ਆਮੋਸ
9 ਮੈਂ ਯਹੋਵਾਹ ਨੂੰ ਵੇਦੀ ਦੇ ਕੋਲ ਦੇਖਿਆ+ ਅਤੇ ਉਸ ਨੇ ਕਿਹਾ: “ਥੰਮ੍ਹ ਦੇ ਸਿਰੇ ʼਤੇ ਮਾਰ ਤਾਂਕਿ ਨੀਂਹਾਂ ਹਿਲ ਜਾਣ। ਉਨ੍ਹਾਂ ਦੇ ਸਿਰੇ ਵੱਢ ਦੇ। ਮੈਂ ਬਚੇ ਹੋਏ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟਾਂਗਾ। ਕੋਈ ਵੀ ਭੱਜ ਨਹੀਂ ਸਕੇਗਾ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਕਾਮਯਾਬ ਨਹੀਂ ਹੋਵੇਗਾ।+
2 ਜੇ ਉਹ ਕਬਰ* ਖੋਦ ਕੇ ਉਸ ਵਿਚ ਲੁਕ ਜਾਣ,
ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਕੱਢ ਲਿਆਵੇਗਾ;
ਜੇ ਉਹ ਆਕਾਸ਼ ਨੂੰ ਚੜ੍ਹ ਜਾਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਥੱਲੇ ਲਾਹ ਲਿਆਵਾਂਗਾ।
3 ਜੇ ਉਹ ਆਪਣੇ ਆਪ ਨੂੰ ਕਰਮਲ ਦੀ ਚੋਟੀ ʼਤੇ ਲੁਕਾਉਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਲੱਭ ਕੇ ਫੜ ਲਿਆਵਾਂਗਾ।+
ਜੇ ਉਹ ਮੇਰੀਆਂ ਨਜ਼ਰਾਂ ਤੋਂ ਦੂਰ ਸਮੁੰਦਰ ਦੀ ਗਹਿਰਾਈ ਵਿਚ ਲੁਕ ਜਾਣ,
ਉੱਥੇ ਮੈਂ ਸੱਪ ਨੂੰ ਉਨ੍ਹਾਂ ਦੇ ਡੰਗ ਮਾਰਨ ਦਾ ਹੁਕਮ ਦਿਆਂਗਾ।
4 ਜੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਜਾਣ,
ਉੱਥੇ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਵੱਢ ਸੁੱਟੇਗੀ;+
ਮੈਂ ਉਨ੍ਹਾਂ ਦਾ ਭਲਾ ਕਰਨ ਲਈ ਨਹੀਂ, ਸਗੋਂ ਬੁਰਾ ਕਰਨ ਲਈ ਉਨ੍ਹਾਂ ʼਤੇ ਨਜ਼ਰ ਰੱਖਾਂਗਾ।+
5 ਸਾਰੇ ਜਹਾਨ ਦਾ ਮਾਲਕ ਅਤੇ ਸੈਨਾਵਾਂ ਦਾ ਯਹੋਵਾਹ ਦੇਸ਼* ਨੂੰ ਛੂੰਹਦਾ ਹੈ,
ਜਿਸ ਕਰਕੇ ਇਹ ਪਿਘਲ ਜਾਵੇਗਾ+ ਅਤੇ ਇਸ ਦੇ ਸਾਰੇ ਵਾਸੀ ਸੋਗ ਮਨਾਉਣਗੇ;+
ਇਹ ਨੀਲ ਦਰਿਆ ਦੇ ਪਾਣੀ ਵਾਂਗ ਉਛਾਲ਼ੇ ਮਾਰੇਗਾ
ਅਤੇ ਮਿਸਰ ਦੇ ਨੀਲ ਦਰਿਆ ਵਾਂਗ ਇਸ ਵਿਚ ਹਲਚਲ ਮਚੇਗੀ।+
6 ‘ਜਿਹੜਾ ਆਕਾਸ਼ ਤਕ ਆਪਣੀ ਪੌੜੀ ਬਣਾਉਂਦਾ ਹੈ
ਅਤੇ ਧਰਤੀ ʼਤੇ ਆਪਣੀ ਇਮਾਰਤ* ਉਸਾਰਦਾ ਹੈ,
ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ
ਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+
—ਉਸ ਦਾ ਨਾਂ ਯਹੋਵਾਹ ਹੈ।’+
7 ‘ਹੇ ਇਜ਼ਰਾਈਲੀਓ, ਕੀ ਤੁਸੀਂ ਮੇਰੇ ਲਈ ਕੂਸ਼ੀਆਂ ਦੇ ਪੁੱਤਰਾਂ ਵਰਗੇ ਨਹੀਂ ਹੋ?’ ਯਹੋਵਾਹ ਕਹਿੰਦਾ ਹੈ।
‘ਕੀ ਮੈਂ ਇਜ਼ਰਾਈਲ ਨੂੰ ਮਿਸਰ ਵਿੱਚੋਂ ਨਹੀਂ ਕੱਢ ਲਿਆਇਆ ਸੀ+
ਅਤੇ ਫਲਿਸਤੀਆਂ ਨੂੰ ਕ੍ਰੀਟ ਤੋਂ+ ਅਤੇ ਸੀਰੀਆ ਨੂੰ ਕੀਰ ਤੋਂ ਨਹੀਂ ਲਿਆਇਆ ਸੀ?’+
8 ‘ਦੇਖੋ! ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀਆਂ ਨਜ਼ਰਾਂ ਇਸ ਪਾਪੀ ਰਾਜ ʼਤੇ ਹਨ,
ਉਹ ਧਰਤੀ ਤੋਂ ਇਸ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।+
ਪਰ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ,’+ ਯਹੋਵਾਹ ਕਹਿੰਦਾ ਹੈ।
9 ‘ਦੇਖੋ! ਮੈਂ ਹੁਕਮ ਦੇ ਰਿਹਾ ਹਾਂ,
ਮੈਂ ਸਾਰੀਆਂ ਕੌਮਾਂ ਵਿਚ ਇਜ਼ਰਾਈਲ ਦੇ ਘਰਾਣੇ ਨੂੰ ਹਿਲਾਵਾਂਗਾ,+
ਜਿਵੇਂ ਕੋਈ ਛਾਣਨਾ ਹਿਲਾਉਂਦਾ ਹੈ
ਅਤੇ ਇਕ ਵੀ ਰੋੜਾ ਜ਼ਮੀਨ ʼਤੇ ਨਹੀਂ ਡਿਗਦਾ।
10 ਮੇਰੇ ਲੋਕਾਂ ਵਿਚ ਜਿੰਨੇ ਵੀ ਪਾਪੀ ਹਨ, ਸਾਰੇ ਤਲਵਾਰ ਨਾਲ ਮਾਰੇ ਜਾਣਗੇ,
ਹਾਂ, ਉਹ ਸਾਰੇ ਜਿਹੜੇ ਕਹਿੰਦੇ ਹਨ, “ਸਾਡੇ ʼਤੇ ਆਫ਼ਤ ਨਹੀਂ ਆਵੇਗੀ, ਇੱਥੋਂ ਤਕ ਕਿ ਸਾਡੇ ਨੇੜੇ ਵੀ ਨਹੀਂ ਲੱਗੇਗੀ।”’
11 ‘ਉਸ ਦਿਨ ਮੈਂ ਦਾਊਦ ਦੇ ਡਿਗੇ ਹੋਏ ਘਰ* ਨੂੰ ਮੁੜ ਬਣਾਵਾਂਗਾ,+
ਮੈਂ ਇਸ* ਦੀਆਂ ਦਰਾੜਾਂ ਭਰਾਂਗਾ
ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ;
ਮੈਂ ਇਸ ਨੂੰ ਦੁਬਾਰਾ ਉਸ ਤਰ੍ਹਾਂ ਦਾ ਬਣਾਵਾਂਗਾ ਜਿਵੇਂ ਇਹ ਬਹੁਤ ਸਮਾਂ ਪਹਿਲਾਂ ਹੁੰਦਾ ਸੀ+
12 ਤਾਂਕਿ ਅਦੋਮ ਦਾ ਜੋ ਕੁਝ ਵੀ ਬਚਿਆ ਹੈ, ਉਹ ਉਸ ʼਤੇ ਕਬਜ਼ਾ ਕਰਨ,+
ਨਾਲੇ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ʼਤੇ ਵੀ,’ ਯਹੋਵਾਹ ਕਹਿੰਦਾ ਹੈ ਜੋ ਇਹ ਸਭ ਕੁਝ ਕਰ ਰਿਹਾ ਹੈ।
13 ‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ,
ਜਦੋਂ ਹਲ਼ ਵਾਹੁਣ ਵਾਲਾ ਵਾਢੀ ਕਰਨ ਵਾਲੇ ਤੋਂ
ਅਤੇ ਬੀ ਬੀਜਣ ਵਾਲਾ ਅੰਗੂਰਾਂ ਨੂੰ ਮਿੱਧਣ ਵਾਲੇ ਤੋਂ ਅੱਗੇ ਨਿਕਲ ਜਾਵੇਗਾ;+
ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ+
14 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲੈ ਆਵਾਂਗਾ,+
ਉਹ ਬਰਬਾਦ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ;+
ਉਹ ਅੰਗੂਰਾਂ ਦੇ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਦਾਖਰਸ ਪੀਣਗੇ,+
ਉਹ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।’+
15 ‘ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਲਾਵਾਂਗਾ
ਅਤੇ ਉਹ ਆਪਣੇ ਦੇਸ਼ ਵਿੱਚੋਂ ਫਿਰ ਕਦੇ ਜੜ੍ਹੋਂ ਨਹੀਂ ਪੁੱਟੇ ਜਾਣਗੇ
ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ,’+ ਤੁਹਾਡਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।”