ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w10 12/15 ਸਫ਼ੇ 26-30
  • ਮੈਂ ਬਾਈਬਲ ਦੀ ਸੱਚਾਈ ਦੀ ਤਾਕਤ ਦੇਖੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਂ ਬਾਈਬਲ ਦੀ ਸੱਚਾਈ ਦੀ ਤਾਕਤ ਦੇਖੀ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਿਸ਼ਨਰੀ ਕੰਮ
  • ਪ੍ਰਚਾਰ ਦਾ ਵਿਰੋਧ
  • ਫਲੋਰੈਂਸ—ਇਕ ਅਨੋਖਾ ਸ਼ਹਿਰ
  • ਅਫ਼ਰੀਕਾ ਵਿਚ ਸੇਵਾ
  • ਇਟਲੀ ਵਾਪਸ
  • ਅਸੀਂ ਸਹੀ ਫ਼ੈਸਲੇ ਕੀਤੇ
  • ਕਈ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਮੈਂ ਖ਼ੁਸ਼ ਹਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਆਪਣੇ ਸਿਰਜਣਹਾਰ ਦੀ ਸੇਵਾ ਕਰਨ ਦਾ ਪੱਕਾ ਇਰਾਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
w10 12/15 ਸਫ਼ੇ 26-30

ਮੈਂ ਬਾਈਬਲ ਦੀ ਸੱਚਾਈ ਦੀ ਤਾਕਤ ਦੇਖੀ ਹੈ

ਵੀਟੋ ਫਰਾਇਜ਼ ਦੀ ਜ਼ਬਾਨੀ

ਤੁਸੀਂ ਸ਼ਾਇਦ ਤ੍ਰੇਨਤੀਨਾਰਾ ਬਾਰੇ ਕਦੇ ਨਾ ਸੁਣਿਆ ਹੋਵੇ। ਇਹ ਛੋਟਾ ਜਿਹਾ ਕਸਬਾ ਇਟਲੀ ਦੇ ਨੇਪਲਜ਼ ਸ਼ਹਿਰ ਦੇ ਦੱਖਣ ਵਿਚ ਹੈ। ਮੇਰੇ ਮਾਪਿਆਂ ਅਤੇ ਵੱਡੇ ਭਰਾ ਐਨਜੇਲੋ ਦਾ ਜਨਮ ਉੱਥੇ ਹੋਇਆ ਸੀ। ਐਨਜੇਲੋ ਦੇ ਜਨਮ ਤੋਂ ਬਾਅਦ ਮੇਰੇ ਮਾਪੇ ਅਮਰੀਕਾ ਚਲੇ ਗਏ ਅਤੇ ਨਿਊਯਾਰਕ ਦੇ ਰੋਚਸਟਰ ਸ਼ਹਿਰ ਵਿਚ ਵੱਸ ਗਏ ਜਿੱਥੇ 1926 ਵਿਚ ਮੇਰਾ ਜਨਮ ਹੋਇਆ। 1922 ਵਿਚ ਪਿਤਾ ਜੀ ਪਹਿਲੀ ਵਾਰ ਬਾਈਬਲ ਸਟੂਡੈਂਟਸ ਨੂੰ ਮਿਲੇ ਜੋ ਅੱਜ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਨ। ਜਲਦੀ ਹੀ ਮੇਰੇ ਮਾਤਾ-ਪਿਤਾ ਬਾਈਬਲ ਸਟੂਡੈਂਟਸ ਬਣ ਗਏ।

ਪਿਤਾ ਜੀ ਇਕ ਸ਼ਾਂਤ ਅਤੇ ਵਿਚਾਰਸ਼ੀਲ ਆਦਮੀ ਸਨ, ਪਰ ਬੇਇਨਸਾਫ਼ੀ ਦੇਖ ਕੇ ਉਨ੍ਹਾਂ ਨੂੰ ਗੁੱਸਾ ਆ ਜਾਂਦਾ ਸੀ। ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ ਕਿ ਪਾਦਰੀ ਲੋਕਾਂ ਨੂੰ ਕਿਵੇਂ ਹਨੇਰੇ ਵਿਚ ਰੱਖਦੇ ਸਨ। ਇਸ ਲਈ ਉਹ ਬਾਈਬਲ ਦੀਆਂ ਸੱਚਾਈਆਂ ਲੋਕਾਂ ਨਾਲ ਸਾਂਝੀਆਂ ਕਰਨ ਦੇ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਸੀ ਜਾਣ ਦਿੰਦੇ। ਰੀਟਾਇਰ ਹੋਣ ਤੋਂ ਬਾਅਦ, ਉਨ੍ਹਾਂ ਨੇ ਪਾਇਨੀਅਰਿੰਗ ਸ਼ੁਰੂ ਕੀਤੀ ਅਤੇ 74 ਸਾਲ ਦੀ ਉਮਰ ਤਕ ਇੰਜ ਕਰਦੇ ਰਹੇ ਜਦ ਮਾੜੀ ਸਿਹਤ ਅਤੇ ਬਹੁਤ ਜ਼ਿਆਦਾ ਠੰਢ ਨੇ ਉਨ੍ਹਾਂ ਨੂੰ ਪਾਇਨੀਅਰਿੰਗ ਛੱਡਣ ਲਈ ਮਜਬੂਰ ਕਰ ਦਿੱਤਾ। ਪਰ ਫਿਰ ਵੀ 90 ਤੋਂ ਵੀ ਜ਼ਿਆਦਾ ਸਾਲਾਂ ਦੀ ਉਮਰ ਵਿਚ ਉਹ ਮਹੀਨੇ ਵਿਚ 40 ਤੋਂ 60 ਘੰਟੇ ਲਗਾਤਾਰ ਪ੍ਰਚਾਰ ਕਰਦੇ ਰਹੇ। ਪਿਤਾ ਜੀ ਦੀ ਮਿਸਾਲ ਦਾ ਮੇਰੇ ਉੱਤੇ ਬਹੁਤ ਡੂੰਘਾ ਅਸਰ ਪਿਆ। ਭਾਵੇਂ ਕਿ ਉਹ ਗੰਭੀਰ ਸੁਭਾਅ ਦੇ ਸਨ, ਫਿਰ ਵੀ ਉਹ ਕਦੇ-ਕਦੇ ਮਜ਼ਾਕ ਕਰ ਲੈਂਦੇ ਸਨ। ਉਹ ਕਿਹਾ ਕਰਦੇ ਸੀ ਕਿ “ਸੱਚਾਈ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।”

