ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਮਈ ਸਫ਼ੇ 31-32
  • “ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਮਈ ਸਫ਼ੇ 31-32
1922 ਦੇ ਸੀਡਰ ਪਾਇੰਟ, ਓਹੀਓ ਦੇ ਵੱਡੇ ਸੰਮੇਲਨ ਵਿਚ ਖਚਾਖਚ ਭਰਿਆ ਹਾਲ

ਇਤਿਹਾਸ ਦੇ ਪੰਨਿਆਂ ਤੋਂ

“ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”

ਸਤੰਬਰ 1922 ਦੇ ਦਿਨ ਸ਼ੁੱਕਰਵਾਰ ਨੂੰ ਸਵੇਰੇ-ਸਵੇਰੇ ਬਹੁਤ ਗਰਮੀ ਸੀ। ਉਸ ਦਿਨ ਸੰਮੇਲਨ ਹਾਲ 8,000 ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਅਗਲਾ ਭਾਸ਼ਣ ਸੁਣਨ ਲਈ ਲੋਕ ਬੇਤਾਬ ਸਨ। ਸੰਚਾਲਕ ਨੇ ਦੱਸਿਆ ਕਿ ਅਗਲਾ ਅਹਿਮ ਭਾਗ ਸ਼ੁਰੂ ਹੋਣਾ ਤੋਂ ਪਹਿਲਾਂ ਜੇ ਕੋਈ ਬਾਹਰ ਜਾਣਾ ਚਾਹੁੰਦਾ ਸੀ, ਤਾਂ ਉਹ ਜਾ ਸਕਦਾ ਸੀ। ਪਰ ਉਹ ਵਾਪਸ ਅੰਦਰ ਨਹੀਂ ਆ ਸਕਦਾ ਸੀ।

“ਗੀਤਾਂ ਵਾਲੇ” ਭਾਗ ਤੋਂ ਬਾਅਦ ਭਰਾ ਜੋਸਫ਼ ਐੱਫ਼. ਰਦਰਫ਼ਰਡ ਸਟੇਜ ʼਤੇ ਆਏ। ਜ਼ਿਆਦਾਤਰ ਲੋਕ ਆਪਣੀਆਂ ਕੁਰਸੀਆਂ ʼਤੇ ਬੈਠੇ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁਝ ਜਣੇ ਗਰਮੀ ਕਰਕੇ ਬੇਚੈਨੀ ਨਾਲ ਇੱਧਰ-ਉੱਧਰ ਘੁੰਮ ਰਹੇ ਸਨ। ਭਾਸ਼ਣਕਾਰ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਬੈਠ ਕੇ ਧਿਆਨ ਨਾਲ ਸੁਣਨ। ਕੀ ਭਾਸ਼ਣ ਦੌਰਾਨ ਕਿਸੇ ਦਾ ਧਿਆਨ ਸਟੇਜ ਦੇ ਉੱਪਰਲੇ ਪਾਸੇ ਗਿਆ ਜਿੱਥੇ ਇਕ ਲੰਬਾ ਸਾਰਾ ਕੱਪੜਾ ਲਪੇਟਿਆ ਹੋਇਆ ਸੀ?

ਭਰਾ ਰਦਰਫ਼ਰਡ ਦੇ ਭਾਸ਼ਣ ਦਾ ਵਿਸ਼ਾ ਸੀ “ਸਵਰਗ ਦਾ ਰਾਜ ਨੇੜੇ ਆ ਗਿਆ ਹੈ।” ਡੇਢ ਘੰਟੇ ਲਈ ਉਸ ਦੀ ਜ਼ੋਰਦਾਰ ਆਵਾਜ਼ ਪੂਰੇ ਹਾਲ ਵਿਚ ਗੂੰਜਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਪੁਰਾਣੇ ਸਮੇਂ ਦੇ ਨਬੀਆਂ ਨੇ ਕਿਵੇਂ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਐਲਾਨ ਕੀਤਾ। ਆਪਣੇ ਭਾਸ਼ਣ ਦੇ ਅਖ਼ੀਰ ਵਿਚ ਉਨ੍ਹਾਂ ਨੇ ਪੁੱਛਿਆ, “ਕੀ ਤੁਸੀਂ ਯਕੀਨ ਕਰਦੇ ਹੋ ਕਿ ਮਹਿਮਾਵਾਨ ਰਾਜੇ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ?” ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹਾਂਜੀ।”

