ਰਸੂਲਾਂ ਦੇ ਕੰਮ
28 ਕੰਢੇ ਉੱਤੇ ਸਹੀ-ਸਲਾਮਤ ਪਹੁੰਚ ਕੇ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਸੀ। 2 ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਵੀ ਸੀ, ਇਸ ਲਈ ਟਾਪੂ ਉੱਤੇ ਰਹਿਣ ਵਾਲੇ ਲੋਕਾਂ* ਨੇ ਇਨਸਾਨੀਅਤ ਦੇ ਨਾਤੇ ਸਾਡੇ ਉੱਤੇ ਬੜੀ ਦਇਆ ਕਰ ਕੇ ਅੱਗ ਬਾਲ਼ੀ ਅਤੇ ਸਾਨੂੰ ਬੁਲਾ ਲਿਆ। 3 ਪਰ ਜਦੋਂ ਪੌਲੁਸ ਨੇ ਲੱਕੜਾਂ ਇਕੱਠੀਆਂ ਕਰ ਕੇ ਅੱਗ ਉੱਤੇ ਰੱਖੀਆਂ, ਤਾਂ ਅੱਗ ਦੇ ਸੇਕ ਨਾਲ ਇਕ ਜ਼ਹਿਰੀਲਾ ਸੱਪ ਨਿਕਲ ਆਇਆ ਅਤੇ ਉਸ ਨੇ ਪੌਲੁਸ ਦੇ ਹੱਥ ʼਤੇ ਡੰਗ ਮਾਰਿਆ ਅਤੇ ਉਸ ਦੇ ਹੱਥ ਨੂੰ ਲਪੇਟਾ ਮਾਰ ਲਿਆ। 4 ਜਦੋਂ ਟਾਪੂ ਦੇ ਲੋਕਾਂ ਨੇ ਪੌਲੁਸ ਦੇ ਹੱਥ ਨਾਲ ਜ਼ਹਿਰੀਲੇ ਸੱਪ ਨੂੰ ਲਟਕਦੇ ਹੋਏ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗ ਪਏ: “ਇਹ ਆਦਮੀ ਜ਼ਰੂਰ ਕਾਤਲ ਹੋਣਾ। ਭਾਵੇਂ ਇਹ ਸਮੁੰਦਰ ਤੋਂ ਤਾਂ ਬਚ ਗਿਆ, ਫਿਰ ਵੀ ਨਿਆਂ* ਨੇ ਇਸ ਦੀ ਜਾਨ ਨਹੀਂ ਬਖ਼ਸ਼ੀ।” 5 ਪਰ ਪੌਲੁਸ ਨੂੰ ਕੁਝ ਨਹੀਂ ਹੋਇਆ ਅਤੇ ਉਸ ਨੇ ਆਪਣਾ ਹੱਥ ਝਟਕ ਕੇ ਸੱਪ ਨੂੰ ਅੱਗ ਵਿਚ ਸੁੱਟ ਦਿੱਤਾ। 6 ਪਰ ਲੋਕਾਂ ਨੂੰ ਲੱਗਾ ਕਿ ਪੌਲੁਸ ਦਾ ਸਾਰਾ ਸਰੀਰ ਸੁੱਜ ਜਾਵੇਗਾ ਜਾਂ ਫਿਰ ਉਹ ਅਚਾਨਕ ਮਰ ਜਾਵੇਗਾ। ਕਾਫ਼ੀ ਸਮੇਂ ਤਕ ਉਡੀਕ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਨੂੰ ਕੁਝ ਵੀ ਨਾ ਹੋਇਆ, ਤਾਂ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਹਿਣ ਲੱਗੇ ਕਿ ਉਹ ਕੋਈ ਦੇਵਤਾ ਹੋਣਾ।
7 ਉਸ ਜਗ੍ਹਾ ਦੇ ਲਾਗੇ ਉਸ ਟਾਪੂ ਦੇ ਸਰਦਾਰ ਪੁਬਲੀਉਸ ਦੇ ਖੇਤ ਸਨ। ਉਸ ਨੇ ਸਾਡਾ ਸੁਆਗਤ ਕੀਤਾ ਅਤੇ ਤਿੰਨ ਦਿਨ ਦਇਆ-ਭਾਵਨਾ ਨਾਲ ਸਾਡੀ ਪਰਾਹੁਣਚਾਰੀ ਕੀਤੀ। 8 ਉਸ ਵੇਲੇ ਪੁਬਲੀਉਸ ਦਾ ਪਿਤਾ ਮੰਜੀ ʼਤੇ ਪਿਆ ਹੋਇਆ ਸੀ ਕਿਉਂਕਿ ਉਸ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਮਰੋੜ ਲੱਗੇ ਹੋਏ ਸਨ। ਪੌਲੁਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਆਪਣੇ ਹੱਥ ਰੱਖ ਕੇ ਉਸ ਨੂੰ ਠੀਕ ਕੀਤਾ। 