ਰੋਮੀਆਂ
5 ਹੁਣ ਸਾਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾ ਦਿੱਤਾ ਗਿਆ ਹੈ, ਇਸ ਲਈ, ਆਓ ਆਪਾਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਕੇ ਰੱਖੀਏ। 2 ਯਿਸੂ ਉੱਤੇ ਨਿਹਚਾ ਕਰਨ ਕਰਕੇ ਸਾਡੇ ਵਾਸਤੇ ਅਪਾਰ ਕਿਰਪਾ ਪਾਉਣ ਦਾ ਰਾਹ ਖੁੱਲ੍ਹਿਆ ਹੈ ਅਤੇ ਇਹ ਅਪਾਰ ਕਿਰਪਾ ਸਾਡੇ ʼਤੇ ਹੁਣ ਹੋ ਰਹੀ ਹੈ। ਅਤੇ ਆਓ ਆਪਾਂ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਉਮੀਦ ਕਰਕੇ ਖ਼ੁਸ਼ੀ ਮਨਾਈਏ। 3 ਇਸ ਦੇ ਨਾਲ-ਨਾਲ, ਆਓ ਆਪਾਂ ਮੁਸੀਬਤਾਂ ਸਹਿੰਦੇ ਹੋਏ ਵੀ ਖ਼ੁਸ਼ੀ ਮਨਾਈਏ, ਕਿਉਂਕਿ ਅਸੀਂ ਜਾਣਦੇ ਹਾਂ ਕਿ ਮੁਸੀਬਤਾਂ ਕਾਰਨ ਸਾਡੇ ਵਿਚ ਧੀਰਜ ਪੈਦਾ ਹੁੰਦਾ ਹੈ; 4 ਅਤੇ ਧੀਰਜ ਰੱਖਣ ਨਾਲ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ; ਇਸ ਮਨਜ਼ੂਰੀ ਕਾਰਨ ਸਾਨੂੰ ਉਮੀਦ ਮਿਲਦੀ ਹੈ 5 ਅਤੇ ਇਹ ਉਮੀਦ ਸਾਨੂੰ ਨਿਰਾਸ਼* ਨਹੀਂ ਕਰਦੀ; ਕਿਉਂਕਿ ਜੋ ਪਵਿੱਤਰ ਸ਼ਕਤੀ* ਸਾਨੂੰ ਦਿੱਤੀ ਗਈ ਹੈ, ਉਸ ਰਾਹੀਂ ਪਰਮੇਸ਼ੁਰ ਨੇ ਸਾਡੇ ਦਿਲਾਂ ਨੂੰ ਆਪਣੇ ਪਿਆਰ ਨਾਲ ਭਰ ਦਿੱਤਾ ਹੈ।
6 ਜਦੋਂ ਅਸੀਂ ਅਜੇ ਪਾਪੀ* ਸਾਂ, ਤਾਂ ਮਸੀਹ ਮਿਥੇ ਹੋਏ ਸਮੇਂ ਤੇ ਦੁਸ਼ਟ ਲੋਕਾਂ ਲਈ ਮਰਿਆ। 7 ਕਿਸੇ ਧਰਮੀ ਇਨਸਾਨ ਲਈ ਸ਼ਾਇਦ ਹੀ ਕੋਈ ਮਰੇ; ਪਰ ਹੋ ਸਕਦਾ ਹੈ ਕਿ ਚੰਗੇ ਇਨਸਾਨ ਲਈ ਕੋਈ ਮਰਨ ਲਈ ਤਿਆਰ ਹੋਵੇ। 8 ਪਰ ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ। 9 ਹੁਣ ਜਦ ਅਸੀਂ ਮਸੀਹ ਦੇ ਲਹੂ ਦੁਆਰਾ ਧਰਮੀ ਠਹਿਰਾਏ ਗਏ ਹਾਂ, ਤਾਂ ਅਸੀਂ ਹੋਰ ਵੀ ਯਕੀਨ ਰੱਖ ਸਕਦੇ ਹਾਂ ਕਿ ਉਸ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਕ੍ਰੋਧ ਤੋਂ ਵੀ ਬਚਾਏ ਜਾਵਾਂਗੇ। 