ਨਿਆਈਆਂ
19 ਉਨ੍ਹਾਂ ਦਿਨਾਂ ਵਿਚ, ਜਦੋਂ ਇਜ਼ਰਾਈਲ ਦਾ ਕੋਈ ਰਾਜਾ ਨਹੀਂ ਸੀ,+ ਇਕ ਲੇਵੀ ਇਫ਼ਰਾਈਮ ਦੇ ਪਹਾੜੀ ਇਲਾਕੇ+ ਵਿਚ ਇਕ ਦੂਰ-ਦੁਰੇਡੀ ਜਗ੍ਹਾ ʼਤੇ ਰਹਿੰਦਾ ਸੀ। ਉਸ ਨੇ ਯਹੂਦਾਹ ਦੇ ਬੈਤਲਹਮ+ ਵਿੱਚੋਂ ਇਕ ਰਖੇਲ ਲਈ ਤੇ ਉਸ ਨੂੰ ਆਪਣੀ ਪਤਨੀ ਬਣਾਇਆ। 2 ਪਰ ਉਸ ਦੀ ਰਖੇਲ ਉਸ ਪ੍ਰਤੀ ਵਫ਼ਾਦਾਰ ਨਹੀਂ ਰਹੀ ਤੇ ਉਹ ਉਸ ਨੂੰ ਛੱਡ ਕੇ ਯਹੂਦਾਹ ਦੇ ਬੈਤਲਹਮ ਵਿਚ ਆਪਣੇ ਪਿਤਾ ਦੇ ਘਰ ਚਲੀ ਗਈ। ਉਹ ਉੱਥੇ ਚਾਰ ਮਹੀਨੇ ਰਹੀ। 3 ਫਿਰ ਉਸ ਦਾ ਪਤੀ ਉਸ ਨੂੰ ਮਨਾਉਣ ਲਈ ਉਸ ਦੇ ਪਿੱਛੇ ਗਿਆ ਤਾਂਕਿ ਉਹ ਵਾਪਸ ਆ ਜਾਵੇ; ਉਸ ਦੇ ਨਾਲ ਇਕ ਸੇਵਾਦਾਰ ਤੇ ਦੋ ਗਧੇ ਸਨ। ਉਹ ਔਰਤ ਉਸ ਨੂੰ ਆਪਣੇ ਪਿਤਾ ਦੇ ਘਰ ਅੰਦਰ ਲੈ ਆਈ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਹ ਉਸ ਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ। 4 ਇਸ ਲਈ ਉਸ ਦੇ ਸਹੁਰੇ ਯਾਨੀ ਉਸ ਔਰਤ ਦੇ ਪਿਤਾ ਨੇ ਉਸ ਨੂੰ ਆਪਣੇ ਨਾਲ ਤਿੰਨ ਦਿਨਾਂ ਲਈ ਰਹਿਣ ਵਾਸਤੇ ਮਨਾ ਲਿਆ; ਉਹ ਖਾਂਦੇ-ਪੀਂਦੇ ਸਨ ਤੇ ਉਹ ਰਾਤ ਉੱਥੇ ਗੁਜ਼ਾਰਦਾ ਸੀ।
5 ਚੌਥੇ ਦਿਨ ਜਦੋਂ ਉਹ ਜਾਣ ਲਈ ਸਵੇਰੇ ਜਲਦੀ ਉੱਠੇ, ਤਾਂ ਉਸ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ: “ਕੁਝ ਖਾ ਲੈ ਤਾਂਕਿ ਤੈਨੂੰ ਤਾਕਤ ਮਿਲੇ ਤੇ ਫਿਰ ਤੂੰ ਚਲਾ ਜਾਈਂ।” 6 ਇਸ ਲਈ ਉਹ ਬੈਠੇ ਤੇ ਉਨ੍ਹਾਂ ਦੋਹਾਂ ਨੇ ਖਾਧਾ-ਪੀਤਾ; ਉਸ ਤੋਂ ਬਾਅਦ ਉਸ ਔਰਤ ਦੇ ਪਿਤਾ ਨੇ ਉਸ ਆਦਮੀ ਨੂੰ ਕਿਹਾ: “ਕਿਰਪਾ ਕਰ ਕੇ ਇਕ ਹੋਰ ਰਾਤ ਰਹਿ ਤੇ ਮੌਜਾਂ ਮਾਣ।”* 7 ਜਦੋਂ ਉਹ ਆਦਮੀ ਜਾਣ ਲਈ ਉੱਠਿਆ, ਤਾਂ ਉਸ ਦੇ ਸਹੁਰੇ ਨੇ ਉਸ ਦੀਆਂ ਮਿੰਨਤਾਂ ਕੀਤੀਆਂ, ਇਸ ਲਈ ਉਹ ਇਕ ਹੋਰ ਰਾਤ ਠਹਿਰ ਗਿਆ।
8 ਪੰਜਵੇਂ ਦਿਨ ਜਦੋਂ ਉਹ ਜਾਣ ਲਈ ਸਵੇਰੇ ਜਲਦੀ ਉੱਠਿਆ, ਤਾਂ ਉਸ ਔਰਤ ਦੇ ਪਿਤਾ ਨੇ ਕਿਹਾ: “ਕਿਰਪਾ ਕਰ ਕੇ ਕੁਝ ਖਾ ਲੈ ਤਾਂਕਿ ਤੈਨੂੰ ਤਾਕਤ ਮਿਲੇ।” ਅਤੇ ਉਹ ਦੁਪਹਿਰ ਢਲ਼ਣ ਤਕ ਬੈਠੇ ਰਹੇ ਤੇ ਦੋਵੇਂ ਜਣੇ ਖਾਂਦੇ-ਪੀਂਦੇ ਰਹੇ। 9 ਜਦੋਂ ਉਹ ਆਦਮੀ ਆਪਣੀ ਰਖੇਲ ਤੇ ਆਪਣੇ ਸੇਵਾਦਾਰ ਨਾਲ ਜਾਣ ਲਈ ਉੱਠਿਆ, ਤਾਂ ਉਸ ਦੇ ਸਹੁਰੇ ਯਾਨੀ ਉਸ ਔਰਤ ਦੇ ਪਿਤਾ ਨੇ ਉਸ ਨੂੰ ਕਿਹਾ: “ਦੇਖ, ਹੁਣ! ਸ਼ਾਮ ਪੈਣ ਵਾਲੀ ਹੈ। ਕਿਰਪਾ ਕਰ ਕੇ ਅੱਜ ਰਾਤ ਰਹਿ ਲੈ। ਦਿਨ ਢਲ਼ਣ ਵਾਲਾ ਹੈ। ਰਾਤ ਇੱਥੇ ਕੱਟ ਲੈ ਤੇ ਮੌਜਾਂ ਮਾਣ। ਕੱਲ੍ਹ ਸਵੇਰੇ ਜਲਦੀ ਉੱਠ ਕੇ ਸਫ਼ਰ ਲਈ ਰਵਾਨਾ ਹੋ ਜਾਈਂ ਤੇ ਆਪਣੇ ਘਰ* ਚਲਾ ਜਾਈਂ।” 10 ਪਰ ਉਹ ਆਦਮੀ ਇਕ ਹੋਰ ਰਾਤ ਨਹੀਂ ਰਹਿਣਾ ਚਾਹੁੰਦਾ ਸੀ, ਇਸ ਲਈ ਉਹ ਉੱਠਿਆ ਤੇ ਉਸ ਨੇ ਯਬੂਸ ਯਾਨੀ ਯਰੂਸ਼ਲਮ+ ਤਕ ਸਫ਼ਰ ਕੀਤਾ। ਉਸ ਨਾਲ ਕਾਠੀ ਕੱਸੇ ਦੋ ਗਧੇ, ਉਸ ਦੀ ਰਖੇਲ ਤੇ ਉਸ ਦਾ ਸੇਵਾਦਾਰ ਸੀ।
11 ਜਦੋਂ ਉਹ ਯਬੂਸ ਦੇ ਨੇੜੇ ਸਨ, ਤਾਂ ਦਿਨ ਢਲ਼ ਗਿਆ ਸੀ। ਉਸ ਦੇ ਸੇਵਾਦਾਰ ਨੇ ਆਪਣੇ ਮਾਲਕ ਨੂੰ ਕਿਹਾ: “ਕੀ ਆਪਾਂ ਯਬੂਸੀਆਂ ਦੇ ਇਸ ਸ਼ਹਿਰ ਵਿਚ ਰੁਕ ਜਾਈਏ ਤੇ ਇੱਥੇ ਰਾਤ ਗੁਜ਼ਾਰੀਏ?” 12 ਪਰ ਉਸ ਦੇ ਮਾਲਕ ਨੇ ਉਸ ਨੂੰ ਕਿਹਾ: “ਸਾਨੂੰ ਪਰਦੇਸੀਆਂ ਦੇ ਸ਼ਹਿਰ ਵਿਚ ਨਹੀਂ ਰੁਕਣਾ ਚਾਹੀਦਾ ਜੋ ਇਜ਼ਰਾਈਲੀ ਨਹੀਂ ਹਨ। ਆਪਾਂ ਗਿਬਆਹ+ ਤਕ ਜਾਵਾਂਗੇ।” 