ਪਿਤਾ ਜੀ ਤੇ ਮਾਤਾ ਜੀ ਨੇ ਸਾਨੂੰ ਪੰਜਾਂ ਜਣਿਆਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਵਿਚ ਬਹੁਤ ਮਿਹਨਤ ਕੀਤੀ। ਮੈਂ 23 ਅਗਸਤ 1943 ਵਿਚ ਬਪਤਿਸਮਾ ਲਿਆ ਅਤੇ ਜੂਨ 1944 ਵਿਚ ਪਾਇਨੀਅਰਿੰਗ ਕਰਨ ਲੱਗ ਪਿਆ। ਮੇਰੀ ਭੈਣ ਕਾਰਮੇਲਾ ਆਪਣੀ ਹਸਮੁਖ ਸਾਥਣ ਫਰਨ ਨਾਲ ਨਿਊਯਾਰਕ ਦੇ ਜਨੀਵਾ ਸ਼ਹਿਰ ਵਿਚ ਪਾਇਨੀਅਰਿੰਗ ਕਰਦੀ ਸੀ। ਮੈਨੂੰ ਇਹ ਪਤਾ ਲੱਗਣ ਵਿਚ ਜ਼ਰਾ ਵੀ ਦੇਰ ਨਹੀਂ ਲੱਗੀ ਕਿ ਫਰਨ ਹੀ ਉਹ ਕੁੜੀ ਸੀ ਜਿਸ ਨਾਲ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਸੀ। ਅਗਸਤ 1946 ਵਿਚ ਅਸੀਂ ਵਿਆਹ ਕਰਾ ਲਿਆ।

ਮਿਸ਼ਨਰੀ ਕੰਮ

ਸਪੈਸ਼ਲ ਪਾਇਨੀਅਰਾਂ ਦੇ ਤੌਰ ਤੇ ਸਾਨੂੰ ਪਹਿਲਾਂ ਨਿਊਯਾਰਕ ਦੇ ਜਨੀਵਾ ਸ਼ਹਿਰ ਅਤੇ ਬਾਅਦ ਵਿਚ ਨੌਰਿਚ ਸ਼ਹਿਰ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਅਗਸਤ 1948 ਵਿਚ ਸਾਨੂੰ ਗਿਲਿਅਡ ਦੀ 12ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸਨਮਾਨ ਮਿਲਿਆ। ਉਸ ਤੋਂ ਬਾਅਦ ਸਾਨੂੰ ਇਕ ਹੋਰ ਮਿਸ਼ਨਰੀ ਜੋੜੇ, ਕਾਰਲ ਅਤੇ ਜੋਐਨ ਰਿਜਵੇ ਨਾਲ ਇਟਲੀ ਦੇ ਨੇਪਲਜ਼ ਸ਼ਹਿਰ ਭੇਜਿਆ ਗਿਆ। ਉਸ ਸਮੇਂ ਨੇਪਲਜ਼ ਯੁੱਧ ਵਿਚ ਹੋਈ ਤਬਾਹੀ ਤੋਂ ਉਭਰਨ ਲਈ ਸੰਘਰਸ਼ ਕਰ ਰਿਹਾ ਸੀ। ਇਸ ਸਮੇਂ ਦੌਰਾਨ ਘਰ ਲੱਭਣਾ ਮੁਸ਼ਕਲ ਸੀ, ਇਸ ਲਈ ਸਾਨੂੰ ਕੁਝ ਮਹੀਨਿਆਂ ਵਾਸਤੇ ਦੋ ਕਮਰਿਆਂ ਵਾਲੇ ਇਕ ਛੋਟੇ ਜਿਹੇ ਅਪਾਰਟਮੈਂਟ ਵਿਚ ਰਹਿਣਾ ਪਿਆ।

ਮੈਂ ਛੋਟੇ ਹੁੰਦਿਆਂ ਤੋਂ ਹੀ ਘਰ ਵਿਚ ਆਪਣੇ ਮਾਪਿਆਂ ਨੂੰ ਨੇਪੋਲੀਟਨ ਬੋਲੀ ਵਿਚ ਗੱਲ ਕਰਦਿਆਂ ਸੁਣਦਾ ਹੁੰਦਾ ਸੀ, ਇਸ ਲਈ ਲੋਕ ਮੇਰੀ ਗੱਲ ਸਮਝ ਲੈਂਦੇ ਸਨ ਭਾਵੇਂ ਕਿ ਮੈਂ ਅਮਰੀਕਨ ਲਹਿਜੇ ਵਿਚ ਇਤਾਲਵੀ ਬੋਲਦਾ ਸੀ। ਫਰਨ ਨੂੰ ਇਹ ਭਾਸ਼ਾ ਸਿੱਖਣ ਵਿਚ ਮੁਸ਼ਕਲ ਆਈ। ਪਰ ਮੈਂ ਕਹਿ ਸਕਦਾ ਹਾਂ ਕਿ ਉਹ ਮੇਰੇ ਵਾਂਗ ਜਲਦੀ ਹੀ ਇਹ ਭਾਸ਼ਾ ਬੋਲਣ ਲੱਗ ਪਈ, ਸਗੋਂ ਮੇਰੇ ਨਾਲੋਂ ਵੀ ਵਧੀਆ ਬੋਲਣ ਲੱਗ ਪਈ।

ਸਭ ਤੋਂ ਪਹਿਲਾਂ ਨੇਪਲਜ਼ ਵਿਚ ਸਾਨੂੰ ਦਿਲਚਸਪੀ ਰੱਖਣ ਵਾਲਾ ਸਿਰਫ਼ ਇਕ ਪਰਿਵਾਰ ਮਿਲਿਆ ਜਿਸ ਵਿਚ ਚਾਰ ਮੈਂਬਰ ਸਨ। ਉਹ ਗ਼ੈਰ-ਕਾਨੂੰਨੀ ਢੰਗ ਨਾਲ ਸਿਗਰਟਾਂ ਵੇਚਦੇ ਸਨ। ਉਸ ਪਰਿਵਾਰ ਦੀ ਇਕ ਮੈਂਬਰ ਟਰੀਜ਼ਾ ਹਰ ਰੋਜ਼ ਦੇਖਣ ਨੂੰ ਅਜੀਬ ਲੱਗਦੀ ਸੀ। ਸਵੇਰ ਨੂੰ ਉਹ ਆਪਣੀ ਸਕਰਟ ਦੀਆਂ ਜੇਬਾਂ ਵਿਚ ਬਹੁਤ ਸਾਰੀਆਂ ਸਿਗਰਟਾਂ ਭਰ ਲੈਂਦੀ ਸੀ ਜਿਸ ਕਰਕੇ ਉਹ ਦੇਖਣ ਨੂੰ ਮੋਟੀ ਲੱਗਦੀ ਸੀ। ਸ਼ਾਮ ਨੂੰ ਉਹ ਕਾਨੇ ਵਾਂਗ ਪਤਲੀ ਦਿਖਦੀ ਸੀ। ਸੱਚਾਈ ਨੇ ਇਸ ਪਰਿਵਾਰ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ। ਬਾਅਦ ਵਿਚ ਇਸ ਪਰਿਵਾਰ ਦੇ 16 ਮੈਂਬਰ ਗਵਾਹ ਬਣ ਗਏ। ਹੁਣ ਨੇਪਲਜ਼ ਸ਼ਹਿਰ ਵਿਚ ਤਕਰੀਬਨ 3700 ਗਵਾਹ ਹਨ।

