ਪਰਮੇਸ਼ੁਰ ਦੀ ਬੁੱਧ ਦਿੱਸਦੀ ਕੁਦਰਤ ਵਿਚ
ਪਰਮੇਸ਼ੁਰ “ਸਾਨੂੰ ਧਰਤੀ ਦੇ ਡੰਗਰਾਂ ਨਾਲੋਂ, ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ।”—ਅੱਯੂਬ 35:11.
ਪੰਛੀਆਂ ਵਿਚ ਬੇਮਿਸਾਲ ਖੂਬੀਆਂ ਹਨ। ਉਹ ਹਵਾ ਵਿਚ ਇਸ ਢੰਗ ਨਾਲ ਉੱਡਦੇ ਹਨ ਕਿ ਹਵਾਈ ਜਹਾਜ਼ ਬਣਾਉਣ ਵਾਲੇ ਉਨ੍ਹਾਂ ਦੀਆਂ ਸਿਫ਼ਤਾਂ ਕਰਨ ਤੋਂ ਨਹੀਂ ਥੱਕਦੇ। ਕਈ ਪੰਛੀ ਤਾਂ ਇਕ ਹੀ ਉਡਾਣ ਵਿਚ ਮੀਲੋਂ-ਮੀਲ ਲੰਬੇ ਸਮੁੰਦਰ ਪਾਰ ਕਰ ਕੇ ਆਪਣੀ ਮੰਜ਼ਲ ਤਕ ਪਹੁੰਚ ਜਾਂਦੇ ਹਨ।
ਪੰਛੀਆਂ ਵਿਚ ਇਕ ਹੋਰ ਕਮਾਲ ਦੀ ਖੂਬੀ ਹੈ, ਜਿਸ ਤੋਂ ਉਨ੍ਹਾਂ ਦੇ ਬਣਾਉਣ ਵਾਲੇ ਦੀ ਬੁੱਧ ਦਿੱਸਦੀ ਹੈ। ਇਹ ਹੈ ਉਨ੍ਹਾਂ ਦੀ ਆਪਣੀ ਬੋਲੀ। ਆਓ ਆਪਾਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ।
ਪੰਛੀ-ਬੋਲੀ
ਕੁਝ ਪੰਛੀਆਂ ਦੇ ਬੱਚੇ ਅੰਡਿਆਂ ਵਿਚ ਹੀ ਚਹਿਕਣ ਲੱਗ ਪੈਂਦੇ ਹਨ। ਮਿਸਾਲ ਲਈ, ਬਟੇਰੀ ਇੱਕੋ ਵਾਰ ਨਹੀਂ, ਪਰ ਰੋਜ਼ ਇਕ-ਇਕ ਅੰਡਾ ਦੇ ਕੇ ਘੱਟੋ-ਘੱਟ ਅੱਠ ਅੰਡੇ ਦਿੰਦੀ ਹੈ। ਜੇਕਰ ਸਾਰੇ ਬੱਚੇ ਆਪੋ-ਆਪਣੇ ਸਮੇਂ ਤੇ ਅੰਡਿਆਂ ਵਿੱਚੋਂ ਨਿਕਲਣ, ਤਾਂ ਉਨ੍ਹਾਂ ਨੂੰ ਅੱਠ ਦਿਨ ਲੱਗ ਜਾਣਗੇ। ਜੇ ਇਸ ਤਰ੍ਹਾਂ ਹੋਵੇ, ਤਾਂ ਬਟੇਰੀ ਲਈ ਵੱਡੀ ਮੁਸ਼ਕਲ ਹੋਵੇਗੀ ਕਿਉਂਕਿ ਉਸ ਨੂੰ ਅੰਡਿਆਂ ਤੇ ਬੈਠਣ ਤੋਂ ਇਲਾਵਾ ਨਵੇਂ ਬੱਚਿਆਂ ਦੀ ਦੇਖ-ਰੇਖ ਵੀ ਕਰਨੀ ਪਵੇਗੀ। ਇਸ ਦੀ ਬਜਾਇ ਸਾਰੇ ਬੱਚੇ ਛੇ ਘੰਟਿਆਂ ਦੇ ਅੰਦਰ-ਅੰਦਰ ਅੰਡਿਆਂ ਵਿੱਚੋਂ ਨਿਕਲ ਆਉਂਦੇ ਹਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਖੋਜਕਾਰਾਂ ਦੇ ਮੁਤਾਬਕ ਇਕ ਮੁੱਖ ਕਾਰਨ ਇਹ ਹੈ ਕਿ ਅੰਡਿਆਂ ਵਿਚਲੇ ਬੱਚੇ ਕਿਸੇ-ਨ-ਕਿਸੇ ਤਰ੍ਹਾਂ ਆਪਸ ਵਿਚ ਤੈਅ ਕਰਦੇ ਹਨ ਕਿ ਉਹ ਲਗਭਗ ਇੱਕੋ ਸਮੇਂ ਬਾਹਰ ਨਿਕਲਣਗੇ।
ਵੱਡੇ ਹੋਣ ਤੋਂ ਬਾਅਦ ਆਮ ਕਰਕੇ ਨਰ ਪੰਛੀ ਗਾਉਂਦੇ ਹਨ। ਖ਼ਾਸਕਰ ਮੇਲ ਕਰਨ ਦੇ ਮੌਸਮ ਵਿਚ ਉਹ ਆਪਣਾ ਜੋਟੀਦਾਰ ਲੱਭਣ ਲਈ ਜਾਂ ਦੂਜੇ ਪੰਛੀਆਂ ਨੂੰ ਆਪਣੇ ਮਿੱਥੇ ਹੋਏ ਇਲਾਕੇ ਤੋਂ ਦੂਰ ਰੱਖਣ ਲਈ ਗਾਉਂਦੇ ਹਨ। ਹਜ਼ਾਰਾਂ ਵੰਨ-ਸੁਵੰਨੀਆਂ ਕਿਸਮਾਂ ਦੇ ਪੰਛੀ ਆਪੋ-ਆਪਣੇ ਤਰੀਕੇ ਨਾਲ ਚਹਿਕਦੇ ਹਨ ਅਤੇ ਇਸ ਤੋਂ ਮਾਦਾ ਪੰਛੀ ਆਪਣੀ ਕਿਸਮ ਦੇ ਨਰ ਪੰਛੀਆਂ ਨੂੰ ਪਛਾਣ ਪਾਉਂਦੇ ਹਨ।
ਪੰਛੀਆਂ ਦਾ ਮਧੁਰ ਸੰਗੀਤ ਆਮ ਤੌਰ ਤੇ ਤੜਕਸਾਰ ਅਤੇ ਸੂਰਜ ਡੁੱਬਣ ਵੇਲੇ ਸੁਣਨ ਨੂੰ ਮਿਲਦਾ ਹੈ ਕਿਉਂਕਿ ਇਨ੍ਹਾਂ ਸਮਿਆਂ ਤੇ ਸ਼ੋਰ-ਸ਼ਰਾਬਾ ਅਤੇ ਹਵਾ ਘੱਟ ਹੁੰਦੀ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਦੁਪਹਿਰ ਨਾਲੋਂ ਸਵੇਰੇ-ਸਵੇਰੇ ਅਤੇ ਸ਼ਾਮ ਦੇ ਵੇਲੇ ਪੰਛੀਆਂ ਦੀ ਆਵਾਜ਼ 20 ਗੁਣਾ ਜ਼ਿਆਦਾ ਸੁਣਾਈ ਦਿੰਦੀ ਹੈ।
ਆਮ ਕਰਕੇ ਨਰ ਪੰਛੀ ਗਾਉਂਦੇ ਹਨ, ਪਰ ਨਰ ਅਤੇ ਮਾਦਾ ਦੋਵੇਂ ਵੱਖ-ਵੱਖ ਤਰੀਕਿਆਂ ਨਾਲ ਕੂਕਦੇ ਤੇ ਚਹਿਕਦੇ ਵੀ ਹਨ। ਹਰ ਆਵਾਜ਼ ਦਾ ਕੋਈ-ਨ-ਕੋਈ ਮਤਲਬ ਹੁੰਦਾ ਹੈ। ਮਿਸਾਲ ਲਈ, ਇਕ ਪ੍ਰਕਾਰ ਦੀ ਛੋਟੀ ਚਿੜੀ ਨੌਂ ਵੱਖਰੀਆਂ ਆਵਾਜ਼ਾਂ ਕੱਢਦੀ ਹੈ। ਇਕ ਤੋਂ ਪਤਾ ਲੱਗਦਾ ਹੈ ਕਿ ਕੋਈ ਸ਼ਿਕਾਰੀ ਪੰਛੀ ਹਵਾ ਤੋਂ ਹਮਲਾ ਕਰਨ ਵਾਲਾ ਹੈ ਤੇ ਦੂਜੀ ਤੋਂ ਪਤਾ ਲੱਗਦਾ ਹੈ ਕਿ ਖ਼ਤਰਾ ਜ਼ਮੀਨ ਤੋਂ ਆ ਰਿਹਾ ਹੈ।
ਉੱਤਮ ਦਾਤ
