ਦੂਜਾ ਸਮੂਏਲ
8 ਕੁਝ ਸਮੇਂ ਬਾਅਦ ਦਾਊਦ ਨੇ ਫਲਿਸਤੀਆਂ+ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ+ ਤੇ ਦਾਊਦ ਨੇ ਫਲਿਸਤੀਆਂ ਦੇ ਹੱਥੋਂ ਮੇਥੇਗ-ਅੰਮਾਹ ਨਾਂ ਦੀ ਜਗ੍ਹਾ ਨੂੰ ਖੋਹ ਲਿਆ।
2 ਉਸ ਨੇ ਮੋਆਬੀਆਂ ਨੂੰ ਹਰਾ ਦਿੱਤਾ+ ਅਤੇ ਉਨ੍ਹਾਂ ਨੂੰ ਜ਼ਮੀਨ ਉੱਤੇ ਕਤਾਰ ਬਣਾ ਕੇ ਲੰਮੇ ਪੈਣ ਲਈ ਕਿਹਾ। ਫਿਰ ਉਸ ਨੇ ਉਨ੍ਹਾਂ ਦੀ ਕਤਾਰ ਨੂੰ ਰੱਸੀ* ਨਾਲ ਮਿਣਿਆ ਅਤੇ ਦੋ-ਤਿਹਾਈ ਨੂੰ ਮਾਰ ਸੁੱਟਿਆ ਤੇ ਇਕ-ਤਿਹਾਈ ਨੂੰ ਜੀਉਂਦਾ ਰੱਖਿਆ।+ ਮੋਆਬੀ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਉਹ ਉਸ ਲਈ ਨਜ਼ਰਾਨਾ* ਲਿਆਉਣ ਲੱਗੇ।+
3 ਦਾਊਦ ਨੇ ਸੋਬਾਹ+ ਦੇ ਰਾਜੇ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਰਾ ਦਿੱਤਾ ਜਦੋਂ ਉਹ ਫ਼ਰਾਤ ਦਰਿਆ ਦੇ ਇਲਾਕੇ ਉੱਤੇ ਫਿਰ ਤੋਂ ਅਧਿਕਾਰ ਜਮਾਉਣ ਜਾ ਰਿਹਾ ਸੀ।+ 4 ਦਾਊਦ ਨੇ ਉਸ ਦੇ 1,700 ਘੋੜਸਵਾਰ ਅਤੇ 20,000 ਪੈਦਲ ਚੱਲਣ ਵਾਲੇ ਫ਼ੌਜੀ ਆਪਣੇ ਕਬਜ਼ੇ ਵਿਚ ਕਰ ਲਏ। ਫਿਰ ਦਾਊਦ ਨੇ ਰਥਾਂ ਦੇ 100 ਘੋੜਿਆਂ ਨੂੰ ਛੱਡ ਬਾਕੀ ਸਾਰੇ ਘੋੜਿਆਂ ਦੇ ਗੋਡਿਆਂ ਦੀਆਂ ਨਸਾਂ ਵੱਢ ਦਿੱਤੀਆਂ।+
5 ਜਦੋਂ ਦਮਿਸਕ ਦੇ ਰਹਿਣ ਵਾਲੇ ਸੀਰੀਆਈ ਲੋਕ+ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਮਦਦ ਕਰਨ ਆਏ, ਤਾਂ ਦਾਊਦ ਨੇ 22,000 ਸੀਰੀਆਈ ਲੋਕਾਂ ਨੂੰ ਮਾਰ ਦਿੱਤਾ।+ 6 ਫਿਰ ਦਾਊਦ ਨੇ ਸੀਰੀਆ ਦੇ ਦਮਿਸਕ ਵਿਚ ਚੌਂਕੀਆਂ ਬਣਾਈਆਂ ਅਤੇ ਸੀਰੀਆਈ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਨਜ਼ਰਾਨੇ ਲਿਆਉਣ ਲੱਗੇ। ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+ 7 ਇਸ ਤੋਂ ਇਲਾਵਾ, ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਕੋਲੋਂ ਸੋਨੇ ਦੀਆਂ ਗੋਲ ਢਾਲਾਂ ਖੋਹ ਲਈਆਂ ਤੇ ਉਨ੍ਹਾਂ ਨੂੰ ਯਰੂਸ਼ਲਮ ਲੈ ਆਇਆ।+ 8 ਰਾਜਾ ਦਾਊਦ ਨੇ ਹਦਦਅਜ਼ਰ ਦੇ ਸ਼ਹਿਰਾਂ, ਬਟਹ ਤੇ ਬੇਰੋਥਾਹੀ ਤੋਂ ਬਹੁਤ ਸਾਰਾ ਤਾਂਬਾ ਲਿਆਂਦਾ।
9 ਹਮਾਥ+ ਦੇ ਰਾਜੇ ਤੋਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਪੂਰੀ ਫ਼ੌਜ ਨੂੰ ਹਰਾ ਦਿੱਤਾ ਸੀ।+ 10 ਇਸ ਲਈ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਰਾਜਾ ਦਾਊਦ ਦਾ ਹਾਲ-ਚਾਲ ਪੁੱਛਣ ਤੇ ਉਸ ਨੂੰ ਵਧਾਈ ਦੇਣ ਲਈ ਭੇਜਿਆ ਕਿਉਂਕਿ ਉਸ ਨੇ ਹਦਦਅਜ਼ਰ ਨਾਲ ਲੜ ਕੇ ਉਸ ਨੂੰ ਹਰਾ ਦਿੱਤਾ ਸੀ (ਹਦਦਅਜ਼ਰ ਅਕਸਰ ਤੋਈ ਖ਼ਿਲਾਫ਼ ਲੜਦਾ ਰਹਿੰਦਾ ਸੀ) ਅਤੇ ਉਹ ਚਾਂਦੀ, ਸੋਨੇ ਤੇ ਤਾਂਬੇ ਦੀਆਂ ਚੀਜ਼ਾਂ ਲੈ ਕੇ ਆਇਆ। 11 ਰਾਜਾ ਦਾਊਦ ਨੇ ਇਹ ਚੀਜ਼ਾਂ ਯਹੋਵਾਹ ਲਈ ਪਵਿੱਤਰ ਕੀਤੀਆਂ ਜਿਵੇਂ ਉਸ ਨੇ ਉਹ ਸੋਨਾ-ਚਾਂਦੀ ਪਵਿੱਤਰ ਕੀਤਾ ਸੀ ਜੋ ਉਸ ਨੇ ਇਨ੍ਹਾਂ ਸਾਰੀਆਂ ਕੌਮਾਂ ਨੂੰ ਹਰਾ ਕੇ ਖੋਹਿਆ ਸੀ:+ 12 ਸੀਰੀਆ ਤੇ ਮੋਆਬ,+ ਅੰਮੋਨੀਆਂ, ਫਲਿਸਤੀਆਂ+ ਤੇ ਅਮਾਲੇਕੀਆਂ+ ਤੋਂ ਅਤੇ ਸੋਬਾਹ ਦੇ ਰਾਜੇ ਰਹੋਬ ਦੇ ਪੁੱਤਰ ਹਦਦਅਜ਼ਰ+ ਦੇ ਲੁੱਟ ਦੇ ਮਾਲ ਵਿੱਚੋਂ। 13 ਨਾਲੇ ਜਦੋਂ ਦਾਊਦ ਲੂਣ ਦੀ ਘਾਟੀ ਵਿਚ 18,000 ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਸ ਨੇ ਕਾਫ਼ੀ ਨਾਂ ਕਮਾਇਆ।+ 14 ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ। ਸਾਰੇ ਅਦੋਮ ਵਿਚ ਉਸ ਨੇ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+
15 ਦਾਊਦ ਸਾਰੇ ਇਜ਼ਰਾਈਲ ʼਤੇ ਰਾਜ ਕਰਦਾ ਰਿਹਾ+ ਅਤੇ ਦਾਊਦ ਧਿਆਨ ਰੱਖਦਾ ਸੀ ਕਿ ਹਰ ਕਿਸੇ ਨਾਲ ਨਿਆਂ ਤੇ ਨੇਕੀ ਕੀਤੀ ਜਾਵੇ।+ 16 ਸਰੂਯਾਹ ਦਾ ਪੁੱਤਰ ਯੋਆਬ+ ਫ਼ੌਜ ਦਾ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ+ ਇਤਿਹਾਸ ਦਾ ਲਿਖਾਰੀ ਸੀ। 17 ਅਹੀਟੂਬ ਦਾ ਪੁੱਤਰ ਸਾਦੋਕ+ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਪੁਜਾਰੀ ਸਨ ਤੇ ਸਰਾਯਾਹ ਸਕੱਤਰ ਸੀ। 18 ਯਹੋਯਾਦਾ ਦਾ ਪੁੱਤਰ ਬਨਾਯਾਹ+ ਕਰੇਤੀਆਂ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਖ਼ਾਸ ਮੰਤਰੀ ਬਣੇ।*