ਪ੍ਰਕਾਸ਼ ਦੀ ਕਿਤਾਬ
5 ਅਤੇ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੇ ਸੱਜੇ ਹੱਥ ਵਿਚ ਮੈਂ ਇਕ ਕਾਗਜ਼ ਦੇਖਿਆ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ ਅਤੇ ਉਸ ਕਾਗਜ਼ ਨੂੰ ਗੋਲ ਲਪੇਟ ਕੇ ਸੱਤ ਮੁਹਰਾਂ* ਨਾਲ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ। 2 ਅਤੇ ਮੈਂ ਇਕ ਤਾਕਤਵਰ ਦੂਤ ਨੂੰ ਦੇਖਿਆ ਜਿਸ ਨੇ ਉੱਚੀ ਆਵਾਜ਼ ਵਿਚ ਕਿਹਾ: “ਕੌਣ ਇਸ ਕਾਗਜ਼ ਨੂੰ ਖੋਲ੍ਹਣ ਅਤੇ ਇਸ ਦੀਆਂ ਮੁਹਰਾਂ ਨੂੰ ਤੋੜਨ ਦੇ ਕਾਬਲ ਹੈ?” 3 ਪਰ ਨਾ ਤਾਂ ਸਵਰਗ ਵਿਚ ਤੇ ਨਾ ਹੀ ਧਰਤੀ ਉੱਤੇ ਅਤੇ ਨਾ ਹੀ ਧਰਤੀ ਦੇ ਅੰਦਰ ਕੋਈ ਇਸ ਕਾਗਜ਼ ਨੂੰ ਖੋਲ੍ਹ ਕੇ ਪੜ੍ਹਨ ਦੇ ਕਾਬਲ ਸੀ। 4 ਇਸ ਕਰਕੇ ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਇਸ ਕਾਗਜ਼ ਨੂੰ ਖੋਲ੍ਹ ਕੇ ਪੜ੍ਹਨ ਦੇ ਕਾਬਲ ਸਾਬਤ ਨਹੀਂ ਹੋਇਆ। 5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ੍ਹ ਹੈ, ਉਸ ਨੇ ਜਿੱਤ ਹਾਸਲ ਕੀਤੀ ਹੈ, ਇਸ ਲਈ ਉਹ ਕਾਗਜ਼ ਅਤੇ ਇਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”
6 ਅਤੇ ਮੈਂ ਸਿੰਘਾਸਣ ਦੇ ਲਾਗੇ ਅਤੇ ਚਾਰਾਂ ਕਰੂਬੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ ਇਕ ਲੇਲਾ ਖੜ੍ਹਾ ਦੇਖਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਲੇਲੇ ਦੀ ਕੁਰਬਾਨੀ ਦਿੱਤੀ ਗਈ ਸੀ ਅਤੇ ਉਸ ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਸੱਤ ਅੱਖਾਂ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ* ਹਨ ਜਿਹੜੀਆਂ ਪਰਮੇਸ਼ੁਰ ਨੇ ਪੂਰੀ ਧਰਤੀ ਉੱਤੇ ਘੱਲੀਆਂ ਹਨ। 7 ਅਤੇ ਲੇਲੇ ਨੇ ਤੁਰੰਤ ਜਾ ਕੇ ਉਸ ਦੇ ਸੱਜੇ ਹੱਥ ਵਿੱਚੋਂ, ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਕਾਗਜ਼ ਲੈ ਲਿਆ। 8 ਅਤੇ ਜਦੋਂ ਉਸ ਨੇ ਕਾਗਜ਼ ਲਿਆ, ਤਾਂ ਚਾਰੇ ਕਰੂਬੀ ਅਤੇ ਚੌਵੀ ਬਜ਼ੁਰਗ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦੀ ਹੈ।) 9 ਅਤੇ ਉਹ ਇਕ ਨਵਾਂ ਗੀਤ ਗਾਉਂਦੇ ਹਨ: “ਤੂੰ ਹੀ ਕਾਗਜ਼ ਲੈਣ ਅਤੇ ਇਸ ਦੀਆਂ ਮੁਹਰਾਂ ਤੋੜਨ ਦੇ ਕਾਬਲ ਹੈਂ ਕਿਉਂਕਿ ਤੇਰੀ ਕੁਰਬਾਨੀ ਦਿੱਤੀ ਗਈ ਸੀ ਅਤੇ ਤੂੰ ਆਪਣੇ ਲਹੂ ਨਾਲ ਹਰ ਕਬੀਲੇ, ਭਾਸ਼ਾ, ਨਸਲ ਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਲਈ ਮੁੱਲ ਲਿਆ, 10 ਅਤੇ ਤੂੰ ਉਨ੍ਹਾਂ ਨੂੰ ਰਾਜੇ ਅਤੇ ਪੁਜਾਰੀ ਬਣਾਇਆ ਤਾਂਕਿ ਉਹ ਸਾਡੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਹ ਧਰਤੀ ਉੱਤੇ ਰਾਜਿਆਂ ਵਜੋਂ ਰਾਜ ਕਰਨ।”
11 ਅਤੇ ਮੈਂ ਸਿੰਘਾਸਣ, ਕਰੂਬੀਆਂ ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਦੂਤ ਦੇਖੇ ਜਿਨ੍ਹਾਂ ਦੀ ਗਿਣਤੀ ਲੱਖਾਂ-ਕਰੋੜਾਂ ਤੇ ਹਜ਼ਾਰਾਂ-ਹਜ਼ਾਰ ਸੀ ਅਤੇ ਮੈਂ ਉਨ੍ਹਾਂ ਦੀ ਆਵਾਜ਼ ਸੁਣੀ, 12 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਲੇਲਾ ਜਿਸ ਦੀ ਕੁਰਬਾਨੀ ਦਿੱਤੀ ਗਈ ਸੀ, ਤਾਕਤ, ਧਨ, ਬੁੱਧ, ਬਲ, ਮਹਿਮਾ ਅਤੇ ਵਡਿਆਈ ਪਾਉਣ ਦਾ ਹੱਕਦਾਰ ਹੈ।”
13 ਅਤੇ ਹਰ ਪ੍ਰਾਣੀ ਜੋ ਸਵਰਗ ਵਿਚ ਤੇ ਧਰਤੀ ਉੱਤੇ ਅਤੇ ਧਰਤੀ ਦੇ ਅੰਦਰ ਅਤੇ ਸਮੁੰਦਰ ਵਿਚ ਸੀ, ਯਾਨੀ ਸਾਰਿਆਂ ਨੂੰ ਮੈਂ ਇਹ ਕਹਿੰਦੇ ਸੁਣਿਆ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ ਅਤੇ ਲੇਲੇ ਦੀ ਯੁਗੋ-ਯੁਗ ਵਡਿਆਈ, ਆਦਰ ਤੇ ਮਹਿਮਾ ਹੋਵੇ ਅਤੇ ਤਾਕਤ ਹਮੇਸ਼ਾ ਉਨ੍ਹਾਂ ਦੀ ਰਹੇ।” 14 ਅਤੇ ਚਾਰ ਕਰੂਬੀਆਂ ਨੇ ਅੱਗੇ ਕਿਹਾ: “ਆਮੀਨ!” ਅਤੇ ਬਜ਼ੁਰਗਾਂ ਨੇ ਗੋਡੇ ਟੇਕ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ।