਦੇ ਮਾਪਿਆਂ ਬਾਰੇ ਜ਼ਿਆਦਾ ਨਹੀਂ ਜਾਣਦੇ। ਉਨ੍ਹਾਂ ਨੇ ਉਸ ਦਾ ਨਾਂ ਹਦੱਸਾਹ ਰੱਖਿਆ ਸੀ। ਇਸ ਇਬਰਾਨੀ ਸ਼ਬਦ ਦਾ ਮਤਲਬ ਹੈ “ਮਹਿੰਦੀ ਦਾ ਬੂਟਾ” ਜਿਸ ਨੂੰ ਚਿੱਟੇ ਰੰਗ ਦੇ ਸੋਹਣੇ ਫੁੱਲ ਲੱਗਦੇ ਹਨ। ਮਾਪਿਆਂ ਦੀ ਮੌਤ ਤੋਂ ਬਾਅਦ ਉਸ ਦੇ ਤਾਏ ਦੇ ਮੁੰਡੇ ਮਾਰਦਕਈ ਨੇ ਉਸ ਦੀ ਪਰਵਰਿਸ਼ ਕੀਤੀ ਸੀ। ਮਾਰਦਕਈ ਉਸ ਨਾਲੋਂ ਉਮਰ ਵਿਚ ਕਾਫ਼ੀ ਵੱਡਾ ਸੀ। ਉਹ ਅਸਤਰ ਨੂੰ ਆਪਣੇ ਘਰ ਲੈ ਆਇਆ ਤੇ ਉਸ ਨੂੰ ਆਪਣੀ ਧੀ ਵਾਂਗ ਪਾਲ਼ਿਆ।​—ਅਸ. 2:5-7, 15.

      ਅਸਤਰ ਮਾਰਦਕਈ ਨੂੰ ਖਾਣਾ ਦਿੰਦੀ ਹੋਈ

      ਮਾਰਦਕਈ ਨੂੰ ਕਈ ਕਾਰਨਾਂ ਕਰਕੇ ਆਪਣੀ ਭੈਣ ਉੱਤੇ ਨਾਜ਼ ਸੀ

      5, 6. (ੳ) ਮਾਰਦਕਈ ਨੇ ਅਸਤਰ ਦੀ ਪਰਵਰਿਸ਼ ਕਿਵੇਂ ਕੀਤੀ ਸੀ? (ਅ) ਸ਼ੂਸ਼ਨ ਵਿਚ ਮਾਰਦਕਈ ਤੇ ਅਸਤਰ ਦੀ ਜ਼ਿੰਦਗੀ ਕਿਹੋ ਜਿਹੀ ਸੀ?

      5 ਮਾਰਦਕਈ ਤੇ ਅਸਤਰ ਫ਼ਾਰਸ ਦੀ ਰਾਜਧਾਨੀ ਸ਼ੂਸ਼ਨ ਵਿਚ ਰਹਿੰਦੇ ਸਨ। ਉਸ ਸਮੇਂ ਯਹੂਦੀ ਲੋਕ ਫ਼ਾਰਸੀ ਸਾਮਰਾਜ ਦੇ ਗ਼ੁਲਾਮ ਸਨ। ਆਪਣੇ ਧਰਮ ਦੀ ਪਾਲਣਾ ਕਰਨ ਕਰਕੇ ਯਹੂਦੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ। ਮਾਰਦਕਈ ਨੇ ਅਸਤਰ ਨੂੰ ਰਹਿਮਦਿਲ ਪਰਮੇਸ਼ੁਰ ਯਹੋਵਾਹ ਬਾਰੇ ਬਹੁਤ ਕੁਝ ਸਿਖਾਇਆ ਸੀ, ਜਿਵੇਂ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਕਈ ਵਾਰ ਆਪਣੇ ਸੇਵਕਾਂ ਨੂੰ ਮੁਸ਼ਕਲਾਂ ਤੋਂ ਬਚਾਇਆ ਸੀ ਤੇ ਆਉਣ ਵਾਲੇ ਸਮੇਂ ਵਿਚ ਵੀ ਬਚਾਵੇਗਾ। (ਲੇਵੀ. 26:44, 45) ਇਸ ਕਰਕੇ ਉਨ੍ਹਾਂ ਦੋਵਾਂ ਵਿਚ ਭੈਣ-ਭਰਾ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ।

      6 ਮਾਰਦਕਈ ਸ਼ਾਇਦ ਸ਼ੂਸ਼ਨ ਦੇ ਮਹਿਲ ਵਿਚ ਕੋਈ ਸਰਕਾਰੀ ਕੰਮ ਕਰਦਾ ਸੀ ਕਿਉਂਕਿ ਉਹ ਰਾਜੇ ਦੇ ਹੋਰ ਸੇਵਕਾਂ ਨਾਲ ਮਹਿਲ ਦੇ ਸ਼ਾਹੀ ਫਾਟਕ ʼਤੇ ਬਾਕਾਇਦਾ ਬੈਠਦਾ ਹੁੰਦਾ ਸੀ। (ਅਸ. 2:19, 21; 3:3) ਮਹਿਲ ਵਿਚ ਲਿਜਾਏ ਜਾਣ ਤੋਂ ਪਹਿਲਾਂ ਅਸਤਰ ਦੀ ਜ਼ਿੰਦਗੀ ਬਾਰੇ ਬਾਈਬਲ ਸਾਨੂੰ ਕੁਝ ਨਹੀਂ ਦੱਸਦੀ। ਪਰ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਭਰਾ ਅਤੇ ਘਰ ਦਾ ਬਹੁਤ ਖ਼ਿਆਲ ਰੱਖਦੀ ਹੋਣੀ। ਉਹ ਸ਼ਾਇਦ ਸ਼ਹਿਰ ਦੇ ਗ਼ਰੀਬ ਇਲਾਕੇ ਵਿਚ ਰਹਿੰਦੇ ਸਨ। ਸ਼ਾਇਦ ਅਸਤਰ ਨੂੰ ਸ਼ੂਸ਼ਨ ਦੇ ਬਾਜ਼ਾਰ ਵਿਚ ਘੁੰਮਣਾ ਪਸੰਦ ਹੋਣਾ ਜਿੱਥੇ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਕਈ ਹੋਰ ਚੀਜ਼ਾਂ ਦੀਆਂ ਦੁਕਾਨਾਂ ਵੀ ਸਨ। ਉਸ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਭਵਿੱਖ ਵਿਚ ਇਹ ਕੀਮਤੀ ਚੀਜ਼ਾਂ ਉਸ ਦੀ ਜ਼ਿੰਦਗੀ ਵਿਚ ਆਮ ਹੋ ਜਾਣਗੀਆਂ। ਉਸ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਉਣ ਵਾਲਾ ਸੀ।

      “ਵੇਖਣ ਪਾਖਣ ਵਿੱਚ ਸੋਹਣੀ”

      7. ਵਸ਼ਤੀ ਨੂੰ ਰਾਣੀ ਵਜੋਂ ਕਿਉਂ ਹਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਕੀ ਹੋਇਆ?

      7 ਇਕ ਦਿਨ ਰਾਜੇ ਦੇ ਘਰ ਜੋ ਹੋਇਆ, ਉਸ ਬਾਰੇ ਸ਼ੂਸ਼ਨ ਵਿਚ ਘਰ-ਘਰ ਗੱਲਾਂ ਹੋਣ ਲੱਗੀਆਂ। ਰਾਜੇ ਨੇ ਆਪਣੇ ਮਹਿਲ ਵਿਚ ਵੱਡੇ-ਵੱਡੇ ਲੋਕਾਂ ਨੂੰ ਸ਼ਾਨਦਾਰ ਦਾਅਵਤ ਦਿੱਤੀ ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤੇ ਸ਼ਰਾਬ ਵਰਤਾਈ ਜਾ ਰਹੀ ਸੀ। ਉਸ ਦੀ ਖ਼ੂਬਸੂਰਤ ਰਾਣੀ ਵਸ਼ਤੀ ਔਰਤਾਂ ਨਾਲ ਅਲੱਗ ਕਮਰੇ ਵਿਚ ਦਾਅਵਤ ਕਰ ਰਹੀ ਸੀ। ਰਾਜੇ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਰਾਜੇ ਨੇ ਸਾਰਿਆਂ ਸਾਮ੍ਹਣੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ। ਉਸ ਨੇ ਗੁੱਸੇ ਵਿਚ ਆਪਣੇ ਸਲਾਹਕਾਰਾਂ ਨੂੰ ਪੁੱਛਿਆ ਕਿ ਰਾਣੀ ਵਸ਼ਤੀ ਨੂੰ ਕੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦੀ ਸਲਾਹ ਮੁਤਾਬਕ ਰਾਜੇ ਨੇ ਵਸ਼ਤੀ ਨੂੰ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ ਤੇ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਚੁਣਨ ਦਾ ਐਲਾਨ ਕੀਤਾ। ਰਾਜੇ ਦੇ ਨੌਕਰਾਂ ਨੇ ਸਾਰੇ ਦੇਸ਼ ਵਿਚ ਸੋਹਣੀਆਂ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਤੇ ਉਨ੍ਹਾਂ ਵਿੱਚੋਂ ਰਾਜੇ ਨੇ ਆਪਣੇ ਲਈ ਨਵੀਂ ਰਾਣੀ ਚੁਣਨੀ ਸੀ।—ਅਸ. 1:1–2:4.

      8. (ੳ) ਮਾਰਦਕਈ ਨੂੰ ਸ਼ਾਇਦ ਅਸਤਰ ਦਾ ਕਿਉਂ ਫ਼ਿਕਰ ਸੀ? (ਅ) ਬਾਈਬਲ ਵਿਚ ਖ਼ੂਬਸੂਰਤੀ ਬਾਰੇ ਦਿੱਤੀ ਸਲਾਹ ਨੂੰ ਅਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ? (ਕਹਾਉਤਾਂ 31:30 ਵੀ ਦੇਖੋ।)

      8 ਮਾਰਦਕਈ ਨੂੰ ਆਪਣੀ ਭੈਣ ਅਸਤਰ ਨੂੰ ਦੇਖ ਕੇ ਕਿੰਨਾ ਮਾਣ ਹੁੰਦਾ ਹੋਣਾ ਕਿ ਉਹ ਕਿੰਨੀ ਸੋਹਣੀ ਨਿਕਲੀ ਸੀ, ਪਰ ਉਸ ਨੂੰ ਆਪਣੀ ਜਵਾਨ ਹੋ ਰਹੀ ਭੈਣ ਦੀ ਚਿੰਤਾ ਵੀ ਰਹਿੰਦੀ ਹੋਣੀ। ਬਾਈਬਲ ਦੱਸਦੀ ਹੈ ਕਿ ਉਹ “ਵੇਖਣ ਪਾਖਣ ਵਿੱਚ ਸੋਹਣੀ ਸੀ।” (ਅਸ. 2:7) ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਸੋਹਣੇ ਇਨਸਾਨ ਲਈ ਬੁੱਧੀਮਾਨ ਤੇ ਨਿਮਰ ਹੋਣਾ ਵੀ ਜ਼ਰੂਰੀ ਹੈ। ਨਹੀਂ ਤਾਂ ਸ਼ਾਇਦ ਉਸ ਨੂੰ ਆਪਣੀ ਖ਼ੂਬਸੂਰਤੀ ʼਤੇ ਘਮੰਡ ਹੋ ਜਾਵੇ ਅਤੇ ਉਹ ਸੋਚਣ ਲੱਗ ਪਵੇ ਕਿ ਉਹ ਦੇ ਵਰਗਾ ਸੋਹਣਾ ਹੋਰ ਕੋਈ ਹੈ ਹੀ ਨਹੀਂ। (ਕਹਾਉਤਾਂ 11:22 ਪੜ੍ਹੋ।) ਤੁਸੀਂ ਜ਼ਰੂਰ ਇੱਦਾਂ ਹੁੰਦਾ ਦੇਖਿਆ ਹੋਣਾ। ਕੀ ਅਸਤਰ ਦੀ ਖ਼ੂਬਸੂਰਤੀ ਉਸ ਲਈ ਬਰਕਤ ਸਾਬਤ ਹੋਈ ਜਾਂ ਸਰਾਪ? ਸਮਾਂ ਹੀ ਇਸ ਸਵਾਲ ਦਾ ਜਵਾਬ ਦੇਵੇਗਾ।

      9. (ੳ) ਜਦੋਂ ਰਾਜੇ ਦੇ ਨੌਕਰਾਂ ਦੀ ਨਜ਼ਰ ਅਸਤਰ ʼਤੇ ਪਈ, ਤਾਂ ਉਦੋਂ ਕੀ ਹੋਇਆ? ਮਾਰਦਕਈ ਤੇ ਅਸਤਰ ਲਈ ਜੁਦਾਈ ਦਾ ਦੁੱਖ ਝੱਲਣਾ ਕਿਉਂ ਔਖਾ ਸੀ? (ਅ) ਮਾਰਦਕਈ ਨੇ ਅਸਤਰ ਦਾ ਵਿਆਹ ਇਕ ਅਵਿਸ਼ਵਾਸੀ ਨਾਲ ਕਿਉਂ ਹੋਣ ਦਿੱਤਾ? (ਡੱਬੀ ਦੇਖੋ।)

      9 ਸੋਹਣੀਆਂ ਕੁੜੀਆਂ ਦੀ ਤਲਾਸ਼ ਕਰ ਰਹੇ ਰਾਜੇ ਦੇ ਨੌਕਰਾਂ ਦੀ ਨਜ਼ਰ ਅਸਤਰ ʼਤੇ ਵੀ ਪਈ। ਉਹ ਹੋਰ ਕੁੜੀਆਂ ਨਾਲ ਉਸ ਨੂੰ ਵੀ ਨਦੀ ਤੋਂ ਪਾਰ ਸ਼ਾਨਦਾਰ ਮਹਿਲ ਵਿਚ ਲੈ ਗਏ। (ਅਸ. 2:8) ਆਪਣੀ ਧੀ ਅਸਤਰ ਦਾ ਵਿਛੋੜਾ ਸਹਿਣਾ ਮਾਰਦਕਈ ਲਈ ਕਿੰਨਾ ਔਖਾ ਹੋਇਆ ਹੋਣਾ! ਮਾਰਦਕਈ ਨਹੀਂ ਸੀ ਚਾਹੁੰਦਾ ਕਿ ਅਸਤਰ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਵੇ, ਭਾਵੇਂ ਉਹ ਰਾਜਾ ਹੀ ਕਿਉਂ ਨਾ ਹੋਵੇ। ਪਰ ਹਾਲਾਤ ਉਸ ਦੇ ਵੱਸ ਵਿਚ ਨਹੀਂ ਸਨ।b ਅਸਤਰ ਨੇ ਵਿਛੜਨ ਤੋਂ ਪਹਿਲਾਂ ਮਾਰਦਕਈ ਦੀ ਸਲਾਹ ਬੜੇ ਧਿਆਨ ਨਾਲ ਸੁਣੀ ਹੋਣੀ! ਸ਼ੂਸ਼ਨ ਦੇ ਮਹਿਲ ਨੂੰ ਜਾਂਦਿਆਂ ਉਸ ਦੇ ਮਨ ਵਿਚ ਕਈ ਸਵਾਲ ਉੱਠੇ ਹੋਣੇ। ਇਸ ਮਹਿਲ ਵਿਚ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

      ਉਸ ਨੇ ਹਰ ਕਿਸੇ ਦਾ ਦਿਲ ਜਿੱਤਿਆ

      10, 11. (ੳ) ਅਸਤਰ ʼਤੇ ਨਵੇਂ ਮਾਹੌਲ ਦਾ ਕੀ ਅਸਰ ਪੈ ਸਕਦਾ ਸੀ? (ਅ) ਮਾਰਦਕਈ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਅਸਤਰ ਦਾ ਫ਼ਿਕਰ ਸੀ?

      10 ਮਹਿਲ ਵਿਚ ਹਰ ਚੀਜ਼ ਅਸਤਰ ਲਈ ਨਵੀਂ ਤੇ ਓਪਰੀ ਸੀ। ਪੂਰੇ ਫ਼ਾਰਸ ਸਾਮਰਾਜ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਕੁੜੀਆਂ ਨੂੰ ਮਹਿਲ ਵਿਚ ਲਿਆਂਦਾ ਗਿਆ ਸੀ। ਇਨ੍ਹਾਂ ਕੁੜੀਆਂ ਦੀ ਭਾਸ਼ਾ, ਰਹਿਣੀ-ਬਹਿਣੀ ਤੇ ਰੀਤ-ਰਿਵਾਜ ਵੱਖੋ-ਵੱਖਰੇ ਸਨ। ਇਨ੍ਹਾਂ ਨੂੰ ਹੇਗਈ ਨਾਂ ਦੇ ਬੰਦੇ ਦੀ ਨਿਗਰਾਨੀ ਹੇਠ ਰੱਖਿਆ ਗਿਆ। ਇਨ੍ਹਾਂ ਕੁੜੀਆਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਕਈ ਪ੍ਰਬੰਧ ਕੀਤੇ ਗਏ ਸਨ, ਜਿਵੇਂ ਕਿ ਪੂਰਾ ਸਾਲ ਤਰ੍ਹਾਂ-ਤਰ੍ਹਾਂ ਦੇ ਖ਼ੁਸ਼ਬੂਦਾਰ ਤੇਲ ਤੇ ਹੋਰ ਚੀਜ਼ਾਂ ਨਾਲ ਉਨ੍ਹਾਂ ਦੀ ਮਾਲਸ਼ ਕੀਤੀ ਜਾਂਦੀ ਸੀ। (ਅਸ. 2:8, 12) ਇਸ ਤਰ੍ਹਾਂ ਦੇ ਮਾਹੌਲ ਵਿਚ ਸ਼ਾਇਦ ਕੁੜੀਆਂ ਨੂੰ ਆਪਣੇ ਆਪ ਨੂੰ ਸੰਵਾਰਨ ਤੋਂ ਸਿਵਾਇ ਹੋਰ ਕੁਝ ਸੁੱਝਦਾ ਹੀ ਨਹੀਂ ਸੀ ਅਤੇ ਉਨ੍ਹਾਂ ਵਿਚ ਇਕ-ਦੂਜੇ ਨਾਲੋਂ ਸੋਹਣਾ ਦਿਸਣ ਦੀ ਮੁਕਾਬਲੇਬਾਜ਼ੀ ਚੱਲਦੀ ਰਹਿੰਦੀ ਸੀ। ਇਸ ਮਾਹੌਲ ਦਾ ਅਸਤਰ ʼਤੇ ਕੀ ਅਸਰ ਪਿਆ?

      11 ਅਸਤਰ ਦੀ ਸਭ ਤੋਂ ਜ਼ਿਆਦਾ ਚਿੰਤਾ ਮਾਰਦਕਈ ਨੂੰ ਸੀ। ਉਹ ਹਰ ਰੋਜ਼ ਅਸਤਰ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕਰਦਾ ਸੀ। (ਅਸ. 2:11) ਜਦੋਂ ਮਹਿਲ ਦਾ ਕੋਈ ਨੌਕਰ ਜਾਂ ਕੋਈ ਹੋਰ ਮਾਰਦਕਈ ਨੂੰ ਅਸਤਰ ਬਾਰੇ ਦੱਸਦਾ ਸੀ, ਤਾਂ ਉਸ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੋਣਾ। ਕਿਉਂ?

      12, 13. (ੳ) ਅਸਤਰ ਬਾਰੇ ਲੋਕਾਂ ਦਾ ਕੀ ਵਿਚਾਰ ਸੀ? (ਅ) ਮਾਰਦਕਈ ਕਿਉਂ ਖ਼ੁਸ਼ ਸੀ ਕਿ ਅਸਤਰ ਨੇ ਆਪਣੇ ਯਹੂਦਣ ਹੋਣ ਦੀ ਗੱਲ ਲੁਕਾ ਕੇ ਰੱਖੀ ਸੀ?

      12 ਹੇਗਈ ਅਸਤਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸ ਨੂੰ ਸੱਤ ਨੌਕਰਾਣੀਆਂ ਦਿੱਤੀਆਂ ਤੇ ਔਰਤਾਂ ਦੇ ਘਰ ਵਿਚ ਸਭ ਤੋਂ ਵਧੀਆ ਕਮਰਾ ਦਿੱਤਾ। (ਅਸ. 2:9) ਬਾਈਬਲ ਇੱਥੋਂ ਤਕ ਕਹਿੰਦੀ ਹੈ: ‘ਜਿਹੜਾ ਵੀ ਅਸਤਰ ਵੱਲ ਵੇਖਦਾ ਉਸ ਨੂੰ ਪਸੰਦ ਕਰਦਾ।’ (ਅਸ. 2:15, ERV) ਕੀ ਸਾਰੇ ਜਣੇ ਸਿਰਫ਼ ਉਸ ਦੀ ਖ਼ੂਬਸੂਰਤੀ ਦੇ ਹੀ ਕਾਇਲ ਹੁੰਦੇ ਸਨ? ਨਹੀਂ, ਹੋਰ ਗੱਲਾਂ ਕਰਕੇ ਵੀ ਅਸਤਰ ਨੂੰ ਪਸੰਦ ਕੀਤਾ ਜਾਂਦਾ ਸੀ।

      ਅਸਤਰ ਪੰਛੀਆਂ ਨੂੰ ਦੇਖਦੀ ਹੋਈ ਜਦ ਕਿ ਹੋਰ ਕੁੜੀਆਂ ਆਪਣੇ ਆਪ ਨੂੰ ਸ਼ਿੰਗਾਰਦੀਆਂ ਹੋਈਆਂ

      ਅਸਤਰ ਜਾਣਦੀ ਸੀ ਕਿ ਖ਼ੂਬਸੂਰਤੀ ਨਾਲੋਂ ਨਿਮਰਤਾ ਅਤੇ ਬੁੱਧ ਵਰਗੇ ਗੁਣ ਕਿਤੇ ਜ਼ਿਆਦਾ ਮਾਅਨੇ ਰੱਖਦੇ ਹਨ

      13 ਮਿਸਾਲ ਲਈ, ਅਸੀਂ ਪੜ੍ਹਦੇ ਹਾਂ: “ਅਸਤਰ ਨੇ ਨਾ ਆਪਣੀ ਉੱਮਤ ਨਾ ਆਪਣੇ ਟਬਰ ਦਾ ਕੋਈ ਪਤਾ ਦੱਸਿਆ ਕਿਉਂ ਜੋ ਮਾਰਦਕਈ ਨੇ ਉਸ ਨੂੰ ਤਗੀਦ ਕੀਤੀ ਹੋਈ ਸੀ ਕਿ ਉਹ ਪਤਾ ਨਾ ਦੇਵੇ।” (ਅਸ. 2:10) ਮਾਰਦਕਈ ਨੇ ਅਸਤਰ ਨੂੰ ਕਿਹਾ ਸੀ ਕਿ ਉਹ ਆਪਣੇ ਯਹੂਦਣ ਹੋਣ ਦੀ ਗੱਲ ਲੁਕਾ ਕੇ ਰੱਖੇ ਕਿਉਂਕਿ ਉਹ ਜਾਣਦਾ ਸੀ ਕਿ ਫ਼ਾਰਸ ਦੇ ਸ਼ਾਹੀ ਘਰਾਣੇ ਵਿਚ ਯਹੂਦੀਆਂ ਨਾਲ ਪੱਖਪਾਤ ਕੀਤਾ ਜਾਂਦਾ ਸੀ। ਉਸ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਉਸ ਤੋਂ ਦੂਰ ਹੁੰਦੇ ਹੋਏ ਵੀ ਅਸਤਰ ਸਮਝਦਾਰੀ ਦਿਖਾ ਰਹੀ ਸੀ ਤੇ ਉਸ ਦਾ ਕਹਿਣਾ ਮੰਨ ਰਹੀ ਸੀ!

      14. ਅੱਜ ਨੌਜਵਾਨ ਅਸਤਰ ਦੀ ਰੀਸ ਕਿਵੇਂ ਕਰ ਸਕਦੇ ਹਨ?

      14 ਇਸੇ ਤਰ੍ਹਾਂ ਅੱਜ ਨੌਜਵਾਨ ਵੀ ਆਪਣੇ ਮਾਪਿਆਂ ਜਾਂ ਪਰਵਰਿਸ਼ ਕਰਨ ਵਾਲਿਆਂ ਦਾ ਦਿਲ ਖ਼ੁਸ਼ ਕਰ ਸਕਦੇ ਹਨ। ਆਪਣੇ ਮਾਪਿਆਂ ਦੀਆਂ ਨਜ਼ਰਾਂ ਤੋਂ ਦੂਰ ਖ਼ੁਦਗਰਜ਼, ਅਨੈਤਿਕ ਜਾਂ ਹਿੰਸਕ ਲੋਕਾਂ ਨਾਲ ਘਿਰੇ ਹੁੰਦੇ ਹੋਏ ਵੀ ਉਹ ਉਨ੍ਹਾਂ ਲੋਕਾਂ ਦੇ ਮਾੜੇ ਅਸਰਾਂ ਤੋਂ ਬਚ ਸਕਦੇ ਹਨ ਅਤੇ ਪਰਮੇਸ਼ੁਰ ਦੇ ਮਿਆਰਾਂ ʼਤੇ ਪੱਕੇ ਰਹਿ ਸਕਦੇ ਹਨ। ਅਸਤਰ ਦੀ ਰੀਸ ਕਰ ਕੇ ਨੌਜਵਾਨ ਭੈਣ-ਭਰਾ ਆਪਣੇ ਸਵਰਗੀ ਪਿਤਾ ਦੇ ਦਿਲ ਨੂੰ ਖ਼ੁਸ਼ ਕਰਦੇ ਹਨ।​—⁠ਕਹਾਉਤਾਂ 27:11 ਪੜ੍ਹੋ।

      15, 16. (ੳ) ਅਸਤਰ ਨੇ ਰਾਜੇ ਦਾ ਦਿਲ ਕਿਵੇਂ ਜਿੱਤਿਆ? (ਅ) ਅਸਤਰ ਲਈ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਮੁਤਾਬਕ ਢਾਲਣਾ ਕਿਉਂ ਔਖਾ ਸੀ?

      15 ਜਦੋਂ ਅਸਤਰ ਦੀ ਰਾਜੇ ਸਾਮ੍ਹਣੇ ਪੇਸ਼ ਹੋਣ ਦੀ ਵਾਰੀ ਆਈ, ਤਾਂ ਉਹ ਆਪਣੇ ਆਪ ਨੂੰ ਹੋਰ ਸੋਹਣਾ ਬਣਾਉਣ ਲਈ ਕੋਈ ਵੀ ਚੀਜ਼ ਮੰਗ ਸਕਦੀ ਸੀ। ਪਰ ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਫ਼ਰਮਾਇਸ਼ ਨਹੀਂ ਕੀਤੀ, ਸਗੋਂ ਹੇਗਈ ਨੇ ਜੋ ਵੀ ਦਿੱਤਾ, ਉਸ ਨੇ ਨਿਮਰਤਾ ਨਾਲ ਕਬੂਲ ਕੀਤਾ। (ਅਸ. 2:15) ਰਾਜੇ ਦੇ ਦਰਬਾਰ ਵਿਚ ਕੰਮ ਕਰਨ ਵਾਲੇ ਲੋਕ ਆਮ ਤੌਰ ਤੇ ਘਮੰਡੀ ਹੁੰਦੇ ਸਨ। ਇਸ ਲਈ ਅਸਤਰ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਰਾਜੇ ਦਾ ਦਿਲ ਜਿੱਤਣ ਲਈ ਖ਼ੂਬਸੂਰਤੀ ਨਹੀਂ, ਸਗੋਂ ਨਿਮਰਤਾ ਜ਼ਿਆਦਾ ਮਾਅਨੇ ਰੱਖਦੀ ਸੀ। ਕੀ ਉਸ ਦੀ ਸੋਚ ਸਹੀ ਸੀ?

      16 ਬਾਈਬਲ ਸਾਨੂੰ ਜਵਾਬ ਦਿੰਦੀ ਹੈ: “ਤਾਂ ਪਾਤਸ਼ਾਹ ਨੇ ਸਾਰੀਆਂ ਇਸਤ੍ਰੀਆਂ ਨਾਲੋਂ ਅਸਤਰ ਨੂੰ ਵੱਧ ਪਿਆਰ ਕੀਤਾ ਅਤੇ ਉਹ ਨੇ ਸਾਰੀਆਂ ਕੁਆਰੀਆਂ ਨਾਲੋਂ ਪਾਤਸ਼ਾਹ ਦਾ ਪਖ ਅਤੇ ਦਯਾ ਪਰਾਪਤ ਕੀਤੀ ਸੋ ਉਹ ਨੇ ਰਾਜ ਮੁਕਟ ਉਸ ਦੇ ਸਿਰ ਉੱਤੇ ਧਰ ਦਿੱਤਾ ਅਤੇ ਵਸ਼ਤੀ ਦੇ ਥਾਂ ਮਲਕਾ ਬਣਾ ਦਿੱਤੀ।” (ਅਸ. 2:17) ਜੀ ਹਾਂ, ਉਹ ਉਸ ਸਮੇਂ ਦੁਨੀਆਂ ਦੇ ਸਭ ਤੋਂ ਤਾਕਤਵਰ ਰਾਜੇ ਦੀ ਪਤਨੀ ਤੇ ਨਵੀਂ ਰਾਣੀ ਬਣ ਗਈ ਸੀ! ਇਸ ਨਿਮਰ ਯਹੂਦੀ ਕੁੜੀ ਲਈ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਮੁਤਾਬਕ ਢਾਲ਼ਣਾ ਬਹੁਤ ਹੀ ਔਖਾ ਹੋਇਆ ਹੋਣਾ। ਕੀ ਉਸ ਨੂੰ ਰਾਣੀ ਬਣਨ ਦਾ ਗਰੂਰ ਹੋ ਗਿਆ ਸੀ? ਬਿਲਕੁਲ ਨਹੀਂ!

      17. (ੳ) ਕਿਨ੍ਹਾਂ ਤਰੀਕਿਆਂ ਨਾਲ ਅਸਤਰ ਮਾਰਦਕਈ ਦੀ ਆਗਿਆਕਾਰ ਰਹੀ? (ਅ) ਅੱਜ ਸਾਡੇ ਲਈ ਅਸਤਰ ਦੀ ਮਿਸਾਲ ਉੱਤੇ ਚੱਲਣਾ ਕਿਉਂ ਜ਼ਰੂਰੀ ਹੈ?

      17 ਅਸਤਰ ਮਾਰਦਕਈ ਦੀ ਆਗਿਆਕਾਰ ਰਹੀ। ਉਸ ਨੇ ਆਪਣੇ ਯਹੂਦੀ ਹੋਣ ਦੀ ਗੱਲ ਲੁਕਾ ਕੇ ਰੱਖੀ। ਇਸ ਤੋਂ ਇਲਾਵਾ, ਮਾਰਦਕਈ ਦਾ ਕਹਿਣਾ ਮੰਨ ਕੇ ਉਸ ਨੇ ਅਹਸ਼ਵੇਰੋਸ਼ ਦੇ ਕਤਲ ਦੀ ਸਾਜ਼ਸ਼ ਦਾ ਪਰਦਾਫ਼ਾਸ਼ ਕੀਤਾ। ਨਤੀਜੇ ਵਜੋਂ, ਸਾਜ਼ਸ਼ ਘੜਨ ਵਾਲਿਆਂ ਨੂੰ ਫੜ ਲਿਆ ਗਿਆ। (ਅਸ. 2:20-23) ਉਸ ਦੀ ਨਿਮਰਤਾ ਤੇ ਆਗਿਆਕਾਰੀ ਪਰਮੇਸ਼ੁਰ ਉੱਤੇ ਉਸ ਦੀ ਨਿਹਚਾ ਦਾ ਸਬੂਤ ਸੀ। ਭਾਵੇਂ ਕਿ ਅੱਜ ਬਹੁਤ ਸਾਰੇ ਲੋਕ ਅਣਆਗਿਆਕਾਰ ਤੇ ਬਾਗ਼ੀ ਹੋ ਚੁੱਕੇ ਹਨ, ਪਰ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਅਸਤਰ ਦੀ ਮਿਸਾਲ ਉੱਤੇ ਚੱਲਦੇ ਰਹੀਏ। ਅਸਤਰ ਵਾਂਗ ਸੱਚੀ ਨਿਹਚਾ ਰੱਖਣ ਵਾਲੇ ਲੋਕ ਅਣਆਗਿਆਕਾਰੀ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ!

      ਅਸਤਰ ਦੀ ਨਿਹਚਾ ਦੀ ਪਰਖ

      18. (ੳ) ਮਾਰਦਕਈ ਨੇ ਹਾਮਾਨ ਅੱਗੇ ਝੁਕਣ ਤੋਂ ਸ਼ਾਇਦ ਕਿਉਂ ਇਨਕਾਰ ਕੀਤਾ ਸੀ? (ਫੁਟਨੋਟ ਵੀ ਦੇਖੋ।) (ਅ) ਅੱਜ ਨਿਹਚਾ ਰੱਖਣ ਵਾਲੇ ਆਦਮੀ ਤੇ ਔਰਤਾਂ ਮਾਰਦਕਈ ਦੀ ਰੀਸ ਕਿਵੇਂ ਕਰਦੇ ਹਨ?

      18 ਅਹਸ਼ਵੇਰੋਸ਼ ਦੇ ਦਰਬਾਰ ਵਿਚ ਹਾਮਾਨ ਨਾਂ ਦੇ ਇਕ ਆਦਮੀ ਨੂੰ ਵੱਡੀ ਪਦਵੀ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਹੋਣ ਕਰਕੇ ਉਹ ਰਾਜੇ ਦਾ ਮੁੱਖ ਸਲਾਹਕਾਰ ਅਤੇ ਉਸ ਤੋਂ ਦੂਜੇ ਦਰਜੇ ʼਤੇ ਸੀ। ਰਾਜੇ ਨੇ ਇੱਥੋਂ ਤਕ ਐਲਾਨ ਕੀਤਾ ਸੀ ਕਿ ਹਰ ਕੋਈ ਹਾਮਾਨ ਨੂੰ ਝੁਕ ਕੇ ਸਲਾਮ ਕਰੇ। (ਅਸ. 3:1-4) ਇਸ ਹੁਕਮ ਕਰਕੇ ਮਾਰਦਕਈ ਲਈ ਇਕ ਮੁਸ਼ਕਲ ਖੜ੍ਹੀ ਹੋਈ। ਉਹ ਰਾਜੇ ਦਾ ਆਗਿਆਕਾਰ ਸੇਵਕ ਸੀ, ਪਰ ਇਹ ਹੁਕਮ ਮੰਨ ਕੇ ਉਹ ਹਰਗਿਜ਼ ਯਹੋਵਾਹ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਸੀ। ਹਾਮਾਨ ਇਕ ਅਗਾਗੀ ਸੀ ਜਿਸ ਦਾ ਮਤਲਬ ਹੈ ਕਿ ਉਹ ਅਮਾਲੇਕੀ ਰਾਜੇ ਅਗਾਗ ਦੀ ਪੀੜ੍ਹੀ ਵਿੱਚੋਂ ਸੀ ਜਿਸ ਨੂੰ ਪਰਮੇਸ਼ੁਰ ਦੇ ਨਬੀ ਸਮੂਏਲ ਨੇ ਮਾਰਿਆ ਸੀ। (1 ਸਮੂ. 15:33) ਅਮਾਲੇਕੀ ਇੰਨੇ ਜ਼ਿਆਦਾ ਦੁਸ਼ਟ ਸਨ ਕਿ ਉਨ੍ਹਾਂ ਨੇ ਯਹੋਵਾਹ ਤੇ ਇਜ਼ਰਾਈਲ ਨਾਲ ਦੁਸ਼ਮਣੀ ਮੁੱਲ ਲਈ ਸੀ। ਇਸ ਕਰਕੇ ਪਰਮੇਸ਼ੁਰ ਨੇ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਫ਼ੈਸਲਾ ਕੀਤਾ ਸੀ।c (ਬਿਵ. 25:19) ਤਾਂ ਫਿਰ ਜ਼ਰਾ ਸੋਚੋ ਕਿ ਇਕ ਵਫ਼ਾਦਾਰ ਯਹੂਦੀ ਇਕ ਅਮਾਲੇਕੀ ਦੇ ਅੱਗੇ ਕਿਵੇਂ ਝੁਕ ਸਕਦਾ ਸੀ। ਮਾਰਦਕਈ ਇੱਦਾਂ ਕਰ ਹੀ ਨਹੀਂ ਸਕਦਾ ਸੀ। ਉਹ ਹਾਮਾਨ ਦੇ ਅੱਗੇ ਨਹੀਂ ਝੁਕਿਆ। ਹੁਣ ਤਕ ਬਹੁਤ ਸਾਰੇ ਨਿਹਚਾ ਰੱਖਣ ਵਾਲੇ ਆਦਮੀਆਂ ਤੇ ਔਰਤਾਂ ਨੇ ਆਪਣੀਆਂ ਜਾਨਾਂ ਦਾਅ ʼਤੇ ਲਾ ਕੇ ਇਸ ਅਸੂਲ ਨੂੰ ਮੰਨਿਆ ਹੈ: ‘ਅਸੀਂ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ।’​—ਰਸੂ. 5:29.

