ਪਾਠਕਾਂ ਵੱਲੋਂ ਸਵਾਲ
ਜਦੋਂ ਜ਼ਬੂਰ 61:8 ਵਿਚ ਦਾਊਦ ਨੇ ਲਿਖਿਆ ਕਿ ਉਹ “ਹਮੇਸ਼ਾ” ਪਰਮੇਸ਼ੁਰ ਦੇ ਨਾਂ ਦਾ ਗੁਣਗਾਨ ਕਰੇਗਾ, ਤਾਂ ਕੀ ਉਹ ਇਹ ਕਹਿ ਰਿਹਾ ਸੀ ਕਿ ਉਹ ਕਦੇ ਨਹੀਂ ਮਰੇਗਾ?
ਨਹੀਂ। ਦਾਊਦ ਨੇ ਜੋ ਲਿਖਿਆ, ਬਿਲਕੁਲ ਸਹੀ ਲਿਖਿਆ।
ਗੌਰ ਕਰੋ ਕਿ ਦਾਊਦ ਨੇ ਇਸ ਆਇਤ ਵਿਚ ਅਤੇ ਹੋਰ ਆਇਤਾਂ ਵਿਚ ਕੀ ਲਿਖਿਆ: “ਮੈਂ ਹਰ ਰੋਜ਼ ਆਪਣੀਆਂ ਸੁੱਖਣਾਂ ਪੂਰੀਆਂ ਕਰਦਾ ਹੋਇਆ ਹਮੇਸ਼ਾ ਤੇਰੇ ਨਾਂ ਦਾ ਗੁਣਗਾਨ ਕਰਾਂਗਾ।” “ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਪੂਰੇ ਦਿਲ ਨਾਲ ਤੇਰੀ ਵਡਿਆਈ ਕਰਦਾ ਹਾਂ ਅਤੇ ਮੈਂ ਹਮੇਸ਼ਾ ਤੇਰੇ ਨਾਂ ਦੀ ਮਹਿਮਾ ਕਰਾਂਗਾ।” “ਮੈਂ ਸਦਾ ਤੇਰੇ ਨਾਂ ਦੀ ਮਹਿਮਾ ਕਰਾਂਗਾ।”—ਜ਼ਬੂ. 61:8; 86:12; 145:1, 2.
ਜਦੋਂ ਦਾਊਦ ਨੇ ਇਹ ਗੱਲ ਲਿਖੀ, ਤਾਂ ਉਹ ਇਹ ਨਹੀਂ ਸੋਚ ਰਿਹਾ ਸੀ ਕਿ ਉਹ ਕਦੇ ਨਹੀਂ ਮਰੇਗਾ। ਉਹ ਜਾਣਦਾ ਸੀ ਕਿ ਇਨਸਾਨਾਂ ਦੇ ਪਾਪ ਕਰਨ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਦਾਊਦ ਨੇ ਮੰਨਿਆ ਕਿ ਉਹ ਵੀ ਇਕ ਪਾਪੀ ਇਨਸਾਨ ਸੀ। (ਉਤ. 3:3, 17-19; ਜ਼ਬੂ. 51:4, 5) ਉਸ ਨੂੰ ਪਤਾ ਸੀ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਵੀ ਮਰ ਗਏ ਸਨ, ਜਿਵੇਂ ਕਿ ਅਬਰਾਹਾਮ, ਇਸਹਾਕ ਅਤੇ ਯਾਕੂਬ। ਦਾਊਦ ਜਾਣਦਾ ਸੀ ਕਿ ਉਹ ਵੀ ਇਕ ਦਿਨ ਜ਼ਰੂਰ ਮਰ ਜਾਵੇਗਾ। (ਜ਼ਬੂ. 37:25; 39:4) ਪਰ ਜ਼ਬੂਰ 61:8 ਦੇ ਸ਼ਬਦਾਂ ਤੋਂ ਉਸ ਦੀ ਇੱਛਾ ਅਤੇ ਪੱਕਾ ਇਰਾਦਾ ਜ਼ਾਹਰ ਹੁੰਦਾ ਹੈ ਕਿ ਉਹ ਮਰਦੇ ਦਮ ਤਕ ਯਹੋਵਾਹ ਦੇ ਨਾਂ ਦਾ ਗੁਣਗਾਨ ਕਰਨਾ ਚਾਹੁੰਦਾ ਸੀ।—2 ਸਮੂ. 7:12.
ਦਾਊਦ ਨੇ ਕਈ ਜ਼ਬੂਰਾਂ ਵਿਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਬਾਰੇ ਲਿਖਿਆ। ਇਹ ਗੱਲ ਅਸੀਂ ਜ਼ਬੂਰ 18, 51 ਅਤੇ 52 ਦੇ ਸਿਰਲੇਖਾਂ ਨੂੰ ਪੜ੍ਹ ਕੇ ਜਾਣ ਸਕਦੇ ਹਾਂ। ਜੇ ਅਸੀਂ ਜ਼ਬੂਰ 23 ਦੀ ਗੱਲ ਕਰੀਏ, ਤਾਂ ਉੱਥੇ ਦਾਊਦ ਨੇ ਯਹੋਵਾਹ ਨੂੰ ਇਕ ਚਰਵਾਹਾ ਕਿਹਾ ਜੋ ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਨ੍ਹਾਂ ਨੂੰ ਤਾਜ਼ਗੀ ਦਿੰਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। ਉਹ ਦੇਖ ਸਕਿਆ ਕਿ ਯਹੋਵਾਹ ਕਿਵੇਂ ਆਪਣੀਆਂ ਭੇਡਾਂ ਦਾ ਖ਼ਿਆਲ ਰੱਖਦਾ ਹੈ। ਦਾਊਦ ਵੀ ਅਜਿਹਾ ਹੀ ਚਰਵਾਹਾ ਸੀ, ਇਸ ਲਈ ਉਹ ਆਪਣੀ “ਸਾਰੀ ਜ਼ਿੰਦਗੀ” ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ।—ਜ਼ਬੂ. 23:6.
ਧਿਆਨ ਦਿਓ ਕਿ ਦਾਊਦ ਨੇ ਜੋ ਵੀ ਲਿਖਿਆ, ਉਹ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖਿਆ। ਉਸ ਨੇ ਕੁਝ ਭਵਿੱਖਬਾਣੀਆਂ ਲਿਖੀਆਂ ਜੋ ਕਾਫ਼ੀ ਸਮੇਂ ਬਾਅਦ ਜਾ ਕੇ ਪੂਰੀਆਂ ਹੋਈਆਂ। ਮਿਸਾਲ ਲਈ, ਉਸ ਨੇ ਜ਼ਬੂਰ 110 ਵਿਚ ਲਿਖਿਆ ਕਿ ਉਹ ਸਮਾਂ ਆਵੇਗਾ ਜਦੋਂ ਉਸ ਦਾ ਪ੍ਰਭੂ ਸਵਰਗ ਵਿਚ “[ਪਰਮੇਸ਼ੁਰ ਦੇ] ਸੱਜੇ ਹੱਥ” ਬੈਠੇਗਾ ਅਤੇ ਉਸ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤਾ ਜਾਵੇਗਾ। ਉਸ ਨੂੰ ਇਹ ਅਧਿਕਾਰ ਕਿਉਂ ਦਿੱਤਾ ਜਾਵੇਗਾ? ਉਸ ਨੂੰ ਇਹ ਅਧਿਕਾਰ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਨਾਸ਼ ਕਰਨ ਅਤੇ “ਕੌਮਾਂ ਨੂੰ ਸਜ਼ਾ” ਦੇਣ ਲਈ ਦਿੱਤਾ ਜਾਵੇਗਾ। ਇਹ ਭਵਿੱਖਬਾਣੀ ਅਸਲ ਵਿਚ ਮਸੀਹ ਬਾਰੇ ਸੀ ਜਿਸ ਨੇ ਦਾਊਦ ਦੇ ਖ਼ਾਨਦਾਨ ਵਿੱਚੋਂ ਪੈਦਾ ਹੋਣਾ ਸੀ। ਮਸੀਹ ਸਵਰਗੋਂ ਰਾਜ ਕਰੇਗਾ ਅਤੇ “ਹਮੇਸ਼ਾ ਪੁਜਾਰੀ” ਵਜੋਂ ਸੇਵਾ ਕਰੇਗਾ। (ਜ਼ਬੂ. 110:1-6) ਯਿਸੂ ਨੇ ਵੀ ਦੱਸਿਆ ਕਿ ਜ਼ਬੂਰ 110 ਵਿਚ ਦਰਜ ਭਵਿੱਖਬਾਣੀ ਉਸ ਬਾਰੇ ਹੀ ਕੀਤੀ ਗਈ ਸੀ ਜੋ ਅੱਗੇ ਜਾ ਕੇ ਪੂਰੀ ਹੋਈ।—ਮੱਤੀ 22:41-45.
ਦਾਊਦ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਨਾ ਸਿਰਫ਼ ਆਪਣੇ ਸਮੇਂ ਦੀਆਂ ਘਟਨਾਵਾਂ ਬਾਰੇ, ਸਗੋਂ ਆਉਣ ਵਾਲੇ ਸਮੇਂ ਬਾਰੇ ਵੀ ਲਿਖਿਆ ਜਦੋਂ ਉਸ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਹਮੇਸ਼ਾ ਲਈ ਯਹੋਵਾਹ ਦਾ ਗੁਣਗਾਨ ਕਰ ਸਕੇਗਾ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਜ਼ਬੂਰ 37:10, 11, 29 ਵਿਚ ਲਿਖੀਆਂ ਗੱਲਾਂ ਪੁਰਾਣੇ ਸਮੇਂ ਵਿਚ ਵੀ ਪੂਰੀਆਂ ਹੋਈਆਂ ਅਤੇ ਭਵਿੱਖ ਵਿਚ ਵੀ ਜ਼ਰੂਰ ਪੂਰੀਆਂ ਹੋਣਗੀਆਂ। ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਇਕ ਸਮੇਂ ʼਤੇ ਚੰਗੇ ਹਾਲਾਤ ਸਨ ਅਤੇ ਜਦੋਂ ਯਹੋਵਾਹ ਭਵਿੱਖ ਵਿਚ ਆਪਣੇ ਇਹ ਵਾਅਦੇ ਪੂਰੇ ਕਰੇਗਾ, ਤਾਂ ਸਾਰੀ ਧਰਤੀ ʼਤੇ ਵਧੀਆ ਹਾਲਾਤ ਹੋਣਗੇ।—ਇਸੇ ਅੰਕ ਵਿਚ “ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ” ਨਾਂ ਦੇ ਲੇਖ ਦਾ ਪੈਰਾ 8 ਦੇਖੋ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜ਼ਬੂਰ 61:8 ਵਿਚ ਦਾਊਦ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਿਹਾ ਸੀ। ਇਸ ਆਇਤ ਵਿਚ ਅਤੇ ਹੋਰ ਆਇਤਾਂ ਵਿਚ ਦਾਊਦ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਉਹ ਮਰਦੇ ਦਮ ਤਕ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦਾ ਸੀ। ਨਾਲੇ ਭਵਿੱਖ ਵਿਚ ਜਦੋਂ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਹਮੇਸ਼ਾ ਲਈ ਯਹੋਵਾਹ ਦੀ ਮਹਿਮਾ ਕਰ ਸਕੇਗਾ।