ਫਿਰ ਭਰਾ ਰਦਰਫ਼ਰਡ ਨੇ ਆਪਣੀ ਜ਼ਬਰਦਸਤ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰੋ, ਜਾਓ ਅਤੇ ਪ੍ਰਚਾਰ ਦਾ ਕੰਮ ਜ਼ੋਰਾਂ-ਸ਼ੋਰਾ ਨਾਲ ਕਰੋ। ਦੇਖੋ, ਰਾਜਾ ਰਾਜ ਕਰ ਰਿਹਾ ਹੈ। ਤੁਸੀਂ ਉਸ ਦੇ ਰਾਜਦੂਤ ਹੋ। ਇਸ ਲਈ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ!”

ਉਸੇ ਸਮੇਂ ਸਟੇਜ ਉੱਪਰ ਲਪੇਟਿਆ ਕੱਪੜਾ ਖੁੱਲ੍ਹ ਗਿਆ। ਉਸ ਉੱਤੇ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਸੀ: “ਰਾਜੇ ਅਤੇ ਰਾਜ ਦਾ ਐਲਾਨ ਕਰੋ।”

ਭਰਾ ਰੇਅ ਬੌਪ ਯਾਦ ਕਰਦੇ ਹੋਏ ਦੱਸਦਾ ਹੈ: “ਸਾਰੇ ਭੈਣ-ਭਰਾ ਖ਼ੁਸ਼ੀ ਨਾਲ ਝੂਮ ਉੱਠੇ।” ਭੈਣ ਐਨਾ ਗਾਰਡਨਰ ਯਾਦ ਕਰਦੀ ਹੋਈ ਕਹਿੰਦੀ ਹੈ: “ਸਾਰੀਆਂ ਨੇ ਤਾੜੀਆਂ ਇੰਨੀ ਜ਼ੋਰ ਨਾਲ ਮਾਰੀਆਂ ਕਿ ਕੰਧਾਂ ਹਿੱਲ ਗਈਆਂ।” ਭਰਾ ਫਰੈੱਡ ਤਵਾਰੋਸ਼ ਕਹਿੰਦਾ ਹੈ: “ਸਾਰੀ ਭੀੜ ਇਕਦਮ ਆਪਣੀਆਂ ਕੁਰਸੀਆਂ ਤੋਂ ਖੜ੍ਹੀ ਹੋ ਗਈ।” ਭਰਾ ਈਵਾਨਜਲੋਸ ਸਕੂਫ਼ਸ ਦੱਸਦਾ ਹੈ: “ਇੱਦਾਂ ਲੱਗਾ ਕਿ ਸਾਰਿਆਂ ਦੇ ਇਕਦਮ ਖੜ੍ਹੇ ਹੋਣ ਪਿੱਛੇ ਕਿਸੇ ਸ਼ਕਤੀ ਦਾ ਹੱਥ ਸੀ। ਸਾਰਿਆਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਅੰਝੂ ਸਨ।”