9 ਇਹ ਦੇਖ ਕੇ ਟਾਪੂ ਦੇ ਹੋਰ ਲੋਕ ਵੀ ਜਿਨ੍ਹਾਂ ਨੂੰ ਬੀਮਾਰੀਆਂ ਲੱਗੀਆਂ ਹੋਈਆਂ ਸਨ, ਉਸ ਕੋਲ ਆਉਣੇ ਸ਼ੁਰੂ ਹੋ ਗਏ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ। 10 ਉਨ੍ਹਾਂ ਨੇ ਬੜੇ ਆਦਰ ਨਾਲ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਅਤੇ ਜਦੋਂ ਅਸੀਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਤੁਰਨ ਲੱਗੇ, ਤਾਂ ਉਨ੍ਹਾਂ ਨੇ ਸਾਡੇ ਲਈ ਸਾਰੀਆਂ ਲੋੜੀਂਦੀਆਂ ਚੀਜ਼ਾਂ ਵੀ ਲੱਦ ਦਿੱਤੀਆਂ।
11 ਸੋ ਤਿੰਨ ਮਹੀਨਿਆਂ ਬਾਅਦ ਅਸੀਂ ਸਿਕੰਦਰੀਆ ਦੇ ਜਹਾਜ਼ ਵਿਚ ਬੈਠ ਕੇ ਤੁਰ ਪਏ। ਇਹ ਜਹਾਜ਼ ਸਾਰਾ ਸਿਆਲ਼ ਮਾਲਟਾ ਟਾਪੂ ਉੱਤੇ ਖੜ੍ਹਾ ਰਿਹਾ ਅਤੇ ਇਸ ਦਾ ਨਿਸ਼ਾਨ ਸੀ “ਜ਼ੂਸ ਦੇ ਪੁੱਤਰ।” 12 ਸੈਰਾਕੁਸ ਪਹੁੰਚ ਕੇ ਅਸੀਂ ਉੱਥੇ ਤਿੰਨ ਦਿਨ ਰਹੇ, 13 ਅਤੇ ਉੱਥੋਂ ਅਸੀਂ ਘੁੰਮ ਕੇ ਰੇਗਿਉਨ ਪਹੁੰਚੇ। ਅਗਲੇ ਦਿਨ ਦੱਖਣ ਵੱਲੋਂ ਹਵਾ ਵਗਣੀ ਸ਼ੁਰੂ ਹੋ ਗਈ ਅਤੇ ਅਸੀਂ ਦੂਸਰੇ ਦਿਨ ਪਤਿਉਲੇ ਪਹੁੰਚ ਗਏ। 14 ਉੱਥੇ ਸਾਨੂੰ ਭਰਾ ਮਿਲੇ ਅਤੇ ਉਨ੍ਹਾਂ ਦੇ ਮਿੰਨਤਾਂ ਕਰਨ ਤੇ ਅਸੀਂ ਉਨ੍ਹਾਂ ਕੋਲ ਸੱਤ ਦਿਨ ਰਹੇ। ਫਿਰ ਅਸੀਂ ਰੋਮ ਵੱਲ ਨੂੰ ਤੁਰ ਪਏ। 15 ਜਦੋਂ ਰੋਮ ਦੇ ਭਰਾਵਾਂ ਨੂੰ ਸਾਡੇ ਆਉਣ ਦੀ ਖ਼ਬਰ ਮਿਲੀ, ਤਾਂ ਕੁਝ ਭਰਾ ਸਾਨੂੰ ਮਿਲਣ “ਤਿੰਨ ਸਰਾਵਾਂ” ਨਾਂ ਦੀ ਜਗ੍ਹਾ ਆਏ ਅਤੇ ਕੁਝ ਭਰਾ ਤਾਂ ਐਪੀਅਸ ਬਾਜ਼ਾਰ ਤਕ ਆਏ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ। 16 ਅਖ਼ੀਰ ਵਿਚ ਅਸੀਂ ਰੋਮ ਪਹੁੰਚ ਗਏ ਅਤੇ ਪੌਲੁਸ ਨੂੰ ਇਕ ਘਰ ਵਿਚ ਇਕ ਫ਼ੌਜੀ ਦੀ ਨਿਗਰਾਨੀ ਅਧੀਨ ਇਕੱਲੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ।
