-
2 ਰਾਜਿਆਂ 18:19-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਸ ਲਈ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਮਿਹਰਬਾਨੀ ਕਰ ਕੇ ਹਿਜ਼ਕੀਯਾਹ ਨੂੰ ਕਹੋ, ‘ਮਹਾਨ ਰਾਜਾ, ਹਾਂ, ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਤੈਨੂੰ ਕਿਹੜੀ ਗੱਲ ʼਤੇ ਭਰੋਸਾ ਹੈ?+ 20 ਤੂੰ ਕਹਿੰਦਾ ਹੈਂ, ‘ਮੇਰੇ ਕੋਲ ਰਣਨੀਤੀ ਤੇ ਯੁੱਧ ਕਰਨ ਲਈ ਤਾਕਤ ਹੈ,’ ਪਰ ਇਹ ਖੋਖਲੀਆਂ ਗੱਲਾਂ ਹਨ। ਤੂੰ ਕਿਹਦੇ ਉੱਤੇ ਭਰੋਸਾ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕਰਨ ਦੀ ਜੁਰਅਤ ਕੀਤੀ?+ 21 ਦੇਖ! ਤੂੰ ਇਸ ਦਰੜੇ ਹੋਏ ਕਾਨੇ ਮਿਸਰ ਦੀ ਮਦਦ ʼਤੇ ਭਰੋਸਾ ਕਰ ਰਿਹਾ ਹੈਂ।+ ਜੇ ਕੋਈ ਆਦਮੀ ਇਹਦਾ ਸਹਾਰਾ ਲੈਣ ਲਈ ਇਸ ਨੂੰ ਫੜੇ, ਤਾਂ ਇਹ ਉਸ ਦੀ ਹਥੇਲੀ ਵਿਚ ਖੁੱਭ ਕੇ ਆਰ-ਪਾਰ ਹੋ ਜਾਵੇਗਾ। ਮਿਸਰ ਦਾ ਰਾਜਾ ਫ਼ਿਰਊਨ ਉਨ੍ਹਾਂ ਸਾਰਿਆਂ ਲਈ ਇਸੇ ਤਰ੍ਹਾਂ ਹੈ ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ। 22 ਅਤੇ ਜੇ ਤੁਸੀਂ ਮੈਨੂੰ ਕਹਿੰਦੇ ਹੋ, ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ,’+ ਤਾਂ ਕੀ ਉਹ ਉਹੀ ਨਹੀਂ ਜਿਸ ਦੀਆਂ ਉੱਚੀਆਂ ਥਾਵਾਂ ਅਤੇ ਵੇਦੀਆਂ ਨੂੰ ਹਿਜ਼ਕੀਯਾਹ ਨੇ ਢਾਹ ਸੁੱਟਿਆ+ ਤੇ ਹੁਣ ਉਹ ਯਹੂਦਾਹ ਤੇ ਯਰੂਸ਼ਲਮ ਨੂੰ ਕਹਿੰਦਾ ਹੈ, ‘ਤੁਸੀਂ ਯਰੂਸ਼ਲਮ ਵਿਚ ਇਸ ਵੇਦੀ ਅੱਗੇ ਮੱਥਾ ਟੇਕੋ’?”’+ 23 ਇਸ ਲਈ ਹੁਣ ਮੇਰੇ ਮਾਲਕ ਅੱਸ਼ੂਰ ਦੇ ਰਾਜੇ ਨਾਲ ਇਹ ਸ਼ਰਤ ਲਾ: ਮੈਂ ਤੈਨੂੰ 2,000 ਘੋੜੇ ਦਿਆਂਗਾ ਜੇ ਤੂੰ ਉਨ੍ਹਾਂ ਲਈ ਸਵਾਰ ਲਿਆ ਕੇ ਦਿਖਾਵੇਂ।+ 24 ਜੇ ਨਹੀਂ ਲਿਆ ਸਕਦਾ, ਤਾਂ ਫਿਰ ਤੂੰ ਕਿੱਦਾਂ ਮੇਰੇ ਮਾਲਕ ਦੇ ਸੇਵਕਾਂ ਵਿੱਚੋਂ ਸਭ ਤੋਂ ਮਾਮੂਲੀ ਰਾਜਪਾਲ ਨੂੰ ਭਜਾ ਸਕਦਾ ਹੈਂ ਕਿਉਂਕਿ ਤੂੰ ਤਾਂ ਰਥਾਂ ਅਤੇ ਘੋੜਸਵਾਰਾਂ ਲਈ ਮਿਸਰ ʼਤੇ ਭਰੋਸਾ ਕਰਦਾ ਹੈਂ? 25 ਕੀ ਮੈਂ ਯਹੋਵਾਹ ਦੀ ਇਜਾਜ਼ਤ ਤੋਂ ਬਿਨਾਂ ਇਸ ਜਗ੍ਹਾ ਨੂੰ ਤਬਾਹ ਕਰਨ ਆਇਆ ਹਾਂ? ਯਹੋਵਾਹ ਨੇ ਆਪ ਮੈਨੂੰ ਕਿਹਾ ਹੈ, ‘ਇਸ ਦੇਸ਼ ʼਤੇ ਚੜ੍ਹਾਈ ਕਰ ਕੇ ਇਸ ਨੂੰ ਤਬਾਹ ਕਰ ਦੇ।’”
-
-
2 ਰਾਜਿਆਂ 19:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਕਹਿਓ, ‘ਤੂੰ ਆਪਣੇ ਜਿਸ ਪਰਮੇਸ਼ੁਰ ਉੱਤੇ ਭਰੋਸਾ ਕਰਦਾ ਹੈਂ, ਉਸ ਦੀ ਇਸ ਗੱਲ ਦੇ ਧੋਖੇ ਵਿਚ ਨਾ ਆਈਂ: “ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।”+
-