ਪ੍ਰਕਾਸ਼ ਦੀ ਕਿਤਾਬ
8 ਅਤੇ ਜਦੋਂ ਲੇਲੇ ਨੇ ਸੱਤਵੀਂ ਮੁਹਰ ਤੋੜੀ, ਤਾਂ ਸਵਰਗ ਵਿਚ ਲਗਭਗ ਅੱਧਾ ਘੰਟਾ ਚੁੱਪ ਛਾਈ ਰਹੀ। 2 ਅਤੇ ਮੈਂ ਸੱਤ ਦੂਤ ਦੇਖੇ ਜਿਹੜੇ ਪਰਮੇਸ਼ੁਰ ਸਾਮ੍ਹਣੇ ਖੜ੍ਹੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।
3 ਅਤੇ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ ਅਤੇ ਉਸ ਕੋਲ ਸੋਨੇ ਦਾ ਧੂਪਦਾਨ ਸੀ; ਅਤੇ ਉਸ ਨੂੰ ਬਹੁਤ ਸਾਰੀ ਧੂਪ ਦਿੱਤੀ ਗਈ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ ਉੱਤੇ ਧੂਪ ਧੁਖਾਵੇ। 4 ਅਤੇ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਦੂਤ ਦੇ ਹੱਥ ਤੋਂ ਧੂਪ ਦਾ ਧੂੰਆਂ ਉੱਪਰ ਪਰਮੇਸ਼ੁਰ ਕੋਲ ਪਹੁੰਚਿਆ। 5 ਪਰ ਉਸੇ ਵੇਲੇ ਉਸ ਦੂਤ ਨੇ ਵੇਦੀ ਤੋਂ ਥੋੜ੍ਹੀ ਜਿਹੀ ਅੱਗ ਧੂਪਦਾਨ ਵਿਚ ਪਾ ਕੇ ਧਰਤੀ ਉੱਤੇ ਸੁੱਟ ਦਿੱਤੀ। ਅਤੇ ਗਰਜਾਂ ਸੁਣਾਈ ਦਿੱਤੀਆਂ ਤੇ ਆਵਾਜ਼ਾਂ ਆਈਆਂ ਤੇ ਬਿਜਲੀ ਲਿਸ਼ਕੀ ਤੇ ਭੁਚਾਲ਼ ਆਇਆ। 6 ਫਿਰ ਸੱਤੇ ਦੂਤ ਤੁਰ੍ਹੀਆਂ ਵਜਾਉਣ ਲਈ ਤਿਆਰ ਹੋ ਗਏ।
7 ਅਤੇ ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਲਹੂ ਨਾਲ ਰਲ਼ੇ ਹੋਏ ਗੜਿਆਂ ਨੂੰ ਅਤੇ ਅੱਗ ਨੂੰ ਧਰਤੀ ਉੱਤੇ ਸੁੱਟਿਆ ਗਿਆ; ਅਤੇ ਧਰਤੀ ਦਾ ਇਕ ਤਿਹਾਈ ਹਿੱਸਾ ਸੜ ਗਿਆ ਅਤੇ ਇਕ ਤਿਹਾਈ ਦਰਖ਼ਤ ਸੜ ਗਏ ਅਤੇ ਸਾਰੇ ਘਾਹ-ਬੂਟੇ ਸੜ ਗਏ।
8 ਅਤੇ ਦੂਸਰੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਬਲ਼ਦੇ ਹੋਏ ਵੱਡੇ ਸਾਰੇ ਪਹਾੜ ਵਰਗੀ ਕੋਈ ਚੀਜ਼ ਸਮੁੰਦਰ ਵਿਚ ਸੁੱਟੀ ਗਈ। ਅਤੇ ਸਮੁੰਦਰ ਦਾ ਇਕ ਤਿਹਾਈ ਹਿੱਸਾ ਲਹੂ ਬਣ ਗਿਆ; 9 ਅਤੇ ਸਮੁੰਦਰ ਵਿਚਲੇ ਇਕ ਤਿਹਾਈ ਜੀਵ-ਜੰਤੂ ਮਰ ਗਏ ਅਤੇ ਇਕ ਤਿਹਾਈ ਸਮੁੰਦਰੀ ਜਹਾਜ਼ ਤਬਾਹ ਹੋ ਗਏ।
10 ਅਤੇ ਤੀਸਰੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਮਸ਼ਾਲ ਵਾਂਗ ਬਲ਼ਦਾ ਹੋਇਆ ਇਕ ਵੱਡਾ ਤਾਰਾ ਆਕਾਸ਼ੋਂ ਡਿਗਿਆ ਅਤੇ ਇਹ ਇਕ ਤਿਹਾਈ ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਉੱਤੇ ਡਿਗਿਆ। 11 ਇਸ ਤਾਰੇ ਦਾ ਨਾਂ ਨਾਗਦੋਨਾ* ਸੀ। ਅਤੇ ਪਾਣੀ ਦਾ ਇਕ ਤਿਹਾਈ ਹਿੱਸਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਇਹ ਕੌੜਾ ਪਾਣੀ ਪੀ ਕੇ ਮਰ ਗਏ।
12 ਅਤੇ ਚੌਥੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਸੂਰਜ ਦੇ ਇਕ ਤਿਹਾਈ ਹਿੱਸੇ ਨੂੰ ਅਤੇ ਚੰਦ ਦੇ ਇਕ ਤਿਹਾਈ ਹਿੱਸੇ ਨੂੰ ਅਤੇ ਤਾਰਿਆਂ ਦੇ ਇਕ ਤਿਹਾਈ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਗਿਆ, ਤਾਂਕਿ ਇਨ੍ਹਾਂ ਸਾਰਿਆਂ ਦਾ ਇਕ ਤਿਹਾਈ ਹਿੱਸਾ ਹਨੇਰਾ ਹੋ ਜਾਵੇ ਅਤੇ ਦਿਨ ਦੇ ਇਕ ਤਿਹਾਈ ਹਿੱਸੇ ਦੌਰਾਨ ਰੌਸ਼ਨੀ ਨਾ ਹੋਵੇ ਅਤੇ ਰਾਤ ਨੂੰ ਵੀ ਇਸੇ ਤਰ੍ਹਾਂ ਹੋਵੇ।
13 ਅਤੇ ਮੈਂ ਆਕਾਸ਼ ਵਿਚ ਇਕ ਉਕਾਬ ਨੂੰ ਉੱਡਦੇ ਹੋਏ ਦੇਖਿਆ ਅਤੇ ਉਸ ਨੂੰ ਉੱਚੀ ਆਵਾਜ਼ ਵਿਚ ਇਹ ਕਹਿੰਦੇ ਸੁਣਿਆ: “ਧਰਤੀ ਉੱਤੇ ਰਹਿਣ ਵਾਲਿਆਂ ਲਈ ਅਫ਼ਸੋਸ, ਅਫ਼ਸੋਸ, ਅਫ਼ਸੋਸ, ਕਿਉਂਕਿ ਬਾਕੀ ਦੇ ਤਿੰਨ ਦੂਤਾਂ ਨੇ ਅਜੇ ਆਪਣੀਆਂ ਤੁਰ੍ਹੀਆਂ ਵਜਾਉਣੀਆਂ ਹਨ ਅਤੇ ਉਹ ਆਪਣੀਆਂ ਤੁਰ੍ਹੀਆਂ ਵਜਾਉਣ ਹੀ ਵਾਲੇ ਹਨ!”