ਪਹਿਲਾ ਰਾਜਿਆਂ
13 ਜਦੋਂ ਯਾਰਾਬੁਆਮ ਵੇਦੀ ਦੇ ਕੋਲ ਬਲ਼ੀ ਚੜ੍ਹਾਉਣ ਲਈ ਖੜ੍ਹਾ ਸੀ ਤਾਂਕਿ ਉਸ ਦਾ ਧੂੰਆਂ ਉੱਠੇ,+ ਉਸ ਵੇਲੇ ਯਹੋਵਾਹ ਦੇ ਬਚਨ ਅਨੁਸਾਰ ਯਹੂਦਾਹ ਤੋਂ ਪਰਮੇਸ਼ੁਰ ਦਾ ਇਕ ਬੰਦਾ+ ਬੈਤੇਲ ਆਇਆ। 2 ਫਿਰ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਵੇਦੀ ਦੇ ਖ਼ਿਲਾਫ਼ ਉੱਚੀ ਆਵਾਜ਼ ਵਿਚ ਕਿਹਾ: “ਹੇ ਵੇਦੀ, ਹੇ ਵੇਦੀ! ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਦਾਊਦ ਦੇ ਘਰਾਣੇ ਵਿਚ ਯੋਸੀਯਾਹ+ ਨਾਂ ਦਾ ਇਕ ਪੁੱਤਰ ਪੈਦਾ ਹੋਵੇਗਾ! ਉਹ ਤੇਰੇ ʼਤੇ ਉੱਚੀਆਂ ਥਾਵਾਂ ਦੇ ਪੁਜਾਰੀਆਂ ਦੀ ਬਲ਼ੀ ਚੜ੍ਹਾਵੇਗਾ, ਹਾਂ, ਉਨ੍ਹਾਂ ਪੁਜਾਰੀਆਂ ਦੀ ਜੋ ਤੇਰੇ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। ਉਹ ਤੇਰੇ ਉੱਤੇ ਇਨਸਾਨਾਂ ਦੀਆਂ ਹੱਡੀਆਂ ਸਾੜੇਗਾ।’”+ 3 ਉਸ ਦਿਨ ਉਸ ਨੇ ਇਹ ਕਹਿ ਕੇ ਇਕ ਨਿਸ਼ਾਨੀ ਦਿੱਤੀ: “ਇਹ ਉਹ ਨਿਸ਼ਾਨੀ ਹੈ ਜੋ ਯਹੋਵਾਹ ਨੇ ਦੱਸੀ ਹੈ: ਦੇਖ! ਵੇਦੀ ਪਾਟ ਜਾਵੇਗੀ ਅਤੇ ਉਸ ʼਤੇ ਪਈ ਸੁਆਹ* ਖਿੱਲਰ ਜਾਵੇਗੀ।”
4 ਜਿਉਂ ਹੀ ਰਾਜਾ ਯਾਰਾਬੁਆਮ ਨੇ ਬੈਤੇਲ ਵਿਚ ਵੇਦੀ ਦੇ ਖ਼ਿਲਾਫ਼ ਸੱਚੇ ਪਰਮੇਸ਼ੁਰ ਦੇ ਬੰਦੇ ਦਾ ਬਚਨ ਸੁਣਿਆ, ਤਾਂ ਉਸ ਨੇ ਵੇਦੀ ਤੋਂ ਆਪਣਾ ਹੱਥ ਹਟਾ ਕੇ ਉਸ ਬੰਦੇ ਵੱਲ ਵਧਾਇਆ ਤੇ ਕਿਹਾ: “ਫੜ ਲਓ ਇਹਨੂੰ!”+ ਉਸ ਵੱਲ ਵਧਾਇਆ ਉਸ ਦਾ ਹੱਥ ਉਸੇ ਵੇਲੇ ਸੁੱਕ ਗਿਆ* ਅਤੇ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ।+ 5 ਫਿਰ ਵੇਦੀ ਪਾਟ ਗਈ ਅਤੇ ਵੇਦੀ ਦੀ ਸੁਆਹ ਖਿੱਲਰ ਗਈ। ਇਹ ਉਸ ਨਿਸ਼ਾਨੀ ਅਨੁਸਾਰ ਹੋਇਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਦੇ ਬਚਨ ਅਨੁਸਾਰ ਦੱਸੀ ਸੀ।
