ਰਸੂਲਾਂ ਦੇ ਕੰਮ
20 ਜਦੋਂ ਰੌਲ਼ਾ-ਰੱਪਾ ਖ਼ਤਮ ਹੋ ਗਿਆ, ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਹੱਲਾਸ਼ੇਰੀ ਦਿੱਤੀ। ਫਿਰ ਉਨ੍ਹਾਂ ਨੂੰ ਅਲਵਿਦਾ ਕਹਿ ਕੇ ਮਕਦੂਨੀਆ ਜਾਣ ਲਈ ਤੁਰ ਪਿਆ। 2 ਮਕਦੂਨੀਆ ਦੇ ਇਲਾਕਿਆਂ ਵਿੱਚੋਂ ਦੀ ਲੰਘਦੇ ਹੋਏ ਉਸ ਨੇ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਹੌਸਲਾ ਦਿੱਤਾ ਅਤੇ ਉਹ ਯੂਨਾਨ ਵਿਚ ਆ ਗਿਆ। 3 ਉੱਥੇ ਉਹ ਤਿੰਨ ਮਹੀਨੇ ਰਿਹਾ। ਫਿਰ ਜਦੋਂ ਉਸ ਨੇ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸੀਰੀਆ ਨੂੰ ਜਾਣਾ ਸੀ, ਤਾਂ ਉਸ ਵੇਲੇ ਉਸ ਨੂੰ ਪਤਾ ਲੱਗਾ ਕਿ ਯਹੂਦੀਆਂ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਸੀ, ਇਸ ਲਈ ਉਸ ਨੇ ਮਕਦੂਨੀਆ ਰਾਹੀਂ ਵਾਪਸ ਜਾਣ ਦਾ ਫ਼ੈਸਲਾ ਕੀਤਾ। 4 ਉਸ ਦੇ ਨਾਲ ਬਰੀਆ ਸ਼ਹਿਰ ਦੇ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕਾ ਸ਼ਹਿਰ ਦੇ ਅਰਿਸਤਰਖੁਸ ਤੇ ਸਿਕੁੰਦੁਸ, ਦਰਬੇ ਸ਼ਹਿਰ ਦਾ ਗਾਉਸ, ਤਿਮੋਥਿਉਸ ਤੇ ਏਸ਼ੀਆ* ਜ਼ਿਲ੍ਹੇ ਤੋਂ ਤੁਖੀਕੁਸ ਤੇ ਤ੍ਰੋਫ਼ਿਮੁਸ ਵੀ ਸਨ। 5 ਉਹ ਸਾਡੇ ਅੱਗੇ-ਅੱਗੇ ਚਲੇ ਗਏ ਅਤੇ ਉਨ੍ਹਾਂ ਨੇ ਤ੍ਰੋਆਸ ਵਿਚ ਜਾ ਕੇ ਸਾਡੀ ਉਡੀਕ ਕੀਤੀ। 6 ਪਰ ਅਸੀਂ ਬੇਖਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਤੋਂ ਬਾਅਦ ਫ਼ਿਲਿੱਪੈ ਵਿਚ ਜਹਾਜ਼ੇ ਚੜ੍ਹ ਕੇ ਪੰਜਾਂ ਦਿਨਾਂ ਵਿਚ ਉਨ੍ਹਾਂ ਕੋਲ ਤ੍ਰੋਆਸ ਆ ਗਏ ਅਤੇ ਅਸੀਂ ਉੱਥੇ ਸੱਤ ਦਿਨ ਰਹੇ।
7 ਹਫ਼ਤੇ ਦੇ ਪਹਿਲੇ ਦਿਨ* ਜਦੋਂ ਅਸੀਂ ਰੋਟੀ ਖਾਣ ਲਈ ਇਕੱਠੇ ਹੋਏ, ਤਾਂ ਪੌਲੁਸ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ ਕਿਉਂਕਿ ਉਹ ਅਗਲੇ ਦਿਨ ਉੱਥੋਂ ਜਾ ਰਿਹਾ ਸੀ। ਉਹ ਅੱਧੀ ਰਾਤ ਤਕ ਉਪਦੇਸ਼ ਦਿੰਦਾ ਰਿਹਾ। 8 ਇਸ ਕਰਕੇ, ਜਿਸ ਚੁਬਾਰੇ ਵਿਚ ਅਸੀਂ ਇਕੱਠੇ ਹੋਏ ਸਾਂ, ਉੱਥੇ ਬਹੁਤ ਸਾਰੇ ਦੀਵੇ ਬਲ਼ ਰਹੇ ਸਨ। 9 ਯੂਤਖੁਸ ਨਾਂ ਦਾ ਇਕ ਨੌਜਵਾਨ ਖਿੜਕੀ ਦੇ ਲਾਗੇ ਬੈਠਾ ਹੋਇਆ ਸੀ। ਜਦੋਂ ਪੌਲੁਸ ਦੇਰ ਤਕ ਉਪਦੇਸ਼ ਦਿੰਦਾ ਰਿਹਾ, ਤਾਂ ਯੂਤਖੁਸ ਗੂੜ੍ਹੀ ਨੀਂਦ ਸੌਂ ਗਿਆ ਅਤੇ ਸੁੱਤਾ-ਸੁੱਤਾ ਤੀਜੀ ਮੰਜ਼ਲ ਤੋਂ ਡਿਗ ਕੇ ਮਰ ਗਿਆ। 10 ਪਰ ਪੌਲੁਸ ਥੱਲੇ ਗਿਆ ਅਤੇ ਉਸ ਨੇ ਝੁਕ ਕੇ ਮੁੰਡੇ ਨੂੰ ਗਲ਼ੇ ਨਾਲ ਲਾਇਆ ਅਤੇ ਕਿਹਾ: “ਰੌਲ਼ਾ ਨਾ ਪਾਓ ਕਿਉਂਕਿ ਮੁੰਡਾ ਜੀਉਂਦਾ ਹੋ ਗਿਆ ਹੈ।” 11 ਫਿਰ ਪੌਲੁਸ ਨੇ ਉੱਪਰ ਜਾ ਕੇ ਰੋਟੀ ਖਾਧੀ ਅਤੇ ਉਹ ਕਾਫ਼ੀ ਦੇਰ ਤਕ ਗੱਲਾਂ ਕਰਦਾ ਰਿਹਾ ਅਤੇ ਗੱਲਾਂ ਕਰਦੇ-ਕਰਦੇ ਦਿਨ ਚੜ੍ਹ ਗਿਆ ਅਤੇ ਉਹ ਉੱਥੋਂ ਤੁਰ ਪਿਆ। 12 ਸੋ ਉਹ ਮੁੰਡੇ ਨੂੰ ਲੈ ਗਏ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਬਹੁਤ ਹੀ ਦਿਲਾਸਾ ਮਿਲਿਆ ਕਿ ਮੁੰਡਾ ਜੀਉਂਦਾ ਹੋ ਗਿਆ ਸੀ।
13 ਅਸੀਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅੱਸੁਸ ਨੂੰ ਤੁਰ ਪਏ, ਪਰ ਪੌਲੁਸ ਨੇ ਅੱਸੁਸ ਨੂੰ ਪੈਦਲ ਜਾਣ ਦਾ ਮਨ ਬਣਾਇਆ ਹੋਇਆ ਸੀ। ਉਸ ਨੇ ਸਾਨੂੰ ਕਿਹਾ ਸੀ ਕਿ ਅਸੀਂ ਉੱਥੇ ਪਹੁੰਚ ਕੇ ਉਸ ਨੂੰ ਜਹਾਜ਼ ਵਿਚ ਚੜ੍ਹਾ ਲਈਏ। 14 ਇਸ ਲਈ ਜਦੋਂ ਉਹ ਸਾਨੂੰ ਅੱਸੁਸ ਵਿਚ ਮਿਲਿਆ, ਤਾਂ ਅਸੀਂ ਉਸ ਨੂੰ ਜਹਾਜ਼ ਵਿਚ ਚੜ੍ਹਾ ਕੇ ਮਿਤੁਲੇਨੇ ਨੂੰ ਚੱਲ ਪਏ; 15 ਅਤੇ ਉੱਥੋਂ ਚੱਲ ਕੇ ਅਸੀਂ ਅਗਲੇ ਦਿਨ ਖੀਓਸ ਦੇ ਸਾਮ੍ਹਣੇ ਪਹੁੰਚੇ, ਪਰ ਦੂਜੇ ਦਿਨ ਅਸੀਂ ਥੋੜ੍ਹੇ ਸਮੇਂ ਲਈ ਸਾਮੁਸ ਵਿਚ ਰੁਕੇ ਅਤੇ ਫਿਰ ਅਗਲੇ ਦਿਨ ਮਿਲੇਤੁਸ ਪਹੁੰਚ ਗਏ। 16 ਪੌਲੁਸ ਨੇ ਅਫ਼ਸੁਸ ਜਾਣ ਦੀ ਬਜਾਇ ਸਿੱਧਾ ਅੱਗੇ ਜਾਣ ਦਾ ਫ਼ੈਸਲਾ ਕੀਤਾ ਸੀ ਤਾਂਕਿ ਉਸ ਨੂੰ ਏਸ਼ੀਆ ਜ਼ਿਲ੍ਹੇ ਵਿਚ ਸਮਾਂ ਨਾ ਗੁਜ਼ਾਰਨਾ ਪਵੇ; ਉਹ ਇਸ ਲਈ ਛੇਤੀ ਕਰ ਰਿਹਾ ਸੀ ਕਿ ਜੇ ਹੋ ਸਕੇ, ਤਾਂ ਉਹ ਪੰਤੇਕੁਸਤ ਦੇ ਤਿਉਹਾਰ ਦੇ ਦਿਨ ਯਰੂਸ਼ਲਮ ਪਹੁੰਚ ਜਾਵੇ।
17 ਪਰ ਮਿਲੇਤੁਸ ਤੋਂ ਉਸ ਨੇ ਸੁਨੇਹਾ ਘੱਲ ਕੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾ ਲਿਆ। 18 ਜਦੋਂ ਬਜ਼ੁਰਗ ਉਸ ਕੋਲ ਆਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਏਸ਼ੀਆ ਜ਼ਿਲ੍ਹੇ ਵਿਚ ਕਦਮ ਰੱਖਣ ਦੇ ਪਹਿਲੇ ਦਿਨ ਤੋਂ ਹੀ ਮੈਂ ਤੁਹਾਡੇ ਨਾਲ ਰਹਿੰਦਿਆਂ ਆਪਣਾ ਸਾਰਾ ਸਮਾਂ ਕਿਵੇਂ ਗੁਜ਼ਾਰਿਆ 19 ਯਾਨੀ ਮੈਂ ਪੂਰੀ ਨਿਮਰਤਾ ਨਾਲ ਅਤੇ ਹੰਝੂ ਵਹਾ-ਵਹਾ ਕੇ ਅਤੇ ਯਹੂਦੀਆਂ ਦੀਆਂ ਸਾਜ਼ਸ਼ਾਂ ਕਰਕੇ ਖੜ੍ਹੀਆਂ ਹੋਈਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਪ੍ਰਭੂ ਦੀ ਸੇਵਾ ਕੀਤੀ; 20 ਅਤੇ ਮੈਂ ਅਜਿਹੀ ਕੋਈ ਵੀ ਗੱਲ ਜਿਹੜੀ ਤੁਹਾਡੇ ਫ਼ਾਇਦੇ ਲਈ ਸੀ, ਤੁਹਾਨੂੰ ਦੱਸਣ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਤੁਹਾਨੂੰ ਖੁੱਲ੍ਹੇ-ਆਮ ਤੇ ਘਰ-ਘਰ ਜਾ ਕੇ ਸਿਖਾਉਣ ਤੋਂ ਹਟਿਆ। 21 ਪਰ ਮੈਂ ਯਹੂਦੀਆਂ ਅਤੇ ਯੂਨਾਨੀਆਂ* ਨੂੰ ਚੰਗੀ ਤਰ੍ਹਾਂ ਗਵਾਹੀ ਦਿੱਤੀ ਕਿ ਉਹ ਤੋਬਾ ਕਰ ਕੇ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਸਾਡੇ ਪ੍ਰਭੂ ਯਿਸੂ ਉੱਤੇ ਨਿਹਚਾ ਕਰਨ। 22 ਅਤੇ ਹੁਣ ਮੈਂ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਰੂਸ਼ਲਮ ਨੂੰ ਜਾ ਰਿਹਾ ਹਾਂ, ਭਾਵੇਂ ਕਿ ਮੈਨੂੰ ਪਤਾ ਨਹੀਂ ਕਿ ਉੱਥੇ ਮੇਰੇ ਨਾਲ ਕੀ-ਕੀ ਹੋਵੇਗਾ। 23 ਮੈਨੂੰ ਸਿਰਫ਼ ਇਹੀ ਪਤਾ ਹੈ ਕਿ ਹਰ ਸ਼ਹਿਰ ਵਿਚ ਪਵਿੱਤਰ ਸ਼ਕਤੀ ਵਾਰ-ਵਾਰ ਮੈਨੂੰ ਚੇਤਾਵਨੀ ਦੇ ਰਹੀ ਹੈ ਕਿ ਉੱਥੇ ਕੈਦ ਅਤੇ ਮੁਸੀਬਤਾਂ ਮੇਰੀ ਉਡੀਕ ਕਰ ਰਹੀਆਂ ਹਨ। 24 ਫਿਰ ਵੀ ਮੈਂ ਆਪਣੀ ਜਾਨ ਨੂੰ ਕਿਸੇ ਵੀ ਤਰ੍ਹਾਂ ਪਿਆਰੀ ਨਹੀਂ ਸਮਝਦਾ, ਸਗੋਂ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਇਹ ਦੌੜ ਅਤੇ ਸੇਵਾ ਦਾ ਕੰਮ ਪੂਰਾ ਕਰ ਲਵਾਂ। ਇਹ ਕੰਮ ਪ੍ਰਭੂ ਯਿਸੂ ਨੇ ਮੈਨੂੰ ਸੌਂਪਿਆ ਸੀ ਕਿ ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦੇਵਾਂ।
25 “ਅਤੇ ਹੁਣ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ, ਜਿਨ੍ਹਾਂ ਨੂੰ ਮੈਂ ਰਾਜ ਦਾ ਪ੍ਰਚਾਰ ਕੀਤਾ ਸੀ, ਦੁਬਾਰਾ ਮੇਰਾ ਮੂੰਹ ਨਹੀਂ ਦੇਖੋਗੇ। 26 ਇਸ ਲਈ ਮੈਂ ਤੁਹਾਨੂੰ ਅੱਜ ਇਹ ਗਵਾਹੀ ਦੇਣ ਲਈ ਕਹਿੰਦਾ ਹਾਂ ਕਿ ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ 27 ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਭ ਕੁਝ ਦੱਸਣ ਤੋਂ ਕਦੇ ਪਿੱਛੇ ਨਹੀਂ ਹਟਿਆ। 28 ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ ਜਿਨ੍ਹਾਂ ਵਿਚ ਪਵਿੱਤਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ ਤਾਂਕਿ ਤੁਸੀਂ ਚਰਵਾਹਿਆਂ ਵਾਂਗ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਰੋ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਨਾਲ ਖ਼ਰੀਦਿਆ ਹੈ। 29 ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿਚ ਆ ਜਾਣਗੇ ਅਤੇ ਭੇਡਾਂ ਨਾਲ ਬੇਰਹਿਮੀ ਭਰਿਆ ਸਲੂਕ ਕਰਨਗੇ 30 ਅਤੇ ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।
31 “ਇਸ ਲਈ ਜਾਗਦੇ ਰਹੋ ਅਤੇ ਇਹ ਗੱਲ ਯਾਦ ਰੱਖੋ ਕਿ ਤਿੰਨ ਸਾਲ ਦਿਨ-ਰਾਤ ਮੈਂ ਹੰਝੂ ਵਹਾ-ਵਹਾ ਕੇ ਤੁਹਾਨੂੰ ਉਪਦੇਸ਼ ਦੇਣ ਤੋਂ ਨਹੀਂ ਰੁਕਿਆ। 32 ਹੁਣ ਮੇਰੀ ਇਹੀ ਦੁਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਰਹੇ ਅਤੇ ਉਸ ਦੇ ਬਚਨ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ। ਇਹ ਬਚਨ ਤੁਹਾਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਤੁਹਾਨੂੰ ਉਹ ਵਿਰਾਸਤ ਦੇ ਸਕਦਾ ਹੈ ਜੋ ਸਾਰੇ ਪਵਿੱਤਰ ਸੇਵਕਾਂ ਲਈ ਰੱਖੀ ਗਈ ਹੈ। 33 ਮੈਂ ਕਿਸੇ ਵੀ ਇਨਸਾਨ ਦੀ ਚਾਂਦੀ ਜਾਂ ਸੋਨੇ ਜਾਂ ਕੱਪੜਿਆਂ ਦਾ ਲਾਲਚ ਨਹੀਂ ਕੀਤਾ। 34 ਤੁਸੀਂ ਆਪ ਜਾਣਦੇ ਹੋ ਕਿ ਮੈਂ ਆਪਣੇ ਹੱਥੀਂ ਆਪਣੀਆਂ ਅਤੇ ਆਪਣੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ। 35 ਮੈਂ ਸਾਰੀਆਂ ਗੱਲਾਂ ਵਿਚ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਮਿਹਨਤ ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ, ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’”
36 ਇਹ ਗੱਲਾਂ ਕਹਿ ਕੇ ਪੌਲੁਸ ਸਾਰਿਆਂ ਨਾਲ ਮਿਲ ਕੇ ਗੋਡਿਆਂ ਭਾਰ ਬੈਠ ਗਿਆ ਅਤੇ ਉਸ ਨੇ ਪ੍ਰਾਰਥਨਾ ਕੀਤੀ। 37 ਉਸ ਵੇਲੇ ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ ਅਤੇ ਉਨ੍ਹਾਂ ਨੇ ਪੌਲੁਸ ਦੇ ਗਲ਼ ਲੱਗ-ਲੱਗ ਕੇ ਉਸ ਨੂੰ ਚੁੰਮਿਆ। 38 ਉਹ ਖ਼ਾਸ ਤੌਰ ਤੇ ਪੌਲੁਸ ਦੀ ਇਸ ਗੱਲ ਕਰਕੇ ਦੁਖੀ ਸਨ ਕਿ ਉਹ ਉਸ ਦਾ ਮੂੰਹ ਦੁਬਾਰਾ ਨਹੀਂ ਦੇਖਣਗੇ। ਫਿਰ ਉਹ ਉਸ ਨੂੰ ਵਿਦਾ ਕਰਨ ਲਈ ਸਮੁੰਦਰੀ ਜਹਾਜ਼ ਤਕ ਆਏ।