ਪ੍ਰਚਾਰ ਦਾ ਵਿਰੋਧ

ਨੇਪਲਜ਼ ਵਿਚ ਸਿਰਫ਼ ਨੌਂ ਮਹੀਨੇ ਰਹਿਣ ਤੋਂ ਬਾਅਦ, ਅਧਿਕਾਰੀਆਂ ਨੇ ਸਾਨੂੰ ਚਾਰਾਂ ਜਣਿਆਂ ਨੂੰ ਸ਼ਹਿਰ ਛੱਡਣ ਲਈ ਮਜਬੂਰ ਕੀਤਾ। ਅਸੀਂ ਲਗਭਗ ਇਕ ਮਹੀਨੇ ਵਾਸਤੇ ਸਵਿਟਜ਼ਰਲੈਂਡ ਚਲੇ ਗਏ ਤੇ ਟੂਰਿਸਟ ਵੀਜ਼ਾ ਲੈ ਕੇ ਇਟਲੀ ਵਾਪਸ ਆ ਗਏ। ਮੈਨੂੰ ਅਤੇ ਫਰਨ ਨੂੰ ਟਿਊਰਿਨ ਭੇਜਿਆ ਗਿਆ। ਪਹਿਲਾਂ-ਪਹਿਲ ਅਸੀਂ ਇਕ ਤੀਵੀਂ ਤੋਂ ਇਕ ਕਮਰਾ ਕਿਰਾਏ ਤੇ ਲੈ ਲਿਆ ਅਤੇ ਅਸੀਂ ਉਸ ਦਾ ਬਾਥਰੂਮ ਤੇ ਰਸੋਈ ਵਰਤਦੇ ਸਾਂ। ਜਦੋਂ ਕਾਰਲ ਅਤੇ ਜੋਐਨ ਰਿਜਵੇ ਟਿਊਰਿਨ ਪਹੁੰਚੇ, ਤਾਂ ਅਸੀਂ ਇਕੱਠਿਆਂ ਨੇ ਇਕ ਅਪਾਰਟਮੈਂਟ ਕਿਰਾਏ ਤੇ ਲੈ ਲਿਆ। ਸਮੇਂ ਦੇ ਬੀਤਣ ਨਾਲ ਪੰਜ ਮਿਸ਼ਨਰੀ ਜੋੜੇ ਇੱਕੋ ਘਰ ਵਿਚ ਰਹਿੰਦੇ ਸਨ।

ਜਦੋਂ 1955 ਵਿਚ ਅਧਿਕਾਰੀਆਂ ਨੇ ਸਾਨੂੰ ਟਿਊਰਿਨ ਛੱਡਣ ਲਈ ਕਿਹਾ, ਉਦੋਂ ਚਾਰ ਨਵੀਆਂ ਕਲੀਸਿਯਾਵਾਂ ਦੀ ਨੀਂਹ ਰੱਖੀ ਜਾ ਚੁੱਕੀ ਸੀ। ਉੱਥੋਂ ਦੇ ਕੁਝ ਕਾਬਲ ਭਰਾ ਹੁਣ ਇਨ੍ਹਾਂ ਕਲੀਸਿਯਾਵਾਂ ਦੀ ਦੇਖ-ਭਾਲ ਕਰ ਸਕਦੇ ਸਨ। ਅਧਿਕਾਰੀਆਂ ਨੇ ਸਾਨੂੰ ਕਿਹਾ, “ਅਸੀਂ ਯਕੀਨ ਨਾਲ ਕਹਿੰਦੇ ਹਾਂ ਕਿ ਇਕ ਵਾਰ ਤੁਸੀਂ ਅਮਰੀਕੀ ਚਲੇ ਗਏ, ਤਾਂ ਤੁਹਾਡਾ ਬਣਾਇਆ ਗਿਆ ਸਾਰਾ ਕੁਝ ਟੁਕੜੇ-ਟੁਕੜੇ ਹੋ ਜਾਵੇਗਾ।” ਪਰ ਇਸ ਤੋਂ ਬਾਅਦ ਹੋਏ ਵਾਧੇ ਨੇ ਦਿਖਾਇਆ ਕਿ ਕੰਮ ਦੀ ਸਫ਼ਲਤਾ ਪਰਮੇਸ਼ੁਰ ਉੱਤੇ ਨਿਰਭਰ ਕਰਦੀ ਹੈ। ਅੱਜ ਟਿਊਰਿਨ ਵਿਚ 4,600 ਤੋਂ ਵੱਧ ਗਵਾਹ ਅਤੇ 56 ਕਲੀਸਿਯਾਵਾਂ ਹਨ।

ਫਲੋਰੈਂਸ—ਇਕ ਅਨੋਖਾ ਸ਼ਹਿਰ

ਸਾਡੀ ਅਗਲੀ ਨਿਯੁਕਤੀ ਫਲੋਰੈਂਸ ਵਿਚ ਸੀ। ਅਸੀਂ ਅਕਸਰ ਇਸ ਸ਼ਹਿਰ ਬਾਰੇ ਸੁਣਦੇ ਸੀ ਕਿਉਂਕਿ ਮੇਰੀ ਭੈਣ ਕਾਰਮੇਲਾ ਅਤੇ ਉਸ ਦਾ ਪਤੀ ਮਰਲੀਨ ਹਰਟਜ਼ਲਰ ਉੱਥੇ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਸਨ। ਪਰ ਜ਼ਰਾ ਸੋਚੋ ਕਿ ਇਸ ਖੂਬਸੂਰਤ ਸ਼ਹਿਰ ਵਿਚ ਰਹਿਣਾ ਕਿੰਨਾ ਵਧੀਆ ਹੋਵੇਗਾ ਜਿੱਥੇ ਅਜਿਹੀਆਂ ਥਾਵਾਂ ਸਨ ਜਿਵੇਂ ਪੀਅਤਜ਼ਾ ਦੈੱਲਾ ਸੀਨਓਰੀਆ, ਪੋਂਤੇ ਵੇਕਿਓ, ਪਿਆਤਜ਼ਾਲੇ ਮੀਕੇਲਾਂਜਲੋ ਅਤੇ ਪਾਲਾਤਜ਼ੋ ਪਿਤੀ! ਖ਼ੁਸ਼ ਖ਼ਬਰੀ ਸੁਣ ਕੇ ਫਲੋਰੈਂਸ ਦੇ ਕੁਝ ਲੋਕਾਂ ਨੇ ਜੋ ਹੁੰਗਾਰਾ ਭਰਿਆ, ਉਹ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਾ।

ਅਸੀਂ ਇਕ ਪਰਿਵਾਰ ਨਾਲ ਸਟੱਡੀ ਕੀਤੀ ਅਤੇ ਮਾਪਿਆਂ ਨੇ ਬਪਤਿਸਮਾ ਲੈ ਲਿਆ। ਪਰ ਪਿਤਾ ਸਿਗਰਟਾਂ ਪੀਂਦਾ ਸੀ। 1973 ਵਿਚ ਪਹਿਰਾਬੁਰਜ ਵਿਚ ਕਿਹਾ ਗਿਆ ਕਿ ਸਿਗਰਟਾਂ ਪੀਣੀਆਂ ਗੰਦੀ ਆਦਤ ਹੈ ਤੇ ਰਸਾਲਾ ਪੜ੍ਹਨ ਵਾਲਿਆਂ ਨੂੰ ਇਹ ਆਦਤ ਛੱਡਣ ਲਈ ਬੇਨਤੀ ਕੀਤੀ ਗਈ। ਵੱਡੇ ਬੱਚਿਆਂ ਨੇ ਆਪਣੇ ਡੈਡੀ ਅੱਗੇ ਸਿਗਰਟ ਛੱਡਣ ਲਈ ਤਰਲੇ ਕੀਤੇ। ਉਸ ਨੇ ਛੱਡਣ ਦਾ ਵਾਅਦਾ ਕੀਤਾ, ਪਰ ਛੱਡਿਆ ਨਹੀਂ। ਇਕ ਸ਼ਾਮ ਪਤਨੀ ਨੇ ਨੌਂ ਸਾਲ ਦੇ ਜੁੜਵਾਂ ਬੱਚਿਆਂ ਨਾਲ ਪ੍ਰਾਰਥਨਾ ਨਹੀਂ ਕੀਤੀ ਤੇ ਉਨ੍ਹਾਂ ਨੂੰ ਸੌਣ ਲਈ ਭੇਜ ਦਿੱਤਾ। ਬਾਅਦ ਵਿਚ ਉਸ ਨੂੰ ਬੁਰਾ ਲੱਗਾ ਤੇ ਉਹ ਉਨ੍ਹਾਂ ਦੇ ਕਮਰੇ ਵਿਚ ਗਈ। ਉਨ੍ਹਾਂ ਨੇ ਪਹਿਲਾਂ ਹੀ ਆਪਣੀ ਪ੍ਰਾਰਥਨਾ ਕਰ ਲਈ ਸੀ। ਉਸ ਨੇ ਪੁੱਛਿਆ, “ਤੁਸੀਂ ਪ੍ਰਾਰਥਨਾ ਵਿਚ ਕੀ ਕਿਹਾ?” ਬੱਚਿਆਂ ਨੇ ਜਵਾਬ ਦਿੱਤਾ, “ਯਹੋਵਾਹ, ਕਿਰਪਾ ਕਰ ਕੇ ਸਿਗਰਟ ਛੱਡਣ ਵਿਚ ਡੈਡੀ ਜੀ ਦੀ ਮਦਦ ਕਰੋ।” ਪਤਨੀ ਨੇ ਆਪਣੇ ਪਤੀ ਨੂੰ ਬੁਲਾਇਆ, “ਆਓ ਤੇ ਆਪਣੇ ਬੱਚਿਆਂ ਦੀ ਪ੍ਰਾਰਥਨਾ ਸੁਣੋ।” ਪ੍ਰਾਰਥਨਾ ਵਿਚ ਬੱਚਿਆਂ ਦੀ ਕਹੀ ਗੱਲ ਸੁਣ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ ਅਤੇ ਕਿਹਾ, “ਮੈਂ ਫਿਰ ਕਦੇ ਸਿਗਰਟ ਨਹੀਂ ਪੀਵਾਂਗਾ!” ਉਸ ਨੇ ਆਪਣਾ ਵਚਨ ਨਿਭਾਇਆ ਅਤੇ ਹੁਣ ਉਸ ਪਰਿਵਾਰ ਵਿਚ 15 ਤੋਂ ਵੀ ਜ਼ਿਆਦਾ ਜਣੇ ਗਵਾਹ ਹਨ।

ਅਫ਼ਰੀਕਾ ਵਿਚ ਸੇਵਾ

1959 ਵਿਚ ਸਾਨੂੰ ਦੋ ਹੋਰ ਮਿਸ਼ਨਰੀਆਂ ਆਰਟੂਰੋ ਲਵੋਰਸ ਅਤੇ ਮੇਰੇ ਭਰਾ ਐਨਜੇਲੋ ਨਾਲ ਸੋਮਾਲੀਆ ਦੀ ਰਾਜਧਾਨੀ ਮਾੱਗਾਦੀਸ਼ੂ ਭੇਜਿਆ ਗਿਆ। ਜਦੋਂ ਅਸੀਂ ਉੱਥੇ ਪਹੁੰਚੇ, ਉਦੋਂ ਉੱਥੇ ਦੀ ਰਾਜਨੀਤਿਕ ਹਾਲਤ ਤਣਾਅ ਭਰੀ ਸੀ। ਸੰਯੁਕਤ ਰਾਸ਼ਟਰ-ਸੰਘ ਨੇ ਇਤਾਲਵੀ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਸੋਮਾਲੀਆ ਦੀ ਆਜ਼ਾਦ ਹੋਣ ਵਿਚ ਮਦਦ ਕਰਨ, ਪਰ ਹਾਲਾਤ ਤਾਂ ਹੋਰ ਵਿਗੜਦੇ ਜਾਪਦੇ ਸਨ। ਅਸੀਂ ਜਿਨ੍ਹਾਂ ਇਤਾਲਵੀ ਲੋਕਾਂ ਨਾਲ ਸਟੱਡੀ ਕਰ ਰਹੇ ਸੀ, ਉਨ੍ਹਾਂ ਵਿੱਚੋਂ ਕੁਝ ਦੇਸ਼ ਛੱਡ ਕੇ ਚਲੇ ਗਏ, ਇਸ ਲਈ ਉੱਥੇ ਕਲੀਸਿਯਾ ਬਣਾਉਣੀ ਸੰਭਵ ਨਹੀਂ ਸੀ।