17 ਪਰ ਤਿੰਨਾਂ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਸੱਦਿਆ। ਜਦੋਂ ਉਹ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਭਾਵੇਂ ਮੈਂ ਆਪਣੇ ਲੋਕਾਂ ਦੇ ਖ਼ਿਲਾਫ਼ ਜਾਂ ਆਪਣੇ ਪਿਉ-ਦਾਦਿਆਂ ਦੇ ਰੀਤਾਂ-ਰਿਵਾਜਾਂ ਦੇ ਉਲਟ ਕੁਝ ਵੀ ਨਹੀਂ ਕੀਤਾ ਹੈ, ਫਿਰ ਵੀ ਮੈਨੂੰ ਯਰੂਸ਼ਲਮ ਵਿਚ ਕੈਦ ਕਰ ਕੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ। 18 ਪੁੱਛ-ਪੜਤਾਲ ਕਰਨ ਤੋਂ ਬਾਅਦ ਰੋਮੀ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਸੀ। 19 ਪਰ ਯਹੂਦੀ ਇਸ ਫ਼ੈਸਲੇ ਦੇ ਵਿਰੁੱਧ ਬੋਲਦੇ ਰਹੇ, ਇਸ ਲਈ ਮੈਨੂੰ ਮਜਬੂਰ ਹੋ ਕੇ ਸਮਰਾਟ ਨੂੰ ਫ਼ਰਿਆਦ ਕਰਨੀ ਪਈ, ਪਰ ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ ਉੱਤੇ ਕੋਈ ਦੋਸ਼ ਲਾਉਣਾ ਸੀ। 20 ਮੈਂ ਤੁਹਾਨੂੰ ਸੱਦ ਕੇ ਇਸ ਬਾਰੇ ਗੱਲ ਕਰਨੀ ਚਾਹੁੰਦਾ ਸੀ, ਕਿਉਂਕਿ ਜਿਸ ਉੱਤੇ ਇਜ਼ਰਾਈਲ ਨੇ ਉਮੀਦ ਰੱਖੀ ਹੈ, ਮੈਂ ਉਸੇ ਦੀ ਖ਼ਾਤਰ ਬੇੜੀਆਂ ਨਾਲ ਬੱਝਾ ਹੋਇਆ ਹਾਂ।” 21 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਯਹੂਦੀਆ ਤੋਂ ਤੇਰੇ ਬਾਰੇ ਨਾ ਤਾਂ ਕੋਈ ਚਿੱਠੀ ਮਿਲੀ ਹੈ ਅਤੇ ਨਾ ਹੀ ਉੱਥੋਂ ਆਏ ਸਾਡੇ ਯਹੂਦੀ ਭਰਾਵਾਂ ਨੇ ਤੇਰੇ ਬਾਰੇ ਕੋਈ ਬੁਰੀ ਗੱਲ ਦੱਸੀ ਜਾਂ ਕਹੀ ਹੈ। 22 ਪਰ ਅਸੀਂ ਇਹ ਠੀਕ ਸਮਝਦੇ ਹਾਂ ਕਿ ਤੇਰੇ ਮੂੰਹੋਂ ਤੇਰੇ ਵਿਚਾਰ ਸੁਣੇ ਜਾਣ ਕਿਉਂਕਿ ਅਸੀਂ ਸੁਣਿਆ ਹੈ ਕਿ ਇਸ ਪੰਥ ਦੀ ਹਰ ਜਗ੍ਹਾ ਨਿੰਦਿਆ ਕੀਤੀ ਜਾਂਦੀ ਹੈ।”
23 ਉਨ੍ਹਾਂ ਨੇ ਉਸ ਨਾਲ ਗੱਲ ਕਰਨ ਲਈ ਇਕ ਦਿਨ ਰੱਖਿਆ ਅਤੇ ਉਸ ਦਿਨ ਹੋਰ ਵੀ ਜ਼ਿਆਦਾ ਲੋਕ ਉਸ ਦੇ ਘਰ ਇਕੱਠੇ ਹੋਏ। ਅਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਪੌਲੁਸ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦਾ ਰਿਹਾ ਅਤੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਦਲੀਲਾਂ ਦੇ ਕੇ ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਨ। 