ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 12/15 ਸਫ਼ੇ 14-17
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਮਿਲਦੀ-ਜੁਲਦੀ ਜਾਣਕਾਰੀ
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2014
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 12/15 ਸਫ਼ੇ 14-17

ਪਾਠਕਾਂ ਵੱਲੋਂ ਸਵਾਲ

ਸੱਚਾਈ ਦਾ ਗਿਆਨ ਲੈਣ ਤੋਂ ਪਹਿਲਾਂ ਮੈਂ ਅਤੇ ਮੇਰੀ ਪਤਨੀ ਨੇ ਬੱਚਾ ਪੈਦਾ ਕਰਨ ਲਈ ਇਨ ਵਿਟਰੋ ਫਰਟੀਲਾਈਜ਼ੇਸ਼ਨ ਤਕਨੀਕ ਇਸਤੇਮਾਲ ਕੀਤੀ ਸੀ। ਉਸ ਵੇਲੇ ਸਾਰੇ ਭਰੂਣ ਇਸਤੇਮਾਲ ਨਹੀਂ ਕੀਤੇ ਗਏ ਸਨ, ਕੁਝ ਨੂੰ ਬਹੁਤ ਘੱਟ ਤਾਪਮਾਨ ਉੱਤੇ ਸਾਂਭ ਕੇ ਰੱਖਿਆ ਗਿਆ ਸੀ। ਕੀ ਉਨ੍ਹਾਂ ਦੀ ਸੰਭਾਲ ਜਾਰੀ ਰੱਖੀ ਜਾਵੇ ਜਾਂ ਫਿਰ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇ?

ਜਿਹੜੇ ਪਤੀ-ਪਤਨੀ ਇਨ ਵਿਟਰੋ ਫਰਟੀਲਾਈਜ਼ੇਸ਼ਨ ਤਕਨੀਕ ਇਸਤੇਮਾਲ ਕਰਨੀ ਚਾਹੁੰਦੇ ਹਨ, ਉਹ ਸੋਚ-ਸਮਝ ਕੇ ਇਸ ਬਾਰੇ ਫ਼ੈਸਲਾ ਕਰਨ ਜਿਸ ਨਾਲ ਯਹੋਵਾਹ ਦਾ ਆਦਰ ਹੋਵੇ। ਇਸ ਲਈ ਗਰਭ ਧਾਰਨ ਕਰਨ ਦੀ ਇਸ ਵਿਗਿਆਨਕ ਤਕਨੀਕ ਬਾਰੇ ਕੁਝ ਜਾਣਕਾਰੀ ਲੈਣੀ ਮਦਦਗਾਰ ਸਾਬਤ ਹੋਵੇਗੀ।

1978 ਵਿਚ ਇੰਗਲੈਂਡ ਵਿਚ ਇਕ ਤੀਵੀਂ ਨੇ ਇਸ ਤਕਨੀਕ ਨਾਲ ਇਕ ਬੱਚੀ ਨੂੰ ਜਨਮ ਦਿੱਤਾ ਤੇ ਇਹ ਬੱਚੀ ਪਹਿਲੀ ਟੈੱਸਟ-ਟਿਊਬ ਬੇਬੀ ਵਜੋਂ ਮਸ਼ਹੂਰ ਹੋਈ। ਉਸ ਤੀਵੀਂ ਦੇ ਗਰਭ ਨਹੀਂ ਠਹਿਰਦਾ ਸੀ ਕਿਉਂਕਿ ਉਸ ਦੀਆਂ ਫੈਲੋਪੀਅਨ ਟਿਊਬਾਂ ਬੰਦ ਹੋਣ ਕਰਕੇ ਉਸ ਦੇ ਪਤੀ ਦੇ ਸ਼ੁਕਰਾਣੂ ਉਸ ਦੇ ਆਂਡਿਆਂ ਤਕ ਪਹੁੰਚ ਨਹੀਂ ਸਕਦੇ ਸਨ। ਡਾਕਟਰਾਂ ਨੇ ਓਪਰੇਸ਼ਨ ਕਰ ਕੇ ਉਸ ਦੇ ਗਰਭ ਵਿੱਚੋਂ ਇਕ ਆਂਡਾ ਕੱਢਿਆ ਅਤੇ ਉਸ ਨੂੰ ਸ਼ੀਸ਼ੇ ਦੀ ਪਲੇਟ ਵਿਚ ਰੱਖ ਕੇ ਉਸ ਵਿਚ ਉਸ ਦੇ ਪਤੀ ਦੇ ਸ਼ੁਕਰਾਣੂ ਮਿਲਾਏ। ਇਨ੍ਹਾਂ ਤੋਂ ਭਰੂਣ ਬਣਨਾ ਸ਼ੁਰੂ ਹੋਇਆ ਅਤੇ ਫਿਰ ਇਸ ਭਰੂਣ ਨੂੰ ਤੀਵੀਂ ਦੇ ਗਰਭ ਵਿਚ ਰੱਖ ਦਿੱਤਾ ਗਿਆ ਜਿੱਥੇ ਇਹ ਵਧਦਾ ਗਿਆ। ਕੁਝ ਮਹੀਨਿਆਂ ਬਾਅਦ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ। ਇਸ ਤਕਨੀਕ ਨੂੰ ਤੇ ਇਸ ਨਾਲ ਮਿਲਦੀਆਂ-ਜੁਲਦੀਆਂ ਹੋਰ ਤਕਨੀਕਾਂ ਨੂੰ ਇਨ ਵਿਟਰੋ (ਯਾਨੀ ਸ਼ੀਸ਼ੇ ਦੀ ਪਲੇਟ ਵਿਚ) ਫਰਟੀਲਾਈਜ਼ੇਸ਼ਨ ਜਾਂ ਆਈ. ਵੀ. ਐੱਫ਼ ਕਿਹਾ ਜਾਂਦਾ ਹੈ।

ਵੱਖੋ-ਵੱਖਰੇ ਦੇਸ਼ਾਂ ਵਿਚ ਸ਼ਾਇਦ ਇਸ ਤਕਨੀਕ ਵਿਚ ਥੋੜ੍ਹੇ-ਬਹੁਤ ਫ਼ਰਕ ਹੋਣ, ਪਰ ਆਮ ਤੌਰ ਤੇ ਆਈ. ਵੀ. ਐੱਫ਼ ਤਕਨੀਕ ਇਸ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ ਹੈ: ਪਤਨੀ ਨੂੰ ਕੁਝ ਹਫ਼ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂਕਿ ਉਸ ਦੇ ਅੰਡਕੋਸ਼ਾਂ ਵਿਚ ਆਂਡੇ ਬਣਨ। ਪਤੀ ਤੋਂ ਸ਼ੁਕਰਾਣੂ ਲਏ ਜਾਂਦੇ ਹਨ। ਫਿਰ ਲੈਬਾਰਟਰੀ ਵਿਚ ਪਤਨੀ ਦੇ ਆਂਡੇ ਅਤੇ ਪਤੀ ਦੇ ਸ਼ੁਕਰਾਣੂ ਮਿਲਾਏ ਜਾਂਦੇ ਹਨ। ਇਸ ਨਾਲ ਕਈ ਆਂਡਿਆਂ ਤੋਂ ਭਰੂਣ ਬਣਨੇ ਸ਼ੁਰੂ ਹੋ ਜਾਂਦੇ ਹਨ। ਇਕ-ਦੋ ਦਿਨਾਂ ਬਾਅਦ ਇਨ੍ਹਾਂ ਭਰੂਣਾਂ ਦੀ ਧਿਆਨ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਕਿਹੜੇ ਭਰੂਣਾਂ ਵਿਚ ਨੁਕਸ ਹੈ ਅਤੇ ਕਿਹੜੇ ਤੰਦਰੁਸਤ ਹਨ ਜੋ ਗਰਭ ਵਿਚ ਵਧਣ-ਫੁੱਲਣਗੇ। ਤੀਸਰੇ ਦਿਨ ਪਤਨੀ ਦੇ ਗਰਭ ਵਿਚ ਦੋ ਜਾਂ ਤਿੰਨ ਤੰਦਰੁਸਤ ਭਰੂਣ ਪਾ ਦਿੱਤੇ ਜਾਂਦੇ ਹਨ ਤਾਂਕਿ ਉਸ ਦੇ ਗਰਭਵਤੀ ਹੋਣ ਦੇ ਆਸਾਰ ਵਧ ਜਾਣ। ਜੇ ਇਕ ਜਾਂ ਜ਼ਿਆਦਾ ਭਰੂਣ ਗਰਭ ਵਿਚ ਵਧਣੇ ਸ਼ੁਰੂ ਹੋ ਜਾਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਗਰਭਵਤੀ ਹੈ ਅਤੇ ਉਮੀਦ ਰੱਖੀ ਜਾਂਦੀ ਹੈ ਕਿ ਉਹ ਕੁਝ ਮਹੀਨਿਆਂ ਬਾਅਦ ਬੱਚੇ ਨੂੰ ਜਨਮ ਦੇਵੇਗੀ।

ਪਰ ਉਨ੍ਹਾਂ ਭਰੂਣਾਂ ਦਾ ਕੀ ਕੀਤਾ ਜਾਂਦਾ ਹੈ ਜਿਹੜੇ ਪਤਨੀ ਦੇ ਗਰਭ ਵਿਚ ਨਹੀਂ ਪਾਏ ਜਾਂਦੇ? ਉਨ੍ਹਾਂ ਵਿਚ ਸ਼ਾਇਦ ਕਮਜ਼ੋਰ ਜਾਂ ਨੁਕਸਦਾਰ ਭਰੂਣ ਵੀ ਹੋਣ। ਜੇ ਉਨ੍ਹਾਂ ਨੂੰ ਉੱਦਾਂ ਹੀ ਰਹਿਣ ਦਿੱਤਾ ਜਾਵੇ, ਤਾਂ ਉਹ ਜਲਦੀ ਮਰ ਜਾਣਗੇ। ਇਸ ਲਈ ਵਾਧੂ ਭਰੂਣਾਂ ਨੂੰ ਤਰਲ ਨਾਈਟ੍ਰੋਜਨ ਵਿਚ ਸਾਂਭ ਕੇ ਰੱਖਿਆ ਜਾਂਦਾ ਹੈ। ਕਿਉਂ? ਜੇ ਪਹਿਲੀ ਵਾਰ ਕੋਸ਼ਿਸ਼ ਕਰਨ ਤੇ ਗਰਭ ਨਹੀਂ ਠਹਿਰਦਾ, ਤਾਂ ਸੰਭਾਲ ਕੇ ਰੱਖੇ ਗਏ ਇਹ ਵਾਧੂ ਭਰੂਣ ਆਈ. ਵੀ. ਐੱਫ਼ ਤਕਨੀਕ ਰਾਹੀਂ ਗਰਭ ਵਿਚ ਪਾਏ ਜਾ ਸਕਦੇ ਹਨ। ਇਸ ਦਾ ਖ਼ਰਚਾ ਘੱਟ ਆਉਂਦਾ ਹੈ। ਪਰ ਕਈਆਂ ਦੇ ਮਨ ਵਿਚ ਸਵਾਲ ਖੜ੍ਹਾ ਹੁੰਦਾ ਹੈ ਕਿ ਉਹ ਸਾਂਭ ਕੇ ਰੱਖੇ ਗਏ ਵਾਧੂ ਭਰੂਣਾਂ ਦਾ ਕੀ ਕਰਨ। ਸ਼ੁਰੂ ਵਿਚ ਜ਼ਿਕਰ ਕੀਤੇ ਗਏ ਜੋੜੇ ਵਾਂਗ ਕਈਆਂ ਲਈ ਇਹ ਫ਼ੈਸਲਾ ਕਰਨਾ ਬਹੁਤ ਮੁਸ਼ਕਲ ਹੈ। ਉਹ ਸ਼ਾਇਦ ਹੋਰ ਬੱਚੇ ਨਾ ਚਾਹੁੰਦੇ ਹੋਣ। ਜਾਂ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਹੋਵੇ ਜਾਂ ਪੈਸੇ ਦੀ ਤੰਗੀ ਕਰ ਕੇ ਉਹ ਹੁਣ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰਨੀ ਚਾਹੁਣ। ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਹੋ ਸਕਦਾ ਹੈ ਕਿ ਗਰਭ ਵਿਚ ਇਕ ਤੋਂ ਜ਼ਿਆਦਾ ਬੱਚੇ ਹੋਣ ਨਾਲ ਕਈ ਖ਼ਤਰੇ ਹੋ ਸਕਦੇ ਹਨ।a ਜਾਂ ਪਤੀ-ਪਤਨੀ ਵਿੱਚੋਂ ਇਕ ਜਣੇ ਦੀ ਜਾਂ ਦੋਵਾਂ ਦੀ ਮੌਤ ਹੋ ਗਈ ਹੋਵੇ। ਜਾਂ ਉਨ੍ਹਾਂ ਵਿੱਚੋਂ ਇਕ ਦਾ ਜਾਂ ਦੋਵਾਂ ਦਾ ਦੁਬਾਰਾ ਵਿਆਹ ਹੋ ਗਿਆ ਹੋਵੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਕਰਕੇ ਕੁਝ ਪਤੀ-ਪਤਨੀ ਵਾਧੂ ਭਰੂਣਾਂ ਨੂੰ ਸੰਭਾਲ ਕੇ ਰੱਖਣ ਲਈ ਸਾਲਾਂ-ਬੱਧੀ ਫ਼ੀਸ ਦਿੰਦੇ ਰਹਿੰਦੇ ਹਨ।

2008 ਵਿਚ ਇਕ ਡਾਕਟਰ ਨੇ ਦ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਕਿਹਾ ਸੀ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਵਾਧੂ ਭਰੂਣਾਂ ਦਾ ਕੀ ਕਰਨ। ਉਸ ਅਖ਼ਬਾਰ ਵਿਚ ਦੱਸਿਆ ਗਿਆ ਸੀ: ‘ਦੇਸ਼ ਭਰ ਵਿਚ ਵੱਖੋ-ਵੱਖਰੇ ਕਲਿਨਿਕਾਂ ਵਿਚ ਘੱਟੋ-ਘੱਟ ਚਾਰ ਲੱਖ ਭਰੂਣ ਸਾਂਭ ਕੇ ਰੱਖੇ ਹੋਏ ਹਨ ਅਤੇ ਹਰ ਰੋਜ਼ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਜਾਵੇ, ਤਾਂ ਇਹ ਦਸ ਜਾਂ ਜ਼ਿਆਦਾ ਸਾਲ ਜੀਉਂਦੇ ਰਹਿ ਸਕਦੇ ਹਨ, ਪਰ ਜੇ ਇਨ੍ਹਾਂ ਨੂੰ ਘੱਟ ਤਾਪਮਾਨ ਵਿੱਚੋਂ ਕੱਢ ਕੇ ਬਾਹਰ ਰੱਖਿਆ ਜਾਵੇ, ਤਾਂ ਇਨ੍ਹਾਂ ਵਿੱਚੋਂ ਸਾਰੇ ਨਹੀਂ ਬਚਣਗੇ।’ ਕੁਝ ਮਸੀਹੀ ਸ਼ਾਇਦ ਇਸ ਗੱਲ ʼਤੇ ਵਿਚਾਰ ਕਰਨਾ ਚਾਹੁਣ। ਕਿਉਂ?

ਜਿਨ੍ਹਾਂ ਪਤੀ-ਪਤਨੀਆਂ ਦੇ ਮਨ ਵਿਚ ਵਾਧੂ ਭਰੂਣਾਂ ਦੇ ਸੰਬੰਧ ਵਿਚ ਸਵਾਲ ਪੈਦਾ ਹੁੰਦੇ ਹਨ, ਉਹ ਇਕ ਹੋਰ ਡਾਕਟਰੀ ਹਾਲਤ ʼਤੇ ਗੌਰ ਕਰ ਸਕਦੇ ਹਨ। ਹੋ ਸਕਦਾ ਹੈ ਕਿ ਕਿਸੇ ਮਸੀਹ ਦੇ ਪਰਿਵਾਰ ਦਾ ਮੈਂਬਰ ਮਰਨ ਵਾਲੀ ਹਾਲਤ ਵਿਚ ਹੋਵੇ ਅਤੇ ਉਸ ਨੂੰ ਗ਼ੈਰ-ਕੁਦਰਤੀ ਢੰਗ ਨਾਲ ਮਸ਼ੀਨ ਦੇ ਸਹਾਰੇ ਜੀਉਂਦਾ ਰੱਖਿਆ ਗਿਆ ਹੋਵੇ, ਜਿਵੇਂ ਕਿ ਸਾਹ ਲੈਣ ਵਾਸਤੇ ਵੈਂਟੀਲੇਟਰ। ਸੋ ਅਜਿਹੀ ਹਾਲਤ ਵਿਚ ਉਸ ਮਸੀਹੀ ਨੂੰ ਸ਼ਾਇਦ ਫ਼ੈਸਲਾ ਕਰਨਾ ਪਵੇ ਕਿ ਇਸ ਤਰ੍ਹਾਂ ਕਰਨਾ ਜਾਰੀ ਰੱਖਿਆ ਜਾਵੇ ਜਾਂ ਨਾ। ਸੱਚੇ ਮਸੀਹੀ ਇਲਾਜ ਦੇ ਮਾਮਲੇ ਵਿਚ ਅਣਗਹਿਲੀ ਨਹੀਂ ਕਰਦੇ; ਕੂਚ 20:13 ਅਤੇ ਜ਼ਬੂਰ 36:9 ਮੁਤਾਬਕ ਉਹ ਜ਼ਿੰਦਗੀ ਨੂੰ ਕੀਮਤੀ ਸਮਝਦੇ ਹਨ। 8 ਮਈ 1974 ਦੇ ਜਾਗਰੂਕ ਬਣੋ! ਵਿਚ ਇਹ ਕਿਹਾ ਗਿਆ ਸੀ: “ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਵਾਲੇ ਲੋਕ ਕਦੀ ਵੀ ਡਾਕਟਰਾਂ ਨੂੰ ਐਕਟਿਵ ਯੂਥਨੇਸੀਆ ਦੀ ਇਜਾਜ਼ਤ ਨਹੀਂ ਦੇਣਗੇ।”b ਪਰ ਦੂਜੇ ਪਾਸੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਇਦ ਫ਼ੈਸਲਾ ਕਰਨਾ ਪਵੇ ਕਿ ਮਰੀਜ਼ ਨੂੰ ਗ਼ੈਰ-ਕੁਦਰਤੀ ਢੰਗ ਨਾਲ ਮਸ਼ੀਨਾਂ ਦੇ ਸਹਾਰੇ ਜੀਉਂਦਾ ਰੱਖਿਆ ਜਾਵੇ ਜਾਂ ਨਾ।

ਇਹ ਸੱਚ ਹੈ ਕਿ ਇਸ ਹਾਲਤ ਵਿਚ ਅਤੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਪਤੀ-ਪਤਨੀ ਦੀ ਹਾਲਤ ਵਿਚ ਫ਼ਰਕ ਹੈ ਜਿਨ੍ਹਾਂ ਨੇ ਆਈ. ਵੀ. ਐੱਫ਼ ਤਕਨੀਕ ਇਸਤੇਮਾਲ ਕੀਤੀ ਸੀ। ਪਰ ਉਹ ਸ਼ਾਇਦ ਇਸ ਤਰ੍ਹਾਂ ਕਰ ਸਕਦੇ ਹਨ: ਜਿਨ੍ਹਾਂ ਭਰੂਣਾਂ ਨੂੰ ਨਾਈਟ੍ਰੋਜਨ ਫ੍ਰੀਜ਼ਰ ਵਿਚ ਬਹੁਤ ਹੀ ਠੰਢੇ ਤਾਪਮਾਨ ਵਿਚ ਗ਼ੈਰ-ਕੁਦਰਤੀ ਢੰਗ ਨਾਲ ਜੀਉਂਦਾ ਰੱਖਿਆ ਜਾਂਦਾ ਹੈ, ਉਨ੍ਹਾਂ ਭਰੂਣਾਂ ਨੂੰ ਕਢਵਾ ਕੇ ਬਾਹਰ ਰੱਖਿਆ ਜਾਵੇ। ਫ੍ਰੀਜ਼ਰ ਤੋਂ ਬਾਹਰ ਉਹ ਜ਼ਿਆਦਾ ਦੇਰ ਤਕ ਜੀਉਂਦੇ ਨਹੀਂ ਰਹਿਣਗੇ। ਪਤੀ-ਪਤਨੀ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਇਸ ਦੀ ਇਜਾਜ਼ਤ ਦੇਣਗੇ ਜਾਂ ਨਹੀਂ।—ਗਲਾ. 6:7.

ਆਈ. ਵੀ. ਐੱਫ਼ ਤਕਨੀਕ ਇਸਤੇਮਾਲ ਕਰਨ ਵਾਲਾ ਕੋਈ ਜੋੜਾ ਸ਼ਾਇਦ ਆਪਣੇ ਵਾਧੂ ਭਰੂਣ ਨੂੰ ਸਾਂਭ ਕੇ ਰੱਖਣ ਦਾ ਫ਼ੈਸਲਾ ਕਰੇ ਅਤੇ ਇਸ ਦਾ ਖ਼ਰਚਾ ਵੀ ਚੁੱਕੇ ਜਾਂ ਭਵਿੱਖ ਵਿਚ ਬੱਚਾ ਪੈਦਾ ਕਰਨ ਲਈ ਇਨ੍ਹਾਂ ਨੂੰ ਵਰਤੇ। ਪਰ ਕੋਈ ਹੋਰ ਜੋੜਾ ਸ਼ਾਇਦ ਫ਼ੈਸਲਾ ਕਰੇ ਕਿ ਉਹ ਫ੍ਰੀਜ਼ਰ ਵਿਚ ਰੱਖੇ ਵਾਧੂ ਭਰੂਣ ਹੋਰ ਸੰਭਾਲ ਕੇ ਨਹੀਂ ਰੱਖਣਾ ਚਾਹੁੰਦਾ; ਉਨ੍ਹਾਂ ਦੀ ਨਜ਼ਰ ਵਿਚ ਉਨ੍ਹਾਂ ਭਰੂਣਾਂ ਨੂੰ ਗ਼ੈਰ-ਕੁਦਰਤੀ ਢੰਗ ਨਾਲ ਜੀਉਂਦਾ ਰੱਖਿਆ ਗਿਆ ਹੈ। ਮਸੀਹੀਆਂ ਨੇ ਬਾਈਬਲ ਦੇ ਅਸੂਲਾਂ ʼਤੇ ਸੋਚ-ਵਿਚਾਰ ਕਰ ਕੇ ਆਪਣੀ ਜ਼ਮੀਰ ਮੁਤਾਬਕ ਇਹ ਫ਼ੈਸਲਾ ਕਰਨਾ ਹੈ ਅਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਫ਼ੈਸਲੇ ਦਾ ਜਵਾਬ ਦੇਣਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਦੇ ਫ਼ੈਸਲੇ ਕਰਕੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਲਾਹਨਤਾਂ ਨਾ ਪਾਵੇ। ਉਨ੍ਹਾਂ ਨੂੰ ਦੂਸਰਿਆਂ ਦੀ ਜ਼ਮੀਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।—1 ਤਿਮੋ. 1:19.

ਇਨ੍ਹਾਂ ਤਕਨੀਕਾਂ ਦੇ ਇਕ ਮਾਹਰ ਨੇ ਦੇਖਿਆ ਹੈ ਕਿ ਜ਼ਿਆਦਾਤਰ ਵਿਆਹੁਤਾ ਜੋੜੇ “ਇਸ ਗੱਲ ਦਾ ਫ਼ੈਸਲਾ ਨਹੀਂ ਕਰ ਪਾਉਂਦੇ ਕਿ ਉਹ ਆਪਣੇ ਵਾਧੂ ਭਰੂਣਾਂ ਦਾ ਕੀ ਕਰਨ। ਉਨ੍ਹਾਂ ਦੇ ਮਨ ਉੱਤੇ ਹਮੇਸ਼ਾ ਇਹ ਬੋਝ ਰਹਿੰਦਾ ਹੈ।” ਉਸ ਨੇ ਕਿਹਾ: “ਬਹੁਤ ਸਾਰੇ ਜੋੜਿਆਂ ਨੂੰ ਕੋਈ ਵੀ ਫ਼ੈਸਲਾ ਸਹੀ ਨਹੀਂ ਲੱਗਦਾ।”

ਆਈ. ਵੀ. ਐੱਫ਼ ਤਕਨੀਕ ਇਸਤੇਮਾਲ ਕਰਨ ਬਾਰੇ ਸੋਚ ਰਹੇ ਸੱਚੇ ਮਸੀਹੀਆਂ ਨੂੰ ਇਨ੍ਹਾਂ ਸਾਰੀਆਂ ਗੰਭੀਰ ਗੱਲਾਂ ʼਤੇ ਵਿਚਾਰ ਕਰਨਾ ਚਾਹੀਦਾ ਹੈ। ਬਾਈਬਲ ਸਲਾਹ ਦਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾ. 22:3.

ਇਕ ਅਣਵਿਆਹਿਆ ਜੋੜਾ ਜੋ ਬਾਈਬਲ ਦੀ ਸਟੱਡੀ ਕਰ ਰਿਹਾ ਹੈ, ਬਪਤਿਸਮਾ ਲੈਣਾ ਚਾਹੁੰਦਾ ਹੈ। ਪਰ ਉਹ ਕਾਨੂੰਨੀ ਤੌਰ ਤੇ ਵਿਆਹ ਨਹੀਂ ਕਰਾ ਸਕਦੇ ਕਿਉਂਕਿ ਆਦਮੀ ਦੇਸ਼ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ। ਉੱਥੇ ਦੀ ਸਰਕਾਰ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਕਾਨੂੰਨੀ ਤੌਰ ਤੇ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਦਿੰਦੀ। ਕੀ ਉਹ ਬਪਤਿਸਮਾ ਲੈਣ ਦੇ ਯੋਗ ਬਣਨ ਲਈ “Declaration Pledging Faithfulness” ਨਾਂ ਦੇ ਦਸਤਾਵੇਜ਼ ਉੱਤੇ ਦਸਤਖਤ ਕਰ ਸਕਦੇ ਹਨ?

ਸ਼ਾਇਦ ਇਹ ਸਮੱਸਿਆ ਦਾ ਹੱਲ ਲੱਗੇ, ਪਰ ਬਾਈਬਲ ਮੁਤਾਬਕ ਇਹ ਸਹੀ ਤਰੀਕਾ ਨਹੀਂ ਹੈ। ਇਹ ਜਾਣਨ ਲਈ ਕਿ ਇਹ ਸਹੀ ਕਿਉਂ ਨਹੀਂ ਹੈ, ਆਓ ਪਹਿਲਾਂ ਆਪਾਂ ਦੇਖੀਏ ਕਿ ਇਹ ਦਸਤਾਵੇਜ਼ ਕਿਉਂ, ਕਿਵੇਂ ਅਤੇ ਕਿੱਥੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਦਸਤਾਵੇਜ਼ ਕਿਉਂ ਅਤੇ ਕਦੋਂ ਇਸਤੇਮਾਲ ਕੀਤਾ ਜਾਂਦਾ ਹੈ? ਯਹੋਵਾਹ ਨੇ ਵਿਆਹ ਦੇ ਪ੍ਰਬੰਧ ਦੀ ਸ਼ੁਰੂਆਤ ਕੀਤੀ ਸੀ। ਉਸ ਦੇ ਪੁੱਤਰ ਨੇ ਕਿਹਾ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:5, 6; ਉਤ. 2:22-24) ਯਿਸੂ ਨੇ ਇਹ ਵੀ ਕਿਹਾ ਸੀ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।” (ਮੱਤੀ 19:9) ਸੋ ਬਾਈਬਲ ਮੁਤਾਬਕ ਸਿਰਫ਼ “ਹਰਾਮਕਾਰੀ” ਕਰਕੇ ਹੀ ਤਲਾਕ ਲਿਆ ਜਾ ਸਕਦਾ ਹੈ। ਮਿਸਾਲ ਲਈ, ਜੇ ਪਤੀ ਕਿਸੇ ਹੋਰ ਤੀਵੀਂ ਨਾਲ ਸਰੀਰਕ ਸੰਬੰਧ ਕਾਇਮ ਕਰਦਾ ਹੈ, ਤਾਂ ਉਸ ਦੀ ਪਤਨੀ ਫ਼ੈਸਲਾ ਕਰ ਸਕਦੀ ਹੈ ਕਿ ਉਹ ਉਸ ਨੂੰ ਤਲਾਕ ਦੇਵੇਗੀ ਜਾਂ ਨਹੀਂ। ਜੇ ਉਹ ਉਸ ਨੂੰ ਤਲਾਕ ਦਿੰਦੀ ਹੈ, ਤਾਂ ਉਹ ਦੁਬਾਰਾ ਵਿਆਹ ਕਰਾ ਸਕਦੀ ਹੈ।

ਪਰ ਕੁਝ ਦੇਸ਼ਾਂ ਵਿਚ ਪਹਿਲਾਂ ਈਸਾਈ ਧਰਮ ਨੇ ਤਲਾਕ ਲਈ ਯਿਸੂ ਦੁਆਰਾ ਦਿੱਤੇ ਇਸ ਸਪੱਸ਼ਟ ਕਾਰਨ ਨੂੰ ਨਹੀਂ ਮੰਨਿਆ, ਸਗੋਂ ਇਹ ਸਿਖਾਇਆ ਕਿ ਕਿਸੇ ਵੀ ਕਾਰਨ ਕਰਕੇ ਤਲਾਕ ਨਹੀਂ ਦਿੱਤਾ ਜਾ ਸਕਦਾ। ਇਸ ਲਈ ਜਿਨ੍ਹਾਂ ਕੁਝ ਦੇਸ਼ਾਂ ਵਿਚ ਚਰਚ ਦਾ ਪ੍ਰਭਾਵ ਸੀ ਉੱਥੇ ਸਰਕਾਰੀ ਕਾਨੂੰਨ ਵਿਚ ਤਲਾਕ ਦਾ ਕੋਈ ਪ੍ਰਬੰਧ ਨਹੀਂ ਹੈ। ਹੋਰ ਦੇਸ਼ਾਂ ਵਿਚ ਤਲਾਕ ਲੈਣ ਦਾ ਪ੍ਰਬੰਧ ਹੈ, ਪਰ ਇਹ ਲੈਣਾ ਬਹੁਤ ਹੀ ਔਖਾ ਹੈ ਅਤੇ ਕਈ-ਕਈ ਸਾਲ ਲੱਗ ਜਾਂਦੇ ਹਨ। ਇਕ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੋ ਚੀਜ਼ ਪਰਮੇਸ਼ੁਰ ਨੂੰ ਮਨਜ਼ੂਰ ਹੈ, ਉਸ ਨੂੰ ਚਰਚ ਜਾਂ ਸਰਕਾਰ ‘ਰੋਕਦੀ’ ਹੈ।—ਰਸੂ. 11:17.

ਮਿਸਾਲ ਲਈ, ਇਕ ਜੋੜਾ ਸ਼ਾਇਦ ਅਜਿਹੇ ਦੇਸ਼ ਵਿਚ ਰਹਿੰਦਾ ਹੋਵੇ ਜਿੱਥੇ ਤਲਾਕ ਲੈਣਾ ਨਾਮੁਮਕਿਨ ਹੈ ਜਾਂ ਬਹੁਤ ਹੀ ਮੁਸ਼ਕਲ ਹੈ ਤੇ ਸ਼ਾਇਦ ਕਈ ਸਾਲ ਲੱਗਣ। ਜੇ ਉਨ੍ਹਾਂ ਨੇ ਆਪਣੇ ਪੁਰਾਣੇ ਕਾਨੂੰਨੀ ਵਿਆਹੁਤਾ ਰਿਸ਼ਤੇ ਨੂੰ ਖ਼ਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਆਹ ਕਰਾਉਣ ਦੇ ਯੋਗ ਹੈ, ਤਾਂ ਉਹ ਗਵਾਹਾਂ ਦੇ ਸਾਮ੍ਹਣੇ ਇਸ ਦਸਤਾਵੇਜ਼ ਉੱਤੇ ਦਸਤਖਤ ਕਰ ਸਕਦਾ ਹੈ। ਤੀਵੀਂ-ਆਦਮੀ ਦਸਤਾਵੇਜ਼ ਉੱਤੇ ਵਾਅਦਾ ਕਰਦੇ ਹਨ ਕਿ ਉਹ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣਗੇ ਅਤੇ ਜਦੋਂ ਮੁਮਕਿਨ ਹੋਵੇਗਾ, ਤਾਂ ਉਹ ਆਪਣੇ ਵਿਆਹ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕਰਵਾ ਲੈਣਗੇ। ਇਸ ਦਸਤਾਵੇਜ਼ ਰਾਹੀਂ ਉਹ ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਵਫ਼ਾਦਾਰ ਰਹਿਣ ਦਾ ਵਾਅਦਾ ਕਰਦੇ ਹਨ। ਇਸ ਲਈ ਮੰਡਲੀ ਦੀ ਨਜ਼ਰ ਵਿਚ ਉਨ੍ਹਾਂ ਦਾ ਵਿਆਹ ਕਾਨੂੰਨੀ ਸਮਝਿਆ ਜਾਵੇਗਾ। ਸੋ ਜਿਨ੍ਹਾਂ ਦੇਸ਼ਾਂ ਵਿਚ ਤਲਾਕ ਲੈਣਾ ਨਾਮੁਮਕਿਨ ਹੈ ਜਾਂ ਬਹੁਤ ਹੀ ਮੁਸ਼ਕਲ ਹੈ, ਉਨ੍ਹਾਂ ਦੇਸ਼ਾਂ ਵਿਚ ਮਸੀਹੀ ਮੰਡਲੀ ਨੇ ਇਸ ਦਸਤਾਵੇਜ਼ ਦਾ ਪ੍ਰਬੰਧ ਕੀਤਾ ਹੈ। ਪਰ ਜਿਨ੍ਹਾਂ ਦੇਸ਼ਾਂ ਵਿਚ ਤਲਾਕ ਲੈਣਾ ਮੁਮਕਿਨ ਹੈ, ਉੱਥੇ ਇਹ ਦਸਤਾਵੇਜ਼ ਨਹੀਂ ਵਰਤਿਆ ਜਾਣਾ ਚਾਹੀਦਾ, ਭਾਵੇਂ ਤਲਾਕ ਲੈਣ ʼਤੇ ਬਹੁਤ ਪੈਸਾ ਖ਼ਰਚ ਹੁੰਦਾ ਹੈ ਜਾਂ ਤਲਾਕ ਦੀ ਕਾਰਵਾਈ ਗੁੰਝਲਦਾਰ ਹੁੰਦੀ ਹੈ।

ਕੁਝ ਲੋਕ ਜਿਹੜੇ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਤਲਾਕ ਲੈਣਾ ਮੁਮਕਿਨ ਹੈ, ਇਸ ਦਸਤਾਵੇਜ਼ ਨੂੰ ਇਸ ਕਰਕੇ ਇਸਤੇਮਾਲ ਕਰਨਾ ਚਾਹੁੰਦੇ ਹਨ ਤਾਂਕਿ ਉਹ ਤਲਾਕ ਲੈਣ ਦੇ ਝੰਜਟ ਤੋਂ ਬਚ ਸਕਣ। ਪਰ ਇਹ ਇਸ ਦਸਤਾਵੇਜ਼ ਦਾ ਗ਼ਲਤ ਇਸਤੇਮਾਲ ਹੋਵੇਗਾ।

ਆਓ ਆਪਾਂ ਦੁਬਾਰਾ ਉਸ ਜੋੜੇ ਬਾਰੇ ਗੱਲ ਕਰੀਏ ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ। ਉਹ ਦੋਵੇਂ ਇਕੱਠੇ ਰਹਿੰਦੇ ਹਨ ਤੇ ਵਿਆਹ ਕਰਾਉਣਾ ਚਾਹੁੰਦੇ ਹਨ। ਬਾਈਬਲ ਮੁਤਾਬਕ ਉਹ ਵਿਆਹ ਕਰਾ ਸਕਦੇ ਹਨ। ਉਨ੍ਹਾਂ ਦਾ ਪਹਿਲਾਂ ਕਿਸੇ ਹੋਰ ਨਾਲ ਵਿਆਹ ਨਹੀਂ ਹੋਇਆ ਹੈ। ਪਰ ਉਨ੍ਹਾਂ ਦੀ ਮੁਸ਼ਕਲ ਇਹ ਹੈ ਕਿ ਆਦਮੀ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਰਹਿ ਰਿਹਾ ਹੈ ਅਤੇ ਸਰਕਾਰ ਅਜਿਹੇ ਲੋਕਾਂ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਦਿੰਦੀ। (ਕੁਝ ਦੇਸ਼ਾਂ ਵਿਚ ਸਰਕਾਰਾਂ ਅਜਿਹੇ ਲੋਕਾਂ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਦਿੰਦੀਆਂ ਹਨ, ਭਾਵੇਂ ਤੀਵੀਂ-ਆਦਮੀ ਵਿੱਚੋਂ ਇਕ ਜਣਾ ਜਾਂ ਦੋਵੇਂ ਜਣੇ ਦੇਸ਼ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹੋਣ।) ਇਹ ਗੱਲ ਧਿਆਨ ਵਿਚ ਰੱਖੀ ਜਾਣੀ ਚਾਹੀਦੀ ਹੈ ਕਿ ਜਿਸ ਦੇਸ਼ ਵਿਚ ਉਹ ਰਹਿ ਰਹੇ ਹਨ, ਉੱਥੇ ਸਰਕਾਰ ਤਲਾਕ ਦੀ ਇਜਾਜ਼ਤ ਦਿੰਦੀ ਹੈ। ਇਸ ਕਰਕੇ ਉਹ ਜੋੜਾ ਉਸ ਦਸਤਾਵੇਜ਼ ਨੂੰ ਇਸਤੇਮਾਲ ਨਹੀਂ ਕਰ ਸਕਦਾ। ਧਿਆਨ ਦਿਓ ਕਿ ਇਸ ਜੋੜੇ ਨੂੰ ਕਿਸੇ ਤੋਂ ਤਲਾਕ ਲੈਣ ਦੀ ਲੋੜ ਨਹੀਂ ਹੈ। ਪਰ ਆਦਮੀ ਦੇਸ਼ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿੰਦਾ ਹੋਣ ਕਰਕੇ ਉਹ ਵਿਆਹ ਨਹੀਂ ਕਰਾ ਸਕਦੇ ਹਨ। ਇਸ ਹਾਲਤ ਵਿਚ ਉਹ ਕੀ ਕਰ ਸਕਦੇ ਹਨ? ਉਹ ਕਿਸੇ ਹੋਰ ਦੇਸ਼ ਜਾ ਸਕਦੇ ਹਨ ਜਿੱਥੇ ਉਹ ਕਾਨੂੰਨੀ ਤੌਰ ਤੇ ਵਿਆਹ ਕਰਾ ਸਕਦੇ ਹਨ। ਜਾਂ ਆਦਮੀ ਉਸ ਦੇਸ਼ ਵਿਚ ਪੱਕਾ ਹੋਣ ਲਈ ਕਾਨੂੰਨੀ ਕਾਰਵਾਈ ਕਰ ਸਕਦਾ ਹੈ ਅਤੇ ਬਾਅਦ ਵਿਚ ਉਹ ਦੋਵੇਂ ਵਿਆਹ ਕਰਾ ਸਕਦੇ ਹਨ।

ਜੀ ਹਾਂ, ਇਹ ਜੋੜਾ ਪਰਮੇਸ਼ੁਰ ਦੇ ਕਾਨੂੰਨ ਅਤੇ ਸਰਕਾਰ ਦੇ ਕਾਨੂੰਨ ਮੁਤਾਬਕ ਚੱਲ ਸਕਦਾ ਹੈ। (ਮਰ. 12:17; ਰੋਮੀ. 13:1) ਉਮੀਦ ਹੈ ਕਿ ਉਹ ਇਸ ਮੁਤਾਬਕ ਚੱਲਣਗੇ। ਇਸ ਤੋਂ ਬਾਅਦ ਉਹ ਬਪਤਿਸਮਾ ਲੈਣ ਦੇ ਯੋਗ ਬਣ ਸਕਦੇ ਹਨ।—ਇਬ. 13:4.

a ਉਦੋਂ ਕੀ ਜਦੋਂ ਗਰਭ ਵਿਚ ਪਲ਼ ਰਹੇ ਭਰੂਣ ਵਿਚ ਕੋਈ ਖ਼ਰਾਬੀ ਲੱਗੇ ਜਾਂ ਕਈ ਬੱਚੇ ਪਲ਼ ਰਹੇ ਹੋਣ? ਜਾਣ-ਬੁੱਝ ਕੇ ਭਰੂਣ ਦੀ ਹੱਤਿਆ ਕਰਨੀ ਗਰਭਪਾਤ ਹੋਵੇਗਾ। ਆਈ. ਵੀ. ਐੱਫ਼ ਤਰੀਕੇ ਨਾਲ ਇੱਕੋ ਸਮੇਂ ʼਤੇ ਜੌੜੇ ਜਾਂ ਤਿੰਨ ਜਾਂ ਜ਼ਿਆਦਾ ਬੱਚੇ ਹੋਣੇ ਆਮ ਹਨ। ਇਸ ਕਰਕੇ ਕਈ ਖ਼ਤਰੇ ਹੋ ਸਕਦੇ ਹਨ, ਜਿਵੇਂ ਕਿ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ ਜਾਂ ਫਿਰ ਗਰਭ ਦੌਰਾਨ ਮਾਂ ਦਾ ਖ਼ੂਨ ਵਹਿਣਾ। ਜਿਸ ਤੀਵੀਂ ਦੇ ਗਰਭ ਵਿਚ ਇਕ ਤੋਂ ਜ਼ਿਆਦਾ ਬੱਚੇ ਪਲ਼ ਰਹੇ ਹੁੰਦੇ ਹਨ, ਉਸ ਨੂੰ ਸ਼ਾਇਦ ਇਕ ਜਾਂ ਜ਼ਿਆਦਾ ਬੱਚਿਆਂ ਨੂੰ ਖ਼ਤਮ ਕਰਨ ਲਈ ਕਿਹਾ ਜਾਵੇ। ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਤਲ ਹੈ। ਬਾਈਬਲ ਕਹਿੰਦੀ ਹੈ: “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖ਼ਮੀ ਕਰ ਦੇਣ। ਇਸ ਨਾਲ ਹੋ ਸਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। . . . ਜੇ ਕੋਈ ਬੰਦਾ [ਯਾਨੀ ਤੀਵੀਂ ਜਾਂ ਅਣਜੰਮਿਆ ਬੱਚਾ] ਮਰ ਜਾਂਦਾ ਹੈ ਤਾਂ ਜਿਸ ਨੇ ਮਾਰਿਆ ਉਸਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ।”—ਕੂਚ 21:22, 23, ERV; ਜ਼ਬੂ. 139:16.

b ਐਕਟਿਵ ਯੂਥਨੇਸੀਆ ਦਾ ਮਤਲਬ ਹੈ ਲਾਇਲਾਜ ਬੀਮਾਰੀ ਦੇ ਸ਼ਿਕਾਰ ਮਰੀਜ਼ ਨੂੰ ਜ਼ਹਿਰੀਲਾ ਟੀਕਾ ਵਗੈਰਾ ਲਾ ਕੇ ਉਸ ਦੀ ਜ਼ਿੰਦਗੀ ਨੂੰ ਖ਼ਤਮ ਕਰਨਾ।

ਹੋਰ ਆਈ. ਵੀ. ਐੱਫ਼ ਤਕਨੀਕਾਂ

ਅਜਿਹੀਆਂ ਆਈ. ਵੀ. ਐੱਫ਼ ਤਕਨੀਕਾਂ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਜੋ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਅਸੂਲਾਂ ਦੇ ਬਿਲਕੁਲ ਉਲਟ ਹਨ। ਮਿਸਾਲ ਲਈ, ਇਕ ਤੀਵੀਂ ਦੇ ਆਂਡਿਆਂ ਵਿਚ ਉਸ ਦੇ ਪਤੀ ਦੀ ਬਜਾਇ ਕਿਸੇ ਹੋਰ ਆਦਮੀ ਦੇ ਸ਼ੁਕਰਾਣੂ ਮਿਲਾਏ ਜਾਂਦੇ ਹਨ ਅਤੇ ਫਿਰ ਇਸ ਨਾਲ ਪੈਦਾ ਹੋਏ ਭਰੂਣ ਨੂੰ ਉਸ ਦੇ ਗਰਭ ਵਿਚ ਰੱਖਿਆ ਜਾਂਦਾ ਹੈ। (ਕਈ ਵਾਰ ਪਤੀ-ਪਤਨੀ ਵਜੋਂ ਰਹਿ ਰਹੀਆਂ ਤੀਵੀਆਂ ਇਹ ਤਕਨੀਕ ਇਸਤੇਮਾਲ ਕਰਦੀਆਂ ਹਨ।) ਜਾਂ ਇਕ ਪਤਨੀ ਆਪਣੇ ਗਰਭ ਵਿਚ ਅਜਿਹਾ ਭਰੂਣ ਰਖਵਾਉਂਦੀ ਹੈ ਜੋ ਉਸ ਦੇ ਪਤੀ ਦੇ ਸ਼ੁਕਰਾਣੂਆਂ ਅਤੇ ਹੋਰ ਕਿਸੇ ਤੀਵੀਂ ਦੇ ਆਂਡਿਆਂ ਤੋਂ ਪੈਦਾ ਹੋਇਆ ਹੈ।

ਕਈ ਵਾਰ ਕੋਈ ਤੀਵੀਂ ਆਪਣੇ ਗਰਭ ਵਿਚ ਅਜਿਹਾ ਭਰੂਣ ਰਖਵਾਉਂਦੀ ਹੈ ਜਿਸ ਦੇ ਲਈ ਨਾ ਤਾਂ ਉਸ ਦੇ ਪਤੀ ਦੇ ਸ਼ੁਕਰਾਣੂ ਅਤੇ ਨਾ ਹੀ ਉਸ ਦੇ ਆਂਡੇ ਇਸਤੇਮਾਲ ਕੀਤੇ ਗਏ ਹੋਣ। ਜਾਂ ਫਿਰ ਪਤੀ ਦੇ ਸ਼ੁਕਰਾਣੂਆਂ ਤੇ ਪਤਨੀ ਦੇ ਆਂਡਿਆਂ ਤੋਂ ਆਈ. ਵੀ. ਐੱਫ਼ ਰਾਹੀਂ ਭਰੂਣ ਪੈਦਾ ਕੀਤਾ ਜਾਂਦਾ ਹੈ ਤੇ ਫਿਰ ਉਸ ਨੂੰ ਕਿਸੇ ਹੋਰ ਤੀਵੀਂ ਦੀ ਕੁੱਖ ਵਿਚ ਰੱਖਿਆ ਜਾਂਦਾ ਹੈ ਤੇ ਉਹ ਤੀਵੀਂ ਉਸ ਜੋੜੇ ਦੇ ਬੱਚੇ ਨੂੰ ਜਨਮ ਦਿੰਦੀ ਹੈ।

ਬਾਈਬਲ ਵਿਚ ਦੱਸੇ ਇਸ ਅਸੂਲ ਕਰਕੇ ਇਹ ਤਕਨੀਕਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਮਨਜ਼ੂਰ ਨਹੀਂ ਹਨ: “ਤੂੰ ਆਪਣੇ ਗਵਾਂਢੀ ਦੀ ਵਹੁਟੀ ਨਾਲ ਸੰਗ ਨਾ ਕਰੀਂ, ਜੋ ਉਸ ਦੇ ਨਾਲ ਤੁਸੀਂ ਭ੍ਰਿਸ਼ਟ ਨਾ ਹੋ ਜਾਓ।” (ਲੇਵੀ. 18:20, 29; ਕਹਾ. 6:29) ਜਦੋਂ ਆਈ. ਵੀ. ਐੱਫ਼ ਰਾਹੀਂ ਬੱਚਾ ਪੈਦਾ ਕਰਨ ਵਾਸਤੇ ਪਤੀ ਦੇ ਸ਼ੁਕਰਾਣੂ ਜਾਂ ਪਤਨੀ ਦੇ ਆਂਡੇ (ਜਾਂ ਫਿਰ ਦੋਵਾਂ ਦੇ ਸ਼ੁਕਰਾਣੂ ਤੇ ਆਂਡੇ) ਨਹੀਂ ਵਰਤੇ ਜਾਂਦੇ, ਤਾਂ ਬਾਈਬਲ ਮੁਤਾਬਕ ਇਹ ਪੋਰਨੀਆ ਯਾਨੀ ਹਰਾਮਕਾਰੀ ਹੈ। ਇਹ ਤਕਨੀਕਾਂ ਜਣਨ-ਅੰਗਾਂ ਦਾ ਬਹੁਤ ਹੀ ਗ਼ਲਤ ਇਸਤੇਮਾਲ ਹਨ।—ਮੱਤੀ 5:32; 1 ਕੁਰਿੰ. 5:11; 6:9, 18; ਇਬ. 13:4.

ਮਸੀਹੀਆਂ ਨੇ ਬਾਈਬਲ ਦੇ ਅਸੂਲਾਂ ʼਤੇ ਸੋਚ-ਵਿਚਾਰ ਕਰ ਕੇ ਆਪਣੀ ਜ਼ਮੀਰ ਮੁਤਾਬਕ ਇਹ ਫ਼ੈਸਲਾ ਕਰਨਾ ਹੈ ਅਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਫ਼ੈਸਲੇ ਦਾ ਜਵਾਬ ਦੇਣਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