ਅਸੀਂ ਕਹਿ ਸਕਦੇ ਹਾਂ ਕਿ ਪੰਛੀਆਂ ਦੀਆਂ ਕੁਦਰਤੀ ਆਦਤਾਂ ਵਾਕਈ ਕਮਾਲ ਦੀਆਂ ਹਨ। ਪਰ ਇਨਸਾਨਾਂ ਦੇ ਗੱਲਬਾਤ ਕਰਨ ਦੇ ਤਰੀਕੇ ਪੰਛੀਆਂ ਨਾਲੋਂ ਕਿਤੇ ਉੱਤਮ ਹਨ। ਅੱਯੂਬ 35:11 ਵਿਚ ਦੱਸਿਆ ਗਿਆ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ “ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ” ਦਿੱਤੀ ਹੈ। ਜਾਨਵਰਾਂ ਤੇ ਪੰਛੀਆਂ ਤੋਂ ਉਲਟ ਅਸੀਂ ਗੁੰਝਲਦਾਰ ਖ਼ਿਆਲਾਂ ਅਤੇ ਧਾਰਣਾਵਾਂ ਬਾਰੇ ਮੂੰਹ ਨਾਲ ਜਾਂ ਇਸ਼ਾਰਿਆਂ ਦੁਆਰਾ ਗੱਲ ਕਰ ਸਕਦੇ ਹਾਂ।
ਸਿਰਫ਼ ਇਨਸਾਨਾਂ ਨੂੰ ਹੀ ਪਰਮੇਸ਼ੁਰ ਨੇ ਇਸ ਢੰਗ ਨਾਲ ਬਣਾਇਆ ਹੈ ਕਿ ਉਨ੍ਹਾਂ ਦੇ ਨਿਆਣੇ ਔਖੀ ਤੋਂ ਔਖੀ ਭਾਸ਼ਾ ਸਿੱਖ ਸਕਦੇ ਹਨ। ਅਮੈਰੀਕਨ ਸਾਇੰਟਿਸਟ ਰਸਾਲਾ ਕਹਿੰਦਾ ਹੈ: “ਚਾਹੇ ਬੱਚੇ ਦੇ ਮਾਪੇ ਉਸ ਨਾਲ ਗੱਲ ਕਰਨ ਜਾਂ ਨਾ, ਬੱਚਾ ਬੋਲਣਾ ਸਿੱਖ ਲੈਂਦਾ ਹੈ। ਬੋਲੇ ਬੱਚੇ ਵੀ ਇਸ਼ਾਰਿਆਂ ਨਾਲ ਗੱਲਬਾਤ ਕਰਨੀ ਸਿੱਖ ਲੈਂਦੇ ਹਨ, ਭਾਵੇਂ ਘਰ ਵਿਚ ਕੋਈ ਸੈਨਤ ਭਾਸ਼ਾ ਜਾਣਦਾ ਹੋਵੇ ਜਾਂ ਨਾ।”
ਰੱਬ ਨੇ ਸਾਨੂੰ ਸ਼ਾਨਦਾਰ ਦਾਤ ਦਿੱਤੀ ਹੈ ਕਿ ਅਸੀਂ ਬੋਲ ਕੇ ਜਾਂ ਇਸ਼ਾਰਿਆਂ ਨਾਲ ਕਿਸੇ ਨੂੰ ਆਪਣੇ ਖ਼ਿਆਲ ਤੇ ਜਜ਼ਬਾਤ ਦੱਸ ਸਕਦੇ ਹਾਂ। ਪਰ ਇਸ ਤੋਂ ਵੀ ਵੱਡੀ ਦਾਤ ਇਹ ਹੈ ਕਿ ਅਸੀਂ ਪ੍ਰਾਰਥਨਾ ਦੇ ਜ਼ਰੀਏ ਰੱਬ ਨਾਲ ਗੱਲ ਕਰ ਸਕਦੇ ਹਾਂ। ਦਰਅਸਲ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ। ਬਾਈਬਲ ਕਹਿੰਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।”—ਫ਼ਿਲਿੱਪੀਆਂ 4:6.
