ਕੀ ਰੱਬ ਨੂੰ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਹੈ?
ਆਮ ਜਵਾਬ:
▪ “ਸਾਰੇ ਰਾਹ ਰੱਬ ਵੱਲ ਹੀ ਜਾਂਦੇ ਹਨ। ਤੁਸੀਂ ਜਿਹੜਾ ਮਰਜ਼ੀ ਚੁਣ ਲਓ।”
▪ “ਤੁਸੀਂ ਜੋ ਮਰਜ਼ੀ ਮੰਨ ਲਓ, ਬਸ ਦਿਲ ਸਾਫ਼ ਹੋਣਾ ਚਾਹੀਦਾ ਹੈ।”
ਯਿਸੂ ਨੇ ਕੀ ਕਿਹਾ ਸੀ?
▪“ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਯਿਸੂ ਇਹ ਨਹੀਂ ਮੰਨਦਾ ਸੀ ਕਿ ਸਾਰੇ ਰਾਹ ਰੱਬ ਵੱਲ ਹੀ ਜਾਂਦੇ ਹਨ।
▪ “ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:22, 23) ਯਿਸੂ ਨੇ ਕਿਹਾ ਸੀ ਕਿ ਉਨ੍ਹਾਂ ਸਾਰਿਆਂ ਦੀ ਭਗਤੀ ਮਨਜ਼ੂਰ ਨਹੀਂ ਹੋਵੇਗੀ ਜੋ ਉਸ ਨੂੰ ਮੰਨਣ ਦਾ ਦਾਅਵਾ ਕਰਦੇ ਹਨ।
ਕਈ ਲੋਕ ਕਹਿੰਦੇ ਹਨ ਕਿ ਜਿਸ ਧਰਮ ਵਿਚ ਉਹ ਜੰਮੇ ਸਨ ਉਹ ਉਸੇ ਧਰਮ ਨੂੰ ਮੰਨਣਗੇ ਅਤੇ ਉਹ ਆਪਣੇ ਰੀਤਾਂ-ਰਿਵਾਜਾਂ ਨੂੰ ਫੜੀ ਰੱਖਣਗੇ। ਪਰ ਜੇ ਉਨ੍ਹਾਂ ਦੇ ਵਿਸ਼ਵਾਸ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆਂ ਗੱਲਾਂ ਨਾਲ ਮੇਲ ਨਹੀਂ ਖਾਂਦੇ, ਫਿਰ ਕੀ? ਯਿਸੂ ਨੇ ਧਾਰਮਿਕ ਆਗੂਆਂ ਨੂੰ ਬੰਦਿਆਂ ਦੀਆਂ ਰੀਤਾਂ-ਰਿਵਾਜਾਂ ʼਤੇ ਚੱਲਣ ਬਾਰੇ ਖ਼ਬਰਦਾਰ ਕੀਤਾ ਜਦ ਉਸ ਨੇ ਕਿਹਾ: “ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।” ਫਿਰ ਉਸ ਨੇ ਪਰਮੇਸ਼ੁਰ ਦੇ ਇਹ ਸ਼ਬਦ ਕਹੇ: “ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।”—ਮੱਤੀ 15:1-9; ਯਸਾਯਾਹ 29:13.
ਸਾਨੂੰ ਆਪਣੇ ਵਿਸ਼ਵਾਸਾਂ ਵੱਲ ਹੀ ਨਹੀਂ ਬਲਕਿ ਆਪਣੇ ਚਾਲ-ਚਲਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਕੁਝ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ: “ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ।” (ਤੀਤੁਸ 1:16) ਸਾਡੇ ਜ਼ਮਾਨੇ ਦੇ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ: “ਉਹ ਪਰਮੇਸ਼ੁਰ ਦੀ ਥਾਂ ਸੰਸਾਰਕ ਭੋਗ-ਵਿਲਾਸ ਨੂੰ ਅਧਿਕ ਪਿਆਰ ਕਰਨਗੇ। ਉਹ ਬਾਹਰੀ ਤੌਰ ਤੇ ਧਰਮ ਦੇ ਰੀਤੀ ਰਿਵਾਜਾਂ ਦੀ ਪਾਲਣਾ ਤਾਂ ਕਰਨਗੇ, ਪਰ ਉਸ ਦੀ ਅਸਲ ਸਚਾਈ ਨੂੰ ਰੱਦ ਦੇਣਗੇ। ਇਹੋ ਜਿਹੇ ਲੋਕਾਂ ਨਾਲ ਤੂੰ ਕੋਈ ਵਾਸਤਾ ਨਾ ਰੱਖਣਾ।”—2 ਤਿਮੋਥਿਉਸ 3:4, 5, CL.
ਜੇ ਰੱਬ ਨੇ ਸਾਡੀ ਭਗਤੀ ਮਨਜ਼ੂਰ ਕਰਨੀ ਹੈ, ਤਾਂ ਇਹ ਕਾਫ਼ੀ ਨਹੀਂ ਕਿ ਸਾਡਾ ਦਿਲ ਸਾਫ਼ ਹੋਵੇ। ਕਿਉਂ? ਕਿਉਂਕਿ ਭਾਵੇਂ ਸਾਡਾ ਦਿਲ ਸਾਫ਼ ਹੋਵੇ ਅਸੀਂ ਗ਼ਲਤ ਵੀ ਹੋ ਸਕਦੇ ਹਾਂ। ਸੋ ਰੱਬ ਬਾਰੇ ਸੱਚਾਈ ਜਾਣਨੀ ਜ਼ਰੂਰੀ ਹੈ। (ਰੋਮੀਆਂ 10:2, 3) ਜੇ ਅਸੀਂ ਬਾਈਬਲ ਤੋਂ ਸੱਚਾਈ ਸਿੱਖ ਕੇ ਉਸ ਉੱਤੇ ਚੱਲਾਂਗੇ, ਤਾਂ ਸਾਡੀ ਭਗਤੀ ਪਰਮੇਸ਼ੁਰ ਨੂੰ ਮਨਜ਼ੂਰ ਹੋਵੇਗੀ। (ਮੱਤੀ 7:21) ਸਹੀ ਧਰਮ ਹੋਣ ਦਾ ਮਤਲਬ ਹੈ ਕਿ ਸਾਡੇ ਇਰਾਦੇ ਸਹੀ ਹੋਣ, ਸਾਡੇ ਵਿਸ਼ਵਾਸ ਸਹੀ ਹੋਣ ਅਤੇ ਅਸੀਂ ਸਹੀ ਕੰਮ ਕਰੀਏ। ਸਹੀ ਕੰਮ ਕਰਨ ਦਾ ਮਤਲਬ ਹੈ ਕਿ ਅਸੀਂ ਰੋਜ਼ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੀਏ।—1 ਯੂਹੰਨਾ 2:17.
ਜੇ ਤੁਸੀਂ ਬਾਈਬਲ ਵਿੱਚੋਂ ਰੱਬ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਅਤੇ ਉਨ੍ਹਾਂ ਨਾਲ ਮੁਫ਼ਤ ਵਿਚ ਬਾਈਬਲ ਸਟੱਡੀ ਕਰੋ। (w09 2/1)
[ਸਫ਼ਾ 9 ਉੱਤੇ ਸੁਰਖੀ]
ਸਹੀ ਧਰਮ ਹੋਣ ਦਾ ਮਤਲਬ ਹੈ ਕਿ ਸਾਡੇ ਇਰਾਦੇ ਸਹੀ ਹੋਣ, ਸਾਡੇ ਵਿਸ਼ਵਾਸ ਸਹੀ ਹੋਣ ਅਤੇ ਅਸੀਂ ਸਹੀ ਕੰਮ ਕਰੀਏ