10 ਜਦੋਂ ਅਸੀਂ ਪਰਮੇਸ਼ੁਰ ਦੇ ਦੁਸ਼ਮਣ ਸਾਂ, ਉਦੋਂ ਉਸ ਦੇ ਪੁੱਤਰ ਦੀ ਮੌਤ ਰਾਹੀਂ ਉਸ ਨਾਲ ਸਾਡੀ ਸੁਲ੍ਹਾ ਹੋਈ। ਤਾਂ ਫਿਰ, ਹੁਣ ਜਦੋਂ ਸਾਡੀ ਸੁਲ੍ਹਾ ਹੋ ਗਈ ਹੈ, ਤਾਂ ਅਸੀਂ ਹੋਰ ਵੀ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਮਸੀਹ ਦੀ ਜ਼ਿੰਦਗੀ ਰਾਹੀਂ ਬਚਾਏ ਵੀ ਜਾਵਾਂਗੇ। 11 ਇਸ ਤੋਂ ਇਲਾਵਾ, ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਕਰਕੇ ਵੀ ਅਸੀਂ ਖ਼ੁਸ਼ ਹਾਂ ਜੋ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਾਇਮ ਹੋਇਆ ਹੈ ਅਤੇ ਜਿਸ ਰਾਹੀਂ ਹੁਣ ਪਰਮੇਸ਼ੁਰ ਨਾਲ ਸਾਡੀ ਸੁਲ੍ਹਾ ਹੋਈ ਹੈ।
12 ਇਸ ਲਈ, ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ। 13 ਕਾਨੂੰਨ ਦਿੱਤੇ ਜਾਣ ਤੋਂ ਪਹਿਲਾਂ ਹੀ ਪਾਪ ਦੁਨੀਆਂ ਵਿਚ ਸੀ, ਪਰ ਜਦੋਂ ਕੋਈ ਕਾਨੂੰਨ ਨਹੀਂ ਹੁੰਦਾ, ਤਾਂ ਕਿਸੇ ਉੱਤੇ ਵੀ ਪਾਪ ਕਰਨ ਦਾ ਦੋਸ਼ ਨਹੀਂ ਲੱਗਦਾ। 14 ਫਿਰ ਵੀ, ਆਦਮ ਤੋਂ ਲੈ ਕੇ ਮੂਸਾ ਤਕ ਮੌਤ ਨੇ ਰਾਜੇ ਵਜੋਂ ਰਾਜ ਕੀਤਾ, ਉਨ੍ਹਾਂ ਉੱਤੇ ਵੀ ਜਿਨ੍ਹਾਂ ਨੇ ਅਜਿਹਾ ਪਾਪ ਨਹੀਂ ਕੀਤਾ ਸੀ ਜਿਹੋ ਜਿਹਾ ਆਦਮ ਨੇ ਅਣਆਗਿਆਕਾਰੀ ਕਰ ਕੇ ਕੀਤਾ ਸੀ। ਆਦਮ ਕੁਝ ਗੱਲਾਂ ਵਿਚ ਉਸ ਵਰਗਾ ਸੀ ਜਿਸ ਨੇ ਆਉਣਾ ਸੀ।
15 ਪਰਮੇਸ਼ੁਰ ਦੇ ਵਰਦਾਨ ਦਾ ਨਤੀਜਾ ਗੁਨਾਹ* ਦੇ ਨਤੀਜੇ ਵਰਗਾ ਨਹੀਂ ਹੈ। ਇਕ ਆਦਮੀ ਦੇ ਗੁਨਾਹ ਕਰਕੇ ਬਹੁਤ ਸਾਰੇ ਲੋਕ ਮਰੇ ਹਨ। ਪਰ ਇਕ ਹੋਰ ਆਦਮੀ ਯਿਸੂ ਮਸੀਹ ਦੀ ਅਪਾਰ ਕਿਰਪਾ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਅਤੇ ਵਰਦਾਨ ਸਦਕਾ ਬਹੁਤ ਸਾਰੇ ਲੋਕਾਂ ਨੂੰ ਬੇਹਿਸਾਬ ਬਰਕਤਾਂ ਮਿਲੀਆਂ ਹਨ। 