6 ਫਿਰ ਰਾਜੇ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।”+ ਇਸ ਲਈ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਰਾਜੇ ਦਾ ਹੱਥ ਪਹਿਲਾਂ ਵਾਂਗ ਠੀਕ ਹੋ ਗਿਆ। 7 ਫਿਰ ਰਾਜੇ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: ਮੇਰੇ ਨਾਲ ਘਰ ਆ ਕੇ ਕੁਝ ਖਾ-ਪੀ ਅਤੇ ਮੈਂ ਤੈਨੂੰ ਤੋਹਫ਼ਾ ਵੀ ਦੇਣਾ ਚਾਹੁੰਦਾਂ।” 8 ਪਰ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਰਾਜੇ ਨੂੰ ਕਿਹਾ: “ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ, ਤਾਂ ਵੀ ਮੈਂ ਤੇਰੇ ਨਾਲ ਨਹੀਂ ਆਉਣਾ ਤੇ ਇਸ ਜਗ੍ਹਾ ਨਾ ਰੋਟੀ ਖਾਣੀ ਤੇ ਨਾ ਹੀ ਪਾਣੀ ਪੀਣਾ। 9 ਕਿਉਂਕਿ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਇਹ ਹੁਕਮ ਮਿਲਿਆ ਸੀ: ‘ਤੂੰ ਨਾ ਰੋਟੀ ਖਾਈਂ, ਨਾ ਪਾਣੀ ਪੀਵੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਜਾਈਂ ਜਿਸ ਰਾਹ ਥਾਣੀਂ ਤੂੰ ਆਇਆਂ।’” 10 ਇਸ ਲਈ ਉਹ ਕਿਸੇ ਹੋਰ ਰਾਹ ਥਾਣੀਂ ਚਲਾ ਗਿਆ ਅਤੇ ਉਸ ਰਸਤਿਓਂ ਵਾਪਸ ਨਹੀਂ ਗਿਆ ਜਿੱਧਰੋਂ ਦੀ ਉਹ ਬੈਤੇਲ ਆਇਆ ਸੀ।
11 ਬੈਤੇਲ ਵਿਚ ਇਕ ਬੁੱਢਾ ਨਬੀ ਰਹਿੰਦਾ ਸੀ ਅਤੇ ਉਸ ਦੇ ਪੁੱਤਰਾਂ ਨੇ ਘਰ ਆ ਕੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤੇਲ ਵਿਚ ਕੀਤਾ ਸੀ ਅਤੇ ਉਹ ਗੱਲਾਂ ਵੀ ਦੱਸੀਆਂ ਜੋ ਉਸ ਨੇ ਰਾਜੇ ਨਾਲ ਕੀਤੀਆਂ ਸਨ। ਜਦੋਂ ਉਹ ਆਪਣੇ ਪਿਤਾ ਨੂੰ ਇਹ ਦੱਸ ਹਟੇ, 12 ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਤੋਂ ਪੁੱਛਿਆ: “ਉਹ ਕਿਸ ਰਾਹ ਗਿਆ ਹੈ?” ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਜਿੱਧਰ ਨੂੰ ਯਹੂਦਾਹ ਤੋਂ ਆਇਆ ਸੱਚੇ ਪਰਮੇਸ਼ੁਰ ਦਾ ਬੰਦਾ ਗਿਆ ਸੀ। 13 ਫਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਲਈ ਗਧੇ ʼਤੇ ਕਾਠੀ ਪਾਓ।” ਉਨ੍ਹਾਂ ਨੇ ਉਸ ਲਈ ਗਧੇ ʼਤੇ ਕਾਠੀ ਪਾਈ ਅਤੇ ਉਹ ਉਸ ਉੱਤੇ ਚੜ੍ਹ ਗਿਆ।
14 ਉਹ ਸੱਚੇ ਪਰਮੇਸ਼ੁਰ ਦੇ ਬੰਦੇ ਦੇ ਮਗਰ-ਮਗਰ ਗਿਆ ਅਤੇ ਉਹ ਉਸ ਨੂੰ ਇਕ ਵੱਡੇ ਦਰਖ਼ਤ ਦੇ ਥੱਲੇ ਬੈਠਾ ਮਿਲਿਆ। ਫਿਰ ਉਸ ਨੇ ਉਸ ਨੂੰ ਕਿਹਾ: “ਕੀ ਤੂੰ ਹੀ ਯਹੂਦਾਹ ਤੋਂ ਆਇਆ ਸੱਚੇ ਪਰਮੇਸ਼ੁਰ ਦਾ ਬੰਦਾ ਹੈਂ?”+ ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਹੀ ਹਾਂ।” 15 ਉਸ ਨੇ ਉਸ ਨੂੰ ਕਿਹਾ: “ਮੇਰੇ ਨਾਲ ਘਰ ਚੱਲ ਕੇ ਰੋਟੀ ਖਾਹ।” 16 ਪਰ ਉਸ ਨੇ ਕਿਹਾ: “ਮੈਂ ਤੇਰੇ ਨਾਲ ਵਾਪਸ ਨਹੀਂ ਜਾ ਸਕਦਾ ਤੇ ਨਾ ਹੀ ਮੈਂ ਤੇਰਾ ਸੱਦਾ ਕਬੂਲ ਕਰ ਸਕਦਾਂ। ਮੈਂ ਇਸ ਜਗ੍ਹਾ ਨਾ ਰੋਟੀ ਖਾ ਸਕਦਾਂ ਤੇ ਨਾ ਹੀ ਪਾਣੀ ਪੀ ਸਕਦਾਂ। 17 ਕਿਉਂਕਿ ਮੈਨੂੰ ਯਹੋਵਾਹ ਦੇ ਬਚਨ ਅਨੁਸਾਰ ਇਹ ਕਿਹਾ ਗਿਆ ਸੀ, ‘ਤੂੰ ਉੱਥੇ ਨਾ ਰੋਟੀ ਖਾਈਂ, ਨਾ ਪਾਣੀ ਪੀਵੀਂ। ਤੂੰ ਉਸ ਰਾਹ ਤੋਂ ਵਾਪਸ ਨਾ ਜਾਈਂ ਜਿਸ ਰਾਹ ਥਾਣੀਂ ਤੂੰ ਆਇਆਂ।’” 18 ਇਹ ਸੁਣ ਕੇ ਉਸ ਨੇ ਉਸ ਨੂੰ ਕਿਹਾ: “ਮੈਂ ਵੀ ਤੇਰੇ ਵਾਂਗ ਇਕ ਨਬੀ ਹਾਂ ਅਤੇ ਇਕ ਦੂਤ ਨੇ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਕਿਹਾ ਹੈ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਮੋੜ ਲਿਆ ਤਾਂਕਿ ਉਹ ਰੋਟੀ ਖਾਵੇ ਤੇ ਪਾਣੀ ਪੀਵੇ।’” (ਉਸ ਨੇ ਉਸ ਨੂੰ ਧੋਖਾ ਦਿੱਤਾ।) 19 ਇਸ ਲਈ ਉਹ ਉਸ ਦੇ ਘਰ ਰੋਟੀ ਖਾਣ ਤੇ ਪਾਣੀ ਪੀਣ ਲਈ ਉਸ ਦੇ ਨਾਲ ਮੁੜ ਗਿਆ।
20 ਜਦੋਂ ਉਹ ਮੇਜ਼ ʼਤੇ ਬੈਠੇ ਸਨ, ਤਾਂ ਯਹੋਵਾਹ ਦਾ ਬਚਨ ਉਸ ਨਬੀ ਨੂੰ ਆਇਆ ਜੋ ਉਸ ਬੰਦੇ ਨੂੰ ਮੋੜ ਲਿਆਇਆ ਸੀ 21 ਅਤੇ ਉਸ ਨੇ ਯਹੂਦਾਹ ਤੋਂ ਆਏ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ, “ਯਹੋਵਾਹ ਇਹ ਕਹਿੰਦਾ ਹੈ: ‘ਕਿਉਂਕਿ ਤੂੰ ਯਹੋਵਾਹ ਦੇ ਆਦੇਸ਼ ਦੇ ਖ਼ਿਲਾਫ਼ ਗਿਆ ਅਤੇ ਉਸ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਦਿੱਤਾ ਸੀ, 22 ਸਗੋਂ ਤੂੰ ਰੋਟੀ ਖਾਣ ਤੇ ਪਾਣੀ ਪੀਣ ਲਈ ਉਸ ਜਗ੍ਹਾ ਵਾਪਸ ਗਿਆ ਜਿਸ ਜਗ੍ਹਾ ਬਾਰੇ ਤੈਨੂੰ ਕਿਹਾ ਗਿਆ ਸੀ ਕਿ ਉੱਥੇ “ਤੂੰ ਨਾ ਰੋਟੀ ਖਾਈਂ ਤੇ ਨਾ ਪਾਣੀ ਪੀਵੀਂ,” ਇਸ ਲਈ ਤੇਰੀ ਲਾਸ਼ ਤੇਰੇ ਪਿਉ-ਦਾਦਿਆਂ ਦੀ ਕਬਰ ਵਿਚ ਨਹੀਂ ਦਫ਼ਨਾਈ ਜਾਵੇਗੀ।’”+
23 ਜਦੋਂ ਸੱਚੇ ਪਰਮੇਸ਼ੁਰ ਦਾ ਬੰਦਾ ਖਾ-ਪੀ ਹਟਿਆ, ਤਾਂ ਬੁੱਢੇ ਨਬੀ ਨੇ ਉਸ ਨਬੀ ਲਈ ਜਿਸ ਨੂੰ ਉਹ ਮੋੜ ਲਿਆਇਆ ਸੀ, ਗਧੇ ʼਤੇ ਕਾਠੀ ਪਾਈ। 24 ਫਿਰ ਉਹ ਆਪਣੇ ਰਾਹ ਪੈ ਗਿਆ, ਪਰ ਰਸਤੇ ਵਿਚ ਸ਼ੇਰ ਆ ਗਿਆ ਤੇ ਉਸ ਨੂੰ ਮਾਰ ਦਿੱਤਾ।+ ਉਸ ਦੀ ਲਾਸ਼ ਰਾਹ ਵਿਚ ਪਈ ਹੋਈ ਸੀ ਅਤੇ ਗਧਾ ਉਸ ਦੇ ਕੋਲ ਖੜ੍ਹਾ ਸੀ; ਸ਼ੇਰ ਵੀ ਲਾਸ਼ ਦੇ ਕੋਲ ਖੜ੍ਹਾ ਸੀ। 25 ਉੱਥੋਂ ਲੰਘਣ ਵਾਲੇ ਆਦਮੀਆਂ ਨੇ ਦੇਖਿਆ ਕਿ ਰਾਹ ਵਿਚ ਲਾਸ਼ ਪਈ ਸੀ ਤੇ ਲਾਸ਼ ਦੇ ਕੋਲ ਸ਼ੇਰ ਖੜ੍ਹਾ ਸੀ। ਉਨ੍ਹਾਂ ਨੇ ਇਸ ਬਾਰੇ ਉਸ ਸ਼ਹਿਰ ਵਿਚ ਆ ਕੇ ਦੱਸਿਆ ਜਿੱਥੇ ਬੁੱਢਾ ਨਬੀ ਰਹਿੰਦਾ ਸੀ।
26 ਉਸ ਬੰਦੇ ਨੂੰ ਰਾਹ ਵਿੱਚੋਂ ਮੋੜ ਲਿਆਉਣ ਵਾਲੇ ਨਬੀ ਨੇ ਜਦੋਂ ਇਸ ਬਾਰੇ ਸੁਣਿਆ, ਤਾਂ ਉਸ ਨੇ ਤੁਰੰਤ ਕਿਹਾ: “ਇਹ ਸੱਚੇ ਪਰਮੇਸ਼ੁਰ ਦਾ ਉਹੀ ਬੰਦਾ ਹੈ ਜੋ ਯਹੋਵਾਹ ਦੇ ਆਦੇਸ਼ ਦੇ ਖ਼ਿਲਾਫ਼ ਗਿਆ ਸੀ;+ ਇਸੇ ਲਈ ਯਹੋਵਾਹ ਨੇ ਉਸ ਨੂੰ ਸ਼ੇਰ ਦੇ ਹਵਾਲੇ ਕਰ ਦਿੱਤਾ ਕਿ ਉਹ ਉਸ ਨੂੰ ਪਾੜ ਕੇ ਮਾਰ ਸੁੱਟੇ। ਇਹ ਯਹੋਵਾਹ ਦੇ ਬਚਨ ਅਨੁਸਾਰ ਹੋਇਆ ਜੋ ਉਸ ਨੇ ਉਸ ਨੂੰ ਦੱਸਿਆ ਸੀ।”+ 27 ਫਿਰ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਲਈ ਗਧੇ ʼਤੇ ਕਾਠੀ ਪਾਓ।” ਇਸ ਲਈ ਉਨ੍ਹਾਂ ਨੇ ਗਧੇ ʼਤੇ ਕਾਠੀ ਪਾਈ। 28 ਫਿਰ ਉਹ ਆਪਣੇ ਰਾਹ ਪੈ ਗਿਆ ਤੇ ਉਸ ਨੇ ਰਾਹ ਵਿਚ ਪਈ ਹੋਈ ਲਾਸ਼ ਦੇਖੀ ਜਿਸ ਦੇ ਕੋਲ ਗਧਾ ਤੇ ਸ਼ੇਰ ਖੜ੍ਹੇ ਸਨ। ਸ਼ੇਰ ਨੇ ਲਾਸ਼ ਨੂੰ ਖਾਧਾ ਨਹੀਂ ਸੀ ਤੇ ਨਾ ਹੀ ਗਧੇ ਨੂੰ ਪਾੜਿਆ ਸੀ। 29 ਨਬੀ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਦੀ ਲਾਸ਼ ਨੂੰ ਚੁੱਕ ਕੇ ਗਧੇ ʼਤੇ ਰੱਖਿਆ ਅਤੇ ਉਸ ਨੂੰ ਵਾਪਸ ਆਪਣੇ ਸ਼ਹਿਰ ਲੈ ਆਇਆ ਤਾਂਕਿ ਉਸ ਦਾ ਸੋਗ ਮਨਾਇਆ ਜਾਵੇ ਤੇ ਉਸ ਨੂੰ ਦਫ਼ਨਾਇਆ ਜਾਵੇ। 30 ਫਿਰ ਉਸ ਨੇ ਲਾਸ਼ ਨੂੰ ਆਪਣੀ ਕਬਰ ਵਿਚ ਦਫ਼ਨਾ ਦਿੱਤਾ ਤੇ ਉਹ ਉਸ ਲਈ ਵੈਣ ਪਾਉਂਦੇ ਰਹੇ: “ਹਾਇ ਓਏ ਮੇਰਿਆ ਭਰਾਵਾ! ਕਿੰਨਾ ਬੁਰਾ ਹੋਇਆ!” 31 ਉਸ ਨੂੰ ਦਫ਼ਨਾਉਣ ਤੋਂ ਬਾਅਦ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਮੇਰੇ ਮਰਨ ਤੇ ਤੁਸੀਂ ਮੈਨੂੰ ਉਸੇ ਜਗ੍ਹਾ ਦਫ਼ਨਾਇਓ ਜਿੱਥੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ ਹੀ ਰੱਖਿਓ।+ 32 ਉਸ ਨੇ ਜੋ ਕੁਝ ਯਹੋਵਾਹ ਦੇ ਬਚਨ ਅਨੁਸਾਰ ਬੈਤੇਲ ਦੀ ਵੇਦੀ ਖ਼ਿਲਾਫ਼ ਅਤੇ ਸਾਮਰਿਯਾ ਦੇ ਸ਼ਹਿਰਾਂ ਦੀਆਂ ਉੱਚੀਆਂ ਥਾਵਾਂ ʼਤੇ ਬਣੇ ਸਾਰੇ ਪੂਜਾ-ਘਰਾਂ+ ਖ਼ਿਲਾਫ਼ ਕਿਹਾ ਹੈ, ਉਹ ਜ਼ਰੂਰ ਪੂਰਾ ਹੋਵੇਗਾ।”+
33 ਇਹ ਸਭ ਕੁਝ ਹੋਣ ਤੋਂ ਬਾਅਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਿਆ, ਸਗੋਂ ਉਹ ਆਮ ਲੋਕਾਂ ਵਿੱਚੋਂ ਉੱਚੀਆਂ ਥਾਵਾਂ ਲਈ ਪੁਜਾਰੀ ਨਿਯੁਕਤ ਕਰਦਾ ਰਿਹਾ।+ ਜਿਹੜਾ ਵੀ ਪੁਜਾਰੀ ਬਣਨਾ ਚਾਹੁੰਦਾ ਸੀ, ਉਹ ਉਸ ਨੂੰ ਇਹ ਕਹਿ ਕੇ ਪੁਜਾਰੀ ਬਣਾ ਦਿੰਦਾ ਸੀ:* “ਇਹਨੂੰ ਵੀ ਉੱਚੀਆਂ ਥਾਵਾਂ ਦਾ ਪੁਜਾਰੀ ਬਣਾ ਦਿਓ।”+ 34 ਯਾਰਾਬੁਆਮ ਦੇ ਘਰਾਣੇ ਦੇ ਇਸ ਪਾਪ+ ਕਰਕੇ ਉਨ੍ਹਾਂ ਦਾ ਨਾਸ਼ ਹੋ ਗਿਆ ਅਤੇ ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ।+