ਮਰਕੁਸ
2 ਪਰ, ਕੁਝ ਦਿਨਾਂ ਬਾਅਦ ਉਹ ਦੁਬਾਰਾ ਕਫ਼ਰਨਾਹੂਮ ਵਿਚ ਗਿਆ ਅਤੇ ਲੋਕਾਂ ਨੂੰ ਪਤਾ ਲੱਗਾ ਕਿ ਉਹ ਘਰੇ ਸੀ। 2 ਇਸ ਕਰਕੇ ਉੱਥੇ ਐਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਲਾਗੇ ਵੀ ਥਾਂ ਨਾ ਰਹੀ, ਅਤੇ ਉਹ ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਲੱਗਾ। 3 ਕੁਝ ਆਦਮੀ ਇਕ ਅਧਰੰਗੀ ਨੂੰ ਲੈ ਕੇ ਆਏ ਅਤੇ ਚਾਰ ਜਣਿਆਂ ਨੇ ਉਸ ਨੂੰ ਮੰਜੀ ਉੱਤੇ ਚੁੱਕਿਆ ਹੋਇਆ ਸੀ। 4 ਪਰ ਭੀੜ ਲੱਗੀ ਹੋਣ ਕਰਕੇ ਉਹ ਉਸ ਨੂੰ ਯਿਸੂ ਕੋਲ ਲਿਆ ਨਾ ਸਕੇ। ਇਸ ਲਈ ਜਿੱਥੇ ਯਿਸੂ ਬੈਠਾ ਸੀ, ਉਨ੍ਹਾਂ ਨੇ ਉੱਥੇ ਛੱਤ ਪਾੜ ਕੇ ਅਧਰੰਗੀ ਨੂੰ ਮੰਜੀ ਸਮੇਤ ਕਮਰੇ ਵਿਚ ਉਤਾਰ ਦਿੱਤਾ। 5 ਜਦੋਂ ਯਿਸੂ ਨੇ ਉਨ੍ਹਾਂ ਦੀ ਨਿਹਚਾ ਦੇਖੀ, ਤਾਂ ਉਸ ਨੇ ਅਧਰੰਗੀ ਨੂੰ ਕਿਹਾ: “ਪੁੱਤਰ, ਤੇਰੇ ਪਾਪ ਮਾਫ਼ ਹੋ ਗਏ ਹਨ।” 6 ਉੱਥੇ ਕੁਝ ਗ੍ਰੰਥੀ ਵੀ ਬੈਠੇ ਹੋਏ ਸਨ ਜਿਹੜੇ ਆਪਣੇ ਦਿਲਾਂ ਵਿਚ ਸੋਚਣ ਲੱਗੇ: 7 “ਇਹ ਆਦਮੀ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰ ਰਿਹਾ ਹੈ। ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?” 8 ਪਰ ਯਿਸੂ ਆਪਣੇ ਮਨ ਵਿਚ ਜਾਣ ਗਿਆ ਕਿ ਗ੍ਰੰਥੀ ਆਪਸ ਵਿਚ ਕੀ ਗੱਲਾਂ ਕਰ ਰਹੇ ਸਨ। ਇਸ ਲਈ, ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਦਿਲਾਂ ਵਿਚ ਇਹ ਕਿਉਂ ਸੋਚ ਰਹੇ ਹੋ? 9 ਅਧਰੰਗੀ ਨੂੰ ਕੀ ਕਹਿਣਾ ਸੌਖਾ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਤੇ ਆਪਣੀ ਮੰਜੀ ਚੁੱਕ ਅਤੇ ਜਾਹ’? 10 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ . . .” ਯਿਸੂ ਨੇ ਅਧਰੰਗੀ ਨੂੰ ਕਿਹਾ: 11 “ਮੈਂ ਤੈਨੂੰ ਕਹਿੰਦਾ ਹਾਂ, ਉੱਠ ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।” 12 ਅਤੇ ਉਹ ਉੱਠ ਖੜ੍ਹਾ ਹੋਇਆ ਤੇ ਉਸੇ ਵੇਲੇ ਸਾਰਿਆਂ ਦੇ ਸਾਮ੍ਹਣੇ ਆਪਣੀ ਮੰਜੀ ਚੁੱਕ ਕੇ ਚਲਾ ਗਿਆ। ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਿਆਂ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇਹੋ ਜਿਹੀ ਕਰਾਮਾਤ ਨਹੀਂ ਦੇਖੀ।”
13 ਉਹ ਦੁਬਾਰਾ ਝੀਲ ਦੇ ਕੰਢੇ ਗਿਆ ਅਤੇ ਲੋਕਾਂ ਦੀ ਭੀੜ ਉਸ ਦੇ ਆਲੇ-ਦੁਆਲੇ ਇਕੱਠੀ ਹੋ ਗਈ ਅਤੇ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ। 14 ਫਿਰ ਉਸ ਨੇ ਤੁਰੇ ਜਾਂਦਿਆਂ ਹਲਫ਼ਈ ਦੇ ਪੁੱਤਰ ਲੇਵੀ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖ ਕੇ ਕਿਹਾ: “ਮੇਰਾ ਚੇਲਾ ਬਣ ਜਾ।” ਤੇ ਉਹ ਉੱਠ ਕੇ ਉਸ ਦੇ ਮਗਰ ਤੁਰ ਪਿਆ। 15 ਬਾਅਦ ਵਿਚ ਯਿਸੂ ਆਪਣੇ ਚੇਲਿਆਂ ਨਾਲ ਲੇਵੀ ਦੇ ਘਰ ਗਿਆ। ਉੱਥੇ ਉਨ੍ਹਾਂ ਨਾਲ ਕਈ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ। ਉਨ੍ਹਾਂ ਵਿੱਚੋਂ ਕਈ ਜਣੇ ਉਸ ਦੇ ਚੇਲੇ ਬਣ ਗਏ। 16 ਪਰ ਜਦੋਂ ਫ਼ਰੀਸੀਆਂ* ਦੇ ਗ੍ਰੰਥੀਆਂ ਨੇ ਉਸ ਨੂੰ ਪਾਪੀਆਂ ਅਤੇ ਟੈਕਸ ਵਸੂਲਣ ਵਾਲਿਆਂ ਨਾਲ ਖਾਂਦੇ ਦੇਖਿਆ, ਤਾਂ ਉਹ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਉਹ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ-ਪੀਂਦਾ ਹੈ?” 17 ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।”
18 ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਇਸ ਲਈ ਯੂਹੰਨਾ ਦੇ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਤੇ ਅਸੀਂ ਵੀ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?” 19 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਲਾੜੇ ਦੇ ਹੁੰਦਿਆਂ ਬਰਾਤੀਆਂ* ਨੂੰ ਵਰਤ ਰੱਖਣ ਦੀ ਲੋੜ ਹੈ? ਜਦ ਤਕ ਲਾੜਾ ਉਨ੍ਹਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ। 20 ਪਰ ਉਹ ਦਿਨ ਵੀ ਆਉਣਗੇ ਜਦੋਂ ਲਾੜੇ ਨੂੰ ਉਨ੍ਹਾਂ ਤੋਂ ਦੂਰ ਕੀਤਾ ਜਾਵੇਗਾ ਅਤੇ ਉਸ ਦਿਨ ਉਹ ਵਰਤ ਰੱਖਣਗੇ। 21 ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ* ਦੀ ਟਾਕੀ ਨਹੀਂ ਲਾਉਂਦਾ, ਜੇ ਟਾਕੀ ਲਾਈ ਜਾਵੇ, ਤਾਂ ਨਵੇਂ ਕੱਪੜੇ ਦੇ ਜ਼ੋਰ ਨਾਲ ਪੁਰਾਣਾ ਕੱਪੜਾ ਹੋਰ ਵੀ ਫੱਟ ਜਾਵੇਗਾ। 22 ਨਾਲੇ, ਕੋਈ ਵੀ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ* ਵਿਚ ਨਹੀਂ ਪਾਉਂਦਾ, ਜੇ ਦਾਖਰਸ ਪਾਇਆ ਜਾਵੇ, ਤਾਂ ਇਹ ਮਸ਼ਕਾਂ ਨੂੰ ਪਾੜ ਦੇਵੇਗਾ। ਇਸ ਤਰ੍ਹਾਂ ਦਾਖਰਸ ਦੇ ਨਾਲ-ਨਾਲ ਮਸ਼ਕਾਂ ਵੀ ਹੱਥੋਂ ਜਾਂਦੀਆਂ ਲੱਗਣਗੀਆਂ। ਪਰ ਲੋਕ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਉਂਦੇ ਹਨ।”
23 ਫਿਰ ਜਦੋਂ ਉਹ ਸਬਤ ਦੇ ਦਿਨ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉਸ ਦੇ ਚੇਲੇ ਜਾਂਦੇ-ਜਾਂਦੇ ਕਣਕ ਦੇ ਸਿੱਟੇ ਤੋੜਨ ਲੱਗ ਪਏ। 24 ਇਸ ਲਈ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਆਹ ਦੇਖ! ਤੇਰੇ ਚੇਲੇ ਉਹ ਕੰਮ ਕਿਉਂ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ?” 25 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ? 26 ਕੀ ਤੁਸੀਂ ਮੁੱਖ ਪੁਜਾਰੀ ਅਬਯਾਥਾਰ ਬਾਰੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਕਿ ਦਾਊਦ ਨੇ ਪਰਮੇਸ਼ੁਰ ਦੇ ਘਰ ਵਿਚ ਵੜ ਕੇ ਚੜ੍ਹਾਵੇ ਦੀਆਂ ਰੋਟੀਆਂ ਆਪ ਵੀ ਖਾਧੀਆਂ ਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ? ਪਰ ਉਨ੍ਹਾਂ ਸਾਰਿਆਂ ਲਈ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।” 27 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਸਬਤ ਦਾ ਦਿਨ ਇਨਸਾਨ ਲਈ ਹੈ, ਨਾ ਕਿ ਇਨਸਾਨ ਸਬਤ ਦੇ ਦਿਨ ਲਈ; 28 ਇਸ ਕਰਕੇ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”