      19. ਹਾਮਾਨ ਕੀ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਰਾਜੇ ਨੂੰ ਕਿੱਦਾਂ ਭਰਮਾਇਆ ਸੀ?

      19 ਹਾਮਾਨ ਗੁੱਸੇ ਵਿਚ ਲਾਲ-ਪੀਲਾ ਹੋ ਗਿਆ। ਉਹ ਸਿਰਫ਼ ਮਾਰਦਕਈ ਦਾ ਹੀ ਨਹੀਂ, ਸਗੋਂ ਸਾਰੇ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਹਾਮਾਨ ਨੇ ਯਹੂਦੀਆਂ ਵਿਰੁੱਧ ਰਾਜੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਸ ਨੇ ਬੜੀ ਚਲਾਕੀ ਨਾਲ ਯਹੂਦੀ ਕੌਮ ਦਾ ਨਾਂ ਲਏ ਬਿਨਾਂ ਹੀ ਰਾਜੇ ਨੂੰ ਦੱਸਿਆ ਕਿ ਇਹ ਕੌਮ ਰਾਜੇ ਦੇ ਕਿਸੇ ਕੰਮ ਦੀ ਨਹੀਂ ਸੀ ਜੋ “ਸਾਰੀਆਂ ਉੱਮਤਾਂ ਵਿੱਚ ਖਿੱਲਰੀ ਅਤੇ ਫੈਲੀ ਹੋਈ” ਸੀ। ਉਸ ਨੇ ਸਭ ਤੋਂ ਵੱਡਾ ਇਲਜ਼ਾਮ ਇਹ ਲਾਇਆ ਕਿ ਇਹ ਕੌਮ ਰਾਜੇ ਦੇ ਹੁਕਮ ਨਹੀਂ ਮੰਨਦੀ ਸੀ ਜਿਸ ਕਰਕੇ ਰਾਜੇ ਨੂੰ ਉਨ੍ਹਾਂ ਤੋਂ ਖ਼ਤਰਾ ਸੀ। ਉਸ ਨੇ ਰਾਜੇ ਨੂੰ ਕਿਹਾ ਕਿ ਦੇਸ਼ ਵਿੱਚੋਂ ਯਹੂਦੀਆਂ ਨੂੰ ਮਾਰ-ਮੁਕਾਉਣ ਦਾ ਸਾਰਾ ਖ਼ਰਚਾ ਉਹ ਆਪ ਦੇਵੇਗਾ।d ਰਾਜਾ ਅਹਸ਼ਵੇਰੋਸ਼ ਨੇ ਆਪਣੀ ਮੋਹਰ ਵਾਲੀ ਅੰਗੂਠੀ ਲਾਹ ਕੇ ਹਾਮਾਨ ਨੂੰ ਦੇ ਦਿੱਤੀ ਜਿਹੜੀ ਇਸ ਗੱਲ ਦੀ ਨਿਸ਼ਾਨੀ ਸੀ ਕਿ ਹਾਮਾਨ ਜੋ ਕਰਨਾ ਚਾਹੁੰਦਾ ਸੀ, ਕਰ ਸਕਦਾ ਸੀ।​—ਅਸ. 3:5-10.

      20, 21. (ੳ) ਹਾਮਾਨ ਦੇ ਐਲਾਨ ਦਾ ਫ਼ਾਰਸੀ ਸਾਮਰਾਜ ਵਿਚ ਰਹਿੰਦੇ ਯਹੂਦੀਆਂ ਅਤੇ ਮਾਰਦਕਈ ʼਤੇ ਕੀ ਅਸਰ ਪਿਆ? (ਅ) ਮਾਰਦਕਈ ਨੇ ਅਸਤਰ ਨੂੰ ਕੀ ਕਰਨ ਲਈ ਕਿਹਾ?

      20 ਜਲਦੀ ਹੀ ਘੋੜਸਵਾਰਾਂ ਨੇ ਫ਼ਾਰਸੀ ਸਾਮਰਾਜ ਦੇ ਕੋਨੇ-ਕੋਨੇ ਵਿਚ ਰਾਜੇ ਦੇ ਇਸ ਹੁਕਮ ਦਾ ਐਲਾਨ ਕੀਤਾ ਕਿ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ। ਜਦੋਂ ਇਹ ਹੁਕਮ ਦੂਰ ਯਰੂਸ਼ਲਮ ਵਿਚ ਪਹੁੰਚਿਆ, ਤਾਂ ਕਲਪਨਾ ਕਰੋ ਕਿ ਉੱਥੇ ਰਹਿੰਦੇ ਯਹੂਦੀਆਂ ਉੱਤੇ ਕੀ ਅਸਰ ਪਿਆ ਹੋਣਾ। ਕੁਝ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆ ਕੇ ਯਰੂਸ਼ਲਮ ਸ਼ਹਿਰ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੇ ਆਲੇ-ਦੁਆਲੇ ਅਜੇ ਤਕ ਵੀ ਕੋਈ ਕੰਧ ਨਹੀਂ ਸੀ। ਸ਼ਾਇਦ ਮਾਰਦਕਈ ਨੇ ਉਨ੍ਹਾਂ ਬਾਰੇ ਸੋਚਿਆ ਹੋਣਾ ਅਤੇ ਉਸ ਨੂੰ ਸ਼ੂਸ਼ਨ ਵਿਚ ਰਹਿੰਦੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਵੀ ਚਿੰਤਾ ਹੋਈ ਹੋਣੀ। ਇਹ ਖ਼ਬਰ ਸੁਣ ਕੇ ਉਸ ਦਾ ਮਨ ਇੰਨਾ ਕਲਪ ਉੱਠਿਆ ਕਿ ਉਸ ਨੇ ਆਪਣੇ ਕੱਪੜੇ ਪਾੜ ਕੇ ਤੱਪੜ ਪਾ ਲਿਆ ਤੇ ਸਿਰ ʼਤੇ ਸੁਆਹ ਪਾ ਕੇ ਸ਼ਹਿਰ ਵਿਚ ਉੱਚੀ-ਉੱਚੀ ਰੋਇਆ-ਕੁਰਲਾਇਆ। ਉਸ ਵੇਲੇ ਹਾਮਾਨ ਰਾਜੇ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਤੇ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਸ ਕਰਕੇ ਕਿੰਨੇ ਘਰਾਂ ਵਿਚ ਮਾਤਮ ਛਾ ਗਿਆ ਸੀ।​—⁠ਅਸਤਰ 3:12–4:1 ਪੜ੍ਹੋ।

      21 ਮਾਰਦਕਈ ਜਾਣਦਾ ਸੀ ਕਿ ਉਸ ਨੂੰ ਯਹੂਦੀਆਂ ਨੂੰ ਬਚਾਉਣ ਲਈ ਕੁਝ ਕਰਨਾ ਪੈਣਾ ਸੀ। ਪਰ ਉਹ ਕੀ ਕਰ ਸਕਦਾ ਸੀ? ਜਦੋਂ ਅਸਤਰ ਨੇ ਉਸ ਦੇ ਦਿਲ ਦੀ ਪੀੜ ਬਾਰੇ ਸੁਣਿਆ, ਤਾਂ ਉਸ ਨੇ ਉਸ ਲਈ ਕੱਪੜੇ ਭੇਜੇ, ਪਰ ਮਾਰਦਕਈ ਚਾਹੁੰਦਾ ਸੀ ਕਿ ਉਸ ਨੂੰ ਉਸ ਦੇ ਹਾਲ ʼਤੇ ਛੱਡ ਦਿੱਤਾ ਜਾਵੇ। ਪਹਿਲਾਂ ਉਸ ਨੇ ਸ਼ਾਇਦ ਕਈ ਵਾਰ ਸੋਚਿਆ ਹੋਣਾ ਕਿ ਯਹੋਵਾਹ ਪਰਮੇਸ਼ੁਰ ਨੇ ਉਸ ਦੀ ਪਿਆਰੀ ਭੈਣ ਅਸਤਰ ਨੂੰ ਉਸ ਤੋਂ ਦੂਰ ਹੋਣ ਅਤੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਰਾਜੇ ਦੀ ਰਾਣੀ ਕਿਉਂ ਬਣਨ ਦਿੱਤਾ। ਪਰ ਹੁਣ ਸ਼ਾਇਦ ਉਸ ਨੂੰ ਕਾਰਨ ਸਮਝ ਆਉਣ ਲੱਗ ਪਿਆ ਸੀ। ਮਾਰਦਕਈ ਨੇ ਰਾਣੀ ਨੂੰ ਸੁਨੇਹਾ ਭੇਜਿਆ ਕਿ ਉਹ ਰਾਜੇ ਕੋਲ “ਆਪਣੀ ਉੱਮਤ ਲਈ ਬੇਨਤੀ ਕਰੇ।”​—⁠ਅਸ. 4:4-8.

      22. ਅਸਤਰ ਰਾਜੇ ਦੇ ਸਾਮ੍ਹਣੇ ਜਾਣ ਤੋਂ ਕਿਉਂ ਡਰਦੀ ਸੀ? (ਫੁਟਨੋਟ ਵੀ ਦੇਖੋ।)

      22 ਮਾਰਦਕਈ ਦਾ ਸੰਦੇਸ਼ ਸੁਣ ਕੇ ਅਸਤਰ ਦਾ ਵੀ ਜੀਅ ਡੁੱਬ ਗਿਆ ਹੋਣਾ। ਹੁਣ ਉਸ ਦੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਸੀ। ਉਸ ਨੇ ਮਾਰਦਕਈ ਦੀ ਗੱਲ ਦੇ ਜਵਾਬ ਵਿਚ ਆਪਣੇ ਡਰ ਦਾ ਕਾਰਨ ਦੱਸਿਆ। ਉਸ ਨੇ ਮਾਰਦਕਈ ਨੂੰ ਰਾਜੇ ਦਾ ਕਾਨੂੰਨ ਯਾਦ ਕਰਾਇਆ ਕਿ ਬਿਨਾਂ ਬੁਲਾਏ ਰਾਜੇ ਦੇ ਸਾਮ੍ਹਣੇ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਮਿਲਦੀ ਸੀ। ਪਰ ਜੇ ਰਾਜਾ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਕਰਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਨਹੀਂ ਮਿਲਦੀ ਸੀ। ਕੀ ਅਸਤਰ ਕੋਲ ਉਮੀਦ ਰੱਖਣ ਦਾ ਕੋਈ ਕਾਰਨ ਸੀ ਕਿ ਰਾਜਾ ਉਸ ਦੀ ਜਾਨ ਬਖ਼ਸ਼ ਦੇਵੇਗਾ? ਉਸ ਨੂੰ ਪਤਾ ਸੀ ਕਿ ਵਸ਼ਤੀ ਦਾ ਕੀ ਹਸ਼ਰ ਹੋਇਆ ਸੀ ਜਦੋਂ ਉਸ ਨੇ ਰਾਜੇ ਸਾਮ੍ਹਣੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਸਤਰ ਨੇ ਮਾਰਦਕਈ ਨੂੰ ਦੱਸਿਆ ਕਿ ਰਾਜੇ ਨੇ ਉਸ ਨੂੰ 30 ਦਿਨਾਂ ਤੋਂ ਆਪਣੇ ਕੋਲ ਨਹੀਂ ਬੁਲਾਇਆ ਸੀ! ਇਸ ਕਰਕੇ ਅਸਤਰ ਸ਼ਾਇਦ ਸੋਚਣ ਲੱਗ ਪਈ ਕਿ ਰਾਜਾ ਹੁਣ ਉਸ ਨੂੰ ਪਸੰਦ ਨਹੀਂ ਕਰਦਾ ਸੀ।e​—ਅਸ. 4:9-11.

      23. (ੳ) ਅਸਤਰ ਦੀ ਨਿਹਚਾ ਪੱਕੀ ਕਰਨ ਲਈ ਮਾਰਦਕਈ ਨੇ ਕੀ ਕਿਹਾ? (ਅ) ਸਾਨੂੰ ਮਾਰਦਕਈ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

      23 ਮਾਰਦਕਈ ਨੇ ਜਵਾਬ ਵਿਚ ਜੋ ਗੱਲ ਕਹੀ, ਉਹ ਸੁਣ ਕੇ ਅਸਤਰ ਦੀ ਨਿਹਚਾ ਪੱਕੀ ਹੋਈ। ਉਸ ਨੇ ਅਸਤਰ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਇਹ ਕੰਮ ਕਰਨ ਵਿਚ ਅਸਫ਼ਲ ਰਹੀ, ਤਾਂ ਯਹੂਦੀਆਂ ਨੂੰ ਕਿਸੇ ਹੋਰ ਰਾਹੀਂ ਮੁਕਤੀ ਤਾਂ ਮਿਲ ਹੀ ਜਾਵੇਗੀ। ਪਰ ਜੇ ਯਹੂਦੀਆਂ ਦਾ ਕਤਲਾਮ ਸ਼ੁਰੂ ਹੋ ਗਿਆ, ਤਾਂ ਅਸਤਰ ਨੇ ਆਪ ਵੀ ਨਹੀਂ ਬਚਣਾ ਸੀ। ਉਸ ਵੇਲੇ ਮਾਰਦਕਈ ਨੇ ਯਹੋਵਾਹ ʼਤੇ ਪੱਕੀ ਨਿਹਚਾ ਦਿਖਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਨਾਸ਼ ਨਹੀਂ ਹੋਣ ਦੇਵੇਗਾ ਤੇ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। (ਯਹੋ. 23:14) ਫਿਰ ਮਾਰਦਕਈ ਨੇ ਅਸਤਰ ਨੂੰ ਪੁੱਛਿਆ: “ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ।” (ਅਸ. 4:12-14) ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ। ਕੀ ਸਾਨੂੰ ਉਸ ਦੀ ਰੀਸ ਨਹੀਂ ਕਰਨੀ ਚਾਹੀਦੀ? ਕੀ ਪਰਮੇਸ਼ੁਰ ʼਤੇ ਸਾਡਾ ਭਰੋਸਾ ਪੱਕਾ ਹੈ?​—ਕਹਾ. 3:5, 6.

      ਮਜ਼ਬੂਤ ਨਿਹਚਾ ਸਾਮ੍ਹਣੇ ਮੌਤ ਨੇ ਗੋਡੇ ਟੇਕੇ

      24. ਅਸਤਰ ਨੇ ਨਿਹਚਾ ਤੇ ਦਲੇਰੀ ਕਿਵੇਂ ਦਿਖਾਈ?

      24 ਹੁਣ ਅਸਤਰ ਲਈ ਫ਼ੈਸਲੇ ਦੀ ਘੜੀ ਆ ਪਹੁੰਚੀ। ਉਸ ਨੇ ਮਾਰਦਕਈ ਨੂੰ ਕਿਹਾ ਕਿ ਸਾਰੇ ਯਹੂਦੀ ਉਸ ਨਾਲ ਤਿੰਨ ਦਿਨ ਵਰਤ ਰੱਖਣ। ਉਸ ਨੇ ਕਿਹਾ: “ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ।” (ਅਸ. 4:15-17) ਉਸ ਦੇ ਇਨ੍ਹਾਂ ਸ਼ਬਦਾਂ ਤੋਂ ਉਸ ਦੀ ਨਿਹਚਾ ਤੇ ਦਲੇਰੀ ਦਾ ਸਬੂਤ ਮਿਲਦਾ ਹੈ। ਉਸ ਨੇ ਉਨ੍ਹਾਂ ਤਿੰਨ ਦਿਨਾਂ ਵਿਚ ਜਿੰਨੀ ਪ੍ਰਾਰਥਨਾ ਕੀਤੀ, ਉੱਨੀ ਸ਼ਾਇਦ ਉਸ ਨੇ ਪਹਿਲਾਂ ਕਦੀ ਨਹੀਂ ਕੀਤੀ ਹੋਣੀ। ਅਖ਼ੀਰ ਰਾਜੇ ਸਾਮ੍ਹਣੇ ਪੇਸ਼ ਹੋਣ ਦਾ ਸਮਾਂ ਆ ਗਿਆ। ਉਸ ਨੇ ਰਾਜੇ ਨੂੰ ਖ਼ੁਸ਼ ਕਰਨ ਲਈ ਆਪਣਾ ਸ਼ਾਹੀ ਲਿਬਾਸ ਪਾਇਆ ਤੇ ਹਾਰ-ਸ਼ਿੰਗਾਰ ਕੀਤਾ। ਫਿਰ ਉਹ ਰਾਜੇ ਨੂੰ ਮਿਲਣ ਤੁਰ ਪਈ।

      ਅਸਤਰ ਆਪਣਾ ਸ਼ਾਹੀ ਲਿਬਾਸ ਪਾ ਕੇ ਰਾਜਾ ਅਹਸ਼ਵੇਰੋਸ਼ ਦੇ ਦਰਬਾਰ ਵੱਲ ਜਾਂਦੀ ਹੋਈ

      ਪਰਮੇਸ਼ੁਰ ਦੇ ਲੋਕਾਂ ਨੂੰ ਬਚਾਉਣ ਲਈ ਅਸਤਰ ਨੇ ਆਪਣੀ ਜ਼ਿੰਦਗੀ ਦਾਅ ʼਤੇ ਲਾ ਦਿੱਤੀ

      25. ਦੱਸੋ ਕਿ ਆਪਣੇ ਪਤੀ ਦੇ ਸਾਮ੍ਹਣੇ ਪੇਸ਼ ਹੋਣ ਵੇਲੇ ਅਸਤਰ ਦੀ ਕੀ ਹਾਲਤ ਸੀ।

      25 ਕਲਪਨਾ ਕਰੋ: ਅਸਤਰ ਰਾਜੇ ਦੇ ਦਰਬਾਰ ਵੱਲ ਨੂੰ ਜਾ ਰਹੀ ਹੈ। ਉਸ ਦਾ ਦਿਲ ਡਰ ਦੇ ਮਾਰੇ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਉਹ ਤੁਰੀ ਜਾਂਦੀ ਲਗਾਤਾਰ ਪ੍ਰਾਰਥਨਾ ਕਰ ਰਹੀ ਹੈ। ਫਿਰ ਉਹ ਵਿਹੜੇ ਵਿਚ ਆਉਂਦੀ ਹੈ ਜਿੱਥੋਂ ਉਹ ਰਾਜੇ ਦਾ ਸਿੰਘਾਸਣ ਦੇਖ ਸਕਦੀ ਹੈ। ਉਹ ਰਾਜੇ ਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ। ਪਲ-ਪਲ ਇੰਤਜ਼ਾਰ ਕਰਨਾ ਔਖਾ ਹੋ ਰਿਹਾ ਹੈ। ਫਿਰ ਉਸ ਦੇ ਪਤੀ ਦੀ ਨਜ਼ਰ ਉਸ ʼਤੇ ਪੈਂਦੀ ਹੈ। ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ, ਪਰ ਫਿਰ ਉਸ ਦੇ ਚਿਹਰੇ ਦੇ ਹਾਵ-ਭਾਵ ਇਕਦਮ ਬਦਲ ਜਾਂਦੇ ਹਨ। ਉਹ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਵਧਾਉਂਦਾ ਹੈ।​—ਅਸ. 5:1, 2.