16 ਅਤੇ ਇਸ ਵਰਦਾਨ ਦੀਆਂ ਬਰਕਤਾਂ ਇਕ ਆਦਮੀ ਦੇ ਪਾਪ ਦੇ ਨਤੀਜਿਆਂ ਵਰਗੀਆਂ ਨਹੀਂ ਹਨ। ਕਿਉਂਕਿ ਇਕ ਗੁਨਾਹ ਕਾਰਨ ਇਨਸਾਨਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ, ਪਰ ਬਹੁਤ ਸਾਰੇ ਗੁਨਾਹਾਂ ਤੋਂ ਬਾਅਦ ਜੋ ਵਰਦਾਨ ਮਿਲਿਆ, ਉਸ ਕਰਕੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਗਿਆ। 17 ਜੇ ਇਕ ਆਦਮੀ ਦੇ ਗੁਨਾਹ ਕਰਕੇ ਮੌਤ ਨੇ ਉਸ ਰਾਹੀਂ ਰਾਜੇ ਵਜੋਂ ਰਾਜ ਕੀਤਾ, ਤਾਂ ਅਸੀਂ ਹੋਰ ਵੀ ਭਰੋਸਾ ਰੱਖ ਸਕਦੇ ਹਾਂ ਕਿ ਜਿਨ੍ਹਾਂ ਨੂੰ ਬੇਹਿਸਾਬ ਅਪਾਰ ਕਿਰਪਾ ਅਤੇ ਧਾਰਮਿਕਤਾ ਦਾ ਵਰਦਾਨ ਮਿਲੇਗਾ, ਉਹ ਜੀਉਂਦੇ ਰਹਿਣਗੇ ਅਤੇ ਇਕ ਹੋਰ ਆਦਮੀ, ਯਿਸੂ ਮਸੀਹ ਰਾਹੀਂ ਰਾਜਿਆਂ ਵਜੋਂ ਰਾਜ ਕਰਨਗੇ।
18 ਤਾਂ ਫਿਰ, ਜਿਵੇਂ ਇਕ ਗੁਨਾਹ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ ਹੈ, ਉਸੇ ਤਰ੍ਹਾਂ ਇਕ ਸਹੀ ਕੰਮ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਜ਼ਿੰਦਗੀ ਮਿਲਦੀ ਹੈ। 19 ਕਿਉਂਕਿ ਜਿਵੇਂ ਇਕ ਆਦਮੀ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ, ਉਸੇ ਤਰ੍ਹਾਂ ਇਕ ਹੋਰ ਆਦਮੀ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ। 20 ਕਾਨੂੰਨ ਇਹ ਦਿਖਾਉਣ ਲਈ ਦਿੱਤਾ ਗਿਆ ਸੀ ਕਿ ਇਨਸਾਨ ਕਿੰਨੇ ਗੁਨਾਹਗਾਰ ਹਨ। ਪਰ ਪਾਪ ਵਧਣ ਕਰਕੇ ਪਰਮੇਸ਼ੁਰ ਨੇ ਹੋਰ ਵੀ ਅਪਾਰ ਕਿਰਪਾ ਕੀਤੀ। 21 ਕਿਸ ਕਰਕੇ? ਇਸ ਕਰਕੇ ਕਿ ਜਿਵੇਂ ਪਾਪ ਨੇ ਮੌਤ ਨਾਲ ਮਿਲ ਕੇ ਰਾਜੇ ਵਜੋਂ ਰਾਜ ਕੀਤਾ, ਉਸੇ ਤਰ੍ਹਾਂ ਅਪਾਰ ਕਿਰਪਾ ਵੀ ਧਾਰਮਿਕਤਾ ਦੇ ਰਾਹੀਂ ਰਾਜ ਕਰੇ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ।