ਦੂਜਾ ਇਤਿਹਾਸ
1 ਦਾਊਦ ਦੇ ਪੁੱਤਰ ਸੁਲੇਮਾਨ ਦਾ ਰਾਜ ਹੋਰ ਮਜ਼ਬੂਤ ਹੁੰਦਾ ਗਿਆ ਅਤੇ ਉਸ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਸੀ ਅਤੇ ਉਸ ਨੇ ਉਸ ਨੂੰ ਬਹੁਤ ਮਹਾਨ ਬਣਾਇਆ।+
2 ਸੁਲੇਮਾਨ ਨੇ ਸਾਰੇ ਇਜ਼ਰਾਈਲ ਨੂੰ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ ਨੂੰ, ਨਿਆਂਕਾਰਾਂ ਨੂੰ ਅਤੇ ਪੂਰੇ ਇਜ਼ਰਾਈਲ ਦੇ ਸਾਰੇ ਆਗੂਆਂ ਨੂੰ ਬੁਲਾਇਆ ਜੋ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ। 3 ਫਿਰ ਸੁਲੇਮਾਨ ਅਤੇ ਸਾਰੀ ਮੰਡਲੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ ਗਈ+ ਕਿਉਂਕਿ ਉੱਥੇ ਸੱਚੇ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਸੀ, ਹਾਂ, ਉਹ ਤੰਬੂ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਉਜਾੜ ਵਿਚ ਬਣਾਇਆ ਸੀ। 4 ਪਰ ਦਾਊਦ ਸੱਚੇ ਪਰਮੇਸ਼ੁਰ ਦਾ ਸੰਦੂਕ ਕਿਰਯਥ-ਯਾਰੀਮ ਤੋਂ ਉਸ ਜਗ੍ਹਾ ਲੈ ਆਇਆ+ ਸੀ ਜਿਹੜੀ ਦਾਊਦ ਨੇ ਉਸ ਲਈ ਤਿਆਰ ਕੀਤੀ ਸੀ; ਉਸ ਨੇ ਯਰੂਸ਼ਲਮ ਵਿਚ ਉਸ ਵਾਸਤੇ ਤੰਬੂ ਲਾਇਆ ਸੀ।+ 5 ਅਤੇ ਊਰੀ ਦੇ ਪੁੱਤਰ ਤੇ ਹੂਰ ਦੇ ਪੋਤੇ ਬਸਲੇਲ+ ਦੁਆਰਾ ਬਣਾਈ ਗਈ ਤਾਂਬੇ ਦੀ ਵੇਦੀ+ ਯਹੋਵਾਹ ਦੇ ਡੇਰੇ ਅੱਗੇ ਰੱਖੀ ਗਈ ਸੀ; ਸੁਲੇਮਾਨ ਤੇ ਮੰਡਲੀ ਉਸ ਅੱਗੇ ਪ੍ਰਾਰਥਨਾ ਕਰਦੀ ਸੀ।* 6 ਸੁਲੇਮਾਨ ਨੇ ਉੱਥੇ ਯਹੋਵਾਹ ਅੱਗੇ ਬਲੀਦਾਨ ਚੜ੍ਹਾਏ ਅਤੇ ਉਸ ਨੇ ਮੰਡਲੀ ਦੇ ਤੰਬੂ ਦੀ ਤਾਂਬੇ ਦੀ ਵੇਦੀ ʼਤੇ 1,000 ਹੋਮ-ਬਲ਼ੀਆਂ ਚੜ੍ਹਾਈਆਂ।+
7 ਉਸ ਰਾਤ ਪਰਮੇਸ਼ੁਰ ਸੁਲੇਮਾਨ ਅੱਗੇ ਪ੍ਰਗਟ ਹੋਇਆ ਤੇ ਉਸ ਨੂੰ ਪੁੱਛਿਆ: “ਮੰਗ, ਮੈਂ ਤੈਨੂੰ ਕੀ ਦਿਆਂ।”+ 8 ਇਹ ਸੁਣ ਕੇ ਸੁਲੇਮਾਨ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ+ ਅਤੇ ਤੂੰ ਮੈਨੂੰ ਉਸ ਦੀ ਥਾਂ ਰਾਜਾ ਬਣਾਇਆ ਹੈ।+ 9 ਹੁਣ, ਹੇ ਯਹੋਵਾਹ ਪਰਮੇਸ਼ੁਰ, ਮੇਰੇ ਪਿਤਾ ਦਾਊਦ ਨਾਲ ਕੀਤਾ ਤੇਰਾ ਵਾਅਦਾ ਸੱਚਾ ਸਾਬਤ ਹੋਵੇ+ ਕਿਉਂਕਿ ਤੂੰ ਮੈਨੂੰ ਉਸ ਪਰਜਾ ਦਾ ਰਾਜਾ ਬਣਾਇਆ ਹੈ ਜਿਸ ਦੀ ਗਿਣਤੀ ਮਿੱਟੀ ਦੇ ਕਣਾਂ ਜਿੰਨੀ ਹੈ।+ 10 ਮੈਨੂੰ ਇਸ ਪਰਜਾ ਦੀ ਅਗਵਾਈ ਕਰਨ* ਲਈ ਬੁੱਧ ਤੇ ਗਿਆਨ ਦੇ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ ਲੋਕਾਂ ਦਾ ਨਿਆਂ ਕਰ ਸਕਦਾ ਹੈ?”+
11 ਫਿਰ ਪਰਮੇਸ਼ੁਰ ਨੇ ਸੁਲੇਮਾਨ ਨੂੰ ਕਿਹਾ: “ਤੂੰ ਧਨ-ਦੌਲਤ ਤੇ ਇੱਜ਼ਤ-ਮਾਣ ਨਹੀਂ ਮੰਗਿਆ ਤੇ ਨਾ ਉਨ੍ਹਾਂ ਲੋਕਾਂ ਦੀ ਮੌਤ ਮੰਗੀ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ ਤੇ ਨਾ ਹੀ ਲੰਬੀ ਉਮਰ* ਮੰਗੀ ਹੈ, ਸਗੋਂ ਤੂੰ ਮੇਰੀ ਪਰਜਾ ਦਾ, ਜਿਸ ਉੱਤੇ ਮੈਂ ਤੈਨੂੰ ਰਾਜਾ ਬਣਾਇਆ, ਨਿਆਂ ਕਰਨ ਲਈ ਬੁੱਧ ਤੇ ਗਿਆਨ ਮੰਗਿਆ ਹੈ। ਤੇਰੀ ਇਹ ਦਿਲੀ ਇੱਛਾ ਹੈ,+ ਇਸ ਕਰਕੇ 12 ਬੁੱਧ ਅਤੇ ਗਿਆਨ ਤੈਨੂੰ ਦਿੱਤਾ ਜਾਵੇਗਾ; ਪਰ ਇਸ ਦੇ ਨਾਲ-ਨਾਲ ਮੈਂ ਤੈਨੂੰ ਧਨ-ਦੌਲਤ ਤੇ ਇੱਜ਼ਤ-ਮਾਣ ਵੀ ਬਖ਼ਸ਼ਾਂਗਾ ਜਿੰਨਾ ਤੇਰੇ ਤੋਂ ਪਹਿਲਾਂ ਹੋਰ ਕਿਸੇ ਰਾਜੇ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਤੇਰੇ ਤੋਂ ਬਾਅਦ ਕਿਸੇ ਨੂੰ ਮਿਲੇਗਾ।”+
13 ਫਿਰ ਸੁਲੇਮਾਨ ਗਿਬਓਨ ਵਿਚਲੀ ਉੱਚੀ ਜਗ੍ਹਾ+ ਤੋਂ ਮੰਡਲੀ ਦੇ ਤੰਬੂ ਦੇ ਅੱਗਿਓਂ ਯਰੂਸ਼ਲਮ ਵਾਪਸ ਆਇਆ; ਅਤੇ ਉਸ ਨੇ ਇਜ਼ਰਾਈਲ ਉੱਤੇ ਰਾਜ ਕੀਤਾ। 14 ਸੁਲੇਮਾਨ ਰਥ ਅਤੇ ਘੋੜੇ* ਇਕੱਠੇ ਕਰਦਾ ਰਿਹਾ; ਉਸ ਕੋਲ 1,400 ਰਥ ਅਤੇ 12,000 ਘੋੜੇ* ਸਨ+ ਅਤੇ ਉਹ ਉਨ੍ਹਾਂ ਨੂੰ ਰਥਾਂ ਵਾਲੇ ਸ਼ਹਿਰਾਂ ਵਿਚ+ ਅਤੇ ਯਰੂਸ਼ਲਮ ਵਿਚ ਆਪਣੇ ਕੋਲ ਰੱਖਦਾ ਸੀ।+ 15 ਯਰੂਸ਼ਲਮ ਵਿਚ ਰਾਜੇ ਨੇ ਇੰਨਾ ਸੋਨਾ-ਚਾਂਦੀ ਇਕੱਠਾ ਕੀਤਾ ਜਿਵੇਂ ਕਿ ਉਹ ਪੱਥਰ ਹੋਣ+ ਅਤੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+ 16 ਸੁਲੇਮਾਨ ਦੇ ਘੋੜੇ ਮਿਸਰ ਤੋਂ ਲਿਆਂਦੇ ਜਾਂਦੇ ਸਨ+ ਅਤੇ ਰਾਜੇ ਦੇ ਸੌਦਾਗਰ ਠਹਿਰਾਈ ਹੋਈ ਕੀਮਤ ʼਤੇ ਘੋੜਿਆਂ ਦੇ ਝੁੰਡਾਂ ਦੇ ਝੁੰਡ ਖ਼ਰੀਦ ਕੇ ਲਿਆਉਂਦੇ ਸਨ।*+ 17 ਮਿਸਰ ਤੋਂ ਮੰਗਵਾਏ ਹਰੇਕ ਰਥ ਦੀ ਕੀਮਤ ਚਾਂਦੀ ਦੇ 600 ਟੁਕੜੇ ਅਤੇ ਹਰੇਕ ਘੋੜੇ ਦੀ ਕੀਮਤ ਚਾਂਦੀ ਦੇ 150 ਟੁਕੜੇ ਸੀ; ਉਹ ਅੱਗੋਂ ਉਨ੍ਹਾਂ ਨੂੰ ਹਿੱਤੀਆਂ ਦੇ ਸਾਰੇ ਰਾਜਿਆਂ ਅਤੇ ਸੀਰੀਆ ਦੇ ਰਾਜਿਆਂ ਨੂੰ ਵੇਚ ਦਿੰਦੇ ਸਨ।