ਉਸ ਸੰਮੇਲਨ ਤੋਂ ਪਹਿਲਾਂ ਵੀ ਕਈ ਭੈਣ-ਭਰਾ ਰਾਜ ਬਾਰੇ ਪ੍ਰਚਾਰ ਕਰ ਰਹੇ ਸਨ। ਪਰ ਉਦੋਂ ਸਾਰੇ ਭੈਣਾਂ-ਭਰਾਵਾਂ ਵਿਚ ਨਵਾਂ ਜੋਸ਼ ਭਰ ਗਿਆ। ਭੈਣ ਐਥਲ ਬੈਨੀਕੌਫ ਦੱਸਦੀ ਹੈ ਕਿ ਉਸ ਦਿਨ ਬਾਈਬਲ ਵਿਦਿਆਰਥੀਆਂ ਵਿਚ “ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ ਭਰ ਗਿਆ।” ਉਸ ਵੇਲੇ ਭੈਣ ਔਡੇਸਾ ਟਕ 18 ਸਾਲਾਂ ਦੀ ਸੀ। ਸੰਮੇਲਨ ਤੋਂ ਬਾਅਦ ਉਸ ਨੇ ਇਸ ਸਵਾਲ ਦਾ ਜਵਾਬ ਦੇਣ ਦਾ ਪੱਕਾ ਇਰਾਦਾ ਕੀਤਾ ਕਿ “ਕੌਣ ਸਾਡੇ ਲਈ ਜਾਵੇਗਾ?” ਉਹ ਕਹਿੰਦੀ ਹੈ: “ਮੈਂ ਇਹ ਗੱਲ ਜਾਣਦੀ ਸੀ ਕਿ ਮੈਂ ਯਸਾਯਾਹ ਵਾਂਗ ਬਣਨਾ ਚਾਹੁੰਦੀ ਸੀ ਜਿਸ ਨੇ ਕਿਹਾ: ‘ਮੈਂ ਹਾਜ਼ਰ ਹਾਂ, ਮੈਨੂੰ ਘੱਲੋ।’ ਪਰ ਮੈਨੂੰ ਇਹ ਨਹੀਂ ਸੀ ਪਤਾ ਕਿੱਥੇ, ਕਿੱਦਾਂ ਜਾਂ ਕਿਵੇਂ।” (ਯਸਾ. 6:8) ਭਰਾ ਰਾਲਫ਼ ਲੈਫ਼ਲਰ ਦੱਸਦਾ ਹੈ: “ਉਸ ਖ਼ਾਸ ਦਿਨ ਤੋਂ ਬਾਅਦ ਵੱਡੇ ਪੱਧਰ ʼਤੇ ਰਾਜ ਦਾ ਐਲਾਨ ਕਰਨਾ ਸ਼ੁਰੂ ਹੋਇਆ ਜੋ ਅੱਜ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚ ਗਿਆ ਹੈ।”

ਬਿਨਾਂ ਸ਼ੱਕ ਸੀਡਰ ਪਾਇੰਟ, ਓਹੀਓ ਵਿਚ ਹੋਇਆ ਇਹ ਵੱਡਾ ਸੰਮੇਲਨ ਇਤਿਹਾਸਕ ਸੀ। ਭਰਾ ਜੋਰਜ ਗੈਂਗੱਸ ਕਹਿੰਦਾ ਹੈ: “ਉਸ ਸੰਮੇਲਨ ਨੇ ਮੇਰੇ ਵਿਚ ਇੰਨਾ ਜੋਸ਼ ਭਰਿਆ ਕਿ ਮੈਂ ਹਰ ਸੰਮੇਲਨ ਵਿਚ ਜਾਣ ਦਾ ਪੱਕਾ ਇਰਾਦਾ ਕੀਤਾ।” ਜਿੱਥੋਂ ਤਕ ਉਸ ਨੂੰ ਯਾਦ ਹੈ ਉਸ ਨੇ ਇਕ ਵੀ ਸੰਮੇਲਨ ਨਹੀਂ ਛੱਡਿਆ। ਜੂਲੀਆ ਵਿਲਕੋਕਸ ਨੇ ਲਿਖਿਆ: “ਜਦੋਂ ਵੀ ਸਾਡੇ ਪ੍ਰਕਾਸ਼ਨਾਂ ਵਿਚ 1922 ਦੇ ਸੀਡਰ ਪਾਇੰਟ, ਓਹੀਓ ਦੇ ਸੰਮੇਲਨ ਦੀ ਗੱਲ ਆਉਂਦੀ ਹੈ, ਤਾਂ ਮੈਂ ਆਪਣੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੈਨੂੰ ਉਸ ਸੰਮੇਲਨ ਵਿਚ ਜਾਣ ਦਾ ਇੰਨਾ ਵੱਡਾ ਸਨਮਾਨ ਦਿੱਤਾ।”

