ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?
ਰੱਬ ਤੁਹਾਨੂੰ ਹੌਸਲਾ ਦਿੰਦਾ ਹੈ
‘ਨਿਰਾਸ਼ ਲੋਕਾਂ ਨੂੰ ਹੌਸਲਾ ਦੇਣ ਵਾਲੇ ਪਰਮੇਸ਼ੁਰ ਨੇ ਸਾਨੂੰ ਹੌਸਲਾ ਦਿੱਤਾ।’—2 ਕੁਰਿੰਥੀਆਂ 7:6.
‘ਪਰਮੇਸ਼ੁਰ ਦੇ ਪੁੱਤਰ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।’—ਗਲਾਤੀਆਂ 2:20
ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਜਦ ਲੋਕਾਂ ਨੂੰ ਹੌਸਲੇ ਦੀ ਬਹੁਤ ਲੋੜ ਹੁੰਦੀ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਰੱਬ ਤੋਂ ਸਮੱਸਿਆਵਾਂ ਨਾਲ ਨਿਪਟਣ ਲਈ ਮਦਦ ਨਹੀਂ ਲੈਣੀ ਚਾਹੀਦੀ। ਰਖੈਲ ਨਾਂ ਦੀ ਤੀਵੀਂ ਨੇ ਕਿਹਾ: “ਜਦੋਂ ਮੈਂ ਸੋਚਦੀ ਹਾਂ ਕਿ ਦੁਨੀਆਂ ਵਿਚ ਇੰਨੇ ਲੋਕ ਮੁਸ਼ਕਲਾਂ ਨਾਲ ਜੂਝ ਰਹੇ ਹਨ, ਤਾਂ ਮੇਰੀਆਂ ਸਮੱਸਿਆਵਾਂ ਤਾਂ ਉਨ੍ਹਾਂ ਦੇ ਸਾਮ੍ਹਣੇ ਕੁਝ ਵੀ ਨਹੀਂ। ਇਸ ਲਈ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਰੱਬ ਤੋਂ ਮਦਦ ਮੰਗਾਂ।”
ਰੱਬ ਦਾ ਬਚਨ ਸਿਖਾਉਂਦਾ ਹੈ: ਪਰਮੇਸ਼ੁਰ ਨੇ ਇਨਸਾਨਾਂ ਦੀ ਮਦਦ ਕਰਨ ਲਈ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਪਹਿਲਾਂ ਹੀ ਇਕ ਵਧੀਆ ਕਦਮ ਚੁੱਕਿਆ ਹੈ। ਸਾਰੇ ਇਨਸਾਨਾਂ ਨੂੰ ਵਿਰਸੇ ਵਿਚ ਪਾਪ ਮਿਲਿਆ ਹੈ ਜਿਸ ਕਰਕੇ ਉਹ ਰੱਬ ਦੇ ਹੁਕਮਾਂ ʼਤੇ ਸਹੀ ਤਰ੍ਹਾਂ ਨਹੀਂ ਚੱਲ ਸਕਦੇ। ਪਰ ਰੱਬ ਨੇ “ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।” (1 ਯੂਹੰਨਾ 4:10) ਯਿਸੂ ਦੀ ਕੁਰਬਾਨੀ ਰਾਹੀਂ ਪਰਮੇਸ਼ੁਰ ਨੇ ਸਾਡੇ ਪਾਪ ਮਾਫ਼ ਕੀਤੇ ਹਨ, ਸਾਨੂੰ ਸਾਫ਼ ਜ਼ਮੀਰ ਮਿਲੀ ਹੈ ਅਤੇ ਸਾਨੂੰ ਸੋਹਣੀ ਧਰਤੀ ʼਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਮਿਲਦੀ ਹੈ।a ਇਹ ਸੱਚ ਹੈ ਕਿ ਪਰਮੇਸ਼ੁਰ ਨੇ ਸਾਰੇ ਇਨਸਾਨਾਂ ਵਾਸਤੇ ਯਿਸੂ ਦੀ ਕੁਰਬਾਨੀ ਦਿੱਤੀ, ਪਰ ਕੀ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਰੱਬ ਨੂੰ ਤੁਹਾਡਾ ਫ਼ਿਕਰ ਹੈ?
ਪੌਲੁਸ ਰਸੂਲ ਦੀ ਮਿਸਾਲ ਉੱਤੇ ਗੌਰ ਕਰੋ। ਯਿਸੂ ਦੀ ਕੁਰਬਾਨੀ ਦਾ ਉਸ ʼਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਸ ਨੇ ਲਿਖਿਆ: “ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾਤੀਆਂ 2:20) ਇਹ ਸੱਚ ਹੈ ਕਿ ਪੌਲੁਸ ਦੇ ਮਸੀਹੀ ਬਣਨ ਤੋਂ ਪਹਿਲਾਂ ਹੀ ਯਿਸੂ ਨੇ ਆਪਣੀ ਕੁਰਬਾਨੀ ਦੇ ਦਿੱਤੀ ਸੀ। ਫਿਰ ਵੀ ਪੌਲੁਸ ਨੇ ਮੰਨਿਆ ਕਿ ਇਹ ਕੁਰਬਾਨੀ ਰੱਬ ਵੱਲੋਂ ਉਸ ਲਈ ਇਕ ਤੋਹਫ਼ਾ ਸੀ।
ਪਰਮੇਸ਼ੁਰ ਨੇ ਯਿਸੂ ਦੀ ਕੁਰਬਾਨੀ ਤੁਹਾਨੂੰ ਵੀ ਤੋਹਫ਼ੇ ਵਜੋਂ ਦਿੱਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਿੰਨੇ ਅਨਮੋਲ ਹੋ। ਇਸ ਰਾਹੀਂ ਤੁਹਾਨੂੰ ‘ਹਮੇਸ਼ਾ ਰਹਿਣ ਵਾਲਾ ਦਿਲਾਸਾ ਅਤੇ ਇਕ ਸ਼ਾਨਦਾਰ ਉਮੀਦ ਮਿਲ ਸਕਦੀ ਹੈ’ ਜਿਸ ਕਰਕੇ ‘ਤੁਸੀਂ ਤਕੜੇ ਹੋਵੋ ਤਾਂਕਿ ਤੁਸੀਂ ਹਮੇਸ਼ਾ ਉਹੀ ਕਰੋ ਅਤੇ ਕਹੋ ਜੋ ਚੰਗਾ ਹੈ।’—2 ਥੱਸਲੁਨੀਕੀਆਂ 2:16, 17.
ਯਿਸੂ ਨੇ ਆਪਣੀ ਕੁਰਬਾਨੀ ਤਕਰੀਬਨ 2,000 ਸਾਲ ਪਹਿਲਾਂ ਦਿੱਤੀ ਸੀ। ਸੋ ਫਿਰ ਕੀ ਸਬੂਤ ਹੈ ਕਿ ਰੱਬ ਅੱਜ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ? (w14-E 08/01)
a ਯਿਸੂ ਦੀ ਕੁਰਬਾਨੀ ਬਾਰੇ ਹੋਰ ਸਿੱਖਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਪੰਜਵਾਂ ਅਧਿਆਇ ਦੇਖੋ।