ਕੋਈ ਗੰਭੀਰ ਫ਼ੈਸਲਾ ਕਰਨ ਜਾਂ ਕਿਸੇ ਚੁਣੌਤੀ ਦਾ ਸਾਮ੍ਹਣਾ ਕਰਨ ਵੇਲੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬਾਈਬਲ ਦੀ ਸਲਾਹ ʼਤੇ ਚੱਲ ਕੇ ਬੁੱਧ ਤੋਂ ਕੰਮ ਲਈਏ। ਬਾਈਬਲ ਵਿਚ ਤਰ੍ਹਾਂ-ਤਰ੍ਹਾਂ ਦੇ ਵਿਸ਼ਿਆਂ ਅਤੇ ਸਥਿਤੀਆਂ ਬਾਰੇ ਜਾਣਕਾਰੀ ਪਾਈ ਜਾਂਦੀ ਹੈ। ਯਹੋਵਾਹ ਸਾਨੂੰ ਇਹ ਸਲਾਹ ਲਾਗੂ ਕਰਨੀ ਵੀ ਸਿਖਾਵੇਗਾ। ਕਿਵੇਂ? ਬਾਈਬਲ ਦੇ ਇਕ ਲਿਖਾਰੀ ਨੇ ਦੱਸਿਆ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।”—ਯਾਕੂਬ 1:5.
ਇਸ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ?
ਜਦੋਂ ਤੁਸੀਂ ਕਿਸੇ ਪੰਛੀ ਦਾ ਮਧੁਰ ਗਾਣਾ ਸੁਣਦੇ ਹੋ ਜਾਂ ਬੱਚੇ ਦੇ ਪਹਿਲੇ ਬੋਲ ਸੁਣਦੇ ਹੋ, ਤਾਂ ਇਸ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ? ਕੀ ਤੁਸੀਂ ਸਮਝ ਜਾਂਦੇ ਹੋ ਕਿ ਪਰਮੇਸ਼ੁਰ ਨੇ ਕਿੰਨੀ ਬੁੱਧ ਨਾਲ ਸਭ ਕੁਝ ਬਣਾਇਆ ਹੈ?
ਆਪਣੀ ਬਣਤਰ ਬਾਰੇ ਸੋਚ-ਵਿਚਾਰ ਕਰਨ ਤੋਂ ਬਾਅਦ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰਾਂ ਦੀ ਪੋਥੀ 139:14) ਜੇ ਤੁਸੀਂ ਧਿਆਨ ਨਾਲ ਸ੍ਰਿਸ਼ਟੀ ਦੀ ਜਾਂਚ ਕਰ ਕੇ ਪਰਮੇਸ਼ੁਰ ਦੀ ਬੁੱਧ ਪਛਾਣੋਗੇ, ਤਾਂ ਤੁਸੀਂ ਹੋਰ ਵੀ ਯਕੀਨ ਕਰਨ ਲੱਗੋਗੇ ਕਿ ਰੱਬ ਤੁਹਾਨੂੰ ਸਹੀ ਰਾਹ ਤੇ ਤੁਰਨ ਲਈ ਬੁੱਧ ਦੇ ਸਕਦਾ ਹੈ। (w08 5/1)
[ਸਫ਼ਾ 5 ਉੱਤੇ ਕੈਪਸ਼ਨ]
ਗੱਲ ਕਰਨ ਦੀ ਯੋਗਤਾ ਪਰਮੇਸ਼ੁਰ ਵੱਲੋਂ ਇਕ ਦਾਤ ਹੈ
[ਸਫ਼ਾ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Dayton Wild/Visuals Unlimited