ਪ੍ਰਕਾਸ਼ ਦੀ ਕਿਤਾਬ
16 ਅਤੇ ਮੈਂ ਮੰਦਰ* ਵਿੱਚੋਂ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਸੱਤਾਂ ਦੂਤਾਂ ਨੂੰ ਕਿਹਾ: “ਜਾਓ, ਜਾ ਕੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”
2 ਅਤੇ ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਅਤੇ ਜਿਨ੍ਹਾਂ ਲੋਕਾਂ ਉੱਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲੱਗਾ ਹੋਇਆ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ, ਉਨ੍ਹਾਂ ਦੇ ਪੀਕ ਨਾਲ ਭਰੇ ਜਾਨਲੇਵਾ ਫੋੜੇ ਨਿਕਲ ਆਏ।
3 ਅਤੇ ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਵਿਚ ਡੋਲ੍ਹ ਦਿੱਤਾ। ਅਤੇ ਸਮੁੰਦਰ ਇਵੇਂ ਹੋ ਗਿਆ ਜਿਵੇਂ ਮਰੇ ਬੰਦੇ ਦਾ ਲਹੂ ਹੁੰਦਾ ਹੈ ਅਤੇ ਸਮੁੰਦਰ ਦੇ ਸਾਰੇ ਜੀਵ-ਜੰਤੂ ਮਰ ਗਏ।
4 ਅਤੇ ਤੀਸਰੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀ ਦੇ ਸੋਮਿਆਂ ਵਿਚ ਡੋਲ੍ਹ ਦਿੱਤਾ। ਅਤੇ ਉਨ੍ਹਾਂ ਦਾ ਪਾਣੀ ਲਹੂ ਬਣ ਗਿਆ। 5 ਅਤੇ ਜਿਸ ਦੂਤ ਕੋਲ ਪਾਣੀ ਉੱਤੇ ਅਧਿਕਾਰ ਸੀ, ਉਸ ਨੂੰ ਮੈਂ ਇਹ ਕਹਿੰਦੇ ਸੁਣਿਆ: “ਤੂੰ ਵਫ਼ਾਦਾਰ ਪਰਮੇਸ਼ੁਰ ਹੈਂ, ਤੂੰ ਜੋ ਸੀ ਅਤੇ ਜੋ ਹੈਂ। ਤੂੰ ਧਰਮੀ ਹੈਂ ਕਿਉਂਕਿ ਤੂੰ ਨਿਆਂ ਕਰ ਕੇ ਇਹ ਫ਼ੈਸਲੇ ਸੁਣਾਏ ਹਨ। 6 ਉਨ੍ਹਾਂ ਨੇ ਤੇਰੇ ਪਵਿੱਤਰ ਸੇਵਕਾਂ ਅਤੇ ਨਬੀਆਂ ਦਾ ਲਹੂ ਵਹਾਇਆ, ਇਸ ਕਰਕੇ ਤੂੰ ਉਨ੍ਹਾਂ ਨੂੰ ਪੀਣ ਲਈ ਲਹੂ ਦਿੱਤਾ। ਉਹ ਇਸੇ ਸਜ਼ਾ ਦੇ ਲਾਇਕ ਹਨ।” 7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਤੇਰੇ ਫ਼ੈਸਲੇ ਸਹੀ ਅਤੇ ਧਰਮੀ ਹਨ।”
8 ਅਤੇ ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ; ਸੂਰਜ ਨੂੰ ਆਪਣੀ ਤੇਜ਼ ਧੁੱਪ ਨਾਲ ਲੋਕਾਂ ਨੂੰ ਸਾੜਨ ਦਾ ਅਧਿਕਾਰ ਦਿੱਤਾ ਗਿਆ। 9 ਅਤੇ ਲੋਕ ਇਸ ਦੀ ਤੇਜ਼ ਧੁੱਪ ਨਾਲ ਝੁਲਸ ਗਏ, ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਕੀਤੀ ਜਿਸ ਕੋਲ ਇਨ੍ਹਾਂ ਬਿਪਤਾਵਾਂ ਉੱਤੇ ਅਧਿਕਾਰ ਹੈ ਅਤੇ ਉਨ੍ਹਾਂ ਨੇ ਤੋਬਾ ਨਾ ਕੀਤੀ ਅਤੇ ਨਾ ਹੀ ਉਸ ਦੀ ਮਹਿਮਾ ਕੀਤੀ।
10 ਅਤੇ ਪੰਜਵੇਂ ਦੂਤ ਨੇ ਆਪਣਾ ਕਟੋਰਾ ਵਹਿਸ਼ੀ ਦਰਿੰਦੇ ਦੇ ਸਿੰਘਾਸਣ ਉੱਤੇ ਡੋਲ੍ਹ ਦਿੱਤਾ। ਅਤੇ ਉਸ ਦੇ ਰਾਜ ਵਿਚ ਹਨੇਰਾ ਛਾ ਗਿਆ ਅਤੇ ਲੋਕ ਦਰਦ ਨਾਲ ਤੜਫਦੇ ਹੋਏ ਆਪਣੀਆਂ ਜੀਭਾਂ ਟੁੱਕਣ ਲੱਗੇ, 11 ਪਰ ਉਨ੍ਹਾਂ ਨੇ ਆਪਣੀ ਪੀੜ ਅਤੇ ਆਪਣੇ ਫੋੜਿਆਂ ਕਰਕੇ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਉਨ੍ਹਾਂ ਨੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
12 ਅਤੇ ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ ਅਤੇ ਦਰਿਆ ਦਾ ਪਾਣੀ ਸੁੱਕ ਗਿਆ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਖੁੱਲ੍ਹ ਜਾਵੇ।
13 ਅਤੇ ਮੈਂ ਦੇਖਿਆ ਕਿ ਅਜਗਰ ਨੂੰ ਤੇ ਵਹਿਸ਼ੀ ਦਰਿੰਦੇ ਨੂੰ ਅਤੇ ਝੂਠੇ ਨਬੀ ਨੂੰ ਤਿੰਨ ਅਸ਼ੁੱਧ ਸੰਦੇਸ਼ ਦੇਣ ਲਈ ਪ੍ਰੇਰਿਆ ਗਿਆ। ਇਹ ਸੰਦੇਸ਼ ਉਨ੍ਹਾਂ ਦੇ ਮੂੰਹਾਂ ਵਿੱਚੋਂ ਨਿਕਲੇ ਸਨ ਅਤੇ ਇਹ ਦੇਖਣ ਨੂੰ ਡੱਡੂਆਂ ਵਰਗੇ ਲੱਗਦੇ ਸਨ। 14 ਅਸਲ ਵਿਚ, ਇਹ ਸੰਦੇਸ਼ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਗਏ ਹਨ ਅਤੇ ਇਹ ਸੰਦੇਸ਼ ਜਾ ਕੇ ਸਾਰੀ ਧਰਤੀ ਦੇ ਰਾਜਿਆਂ ਸਾਮ੍ਹਣੇ ਨਿਸ਼ਾਨੀਆਂ ਦਿਖਾਉਂਦੇ ਹਨ ਤਾਂਕਿ ਉਨ੍ਹਾਂ ਨੂੰ ਉਸ ਲੜਾਈ ਲਈ ਇਕੱਠਾ ਕਰਨ ਜੋ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਲੜੀ ਜਾਵੇਗੀ।
15 “ਦੇਖੋ! ਮੈਂ ਚੋਰ ਵਾਂਗ ਆਵਾਂਗਾ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਜਿਸ ਦੇ ਕੱਪੜੇ ਉਤਾਰੇ ਨਹੀਂ ਜਾਂਦੇ, ਤਾਂਕਿ ਉਸ ਨੂੰ ਨੰਗਾ ਨਾ ਜਾਣਾ ਪਵੇ ਅਤੇ ਲੋਕ ਉਸ ਨੂੰ ਸ਼ਰਮਨਾਕ ਹਾਲਤ ਵਿਚ ਨਾ ਦੇਖਣ।”
16 ਅਤੇ ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ* ਕਿਹਾ ਜਾਂਦਾ ਹੈ।
17 ਅਤੇ ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਉੱਤੇ ਡੋਲ੍ਹ ਦਿੱਤਾ। ਅਤੇ ਮੰਦਰ* ਵਿਚ ਸਿੰਘਾਸਣ ਤੋਂ ਇਹ ਉੱਚੀ ਆਵਾਜ਼ ਸੁਣਾਈ ਦਿੱਤੀ: “ਪੂਰਾ ਹੋ ਗਿਆ ਹੈ!” 18 ਅਤੇ ਬਿਜਲੀ ਲਿਸ਼ਕੀ, ਆਵਾਜ਼ਾਂ ਆਈਆਂ ਅਤੇ ਗਰਜਾਂ ਸੁਣਾਈ ਦਿੱਤੀਆਂ ਅਤੇ ਇਕ ਜ਼ਬਰਦਸਤ ਭੁਚਾਲ਼ ਆਇਆ। ਧਰਤੀ ਉੱਤੇ ਇਨਸਾਨ ਦੇ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਇੰਨਾ ਜ਼ਬਰਦਸਤ ਅਤੇ ਤਬਾਹੀ ਮਚਾਉਣ ਵਾਲਾ ਭੁਚਾਲ਼ ਕਦੇ ਨਹੀਂ ਆਇਆ ਸੀ। 19 ਅਤੇ ਵੱਡੇ ਸ਼ਹਿਰ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ; ਅਤੇ ਮਹਾਂ ਬਾਬਲ ਵੱਲ ਪਰਮੇਸ਼ੁਰ ਨੇ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਹੋਇਆ ਪਿਆਲਾ ਪਿਲਾਵੇ। 20 ਨਾਲੇ ਹਰ ਟਾਪੂ ਭੱਜ ਗਿਆ ਅਤੇ ਪਹਾੜ ਕਿਤੇ ਨਾ ਲੱਭੇ। 21 ਅਤੇ ਆਕਾਸ਼ੋਂ ਵੀਹ-ਵੀਹ ਕਿਲੋ ਭਾਰੇ ਗੜੇ ਲੋਕਾਂ ਉੱਤੇ ਪਏ ਅਤੇ ਗੜਿਆਂ ਦੀ ਮਾਰ ਕਰਕੇ ਲੋਕਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਕਿਉਂਕਿ ਗੜਿਆਂ ਨੇ ਬਹੁਤ ਤਬਾਹੀ ਮਚਾਈ।