ਇਨ੍ਹਾਂ ਭੈਣਾਂ-ਭਰਾਵਾਂ ਵਾਂਗ ਸਾਡੇ ਕੋਲ ਵੀ ਕਿਸੇ ਸੰਮੇਲਨ ਦੀਆਂ ਮਿੱਠੀਆਂ ਯਾਦਾਂ ਜ਼ਰੂਰ ਹੋਣਗੀਆਂ। ਉਸ ਸੰਮੇਲਨ ਨੇ ਪੱਕਾ ਸਾਡੇ ਦਿਲਾਂ ਨੂੰ ਛੂਹਿਆ ਹੋਵੇਗਾ ਅਤੇ ਸਾਡੇ ਵਿਚ ਜੋਸ਼ ਭਰਿਆ ਹੋਵੇਗਾ। ਉਸ ਸੰਮੇਲਨ ਕਰਕੇ ਪਰਮੇਸ਼ੁਰ ਅਤੇ ਰਾਜਾ ਯਿਸੂ ਲਈ ਸਾਡਾ ਪਿਆਰ ਜ਼ਰੂਰ ਵਧਿਆ ਹੋਵੇਗਾ। ਆਪਣੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਅਸੀਂ ਵੀ ਕਹਿਣਾ ਚਾਵਾਂਗੇ, “ਹੇ ਯਹੋਵਾਹ ਤੇਰਾ ਲੱਖ-ਲੱਖ ਸ਼ੁਕਰ ਹੈ ਕਿ ਤੂੰ ਮੈਨੂੰ ਸੰਮੇਲਨ ਵਿਚ ਜਾਣ ਦਾ ਇੰਨਾ ਵੱਡਾ ਸਨਮਾਨ ਦਿੱਤਾ।”

ਅੱਖਰਾਂ ਦਾ ਰਾਜ਼

ਹਰ ਪਾਸੇ ਅੰਗ੍ਰੇਜ਼ੀ ਵਿਚ “ADV” (ADV ਅੱਖਰ ਅੰਗ੍ਰੇਜ਼ੀ ਦੇ Advertise ਸ਼ਬਦ ਦੇ ਪਹਿਲੇ ਤਿੰਨ ਅੱਖਰ ਹਨ ਜਿਸ ਲਈ ਪੰਜਾਬੀ ਵਿਚ ‘ਐਲਾਨ’ ਸ਼ਬਦ ਵਰਤਿਆ ਗਿਆ ਹੈ) ਲਿਖਿਆ ਹੋਇਆ ਸੀ, ਜਿਵੇਂ ਦਰਖ਼ਤਾਂ, ਇਮਾਰਤਾਂ ਅਤੇ ਸੰਮੇਲਨ ਦੇ ਪ੍ਰੋਗ੍ਰਾਮਾਂ ʼਤੇ। ਇਨ੍ਹਾਂ ਅੱਖਰਾਂ ਨੇ ਸਾਰਿਆਂ ਨੂੰ ਸੋਚਾਂ ਵਿਚ ਪਾ ਦਿੱਤਾ।a

ਭੈਣ ਈਡਥ ਬ੍ਰੇਨਿਸਨ ਦੱਸਦੀ ਹੈ: “ਹਰ ਥੰਮ੍ਹ ਅਤੇ ਦਰਵਾਜ਼ੇ ʼਤੇ ਚਿੱਟੇ ਰੰਗ ਦੇ ਇਸ਼ਤਿਹਾਰ ਲੱਗੇ ਹੋਏ ਸਨ। ਇਨ੍ਹਾਂ ਉੱਤੇ ਕਾਲੇ ਅਤੇ ਵੱਡੇ ਅੱਖਰਾਂ ਵਿਚ ADV ਲਿਖਿਆ ਹੋਇਆ ਸੀ। ਅਸੀਂ ਸਾਰਿਆਂ ਨੂੰ ਪੁੱਛਿਆ ਕਿ ADV ਦਾ ਕੀ ਮਤਲਬ ਹੈ। ਪਰ ਕਿਸੇ ਨੂੰ ਨਹੀਂ ਸੀ ਪਤਾ ਅਤੇ ਜਿਨ੍ਹਾਂ ਨੂੰ ਪਤਾ ਸੀ ਉਹ ਦੱਸਣਾ ਨਹੀਂ ਸੀ ਚਾਹੁੰਦੇ।”

a ਇਹ ਅੱਖਰ ਅੱਜ ਵੀ ਇਕ ਮਾਅਨੇ ਵਿਚ ਰਾਜ਼ ਹਨ ਕਿਉਂਕਿ ਸਾਡੇ ਇਤਿਹਾਸ ਵਿਭਾਗ ਨੂੰ ਹਾਲੇ ਤਕ ਵੀ ਇਨ੍ਹਾਂ ਦੀ ਕੋਈ ਤਸਵੀਰ ਨਹੀਂ ਮਿਲੀ।

