ਪਹਿਲਾ ਇਤਿਹਾਸ
19 ਬਾਅਦ ਵਿਚ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਦਾ ਪੁੱਤਰ ਉਸ ਦੀ ਥਾਂ ਰਾਜ ਕਰਨ ਲੱਗਾ।+ 2 ਇਸ ਕਰਕੇ ਦਾਊਦ ਨੇ ਕਿਹਾ: “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਅਟੱਲ ਪਿਆਰ ਕਰਾਂਗਾ+ ਕਿਉਂਕਿ ਉਸ ਦੇ ਪਿਤਾ ਨੇ ਮੇਰੇ ਨਾਲ ਅਟੱਲ ਪਿਆਰ ਕੀਤਾ ਸੀ।” ਇਸ ਲਈ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਕਿ ਉਹ ਉਸ ਨੂੰ ਦਿਲਾਸਾ ਦੇਣ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪਰ ਜਦੋਂ ਦਾਊਦ ਦੇ ਸੇਵਕ ਹਾਨੂਨ ਨੂੰ ਦਿਲਾਸਾ ਦੇਣ ਅੰਮੋਨੀਆਂ ਦੇ ਦੇਸ਼ ਵਿਚ ਆਏ,+ 3 ਤਾਂ ਅੰਮੋਨੀਆਂ ਦੇ ਹਾਕਮਾਂ ਨੇ ਹਾਨੂਨ ਨੂੰ ਕਿਹਾ: “ਤੇਰੇ ਖ਼ਿਆਲ ਵਿਚ ਕੀ ਦਾਊਦ ਨੇ ਤੇਰੇ ਪਿਤਾ ਦਾ ਸਨਮਾਨ ਕਰਨ ਲਈ ਦਿਲਾਸਾ ਦੇਣ ਵਾਲੇ ਬੰਦੇ ਤੇਰੇ ਕੋਲ ਭੇਜੇ ਹਨ? ਕੀ ਉਸ ਦੇ ਸੇਵਕ ਤੇਰੇ ਕੋਲ ਇਸ ਕਰਕੇ ਨਹੀਂ ਆਏ ਕਿ ਉਹ ਦੇਸ਼ ਨੂੰ ਚੰਗੀ ਤਰ੍ਹਾਂ ਦੇਖਣ ਅਤੇ ਤੈਨੂੰ ਤਬਾਹ ਕਰਨ ਤੇ ਦੇਸ਼ ਦੀ ਜਾਸੂਸੀ ਕਰਨ?” 4 ਇਸ ਲਈ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ ਕੇ ਉਨ੍ਹਾਂ ਦੀ ਦਾੜ੍ਹੀ ਮੁੰਨ ਦਿੱਤੀ+ ਅਤੇ ਉਨ੍ਹਾਂ ਦੇ ਕੱਪੜੇ ਲੱਕ ਤੋਂ ਥੱਲੇ ਕੱਟ ਕੇ ਉਨ੍ਹਾਂ ਨੂੰ ਭੇਜ ਦਿੱਤਾ। 5 ਜਦੋਂ ਦਾਊਦ ਨੂੰ ਇਨ੍ਹਾਂ ਆਦਮੀਆਂ ਬਾਰੇ ਦੱਸਿਆ ਗਿਆ, ਤਾਂ ਉਸ ਨੇ ਤੁਰੰਤ ਉਨ੍ਹਾਂ ਕੋਲ ਦੂਜੇ ਆਦਮੀ ਭੇਜੇ ਕਿਉਂਕਿ ਉਨ੍ਹਾਂ ਦਾ ਘੋਰ ਨਿਰਾਦਰ ਕੀਤਾ ਗਿਆ ਸੀ; ਅਤੇ ਰਾਜੇ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਤੁਹਾਡੀ ਦਾੜ੍ਹੀ ਦੁਬਾਰਾ ਨਹੀਂ ਵਧ ਜਾਂਦੀ, ਉਦੋਂ ਤਕ ਤੁਸੀਂ ਯਰੀਹੋ+ ਵਿਚ ਹੀ ਰਹਿਓ ਅਤੇ ਫਿਰ ਮੁੜ ਆਇਓ।”
6 ਕੁਝ ਸਮੇਂ ਬਾਅਦ ਅੰਮੋਨੀਆਂ ਨੇ ਦੇਖਿਆ ਕਿ ਉਹ ਦਾਊਦ ਦੀਆਂ ਨਜ਼ਰਾਂ ਵਿਚ ਘਿਣਾਉਣੇ ਬਣ ਗਏ ਸਨ, ਇਸ ਲਈ ਹਾਨੂਨ ਅਤੇ ਅੰਮੋਨੀਆਂ ਨੇ ਮੈਸੋਪੋਟਾਮੀਆ,* ਅਰਾਮ-ਮਾਕਾਹ ਅਤੇ ਸੋਬਾਹ ਤੋਂ ਰਥ ਅਤੇ ਘੋੜਸਵਾਰ ਕਿਰਾਏ ʼਤੇ ਲੈਣ ਲਈ 1,000 ਕਿੱਕਾਰ* ਚਾਂਦੀ ਭੇਜੀ।+ 7 ਇਸ ਤਰ੍ਹਾਂ ਉਨ੍ਹਾਂ ਨੇ ਮਾਕਾਹ ਦੇ ਰਾਜੇ ਅਤੇ ਉਸ ਦੇ ਲੋਕਾਂ ਸਮੇਤ 32,000 ਰਥ ਕਿਰਾਏ ʼਤੇ ਲੈ ਲਏ। ਫਿਰ ਉਨ੍ਹਾਂ ਨੇ ਆ ਕੇ ਮੇਦਬਾ+ ਅੱਗੇ ਡੇਰਾ ਲਾਇਆ। ਅੰਮੋਨੀ ਆਪੋ-ਆਪਣੇ ਸ਼ਹਿਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਲਈ ਆਏ।
8 ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਯੋਆਬ+ ਅਤੇ ਆਪਣੇ ਸਭ ਤੋਂ ਤਾਕਤਵਰ ਯੋਧਿਆਂ ਸਣੇ ਸਾਰੀ ਫ਼ੌਜ ਨੂੰ ਭੇਜਿਆ।+ 9 ਫਿਰ ਅੰਮੋਨੀ ਨਿਕਲੇ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਮੋਰਚਾ ਬੰਨ੍ਹ ਕੇ ਖੜ੍ਹ ਗਏ ਅਤੇ ਜਿਹੜੇ ਰਾਜੇ ਆਏ ਹੋਏ ਸਨ, ਉਹ ਖੁੱਲ੍ਹੇ ਮੈਦਾਨ ਵਿਚ ਅਲੱਗ ਖੜ੍ਹੇ ਸਨ।
10 ਜਦੋਂ ਯੋਆਬ ਨੇ ਦੇਖਿਆ ਕਿ ਅੱਗਿਓਂ ਅਤੇ ਪਿੱਛਿਓਂ ਫ਼ੌਜਾਂ ਉਸ ਉੱਤੇ ਹਮਲਾ ਕਰਨ ਵਾਲੀਆਂ ਸਨ, ਤਾਂ ਉਸ ਨੇ ਇਜ਼ਰਾਈਲ ਦੇ ਸਭ ਤੋਂ ਵਧੀਆ ਫ਼ੌਜੀਆਂ ਵਿੱਚੋਂ ਕੁਝ ਜਣੇ ਚੁਣੇ ਅਤੇ ਉਨ੍ਹਾਂ ਨੂੰ ਸੀਰੀਆਈ ਫ਼ੌਜੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਣ ਲਈ ਕਿਹਾ।+ 11 ਉਸ ਨੇ ਬਾਕੀ ਆਦਮੀਆਂ ਨੂੰ ਆਪਣੇ ਭਰਾ ਅਬੀਸ਼ਈ ਦੇ ਅਧੀਨ* ਰੱਖਿਆ+ ਤਾਂਕਿ ਉਹ ਅੰਮੋਨੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਣ। 12 ਫਿਰ ਉਸ ਨੇ ਕਿਹਾ: “ਜੇ ਸੀਰੀਆਈ ਫ਼ੌਜੀ+ ਮੇਰੇ ʼਤੇ ਭਾਰੀ ਪੈ ਗਏ, ਤਾਂ ਤੂੰ ਮੈਨੂੰ ਬਚਾਉਣ ਆਈਂ; ਪਰ ਜੇ ਅੰਮੋਨੀ ਤੇਰੇ ʼਤੇ ਭਾਰੀ ਪੈ ਗਏ, ਤਾਂ ਮੈਂ ਤੈਨੂੰ ਬਚਾਵਾਂਗਾ। 13 ਸਾਨੂੰ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਖ਼ਾਤਰ ਤਕੜੇ ਹੋਣ ਅਤੇ ਦਲੇਰ ਬਣਨ ਦੀ ਲੋੜ ਹੈ+ ਅਤੇ ਯਹੋਵਾਹ ਉਹੀ ਕਰੇਗਾ ਜੋ ਉਸ ਦੀਆਂ ਨਜ਼ਰਾਂ ਵਿਚ ਚੰਗਾ ਹੈ।”