      26. ਸੱਚੇ ਮਸੀਹੀਆਂ ਨੂੰ ਅਸਤਰ ਵਾਂਗ ਦਲੇਰੀ ਦਿਖਾਉਣ ਦੀ ਕਿਉਂ ਲੋੜ ਹੈ ਅਤੇ ਉਸ ਦੀ ਜ਼ਿੰਮੇਵਾਰੀ ਅਜੇ ਖ਼ਤਮ ਕਿਉਂ ਨਹੀਂ ਹੋਈ ਸੀ?

      26 ਰਾਜੇ ਨੇ ਅਸਤਰ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਦੇ ਦਿੱਤੀ। ਅਸਤਰ ਨੇ ਆਪਣੇ ਪਰਮੇਸ਼ੁਰ ਤੇ ਲੋਕਾਂ ਲਈ ਆਪਣੀ ਜਾਨ ਜੋਖਮ ਵਿਚ ਪਾਈ। ਇਸ ਤਰ੍ਹਾਂ ਉਸ ਨੇ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਲਈ ਨਿਹਚਾ ਦੀ ਮਿਸਾਲ ਕਾਇਮ ਕੀਤੀ। ਅੱਜ ਸੱਚੇ ਮਸੀਹੀ ਇਸ ਤਰ੍ਹਾਂ ਦੀਆਂ ਮਿਸਾਲਾਂ ਦੀ ਰੀਸ ਕਰਦੇ ਹਨ। ਯਿਸੂ ਮਸੀਹ ਨੇ ਕਿਹਾ ਸੀ ਕਿ ਨਿਰਸੁਆਰਥ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੋਵੇਗੀ। (ਯੂਹੰਨਾ 13:34, 35 ਪੜ੍ਹੋ।) ਨਿਰਸੁਆਰਥ ਪਿਆਰ ਦਿਖਾਉਣ ਲਈ ਅਸਤਰ ਵਾਂਗ ਦਲੇਰ ਬਣਨ ਦੀ ਲੋੜ ਪੈਂਦੀ ਹੈ। ਭਾਵੇਂ ਕਿ ਉਸ ਦਿਨ ਅਸਤਰ ਪਰਮੇਸ਼ੁਰ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋ ਗਈ ਸੀ, ਪਰ ਉਸ ਦੀ ਜ਼ਿੰਮੇਵਾਰੀ ਅਜੇ ਖ਼ਤਮ ਨਹੀਂ ਹੋਈ ਸੀ। ਉਹ ਰਾਜੇ ਨੂੰ ਕਿਵੇਂ ਭਰੋਸਾ ਦਿਵਾ ਸਕਦੀ ਸੀ ਕਿ ਉਸ ਦਾ ਕਰੀਬੀ ਸਲਾਹਕਾਰ ਹਾਮਾਨ ਘਟੀਆ ਚਾਲਾਂ ਘੜਨ ਵਾਲਾ ਦੁਸ਼ਟ ਇਨਸਾਨ ਸੀ? ਉਹ ਆਪਣੇ ਲੋਕਾਂ ਨੂੰ ਬਚਾਉਣ ਲਈ ਕੀ ਕਰ ਸਕਦੀ ਸੀ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਪਾਠ ਵਿਚ ਦੇਖਾਂਗੇ।

      a ਮੰਨਿਆ ਜਾਂਦਾ ਹੈ ਕਿ ਅਹਸ਼ਵੇਰੋਸ਼ ਹੀ ਜ਼ਰਕਸੀਜ਼ ਪਹਿਲਾ ਹੈ ਜਿਸ ਨੇ 496 ਈ. ਪੂ. ਵਿਚ ਫ਼ਾਰਸ ʼਤੇ ਰਾਜ ਕਰਨਾ ਸ਼ੁਰੂ ਕੀਤਾ ਸੀ।

      b 16ਵੇਂ ਅਧਿਆਇ ਵਿਚ “ਅਸਤਰ ਬਾਰੇ ਸਵਾਲ” ਨਾਂ ਦੀ ਡੱਬੀ ਦੇਖੋ।

      c ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿਚ ਜ਼ਿਆਦਾਤਰ ਅਮਾਲੇਕੀਆਂ ਨੂੰ ਮਾਰ ਦਿੱਤਾ ਗਿਆ ਸੀ। ਲੱਗਦਾ ਹੈ ਕਿ ਹਾਮਾਨ ਬਾਕੀ ਬਚੇ ਕੁਝ ਅਮਾਲੇਕੀਆਂ ਵਿੱਚੋਂ ਸੀ।—1 ਇਤ. 4:43.

      d ਹਾਮਾਨ ਨੇ ਰਾਜੇ ਨੂੰ ਚਾਂਦੀ ਦੇ 10,000 ਤੋੜੇ ਪੇਸ਼ ਕੀਤੇ ਜਿਨ੍ਹਾਂ ਦੀ ਕੀਮਤ ਅੱਜ ਕਰੋੜਾਂ-ਅਰਬਾਂ ਰੁਪਏ ਹੈ। ਜੇ ਅਹਸ਼ਵੇਰੋਸ਼ ਹੀ ਜ਼ਰਕਸੀਜ਼ ਪਹਿਲਾ ਸੀ, ਤਾਂ ਸ਼ਾਇਦ ਉਸ ਨੂੰ ਹਾਮਾਨ ਦੀ ਪੇਸ਼ਕਸ਼ ਵਧੀਆ ਲੱਗੀ ਹੋਣੀ। ਕਿਉਂ? ਕਿਉਂਕਿ ਜ਼ਰਕਸੀਜ਼ ਨੂੰ ਯੂਨਾਨ ਨਾਲ ਲੜਨ ਲਈ ਬਹੁਤ ਸਾਰੇ ਪੈਸੇ ਦੀ ਲੋੜ ਸੀ। ਇਸ ਲੜਾਈ ਵਿਚ ਉਹ ਯੂਨਾਨ ਦੇ ਹੱਥੋਂ ਹਾਰ ਗਿਆ।

      e ਜ਼ਰਕਸੀਜ਼ ਪਹਿਲਾ ਝੱਟ ਗੁੱਸੇ ਵਿਚ ਪਾਗਲ ਹੋ ਜਾਂਦਾ ਸੀ ਤੇ ਹਿੰਸਕ ਬਣ ਜਾਂਦਾ ਸੀ। ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਜ਼ਰਕਸੀਜ਼ ਦੇ ਯੂਨਾਨ ਵਿਰੁੱਧ ਕੀਤੇ ਯੁੱਧਾਂ ਦੀਆਂ ਕੁਝ ਮਿਸਾਲਾਂ ਦਿੱਤੀਆਂ। ਰਾਜੇ ਨੇ ਹੁਕਮ ਦਿੱਤਾ ਕਿ ਜਹਾਜ਼ਾਂ ਨੂੰ ਜੋੜ ਕੇ ਹੇਲੇਸਪੋਂਟ ਨਾਂ ਦੀ ਇਕ ਸਮੁੰਦਰੀ ਖਾੜੀ ʼਤੇ ਇਕ ਪੁਲ ਬਣਾਇਆ ਜਾਵੇ। ਜਦੋਂ ਤੂਫ਼ਾਨ ਕਰਕੇ ਪੁਲ ਟੁੱਟ ਗਿਆ, ਤਾਂ ਜ਼ਰਕਸੀਜ਼ ਨੇ ਹੁਕਮ ਦਿੱਤਾ ਕਿ ਇੰਜੀਨੀਅਰਾਂ ਦੇ ਸਿਰ ਵੱਢ ਦਿੱਤੇ ਜਾਣ। ਉਸ ਨੇ ਇਹ ਵੀ ਹੁਕਮ ਦਿੱਤਾ ਕਿ ਹੇਲੇਸਪੋਂਟ ਦੇ ਖ਼ਿਲਾਫ਼ ਅਪਮਾਨਜਨਕ ਸੰਦੇਸ਼ ਪੜ੍ਹਿਆ ਜਾਵੇ ਅਤੇ ਪਾਣੀ ਨੂੰ ਕੋਰੜੇ ਮਾਰ ਕੇ ਸਜ਼ਾ ਦਿੱਤੀ ਜਾਵੇ। ਇਸੇ ਯੁੱਧ ਵਿਚ ਜਦੋਂ ਇਕ ਅਮੀਰ ਆਦਮੀ ਨੇ ਬੇਨਤੀ ਕੀਤੀ ਕਿ ਉਸ ਦੇ ਮੁੰਡੇ ਨੂੰ ਫ਼ੌਜ ਵਿਚ ਭਰਤੀ ਨਾ ਕੀਤਾ ਜਾਵੇ, ਤਾਂ ਜ਼ਰਕਸੀਜ਼ ਨੇ ਮੁੰਡੇ ਦੇ ਦੋ ਟੋਟੇ ਕਰ ਕੇ ਦੂਜਿਆਂ ਨੂੰ ਚੇਤਾਵਨੀ ਦੇਣ ਲਈ ਟੰਗ ਦਿੱਤੇ।

      ਜ਼ਰਾ ਸੋਚੋ . . .

      • ਅਸਤਰ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਤੇ ਆਗਿਆਕਾਰ ਸੀ?

      • ਮਾਰਦਕਈ ਨੇ ਵਫ਼ਾਦਾਰੀ ਦਿਖਾਉਣ ਵਿਚ ਅਸਤਰ ਦੀ ਕਿਵੇਂ ਮਦਦ ਕੀਤੀ?

      • ਕਿਹੜੀਆਂ ਗੱਲਾਂ ਤੋਂ ਅਸਤਰ ਦੀ ਦਲੇਰੀ ਦਾ ਸਬੂਤ ਮਿਲਦਾ ਹੈ?

      • ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਅਸਤਰ ਦੀ ਨਿਹਚਾ ਦੀ ਰੀਸ ਕਰਨੀ ਚਾਹੋਗੇ?

  • ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
    • ਰਾਣੀ ਅਸਤਰ

      ਪਾਠ 16

      ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ

      1-3. (ੳ) ਆਪਣੇ ਪਤੀ ਦੇ ਸਿੰਘਾਸਣ ਕੋਲ ਜਾਂਦੀ ਹੋਈ ਅਸਤਰ ਦੀ ਕੀ ਹਾਲਤ ਸੀ? (ਅ) ਰਾਜਾ ਅਸਤਰ ਨਾਲ ਕਿਵੇਂ ਪੇਸ਼ ਆਇਆ?

      ਅਸਤਰ ਦੇ ਕਦਮ ਜਿਉਂ-ਜਿਉਂ ਰਾਜੇ ਦੇ ਸਿੰਘਾਸਣ ਵੱਲ ਵਧ ਰਹੇ ਹਨ, ਉਸ ਦਾ ਦਿਲ ਤੇਜ਼-ਤੇਜ਼ ਧੜਕ ਰਿਹਾ ਹੈ। ਦਰਬਾਰ ਵਿਚ ਸੰਨਾਟਾ ਛਾਇਆ ਹੋਇਆ ਹੈ। ਉਸ ਸੰਨਾਟੇ ਵਿਚ ਅਸਤਰ ਨੂੰ ਆਪਣੇ ਕਦਮਾਂ ਅਤੇ ਆਪਣੇ ਸ਼ਾਹੀ ਕੱਪੜਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਸ਼ਾਹੀ ਦਰਬਾਰ ਦੀ ਸਜਾਵਟ, ਵਿਸ਼ਾਲ ਥੰਮ੍ਹ ਅਤੇ ਲਬਾਨੋਨੀ ਦਿਆਰ ਦੀ ਲੱਕੜ ਨਾਲ ਨਕਾਸ਼ੀਆਂ ਛੱਤਾਂ ਵੀ ਉਸ ਦਾ ਧਿਆਨ ਨਹੀਂ ਭਟਕਾ ਸਕਦੀਆਂ। ਉਸ ਦੀ ਨਜ਼ਰ ਸਿੰਘਾਸਣ ਉੱਤੇ ਬੈਠੇ ਉਸ ਆਦਮੀ ਉੱਤੇ ਟਿਕੀ ਹੋਈ ਹੈ ਜਿਸ ਦੇ ਹੱਥਾਂ ਵਿਚ ਉਸ ਦੀ ਜ਼ਿੰਦਗੀ ਅਤੇ ਮੌਤ ਹੈ।

      2 ਰਾਜਾ ਆਪਣੇ ਵੱਲ ਆਉਂਦੀ ਅਸਤਰ ਨੂੰ ਧਿਆਨ ਨਾਲ ਦੇਖਦਾ ਹੈ। ਅਸਤਰ ਬਿਨਾਂ ਬੁਲਾਏ ਰਾਜੇ ਸਾਮ੍ਹਣੇ ਪੇਸ਼ ਹੋਈ ਹੈ, ਪਰ ਰਾਜਾ ਉਸ ਵੱਲ ਆਪਣਾ ਸੋਨੇ ਦਾ ਰਾਜ-ਡੰਡਾ ਵਧਾ ਕੇ ਉਸ ਦੀ ਜ਼ਿੰਦਗੀ ਬਖ਼ਸ਼ ਦਿੰਦਾ ਹੈ। ਅਸਤਰ ਸਿੰਘਾਸਣ ਕੋਲ ਆ ਕੇ ਡੰਡੇ ਨੂੰ ਛੂੰਹਦੀ ਹੈ।—ਅਸ. 5:1, 2.

      ਰਾਜੇ ਅਹਸ਼ਵੇਰੋਸ਼ ਨੇ ਆਪਣਾ ਰਾਜ-ਡੰਡਾ ਵਧਾਇਆ ਹੋਇਆ ਹੈ ਅਤੇ ਰਾਣੀ ਅਸਤਰ ਉਸ ਦੇ ਸਿੰਘਾਸਣ ਵੱਲ ਆਉਂਦੀ ਹੋਈ

      ਅਸਤਰ ਬੜੀ ਸ਼ੁਕਰਗੁਜ਼ਾਰ ਸੀ ਕਿ ਰਾਜੇ ਨੇ ਉਸ ʼਤੇ ਦਇਆ ਕੀਤੀ ਸੀ

      3 ਰਾਜਾ ਅਹਸ਼ਵੇਰੋਸ਼ ਅਮੀਰੀ ਤੇ ਤਾਕਤ ਦੀ ਮੂੰਹ ਬੋਲਦੀ ਤਸਵੀਰ ਹੈ। ਫ਼ਾਰਸ ਦੇ ਰਾਜਿਆਂ ਦੀ ਸ਼ਾਹੀ ਪੁਸ਼ਾਕ ਦੀ ਕੀਮਤ ਆਮ ਤੌਰ ਤੇ ਕਰੋੜਾਂ ਰੁਪਏ ਹੁੰਦੀ ਸੀ। ਅਸਤਰ ਆਪਣੇ ਪਤੀ ਦੀਆਂ ਅੱਖਾਂ ਵਿਚ ਆਪਣੇ ਲਈ ਪਿਆਰ ਦੇਖਦੀ ਹੈ। ਉਹ ਪੁੱਛਦਾ ਹੈ: “ਮਲਕਾ ਅਸਤਰ! ਤੂੰ ਕੀ ਚਾਉਂਦੀ ਹੈਂ? ਤੇਰਾ ਕੀ ਪਰੋਜਨ ਹੈ? ਅੱਧੀ ਪਾਤਸ਼ਾਹੀ ਤੀਕ ਤੈਨੂੰ ਦਿੱਤੀ ਜਾਵੇਗੀ।”—ਅਸ. 5:3.

      4. ਅਸਤਰ ਨੇ ਹੋਰ ਕਿਹੜੀਆਂ ਚੁਣੌਤੀਆਂ ਪਾਰ ਕਰਨੀਆਂ ਸਨ?