ਪ੍ਰਾਰਥਨਾ ਦਾ ਲਾਜਵਾਬ ਜਵਾਬ

ਆਰਥਰ ਅਤੇ ਨੈਲੀ ਕਲਾਊਸ ਸੰਮੇਲਨ ʼਤੇ ਛੇਤੀ ਪਹੁੰਚੇ ਤਾਂਕਿ ਉਹ ਉਨ੍ਹਾਂ ਸੀਟਾਂ ʼਤੇ ਬੈਠ ਸਕਣ ਜਿੱਥੋਂ ਉਹ ਭਾਸ਼ਣਾਂ ਨੂੰ ਧਿਆਨ ਨਾਲ ਸੁਣ ਸਕਦੇ ਸਨ। ਆਰਥਰ ਕਹਿੰਦਾ ਹੈ: “ਭਾਸ਼ਣ ਇੰਨਾ ਵਧੀਆ ਸੀ, ਕੀ ਮੈਂ ਇਕ-ਇਕ ਸ਼ਬਦ ਧਿਆਨ ਨਾਲ ਸੁਣ ਰਿਹਾ ਸੀ।” ਪਰ ਅਚਾਨਕ ਹੀ ਆਰਥਰ ਦੇ ਢਿੱਡ ਵਿਚ ਵੱਟ ਪੈਣ ਲੱਗ ਪਏ। ਉਸ ਦਾ ਬਾਹਰ ਜਾਣ ਦਾ ਬਿਲਕੁਲ ਦਿਲ ਨਹੀਂ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਉਹ ਬਾਹਰ ਗਿਆ, ਤਾਂ ਉਸ ਨੂੰ ਵਾਪਸ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਇਕ ਸੇਵਾਦਾਰ ਨੇ ਉਸ ਨੂੰ ਕਿਹਾ: “ਇਨ੍ਹਾਂ ਵਧੀਆ ਮੌਕਾ ਛੱਡ ਕੇ ਤੂੰ ਬਾਹਰ ਕਿੱਦਾਂ ਜਾ ਸਕਦਾ?” ਪਰ ਆਰਥਰ ਨੂੰ ਜਾਣਾ ਹੀ ਪਿਆ।

ਜਦੋਂ ਆਰਥਰ ਵਾਪਸ ਆਇਆ, ਤਾਂ ਉਸ ਨੇ ਹਾਲ ਦੇ ਅੰਦਰੋਂ ਤਾੜੀਆਂ ਦੀ ਜ਼ੋਰਦਾਰ ਆਵਾਜ਼ ਸੁਣੀ। ਉਹ ਇਕ ਜਗ੍ਹਾ ਲੱਭਣ ਲੱਗ ਪਿਆ ਜਿੱਥੋਂ ਉਹ ਭਾਸ਼ਣ ਸੁਣ ਸਕਦਾ ਸੀ। ਉਸ ਨੂੰ ਛੱਤ ਉੱਤੇ ਚੜ੍ਹਨ ਲਈ ਰਾਹ ਮਿਲਿਆ। ਉਹ 4.8 ਮੀਟਰ (16 ਫੁੱਟ) ਉੱਚੀ ਜਗ੍ਹਾ ʼਤੇ ਚੜ੍ਹ ਗਿਆ। ਫਿਰ ਉਹ ਛੱਤ ਉੱਤੇ ਬਣੀ ਪੜਛੱਤੀ ʼਤੇ ਖੜ੍ਹ ਗਿਆ।

