ਪਰਮੇਸ਼ੁਰ ਨੂੰ ਜਾਣੋ
‘ਉਹ ਜੀਉਂਦਿਆਂ ਦਾ ਪਰਮੇਸ਼ੁਰ ਹੈ’
ਕੀ ਮੌਤ ਪਰਮੇਸ਼ੁਰ ਨਾਲੋਂ ਤਾਕਤਵਰ ਹੈ? ਬਿਲਕੁਲ ਨਹੀਂ! “ਸਰਬ ਸ਼ਕਤੀਮਾਨ ਪਰਮੇਸ਼ੁਰ” ਨਾਲੋਂ ਮੌਤ ਜਾਂ ਕੋਈ ਹੋਰ “ਦੁਸ਼ਮਣ” ਕਿਵੇਂ ਤਾਕਤਵਰ ਹੋ ਸਕਦਾ ਹੈ? (1 ਕੁਰਿੰਥੀਆਂ 15:26; ਕੂਚ 6:3) ਪਰਮੇਸ਼ੁਰ ਵਿਚ ਇੰਨੀ ਤਾਕਤ ਹੈ ਕਿ ਉਹ ਮਰੇ ਲੋਕਾਂ ਨੂੰ ਜੀਉਂਦਾ ਕਰ ਕੇ ਮੌਤ ਨੂੰ ਖ਼ਤਮ ਕਰ ਸਕਦਾ ਹੈ। ਅਤੇ ਉਹ ਨਵੀਂ ਦੁਨੀਆਂ ਵਿਚ ਇਸ ਤਰ੍ਹਾਂ ਕਰਨ ਦਾ ਵਾਅਦਾ ਕਰਦਾ ਹੈ।a ਇਹ ਵਾਅਦਾ ਕਿੰਨਾ ਕੁ ਭਰੋਸੇਯੋਗ ਹੈ? ਪਰਮੇਸ਼ੁਰ ਦੇ ਪੁੱਤਰ ਯਿਸੂ ਦੇ ਸ਼ਬਦਾਂ ਤੋਂ ਸਾਨੂੰ ਉਮੀਦ ਦੀ ਕਿਰਨ ਮਿਲਦੀ ਹੈ।—ਮੱਤੀ 22:31, 32 ਪੜ੍ਹੋ।
ਦੁਬਾਰਾ ਜੀਉਂਦੇ ਕਰਨ ਦੀ ਸਿੱਖਿਆ ਨੂੰ ਨਾ ਮੰਨਣ ਵਾਲੇ ਸਦੂਕੀਆਂ ਨੂੰ ਯਿਸੂ ਨੇ ਕਿਹਾ: “ਜਿਹੜੇ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ, ਉਨ੍ਹਾਂ ਬਾਰੇ ਪਰਮੇਸ਼ੁਰ ਨੇ ਜੋ ਕਿਹਾ ਸੀ, ਕੀ ਤੁਸੀਂ ਉਸ ਬਾਰੇ ਇਹ ਨਹੀਂ ਪੜ੍ਹਿਆ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’? ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।” ਯਿਸੂ ਨੇ ਇੱਥੇ ਉਸ ਗੱਲਬਾਤ ਦਾ ਜ਼ਿਕਰ ਕੀਤਾ ਸੀ ਜੋ ਤਕਰੀਬਨ 1514 ਈਸਵੀ ਪੂਰਵ ਵਿਚ ਬਲ਼ਦੀ ਝਾੜੀ ਨੇੜੇ ਪਰਮੇਸ਼ੁਰ ਨੇ ਮੂਸਾ ਨਾਲ ਕੀਤੀ ਸੀ। (ਕੂਚ 3:1-6) ਯਿਸੂ ਦੇ ਮੁਤਾਬਕ ਮੂਸਾ ਨੂੰ ਕਹੇ ਯਹੋਵਾਹ ਦੇ ਸ਼ਬਦਾਂ—“ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ”—ਤੋਂ ਪਤਾ ਲੱਗਦਾ ਹੈ ਕਿ ਮਰੇ ਲੋਕਾਂ ਨੂੰ ਜੀਉਂਦਾ ਕਰਨ ਦਾ ਵਾਅਦਾ ਪੂਰਾ ਹੋ ਕੇ ਰਹੇਗਾ। ਉਹ ਕਿਵੇਂ?
ਆਓ ਪਹਿਲਾਂ ਦੇਖੀਏ ਕਿ ਇਹ ਗੱਲ ਕਦੋਂ ਕਹੀ ਗਈ ਸੀ? ਜਦੋਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਸੀ, ਉਸ ਸਮੇਂ ਪੂਰਵਜ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਮਰਿਆਂ ਬਹੁਤ ਚਿਰ ਹੋ ਗਿਆ ਸੀ—ਅਬਰਾਹਾਮ ਨੂੰ 329, ਇਸਹਾਕ ਨੂੰ 224 ਅਤੇ ਯਾਕੂਬ ਨੂੰ 197 ਸਾਲ ਹੋ ਚੁੱਕੇ ਸਨ। ਫਿਰ ਵੀ ਯਹੋਵਾਹ ਨੇ ਕਿਹਾ ਕਿ “ਮੈਂ” ਉਨ੍ਹਾਂ ਦਾ ਪਰਮੇਸ਼ੁਰ “ਹਾਂ” ਨਾ ਕਿ “ਸੀ।” ਯਹੋਵਾਹ ਨੇ ਉਨ੍ਹਾਂ ਤਿੰਨ ਮਰ ਚੁੱਕੇ ਪੂਰਵਜਾਂ ਬਾਰੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਹਾਲੇ ਵੀ ਜੀਉਂਦੇ ਹੋਣ। ਕਿਉਂ?