ਉਸ ਸਮੇਂ ਦੌਰਾਨ ਜ਼ੋਨ ਓਵਰਸੀਅਰ ਨੇ ਸੁਝਾਅ ਦਿੱਤਾ ਕਿ ਮੈਂ ਉਸ ਦਾ ਸਹਾਇਕ ਬਣਾਂ। ਅਸੀਂ ਆਲੇ-ਦੁਆਲੇ ਦੇ ਦੇਸ਼ਾਂ ਦਾ ਦੌਰਾ ਕਰਨ ਲੱਗੇ। ਅਸੀਂ ਜਿਨ੍ਹਾਂ ਨੂੰ ਸਟੱਡੀ ਕਰਾਈ ਸੀ, ਉਨ੍ਹਾਂ ਵਿੱਚੋਂ ਕੁਝ ਨੇ ਤਰੱਕੀ ਕੀਤੀ, ਪਰ ਸਤਾਹਟਾਂ ਕਰਕੇ ਉਨ੍ਹਾਂ ਨੂੰ ਆਪਣਾ ਦੇਸ਼ ਛੱਡਣਾ ਪਿਆ। ਕੁਝ ਉੱਥੇ ਹੀ ਰਹੇ ਭਾਵੇਂ ਕਿ ਉਨ੍ਹਾਂ ਨੂੰ ਕਈ ਦੁੱਖ ਝੱਲਣੇ ਪਏ।a ਅੱਜ ਵੀ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਆਉਂਦੀਆਂ ਹਨ ਜਦ ਅਸੀਂ ਚੇਤੇ ਕਰਦੇ ਹਾਂ ਕਿ ਉਨ੍ਹਾਂ ਨੇ ਯਹੋਵਾਹ ਲਈ ਪਿਆਰ ਅਤੇ ਵਫ਼ਾਦਾਰ ਰਹਿਣ ਦੀ ਖ਼ਾਤਰ ਕਿੰਨਾ ਕੁਝ ਝੱਲਿਆ।

ਸੋਮਾਲੀਆ ਤੇ ਐਰੀਟ੍ਰੀਆ ਵਿਚ ਅਕਸਰ ਹੱਦ ਦਰਜੇ ਦੀ ਗਰਮੀ ਅਤੇ ਹੁੰਮ ਹੁੰਦਾ ਸੀ। ਪਰ ਉੱਥੇ ਦੇ ਕੁਝ ਮਸਾਲੇਦਾਰ ਖਾਣਿਆਂ ਨੇ ਤਾਂ ਸਾਡੇ ਹੋਰ ਵੀ ਪਸੀਨੇ ਛੁਡਾ ਦਿੱਤੇ। ਆਪਣੇ ਬਾਈਬਲ ਸਟੱਡੀ ਦੇ ਘਰ ਪਹਿਲੀ ਵਾਰ ਇਸ ਤਰ੍ਹਾਂ ਦਾ ਇਕ ਖਾਣਾ ਖਾ ਕੇ ਮੇਰੀ ਪਤਨੀ ਨੇ ਮਜ਼ਾਕ ਨਾਲ ਕਿਹਾ ਕਿ ਉਸ ਦੇ ਕੰਨ ਲਾਲ ਟ੍ਰੈਫਿਕ ਬੱਤੀਆਂ ਵਾਂਗ ਲਾਲ ਹੋ ਗਏ!

ਜਦੋਂ ਐਨਜੇਲੋ ਤੇ ਆਰਟੂਰੋ ਨੂੰ ਕਿਤੇ ਹੋਰ ਸੇਵਾ ਕਰਨ ਲਈ ਭੇਜਿਆ ਗਿਆ, ਤਾਂ ਅਸੀਂ ਇਕੱਲੇ ਰਹਿ ਗਏ। ਕੋਈ ਹੌਸਲਾ ਦੇਣ ਵਾਲਾ ਨਾ ਹੋਣ ਕਰਕੇ ਸਾਡੇ ਲਈ ਇੰਨਾ ਸੌਖਾ ਨਹੀਂ ਸੀ। ਪਰ ਇਸ ਕਾਰਨ ਸਾਨੂੰ ਯਹੋਵਾਹ ਦੇ ਹੋਰ ਨੇੜੇ ਜਾਣ ਅਤੇ ਪੂਰੀ ਤਰ੍ਹਾਂ ਉਸ ਉੱਤੇ ਭਰੋਸਾ ਰੱਖਣ ਵਿਚ ਮਦਦ ਮਿਲੀ। ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ, ਉਨ੍ਹਾਂ ਵਿਚ ਜਾ ਕੇ ਸਾਨੂੰ ਬਹੁਤ ਹੌਸਲਾ ਮਿਲਿਆ।

ਸੋਮਾਲੀਆ ਵਿਚ ਸਾਨੂੰ ਵੱਖੋ-ਵੱਖਰੀਆਂ ਮੁਸ਼ਕਲਾਂ ਆਈਆਂ। ਸਾਡੇ ਕੋਲ ਫਰਿੱਜ ਨਹੀਂ ਸੀ, ਇਸ ਲਈ ਅਸੀਂ ਸਿਰਫ਼ ਉੱਨਾ ਕੁ ਖਾਣਾ ਖ਼ਰੀਦਦੇ ਸੀ ਜਿੰਨਾ ਕੁ ਅਸੀਂ ਹਰ ਰੋਜ਼ ਖਾ ਸਕਦੇ ਸੀ, ਭਾਵੇਂ ਇਹ ਹੈਮਰਹੈੱਡ ਸ਼ਾਰਕ (ਹਥੌੜੇ ਵਰਗੇ ਸਿਰ ਵਾਲੀ ਮੱਛੀ) ਦੇ ਟੁਕੜੇ ਜਾਂ ਸਥਾਨਕ ਫਲ, ਜਿਵੇਂ ਅੰਬ, ਪਪੀਤੇ, ਗ੍ਰੇਪ-ਫਰੂਟ, ਨਾਰੀਅਲ ਜਾਂ ਕੇਲੇ ਹੁੰਦੇ ਸਨ। ਸਾਨੂੰ ਅਕਸਰ ਕੀਟ-ਪਤੰਗਿਆਂ ਨਾਲ ਸੰਘਰਸ਼ ਕਰਨਾ ਪੈਂਦਾ ਸੀ। ਕਦੇ-ਕਦੇ ਉਹ ਸਾਡੀਆਂ ਗਰਦਨਾਂ ਉੱਤੇ ਬੈਠ ਜਾਂਦੇ ਸਨ ਜਦੋਂ ਅਸੀਂ ਬਾਈਬਲ ਸਟੱਡੀਆਂ ਕਰਾ ਰਹੇ ਹੁੰਦੇ ਸੀ। ਸ਼ੁਕਰ ਹੈ ਕਿ ਸਾਡੇ ਕੋਲ ਸਕੂਟਰ ਸੀ, ਇਸ ਲਈ ਸਾਨੂੰ ਤੇਜ਼ ਧੁੱਪ ਵਿਚ ਘੰਟਿਆਂ-ਬੱਧੀ ਤੁਰਨਾ ਨਹੀਂ ਪੈਂਦਾ ਸੀ।

ਇਟਲੀ ਵਾਪਸ

ਦੋਸਤਾਂ ਦੀ ਦਰਿਆ-ਦਿਲੀ ਕਰਕੇ ਅਸੀਂ 1961 ਨੂੰ ਟਿਊਰਿਨ ਵਿਚ ਕੇਲੇ ਲੈ ਜਾਣ ਵਾਲੀ ਕਿਸ਼ਤੀ ਵਿਚ ਅੰਤਰਰਾਸ਼ਟਰੀ ਸੰਮੇਲਨ ਵਾਸਤੇ ਇਟਲੀ ਵਾਪਸ ਚਲੇ ਗਏ। ਸਾਨੂੰ ਪਤਾ ਲੱਗਾ ਕਿ ਸਾਨੂੰ ਕਿਤੇ ਹੋਰ ਭੇਜਿਆ ਜਾਵੇਗਾ। ਸਤੰਬਰ 1962 ਵਿਚ ਅਸੀਂ ਵਾਪਸ ਇਟਲੀ ਆ ਗਏ ਜਿੱਥੇ ਮੈਂ ਸਰਕਟ ਨਿਗਾਹਬਾਨ ਵਜੋਂ ਸੇਵਾ ਕਰਨ ਲੱਗ ਪਿਆ। ਅਸੀਂ ਛੋਟੀ ਜਿਹੀ ਕਾਰ ਖ਼ਰੀਦ ਲਈ ਜਿਸ ਨੂੰ ਅਸੀਂ ਦੋ ਸਰਕਟਾਂ ਵਿਚ ਆਉਣ-ਜਾਣ ਲਈ ਪੰਜ ਸਾਲਾਂ ਲਈ ਵਰਤਿਆ।

ਅਫ਼ਰੀਕਾ ਦੀ ਗਰਮੀ ਤੋਂ ਬਾਅਦ ਸਾਨੂੰ ਸਰਦੀ ਦਾ ਸਾਮ੍ਹਣਾ ਕਰਨਾ ਪਿਆ। ਸਰਦੀਆਂ ਵਿਚ ਪਹਿਲੀ ਵਾਰ ਐਲਪਸ ਪਹਾੜ ਦੇ ਨੇੜੇ ਇਕ ਕਲੀਸਿਯਾ ਦਾ ਦੌਰਾ ਕਰਦੇ ਵੇਲੇ ਅਸੀਂ ਤਬੇਲੇ ਉੱਪਰ ਬਣੇ ਇਕ ਕਮਰੇ ਵਿਚ ਸੁੱਤੇ ਜਿੱਥੇ ਕੋਈ ਹੀਟਰ ਨਹੀਂ ਸੀ। ਇੰਨੀ ਜ਼ਿਆਦਾ ਠੰਢ ਸੀ ਕਿ ਅਸੀਂ ਆਪਣੇ ਕੋਟ ਪਾ ਕੇ ਸੁੱਤੇ। ਉਸ ਰਾਤ ਨੇੜੇ ਹੀ ਚਾਰ ਮੁਰਗੀਆਂ ਅਤੇ ਦੋ ਕੁੱਤੇ ਠੰਢ ਨਾਲ ਮਰ ਗਏ!

ਬਾਅਦ ਵਿਚ ਮੈਂ ਡਿਸਟ੍ਰਿਕਟ ਓਵਰਸੀਅਰ ਵਜੋਂ ਵੀ ਸੇਵਾ ਕੀਤੀ। ਉਨ੍ਹਾਂ ਸਾਲਾਂ ਵਿਚ ਅਸੀਂ ਸਾਰੀ ਇਟਲੀ ਦਾ ਦੌਰਾ ਕੀਤਾ। ਅਸੀਂ ਕਈ ਵਾਰੀ ਕੁਝ ਇਲਾਕਿਆਂ ਵਿਚ ਗਏ ਜਿਵੇਂ ਕਾਲੇਬ੍ਰਿਆ ਅਤੇ ਸਿਸਲੀ। ਅਸੀਂ ਨੌਜਵਾਨਾਂ ਨੂੰ ਉਤਸ਼ਾਹ ਦਿੱਤਾ ਕਿ ਉਹ ਸੱਚਾਈ ਵਿਚ ਤਰੱਕੀ ਕਰਨ ਅਤੇ ਕਲੀਸਿਯਾ ਦੇ ਨਿਗਾਹਬਾਨਾਂ ਤੇ ਸਫ਼ਰੀ ਨਿਗਾਹਬਾਨਾਂ ਵਜੋਂ ਸੇਵਾ ਕਰਨ ਜਾਂ ਫਿਰ ਬੈਥਲ ਜਾਣ ਦਾ ਟੀਚਾ ਰੱਖਣ।

ਅਸੀਂ ਵਫ਼ਾਦਾਰ ਦੋਸਤਾਂ ਕੋਲੋਂ ਕਾਫ਼ੀ ਕੁਝ ਸਿੱਖਿਆ ਜਿਨ੍ਹਾਂ ਨੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ। ਅਸੀਂ ਉਨ੍ਹਾਂ ਦੇ ਗੁਣਾਂ ਦੀ ਕਦਰ ਕਰਦੇ ਹਾਂ ਜਿਵੇਂ ਯਹੋਵਾਹ ਪ੍ਰਤਿ ਪੂਰੀ ਵਫ਼ਾਦਾਰੀ, ਖੁੱਲ੍ਹ-ਦਿਲੀ, ਭਰਾਵਾਂ ਲਈ ਪਿਆਰ ਅਤੇ ਹਾਲਾਤ ਅਨੁਸਾਰ ਢਲ਼ਣ ਤੇ ਆਪਾ ਵਾਰਨ ਲਈ ਤਿਆਰ ਰਹਿਣਾ। ਅਸੀਂ ਕਿੰਗਡਮ ਹਾਲਾਂ ਵਿਚ ਵਿਆਹਾਂ ਤੇ ਗਏ। ਇਹ ਵਿਆਹ ਗਵਾਹਾਂ ਦੁਆਰਾ ਰਜਿਸਟਰ ਕੀਤੇ ਜਾਂਦੇ ਸਨ ਜਿਨ੍ਹਾਂ ਨੂੰ ਧਾਰਮਿਕ ਸੇਵਕ ਹੋਣ ਦੀ ਕਾਨੂੰਨੀ ਮਾਨਤਾ ਮਿਲੀ ਹੋਈ ਸੀ। ਕਈ ਸਾਲ ਪਹਿਲਾਂ ਦੇਸ਼ ਵਿਚ ਇਸ ਤਰ੍ਹਾਂ ਕਰਨਾ ਨਾਮੁਮਕਿਨ ਸੀ। ਕਲੀਸਿਯਾਵਾਂ ਹੁਣ ਭਰਾਵਾਂ ਦੀਆਂ ਰਸੋਈਆਂ ਵਿਚ ਸਭਾਵਾਂ ਨਹੀਂ ਕਰਦੀਆਂ ਜਾਂ ਫੱਟਿਆਂ ਉੱਤੇ ਨਹੀਂ ਬੈਠਦੀਆਂ ਜਿਵੇਂ ਉਹ ਟਿਊਰਿਨ ਵਿਚ ਕਰਦੀਆਂ ਸਨ। ਇਸ ਦੀ ਬਜਾਇ, ਜ਼ਿਆਦਾਤਰ ਕਲੀਸਿਯਾਵਾਂ ਸੋਹਣੇ ਕਿੰਗਡਮ ਹਾਲਾਂ ਵਿਚ ਸਭਾਵਾਂ ਕਰਦੀਆਂ ਹਨ ਜਿਨ੍ਹਾਂ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। ਹੁਣ ਅਸੀਂ ਘਟੀਆ ਕੁਆਲਿਟੀ ਦੇ ਹਾਲਾਂ ਵਿਚ ਅਸੈਂਬਲੀਆਂ ਨਹੀਂ ਕਰਦੇ, ਸਗੋਂ ਵੱਡੇ-ਵੱਡੇ ਅਸੈਂਬਲੀ ਹਾਲਾਂ ਵਿਚ ਕਰਦੇ ਹਾਂ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਪਬਲੀਸ਼ਰਾਂ ਦੀ ਗਿਣਤੀ ਨੂੰ ਵਧਦੇ ਹੋਏ ਦੇਖਿਆ ਤੇ ਹੁਣ ਉੱਥੇ 2,43,000 ਪਬਲੀਸ਼ਰ ਹਨ। ਜਦੋਂ ਅਸੀਂ ਇਟਲੀ ਵਿਚ ਆਏ ਸਾਂ, ਉਸ ਵੇਲੇ ਉੱਥੇ ਸਿਰਫ਼ 490 ਪਬਲੀਸ਼ਰ ਸਨ।

ਅਸੀਂ ਸਹੀ ਫ਼ੈਸਲੇ ਕੀਤੇ

ਸਾਨੂੰ ਕੁਝ ਕਠਿਨਾਈਆਂ ਦਾ ਸਾਮ੍ਹਣਾ ਕਰਨਾ ਪਿਆ ਹੈ ਜਿਨ੍ਹਾਂ ਵਿਚ ਘਰ ਦੀ ਯਾਦ ਆਉਣੀ ਤੇ ਬੀਮਾਰ ਹੋਣਾ ਸ਼ਾਮਲ ਸੀ। ਫਰਨ ਨੂੰ ਘਰ ਦੀ ਯਾਦ ਬਹੁਤ ਆਉਂਦੀ ਸੀ ਜਦੋਂ ਵੀ ਉਹ ਸਮੁੰਦਰ ਦੇਖਦੀ ਸੀ। ਉਸ ਦੇ ਤਿੰਨ ਗੰਭੀਰ ਓਪਰੇਸ਼ਨ ਵੀ ਹੋਏ ਸਨ। ਇਕ ਵਾਰ ਜਦੋਂ ਉਹ ਇਕ ਬਾਈਬਲ ਸਟੱਡੀ ਕਰਾਉਣ ਜਾ ਰਹੀ ਸੀ, ਤਾਂ ਰਸਤੇ ਵਿਚ ਇਕ ਵਿਰੋਧੀ ਨੇ ਤੰਗਲੀ ਨਾਲ ਉਸ ʼਤੇ ਹਮਲਾ ਕਰ ਦਿੱਤਾ। ਇਸ ਕਾਰਨ ਵੀ ਉਸ ਨੂੰ ਹਸਪਤਾਲ ਜਾਣਾ ਪਿਆ।

ਭਾਵੇਂ ਕਿ ਸਾਨੂੰ ਕਈ ਵਾਰ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ ਹੈ, ਪਰ ਅਸੀਂ ਵਿਰਲਾਪ 3:24 ਅਨੁਸਾਰ ‘ਯਹੋਵਾਹ ਉੱਤੇ ਆਸ’ ਰੱਖੀ ਹੈ। ਉਹ ਦਿਲਾਸੇ ਦਾ ਪਰਮੇਸ਼ੁਰ ਹੈ। ਇਕ ਵਾਰ ਜਦੋਂ ਅਸੀਂ ਨਿਰਾਸ਼ ਸੀ, ਤਾਂ ਫਰਨ ਨੂੰ ਭਰਾ ਨੇਥਨ ਨੌਰ ਤੋਂ ਇਕ ਬਹੁਤ ਵਧੀਆ ਚਿੱਠੀ ਮਿਲੀ। ਉਹ ਭਰਾ ਪੈਨਸਿਲਵੇਨੀਆ ਵਿਚ ਬੈਤਲਹਮ ਨੇੜੇ ਪੈਦਾ ਹੋਇਆ ਸੀ ਜਿੱਥੇ ਫਰਨ ਨੇ ਪਾਇਨੀਅਰਿੰਗ ਸ਼ੁਰੂ ਕੀਤੀ ਸੀ। ਉਸ ਨੇ ਲਿਖਿਆ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਪੈਨਸਿਲਵੇਨੀਆ ਦੀਆਂ ਉਸ ਵਰਗੀਆਂ ਡੱਚ ਤੀਵੀਆਂ ਬਹੁਤ ਮਜ਼ਬੂਤ ਅਤੇ ਪੱਕੇ ਇਰਾਦੇ ਵਾਲੀਆਂ ਹਨ। ਉਸ ਨੇ ਸਹੀ ਕਿਹਾ ਸੀ। ਸਾਲਾਂ ਤੋਂ ਸਾਨੂੰ ਕਈ ਤਰੀਕਿਆਂ ਨਾਲ ਕਈ ਲੋਕਾਂ ਤੋਂ ਹੌਸਲਾ ਮਿਲਿਆ ਹੈ।

ਮੁਸ਼ਕਲਾਂ ਦੇ ਬਾਵਜੂਦ ਅਸੀਂ ਸੇਵਕਾਈ ਲਈ ਆਪਣਾ ਜੋਸ਼ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਜੋਸ਼ ਦੀ ਤੁਲਨਾ ਇਟਲੀ ਦੀ ਸੁਆਦੀ ਤੇ ਚਮਕਦਾਰ ਵਾਈਨ ਲਮਬਰੂਸਕੋ ਨਾਲ ਕਰਦੇ ਹੋਏ ਫਰਨ ਮਜ਼ਾਕ ਨਾਲ ਕਹਿੰਦੀ ਹੈ: “ਸਾਨੂੰ ਆਪਣੇ ਜੋਸ਼ ਦੀ ਚਮਕ ਨਹੀਂ ਗੁਆਉਣੀ ਚਾਹੀਦੀ।” ਸਰਕਟ ਅਤੇ ਡਿਸਟ੍ਰਿਕਟ ਦੇ ਕੰਮ ਲਈ 40 ਨਾਲੋਂ ਜ਼ਿਆਦਾ ਸਾਲ ਸਫ਼ਰ ਕਰਨ ਤੋਂ ਬਾਅਦ, ਸਾਨੂੰ ਇਤਾਲਵੀ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਗਰੁੱਪਾਂ ਅਤੇ ਕਲੀਸਿਯਾਵਾਂ ਵਿਚ ਜਾਣ ਅਤੇ ਉਨ੍ਹਾਂ ਨੂੰ ਬਣਾਉਣ ਦਾ ਨਵਾਂ ਸਨਮਾਨ ਮਿਲਿਆ। ਇਹ ਗਰੁੱਪ ਐਰੀਟ੍ਰੀਆ, ਇਥੋਪੀਆ, ਸ੍ਰੀ ਲੰਕਾ, ਘਾਨਾ, ਚੀਨ, ਨਾਈਜੀਰੀਆ, ਬੰਗਲਾਦੇਸ਼, ਭਾਰਤ, ਫ਼ਿਲਪੀਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹਨ। ਅਸੀਂ ਪਰਮੇਸ਼ੁਰ ਦੇ ਬਚਨ ਦੀ ਤਾਕਤ ਨੂੰ ਕਈ ਤਰੀਕਿਆਂ ਨਾਲ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਦੇ ਦੇਖਿਆ ਹੈ ਜਿਨ੍ਹਾਂ ਨੇ ਯਹੋਵਾਹ ਦੀ ਦਇਆ ਨੂੰ ਅਨੁਭਵ ਕੀਤਾ ਹੈ। ਉਨ੍ਹਾਂ ਤਰੀਕਿਆਂ ਬਾਰੇ ਲਿਖਣ ਲਈ ਇਕ ਕਿਤਾਬ ਕਾਫ਼ੀ ਨਹੀਂ ਹੈ।—ਮੀਕਾ. 7:18, 19.

ਅਸੀਂ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਨੂੰ ਸੇਵਕਾਈ ਕਰਨ ਲਈ ਲੋੜੀਂਦੀ ਜਜ਼ਬਾਤੀ ਅਤੇ ਸਰੀਰਕ ਤਾਕਤ ਦੇਵੇ। ਪ੍ਰਭੂ ਦੀ ਸੇਵਾ ਕਰ ਕੇ ਸਾਨੂੰ ਜੋ ਖ਼ੁਸ਼ੀ ਮਿਲਦੀ ਹੈ, ਉਹੀ ਸਾਡੀ ਤਾਕਤ ਹੈ। ਇਸ ਕਾਰਨ ਸਾਡੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਅਤੇ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਬਾਈਬਲ ਦੀ ਸੱਚਾਈ ਫੈਲਾਉਂਦਿਆਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕੀਤੇ।—ਅਫ਼. 3:7; ਕੁਲੁ. 1:29.

[ਫੁਟਨੋਟ]

a ਯਹੋਵਾਹ ਦੇ ਗਵਾਹਾਂ ਦੀ 1992 ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ੇ 95-184 ਦੇਖੋ।

[ਸਫ਼ੇ 27-29 ਉੱਤੇ ਚਾਰਟ/ਤਸਵੀਰਾਂ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਨਿਊਯਾਰਕ ਦੇ ਰੋਚਸਟਰ ਸ਼ਹਿਰ ਵਿਚ ਮੇਰੇ ਮਾਪੇ

1948

ਸਾਊਥ ਲੈਂਸਿੰਗ ਵਿਚ ਗਿਲਿਅਡ ਦੀ 12ਵੀਂ ਕਲਾਸ ਲਈ

1949

ਇਟਲੀ ਜਾਣ ਤੋਂ ਪਹਿਲਾਂ ਫਰਨ ਨਾਲ

ਕਾਪਰੀ, ਇਟਲੀ

1952

ਹੋਰਨਾਂ ਮਿਸ਼ਨਰੀਆਂ ਨਾਲ ਟਿਊਰਿਨ ਤੇ ਨੇਪਲਜ਼ ਵਿਚ

1963

ਫਰਨ ਆਪਣੀਆਂ ਕੁਝ ਬਾਈਬਲ ਵਿਦਿਆਰਥਣਾਂ ਨਾਲ

“ਸਾਨੂੰ ਆਪਣੇ ਜੋਸ਼ ਦੀ ਚਮਕ ਨਹੀਂ ਗੁਆਉਣੀ ਚਾਹੀਦੀ”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