ਆਰਥਰ ਨੇ ਦੇਖਿਆ ਕਿ ਉੱਥੇ ਕੁਝ ਭਰਾ ਖੜ੍ਹੇ ਸਨ। ਉਹ ਪਰੇਸ਼ਾਨ ਸਨ ਅਤੇ ਭਾਸ਼ਣਕਾਰ ਵੱਲ ਦੇਖ ਰਹੇ ਸਨ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਲਪੇਟੇ ਹੋਏ ਕੱਪੜੇ ਦੀਆਂ ਰੱਸੀਆਂ ਨੂੰ ਇਕੱਠੇ ਹੀ ਕੱਟ ਦੇਣ। ਪਰ ਸਾਰੀਆਂ ਰੱਸੀਆਂ ਨੂੰ ਇੱਕੋ ਵਾਰ ਕੱਟਣ ਲਈ ਉਨ੍ਹਾਂ ਨੂੰ ਇਕ ਹੋਰ ਚਾਕੂ ਦੀ ਜ਼ਰੂਰਤ ਸੀ। ਕੀ ਆਰਥਰ ਕੋਲ ਛੋਟਾ ਜਿਹਾ ਚਾਕੂ ਸੀ? ਹਾਂ। ਉਨ੍ਹਾਂ ਨੇ ਇਸ ਗੱਲ ਦਾ ਸ਼ੁਕਰ ਕੀਤਾ। ਆਰਥਰ ਅਤੇ ਬਾਕੀ ਭਰਾ ਆਪਣੀ-ਆਪਣੀ ਜਗ੍ਹਾ ʼਤੇ ਖੜ੍ਹ ਗਏ ਅਤੇ ਭਰਾ ਰਦਰਫ਼ਰਡ ਦੇ ਇਸ਼ਾਰੇ ਦੀ ਉਡੀਕ ਕਰਨ ਲੱਗੇ। ਜਿੱਦਾਂ ਹੀ ਭਰਾ ਰਦਰਫ਼ਰਡ ਨੇ ਦੂਸਰੀ ਵਾਰ “ਐਲਾਨ” ਸ਼ਬਦ ਕਿਹਾ, ਉਨ੍ਹਾਂ ਨੇ ਰੱਸੀਆਂ ਕੱਟ ਦਿੱਤੀਆਂ।

ਹਾਜ਼ਰ ਹੋਏ ਲੋਕ ਦੱਸਦੇ ਹਨ ਕਿ ਉਹ ਤਿੰਨ ਰੰਗੀ ਕੱਪੜਾ ਕਿੰਨੇ ਹੀ ਸ਼ਾਨਦਾਰ ਢੰਗ ਨਾਲ ਖੁੱਲ੍ਹਿਆ! ਉਸ ਕੱਪੜੇ ਦੇ ਵਿਚਕਾਰ ਯਿਸੂ ਦੀ ਤਸਵੀਰ ਬਣੀ ਹੋਈ ਸੀ।

ਬਾਅਦ ਵਿਚ ਭਰਾਵਾਂ ਨੇ ਆਰਥਰ ਨੂੰ ਦੱਸਿਆ ਕਿ ਉਹ ਪੌੜੀ ਰਾਹੀਂ ਛੱਤ ʼਤੇ ਚੜ੍ਹੇ ਸੀ, ਪਰ ਕੋਈ ਪੌੜੀ ਚੁੱਕ ਕੇ ਲੈ ਗਿਆ। ਉਹ ਕਿਸੇ ਦੀ ਮਦਦ ਲੈਣ ਲਈ ਥੱਲੇ ਨਹੀਂ ਉੱਤਰ ਸਕਦੇ ਸੀ। ਇਸ ਲਈ ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ‘ਕਾਸ਼ ਕੋਈ ਭਰਾ ਚਾਕੂ ਲੈ ਕੇ ਆ ਜਾਵੇ।’ ਉਨ੍ਹਾਂ ਭਰਾਵਾਂ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਨੇ ਹੀ ਉਨ੍ਹਾਂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ ਅਤੇ ਉਹ ਵੀ ਬੜੇ ਹੀ ਲਾਜਵਾਬ ਢੰਗ ਨਾਲ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