13 ਫਿਰ ਉਸ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਚੱਲ, ਆਪਾਂ ਉਨ੍ਹਾਂ ਵਿੱਚੋਂ ਇਕ ਥਾਂ ʼਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ; ਆਪਾਂ ਗਿਬਆਹ ਜਾਂ ਰਾਮਾਹ+ ਵਿਚ ਰਾਤ ਬਿਤਾਵਾਂਗੇ।” 14 ਉਹ ਅੱਗੇ ਚਲੇ ਗਏ ਅਤੇ ਬਿਨਯਾਮੀਨ ਦੇ ਗਿਬਆਹ ਸ਼ਹਿਰ ਦੇ ਨੇੜੇ ਉਨ੍ਹਾਂ ਦੇ ਪਹੁੰਚਦੇ-ਪਹੁੰਚਦੇ ਸੂਰਜ ਡੁੱਬਣ ਲੱਗਾ।
15 ਉਹ ਉੱਥੇ ਰੁਕ ਗਏ ਅਤੇ ਰਾਤ ਗੁਜ਼ਾਰਨ ਲਈ ਗਿਬਆਹ ਵਿਚ ਚਲੇ ਗਏ। ਸ਼ਹਿਰ ਅੰਦਰ ਜਾ ਕੇ ਉਹ ਸ਼ਹਿਰ ਦੇ ਚੌਂਕ ਵਿਚ ਬੈਠ ਗਏ, ਪਰ ਕੋਈ ਵੀ ਉਨ੍ਹਾਂ ਨੂੰ ਆਪਣੇ ਘਰ ਰਾਤ ਠਹਿਰਾਉਣ ਲਈ ਲੈ ਕੇ ਨਹੀਂ ਗਿਆ।+ 16 ਅਖ਼ੀਰ ਉਸ ਸ਼ਾਮ ਇਕ ਬੁੱਢਾ ਆਦਮੀ ਖੇਤ ਵਿੱਚੋਂ ਕੰਮ ਕਰ ਕੇ ਆਇਆ। ਉਹ ਇਫ਼ਰਾਈਮ ਦੇ ਪਹਾੜੀ ਇਲਾਕੇ+ ਤੋਂ ਸੀ ਅਤੇ ਕੁਝ ਸਮੇਂ ਤੋਂ ਗਿਬਆਹ ਵਿਚ ਰਹਿ ਰਿਹਾ ਸੀ; ਪਰ ਉਸ ਸ਼ਹਿਰ ਦੇ ਵਾਸੀ ਬਿਨਯਾਮੀਨੀ ਸਨ।+ 17 ਜਦੋਂ ਉਸ ਨੇ ਨਜ਼ਰਾਂ ਉਤਾਂਹ ਚੁੱਕੀਆਂ ਅਤੇ ਸ਼ਹਿਰ ਦੇ ਚੌਂਕ ਵਿਚ ਉਸ ਮੁਸਾਫ਼ਰ ਨੂੰ ਦੇਖਿਆ, ਤਾਂ ਬੁੱਢੇ ਆਦਮੀ ਨੇ ਕਿਹਾ: “ਤੂੰ ਕਿੱਥੇ ਜਾ ਰਿਹਾ ਹੈਂ ਅਤੇ ਤੂੰ ਕਿੱਥੋਂ ਆਇਆ ਹੈਂ?” 18 ਉਸ ਨੇ ਜਵਾਬ ਦਿੱਤਾ: “ਅਸੀਂ ਯਹੂਦਾਹ ਦੇ ਬੈਤਲਹਮ ਤੋਂ ਆਏ ਹਾਂ ਅਤੇ ਇਫ਼ਰਾਈਮ ਦੇ ਪਹਾੜੀ ਇਲਾਕੇ ਦੀ ਦੂਰ-ਦੁਰੇਡੀ ਜਗ੍ਹਾ ਨੂੰ ਜਾ ਰਹੇ ਹਾਂ ਜਿੱਥੇ ਮੈਂ ਰਹਿੰਦਾ ਹਾਂ। ਮੈਂ ਯਹੂਦਾਹ ਦੇ ਬੈਤਲਹਮ ਗਿਆ ਸੀ+ ਅਤੇ ਹੁਣ ਮੈਂ ਯਹੋਵਾਹ ਦੇ ਘਰ ਵੱਲ ਜਾ ਰਿਹਾ ਹਾਂ,* ਪਰ ਕੋਈ ਵੀ ਮੈਨੂੰ ਆਪਣੇ ਘਰ ਨਹੀਂ ਰੱਖ ਰਿਹਾ। 19 ਸਾਡੇ ਕੋਲ ਗਧਿਆਂ ਲਈ ਕਾਫ਼ੀ ਤੂੜੀ ਤੇ ਘਾਹ ਹੈ+ ਅਤੇ ਮੇਰੇ ਲਈ, ਇਸ ਔਰਤ ਲਈ ਤੇ ਸਾਡੇ ਸੇਵਾਦਾਰ ਲਈ ਰੋਟੀ+ ਤੇ ਦਾਖਰਸ ਵੀ ਹੈ। ਕਿਸੇ ਵੀ ਚੀਜ਼ ਦੀ ਕਮੀ ਨਹੀਂ।” 20 ਪਰ ਉਸ ਬੁੱਢੇ ਆਦਮੀ ਨੇ ਕਿਹਾ: “ਤੈਨੂੰ ਸ਼ਾਂਤੀ ਮਿਲੇ! ਮੈਂ ਤੇਰੀ ਹਰ ਲੋੜ ਪੂਰੀ ਕਰਾਂਗਾ। ਬੱਸ ਤੂੰ ਚੌਂਕ ਵਿਚ ਰਾਤ ਨਾ ਕੱਟੀਂ।” 21 ਉਹ ਉਸ ਨੂੰ ਆਪਣੇ ਘਰ ਲੈ ਆਇਆ ਤੇ ਗਧਿਆਂ ਨੂੰ ਪੱਠੇ ਪਾਏ। ਫਿਰ ਉਨ੍ਹਾਂ ਨੇ ਆਪਣੇ ਪੈਰ ਧੋਤੇ ਤੇ ਖਾਧਾ-ਪੀਤਾ।
22 ਜਦੋਂ ਉਹ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਘਟੀਆ ਆਦਮੀਆਂ ਨੇ ਘਰ ਨੂੰ ਘੇਰ ਲਿਆ ਅਤੇ ਦਰਵਾਜ਼ਾ ਭੰਨਣ ਲੱਗੇ। ਉਹ ਉਸ ਬੁੱਢੇ ਆਦਮੀ ਨੂੰ, ਜੋ ਘਰ ਦਾ ਮਾਲਕ ਸੀ, ਵਾਰ-ਵਾਰ ਕਹਿ ਰਹੇ ਸਨ: “ਉਸ ਆਦਮੀ ਨੂੰ ਬਾਹਰ ਲੈ ਕੇ ਆ ਜੋ ਤੇਰੇ ਘਰ ਆਇਆ ਹੈ ਤਾਂਕਿ ਅਸੀਂ ਉਸ ਨਾਲ ਸਰੀਰਕ ਸੰਬੰਧ ਬਣਾਈਏ।”+ 23 ਇਹ ਸੁਣ ਕੇ ਘਰ ਦਾ ਮਾਲਕ ਬਾਹਰ ਆਇਆ ਤੇ ਉਨ੍ਹਾਂ ਨੂੰ ਕਿਹਾ: “ਨਾ ਮੇਰੇ ਭਰਾਵੋ, ਕਿਰਪਾ ਕਰ ਕੇ ਇਹ ਬੁਰਾ ਕੰਮ ਨਾ ਕਰੋ। ਇਹ ਆਦਮੀ ਮੇਰੇ ਘਰ ਮਹਿਮਾਨ ਹੈ। ਇਹ ਸ਼ਰਮਨਾਕ ਕੰਮ ਨਾ ਕਰੋ। 24 ਦੇਖੋ, ਇੱਥੇ ਮੇਰੀ ਇਕ ਕੁਆਰੀ ਧੀ ਤੇ ਇਸ ਆਦਮੀ ਦੀ ਰਖੇਲ ਹੈ। ਮੈਂ ਉਨ੍ਹਾਂ ਨੂੰ ਬਾਹਰ ਲਿਆਉਂਦਾ ਹਾਂ ਤੇ ਜੇ ਤੁਸੀਂ ਚਾਹੋ, ਤਾਂ ਉਨ੍ਹਾਂ ਨਾਲ ਜ਼ੋਰ-ਜ਼ਬਰਦਸਤੀ ਕਰ ਸਕਦੇ ਹੋ।*+ ਪਰ ਇਸ ਆਦਮੀ ਨਾਲ ਇਹ ਸ਼ਰਮਨਾਕ ਕੰਮ ਨਾ ਕਰੋ।”