14 ਫਿਰ ਯੋਆਬ ਅਤੇ ਉਸ ਦੇ ਆਦਮੀ ਯੁੱਧ ਵਿਚ ਸੀਰੀਆਈ ਫ਼ੌਜੀਆਂ ਨਾਲ ਮੁਕਾਬਲਾ ਕਰਨ ਲਈ ਅੱਗੇ ਵਧੇ ਅਤੇ ਉਹ ਉਸ ਅੱਗੋਂ ਭੱਜ ਗਏ।+ 15 ਜਦੋਂ ਅੰਮੋਨੀਆਂ ਨੇ ਦੇਖਿਆ ਕਿ ਸੀਰੀਆਈ ਫ਼ੌਜੀ ਭੱਜ ਗਏ ਸਨ, ਤਾਂ ਉਹ ਵੀ ਉਸ ਦੇ ਭਰਾ ਅਬੀਸ਼ਈ ਦੇ ਅੱਗੋਂ ਭੱਜ ਗਏ ਅਤੇ ਸ਼ਹਿਰ ਅੰਦਰ ਚਲੇ ਗਏ। ਉਸ ਤੋਂ ਬਾਅਦ ਯੋਆਬ ਯਰੂਸ਼ਲਮ ਆ ਗਿਆ।
16 ਜਦੋਂ ਸੀਰੀਆਈ ਫ਼ੌਜੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਹੱਥੋਂ ਹਾਰ ਗਏ ਸਨ, ਤਾਂ ਉਨ੍ਹਾਂ ਨੇ ਦਰਿਆ*+ ਦੇ ਇਲਾਕੇ ਤੋਂ ਸੀਰੀਆਈ ਫ਼ੌਜੀਆਂ ਨੂੰ ਬੁਲਾਉਣ ਲਈ ਆਦਮੀਆਂ ਹੱਥੀਂ ਸੰਦੇਸ਼ ਭੇਜਿਆ ਕਿ ਉਹ ਹਦਦਅਜ਼ਰ ਦੀ ਫ਼ੌਜ ਦੇ ਮੁਖੀ ਸ਼ੋਫਕ ਦੀ ਅਗਵਾਈ ਵਿਚ ਆਉਣ।+
17 ਜਦੋਂ ਦਾਊਦ ਨੂੰ ਇਹ ਖ਼ਬਰ ਮਿਲੀ, ਤਾਂ ਉਸ ਨੇ ਤੁਰੰਤ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਪਾਰ ਕਰ ਕੇ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ਖ਼ਿਲਾਫ਼ ਮੋਰਚਾ ਬੰਨ੍ਹਿਆ। ਜਦੋਂ ਦਾਊਦ ਨੇ ਸੀਰੀਆਈ ਫ਼ੌਜੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹ ਲਿਆ, ਤਾਂ ਉਨ੍ਹਾਂ ਨੇ ਉਸ ਨਾਲ ਯੁੱਧ ਕੀਤਾ।+ 18 ਪਰ ਸੀਰੀਆਈ ਫ਼ੌਜੀ ਇਜ਼ਰਾਈਲ ਅੱਗੋਂ ਭੱਜ ਗਏ; ਦਾਊਦ ਨੇ ਸੀਰੀਆਈ ਫ਼ੌਜ ਦੇ 7,000 ਰਥਵਾਨਾਂ ਅਤੇ 40,000 ਪੈਦਲ ਚੱਲਣ ਵਾਲੇ ਫ਼ੌਜੀਆਂ ਨੂੰ ਮਾਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਫ਼ੌਜ ਦੇ ਮੁਖੀ ਸ਼ੋਫਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 19 ਜਦੋਂ ਹਦਦਅਜ਼ਰ ਦੇ ਸੇਵਕਾਂ ਨੇ ਦੇਖਿਆ ਕਿ ਇਜ਼ਰਾਈਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ,+ ਤਾਂ ਉਨ੍ਹਾਂ ਨੇ ਫ਼ੌਰਨ ਦਾਊਦ ਨਾਲ ਸ਼ਾਂਤੀ ਕਾਇਮ ਕਰ ਲਈ ਅਤੇ ਉਸ ਦੇ ਅਧੀਨ ਹੋ ਗਏ;+ ਸੀਰੀਆ ਨੇ ਫਿਰ ਕਦੇ ਅੰਮੋਨੀਆਂ ਦੀ ਮਦਦ ਕਰਨੀ ਨਾ ਚਾਹੀ।