ਮਰਕੁਸ
4 ਅਤੇ ਫਿਰ ਉਹ ਦੁਬਾਰਾ ਝੀਲ ਦੇ ਕੰਢੇ ʼਤੇ ਉਨ੍ਹਾਂ ਨੂੰ ਸਿਖਾਉਣ ਲੱਗਾ। ਅਤੇ ਉੱਥੇ ਉਸ ਦੇ ਆਲੇ-ਦੁਆਲੇ ਵੱਡੀ ਭੀੜ ਜਮ੍ਹਾ ਹੋ ਗਈ ਜਿਸ ਕਰਕੇ ਉਹ ਕਿਸ਼ਤੀ ਵਿਚ ਬੈਠ ਕੇ ਕੰਢੇ ਤੋਂ ਥੋੜ੍ਹਾ ਦੂਰ ਹੋ ਗਿਆ ਅਤੇ ਭੀੜ ਝੀਲ ਦੇ ਕੰਢੇ ʼਤੇ ਰਹੀ। 2 ਅਤੇ ਉਹ ਉਨ੍ਹਾਂ ਨੂੰ ਮਿਸਾਲਾਂ ਦੇ ਕੇ ਕਈ ਗੱਲਾਂ ਸਿਖਾਉਣ ਲੱਗਾ। ਉਸ ਨੇ ਕਿਹਾ: 3 “ਸੁਣੋ। ਦੇਖੋ! ਇਕ ਆਦਮੀ ਬੀ ਬੀਜਣ ਗਿਆ। 4 ਅਤੇ ਜਦ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਵਿਚ ਡਿਗੇ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ। 5 ਅਤੇ ਕੁਝ ਹੋਰ ਬੀ ਪਥਰੀਲੀ ਜ਼ਮੀਨ ਉੱਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਜਿਸ ਕਰਕੇ ਉਹ ਝੱਟ ਉੱਗ ਪਏ। 6 ਪਰ ਜਦ ਸੂਰਜ ਚੜ੍ਹਿਆ, ਤਾਂ ਜੜ੍ਹਾਂ ਡੂੰਘੀਆਂ ਨਾ ਹੋਣ ਕਾਰਨ ਉਹ ਕੁਮਲ਼ਾ ਗਏ ਅਤੇ ਸੁੱਕ ਗਏ। 7 ਅਤੇ ਕੁਝ ਹੋਰ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਉਨ੍ਹਾਂ ਨੂੰ ਦਬਾ ਕੇ ਵਧਣੋਂ ਰੋਕ ਦਿੱਤਾ ਤੇ ਉਨ੍ਹਾਂ ਨੇ ਕੋਈ ਫਲ ਨਾ ਦਿੱਤਾ। 8 ਪਰ ਕੁਝ ਹੋਰ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉਹ ਵਧੇ-ਫੁੱਲੇ ਅਤੇ ਉਨ੍ਹਾਂ ਨੇ ਫਲ ਦਿੱਤਾ, ਕਿਸੇ ਨੇ ਤੀਹ ਗੁਣਾ, ਕਿਸੇ ਨੇ ਸੱਠ ਗੁਣਾ ਅਤੇ ਕਿਸੇ ਨੇ ਸੌ ਗੁਣਾ।” 9 ਫਿਰ ਉਸ ਨੇ ਕਿਹਾ: “ਧਿਆਨ ਨਾਲ ਮੇਰੀ ਗੱਲ ਸੁਣੋ।”
10 ਫਿਰ ਭੀੜ ਦੇ ਚਲੇ ਜਾਣ ਤੋਂ ਬਾਅਦ ਬਾਰਾਂ ਰਸੂਲਾਂ ਅਤੇ ਹੋਰ ਚੇਲਿਆਂ ਨੇ ਉਸ ਤੋਂ ਮਿਸਾਲਾਂ ਦਾ ਮਤਲਬ ਪੁੱਛਿਆ। 11 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦੱਸਿਆ ਗਿਆ ਹੈ, ਪਰ ਬਾਕੀ ਦੇ ਲੋਕ ਮਿਸਾਲਾਂ ਨੂੰ ਸੁਣਦੇ ਹੀ ਹਨ, 12 ਇਸ ਲਈ ਭਾਵੇਂ ਉਹ ਮੇਰੇ ਕੰਮ ਦੇਖਦੇ ਅਤੇ ਮੇਰੀਆਂ ਗੱਲਾਂ ਸੁਣਦੇ ਹਨ ਪਰ ਇਨ੍ਹਾਂ ਨੂੰ ਸਮਝਦੇ ਨਹੀਂ, ਜਿਸ ਕਰਕੇ ਉਹ ਆਪਣੇ ਆਪ ਨੂੰ ਕਦੇ ਨਹੀਂ ਬਦਲਣਗੇ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਮਾਫ਼ੀ ਨਹੀਂ ਮਿਲੇਗੀ।” 13 ਅੱਗੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਇਸ ਮਿਸਾਲ ਦਾ ਮਤਲਬ ਨਹੀਂ ਸਮਝਦੇ, ਤਾਂ ਬਾਕੀ ਸਾਰੀਆਂ ਮਿਸਾਲਾਂ ਦਾ ਮਤਲਬ ਕਿਵੇਂ ਸਮਝੋਗੇ?
14 “ਬੀ ਬੀਜਣ ਵਾਲਾ ਪਰਮੇਸ਼ੁਰ ਦਾ ਬਚਨ ਬੀਜਦਾ ਹੈ। 15 ਕੁਝ ਬੀ ਰਾਹ ਵਿਚ ਡਿਗੇ। ਇਸ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਹੈ, ਪਰ ਸ਼ੈਤਾਨ ਉਸੇ ਵੇਲੇ ਆ ਕੇ ਉਸ ਦੇ ਦਿਲ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ। 16 ਇਸੇ ਤਰ੍ਹਾਂ ਕੁਝ ਬੀ ਪਥਰੀਲੀ ਜ਼ਮੀਨ ਉੱਤੇ ਡਿਗੇ। ਇਸ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣ ਕੇ ਝੱਟ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦਾ ਹੈ। 17 ਪਰ ਉਹ ਜੜ੍ਹ ਨਹੀਂ ਫੜਦਾ, ਫਿਰ ਵੀ ਥੋੜ੍ਹਾ ਚਿਰ ਵਧਦਾ ਹੈ; ਅਤੇ ਜਦ ਉਸ ਉੱਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਅਤਿਆਚਾਰ ਹੁੰਦਾ ਹੈ, ਤਾਂ ਉਹ ਬਚਨ ʼਤੇ ਨਿਹਚਾ ਕਰਨੀ ਛੱਡ ਦਿੰਦਾ ਹੈ। 18 ਕਈ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ। ਇਸ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, 19 ਪਰ ਇਸ ਜ਼ਮਾਨੇ ਵਿਚ ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਅਤੇ ਹੋਰ ਚੀਜ਼ਾਂ ਦੀਆਂ ਇੱਛਾਵਾਂ ਉਸ ਦੇ ਦਿਲ ਵਿਚ ਆ ਜਾਂਦੀਆਂ ਹਨ ਅਤੇ ਬਚਨ ਨੂੰ ਦਬਾ ਲੈਂਦੀਆਂ ਹਨ ਜਿਸ ਕਰਕੇ ਉਹ ਫਲ ਨਹੀਂ ਦਿੰਦਾ। 20 ਅਤੇ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ। ਇਸ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਅਤੇ ਮੰਨ ਲੈਂਦਾ ਹੈ ਅਤੇ ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ ਫਲ ਦਿੰਦਾ ਹੈ।”
21 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ ਕੋਈ ਦੀਵਾ ਜਗਾ ਕੇ ਟੋਕਰੀ ਹੇਠ ਜਾਂ ਮੰਜੇ ਹੇਠ ਰੱਖਦਾ ਹੈ? ਕੀ ਦੀਵੇ ਨੂੰ ਜਗਾ ਕੇ ਉੱਚੀ ਜਗ੍ਹਾ ਨਹੀਂ ਰੱਖਿਆ ਜਾਂਦਾ? 22 ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ ਅਤੇ ਚਾਹੇ ਕੋਈ ਚੀਜ਼ ਜਿੰਨੇ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਹ ਜ਼ਰੂਰ ਸਾਮ੍ਹਣੇ ਆਵੇਗੀ। 23 ਧਿਆਨ ਨਾਲ ਮੇਰੀ ਗੱਲ ਸੁਣੋ।”
24 ਉਸ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਤੁਸੀਂ ਜੋ ਵੀ ਸੁਣ ਰਹੇ ਹੋ, ਉਸ ਨੂੰ ਧਿਆਨ ਨਾਲ ਸੁਣੋ। ਜਿਸ ਮਾਪ ਨਾਲ ਤੁਸੀਂ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਤੁਹਾਨੂੰ ਦਿੱਤਾ ਜਾਵੇਗਾ, ਸਗੋਂ ਤੁਹਾਨੂੰ ਜ਼ਿਆਦਾ ਦਿੱਤਾ ਜਾਵੇਗਾ। 25 ਜਿਸ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ, ਉਸ ਕੋਲ ਜੋ ਕੁਝ ਹੈ ਉਹ ਵੀ ਲੈ ਲਿਆ ਜਾਵੇਗਾ।”
26 ਫਿਰ ਉਸ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਇਸ ਤਰ੍ਹਾਂ ਹੈ ਜਿਵੇਂ ਇਕ ਆਦਮੀ ਖੇਤਾਂ ਵਿਚ ਬੀ ਬੀਜਦਾ ਹੈ, 27 ਅਤੇ ਉਹ ਰੋਜ਼ ਰਾਤ ਨੂੰ ਸੌਂਦਾ ਤੇ ਸਵੇਰ ਨੂੰ ਉੱਠਦਾ ਹੈ ਅਤੇ ਬੀ ਪੁੰਗਰਦਾ ਤੇ ਵਧਦਾ ਹੈ, ਪਰ ਉਸ ਨੂੰ ਨਹੀਂ ਪਤਾ ਕਿ ਇਹ ਕਿਵੇਂ ਹੁੰਦਾ ਹੈ। 28 ਜ਼ਮੀਨ ਖ਼ੁਦ-ਬ-ਖ਼ੁਦ ਹੌਲੀ-ਹੌਲੀ ਫਲ ਦਿੰਦੀ ਹੈ, ਪਹਿਲਾਂ ਬੀ ਪੁੰਗਰਦਾ ਹੈ, ਫਿਰ ਸਿੱਟਾ ਨਿਕਲਦਾ ਹੈ ਅਤੇ ਅਖ਼ੀਰ ਵਿਚ ਸਿੱਟਾ ਦਾਣਿਆਂ ਨਾਲ ਭਰ ਜਾਂਦਾ ਹੈ। 29 ਫਿਰ ਜਦ ਫ਼ਸਲ ਪੱਕ ਜਾਂਦੀ ਹੈ ਅਤੇ ਵਾਢੀ ਦਾ ਸਮਾਂ ਆ ਜਾਂਦਾ ਹੈ, ਤਾਂ ਉਹ ਦਾਤੀ ਨਾਲ ਫ਼ਸਲ ਵੱਢਦਾ ਹੈ।”
30 ਅਤੇ ਉਸ ਨੇ ਅੱਗੇ ਕਿਹਾ: “ਅਸੀਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ, ਜਾਂ ਕਿਹੜੀ ਮਿਸਾਲ ਦੇ ਕੇ ਇਸ ਨੂੰ ਸਮਝਾਈਏ? 31 ਇਹ ਰਾਈ ਦੇ ਦਾਣੇ ਵਰਗਾ ਹੈ ਜੋ ਬੀਜੇ ਜਾਣ ਵੇਲੇ ਧਰਤੀ ਦੇ ਸਭ ਬੀਆਂ ਨਾਲੋਂ ਛੋਟਾ ਹੁੰਦਾ ਹੈ, 32 ਪਰ ਬੀਜੇ ਜਾਣ ਤੋਂ ਬਾਅਦ ਉਹ ਵਧ ਕੇ ਸਭ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਉਸ ਦੀਆਂ ਟਾਹਣੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਹਨ, ਅਤੇ ਆਕਾਸ਼ ਦੇ ਪੰਛੀ ਉਸ ਦੀ ਛਾਂ ਹੇਠ ਆ ਕੇ ਰਹਿੰਦੇ ਹਨ।”
33 ਪਰਮੇਸ਼ੁਰ ਦਾ ਬਚਨ ਸਮਝਾਉਣ ਲਈ ਯਿਸੂ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਦਿੰਦਾ ਸੀ, ਅਤੇ ਉਨ੍ਹਾਂ ਨੂੰ ਉੱਨਾ ਹੀ ਸਿਖਾਉਂਦਾ ਸੀ ਜਿੰਨਾ ਉਹ ਸਮਝ ਸਕਦੇ ਸਨ। 34 ਉਹ ਕਦੇ ਵੀ ਮਿਸਾਲ ਵਰਤੇ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ, ਪਰ ਜਦ ਉਹ ਆਪਣੇ ਚੇਲਿਆਂ ਨਾਲ ਇਕੱਲਾ ਹੁੰਦਾ ਸੀ, ਤਾਂ ਉਹ ਉਨ੍ਹਾਂ ਨੂੰ ਸਭ ਗੱਲਾਂ ਸਮਝਾ ਦਿੰਦਾ ਸੀ।
35 ਉਸੇ ਦਿਨ ਸ਼ਾਮ ਨੂੰ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।” 36 ਇਸ ਲਈ ਭੀੜ ਨੂੰ ਘੱਲ ਕੇ, ਚੇਲੇ ਉਸ ਨੂੰ ਉਸੇ ਵੇਲੇ ਕਿਸ਼ਤੀ ਵਿਚ ਲੈ ਗਏ ਅਤੇ ਉਨ੍ਹਾਂ ਨਾਲ ਕਈ ਹੋਰ ਕਿਸ਼ਤੀਆਂ ਵੀ ਸਨ। 37 ਹੁਣ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆ ਗਿਆ ਅਤੇ ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਤੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ। 38 ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿਚ ਸਰ੍ਹਾਣਾ ਰੱਖ ਕੇ ਸੁੱਤਾ ਪਿਆ ਸੀ। ਸੋ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਤੈਨੂੰ ਕੋਈ ਚਿੰਤਾ ਨਹੀਂ, ਅਸੀਂ ਡੁੱਬਣ ਲੱਗੇ ਹਾਂ?” 39 ਇਹ ਸੁਣ ਕੇ ਉਹ ਉੱਠਿਆ ਅਤੇ ਉਸ ਨੇ ਹਨੇਰੀ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ: “ਚੁੱਪ! ਸ਼ਾਂਤ ਹੋ ਜਾ!” ਅਤੇ ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ। 40 ਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਐਨੇ ਘਬਰਾਏ ਹੋਏ ਕਿਉਂ ਹੋ? ਕੀ ਤੁਸੀਂ ਅਜੇ ਵੀ ਨਿਹਚਾ ਨਹੀਂ ਕਰਦੇ?” 41 ਪਰ ਉਹ ਬਹੁਤ ਹੀ ਡਰ ਗਏ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਇਹ ਕੌਣ ਹੈ? ਇੱਥੋਂ ਤਕ ਕਿ ਹਨੇਰੀ ਅਤੇ ਝੀਲ ਵੀ ਇਸ ਦਾ ਕਹਿਣਾ ਮੰਨਦੀਆਂ ਹਨ।”