25 ਪਰ ਉਨ੍ਹਾਂ ਆਦਮੀਆਂ ਨੇ ਉਸ ਦੀ ਗੱਲ ਨਾ ਸੁਣੀ, ਇਸ ਲਈ ਲੇਵੀ ਆਦਮੀ ਆਪਣੀ ਰਖੇਲ+ ਨੂੰ ਫੜ ਕੇ ਬਾਹਰ ਉਨ੍ਹਾਂ ਕੋਲ ਲੈ ਆਇਆ। ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਹ ਰਾਤ ਤੋਂ ਲੈ ਕੇ ਸਵੇਰ ਹੋਣ ਤਕ ਉਸ ਨੂੰ ਜ਼ਲੀਲ ਕਰਦੇ ਰਹੇ। ਫਿਰ ਪਹੁ ਫੁੱਟਦਿਆਂ ਹੀ ਉਨ੍ਹਾਂ ਨੇ ਉਸ ਔਰਤ ਨੂੰ ਭੇਜ ਦਿੱਤਾ। 26 ਉਹ ਔਰਤ ਸਵੇਰੇ-ਸਵੇਰੇ ਉਸ ਆਦਮੀ ਦੇ ਘਰ ਦੇ ਦਰਵਾਜ਼ੇ ʼਤੇ ਆ ਕੇ ਡਿਗ ਗਈ ਜਿੱਥੇ ਉਸ ਦਾ ਪਤੀ* ਸੀ ਤੇ ਉਹ ਚਾਨਣ ਹੋਣ ਤਕ ਉੱਥੇ ਹੀ ਪਈ ਰਹੀ। 27 ਜਦੋਂ ਉਸ ਦਾ ਪਤੀ ਸਵੇਰ ਨੂੰ ਉੱਠਿਆ ਅਤੇ ਸਫ਼ਰ ਸ਼ੁਰੂ ਕਰਨ ਲਈ ਬਾਹਰ ਜਾਣ ਵਾਸਤੇ ਘਰ ਦੇ ਦਰਵਾਜ਼ੇ ਖੋਲ੍ਹੇ, ਤਾਂ ਉਸ ਨੇ ਉਸ ਔਰਤ ਯਾਨੀ ਆਪਣੀ ਰਖੇਲ ਨੂੰ ਘਰ ਦੇ ਦਰਵਾਜ਼ੇ ਕੋਲ ਪਈ ਦੇਖਿਆ ਤੇ ਉਸ ਦੇ ਹੱਥ ਦਹਿਲੀਜ਼ ʼਤੇ ਸਨ। 28 ਉਸ ਨੇ ਉਸ ਨੂੰ ਕਿਹਾ: “ਉੱਠ; ਚੱਲ ਚੱਲੀਏ।” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਸ ਆਦਮੀ ਨੇ ਉਸ ਨੂੰ ਗਧੇ ਉੱਤੇ ਰੱਖਿਆ ਤੇ ਆਪਣੇ ਘਰ ਵੱਲ ਨੂੰ ਤੁਰ ਪਿਆ।
29 ਜਦੋਂ ਉਹ ਆਪਣੇ ਘਰ ਪਹੁੰਚਿਆ, ਤਾਂ ਉਸ ਨੇ ਛੁਰਾ ਲਿਆ ਤੇ ਆਪਣੀ ਰਖੇਲ ਦੇ ਅੰਗਾਂ ਨੂੰ ਵੱਢ ਕੇ 12 ਟੁਕੜੇ ਕੀਤੇ ਅਤੇ ਇਕ-ਇਕ ਟੁਕੜਾ ਇਜ਼ਰਾਈਲ ਦੇ ਹਰ ਇਲਾਕੇ ਵਿਚ ਭੇਜ ਦਿੱਤਾ। 30 ਜਿਸ ਕਿਸੇ ਨੇ ਇਸ ਨੂੰ ਦੇਖਿਆ, ਉਸ ਨੇ ਕਿਹਾ: “ਜਿਸ ਦਿਨ ਇਜ਼ਰਾਈਲੀ ਮਿਸਰ ਦੇਸ਼ ਵਿੱਚੋਂ ਨਿਕਲੇ ਸਨ, ਉਸ ਦਿਨ ਤੋਂ ਲੈ ਕੇ ਅੱਜ ਤਕ ਨਾ ਕਦੇ ਅਜਿਹਾ ਕੰਮ ਹੋਇਆ ਤੇ ਨਾ ਹੀ ਦੇਖਿਆ ਗਿਆ। ਇਸ ਬਾਰੇ ਸੋਚੋ,* ਸਲਾਹ ਕਰੋ+ ਅਤੇ ਸਾਨੂੰ ਦੱਸੋ ਕਿ ਅਸੀਂ ਕੀ ਕਰੀਏ।”