      4 ਅਸਤਰ ਨੇ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਰਾਜੇ ਸਾਮ੍ਹਣੇ ਪੇਸ਼ ਹੋ ਕੇ ਆਪਣੀ ਨਿਹਚਾ ਤੇ ਦਲੇਰੀ ਦਾ ਸ਼ਾਨਦਾਰ ਸਬੂਤ ਦਿੱਤਾ। ਭਾਵੇਂ ਕਿ ਰਾਜੇ ਨੇ ਉਸ ਦੀ ਜਾਨ ਬਖ਼ਸ਼ ਦਿੱਤੀ ਸੀ, ਪਰ ਅਸਤਰ ਨੇ ਇਸ ਤੋਂ ਵੀ ਵੱਡੀ ਚੁਣੌਤੀ ਪਾਰ ਕਰਨੀ ਸੀ। ਉਸ ਨੇ ਇਸ ਘਮੰਡੀ ਰਾਜੇ ਨੂੰ ਯਕੀਨ ਦਿਵਾਉਣਾ ਸੀ ਕਿ ਉਸ ਦਾ ਸਭ ਤੋਂ ਭਰੋਸੇਮੰਦ ਸਲਾਹਕਾਰ ਦੁਸ਼ਟ ਆਦਮੀ ਸੀ। ਉਸ ਆਦਮੀ ਨੇ ਰਾਜੇ ਨੂੰ ਮੂਰਖ ਬਣਾ ਕੇ ਉਸ ਤੋਂ ਅਸਤਰ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ਰਮਾਨ ਜਾਰੀ ਕਰਵਾਇਆ ਸੀ। ਅਸਤਰ ਇਹ ਔਖਾ ਕੰਮ ਕਿੱਦਾਂ ਕਰੇਗੀ ਅਤੇ ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?

      ਉਸ ਨੇ ਸਮਝਦਾਰੀ ਨਾਲ “ਬੋਲਣ ਦਾ ਵੇਲਾ” ਚੁਣਿਆ

      5, 6. (ੳ) ਉਪਦੇਸ਼ਕ ਦੀ ਪੋਥੀ 3:1, 7 ਵਿਚ ਦੱਸੇ ਅਸੂਲ ਨੂੰ ਅਸਤਰ ਨੇ ਕਿਵੇਂ ਲਾਗੂ ਕੀਤਾ? (ਅ) ਅਸਤਰ ਨੇ ਆਪਣੇ ਪਤੀ ਨਾਲ ਗੱਲ ਕਰਦੇ ਹੋਏ ਸਮਝਦਾਰੀ ਕਿਵੇਂ ਦਿਖਾਈ?

      5 ਕੀ ਅਸਤਰ ਨੂੰ ਦਰਬਾਰ ਵਿਚ ਸਾਰਿਆਂ ਸਾਮ੍ਹਣੇ ਰਾਜੇ ਨੂੰ ਆਪਣੀ ਸਮੱਸਿਆ ਦੱਸ ਦੇਣੀ ਚਾਹੀਦੀ ਸੀ? ਇੱਦਾਂ ਕਰਨ ਨਾਲ ਸ਼ਾਇਦ ਰਾਜੇ ਦੀ ਬੇਇੱਜ਼ਤੀ ਹੁੰਦੀ ਅਤੇ ਉਸ ਦੇ ਸਲਾਹਕਾਰ ਹਾਮਾਨ ਨੂੰ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦਾ ਸਮਾਂ ਮਿਲ ਜਾਂਦਾ। ਸੋ ਅਸਤਰ ਨੇ ਕੀ ਕੀਤਾ? ਸਦੀਆਂ ਪਹਿਲਾਂ ਬੁੱਧੀਮਾਨ ਰਾਜੇ ਸੁਲੇਮਾਨ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖਿਆ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪ. 3:1, 7) ਧੀਆਂ ਵਾਂਗ ਪਾਲ਼ੀ ਅਸਤਰ ਨੂੰ ਵਫ਼ਾਦਾਰ ਮਾਰਦਕਈ ਨੇ ਇਸ ਤਰ੍ਹਾਂ ਦੇ ਅਸੂਲ ਜ਼ਰੂਰ ਸਿਖਾਏ ਹੋਣੇ। ਬਿਨਾਂ ਸ਼ੱਕ ਅਸਤਰ ਨੂੰ ਧਿਆਨ ਨਾਲ “ਬੋਲਣ ਦਾ ਵੇਲਾ” ਚੁਣਨ ਦੀ ਅਹਿਮੀਅਤ ਬਾਰੇ ਪਤਾ ਸੀ।

      6 ਅਸਤਰ ਨੇ ਕਿਹਾ: ‘ਮੈਂ ਤੇਰੇ ਅਤੇ ਹਾਮਾਨ ਲਈ ਇਕ ਦਾਅਵਤ ਕੀਤੀ ਹੈ। ਕੀ ਤੂੰ ਅਤੇ ਹਾਮਾਨ ਅੱਜ ਉਸ ਦਾਅਵਤ ਵਿੱਚ ਸ਼ਰੀਕ ਹੋਵੋਗੇ?’ (ਅਸ. 5:4, ERV) ਰਾਜੇ ਨੇ ਉਸ ਦਾ ਸੱਦਾ ਸਵੀਕਾਰ ਕੀਤਾ ਅਤੇ ਹਾਮਾਨ ਨੂੰ ਵੀ ਬੁਲਾਇਆ। ਕੀ ਤੁਸੀਂ ਧਿਆਨ ਦਿੱਤਾ ਕਿ ਅਸਤਰ ਨੇ ਕਿੰਨੀ ਸਮਝਦਾਰੀ ਨਾਲ ਗੱਲ ਕੀਤੀ? ਉਸ ਨੇ ਆਪਣੇ ਪਤੀ ਦਾ ਮਾਣ ਰੱਖਿਆ ਤੇ ਆਪਣੀਆਂ ਸਮੱਸਿਆਵਾਂ ਦੱਸਣ ਲਈ ਸਹੀ ਸਮਾਂ ਤੇ ਜਗ੍ਹਾ ਚੁਣੀ।​—⁠ਕਹਾਉਤਾਂ 10:19 ਪੜ੍ਹੋ।

      7, 8. ਅਸਤਰ ਦੀ ਪਹਿਲੀ ਦਾਅਵਤ ਕਿੱਦਾਂ ਦੀ ਰਹੀ, ਪਰ ਇਸ ਮੌਕੇ ਤੇ ਉਸ ਨੇ ਰਾਜੇ ਨੂੰ ਆਪਣੀ ਗੱਲ ਕਿਉਂ ਨਹੀਂ ਦੱਸੀ?

      7 ਬਿਨਾਂ ਸ਼ੱਕ ਅਸਤਰ ਨੇ ਦਾਅਵਤ ਵਿਚ ਹਰ ਚੀਜ਼ ਦਾ ਧਿਆਨ ਰੱਖਿਆ, ਖ਼ਾਸ ਤੌਰ ਤੇ ਉਸ ਨੇ ਆਪਣੇ ਪਤੀ ਦਾ ਮਨ-ਪਸੰਦ ਖਾਣਾ ਤਿਆਰ ਕੀਤਾ। ਦਿਲ ਨੂੰ ਖ਼ੁਸ਼ ਕਰਨ ਲਈ ਦਾਅਵਤ ਵਿਚ ਵਧੀਆ ਦਾਖਰਸ ਵੀ ਸੀ। (ਜ਼ਬੂ. 104:15) ਅਹਸ਼ਵੇਰੋਸ਼ ਨੇ ਦਾਅਵਤ ਦਾ ਭਰਪੂਰ ਮਜ਼ਾ ਲਿਆ ਜਿਸ ਕਰਕੇ ਉਸ ਨੇ ਅਸਤਰ ਤੋਂ ਦੁਬਾਰਾ ਪੁੱਛਿਆ ਕਿ ਉਹ ਕੀ ਚਾਹੁੰਦੀ ਸੀ। ਕੀ ਹੁਣ ਅਸਤਰ ਲਈ ਆਪਣੀ ਗੱਲ ਕਹਿਣ ਦਾ ਸਹੀ ਸਮਾਂ ਸੀ?

      8 ਅਸਤਰ ਨੇ ਸੋਚਿਆ ਕਿ ਅਜੇ ਵੀ ਇਹ ਗੱਲ ਕਰਨ ਦਾ ਸਹੀ ਸਮਾਂ ਨਹੀਂ ਸੀ। ਇਸ ਲਈ ਉਸ ਨੇ ਫਿਰ ਅਗਲੇ ਦਿਨ ਰਾਜੇ ਤੇ ਹਾਮਾਨ ਨੂੰ ਦਾਅਵਤ ʼਤੇ ਆਉਣ ਦਾ ਸੱਦਾ ਦਿੱਤਾ। (ਅਸ. 5:7, 8) ਪਰ ਉਸ ਨੇ ਗੱਲ ਕਿਉਂ ਨਹੀਂ ਕੀਤੀ? ਯਾਦ ਰੱਖੋ ਕਿ ਰਾਜੇ ਦੇ ਹੁਕਮ ਕਰਕੇ ਅਸਤਰ ਦੀ ਕੌਮ ਦੇ ਲੋਕ ਮੌਤ ਦੇ ਸਾਏ ਹੇਠ ਸਨ। ਇੰਨੀਆਂ ਸਾਰੀਆਂ ਜਾਨਾਂ ਦਾਅ ʼਤੇ ਲੱਗੀਆਂ ਹੋਣ ਕਰਕੇ ਅਸਤਰ ਲਈ ਬੋਲਣ ਦਾ ਸਹੀ ਸਮਾਂ ਚੁਣਨਾ ਬਹੁਤ ਜ਼ਰੂਰੀ ਸੀ। ਸੋ ਉਸ ਨੇ ਸਮਝਦਾਰੀ ਨਾਲ ਇਸ ਮਾਮਲੇ ਨੂੰ ਸੁਲਝਾਉਣ ਲਈ ਇੰਤਜ਼ਾਰ ਕੀਤਾ। ਇਸ ਤਰ੍ਹਾਂ ਉਸ ਨੂੰ ਆਪਣੇ ਪਤੀ ਨੂੰ ਇਹ ਦਿਖਾਉਣ ਦਾ ਇਕ ਹੋਰ ਮੌਕਾ ਮਿਲਿਆ ਕਿ ਉਹ ਉਸ ਦੀ ਕਿੰਨੀ ਇੱਜ਼ਤ ਕਰਦੀ ਸੀ।

      9. ਧੀਰਜ ਰੱਖਣ ਦਾ ਕੀ ਫ਼ਾਇਦਾ ਹੈ ਅਤੇ ਇਸ ਮਾਮਲੇ ਵਿਚ ਅਸੀਂ ਅਸਤਰ ਦੀ ਰੀਸ ਕਿਵੇਂ ਕਰ ਸਕਦੇ ਹਾਂ?

      9 ਧੀਰਜ ਇਕ ਬਹੁਤ ਵਧੀਆ ਗੁਣ ਹੈ ਜੋ ਘੱਟ ਹੀ ਲੋਕਾਂ ਵਿਚ ਦੇਖਣ ਨੂੰ ਮਿਲਦਾ ਹੈ। ਭਾਵੇਂ ਕਿ ਅਸਤਰ ਪਰੇਸ਼ਾਨ ਸੀ ਅਤੇ ਰਾਜੇ ਨੂੰ ਆਪਣੀ ਗੱਲ ਦੱਸਣੀ ਚਾਹੁੰਦੀ ਸੀ, ਪਰ ਉਸ ਨੇ ਧੀਰਜ ਨਾਲ ਸਹੀ ਸਮੇਂ ਦਾ ਇੰਤਜ਼ਾਰ ਕੀਤਾ। ਅਸੀਂ ਉਸ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਵੀ ਕਈ ਵਾਰ ਦੇਖਦੇ ਹਾਂ ਕਿ ਕੁਝ ਗ਼ਲਤ ਹੋ ਰਿਹਾ ਹੈ। ਜੇ ਅਸੀਂ ਕਿਸੇ ਅਧਿਕਾਰ ਰੱਖਣ ਵਾਲੇ ਵਿਅਕਤੀ ਨੂੰ ਕਾਇਲ ਕਰਨਾ ਚਾਹੁੰਦੇ ਹਾਂ ਕਿ ਉਹ ਕਿਸੇ ਸਮੱਸਿਆ ਦਾ ਹੱਲ ਕੱਢੇ, ਤਾਂ ਸਾਨੂੰ ਸ਼ਾਇਦ ਅਸਤਰ ਦੀ ਰੀਸ ਕਰਦੇ ਹੋਏ ਧੀਰਜ ਰੱਖਣ ਦੀ ਲੋੜ ਪਵੇ। ਕਹਾਉਤਾਂ 25:15 ਵਿਚ ਲਿਖਿਆ ਹੈ: “ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ [ਯਾਨੀ ਜ਼ਬਾਨ] ਹੱਡੀ ਨੂੰ ਵੀ ਭੰਨ ਸੁੱਟਦੀ ਹੈ।” ਜੇਕਰ ਅਸੀਂ ਅਸਤਰ ਵਾਂਗ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਹਾਂ ਤੇ ਨਰਮਾਈ ਨਾਲ ਬੋਲਦੇ ਹਾਂ, ਤਾਂ ਅਸੀਂ ਉਸ ਇਨਸਾਨ ਨੂੰ ਵੀ ਕਾਇਲ ਕਰ ਸਕਦੇ ਹਾਂ ਜੋ ਸਾਡਾ ਸਖ਼ਤ ਵਿਰੋਧ ਕਰਦਾ ਹੈ। ਕੀ ਯਹੋਵਾਹ ਪਰਮੇਸ਼ੁਰ ਨੇ ਅਸਤਰ ਨੂੰ ਧੀਰਜ ਅਤੇ ਸਮਝਦਾਰੀ ਨਾਲ ਪੇਸ਼ ਆਉਣ ਦਾ ਕੋਈ ਇਨਾਮ ਦਿੱਤਾ?

      ਧੀਰਜ ਰੱਖਣ ਕਰਕੇ ਨਿਆਂ ਮਿਲਿਆ

      10, 11. ਪਹਿਲੀ ਦਾਅਵਤ ਤੋਂ ਬਾਅਦ ਘਰ ਜਾਂਦਿਆਂ ਹਾਮਾਨ ਨਾਲ ਕੀ ਹੋਇਆ ਅਤੇ ਉਸ ਦੀ ਪਤਨੀ ਤੇ ਦੋਸਤਾਂ ਨੇ ਉਸ ਨੂੰ ਕਿਹੜੀ ਸਲਾਹ ਦਿੱਤੀ?

      10 ਅਸਤਰ ਦੇ ਧੀਰਜ ਦਾ ਕੀ ਨਤੀਜਾ ਨਿਕਲਿਆ? ਦਾਅਵਤ ਤੋਂ ਬਾਅਦ ਹਾਮਾਨ “ਅਨੰਦ ਅਰ ਪਰਸੱਨ” ਹੋ ਕੇ ਘਰ ਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਰਾਜਾ ਤੇ ਰਾਣੀ ਉਸ ਨੂੰ ਬਾਕੀਆਂ ਨਾਲੋਂ ਜ਼ਿਆਦਾ ਪਸੰਦ ਕਰਦੇ ਸਨ। ਮਹਿਲ ਦੇ ਫਾਟਕ ਵਿੱਚੋਂ ਨਿਕਲਦਿਆਂ ਹਾਮਾਨ ਦੀ ਨਜ਼ਰ ਯਹੂਦੀ ਮਾਰਦਕਈ ਉੱਤੇ ਪਈ ਜੋ ਇਸ ਵਾਰ ਵੀ ਉਸ ਦੇ ਅੱਗੇ ਨਹੀਂ ਝੁਕਿਆ। ਜਿੱਦਾਂ ਅਸੀਂ ਪਿਛਲੇ ਪਾਠ ਵਿਚ ਦੇਖਿਆ ਸੀ, ਮਾਰਦਕਈ ਦਾ ਹਾਮਾਨ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਹਾਮਾਨ ਅੱਗੇ ਇਸ ਕਰਕੇ ਨਹੀਂ ਝੁਕਦਾ ਸੀ ਕਿਉਂਕਿ ਉਸ ਦੀ ਜ਼ਮੀਰ ਉਸ ਨੂੰ ਇਜਾਜ਼ਤ ਨਹੀਂ ਦਿੰਦੀ ਸੀ ਅਤੇ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ। ਪਰ ਹਾਮਾਨ ‘ਕ੍ਰੋਧ ਨਾਲ ਭਰ ਗਿਆ।’​—ਅਸ. 5:9.

      11 ਜਦੋਂ ਹਾਮਾਨ ਨੇ ਆਪਣੀ ਪਤਨੀ ਤੇ ਦੋਸਤਾਂ ਨੂੰ ਆਪਣੀ ਬੇਇੱਜ਼ਤੀ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਉਸ ਨੂੰ 72 ਫੁੱਟ ਤੋਂ ਉੱਚੀ ਸੂਲ਼ੀ ਬਣਾਉਣ ਲਈ ਕਿਹਾ। ਫਿਰ ਉਨ੍ਹਾਂ ਨੇ ਕਿਹਾ ਕਿ ਉਹ ਰਾਜੇ ਕੋਲੋਂ ਮਨਜ਼ੂਰੀ ਲੈ ਕੇ ਮਾਰਦਕਈ ਨੂੰ ਉਸ ਉੱਤੇ ਟੰਗ ਦੇਵੇ। ਹਾਮਾਨ ਨੂੰ ਉਨ੍ਹਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਉਸ ਨੇ ਉਸੇ ਵੇਲੇ ਸੂਲ਼ੀ ਬਣਾਉਣ ਦਾ ਹੁਕਮ ਦਿੱਤਾ।​—ਅਸ. 5:12-14.

      12. ਰਾਜੇ ਨੇ ਆਪਣੇ ਸੇਵਕ ਨੂੰ ਰਾਜ ਦੇ ਕੰਮਾਂ ਦੇ ਇਤਿਹਾਸ ਦੀ ਪੋਥੀ ਪੜ੍ਹ ਕੇ ਸੁਣਾਉਣ ਲਈ ਕਿਉਂ ਕਿਹਾ ਸੀ ਅਤੇ ਰਾਜੇ ਨੂੰ ਕੀ ਪਤਾ ਲੱਗਾ?

      12 ਇਸ ਦੌਰਾਨ ਇਕ ਰਾਤ ਰਾਜੇ ਨਾਲ ਅਜੀਬ ਗੱਲ ਹੋਈ। ਬਾਈਬਲ ਦੱਸਦੀ ਹੈ ਕਿ “ਪਾਤਸ਼ਾਹ ਦੀ ਨੀਂਦ ਜਾਂਦੀ ਰਹੀ।” ਇਸ ਕਰਕੇ ਉਸ ਨੇ ਆਪਣੇ ਸੇਵਕ ਨੂੰ ਉਨ੍ਹਾਂ ਪੋਥੀਆਂ ਵਿੱਚੋਂ ਪੜ੍ਹ ਕੇ ਸੁਣਾਉਣ ਲਈ ਕਿਹਾ ਜਿਨ੍ਹਾਂ ਵਿਚ ਰਾਜ ਦੇ ਕੰਮਾਂ ਦਾ ਇਤਿਹਾਸ ਦਰਜ ਕੀਤਾ ਗਿਆ ਸੀ। ਉਸ ਵਿਚ ਇਹ ਵੀ ਦਰਜ ਸੀ ਕਿ ਇਕ ਵਾਰ ਰਾਜਾ ਅਹਸ਼ਵੇਰੋਸ਼ ਨੂੰ ਮਾਰਨ ਦੀ ਸਾਜ਼ਸ਼ ਘੜੀ ਗਈ ਸੀ। ਰਾਜੇ ਨੂੰ ਯਾਦ ਆਇਆ ਕਿ ਅਪਰਾਧੀਆਂ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪਰ ਇਸ ਸਾਜ਼ਸ਼ ਦਾ ਭਾਂਡਾ ਭੰਨਣ ਵਾਲੇ ਉਸ ਆਦਮੀ ਮਾਰਦਕਈ ਬਾਰੇ ਕੀ? ਰਾਜੇ ਨੇ ਇਕਦਮ ਪੁੱਛਿਆ ਕਿ ਮਾਰਦਕਈ ਨੂੰ ਕੀ ਇਨਾਮ ਦਿੱਤਾ ਗਿਆ ਸੀ। ਉਸ ਨੂੰ ਜਵਾਬ ਮਿਲਿਆ ਕਿ ਉਸ ਆਦਮੀ ਲਈ ਕੁਝ ਵੀ ਨਹੀਂ ਕੀਤਾ ਗਿਆ ਸੀ।​—⁠ਅਸਤਰ 6:1-3 ਪੜ੍ਹੋ।

      13, 14. (ੳ) ਹਾਮਾਨ ਦੀ ਚਾਲ ਕਿੱਦਾਂ ਪੁੱਠੀ ਪੈ ਗਈ? (ਅ) ਹਾਮਾਨ ਦੀ ਪਤਨੀ ਤੇ ਦੋਸਤਾਂ ਨੇ ਉਸ ਨੂੰ ਕੀ ਕਿਹਾ?

      13 ਰਾਜਾ ਇਹ ਸੁਣ ਕੇ ਖਿੱਝ ਗਿਆ ਅਤੇ ਇਸ ਗ਼ਲਤੀ ਨੂੰ ਸੁਧਾਰਨ ਲਈ ਉਸ ਨੇ ਪੁੱਛਿਆ ਕਿ ਉਸ ਵੇਲੇ ਕੋਈ ਅਧਿਕਾਰੀ ਮੌਜੂਦ ਸੀ ਜੋ ਇਹ ਕੰਮ ਕਰ ਸਕਦਾ ਸੀ। ਤੁਹਾਡੇ ਖ਼ਿਆਲ ਨਾਲ ਉੱਥੇ ਕੌਣ ਹੋਣਾ? ਹਾਮਾਨ! ਉਹ ਸ਼ਾਇਦ ਇਸ ਕਰਕੇ ਦਰਬਾਰ ਵਿਚ ਸਵੇਰੇ-ਸਵੇਰੇ ਆਇਆ ਸੀ ਕਿਉਂਕਿ ਉਹ ਮਾਰਦਕਈ ਨੂੰ ਮਾਰਨ ਦੀ ਛੇਤੀ ਤੋਂ ਛੇਤੀ ਇਜਾਜ਼ਤ ਲੈਣੀ ਚਾਹੁੰਦਾ ਸੀ। ਪਰ ਹਾਮਾਨ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਜੇ ਨੇ ਉਸ ਤੋਂ ਪੁੱਛਿਆ ਕਿ ਉਸ ਇਨਸਾਨ ਨੂੰ ਕੀ ਇਨਾਮ ਦਿੱਤਾ ਜਾਵੇ ਜਿਸ ਤੋਂ ਰਾਜਾ ਖ਼ੁਸ਼ ਹੋਵੇ। ਹਾਮਾਨ ਨੇ ਸੋਚਿਆ ਕਿ ਰਾਜਾ ਉਸ ਦੇ ਬਾਰੇ ਗੱਲ ਕਰ ਰਿਹਾ ਸੀ। ਉਸ ਨੇ ਰਾਜੇ ਨੂੰ ਕਿਹਾ ਕਿ ਉਸ ਆਦਮੀ ਨੂੰ ਸ਼ਾਹੀ ਪੁਸ਼ਾਕ ਪੁਆਈ ਜਾਵੇ, ਉਸ ਨੂੰ ਰਾਜੇ ਦੇ ਘੋੜੇ ʼਤੇ ਸਵਾਰ ਕਰ ਕੇ ਪੂਰੇ ਸ਼ੂਸ਼ਨ ਸ਼ਹਿਰ ਵਿਚ ਘੁਮਾਇਆ ਜਾਵੇ ਅਤੇ ਉਸ ਦੀ ਜੈ-ਜੈਕਾਰ ਕੀਤੀ ਜਾਵੇ। ਰਾਜੇ ਨੇ ਕਿਹਾ ਕਿ ਮਾਰਦਕਈ ਨਾਲ ਇਸੇ ਤਰ੍ਹਾਂ ਕੀਤਾ ਜਾਵੇ। ਕਲਪਨਾ ਕਰੋ ਕਿ ਇਹ ਸੁਣ ਕੇ ਹਾਮਾਨ ਦਾ ਕੀ ਹਾਲ ਹੋਇਆ ਹੋਣਾ। ਮਾਰਦਕਈ ਦੇ ਗੁਣ ਗਾਉਣ ਦਾ ਕੰਮ ਕਿਸ ਨੂੰ ਦਿੱਤਾ ਗਿਆ? ਹਾਮਾਨ ਨੂੰ!​—ਅਸ. 6:4-10.

      14 ਹਾਮਾਨ ਨੇ ਇਹ ਕੰਮ ਮੱਥੇ ਵੱਟ ਪਾ ਕੇ ਕੀਤਾ। ਫਿਰ ਉਹ ਗੁੱਸੇ ਨਾਲ ਦੰਦ ਪੀਂਹਦਾ ਘਰ ਦੌੜ ਗਿਆ। ਉਸ ਦੀ ਪਤਨੀ ਤੇ ਦੋਸਤਾਂ ਨੇ ਕਿਹਾ ਕਿ ਉਸ ਦੇ ਮਾੜੇ ਦਿਨ ਆਉਣ ਵਾਲੇ ਸਨ ਤੇ ਮਾਰਦਕਈ ਦੇ ਹੱਥੋਂ ਉਸ ਦੀ ਹਾਰ ਪੱਕੀ ਸੀ।​—ਅਸ. 6:12, 13.

      15. (ੳ) ਅਸਤਰ ਦੇ ਧੀਰਜ ਰੱਖਣ ਦਾ ਕੀ ਨਤੀਜਾ ਨਿਕਲਿਆ? (ਅ) “ਉਡੀਕ” ਕਰਨੀ ਸਮਝਦਾਰੀ ਦੀ ਗੱਲ ਕਿਉਂ ਹੈ?

      15 ਅਸਤਰ ਨੇ ਧੀਰਜ ਧਰਿਆ ਤੇ ਆਪਣੀ ਗੱਲ ਰਾਜੇ ਨੂੰ ਦੱਸਣ ਲਈ ਇਕ ਹੋਰ ਦਿਨ ਉਡੀਕ ਕੀਤੀ। ਇਸ ਸਮੇਂ ਦੌਰਾਨ ਹਾਮਾਨ ਮਾਰਦਕਈ ਲਈ ਟੋਆ ਪੁੱਟਣ ਲੱਗ ਪਿਆ ਜਿਸ ਵਿਚ ਉਸ ਨੇ ਆਪ ਹੀ ਜਾ ਡਿੱਗਣਾ ਸੀ। ਹੋ ਸਕਦਾ ਹੈ ਕਿ ਯਹੋਵਾਹ ਨੇ ਰਾਜੇ ਦੀ ਨੀਂਦ ਖ਼ਰਾਬ ਕੀਤੀ ਹੋਵੇ। (ਕਹਾ. 21:1) ਇਸੇ ਕਰਕੇ ਪਰਮੇਸ਼ੁਰ ਦਾ ਬਚਨ ਸਾਨੂੰ “ਉਡੀਕ” ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। (ਮੀਕਾਹ 7:7 ਪੜ੍ਹੋ।) ਜਦੋਂ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਇੰਤਜ਼ਾਰ ਕਰਦੇ ਹਾਂ ਕਿ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕੱਢੇ, ਤਾਂ ਯਹੋਵਾਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਵਧੀਆ ਹੱਲ ਕੱਢਦਾ ਹੈ।

      ਉਹ ਬਹਾਦਰੀ ਨਾਲ ਬੋਲੀ

      16, 17. (ੳ) ਅਸਤਰ ਨੂੰ “ਬੋਲਣ ਦਾ ਵੇਲਾ” ਕਦੋਂ ਮਿਲਿਆ? (ਅ) ਅਸਤਰ ਰਾਜੇ ਦੀ ਪਹਿਲੀ ਪਤਨੀ ਵਸ਼ਤੀ ਤੋਂ ਕਿਵੇਂ ਅਲੱਗ ਸੀ?

      16 ਦੂਜੀ ਦਾਅਵਤ ਵੇਲੇ ਅਸਤਰ ਨੂੰ ਰਾਜੇ ਨੂੰ ਸਾਰਾ ਕੁਝ ਦੱਸਣਾ ਪੈਣਾ ਸੀ। ਉਹ ਰਾਜੇ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈ ਸਕਦੀ ਸੀ। ਪਰ ਰਾਜੇ ਨੂੰ ਆਪਣੀ ਗੱਲ ਦੱਸਣ ਦਾ ਕਿਹੜਾ ਸਮਾਂ ਸਹੀ ਸੀ? ਦਰਅਸਲ ਅਸਤਰ ਦੇ ਗੱਲ ਕਰਨ ਤੋਂ ਪਹਿਲਾਂ ਹੀ ਰਾਜੇ ਨੇ ਉਸ ਨੂੰ ਖ਼ੁਦ ਪੁੱਛ ਲਿਆ ਕਿ ਉਹ ਕੀ ਚਾਹੁੰਦੀ ਸੀ। (ਅਸ. 7:2) ਅਸਤਰ ਕੋਲ ਹੁਣ “ਬੋਲਣ ਦਾ ਵੇਲਾ” ਸੀ।

      17 ਅਸੀਂ ਕਲਪਨਾ ਕਰ ਸਕਦੇ ਹਾਂ ਕਿ ਰਾਜੇ ਨੂੰ ਕੁਝ ਕਹਿਣ ਤੋਂ ਪਹਿਲਾਂ ਅਸਤਰ ਨੇ ਆਪਣੇ ਮਨ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਹੋਣੀ। ਉਸ ਨੇ ਰਾਜੇ ਨੂੰ ਕਿਹਾ: “ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੀ ਭਾਉਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ।” (ਅਸ. 7:3) ਗੌਰ ਕਰੋ ਕਿ ਉਸ ਨੇ ਰਾਜੇ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਵੱਲੋਂ ਕੀਤੇ ਫ਼ੈਸਲਿਆਂ ਦੀ ਕਦਰ ਕਰਦੀ ਸੀ। ਅਸਤਰ ਰਾਜੇ ਦੀ ਪਹਿਲੀ ਪਤਨੀ ਵਸ਼ਤੀ ਤੋਂ ਬਿਲਕੁਲ ਅਲੱਗ ਸੀ ਜਿਸ ਨੇ ਜਾਣ-ਬੁੱਝ ਕੇ ਆਪਣੇ ਪਤੀ ਦੀ ਬੇਇੱਜ਼ਤੀ ਕੀਤੀ ਸੀ। (ਅਸ. 1:10-12) ਇਸ ਤੋਂ ਇਲਾਵਾ, ਅਸਤਰ ਨੇ ਰਾਜੇ ਦੀ ਨੁਕਤਾਚੀਨੀ ਨਹੀਂ ਕੀਤੀ ਕਿ ਉਸ ਨੇ ਬਿਨਾਂ ਸੋਚੇ-ਸਮਝੇ ਹਾਮਾਨ ʼਤੇ ਭਰੋਸਾ ਕੀਤਾ। ਇਸ ਦੀ ਬਜਾਇ, ਉਸ ਨੇ ਰਾਜੇ ਅੱਗੇ ਬੇਨਤੀ ਕੀਤੀ ਕਿ ਰਾਜਾ ਉਸ ਦੀ ਜਾਨ ਬਚਾਵੇ।

      18. ਅਸਤਰ ਨੇ ਰਾਜੇ ਨੂੰ ਆਪਣੀ ਸਮੱਸਿਆ ਕਿਵੇਂ ਦੱਸੀ?

      18 ਇਹ ਗੱਲ ਸੁਣ ਕੇ ਰਾਜੇ ਨੂੰ ਜ਼ਰੂਰ ਝਟਕਾ ਲੱਗਾ ਹੋਣਾ। ਉਸ ਦੀ ਰਾਣੀ ਨੂੰ ਮਾਰਨ ਦੀ ਜੁਰਅਤ ਕਿਸ ਨੇ ਕੀਤੀ ਸੀ? ਅਸਤਰ ਨੇ ਅੱਗੇ ਕਿਹਾ: “ਮੈਂ ਤੇ ਮੇਰੇ ਲੋਕ ਨਾਸ਼ ਹੋਣ ਲਈ ਅਰ ਵੱਢੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇ ਅਸੀਂ ਗੋਲੇ ਗੋਲੀਆਂ ਵਾਂਙੁ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੁਲ ਨਹੀ ਹੁੰਦਾ!” (ਅਸ. 7:4) ਗੌਰ ਕਰੋ ਕਿ ਅਸਤਰ ਨੇ ਬਿਨਾਂ ਝਿਜਕੇ ਸਾਰੀ ਗੱਲ ਦੱਸੀ। ਉਸ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਸਿਰਫ਼ ਗ਼ੁਲਾਮੀ ਵਿਚ ਵੇਚਿਆ ਜਾਂਦਾ, ਤਾਂ ਉਹ ਚੁੱਪ ਰਹਿੰਦੀ। ਸਾਰੀ ਕੌਮ ਦੇ ਨਾਸ਼ ਹੋਣ ਦੀ ਸਾਜ਼ਸ਼ ਬਾਰੇ ਰਾਜੇ ਨੂੰ ਦੱਸਣਾ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਦੇ ਨਾਸ਼ ਹੋਣ ਨਾਲ ਰਾਜੇ ਨੂੰ ਬਹੁਤ ਨੁਕਸਾਨ ਝੱਲਣਾ ਪੈਣਾ ਸੀ।

      19. ਅਸੀਂ ਕਿਸੇ ਨੂੰ ਕਾਇਲ ਕਰਨ ਦੀ ਕਲਾ ਬਾਰੇ ਅਸਤਰ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

      19 ਅਸਤਰ ਦੀ ਮਿਸਾਲ ਤੋਂ ਅਸੀਂ ਕਿਸੇ ਨੂੰ ਕਾਇਲ ਕਰਨ ਦੀ ਕਲਾ ਬਾਰੇ ਸਿੱਖਦੇ ਹਾਂ। ਜੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ, ਦੋਸਤ ਜਾਂ ਅਧਿਕਾਰ ਰੱਖਣ ਵਾਲੇ ਕਿਸੇ ਇਨਸਾਨ ਨੂੰ ਕੋਈ ਗੰਭੀਰ ਸਮੱਸਿਆ ਦੱਸਣੀ ਚਾਹੁੰਦੇ ਹੋ, ਤਾਂ ਤੁਹਾਨੂੰ ਬਿਨਾਂ ਕੁਝ ਲੁਕਾਏ ਧੀਰਜ ਤੇ ਆਦਰ ਨਾਲ ਸਾਰੀ ਗੱਲ ਦੱਸਣੀ ਚਾਹੀਦੀ ਹੈ।​—ਕਹਾ. 16:21, 23.

      20, 21. (ੳ) ਅਸਤਰ ਨੇ ਹਾਮਾਨ ਦਾ ਪਰਦਾਫ਼ਾਸ਼ ਕਿਵੇਂ ਕੀਤਾ ਅਤੇ ਰਾਜੇ ʼਤੇ ਇਸ ਦਾ ਕੀ ਅਸਰ ਪਿਆ? (ਅ) ਹਾਮਾਨ ਦਾ ਅਸਲੀ ਚਿਹਰਾ ਸਾਮ੍ਹਣੇ ਆਉਣ ਤੇ ਉਸ ਨੇ ਕੀ ਕੀਤਾ?

      20 ਅਹਸ਼ਵੇਰੋਸ਼ ਨੇ ਪੁੱਛਿਆ: “ਉਹ ਕੌਣ ਹੈ ਅਤੇ ਉਹ ਕਿੱਥੇ ਹੈ ਜਿਹਨੇ ਆਪਣੇ ਮਨ ਵਿੱਚ ਅਜਿਹਾ ਕਰਨ ਲਈ ਨੀਤ ਧਾਰੀ?” ਅਸਤਰ ਨੇ ਹਾਮਾਨ ਵੱਲ ਉਂਗਲ ਕਰ ਕੇ ਕਿਹਾ: “ਉਹ ਵਿਰੋਧੀ ਅਤੇ ਵੈਰੀ ਇਹ ਦੁਸ਼ਟ ਹਾਮਾਨ ਹੈ!” ਆਪਣੇ ਉੱਤੇ ਲੱਗੇ ਇਸ ਗੰਭੀਰ ਇਲਜ਼ਾਮ ਨੂੰ ਸੁਣਦਿਆਂ ਹੀ ਹਾਮਾਨ ਥਰ-ਥਰ ਕੰਬਣ ਲੱਗਾ। ਇਹ ਸੁਣ ਕੇ ਰਾਜੇ ਦਾ ਖ਼ੂਨ ਖੌਲ ਉੱਠਿਆ ਕਿ ਉਸ ਦੇ ਭਰੋਸੇਮੰਦ ਸਲਾਹਕਾਰ ਨੇ ਧੋਖੇ ਨਾਲ ਜਿਸ ਹੁਕਮ ʼਤੇ ਸ਼ਾਹੀ ਮੁਹਰ ਲਗਵਾਈ ਸੀ, ਉਸ ਕਾਰਨ ਉਸ ਦੀ ਆਪਣੀ ਪਤਨੀ ਦੀ ਜਾਨ ਖ਼ਤਰੇ ਵਿਚ ਪੈ ਗਈ ਸੀ। ਰਾਜਾ ਆਪਣੇ ਗੁੱਸੇ ʼਤੇ ਕਾਬੂ ਪਾਉਣ ਲਈ ਜਲਦੀ ਨਾਲ ਬਾਗ਼ ਵਿਚ ਚਲਾ ਗਿਆ।​—ਅਸ. 7:5-7.

      ਦੂਜੀ ਦਾਅਵਤ ਵੇਲੇ ਅਸਤਰ ਦਲੇਰੀ ਨਾਲ ਹਾਮਾਨ ਵੱਲ ਇਸ਼ਾਰਾ ਕਰ ਕੇ ਰਾਜਾ ਅਹਸ਼ਵੇਰੋਸ਼ ਨੂੰ ਸਭ ਕੁਝ ਦੱਸਦੀ ਹੋਈ

      ਅਸਤਰ ਨੇ ਦਲੇਰੀ ਨਾਲ ਹਾਮਾਨ ਦੀ ਦੁਸ਼ਟਤਾ ਦਾ ਪਰਦਾਫ਼ਾਸ਼ ਕੀਤਾ

      21 ਜਦ ਹਾਮਾਨ ਦਾ ਅਸਲੀ ਚਿਹਰਾ ਸਾਮ੍ਹਣੇ ਆਇਆ, ਤਾਂ ਉਹ ਰਾਣੀ ਦੇ ਪੈਰਾਂ ਵਿਚ ਡਿਗ ਕੇ ਗਿੜਗਿੜਾਉਣ ਲੱਗ ਪਿਆ। ਜਦੋਂ ਰਾਜੇ ਨੇ ਕਮਰੇ ਵਿਚ ਵਾਪਸ ਆ ਕੇ ਦੇਖਿਆ ਕਿ ਹਾਮਾਨ ਅਸਤਰ ਦੇ ਪਲੰਘ ਉੱਤੇ ਡਿਗ ਕੇ ਗਿੜਗਿੜਾ ਰਿਹਾ ਸੀ, ਤਾਂ ਉਸ ਨੇ ਗੁੱਸੇ ਨਾਲ ਹਾਮਾਨ ʼਤੇ ਰਾਣੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ। ਹੁਣ ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਪੱਕੀ ਸੀ। ਸਿਪਾਹੀ ਉਸ ਦਾ ਮੂੰਹ ਢੱਕ ਕੇ ਉਸ ਨੂੰ ਲੈ ਗਏ। ਫਿਰ ਇਕ ਅਧਿਕਾਰੀ ਨੇ ਰਾਜੇ ਨੂੰ ਦੱਸਿਆ ਕਿ ਹਾਮਾਨ ਨੇ ਮਾਰਦਕਈ ਨੂੰ ਮਾਰਨ ਲਈ ਸੂਲ਼ੀ ਤਿਆਰ ਕੀਤੀ ਹੋਈ ਸੀ। ਅਹਸ਼ਵੇਰੋਸ਼ ਨੇ ਤੁਰੰਤ ਹੁਕਮ ਦਿੱਤਾ ਕਿ ਉਸੇ ਸੂਲ਼ੀ ʼਤੇ ਹਾਮਾਨ ਨੂੰ ਟੰਗ ਦਿੱਤਾ ਜਾਵੇ।​—ਅਸ. 7:8-10.

      22. ਅਸਤਰ ਦੀ ਮਿਸਾਲ ਤੋਂ ਅਸੀਂ ਕਿਵੇਂ ਸਿੱਖ ਸਕਦੇ ਹਾਂ ਕਿ ਅਸੀਂ ਕਦੇ ਵੀ ਉਮੀਦ ਦਾ ਪੱਲਾ ਨਾ ਛੱਡੀਏ ਅਤੇ ਨਿਹਚਾ ਕਰਨੀ ਨਾ ਛੱਡੀਏ?

      22 ਅੱਜ ਦੁਨੀਆਂ ਵਿਚ ਅਨਿਆਂ ਦਾ ਬੋਲਬਾਲਾ ਹੈ ਜਿਸ ਕਰਕੇ ਨਿਆਂ ਮਿਲਣਾ ਨਾਮੁਮਕਿਨ ਲੱਗਦਾ ਹੈ। ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਅਸਤਰ ਨੇ ਕਦੇ ਵੀ ਉਮੀਦ ਦਾ ਪੱਲਾ ਨਹੀਂ ਛੱਡਿਆ ਅਤੇ ਨਾ ਹੀ ਉਸ ਨੇ ਨਿਹਚਾ ਕਰਨੀ ਛੱਡੀ। ਜਦੋਂ ਸਮਾਂ ਆਇਆ, ਤਾਂ ਉਹ ਦਲੇਰੀ ਨਾਲ ਸੱਚ ਦੇ ਪੱਖ ਵਿਚ ਬੋਲੀ ਤੇ ਫਿਰ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਆਓ ਆਪਾਂ ਵੀ ਇੱਦਾਂ ਹੀ ਕਰੀਏ! ਯਹੋਵਾਹ ਅੱਜ ਵੀ ਬਦਲਿਆ ਨਹੀਂ ਹੈ। ਉਹ ਅੱਜ ਵੀ ਹਾਮਾਨ ਵਰਗੇ ਦੁਸ਼ਟ ਤੇ ਫਰੇਬੀ ਲੋਕਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਹੀ ਚਾਲਾਂ ਵਿਚ ਫਸਾ ਸਕਦਾ ਹੈ।​—⁠ਜ਼ਬੂਰਾਂ ਦੀ ਪੋਥੀ 7:11-16 ਪੜ੍ਹੋ।

      ਉਸ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਕਦਮ ਚੁੱਕਿਆ

      23. (ੳ) ਰਾਜੇ ਨੇ ਅਸਤਰ ਤੇ ਮਾਰਦਕਈ ਨੂੰ ਕੀ ਇਨਾਮ ਦਿੱਤਾ? (ਅ) ਮਰਨ ਵੇਲੇ ਯਾਕੂਬ ਨੇ ਬਿਨਯਾਮੀਨ ਬਾਰੇ ਜੋ ਭਵਿੱਖਬਾਣੀ ਕੀਤੀ ਸੀ, ਉਹ ਕਿਵੇਂ ਪੂਰੀ ਹੋਈ? (“ਭਵਿੱਖਬਾਣੀ ਪੂਰੀ ਹੋਈ” ਨਾਂ ਦੀ ਡੱਬੀ ਦੇਖੋ।)

      23 ਅਖ਼ੀਰ ਰਾਜੇ ਨੂੰ ਪਤਾ ਲੱਗ ਗਿਆ ਕਿ ਉਸ ਦੀ ਜਾਨ ਬਚਾਉਣ ਵਾਲੇ ਮਾਰਦਕਈ ਨੇ ਹੀ ਅਸਤਰ ਦੀ ਆਪਣੀ ਧੀ ਵਾਂਗ ਪਰਵਰਿਸ਼ ਕੀਤੀ ਸੀ। ਅਹਸ਼ਵੇਰੋਸ਼ ਨੇ ਮਾਰਦਕਈ ਨੂੰ ਹਾਮਾਨ ਦੀ ਜਗ੍ਹਾ ਪ੍ਰਧਾਨ ਮੰਤਰੀ ਬਣਾਇਆ। ਰਾਜੇ ਨੇ ਹਾਮਾਨ ਦੀ ਸਾਰੀ ਜਾਇਦਾਦ ਅਸਤਰ ਨੂੰ ਦੇ ਦਿੱਤੀ। ਅਸਤਰ ਨੇ ਇਸ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮਾਰਦਕਈ ਨੂੰ ਦਿੱਤੀ।​—ਅਸ. 8:1, 2.

      24, 25. (ੳ) ਹਾਮਾਨ ਦੇ ਖ਼ਾਤਮੇ ਤੋਂ ਬਾਅਦ ਵੀ ਅਸਤਰ ਸੁੱਖ ਦਾ ਸਾਹ ਕਿਉਂ ਨਹੀਂ ਲੈ ਸਕੀ? (ਅ) ਅਸਤਰ ਨੇ ਇਕ ਵਾਰ ਫਿਰ ਆਪਣੀ ਜਾਨ ਖ਼ਤਰੇ ਵਿਚ ਕਿਉਂ ਪਾਈ ਸੀ?

      24 ਹੁਣ ਅਸਤਰ ਅਤੇ ਮਾਰਦਕਈ ਬਿਲਕੁਲ ਸੁਰੱਖਿਅਤ ਸਨ, ਪਰ ਕੀ ਰਾਣੀ ਹੁਣ ਸੁੱਖ ਦਾ ਸਾਹ ਲੈ ਸਕਦੀ ਸੀ? ਜੇ ਉਹ ਸੁਆਰਥੀ ਹੁੰਦੀ, ਤਾਂ ਉਹ ਆਰਾਮ ਨਾਲ ਆਪਣੇ ਮਹਿਲ ਵਿਚ ਬੈਠ ਜਾਂਦੀ। ਇਸ ਸਮੇਂ ਤਕ ਹਾਮਾਨ ਵੱਲੋਂ ਯਹੂਦੀਆਂ ਨੂੰ ਮਾਰੇ ਜਾਣ ਦਾ ਸੰਦੇਸ਼ ਸਾਮਰਾਜ ਦੇ ਕੋਨੇ-ਕੋਨੇ ਤਕ ਪਹੁੰਚ ਚੁੱਕਾ ਸੀ। ਹਾਮਾਨ ਨੇ ਹਿੰਸਕ ਹਮਲੇ ਨੂੰ ਅੰਜਾਮ ਦੇਣ ਦਾ ਦਿਨ ਪੁਰ ਯਾਨੀ ਗੁਣੇ ਪਾ ਕੇ ਤੈਅ ਕੀਤਾ ਸੀ ਜੋ ਇਕ ਤਰ੍ਹਾਂ ਦੀ ਜਾਦੂਗਰੀ ਸੀ। (ਅਸ. 9:24-26) ਭਾਵੇਂ ਕਿ ਇਹ ਦਿਨ ਕੁਝ ਮਹੀਨੇ ਦੂਰ ਸੀ, ਪਰ ਸਮਾਂ ਪਲ-ਪਲ ਹੱਥੋਂ ਨਿਕਲ ਰਿਹਾ ਸੀ। ਕੀ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ?

      25 ਅਸਤਰ ਇਕ ਵਾਰ ਫਿਰ ਬਿਨ-ਬੁਲਾਏ ਰਾਜੇ ਦੇ ਸਾਮ੍ਹਣੇ ਪੇਸ਼ ਹੋਈ ਤੇ ਆਪਣੀ ਜਾਨ ਖ਼ਤਰੇ ਵਿਚ ਪਾਈ। ਇਸ ਵਾਰ ਉਸ ਨੇ ਰਾਜੇ ਸਾਮ੍ਹਣੇ ਰੋ-ਰੋ ਕੇ ਮਿੰਨਤਾਂ ਕੀਤੀਆਂ ਕਿ ਉਸ ਦੇ ਲੋਕਾਂ ਨੂੰ ਨਾਸ਼ ਕੀਤੇ ਜਾਣ ਦੇ ਫ਼ਰਮਾਨ ਨੂੰ ਉਹ ਰੱਦ ਕਰ ਦੇਵੇ। ਪਰ ਫ਼ਾਰਸੀ ਰਾਜੇ ਦੇ ਨਾਂ ʼਤੇ ਬਣਾਏ ਗਏ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੀ। (ਦਾਨੀ. 6:12, 15) ਇਸ ਲਈ ਰਾਜੇ ਨੇ ਅਸਤਰ ਤੇ ਮਾਰਦਕਈ ਨੂੰ ਇਕ ਹੋਰ ਕਾਨੂੰਨ ਬਣਾਉਣ ਲਈ ਕਿਹਾ। ਇਸ ਕਾਨੂੰਨ ਮੁਤਾਬਕ ਯਹੂਦੀ ਆਪਣੇ ਬਚਾਅ ਲਈ ਲੜ ਸਕਦੇ ਸਨ। ਘੋੜਸਵਾਰ ਤੇਜ਼ੀ ਨਾਲ ਸਾਮਰਾਜ ਦੇ ਕੋਨੇ-ਕੋਨੇ ਵਿਚ ਇਸ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਚਲੇ ਗਏ। ਇਸ ਤੋਂ ਯਹੂਦੀਆਂ ਨੂੰ ਉਮੀਦ ਦੀ ਕਿਰਨ ਮਿਲੀ। (ਅਸ. 8:3-16) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਪੂਰੇ ਸਾਮਰਾਜ ਵਿਚ ਯਹੂਦੀ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰ ਰਹੇ ਸਨ। ਇਸ ਨਵੇਂ ਕਾਨੂੰਨ ਤੋਂ ਬਿਨਾਂ ਇਹ ਸਭ ਕੁਝ ਮੁਮਕਿਨ ਨਾ ਹੁੰਦਾ। ਪਰ ਸਭ ਤੋਂ ਜ਼ਰੂਰੀ ਗੱਲ, ਕੀ ‘ਸੈਨਾਂ ਦਾ ਯਹੋਵਾਹ’ ਆਪਣੇ ਲੋਕਾਂ ਨਾਲ ਸੀ?​—1 ਸਮੂ. 17:45.

      ਅਸਤਰ ਤੇ ਮਾਰਦਕਈ ਇਕ ਨੌਜਵਾਨ ਤੋਂ ਦੂਜਾ ਫ਼ਰਮਾਨ ਲਿਖਵਾਉਂਦੇ ਹੋਏ

      ਅਸਤਰ ਤੇ ਮਾਰਦਕਈ ਨੇ ਫ਼ਾਰਸੀ ਸਾਮਰਾਜ ਵਿਚ ਰਹਿੰਦੇ ਯਹੂਦੀਆਂ ਨੂੰ ਸੰਦੇਸ਼ ਘੱਲਿਆ

      26, 27. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਖ਼ਿਲਾਫ਼ ਕਿਸ ਹੱਦ ਤਕ ਜਿੱਤ ਦਿਵਾਈ ਸੀ? (ਅ) ਹਾਮਾਨ ਦੇ ਮੁੰਡਿਆਂ ਦੀ ਮੌਤ ਨਾਲ ਕਿਹੜੀ ਭਵਿੱਖਬਾਣੀ ਪੂਰੀ ਹੋਈ ਸੀ?

      26 ਅਖ਼ੀਰ ਜਦ ਉਹ ਮਿਥਿਆ ਹੋਇਆ ਦਿਨ ਆਇਆ, ਤਾਂ ਪਰਮੇਸ਼ੁਰ ਦੇ ਲੋਕ ਤਿਆਰ ਸਨ। ਯਹੂਦੀ ਮਾਰਦਕਈ ਦੇ ਨਵਾਂ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਫ਼ਾਰਸੀ ਅਧਿਕਾਰੀ ਵੀ ਯਹੂਦੀਆਂ ਵੱਲ ਹੋ ਚੁੱਕੇ ਸਨ। ਯਹੋਵਾਹ ਨੇ ਆਪਣੇ ਲੋਕਾਂ ਨੂੰ ਵੱਡੀ ਜਿੱਤ ਦਿਵਾਈ। ਬਿਨਾਂ ਸ਼ੱਕ ਉਸ ਨੇ ਆਪਣੇ ਲੋਕਾਂ ਦੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਹਰਾਇਆ ਤਾਂਕਿ ਉਹ ਦੁਬਾਰਾ ਉਸ ਦੇ ਲੋਕਾਂ ਦੇ ਖ਼ਿਲਾਫ਼ ਸਿਰ ਨਾ ਚੁੱਕ ਸਕਣ।a​—ਅਸ. 9:1-6.

      27 ਇਸ ਤੋਂ ਇਲਾਵਾ, ਜਦੋਂ ਤਕ ਹਾਮਾਨ ਦੇ ਦਸ ਮੁੰਡੇ ਜੀਉਂਦੇ ਸਨ, ਉਦੋਂ ਤਕ ਮਾਰਦਕਈ ਲਈ ਹਾਮਾਨ ਦੇ ਘਰ-ਬਾਰ ਨੂੰ ਸੰਭਾਲਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਵੀ ਮਾਰ ਦਿੱਤਾ ਗਿਆ। (ਅਸ. 9:7-10) ਉਦੋਂ ਬਾਈਬਲ ਵਿਚ ਦਰਜ ਪਰਮੇਸ਼ੁਰ ਦੀ ਇਹ ਭਵਿੱਖਬਾਣੀ ਪੂਰੀ ਹੋਈ ਕਿ ਉਸ ਦੇ ਲੋਕਾਂ ਦੇ ਦੁਸ਼ਮਣ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। (ਬਿਵ. 25:17-19) ਸ਼ਾਇਦ ਹਾਮਾਨ ਦੇ ਪੁੱਤਰ ਹੀ ਇਸ ਸਰਾਪੀ ਹੋਈ ਕੌਮ ਵਿੱਚੋਂ ਆਖ਼ਰੀ ਸਨ।

      28, 29. (ੳ) ਯਹੋਵਾਹ ਕਿਉਂ ਚਾਹੁੰਦਾ ਸੀ ਕਿ ਅਸਤਰ ਤੇ ਉਸ ਦੇ ਲੋਕ ਯੁੱਧ ਕਰਨ? (ਅ) ਅੱਜ ਅਸਤਰ ਦੀ ਮਿਸਾਲ ਸਾਡੀ ਕਿਵੇਂ ਹੌਸਲਾ-ਅਫ਼ਜ਼ਾਈ ਕਰਦੀ ਹੈ?

      28 ਅਸਤਰ ਨੂੰ ਆਪਣੇ ਮੋਢਿਆਂ ʼਤੇ ਭਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪਈਆਂ। ਇਨ੍ਹਾਂ ਜ਼ਿੰਮੇਵਾਰੀਆਂ ਵਿਚ ਰਾਜੇ ਦੇ ਫ਼ਰਮਾਨ ਮੁਤਾਬਕ ਯੁੱਧ ਤੇ ਮੌਤ ਦੀ ਸਜ਼ਾ ਦੇ ਹੁਕਮ ਦੇਣੇ ਸ਼ਾਮਲ ਸਨ। ਇਹ ਕੰਮ ਕਰਨੇ ਸੌਖੇ ਨਹੀਂ ਸਨ। ਪਰ ਯਹੋਵਾਹ ਦੀ ਇੱਛਾ ਸੀ ਕਿ ਉਸ ਦੇ ਲੋਕ ਨਾਸ਼ ਨਾ ਹੋਣ ਕਿਉਂਕਿ ਇਜ਼ਰਾਈਲ ਕੌਮ ਵਿੱਚੋਂ ਹੀ ਵਾਅਦਾ ਕੀਤੇ ਹੋਏ ਮਸੀਹ ਨੇ ਆਉਣਾ ਸੀ ਜੋ ਮਨੁੱਖਜਾਤੀ ਲਈ ਇੱਕੋ-ਇਕ ਆਸ ਦੀ ਕਿਰਨ ਸੀ। (ਉਤ. 22:18) ਜਦੋਂ ਮਸੀਹ ਦੇ ਰੂਪ ਵਿਚ ਯਿਸੂ ਧਰਤੀ ʼਤੇ ਆਇਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਲੜਾਈਆਂ ਵਿਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ। ਅੱਜ ਇਹ ਗੱਲ ਜਾਣ ਕੇ ਪਰਮੇਸ਼ੁਰ ਦੇ ਸੇਵਕਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!—ਮੱਤੀ 26:52.

      29 ਪਰ ਅੱਜ ਮਸੀਹੀ ਸ਼ੈਤਾਨ ਨਾਲ ਯੁੱਧ ਲੜ ਰਹੇ ਹਨ। ਯਹੋਵਾਹ ʼਤੇ ਸਾਡੀ ਨਿਹਚਾ ਨੂੰ ਖ਼ਤਮ ਕਰਨ ਲਈ ਸ਼ੈਤਾਨ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। (2 ਕੁਰਿੰਥੀਆਂ 10:3, 4 ਪੜ੍ਹੋ।) ਇਹ ਲੜਾਈ ਲੜਨ ਵਿਚ ਅਸਤਰ ਦੀ ਮਿਸਾਲ ਸਾਡੀ ਕਿੰਨੀ ਹੌਸਲਾ-ਅਫ਼ਜ਼ਾਈ ਕਰਦੀ ਹੈ! ਆਓ ਆਪਾਂ ਵੀ ਉਸ ਵਾਂਗ ਸਮਝਦਾਰੀ ਤੇ ਧੀਰਜ ਨਾਲ ਕਾਇਲ ਕਰਨ ਦੀ ਕਲਾ ਵਰਤ ਕੇ ਆਪਣੀ ਨਿਹਚਾ ਦਾ ਸਬੂਤ ਦੇਈਏ। ਨਾਲੇ ਅਸੀਂ ਦਲੇਰੀ ਅਤੇ ਬਿਨਾਂ ਸੁਆਰਥ ਦੇ ਯਹੋਵਾਹ ਦੇ ਲੋਕਾਂ ਦੇ ਪੱਖ ਵਿਚ ਖੜ੍ਹੇ ਹੋਈਏ।

      ਅਸਤਰ ਬਾਰੇ ਸਵਾਲ

      ਮਾਰਦਕਈ ਨੇ ਅਸਤਰ ਦਾ ਵਿਆਹ ਇਕ ਅਵਿਸ਼ਵਾਸੀ ਨਾਲ ਕਿਉਂ ਹੋਣ ਦਿੱਤਾ ਸੀ?

      ਕੁਝ ਵਿਦਵਾਨ ਮੰਨਦੇ ਹਨ ਕਿ ਮਾਰਦਕਈ ਮੌਕਾਪ੍ਰਸਤ ਬੰਦਾ ਸੀ ਜੋ ਸਮਾਜ ਵਿਚ ਆਪਣਾ ਇੱਜ਼ਤ-ਮਾਣ ਵਧਾਉਣ ਦੀ ਖ਼ਾਤਰ ਅਸਤਰ ਦਾ ਵਿਆਹ ਰਾਜੇ ਨਾਲ ਕਰਨਾ ਚਾਹੁੰਦਾ ਸੀ। ਪਰ ਇਸ ਗੱਲ ਦਾ ਕੋਈ ਆਧਾਰ ਨਹੀਂ ਹੈ। ਵਫ਼ਾਦਾਰ ਯਹੂਦੀ ਹੋਣ ਦੇ ਨਾਤੇ ਉਹ ਇਸ ਵਿਆਹ ਦੇ ਹੱਕ ਵਿਚ ਬਿਲਕੁਲ ਵੀ ਨਹੀਂ ਸੀ। (ਬਿਵ. 7:3) ਪ੍ਰਾਚੀਨ ਯਹੂਦੀ ਕਥਾ-ਕਹਾਣੀਆਂ ਵਿਚ ਦੱਸਿਆ ਗਿਆ ਹੈ ਕਿ ਮਾਰਦਕਈ ਨੇ ਇਸ ਵਿਆਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਲੱਗਦਾ ਹੈ ਕਿ ਪਰਦੇਸੀ ਹੋਣ ਦੇ ਨਾਤੇ ਨਾ ਤਾਂ ਮਾਰਦਕਈ ਤੇ ਨਾ ਹੀ ਅਸਤਰ ਇਸ ਮਾਮਲੇ ਵਿਚ ਕੁਝ ਕਰ ਸਕਦੇ ਸਨ ਕਿਉਂਕਿ ਉਸ ਦੇਸ਼ ਵਿਚ ਰਾਜੇ ਨੂੰ ਰੱਬ ਸਮਝਿਆ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਇਹ ਗੱਲ ਸਾਫ਼ ਹੋ ਗਈ ਕਿ ਯਹੋਵਾਹ ਨੇ ਅਸਤਰ ਦੇ ਵਿਆਹ ਨੂੰ ਆਪਣੇ ਲੋਕਾਂ ਨੂੰ ਬਚਾਉਣ ਦਾ ਜ਼ਰੀਆ ਬਣਾਇਆ ਸੀ।—ਅਸ. 4:14.

      ਅਸਤਰ ਦੀ ਕਿਤਾਬ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਕਿਉਂ ਨਹੀਂ ਪਾਇਆ ਜਾਂਦਾ?

      ਮਾਰਦਕਈ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਇਹ ਕਿਤਾਬ ਲਿਖੀ ਸੀ। ਇਹ ਕਿਤਾਬ ਯਰੂਸ਼ਲਮ ਲੈ ਕੇ ਜਾਣ ਤੋਂ ਪਹਿਲਾਂ ਸ਼ਾਇਦ ਫ਼ਾਰਸ ਵਿਚ ਹੋਰ ਸਰਕਾਰੀ ਦਸਤਾਵੇਜ਼ਾਂ ਨਾਲ ਰੱਖੀ ਗਈ ਸੀ। ਜੇ ਇਸ ਵਿਚ ਯਹੋਵਾਹ ਦਾ ਨਾਂ ਵਰਤਿਆ ਜਾਂਦਾ, ਤਾਂ ਸ਼ਾਇਦ ਫ਼ਾਰਸੀ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਇਸ ਕਿਤਾਬ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ। ਭਾਵੇਂ ਕਿ ਮਾਰਦਕਈ ਨੇ ਯਹੋਵਾਹ ਦਾ ਨਾਂ ਨਹੀਂ ਵਰਤਿਆ, ਪਰ ਬਿਨਾਂ ਸ਼ੱਕ ਯਹੋਵਾਹ ਪੈਰ-ਪੈਰ ʼਤੇ ਆਪਣੇ ਲੋਕਾਂ ਨਾਲ ਸੀ। ਦਿਲਚਸਪੀ ਦੀ ਗੱਲ ਹੈ ਕਿ ਇਬਰਾਨੀ ਵਿਚ ਲਿਖੀ ਅਸਤਰ ਦੀ ਕਿਤਾਬ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ, ਪਰ ਸਿੱਧੇ ਤੌਰ ਤੇ ਨਹੀਂ। ਇਬਰਾਨੀ ਵਿਚ ਕਈ ਵਾਕ ਜਾਣ-ਬੁੱਝ ਕੇ ਇਸ ਤਰ੍ਹਾਂ ਬਣਾਏ ਗਏ ਹਨ ਕਿ ਉਨ੍ਹਾਂ ਵਿਚ ਸ਼ਬਦਾਂ ਦੇ ਪਹਿਲੇ ਜਾਂ ਆਖ਼ਰੀ ਅੱਖਰਾਂ ਨਾਲ ਯਹੋਵਾਹ ਦਾ ਨਾਂ ਬਣਦਾ ਹੈ।

      ਕੀ ਅਸਤਰ ਦੀ ਕਿਤਾਬ ਇਤਿਹਾਸਕ ਤੌਰ ਤੇ ਸਹੀ ਨਹੀਂ ਹੈ?

      ਆਲੋਚਕ ਦਾਅਵਾ ਕਰਦੇ ਹਨ ਕਿ ਅਸਤਰ ਦੀ ਕਿਤਾਬ ਇਤਿਹਾਸਕ ਤੌਰ ਤੇ ਸਹੀ ਨਹੀਂ ਹੈ। ਪਰ ਕੁਝ ਵਿਦਵਾਨਾਂ ਨੇ ਕਿਹਾ ਹੈ ਕਿ ਇਸ ਕਿਤਾਬ ਦੇ ਲਿਖਾਰੀ ਨੂੰ ਫ਼ਾਰਸ ਦੇ ਸ਼ਾਹੀ ਘਰਾਣੇ, ਇਮਾਰਤਾਂ ਦੀ ਬਣਤਰ ਅਤੇ ਉੱਥੇ ਦੇ ਰੀਤਾਂ-ਰਿਵਾਜਾਂ ਦਾ ਕਾਫ਼ੀ ਗਿਆਨ ਸੀ। ਇਹ ਸੱਚ ਹੈ ਕਿ ਬਾਈਬਲ ਤੋਂ ਇਲਾਵਾ ਹੋਰ ਕਿਸੇ ਕਿਤਾਬ ਵਿਚ ਅਸਤਰ ਦਾ ਜ਼ਿਕਰ ਨਹੀਂ ਆਉਂਦਾ, ਪਰ ਯਾਦ ਰੱਖੋ ਕਿ ਅਸਤਰ ਵਾਂਗ ਸ਼ਾਹੀ ਪਰਿਵਾਰ ਦੇ ਹੋਰ ਵੀ ਮੈਂਬਰਾਂ ਦਾ ਜ਼ਿਕਰ ਸਰਕਾਰੀ ਦਸਤਾਵੇਜ਼ਾਂ ਵਿਚ ਨਹੀਂ ਆਉਂਦਾ। ਇਸ ਤੋਂ ਇਲਾਵਾ, ਦੁਨਿਆਵੀ ਕਿਤਾਬਾਂ ਵਿਚ ਮਾਰਦਕਈ, ਫ਼ਾਰਸੀ ਭਾਸ਼ਾ ਵਿਚ ਮਾਰਦੂਕਾ, ਨਾਂ ਦੇ ਵਿਅਕਤੀ ਦਾ ਜ਼ਿਕਰ ਆਉਂਦਾ ਹੈ ਜੋ ਉਸ ਸਮੇਂ ਸ਼ੂਸ਼ਨ ਦੇ ਮਹਿਲ ਵਿਚ ਇਕ ਅਧਿਕਾਰੀ ਵਜੋਂ ਸੇਵਾ ਕਰਦਾ ਸੀ ਜਿਸ ਸਮੇਂ ਦੀਆਂ ਘਟਨਾਵਾਂ ਦਾ ਇਸ ਕਿਤਾਬ ਵਿਚ ਜ਼ਿਕਰ ਕੀਤਾ ਗਿਆ ਹੈ।

      ਭਵਿੱਖਬਾਣੀ ਪੂਰੀ ਹੋਈ

      ਅਸਤਰ ਤੇ ਮਾਰਦਕਈ ਨੇ ਪਰਮੇਸ਼ੁਰ ਦੇ ਲੋਕਾਂ ਦੇ ਪੱਖ ਵਿਚ ਲੜ ਕੇ ਬਾਈਬਲ ਦੀ ਇਕ ਪੁਰਾਣੀ ਭਵਿੱਖਬਾਣੀ ਪੂਰੀ ਕੀਤੀ। 1,200 ਤੋਂ ਜ਼ਿਆਦਾ ਸਾਲ ਪਹਿਲਾਂ ਯਹੋਵਾਹ ਨੇ ਯਾਕੂਬ ਨੂੰ ਆਪਣੇ ਇਕ ਪੁੱਤਰ ਬਾਰੇ ਭਵਿੱਖਬਾਣੀ ਕਰਨ ਲਈ ਪ੍ਰੇਰਿਤ ਕੀਤਾ ਸੀ: “ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸੰਝ ਨੂੰ ਲੁੱਟ ਵੰਡੇਗਾ।” (ਉਤ. 49:27) “ਸਵੇਰੇ” ਯਾਨੀ ਇਜ਼ਰਾਈਲ ਦੇ ਸ਼ਾਹੀ ਘਰਾਣੇ ਦੀ ਸ਼ੁਰੂਆਤ ਵਿਚ ਬਿਨਯਾਮੀਨ ਦੀ ਸੰਤਾਨ ਰਾਜਾ ਸ਼ਾਊਲ ਤੇ ਹੋਰ ਸ਼ਕਤੀਸ਼ਾਲੀ ਯੋਧੇ ਯਹੋਵਾਹ ਦੇ ਲੋਕਾਂ ਲਈ ਲੜੇ ਸਨ। ਫਿਰ “ਸੰਝ” ਵੇਲੇ ਯਾਨੀ ਸ਼ਾਹੀ ਘਰਾਣੇ ਦੇ ਖ਼ਤਮ ਹੋਣ ਤੋਂ ਬਾਅਦ ਅਸਤਰ ਤੇ ਮਾਰਦਕਈ ਨੇ, ਜਿਹੜੇ ਬਿਨਯਾਮੀਨ ਦੇ ਗੋਤ ਵਿੱਚੋਂ ਸਨ, ਯਹੋਵਾਹ ਦੇ ਦੁਸ਼ਮਣਾਂ ਖ਼ਿਲਾਫ਼ ਲੜਾਈ ਲੜੀ ਸੀ। ਫਿਰ ਉਨ੍ਹਾਂ ਨੇ “ਲੁੱਟ” ਯਾਨੀ ਹਾਮਾਨ ਦੀ ਜਾਇਦਾਦ ਨੂੰ ਆਪਸ ਵਿਚ ਵੰਡ ਲਿਆ ਸੀ।

      a ਰਾਜੇ ਨੇ ਯਹੂਦੀਆਂ ਨੂੰ ਦੂਜੇ ਦਿਨ ਵੀ ਆਪਣੇ ਦੁਸ਼ਮਣਾਂ ਨਾਲ ਲੜਨ ਦੀ ਇਜਾਜ਼ਤ ਦਿੱਤੀ। (ਅਸ. 9:12-14) ਅੱਜ ਵੀ ਯਹੂਦੀ ਹਰ ਸਾਲ ਅਦਾਰ ਮਹੀਨੇ ਇਸ ਜਿੱਤ ਦਾ ਜਸ਼ਨ ਮਨਾਉਂਦੇ ਹਨ ਜੋ ਸਾਡੇ ਕਲੰਡਰ ਮੁਤਾਬਕ ਫਰਵਰੀ ਦੇ ਅਖ਼ੀਰ ਅਤੇ ਮਾਰਚ ਦੇ ਸ਼ੁਰੂ ਵਿਚ ਹੁੰਦਾ ਹੈ। ਇਸ ਤਿਉਹਾਰ ਨੂੰ ਪੂਰੀਮ ਕਿਹਾ ਜਾਂਦਾ ਹੈ। ਇਹ ਨਾਂ ਇਸ ਲਈ ਰੱਖਿਆ ਗਿਆ ਕਿਉਂਕਿ ਹਾਮਾਨ ਨੇ ਇਜ਼ਰਾਈਲ ਨੂੰ ਨਾਸ਼ ਕਰਨ ਲਈ ਪੁਰ ਯਾਨੀ ਗੁਣੇ ਪਾਏ ਸਨ।

      ਜ਼ਰਾ ਸੋਚੋ . . .

      • ਅਸਤਰ ਨੇ “ਬੋਲਣ ਦਾ ਵੇਲਾ” ਚੁਣਨ ਵਿਚ ਸਮਝਦਾਰੀ ਕਿਵੇਂ ਦਿਖਾਈ?

      • ਅਸਤਰ ਦੇ ਧੀਰਜ ਕਰਕੇ ਕਿਹੜੀਆਂ ਬਰਕਤਾਂ ਮਿਲੀਆਂ?

      • ਅਸਤਰ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਿਵੇਂ ਦਲੇਰੀ ਅਤੇ ਨਿਰਸੁਆਰਥ ਰਵੱਈਆ ਦਿਖਾਇਆ?

      • ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਅਸਤਰ ਦੀ ਨਿਹਚਾ ਦੀ ਰੀਸ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