ਯਿਸੂ ਨੇ ਸਮਝਾਇਆ: “ਉਹ [ਯਹੋਵਾਹ] ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।” ਜ਼ਰਾ ਇਨ੍ਹਾਂ ਸ਼ਬਦਾਂ ਦੀ ਅਹਿਮੀਅਤ ਬਾਰੇ ਸੋਚੋ। ਜੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਣਾ ਸੀ, ਤਾਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੇ ਹਮੇਸ਼ਾ ਮੌਤ ਦੇ ਪੰਜੇ ਵਿਚ ਰਹਿਣਾ ਸੀ। ਜੇ ਇਹ ਗੱਲ ਸੱਚ ਹੁੰਦੀ, ਤਾਂ ਯਹੋਵਾਹ ਮੁਰਦਿਆਂ ਦਾ ਪਰਮੇਸ਼ੁਰ ਹੁੰਦਾ। ਇਸ ਦਾ ਮਤਲਬ ਹੁੰਦਾ ਕਿ ਮੌਤ ਯਹੋਵਾਹ ਨਾਲੋਂ ਤਾਕਤਵਰ ਹੈ, ਮਾਨੋ ਕਿ ਉਹ ਇੰਨਾ ਕਮਜ਼ੋਰ ਹੈ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਮੌਤ ਦੀ ਪਕੜ ਤੋਂ ਨਹੀਂ ਛੁਡਾ ਸਕਦਾ।
ਤਾਂ ਫਿਰ ਅਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕਾਂ ਬਾਰੇ ਕੀ ਕਹਿ ਸਕਦੇ ਹਾਂ ਜੋ ਮਰ ਚੁੱਕੇ ਹਨ? ਯਿਸੂ ਨੇ ਇਹ ਜ਼ਬਰਦਸਤ ਗੱਲ ਕਹੀ: “ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।” (ਲੂਕਾ 20:38) ਵਾਕਈ, ਆਪਣੇ ਮਰ ਚੁੱਕੇ ਵਫ਼ਾਦਾਰ ਸੇਵਕਾਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਯਹੋਵਾਹ ਦਾ ਮਕਸਦ ਪੂਰਾ ਹੋ ਕੇ ਰਹੇਗਾ ਜਿਸ ਕਰਕੇ ਉਹ ਉਨ੍ਹਾਂ ਨੂੰ ਜੀਉਂਦੇ ਸਮਝਦਾ ਹੈ। (ਰੋਮੀਆਂ 4:16, 17) ਯਹੋਵਾਹ ਇਨ੍ਹਾਂ ਸਾਰਿਆਂ ਨੂੰ ਆਪਣੀ ਅਸੀਮ ਯਾਦਾਸ਼ਤ ਵਿਚ ਸਾਂਭ ਕੇ ਰੱਖੇਗਾ ਜਦ ਤਕ ਉਹ ਉਨ੍ਹਾਂ ਨੂੰ ਆਪਣਾ ਸਮਾਂ ਆਉਣ ਤੇ ਜੀਉਂਦਾ ਨਹੀਂ ਕਰ ਦਿੰਦਾ।
ਯਹੋਵਾਹ ਮੌਤ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ
ਕੀ ਆਪਣੇ ਮਰੇ ਹੋਏ ਅਜ਼ੀਜ਼ ਨੂੰ ਦੁਬਾਰਾ ਮਿਲਣ ਦੀ ਉਮੀਦ ਤੁਹਾਡੇ ਮਨ ਨੂੰ ਭਾਉਂਦੀ ਹੈ? ਜੇ ਹਾਂ, ਤਾਂ ਯਾਦ ਰੱਖੋ ਕਿ ਯਹੋਵਾਹ ਮੌਤ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਮਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਵਾਅਦਾ ਪੂਰਾ ਕਰਨ ਤੋਂ ਉਸ ਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਕਿਉਂ ਨਾ ਇਸ ਵਾਅਦੇ ਬਾਰੇ ਅਤੇ ਇਸ ਨੂੰ ਪੂਰਾ ਕਰਨ ਵਾਲੇ ਪਰਮੇਸ਼ੁਰ ਬਾਰੇ ਹੋਰ ਸਿੱਖੋ? ਇਸ ਤਰ੍ਹਾਂ ਕਰਨ ਨਾਲ ਤੁਸੀਂ ਯਹੋਵਾਹ ਦੇ ਨੇੜੇ ਹੋਵੋਗੇ ਜੋ “ਜੀਉਂਦਿਆਂ ਦਾ ਪਰਮੇਸ਼ੁਰ ਹੈ।” (w13-E 02/01)
ਸੁਝਾਅ:
ਬਾਈਬਲ ਵਿੱਚੋਂ ਮੱਤੀ 22-28–ਮਰਕੁਸ 1-8 ਅਧਿਆਇ ਪੜ੍ਹੋ
a ਮਰੇ ਲੋਕਾਂ ਨੂੰ ਨਵੀਂ ਧਰਮੀ ਦੁਨੀਆਂ ਵਿਚ ਦੁਬਾਰਾ ਜ਼ਿੰਦਗੀ ਦੇਣ ਦੇ ਪਰਮੇਸ਼ੁਰ ਦੇ ਵਾਅਦੇ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਸੱਤਵਾਂ ਅਧਿਆਇ ਦੇਖੋ।