ਯੂਹੰਨਾ
8 ਪਰ ਯਿਸੂ ਜ਼ੈਤੂਨ ਪਹਾੜ ʼਤੇ ਚਲਾ ਗਿਆ। 2 ਤੇ ਫਿਰ ਤੜਕੇ ਉਹ ਦੁਬਾਰਾ ਮੰਦਰ ਵਿਚ ਆਇਆ ਅਤੇ ਸਾਰੇ ਲੋਕ ਉਸ ਕੋਲ ਆਉਣ ਲੱਗ ਪਏ ਅਤੇ ਉਹ ਬੈਠ ਕੇ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਾ। 3 ਹੁਣ ਗ੍ਰੰਥੀ ਅਤੇ ਫ਼ਰੀਸੀ ਉਸ ਕੋਲ ਇਕ ਤੀਵੀਂ ਨੂੰ ਲਿਆਏ ਜੋ ਗ਼ੈਰ-ਮਰਦ ਨਾਲ ਹਰਾਮਕਾਰੀ ਕਰਦਿਆਂ ਫੜੀ ਗਈ ਸੀ ਅਤੇ ਉਸ ਨੂੰ ਸਾਰਿਆਂ ਦੇ ਗੱਭੇ ਖੜ੍ਹਾ ਕਰ ਦਿੱਤਾ, 4 ਫਿਰ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਇਹ ਤੀਵੀਂ ਹਰਾਮਕਾਰੀ ਕਰਦਿਆਂ ਫੜੀ ਗਈ ਹੈ। 5 ਮੂਸਾ ਨੇ ਕਾਨੂੰਨ ਵਿਚ ਸਾਨੂੰ ਹੁਕਮ ਦਿੱਤਾ ਹੈ ਕਿ ਅਜਿਹੀ ਤੀਵੀਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ। ਪਰ ਤੇਰਾ ਇਸ ਬਾਰੇ ਕੀ ਖ਼ਿਆਲ ਹੈ?” 6 ਇਹ ਗੱਲ ਉਨ੍ਹਾਂ ਨੇ ਯਿਸੂ ਨੂੰ ਫਸਾਉਣ ਲਈ ਕਹੀ ਸੀ, ਤਾਂਕਿ ਉਨ੍ਹਾਂ ਨੂੰ ਉਸ ਉੱਤੇ ਦੋਸ਼ ਲਾਉਣ ਦਾ ਬਹਾਨਾ ਮਿਲੇ। ਪਰ ਯਿਸੂ ਝੁਕ ਕੇ ਆਪਣੀ ਉਂਗਲ ਨਾਲ ਜ਼ਮੀਨ ʼਤੇ ਕੁਝ ਲਿਖਣ ਲੱਗ ਪਿਆ। 7 ਜਦ ਉਹ ਵਾਰ-ਵਾਰ ਉਸ ਨੂੰ ਪੁੱਛਦੇ ਰਹੇ, ਤਾਂ ਉਸ ਨੇ ਸਿੱਧਾ ਹੋ ਕੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਵਿੱਚੋਂ ਜਿਸ ਨੇ ਕਦੇ ਵੀ ਪਾਪ ਨਹੀਂ ਕੀਤਾ ਹੈ, ਪਹਿਲਾਂ ਉਹ ਇਸ ਤੀਵੀਂ ਨੂੰ ਪੱਥਰ ਮਾਰੇ।” 8 ਅਤੇ ਉਹ ਦੁਬਾਰਾ ਝੁਕ ਕੇ ਜ਼ਮੀਨ ʼਤੇ ਕੁਝ ਲਿਖਣ ਲੱਗ ਪਿਆ। 9 ਉਸ ਦੀ ਗੱਲ ਸੁਣ ਕੇ ਪਹਿਲਾਂ ਬਜ਼ੁਰਗ ਤੇ ਫਿਰ ਬਾਕੀ ਸਾਰੇ ਇਕ-ਇਕ ਕਰ ਕੇ ਉੱਥੋਂ ਖਿਸਕ ਗਏ। ਯਿਸੂ ਉੱਥੇ ਉਸ ਤੀਵੀਂ ਨਾਲ ਇਕੱਲਾ ਰਹਿ ਗਿਆ। 10 ਫਿਰ ਯਿਸੂ ਨੇ ਖੜ੍ਹਾ ਹੋ ਕੇ ਉਸ ਤੀਵੀਂ ਨੂੰ ਕਿਹਾ: “ਸਾਰੇ ਕਿੱਥੇ ਚਲੇ ਗਏ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?” 11 ਤੀਵੀਂ ਨੇ ਕਿਹਾ: “ਨਹੀਂ ਜੀ, ਕਿਸੇ ਨੇ ਵੀ ਨਹੀਂ।” ਯਿਸੂ ਨੇ ਕਿਹਾ: “ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ; ਜਾਹ ਤੇ ਅੱਗੇ ਤੋਂ ਪਾਪ ਨਾ ਕਰੀਂ।”
12 ਇਸ ਲਈ ਯਿਸੂ ਨੇ ਫਿਰ ਲੋਕਾਂ ਨੂੰ ਕਿਹਾ: “ਮੈਂ ਦੁਨੀਆਂ ਦਾ ਚਾਨਣ ਹਾਂ। ਜਿਹੜਾ ਮੇਰੇ ਪਿੱਛੇ-ਪਿੱਛੇ ਆਉਂਦਾ ਹੈ, ਉਹ ਕਦੇ ਹਨੇਰੇ ਵਿਚ ਨਹੀਂ ਚੱਲੇਗਾ, ਪਰ ਉਸ ਕੋਲ ਉਹ ਚਾਨਣ ਹੋਵੇਗਾ ਜਿਹੜਾ ਜ਼ਿੰਦਗੀ ਵੱਲ ਜਾਣ ਵਾਲਾ ਰਾਹ ਦਿਖਾਉਂਦਾ ਹੈ।” 13 ਫਿਰ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਤੂੰ ਆਪਣੀ ਗਵਾਹੀ ਆਪ ਦਿੰਦਾ ਹੈਂ; ਤੇਰੀ ਗਵਾਹੀ ਸੱਚੀ ਨਹੀਂ ਹੈ।” 14 ਯਿਸੂ ਨੇ ਜਵਾਬ ਦਿੰਦਿਆਂ ਉਨ੍ਹਾਂ ਨੂੰ ਕਿਹਾ: “ਬੇਸ਼ੱਕ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ, ਪਰ ਮੇਰੀ ਗਵਾਹੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ। ਪਰ ਤੁਹਾਨੂੰ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ। 15 ਤੁਸੀਂ ਇਨਸਾਨੀ ਨਜ਼ਰੀਏ ਤੋਂ ਨਿਆਂ ਕਰਦੇ ਹੋ; ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16 ਅਤੇ ਜੇ ਮੈਂ ਨਿਆਂ ਕਰਦਾ ਵੀ ਹਾਂ, ਤਾਂ ਮੇਰਾ ਨਿਆਂ ਸੱਚਾ ਹੈ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਸਗੋਂ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਨਾਲ ਹੈ। 17 ਨਾਲੇ ਤੁਹਾਡੇ ਆਪਣੇ ਕਾਨੂੰਨ ਵਿਚ ਲਿਖਿਆ ਹੈ, ‘ਦੋ ਆਦਮੀਆਂ ਦੀ ਗਵਾਹੀ ਸੱਚ ਮੰਨੀ ਜਾਂਦੀ ਹੈ।’ 18 ਮੈਂ ਆਪਣੇ ਬਾਰੇ ਆਪ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ ਵੀ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਬਾਰੇ ਗਵਾਹੀ ਦਿੰਦਾ ਹੈ।” 19 ਫਿਰ ਉਹ ਉਸ ਨੂੰ ਪੁੱਛਣ ਲੱਗੇ: “ਫਿਰ ਕਿੱਥੇ ਹੈ ਤੇਰਾ ਪਿਤਾ?” ਯਿਸੂ ਨੇ ਜਵਾਬ ਦਿੱਤਾ: “ਤੁਸੀਂ ਨਾ ਮੈਨੂੰ ਤੇ ਨਾ ਹੀ ਮੇਰੇ ਪਿਤਾ ਨੂੰ ਜਾਣਦੇ ਹੋ। ਜੇ ਤੁਸੀਂ ਮੈਨੂੰ ਜਾਣਦੇ ਹੁੰਦੇ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ।” 20 ਇਹ ਗੱਲਾਂ ਯਿਸੂ ਨੇ ਮੰਦਰ ਵਿਚ ਸਿੱਖਿਆ ਦਿੰਦਿਆਂ ਉਸ ਜਗ੍ਹਾ ਕਹੀਆਂ ਸਨ ਜਿੱਥੇ ਦਾਨ-ਪੇਟੀਆਂ ਰੱਖੀਆਂ ਹੋਈਆਂ ਸਨ। ਪਰ ਕਿਸੇ ਨੇ ਵੀ ਉਸ ਨੂੰ ਫੜਿਆ ਨਹੀਂ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।
21 ਇਸ ਲਈ ਉਸ ਨੇ ਉਨ੍ਹਾਂ ਨੂੰ ਫਿਰ ਕਿਹਾ: “ਮੈਂ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਲੱਭੋਗੇ, ਪਰ ਫਿਰ ਵੀ ਆਪਣੇ ਪਾਪਾਂ ਕਰਕੇ ਮਰ ਜਾਓਗੇ। ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।” 22 ਇਸ ਲਈ ਯਹੂਦੀ ਕਹਿਣ ਲੱਗੇ: “ਕਿਤੇ ਇਹ ਆਤਮ-ਹੱਤਿਆ ਕਰਨ ਬਾਰੇ ਤਾਂ ਨਹੀਂ ਗੱਲ ਕਰ ਰਿਹਾ? ਕਿਉਂਕਿ ਇਹ ਕਹਿੰਦਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ।’” 23 ਸੋ ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਤੁਸੀਂ ਹੇਠਾਂ ਦੇ ਹੋ; ਪਰ ਮੈਂ ਉੱਪਰੋਂ ਹਾਂ। ਤੁਸੀਂ ਇਸ ਦੁਨੀਆਂ ਦੇ ਹੋ; ਮੈਂ ਇਸ ਦੁਨੀਆਂ ਦਾ ਨਹੀਂ ਹਾਂ। 24 ਇਸੇ ਲਈ ਮੈਂ ਤੁਹਾਨੂੰ ਕਿਹਾ, ਤੁਸੀਂ ਆਪਣੇ ਪਾਪਾਂ ਕਰਕੇ ਮਰ ਜਾਓਗੇ। ਕਿਉਂਕਿ ਜੇ ਤੁਸੀਂ ਨਹੀਂ ਮੰਨਦੇ ਕਿ ਮੈਂ ਉਹੀ ਹਾਂ ਜੋ ਮੈਂ ਕਹਿੰਦਾ ਹਾਂ, ਤੁਸੀਂ ਆਪਣੇ ਪਾਪਾਂ ਕਰਕੇ ਮਰ ਜਾਓਗੇ।” 25 ਇਸ ਲਈ ਉਹ ਉਸ ਨੂੰ ਪੁੱਛਣ ਲੱਗੇ: “ਤੂੰ ਕੌਣ ਹੈਂ?” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਨਾਲ ਗੱਲ ਕਰ ਕੇ ਮੈਂ ਆਪਣਾ ਸਮਾਂ ਕਿਉਂ ਬਰਬਾਦ ਕਰ ਰਿਹਾ ਹਾਂ ਜਦ ਕਿ ਤੁਸੀਂ ਮੇਰੀ ਗੱਲ ਸਮਝਦੇ ਹੀ ਨਹੀਂ? 26 ਤੁਹਾਡੇ ਬਾਰੇ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਬਹੁਤ ਸਾਰੀਆਂ ਗੱਲਾਂ ਦਾ ਨਿਆਂ ਕਰਨਾ ਹੈ। ਅਸਲ ਵਿਚ, ਜਿਸ ਨੇ ਮੈਨੂੰ ਘੱਲਿਆ ਹੈ ਉਹ ਸੱਚਾ ਹੈ ਅਤੇ ਜੋ ਵੀ ਗੱਲਾਂ ਮੈਂ ਉਸ ਤੋਂ ਸੁਣੀਆਂ ਹਨ, ਉਹੀ ਗੱਲਾਂ ਮੈਂ ਦੁਨੀਆਂ ਨਾਲ ਕਰਦਾ ਹਾਂ।” 27 ਪਰ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਉਹ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰ ਰਿਹਾ ਸੀ। 28 ਇਸ ਲਈ ਯਿਸੂ ਨੇ ਕਿਹਾ: “ਜਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ʼਤੇ ਟੰਗ ਦਿਓਗੇ, ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਉਹੀ ਹਾਂ ਜੋ ਮੈਂ ਕਹਿੰਦਾ ਹਾਂ ਅਤੇ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ; ਪਰ ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ। 29 ਅਤੇ ਜਿਸ ਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ; ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।” 30 ਉਸ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਲੋਕਾਂ ਨੇ ਉਸ ਉੱਤੇ ਨਿਹਚਾ ਕੀਤੀ।
31 ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ, ਕਿਹਾ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ 32 ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” 33 ਹੋਰਨਾਂ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਤਾਂ ਅਬਰਾਹਾਮ ਦੀ ਸੰਤਾਨ ਹਾਂ ਅਤੇ ਅੱਜ ਤਕ ਕਿਸੇ ਦੇ ਗ਼ੁਲਾਮ ਨਹੀਂ ਹੋਏ। ਤਾਂ ਫਿਰ, ਤੂੰ ਕਿੱਦਾਂ ਕਹਿੰਦਾ ਹੈਂ ਕਿ ‘ਤੁਸੀਂ ਆਜ਼ਾਦ ਹੋ ਜਾਓਗੇ’?” 34 ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਗ਼ੁਲਾਮ ਹੈ। 35 ਅਤੇ ਗ਼ੁਲਾਮ ਹਮੇਸ਼ਾ ਮਾਲਕ ਦੇ ਘਰ ਨਹੀਂ ਰਹਿੰਦਾ; ਪਰ ਪੁੱਤਰ ਹਮੇਸ਼ਾ ਰਹਿੰਦਾ ਹੈ। 36 ਇਸ ਲਈ, ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ। 37 ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਸੰਤਾਨ ਹੋ; ਪਰ ਤੁਸੀਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਕਬੂਲ ਨਹੀਂ ਕਰਦੇ। 38 ਮੈਂ ਉਹੀ ਗੱਲਾਂ ਦੱਸਦਾ ਹਾਂ ਜੋ ਮੈਂ ਆਪਣੇ ਪਿਤਾ ਨਾਲ ਹੁੰਦੇ ਹੋਏ ਦੇਖੀਆਂ ਸਨ; ਪਰ ਤੁਸੀਂ ਉਹੀ ਕਰਦੇ ਹੋ ਜੋ ਤੁਹਾਡੇ ਪਿਉ ਨੇ ਤੁਹਾਨੂੰ ਦੱਸਿਆ ਹੈ।” 39 ਜਵਾਬ ਵਿਚ ਉਨ੍ਹਾਂ ਨੇ ਕਿਹਾ: “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅਬਰਾਹਾਮ ਦੇ ਬੱਚੇ ਹੋ, ਤਾਂ ਅਬਰਾਹਾਮ ਵਰਗੇ ਕੰਮ ਕਰੋ। 40 ਪਰ ਤੁਸੀਂ ਤਾਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਦ ਕਿ ਮੈਂ ਤੁਹਾਨੂੰ ਸੱਚਾਈ ਬਾਰੇ ਦੱਸਿਆ ਹੈ ਜੋ ਮੈਂ ਪਰਮੇਸ਼ੁਰ ਤੋਂ ਸੁਣੀ ਹੈ। ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। 41 ਤੁਸੀਂ ਆਪਣੇ ਪਿਉ ਦੇ ਕੰਮ ਕਰਦੇ ਹੋ।” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਨਾਜਾਇਜ਼ ਔਲਾਦ ਨਹੀਂ ਹਾਂ; ਪਰਮੇਸ਼ੁਰ ਸਾਡਾ ਪਿਤਾ ਹੈ।”
42 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ, ਤਾਂ ਤੁਸੀਂ ਮੇਰੇ ਨਾਲ ਪਿਆਰ ਕਰਦੇ, ਕਿਉਂਕਿ ਪਰਮੇਸ਼ੁਰ ਨੇ ਮੈਨੂੰ ਇੱਥੇ ਘੱਲਿਆ ਹੈ। ਮੈਂ ਆਪ ਆਪਣੀ ਮਰਜ਼ੀ ਨਾਲ ਨਹੀਂ ਆਇਆ ਪਰ ਉਸ ਨੇ ਮੈਨੂੰ ਘੱਲਿਆ ਹੈ। 43 ਤੁਹਾਨੂੰ ਮੇਰੀਆਂ ਗੱਲਾਂ ਕਿਉਂ ਨਹੀਂ ਸਮਝ ਆਉਂਦੀਆਂ? ਕਿਉਂਕਿ ਤੁਸੀਂ ਮੇਰੀਆਂ ਗੱਲਾਂ ʼਤੇ ਯਕੀਨ ਨਹੀਂ ਕਰਨਾ ਚਾਹੁੰਦੇ। 44 ਤੁਹਾਡਾ ਪਿਉ ਸ਼ੈਤਾਨ ਹੈ ਅਤੇ ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ। ਸ਼ੁਰੂ ਵਿਚ ਬਗਾਵਤ ਕਰ ਕੇ ਉਹ ਕਾਤਲ ਬਣਿਆ ਅਤੇ ਸੱਚਾਈ ਦੇ ਰਾਹ ਤੋਂ ਭਟਕ ਗਿਆ ਕਿਉਂਕਿ ਉਸ ਵਿਚ ਸੱਚਾਈ ਨਹੀਂ ਹੈ। ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ। 45 ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਫਿਰ ਵੀ ਤੁਸੀਂ ਮੇਰੇ ʼਤੇ ਵਿਸ਼ਵਾਸ ਨਹੀਂ ਕਰਦੇ। 46 ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਠਹਿਰਾਉਂਦਾ ਹੈ? ਜੇ ਮੈਂ ਸੱਚ ਬੋਲਦਾ ਹਾਂ, ਤਾਂ ਫਿਰ ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਮੰਨਦੇ? 47 ਜਿਹੜਾ ਪਰਮੇਸ਼ੁਰ ਤੋਂ ਹੈ ਉਹ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ। ਪਰ ਤੁਸੀਂ ਉਸ ਦੀਆਂ ਗੱਲਾਂ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
48 ਜਵਾਬ ਵਿਚ ਯਹੂਦੀਆਂ ਨੇ ਉਸ ਨੂੰ ਕਿਹਾ: “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਸਾਮਰੀ ਹੈਂ ਅਤੇ ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ?” 49 ਯਿਸੂ ਨੇ ਜਵਾਬ ਦਿੱਤਾ: “ਮੈਨੂੰ ਦੁਸ਼ਟ ਦੂਤ ਨਹੀਂ ਚਿੰਬੜਿਆ ਹੋਇਆ, ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ। 50 ਮੈਂ ਆਪਣੀ ਮਹਿਮਾ ਨਹੀਂ ਚਾਹੁੰਦਾ; ਇਕ ਹੈ ਜੋ ਮੇਰੀ ਮਹਿਮਾ ਕਰਨੀ ਚਾਹੁੰਦਾ ਹੈ ਅਤੇ ਉਹ ਨਿਆਂਕਾਰ ਹੈ। 51 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਮੇਰੀਆਂ ਸਿੱਖਿਆਵਾਂ ʼਤੇ ਚੱਲਦਾ ਹੈ, ਤਾਂ ਉਹ ਕਦੇ ਮੌਤ ਦਾ ਮੂੰਹ ਨਾ ਦੇਖੇਗਾ।” 52 ਯਹੂਦੀਆਂ ਨੇ ਉਸ ਨੂੰ ਕਿਹਾ: “ਹੁਣ ਸਾਨੂੰ ਪੱਕਾ ਪਤਾ ਲੱਗ ਗਿਆ ਹੈ ਕਿ ਤੈਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ। ਅਬਰਾਹਾਮ ਤਾਂ ਮਰ ਗਿਆ, ਨਾਲੇ ਸਾਰੇ ਨਬੀ; ਪਰ ਤੂੰ ਕਹਿੰਦਾ ਹੈਂ, ‘ਜਿਹੜਾ ਮੇਰੀਆਂ ਸਿੱਖਿਆਵਾਂ ʼਤੇ ਚੱਲਦਾ ਹੈ ਉਹ ਕਦੇ ਨਹੀਂ ਮਰੇਗਾ।’ 53 ਕੀ ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਵੀ ਮਹਾਨ ਹੈਂ? ਉਹ ਵੀ ਮਰ ਗਿਆ ਤੇ ਨਬੀ ਵੀ ਮਰ ਗਏ। ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?” 54 ਯਿਸੂ ਨੇ ਜਵਾਬ ਦਿੱਤਾ: “ਜੇ ਮੈਂ ਆਪ ਆਪਣੀ ਵਡਿਆਈ ਕਰਾਂ, ਤਾਂ ਮੇਰੀ ਵਡਿਆਈ ਖੋਖਲੀ ਹੈ। ਮੇਰਾ ਪਿਤਾ ਮੇਰੀ ਵਡਿਆਈ ਕਰਦਾ ਹੈ, ਉਹੀ ਜਿਸ ਨੂੰ ਤੁਸੀਂ ਆਪਣਾ ਪਰਮੇਸ਼ੁਰ ਕਹਿੰਦੇ ਹੋ; 55 ਫਿਰ ਵੀ ਤੁਸੀਂ ਉਸ ਨੂੰ ਨਹੀਂ ਜਾਣਦੇ। ਪਰ ਮੈਂ ਉਸ ਨੂੰ ਜਾਣਦਾ ਹਾਂ। ਅਤੇ ਜੇ ਮੈਂ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ, ਤਾਂ ਫਿਰ ਮੈਂ ਵੀ ਤੁਹਾਡੇ ਵਾਂਗ ਝੂਠਾ ਹਾਂ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦਾ ਕਹਿਣਾ ਮੰਨਦਾ ਹਾਂ। 56 ਤੁਹਾਡਾ ਪਿਤਾ ਅਬਰਾਹਾਮ ਇਸ ਗੱਲੋਂ ਬਹੁਤ ਖ਼ੁਸ਼ ਸੀ ਕਿ ਉਹ ਮੇਰਾ ਦਿਨ ਦੇਖੇਗਾ ਅਤੇ ਉਹ ਮੇਰਾ ਦਿਨ ਦੇਖ ਕੇ ਬਹੁਤ ਖ਼ੁਸ਼ ਹੋਇਆ।” 57 ਇਸ ਲਈ ਯਹੂਦੀਆਂ ਨੇ ਉਸ ਨੂੰ ਕਿਹਾ: “ਤੂੰ ਤਾਂ ਹਾਲੇ ਪੰਜਾਹਾਂ ਸਾਲਾਂ ਦਾ ਵੀ ਨਹੀਂ, ਫਿਰ ਤੂੰ ਕਿੱਦਾਂ ਅਬਰਾਹਾਮ ਨੂੰ ਦੇਖ ਲਿਆ?” 58 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹੋਂਦ ਵਿਚ ਸਾਂ।” 59 ਇਹ ਸੁਣ ਕੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ, ਪਰ ਉਹ ਲੁਕ ਗਿਆ ਅਤੇ ਮੰਦਰ ਤੋਂ ਚਲਾ ਗਿਆ।