24 ਕੁਝ ਲੋਕ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ; ਪਰ ਕਈਆਂ ਨੇ ਵਿਸ਼ਵਾਸ ਨਾ ਕੀਤਾ। 25 ਕਿਉਂਕਿ ਉਹ ਇਕ-ਦੂਜੇ ਨਾਲ ਸਹਿਮਤ ਨਹੀਂ ਸਨ, ਇਸ ਲਈ ਜਦੋਂ ਉਹ ਉੱਠ ਕੇ ਤੁਰਨ ਲੱਗੇ, ਤਾਂ ਪੌਲੁਸ ਨੇ ਬਸ ਇਹੀ ਕਿਹਾ:
“ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪਿਉ-ਦਾਦਿਆਂ ਨੂੰ ਕਹੀ ਪਵਿੱਤਰ ਸ਼ਕਤੀ ਦੀ ਇਹ ਗੱਲ ਬਿਲਕੁਲ ਸਹੀ ਹੈ, 26 ‘ਜਾ ਕੇ ਇਨ੍ਹਾਂ ਲੋਕਾਂ ਨੂੰ ਕਹਿ: “ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ; ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਵੀ ਨਹੀਂ ਪਵੇਗਾ। 27 ਕਿਉਂਕਿ ਇਹ ਲੋਕ ਆਪਣੇ ਦਿਲਾਂ ਵਿਚ ਕੁਝ ਵੀ ਉਤਾਰਨਾ ਨਹੀਂ ਚਾਹੁੰਦੇ। ਇਹ ਆਪਣੇ ਕੰਨਾਂ ਨਾਲ ਸੁਣਦੇ ਤਾਂ ਹਨ, ਪਰ ਕਰਦੇ ਕੁਝ ਨਹੀਂ, ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ; ਤਾਂਕਿ ਇੱਦਾਂ ਨਾ ਹੋਵੇ ਕਿ ਇਹ ਆਪਣੀਆਂ ਅੱਖਾਂ ਨਾਲ ਦੇਖਣ ਅਤੇ ਆਪਣੇ ਕੰਨਾਂ ਨਾਲ ਸੁਣਨ ਤੇ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੇ ਦਿਲਾਂ ʼਤੇ ਅਸਰ ਪੈਣ ਦੇਣ ਅਤੇ ਤੋਬਾ ਕਰਨ ਤੇ ਮੈਂ ਇਨ੍ਹਾਂ ਨੂੰ ਸੁਧਾਰਾਂ।”’ 28 ਇਸ ਲਈ ਤੁਸੀਂ ਜਾਣ ਲਓ ਕਿ ਗ਼ੈਰ-ਯਹੂਦੀ ਕੌਮਾਂ ਨੂੰ ਉਸ ਜ਼ਰੀਏ ਦਾ ਸੰਦੇਸ਼ ਸੁਣਾਇਆ ਗਿਆ ਹੈ ਜਿਸ ਰਾਹੀਂ ਪਰਮੇਸ਼ੁਰ ਮੁਕਤੀ ਦੇਵੇਗਾ; ਅਤੇ ਉਹ ਕੌਮਾਂ ਜ਼ਰੂਰ ਇਹ ਸੰਦੇਸ਼ ਸੁਣਨਗੀਆਂ।” 29 *——
30 ਸੋ ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿਚ ਰਿਹਾ ਅਤੇ ਜਿਹੜੇ ਵੀ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਸਾਰਿਆਂ ਦਾ ਪਿਆਰ ਨਾਲ ਸੁਆਗਤ ਕਰਦਾ ਸੀ। 31 ਉਹ ਬੇਝਿਜਕ ਹੋ ਕੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਸੀ।