ਮਰਕੁਸ
9 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਇੱਥੇ ਖੜ੍ਹੇ ਕੁਝ ਲੋਕ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਪਰਮੇਸ਼ੁਰ ਦੇ ਰਾਜ ਨੂੰ ਹਕੂਮਤ ਕਰਦਿਆਂ ਦੇਖ ਨਾ ਲੈਣ।” 2 ਇਹ ਗੱਲ ਕਹਿਣ ਤੋਂ ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। ਉੱਥੇ ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ, 3 ਅਤੇ ਉਸ ਦੇ ਕੱਪੜੇ ਚਮਕੀਲੇ ਹੋ ਗਏ, ਇੰਨੇ ਚਿੱਟੇ ਕਿ ਦੁਨੀਆਂ ਦਾ ਕੋਈ ਵੀ ਧੋਬੀ ਇੰਨੇ ਚਿੱਟੇ ਨਹੀਂ ਕਰ ਸਕਦਾ। 4 ਨਾਲੇ ਉੱਥੇ ਏਲੀਯਾਹ ਨਬੀ ਤੇ ਮੂਸਾ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲਾਂ ਕਰ ਰਹੇ ਸਨ। 5 ਇਹ ਦੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ*, ਕਿੰਨਾ ਚੰਗਾ ਅਸੀਂ ਇੱਥੇ ਹਾਂ। ਕੀ ਅਸੀਂ ਤਿੰਨ ਤੰਬੂ ਲਾਈਏ, ਇਕ ਤੇਰੇ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਨਬੀ ਲਈ?” 6 ਅਸਲ ਵਿਚ, ਪਤਰਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੋਰ ਕੀ ਕਹੇ, ਕਿਉਂਕਿ ਉਹ ਤਿੰਨੇ ਚੇਲੇ ਬਹੁਤ ਡਰ ਗਏ ਸਨ। 7 ਅਤੇ ਉੱਥੇ ਬੱਦਲ ਛਾ ਗਿਆ ਅਤੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਗੱਲ ਸੁਣੋ।” 8 ਫਿਰ ਜਦ ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।
9 ਜਦ ਉਹ ਪਹਾੜੋਂ ਥੱਲੇ ਆ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਣ ਜਿੰਨਾ ਚਿਰ ਮਨੁੱਖ ਦਾ ਪੁੱਤਰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਹੋ ਜਾਵੇ। 10 ਇਸ ਲਈ, ਉਨ੍ਹਾਂ ਨੇ ਇਹ ਗੱਲ ਆਪਣੇ ਕੋਲ ਹੀ ਰੱਖੀ, ਪਰ ਉਨ੍ਹਾਂ ਨੇ ਆਪਸ ਵਿਚ ਗੱਲ ਕੀਤੀ ਕਿ ਉਸ ਦੇ ਮੁੜ ਜੀਉਂਦੇ ਹੋਣ ਦਾ ਕੀ ਮਤਲਬ ਹੈ। 11 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਨਬੀ ਦਾ ਆਉਣਾ ਜ਼ਰੂਰੀ ਹੈ?” 12 ਉਸ ਨੇ ਉਨ੍ਹਾਂ ਨੂੰ ਕਿਹਾ: “ਏਲੀਯਾਹ ਨਬੀ ਪਹਿਲਾਂ ਜ਼ਰੂਰ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ, ਪਰ ਇਸ ਗੱਲ ਦਾ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਇਨ੍ਹਾਂ ਗੱਲਾਂ ਨਾਲ ਕੀ ਸੰਬੰਧ ਹੈ ਕਿ ਉਸ ਨੂੰ ਦੁੱਖ ਝੱਲਣੇ ਪੈਣਗੇ ਅਤੇ ਲੋਕ ਉਸ ਨਾਲ ਨਫ਼ਰਤ ਕਰਨਗੇ? 13 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਏਲੀਯਾਹ ਨਬੀ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਉਸ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ, ਜਿਵੇਂ ਉਸ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਗਿਆ ਹੈ।”
14 ਹੁਣ ਜਦ ਯਿਸੂ ਅਤੇ ਤਿੰਨ ਚੇਲੇ ਦੂਸਰੇ ਚੇਲਿਆਂ ਵੱਲ ਆ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਚੇਲਿਆਂ ਦੁਆਲੇ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਗ੍ਰੰਥੀ ਉਨ੍ਹਾਂ ਨਾਲ ਬਹਿਸ ਕਰ ਰਹੇ ਸਨ। 15 ਪਰ ਭੀੜ ਯਿਸੂ ਨੂੰ ਆਉਂਦਿਆਂ ਦੇਖ ਕੇ ਹੈਰਾਨ ਰਹਿ ਗਈ ਅਤੇ ਲੋਕਾਂ ਨੇ ਭੱਜ ਕੇ ਉਸ ਨੂੰ ਸਲਾਮ ਕੀਤਾ। 16 ਉਸ ਨੇ ਲੋਕਾਂ ਨੂੰ ਪੁੱਛਿਆ: “ਤੁਸੀਂ ਚੇਲਿਆਂ ਨਾਲ ਕਿਸ ਗੱਲ ʼਤੇ ਬਹਿਸ ਰਹੇ ਹੋ?” 17 ਭੀੜ ਵਿੱਚੋਂ ਇਕ ਜਣੇ ਨੇ ਕਿਹਾ: “ਗੁਰੂ ਜੀ, ਮੈਂ ਆਪਣੇ ਮੁੰਡੇ ਨੂੰ ਤੇਰੇ ਕੋਲ ਲਿਆਇਆ ਸੀ ਕਿਉਂਕਿ ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਜਿਸ ਨੇ ਮੁੰਡੇ ਨੂੰ ਗੁੰਗਾ ਕਰ ਦਿੱਤਾ ਹੈ, 18 ਅਤੇ ਜਿੱਥੇ ਵੀ ਉਹ ਮੁੰਡੇ ਨੂੰ ਆ ਪੈਂਦਾ ਹੈ, ਉੱਥੇ ਹੀ ਉਸ ਨੂੰ ਪਟਕਾ-ਪਟਕਾ ਕੇ ਜ਼ਮੀਨ ʼਤੇ ਮਾਰਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ ਤੇ ਦੰਦ ਪੀਂਹਦਾ ਹੈ ਅਤੇ ਉਸ ਵਿਚ ਜ਼ਰਾ ਵੀ ਜਾਨ ਨਹੀਂ ਰਹਿੰਦੀ। ਮੈਂ ਤੇਰੇ ਚੇਲਿਆਂ ਨੂੰ ਉਸ ਵਿੱਚੋਂ ਦੁਸ਼ਟ ਦੂਤ ਨੂੰ ਕੱਢਣ ਲਈ ਕਿਹਾ, ਪਰ ਉਹ ਉਸ ਨੂੰ ਕੱਢ ਨਾ ਪਾਏ।” 19 ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਅਵਿਸ਼ਵਾਸੀ ਪੀੜ੍ਹੀ, ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ ਕਿ ਤੁਸੀਂ ਨਿਹਚਾ ਕਰ ਸਕੋ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲੈ ਕੇ ਆਓ।” 20 ਤੇ ਉਹ ਮੁੰਡੇ ਨੂੰ ਯਿਸੂ ਕੋਲ ਲਿਆਏ। ਪਰ ਯਿਸੂ ਨੂੰ ਦੇਖਦਿਆਂ ਸਾਰ ਦੁਸ਼ਟ ਦੂਤ ਨੇ ਮੁੰਡੇ ਨੂੰ ਮਰੋੜਿਆ-ਮਰਾੜਿਆ ਅਤੇ ਮੁੰਡਾ ਜ਼ਮੀਨ ਉੱਤੇ ਡਿਗ ਪਿਆ ਅਤੇ ਮੂੰਹੋਂ ਝੱਗ ਛੱਡਣ ਲੱਗ ਪਿਆ। 21 ਅਤੇ ਯਿਸੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ: “ਇਸ ਦੀ ਇਹ ਹਾਲਤ ਕਿੰਨੇ ਕੁ ਚਿਰ ਤੋਂ ਹੈ?” ਉਸ ਨੇ ਕਿਹਾ: “ਛੋਟੇ ਹੁੰਦਿਆਂ ਤੋਂ ਹੀ, 22 ਅਤੇ ਦੁਸ਼ਟ ਦੂਤ ਉਸ ਨੂੰ ਵਾਰ-ਵਾਰ ਅੱਗ ਅਤੇ ਪਾਣੀ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜੇ ਤੂੰ ਕੁਝ ਕਰ ਸਕਦਾ ਹੈਂ, ਤਾਂ ਸਾਡੇ ʼਤੇ ਰਹਿਮ ਕਰ ਅਤੇ ਸਾਡੀ ਮਦਦ ਕਰ।” 23 ਯਿਸੂ ਨੇ ਉਸ ਨੂੰ ਕਿਹਾ: “ਤੂੰ ਇਹ ਕਿਉਂ ਕਹਿ ਰਿਹਾ ਹੈਂ, ‘ਜੇ ਤੂੰ ਕੁਝ ਕਰ ਸਕਦਾ ਹੈਂ’? ਜੋ ਨਿਹਚਾ ਕਰਦਾ ਹੈ, ਉਸ ਲਈ ਸਭ ਕੁਝ ਮੁਮਕਿਨ ਹੈ।” 24 ਉਸੇ ਵੇਲੇ ਮੁੰਡੇ ਦੇ ਪਿਤਾ ਨੇ ਉੱਚੀ-ਉੱਚੀ ਕਿਹਾ: “ਮੈਂ ਨਿਹਚਾ ਕਰਦਾ ਹਾਂ! ਪਰ ਜੇ ਮੇਰੀ ਨਿਹਚਾ ਕਮਜ਼ੋਰ ਹੈ, ਤਾਂ ਇਸ ਨੂੰ ਮਜ਼ਬੂਤ ਕਰਨ ਵਿਚ ਮੇਰੀ ਮਦਦ ਕਰੋ!”
25 ਜਦੋਂ ਯਿਸੂ ਨੇ ਦੇਖਿਆ ਕਿ ਲੋਕ ਉਨ੍ਹਾਂ ਵੱਲ ਭੱਜੇ ਆ ਰਹੇ ਸਨ, ਤਾਂ ਉਸ ਨੇ ਦੁਸ਼ਟ ਦੂਤ ਨੂੰ ਝਿੜਕਦੇ ਹੋਏ ਕਿਹਾ: “ਓਏ ਗੁੰਗੇ ਤੇ ਬੋਲ਼ੇ ਦੁਸ਼ਟ ਦੂਤਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਮੁੰਡੇ ਵਿੱਚੋਂ ਨਿਕਲ ਜਾ ਅਤੇ ਫਿਰ ਮੁੜ ਕੇ ਨਾ ਇਸ ਨੂੰ ਚਿੰਬੜੀ।” 26 ਉਹ ਉੱਚੀ-ਉੱਚੀ ਚੀਕਾਂ ਮਾਰ ਕੇ ਅਤੇ ਮੁੰਡੇ ਨੂੰ ਮਰੋੜ-ਮਰਾੜ ਕੇ ਉਸ ਵਿੱਚੋਂ ਨਿਕਲ ਗਿਆ। ਤੇ ਮੁੰਡਾ ਮਰਿਆਂ ਵਰਗਾ ਹੋ ਗਿਆ। ਇਸ ਲਈ ਜ਼ਿਆਦਾਤਰ ਲੋਕ ਕਹਿਣ ਲੱਗੇ: “ਇਹ ਤਾਂ ਮਰ ਗਿਆ।” 27 ਪਰ ਯਿਸੂ ਨੇ ਮੁੰਡੇ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਤੇ ਉਹ ਖੜ੍ਹਾ ਹੋ ਗਿਆ। 28 ਫਿਰ ਯਿਸੂ ਅਤੇ ਉਸ ਦੇ ਚੇਲੇ ਇਕ ਘਰ ਵਿਚ ਗਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਅਸੀਂ ਮੁੰਡੇ ਵਿੱਚੋਂ ਦੁਸ਼ਟ ਦੂਤ ਨੂੰ ਕਿਉਂ ਨਹੀਂ ਕੱਢ ਸਕੇ?” 29 ਉਸ ਨੇ ਉਨ੍ਹਾਂ ਨੂੰ ਕਿਹਾ: “ਇਹੋ ਜਿਹੇ ਦੁਸ਼ਟ ਦੂਤ ਨੂੰ ਪ੍ਰਾਰਥਨਾ ਕਰ ਕੇ ਹੀ ਕੱਢਿਆ ਜਾ ਸਕਦਾ ਹੈ।”
30 ਫਿਰ ਉਹ ਉੱਥੋਂ ਤੁਰ ਪਏ ਅਤੇ ਗਲੀਲ ਵਿੱਚੋਂ ਦੀ ਲੰਘੇ, ਪਰ ਉਹ ਨਹੀਂ ਚਾਹੁੰਦਾ ਸੀ ਕਿ ਇਸ ਬਾਰੇ ਕਿਸੇ ਨੂੰ ਪਤਾ ਲੱਗੇ, 31 ਕਿਉਂਕਿ ਉਹ ਆਪਣੇ ਚੇਲਿਆਂ ਨੂੰ ਸਿਖਾ ਰਿਹਾ ਸੀ ਅਤੇ ਦੱਸ ਰਿਹਾ ਸੀ: “ਮਨੁੱਖ ਦੇ ਪੁੱਤਰ ਨੂੰ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮਾਰ ਦੇਣਗੇ ਅਤੇ ਤਿੰਨਾਂ ਦਿਨਾਂ ਬਾਅਦ ਉਹ ਜੀਉਂਦਾ ਹੋ ਜਾਵੇਗਾ।” 32 ਪਰ ਚੇਲੇ ਉਸ ਦੀਆਂ ਗੱਲਾਂ ਸਮਝ ਨਾ ਸਕੇ ਅਤੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
33 ਅਤੇ ਉਹ ਕਫ਼ਰਨਾਹੂਮ ਵਿਚ ਆਏ। ਹੁਣ ਜਦ ਉਹ ਘਰ ਵਿਚ ਸਨ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿਚ ਕਿਉਂ ਝਗੜ ਰਹੇ ਸੀ?” 34 ਪਰ ਉਹ ਚੁੱਪ ਹੀ ਰਹੇ ਕਿਉਂਕਿ ਉਹ ਰਾਹ ਵਿਚ ਇਸ ਗੱਲ ʼਤੇ ਝਗੜ ਰਹੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। 35 ਉਸ ਨੇ ਬੈਠ ਕੇ ਬਾਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ: “ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ, ਉਹ ਸਭ ਤੋਂ ਛੋਟਾ ਬਣੇ ਅਤੇ ਸਾਰਿਆਂ ਦਾ ਸੇਵਕ ਬਣੇ।” 36 ਅਤੇ ਉਸ ਨੇ ਇਕ ਨਿਆਣੇ ਨੂੰ ਉਨ੍ਹਾਂ ਦੇ ਗੱਭੇ ਖੜ੍ਹਾ ਕੀਤਾ ਅਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਕਿਹਾ: 37 “ਜੋ ਕੋਈ ਮੇਰੀ ਖ਼ਾਤਰ ਇਸ ਬੱਚੇ ਵਰਗੇ ਇਨਸਾਨ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੈਨੂੰ ਹੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।”
38 ਯੂਹੰਨਾ ਨੇ ਉਸ ਨੂੰ ਦੱਸਿਆ: “ਗੁਰੂ ਜੀ, ਅਸੀਂ ਇਕ ਆਦਮੀ ਨੂੰ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।” 39 ਯਿਸੂ ਨੇ ਕਿਹਾ: “ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਜਿਹਾ ਕੋਈ ਇਨਸਾਨ ਨਹੀਂ ਜੋ ਮੇਰਾ ਨਾਂ ਲੈ ਕੇ ਕਰਾਮਾਤਾਂ ਕਰੇ ਅਤੇ ਫਿਰ ਉਲਟਾ ਮੇਰੇ ਬਾਰੇ ਬੁਰਾ-ਭਲਾ ਕਹੇ; 40 ਕਿਉਂਕਿ ਜਿਹੜਾ ਸਾਡੇ ਖ਼ਿਲਾਫ਼ ਨਹੀਂ, ਉਹ ਸਾਡੇ ਵੱਲ ਹੈ। 41 ਸੋ ਜੇ ਕੋਈ ਤੁਹਾਨੂੰ ਮਸੀਹ ਦੇ ਚੇਲੇ ਹੋਣ ਕਰਕੇ ਇਕ ਗਲਾਸ ਪਾਣੀ ਦਾ ਵੀ ਪਿਲਾਉਂਦਾ ਹੈ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਜ਼ਰੂਰ ਪਾਵੇਗਾ। 42 ਪਰ ਜੇ ਮੇਰੇ ਉੱਤੇ ਨਿਹਚਾ ਕਰਨ ਵਾਲੇ ਇਨ੍ਹਾਂ ਨਿਮਾਣਿਆਂ ਵਿੱਚੋਂ ਕੋਈ ਕਿਸੇ ਇਨਸਾਨ ਕਰਕੇ ਨਿਹਚਾ ਕਰਨੀ ਛੱਡ ਦਿੰਦਾ ਹੈ,* ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ* ਪਾ ਕੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ।
43 “ਜੇ ਤੇਰਾ ਹੱਥ ਤੇਰੇ ਤੋਂ ਪਾਪ* ਕਰਾਵੇ, ਤਾਂ ਉਸ ਨੂੰ ਵੱਢ ਸੁੱਟ; ਦੋਵੇਂ ਹੱਥ ਹੁੰਦੇ ਹੋਏ ‘ਗ਼ਹੈਨਾ’* ਵਿਚ, ਜਿੱਥੇ ਅੱਗ ਕਦੇ ਨਹੀਂ ਬੁਝਦੀ ਜਾਣ ਨਾਲੋਂ ਚੰਗਾ ਹੈ ਕਿ ਤੂੰ ਟੁੰਡਾ ਹੋ ਕੇ ਜੀਉਂਦਾ* ਰਹੇਂ। 44 *—— 45 ਅਤੇ ਜੇ ਤੇਰਾ ਪੈਰ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਵੱਢ ਸੁੱਟ; ਦੋਵੇਂ ਪੈਰਾਂ ਨਾਲ ‘ਗ਼ਹੈਨਾ’ ਵਿਚ ਜਾਣ ਨਾਲੋਂ ਚੰਗਾ ਹੈ ਕਿ ਤੂੰ ਲੰਗੜਾ ਹੋ ਕੇ ਜੀਉਂਦਾ* ਰਹੇਂ। 46 *—— 47 ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਕੱਢ ਸੁੱਟ; ਤੇਰੇ ਲਈ ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਦੋਵੇਂ ਅੱਖਾਂ ਹੁੰਦੇ ਹੋਏ ‘ਗ਼ਹੈਨਾ’ ਵਿਚ ਜਾਣ ਨਾਲੋਂ ਚੰਗਾ ਹੈ। 48 ਜਿੱਥੇ ਨਾ ਤਾਂ ਕਦੇ ਕੀੜੇ ਮਰਦੇ ਹਨ ਤੇ ਨਾ ਹੀ ਕਦੀ ਅੱਗ ਬੁਝਦੀ ਹੈ।
49 “ਜਿਵੇਂ ਖਾਣੇ ʼਤੇ ਲੂਣ ਛਿੜਕਿਆ ਜਾਂਦਾ ਹੈ, ਉਵੇਂ ਪਰਮੇਸ਼ੁਰ ਸਾਰਿਆਂ ʼਤੇ ਅੱਗ ਵਰਸਾਵੇਗਾ। 50 ਲੂਣ ਚੰਗਾ ਹੁੰਦਾ ਹੈ; ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਉਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ? ਆਪਣੇ ਵਿਚ ਲੂਣ ਰੱਖੋ ਅਤੇ ਦੂਸਰਿਆਂ ਨਾਲ ਬਣਾ ਕੇ ਰੱਖੋ।”