ਮਰਕੁਸ
11 ਹੁਣ ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਤੇ ਬੈਥਨੀਆ ਪਿੰਡਾਂ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਘੱਲਿਆ: 2 “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਇਕ ਗਧੀ ਦਾ ਬੱਚਾ ਬੱਝਾ ਹੋਇਆ ਦੇਖੋਗੇ ਜਿਸ ʼਤੇ ਅਜੇ ਤਕ ਕੋਈ ਵੀ ਸਵਾਰ ਨਹੀਂ ਹੋਇਆ ਹੈ; ਉਸ ਨੂੰ ਖੋਲ੍ਹ ਕੇ ਲੈ ਆਓ। 3 ਅਤੇ ਜੇ ਕੋਈ ਤੁਹਾਨੂੰ ਪੁੱਛੇ, ‘ਤੁਸੀਂ ਇਹ ਕੀ ਕਰ ਰਹੇ ਹੋ?’ ਤਾਂ ਕਹਿਣਾ, ‘ਪ੍ਰਭੂ ਨੂੰ ਇਸ ਦੀ ਲੋੜ ਹੈ ਅਤੇ ਉਹ ਇਸ ਨੂੰ ਛੇਤੀ ਵਾਪਸ ਕਰ ਦੇਵੇਗਾ।’” 4 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਉਨ੍ਹਾਂ ਨੇ ਗਲੀ ਵਿਚ ਇਕ ਘਰ ਦੇ ਬਾਹਰ ਦਰਵਾਜ਼ੇ ਕੋਲ ਗਧੀ ਦੇ ਬੱਚੇ ਨੂੰ ਬੱਝਾ ਦੇਖਿਆ ਅਤੇ ਉਨ੍ਹਾਂ ਨੇ ਉਸ ਨੂੰ ਖੋਲ੍ਹ ਲਿਆ। 5 ਪਰ ਉੱਥੇ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?” 6 ਉਨ੍ਹਾਂ ਨੇ ਲੋਕਾਂ ਨੂੰ ਉਹੀ ਕਿਹਾ ਜੋ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਅਤੇ ਲੋਕਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।
7 ਅਤੇ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ, ਅਤੇ ਉਨ੍ਹਾਂ ਨੇ ਗਧੀ ਦੇ ਬੱਚੇ ਉੱਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਸ ਉੱਤੇ ਬੈਠ ਗਿਆ। 8 ਨਾਲੇ, ਕਈ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਖਜੂਰਾਂ ਦੀਆਂ ਟਾਹਣੀਆਂ ਤੋੜ ਲਿਆਂਦੀਆਂ। 9 ਅਤੇ ਜੋ ਲੋਕ ਉਸ ਦੇ ਅੱਗੇ-ਪਿੱਛੇ ਆ ਰਹੇ ਸਨ, ਉਹ ਉੱਚੀ-ਉੱਚੀ ਕਹਿਣ ਲੱਗੇ: “ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!* ਧੰਨ ਹੈ ਉਹ ਜੋ ਯਹੋਵਾਹ ਦੇ ਨਾਂ ʼਤੇ ਆ ਰਿਹਾ ਹੈ! 10 ਧੰਨ ਹੈ ਸਾਡੇ ਪਿਤਾ ਦਾਊਦ ਦਾ ਆਉਣ ਵਾਲਾ ਰਾਜ! ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!” 11 ਅਤੇ ਉਹ ਯਰੂਸ਼ਲਮ ਵਿਚ ਆਇਆ ਅਤੇ ਮੰਦਰ ਵਿਚ ਗਿਆ ਅਤੇ ਉੱਥੇ ਆਲੇ-ਦੁਆਲੇ ਸਭ ਚੀਜ਼ਾਂ ਨੂੰ ਦੇਖਿਆ। ਪਰ ਦਿਨ ਢਲ਼ਣ ਕਰਕੇ ਉਹ ਆਪਣੇ ਬਾਰਾਂ ਚੇਲਿਆਂ ਨਾਲ ਬੈਥਨੀਆ ਨੂੰ ਚਲਾ ਗਿਆ।
12 ਅਗਲੇ ਦਿਨ ਬੈਥਨੀਆ ਤੋਂ ਆਉਂਦੇ ਵੇਲੇ ਉਸ ਨੂੰ ਭੁੱਖ ਲੱਗੀ। 13 ਅਤੇ ਉਸ ਨੇ ਦੂਰੋਂ ਪੱਤਿਆਂ ਨਾਲ ਭਰਿਆ ਅੰਜੀਰ ਦਾ ਦਰਖ਼ਤ ਦੇਖਿਆ, ਅਤੇ ਉਹ ਇਹ ਦੇਖਣ ਲਈ ਉਸ ਦਰਖ਼ਤ ਕੋਲ ਗਿਆ ਕਿ ਦਰਖ਼ਤ ਨੂੰ ਕੋਈ ਫਲ ਲੱਗਾ ਹੈ ਜਾਂ ਨਹੀਂ। ਪਰ ਨੇੜੇ ਜਾ ਕੇ ਉਸ ਨੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ, ਕਿਉਂਕਿ ਅਜੇ ਦਰਖ਼ਤ ਨੂੰ ਫਲ ਲੱਗਣ ਦਾ ਮੌਸਮ ਨਹੀਂ ਸੀ। 14 ਇਸ ਲਈ ਉਸ ਨੇ ਦਰਖ਼ਤ ਨੂੰ ਕਿਹਾ: “ਅੱਜ ਤੋਂ ਬਾਅਦ ਫਿਰ ਕੋਈ ਵੀ ਤੇਰਾ ਫਲ ਨਹੀਂ ਖਾਵੇਗਾ।” ਅਤੇ ਉਸ ਦੇ ਚੇਲਿਆਂ ਨੇ ਵੀ ਇਹ ਗੱਲ ਸੁਣੀ।
15 ਹੁਣ ਉਹ ਯਰੂਸ਼ਲਮ ਵਿਚ ਆਏ। ਉੱਥੇ ਯਿਸੂ ਮੰਦਰ ਵਿਚ ਗਿਆ ਅਤੇ ਉਸ ਨੇ ਮੰਦਰ ਵਿਚ ਚੀਜ਼ਾਂ ਵੇਚਣ ਅਤੇ ਖ਼ਰੀਦਣ ਵਾਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ। 16 ਅਤੇ ਉਸ ਨੇ ਕਿਸੇ ਨੂੰ ਵੀ ਭਾਂਡੇ ਲੈ ਕੇ ਮੰਦਰ ਵਿੱਚੋਂ ਦੀ ਲੰਘਣ ਨਾ ਦਿੱਤਾ। 17 ਅਤੇ ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਕਿਹਾ: “ਕੀ ਇਹ ਨਹੀਂ ਲਿਖਿਆ ਹੋਇਆ: ‘ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ’? ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।” 18 ਇਹ ਸਾਰੀ ਗੱਲ ਪਤਾ ਲੱਗਣ ਤੇ ਮੁੱਖ ਪੁਜਾਰੀ ਅਤੇ ਗ੍ਰੰਥੀ ਉਸ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਬਣਾਉਣ ਲੱਗੇ ਕਿਉਂਕਿ ਉਹ ਉਸ ਤੋਂ ਇਸ ਗੱਲੋਂ ਡਰਦੇ ਸਨ ਕਿ ਲੋਕ ਉਸ ਦੀ ਸਿੱਖਿਆ ਤੋਂ ਬਹੁਤ ਹੈਰਾਨ ਸਨ।
19 ਉਹ ਹਮੇਸ਼ਾ ਵਾਂਗ ਸ਼ਾਮ ਨੂੰ ਸ਼ਹਿਰੋਂ ਬਾਹਰ ਚਲੇ ਗਏ। 20 ਅਗਲੇ ਦਿਨ ਸਵੇਰੇ-ਸਵੇਰੇ ਉੱਧਰੋਂ ਲੰਘਦਿਆਂ ਉਨ੍ਹਾਂ ਨੇ ਉਸੇ ਅੰਜੀਰ ਦੇ ਦਰਖ਼ਤ ਨੂੰ ਜੜ੍ਹੋਂ ਸੁੱਕਾ ਹੋਇਆ ਦੇਖਿਆ। 21 ਇਸ ਲਈ ਪਤਰਸ ਨੂੰ ਯਿਸੂ ਦੀ ਗੱਲ ਚੇਤੇ ਆਈ ਤੇ ਉਸ ਨੇ ਕਿਹਾ: “ਗੁਰੂ ਜੀ, ਦੇਖ! ਅੰਜੀਰ ਦਾ ਦਰਖ਼ਤ ਜਿਸ ਨੂੰ ਤੂੰ ਸਰਾਪ ਦਿੱਤਾ ਸੀ, ਸੁੱਕ ਗਿਆ ਹੈ।” 22 ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ʼਤੇ ਨਿਹਚਾ ਰੱਖੋ। 23 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ, ਬਸ਼ਰਤੇ ਕਿ ਉਹ ਆਪਣੇ ਦਿਲ ਵਿਚ ਸ਼ੱਕ ਨਾ ਕਰੇ, ਸਗੋਂ ਪੂਰਾ ਯਕੀਨ ਰੱਖੇ ਕਿ ਉਸ ਦੀ ਕਹੀ ਗੱਲ ਜ਼ਰੂਰ ਪੂਰੀ ਹੋਵੇਗੀ। 24 ਇਸ ਲਈ, ਮੈਂ ਤੁਹਾਨੂੰ ਕਹਿੰਦਾ ਹਾਂ: ਜੇ ਤੁਸੀਂ ਇਸ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਜੋ ਤੁਸੀਂ ਮੰਗ ਰਹੇ ਹੋ ਸਮਝੋ ਤੁਹਾਨੂੰ ਮਿਲ ਹੀ ਗਿਆ ਹੈ, ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ। 25 ਅਤੇ ਜਦ ਤੁਸੀਂ ਪ੍ਰਾਰਥਨਾ ਕਰੋ, ਤਾਂ ਤੁਹਾਡੇ ਮਨ ਵਿਚ ਦੂਸਰਿਆਂ ਲਈ ਜੋ ਗਿਲਾ-ਸ਼ਿਕਵਾ ਹੈ ਉਸ ਨੂੰ ਮਾਫ਼ ਕਰੋ, ਤਾਂਕਿ ਸਵਰਗ ਵਿਚ ਤੁਹਾਡਾ ਪਿਤਾ ਤੁਹਾਡੇ ਗੁਨਾਹ ਵੀ ਮਾਫ਼ ਕਰੇ।” 26 *——
27 ਅਤੇ ਉਹ ਫਿਰ ਯਰੂਸ਼ਲਮ ਨੂੰ ਆਏ। ਅਤੇ ਜਦ ਯਿਸੂ ਮੰਦਰ ਵਿਚ ਘੁੰਮ ਰਿਹਾ ਸੀ, ਤਾਂ ਮੁੱਖ ਪੁਜਾਰੀ, ਗ੍ਰੰਥੀ ਅਤੇ ਬਜ਼ੁਰਗ ਉਸ ਕੋਲ ਆਏ 28 ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਤੈਨੂੰ ਕਿਸ ਨੇ ਇਹ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ?” 29 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਜੇ ਤੁਸੀਂ ਜਵਾਬ ਦਿਓਗੇ, ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30 ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?” 31 ਤੇ ਉਹ ਸੋਚਣ ਲੱਗ ਪਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ʼਤੇ ਯਕੀਨ ਕਿਉਂ ਨਹੀਂ ਕੀਤਾ?’ 32 ਪਰ ਅਸੀਂ ‘ਇਨਸਾਨਾਂ ਤੋਂ’ ਕਹਿਣ ਦੀ ਵੀ ਜੁਰਅਤ ਨਹੀਂ ਕਰ ਸਕਦੇ।” ਉਹ ਭੀੜ ਤੋਂ ਡਰਦੇ ਸਨ ਕਿਉਂਕਿ ਸਭ ਲੋਕਾਂ ਦਾ ਮੰਨਣਾ ਸੀ ਕਿ ਯੂਹੰਨਾ ਇਕ ਨਬੀ ਸੀ। 33 ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਸਾਨੂੰ ਨਹੀਂ ਪਤਾ।” ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”